“ਉਹ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸਣਗੀਆਂ ਅਤੇ ਸਾਡੀ ਇਸ ਮੂਰਖਤਾ ਉੱਤੇ ...”
(6 ਸਤੰਬਰ 2026)
ਉਹ ਬੰਜਰ ਜ਼ਮੀਨਾਂ, ਜਿਹੜੀਆਂ ਕਦੇ ਕੁਦਰਤੀ ਬਨਸਪਤੀ ਸਾਂਭੀ ਬੈਠੀਆਂ ਸਨ, ਜਿੱਥੇ ਟਾਹਲੀਆਂ, ਕਿੱਕਰਾਂ, ਬੇਰੀਆਂ, ਕਰੀਰ, ਝਾੜੀਆਂ ਅਤੇ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ ਆਪ ਮੁਹਾਰੇ ਉੱਗ ਆਉਂਦੀਆਂ ਸਨ, ਅੱਜ ਉਨ੍ਹਾਂ ਵਿੱਚ ਵੀ ਝੋਨਾ ਲਹਿਰਾ ਰਿਹਾ ਹੈ। ਜਿੱਥੇ ਕਦੇ ਹਿਰਨ ਅਤੇ ਖਰਗੋਸ਼ ਘੁੰਮਦੇ ਹੁੰਦੇ ਸਨ, ਅੱਜ ਉੱਥੇ ਪਾਣੀ ਨਾਲ ਭਰੇ ਛੱਪੜ ਵਰਗੇ ਝੋਨੇ ਦੇ ਖੇਤ ਹਨ। ਉੱਪਰੋਂ ਦੇਖਣ ਨੂੰ ਇਹ ਹਰਿਆਵਲ ਭਾਵੇਂ ਖੁਸ਼ਹਾਲੀ ਲੱਗੇ, ਪਰ ਇਸ ਹਰਿਆਵਲ ਦੇ ਪਿੱਛੇ ਪੰਜਾਬ ਦੀ ਬਰਬਾਦੀ ਦੀ ਇੱਕ ਪੂਰੀ ਇਬਾਰਤ ਲਿਖੀ ਪਈ ਹੈ। ਹਾਲਾਤ ਇਹੀ ਰਹੇ ਤਾਂ ਭਵਿੱਖ ਵਿੱਚ ਇੱਕ ਦਿਨ ਅਜਿਹਾ ਆਵੇਗਾ ਜਦੋਂ ਇਤਿਹਾਸ ਲਿਖਿਆ ਜਾਵੇਗਾ ਕਿ ਪੰਜਾਬ ਦੀ ਜ਼ਮੀਨ ਬੰਜਰ ਹੋਣ ਅਤੇ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦੀ ਵਜਾਹ ਸਿਰਫ “ਝੋਨਾ” ਸੀ।
ਇਹ ਸਭ ਤੋਂ ਵੱਡਾ ਤੱਥ ਹੈ ਕਿ ਚੌਲ਼ ਨਾ ਤਾਂ ਪੰਜਾਬੀਆਂ ਦੀ ਮੁੱਖ ਖੁਰਾਕ ਹਨ ਅਤੇ ਨਾ ਹੀ ਇਹ ਸਾਨੂੰ ਮਾਫਕ ਬਹਿੰਦੇ ਹਨ। ਸਾਡੇ ਬਜ਼ੁਰਗਾਂ ਦੀ ਖੁਰਾਕ ਕਣਕ, ਮੱਕੀ, ਗੋਧਰਾ, ਬਾਜਰਾ, ਜਵਾਰ, ਛੋਲੇ, ਮਾਂਹ, ਮੂੰਗੀ, ਮਸਰ ਦੀਆਂ ਦਾਲਾਂ ਰਹੀ ਹੈ। ਚੌਲ਼ ਸਾਡੇ ਪਾਚਨ ਤੰਤਰ ਲਈ ਭਾਰੇ ਹਨ, ਸ਼ੂਗਰ, ਬਲੱਡ ਪ੍ਰੈੱਸ਼ਰ ਅਤੇ ਮੋਟਾਪੇ ਦਾ ਕਾਰਨ ਬਣਦੇ ਹਨ। ਸਾਡੇ ਮੌਸਮ ਦੇ ਹਿਸਾਬ ਨਾਲ ਵੀ ਚੌਲ ਸਾਡੇ ਸਰੀਰ ਨੂੰ ਮਾਫਕ ਨਹੀਂ। ਫਿਰ ਵੀ ਅਸੀਂ ਉਹ ਫਸਲ ਬੀਜ ਰਹੇ ਹਾਂ ਜੋ ਅਸੀਂ ਖਾਂਦੇ ਹੀ ਨਹੀਂ। ਸਾਡੇ ਖੇਤਾਂ ਵਿੱਚੋਂ ਨਿਕਲਿਆ ਚੌਲ ਸਰਕਾਰੀ ਗੋਦਾਮਾਂ ਵਿੱਚ ਸੜਦਾ ਹੈ, ਸ਼ਰਾਬ ਦੀਆਂ ਫੈਕਟਰੀਆਂ ਵਿੱਚ ਜਾਂਦਾ ਹੈ, ਜਾਂ ਵਿਦੇਸ਼ਾਂ ਨੂੰ ਭੇਜ ਦਿੱਤਾ ਜਾਂਦਾ ਹੈ, ਪਰ ਸਾਡੀ ਥਾਲੀ ਦਾ ਹਿੱਸਾ ਨਹੀਂ ਬਣਦਾ। ਇਹ ਕਿਹੋ ਜਿਹੀ ਖੇਤੀ ਨੀਤੀ ਹੈ ਕਿ ਕਿਸਾਨ ਉਹ ਬੀਜੇ ਜੋ ਉਹ ਖਾਵੇ ਹੀ ਨਾ? ਅਸੀਂ ਆਪਣੀ ਧਰਤੀ ਦਾ ਪਾਣੀ, ਆਪਣੀ ਤਾਕਤ, ਮਿੱਟੀ ਦੀ ਤਾਕਤ, ਸਭ ਕੁਝ ਉਸ ਫਸਲ ’ਤੇ ਲੁਟਾ ਰਹੇ ਹਾਂ, ਜਿਸਦਾ ਸਾਡੀ ਜ਼ਿੰਦਗੀ ਨਾਲ ਕੋਈ ਸਿੱਧਾ ਸੰਬੰਧ ਹੀ ਨਹੀਂ।
ਇਸਦਾ ਜਵਾਬ ਹੈ ਘੱਟੋ-ਘੱਟ ਸਮਰਥਨ ਮੁੱਲ। ਕਿਸਾਨ ਦਾ ਕੋਈ ਕਸੂਰ ਨਹੀਂ, ਉਹ ਉਹੀ ਫਸਲ ਬੀਜੇਗਾ, ਜਿਸਦਾ ਉਸਨੂੰ ਪੱਕਾ ਭਾਅ ਮਿਲੇਗਾ। ਉਸਨੇ ਆਪਣੇ ਬੱਚੇ ਪਾਲਣੇ ਹਨ, ਕਰਜ਼ਾ ਉਤਾਰਨਾ ਹੈ। ਸਰਕਾਰਾਂ ਵੱਲੋਂ ਜਾਣ ਬੁੱਝ ਕੇ ਝੋਨੇ ਉੱਤੇ ਪੱਕੀ ਐੱਮਐੱਸਪੀ, ਪੱਕੀ ਖਰੀਦ ਅਤੇ ਸਮੇਂ ਸਿਰ ਅਦਾਇਗੀ ਦਿੱਤੀ ਜਾ ਰਹੀ ਹੈ, ਜਦਕਿ ਮੱਕੀ, ਮੂੰਗੀ, ਮਾਂਹ, ਸਰ੍ਹੋਂ, ਸੂਰਜਮੁਖੀ, ਛੋਲੇ, ਮੰਗਫਲੀ ਵਰਗੀਆਂ ਫਸਲਾਂ, ਜੋ ਘੱਟ ਪਾਣੀ ਲੈਂਦੀਆਂ ਹਨ, ਜ਼ਮੀਨ ਨੂੰ ਤਾਕਤ ਦਿੰਦੀਆਂ ਹਨ ਅਤੇ ਸਾਡੀ ਖੁਰਾਕ ਦਾ ਹਿੱਸਾ ਹਨ, ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਉੱਤੇ ਨਾ ਕੋਈ ਪੱਕੀ ਖਰੀਦ ਹੈ, ਨਾ ਸਹੀ ਭਾ। ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਇਹ ਇੱਕ ਸੋਚੀ-ਸਮਝੀ ਨੀਤੀ ਹੈ ਤਾਂ ਜੋ ਪੰਜਾਬ ਦੀ ਧਰਤੀ ਨੂੰ ਅੰਦਰੋਂ ਖੋਖਲਾ ਕੀਤਾ ਜਾਵੇ? ਪੰਜਾਬ ਨੂੰ ਅੰਨਦਾਤਾ ਕਹਿ ਕੇ ਉਸਦੇ ਪਾਣੀ ਨੂੰ ਲੁੱਟਣ ਦੀ ਸਾਜ਼ਿਸ਼? ਜਦੋਂ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ, ਜ਼ਮੀਨ ਬੰਜਰ ਹੋ ਜਾਵੇਗੀ ਤਾਂ ਇਹ ਐੱਮਐੱਸਪੀ ਕਿਸੇ ਕੰਮ ਨਹੀਂ ਆਵੇਗੀ।
ਇੱਕ ਕਿੱਲੋ ਝੋਨਾ ਪੈਦਾ ਕਰਨ ਲਈ 4000 ਤੋਂ 5000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਅਸੀਂ ਪਿਛਲੇ 40-50 ਸਾਲਾਂ ਤੋਂ ਆਪਣਾ ਅਮੁੱਲਾ ਪਾਣੀ ਝੋਨੇ ਨੂੰ ਪਿਆ ਰਹੇ ਹਾਂ। ਨਤੀਜਾ ਸਾਹਮਣੇ ਹੈ। ਪੰਜਾਬ ਵਿੱਚ ਪਾਣੀ ਦਾ ਪੱਧਰ ਹਰ ਸਾਲ ਇੱਕ ਮੀਟਰ ਤੋਂ ਵੱਧ ਡਿਗ ਰਿਹਾ ਹੈ। ਜਿੱਥੇ ਪਹਿਲਾਂ 20-30 ਫੁੱਟ ’ਤੇ ਪਾਣੀ ਆ ਜਾਂਦਾ ਸੀ, ਅੱਜ 300-400 ਫੁੱਟ ’ਤੇ ਵੀ ਪਾਣੀ ਨਹੀਂ। ਸੰਗਰੂਰ, ਪਟਿਆਲਾ, ਲੁਧਿਆਣਾ ਵਰਗੇ ਜ਼ਿਲ੍ਹੇ ਡਾਰਕ ਜ਼ੋਨ ਵਿੱਚ ਚਲੇ ਗਏ ਹਨ। ਪਾਣੀ ਵਿੱਚ ਆਰਸੈਨਿਕ, ਯੂਰੇਨੀਅਮ ਵਰਗੇ ਜ਼ਹਿਰੀਲੇ ਤੱਤ ਘੁਲ ਰਹੇ ਹਨ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।
ਪਰ ਸਭ ਤੋਂ ਵੱਡਾ ਅਤੇ ਅਣਗੌਲਿਆ ਨੁਕਸਾਨ ਇਹ ਹੈ ਕਿ ਝੋਨੇ ਦੀ ਵਜਾਹ ਨਾਲ ਜ਼ਮੀਨ ਦੇ ਰੋਮ ਬੰਦ ਹੋ ਜਾਂਦੇ ਹਨ। ਝੋਨਾ ਲਾਉਣ ਲਈ ਖੇਤ ਵਿੱਚ ਕੱਦੂ ਕੀਤਾ ਜਾਂਦਾ ਹੈ, ਜਿਸ ਨਾਲ ਜ਼ਮੀਨ ਦੀ ਉੱਪਰਲੀ ਸਤਹ ’ਤੇ ਇੱਕ ਸਖਤ, ਵਾਟਰ-ਪਰੂਫ ਪਰਤ ਬਣ ਜਾਂਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ ਹਾਰਡ-ਪੈੱਨ ਕਿਹਾ ਜਾਂਦਾ ਹੈ। ਇਸ ਪਰਤ ਨਾਲ ਜ਼ਮੀਨ ਦੇ ਸਾਹ ਲੈਣ ਵਾਲੇ ਰੋਮ, ਛੋਟੇ-ਛੋਟੇ ਸੁਰਾਖ ਬੰਦ ਹੋ ਜਾਂਦੇ ਹਨ। ਹੁਣ ਜਦੋਂ ਮੀਂਹ ਪੈਂਦਾ ਹੈ ਤਾਂ ਉਸਦਾ ਪਾਣੀ ਜ਼ਮੀਨ ਵਿੱਚ ਰਿਸ ਕੇ ਹੇਠਾਂ ਧਰਤੀ ਦੇ ਕੁਦਰਤੀ ਪਾਣੀ ਦੇ ਖਜ਼ਾਨੇ ਵਿੱਚ ਨਹੀਂ ਜਾਂਦਾ। ਕੁਦਰਤੀ ਰੀਚਾਰਜ ਦੀ ਪ੍ਰਕਿਰਿਆ ਹੀ ਬੰਦ ਹੋ ਜਾਂਦੀ ਹੈ। ਅਸੀਂ ਬੋਰਵੈੱਲਾਂ ਨਾਲ ਪਾਣੀ ਕੱਢੀ ਜਾ ਰਹੇ ਹਾਂ, ਪਰ ਮੀਂਹ ਦੇ ਪਾਣੀ ਨੂੰ ਵਾਪਸ ਅੰਦਰ ਜਾਣ ਦਾ ਰਸਤਾ ਹੀ ਬੰਦ ਕਰ ਦਿੱਤਾ ਹੈ।
ਉਲਟਾ ਕੀ ਹੁੰਦਾ ਹੈ ਕਿ ਖੇਤਾਂ ਵਿੱਚ ਪਹਿਲਾਂ ਹੀ ਖੜ੍ਹਾ ਝੋਨੇ ਦਾ ਪਾਣੀ, ਮੀਂਹ ਦੇ ਪਾਣੀ ਨਾਲ ਰਲ ਜਾਂਦਾ ਹੈ। ਖੇਤ ਛੱਪੜ ਬਣ ਜਾਂਦੇ ਹਨ। ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਜਦੋਂ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਇਹੀ ਜਮ੍ਹਾਂ ਹੋਇਆ ਪਾਣੀ ਓਵਰਫਲੋ ਹੋ ਕੇ ਪਿੰਡਾਂ, ਸ਼ਹਿਰਾਂ ਵਿੱਚ ਵੜ ਜਾਂਦਾ ਹੈ ਤੇ ਇਹੀ ਪਾਣੀ ਹੜ੍ਹਾਂ ਦਾ ਕਾਰਨ ਬਣਦਾ ਹੈ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ, ਦੂਜੇ ਪਾਸੇ ਅਸੀਂ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਜਾਣ ਹੀ ਨਹੀਂ ਦੇ ਰਹੇ। ਇਹ ਦੋਹਰੀ ਮਾਰ ਹੈ। ਅਸੀਂ ਹੜ੍ਹਾਂ ਅਤੇ ਸੋਕੇ ਦੋਵਾਂ ਨੂੰ ਆਪ ਸੱਦਾ ਦੇ ਰਹੇ ਹਾਂ।
ਬਜ਼ੁਰਗ ਕਹਿੰਦੇ ਸਨ ਕਿ ਸਾਉਣ ਵਿੱਚ ਬੱਦਲਵਾਈ ਹੋਵੇਗੀ, ਝੜੀਆਂ ਲੱਗਣਗੀਆਂ। ਪਰ ਹੁਣ ਸਾਉਣ ਭਾਦੋਂ ਵਿੱਚ ਵੀ ਅਸਮਾਨ ਸਾਫ ਰਹਿੰਦਾ ਹੈ, ਹੁੰਮਸ ਭਰੀ ਗਰਮੀ ਪੈਂਦੀ ਹੈ। ਇਸਦਾ ਸਿੱਧਾ ਸਬੰਧ ਵੀ ਝੋਨੇ ਨਾਲ ਹੈ। ਪਹਿਲਾਂ ਜਦੋਂ ਬੰਜਰ ਜ਼ਮੀਨਾਂ, ਰੋਹੀਆਂ, ਛੋਲੇ, ਜਵਾਰ, ਬਾਜਰੇ ਦੇ ਖੇਤ ਹੁੰਦੇ ਸਨ ਤਾਂ ਜ਼ਮੀਨ ਤਪਦੀ ਸੀ। ਤਪਦੀ ਜ਼ਮੀਨ ਤੋਂ ਗਰਮ ਹਵਾ ਉੱਪਰ ਉੱਠਦੀ ਸੀ, ਉਚਿਤ ਘੱਟ ਦਬਾਅ ਦਾ ਖੇਤਰ ਬਣਦਾ ਸੀ ਤੇ ਸਮੁੰਦਰਾਂ ਤੋਂ ਮਾਨਸੂਨ ਦੀਆਂ ਹਵਾਵਾਂ ਨੂੰ ਖਿੱਚ ਲਿਆਉਂਦਾ ਸੀ, ਜਿਸ ਨਾਲ ਬੱਦਲ ਵਰ੍ਹਦੇ ਸਨ। ਹੁਣ ਜੂਨ-ਜੁਲਾਈ ਵਿੱਚ ਪੰਜਾਬ ਦੇ ਲਗਭਗ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੇ ਖੇਤਾਂ ਵਿੱਚ ਪਾਣੀ ਖੜ੍ਹਾ ਹੁੰਦਾ ਹੈ। ਪਾਣੀ ਦੇ ਵਾਸ਼ਪੀਕਰਨ ਨਾਲ ਹਵਾ ਵਿੱਚ ਨਮੀ ਤਾਂ ਵਧ ਜਾਂਦੀ ਹੈ, ਪਰ ਜ਼ਮੀਨ ਠੰਢੀ ਰਹਿੰਦੀ ਹੈ। ਜ਼ਮੀਨ ਤਪਦੀ ਹੀ ਨਹੀਂ, ਇਸ ਲਈ ਉਚਿਤ ਘੱਟ ਦਬਾਅ ਬਣਦਾ ਹੀ ਨਹੀਂ। ਨਤੀਜੇ ਵਜੋਂ ਮਾਨਸੂਨ ਕਮਜ਼ੋਰ ਪੈ ਜਾਂਦਾ ਹੈ। ਬੱਦਲ ਆਉਂਦੇ ਹਨ ਪਰ ਬਿਨਾਂ ਵਰ੍ਹੇ ਲੰਘ ਜਾਂਦੇ ਹਨ। ਅਸੀਂ ਆਪਣੇ ਹੱਥੀਂ ਆਪਣੀ ਵਰਖਾ ਨੂੰ ਰੋਕ ਰਹੇ ਹਾਂ। ਇਹ ਹੁੰਮਸ ਭਰੀ ਗਰਮੀ ਇਸੇ ਨਕਲੀ ਨਮੀ ਦਾ ਹੀ ਨਤੀਜਾ ਹੈ।
ਝੋਨੇ ਤੋਂ ਬਾਅਦ ਪਰਾਲੀ ਦਾ ਸੰਕਟ, ਜੋ ਕਿ ਕੁਦਰਤੀ ਤੌਰ ’ਤੇ ਬਹੁਤ ਔਖੀ ਗਲ਼ਦੀ ਹੈ, ਇਸਨੂੰ ਖਤਮ ਕਰਨ ਲਈ ਜਾਲਣਾ ਪੈਂਦਾ ਹੈ। ਲਗਭਗ 20 ਮਿਲੀਅਨ ਟਨ ਪਰਾਲੀ ਨੂੰ ਅੱਗ ਲਾਉਣ ਨਾਲ ਪੰਜਾਬ ਦੀ ਹਵਾ ਦੁਨੀਆ ਵਿੱਚ ਸਭ ਤੋਂ ਪ੍ਰਦੂਸ਼ਿਤ ਹੋ ਜਾਂਦੀ ਹੈ। ਜ਼ਮੀਨ ਦੇ ਮਿੱਤਰ ਕੀੜੇ, ਗੰਡੋਏ, ਬੈਕਟੀਰੀਆ ਸੜ ਜਾਂਦੇ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ। ਉਹੀ ਜ਼ਮੀਨ ਜੋ ਬੰਜਰ ਹੁੰਦਿਆਂ ਵੀ ਕੁਦਰਤੀ ਬਨਸਪਤੀ ਨੂੰ ਸਾਂਭਦੀ ਸੀ, ਅੱਜ ਰਸਾਇਣਕ ਖਾਦਾਂ ਨਾਲ ਬੰਜਰ ਹੋਣ ਕੰਢੇ ਹੈ।
ਅੱਜ ਵੀ ਸਮਾਂ ਹੈ, ਸੰਭਲ ਜਾਈਏ। ਸਾਨੂੰ ਫਸਲੀ ਵਿਭਿੰਨਤਾ ਵੱਲ ਮੁੜਨਾ ਹੀ ਪਵੇਗਾ। ਦਾਲਾਂ, ਤੇਲ ਬੀਜ, ਮੱਕੀ ਵਰਗੀਆਂ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਅਪਣਾਉਣਾ ਪਵੇਗਾ। ਸਰਕਾਰ ਨੂੰ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਅਤੇ ਪੱਕੀ ਖਰੀਦ ਦੀ ਗਰੰਟੀ ਦੇਣੀ ਪਵੇਗੀ। ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਹ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸਣਗੀਆਂ ਅਤੇ ਸਾਡੀ ਇਸ ਮੂਰਖਤਾ ਉੱਤੇ ਸਾਨੂੰ ਲਾਹਣਤਾਂ ਪਾਉਣਗੀਆਂ। ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ ਪੰਜਾਬ ਕਦੇ ਇੱਕ ਖੁਸ਼ਹਾਲ ਸੂਬਾ ਸੀ, ਜਿਸਨੇ ਆਪਣਾ ਪਾਣੀ, ਆਪਣੀ ਜ਼ਮੀਨ, ਆਪਣੀ ਹਵਾ ਅਤੇ ਆਪਣੀ ਵਰਖਾ ਸਭ ਕੁਝ ਝੋਨੇ ਦੀ ਭੇਟ ਚੜ੍ਹਾ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































