“ਧਰਤੀ ਤਾਂ ਸਭ ਦੀ ਸਾਂਝੀ ਹੈ ਪਰ ਇਕੱਲੀ ਮਨੁੱਖ ਜਾਤੀ ਨੇ ਆਪਣੀ ਜਗੀਰ ਬਣਾ ਲਈ ਹੈ। ਟੋਏ-ਟਿੱਬੇ ...”
(25 ਮਈ 2025)
ਕੁਦਰਤ ਬੜੀ ਬੇਅੰਤ ਹੈ। ਹਰ ਕੰਮ ਆਪਣੇ ਤਰੀਕੇ ਨਾਲ ਕਰਦੀ ਹੈ ਤੇ ਸੰਤੁਲਨ ਬਣਾ ਕੇ ਕਰਦੀ ਹੈ। ਪਰ ਇੱਕ ਮਨੁੱਖ ਹੈ, ਜੋ ਇਸ ਸੰਤੁਲਨ ਨੂੰ ਵਿਗਾੜਨ ’ਤੇ ਤੁਲਿਆ ਹੋਇਆ ਹੈ। ਧਿਆਨ ਨਾਲ ਦੇਖਣ ’ਤੇ ਸਮਝ ਲਗਦੀ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਸਿਰਜਣਾ ਬੜੀ ਹੀ ਤਰਤੀਬ ਨਾਲ ਕੀਤੀ ਹੈ ਤੇ ਸਭ ਕਾਸੇ ਵਿੱਚ ਬਰਾਬਰ ਸੰਤੁਲਨ ਵੀ ਬਣਾ ਕੇ ਰੱਖਿਆ ਹੈ। ਹਜ਼ਾਰਾਂ ਸਾਲ ਪਹਿਲਾਂ ਜਦੋਂ ਧਰਤੀ ਹੋਂਦ ਵਿੱਚ ਆਈ ਤਾਂ ਹਰ ਘਟਨਾ ਯੋਜਨਾਬੱਧ ਤਰੀਕੇ ਨਾਲ ਘਟੀ। ਸੌਰ ਮੰਡਲ ਬਣਿਆ। ਧਰਤੀ ਸੂਰਜ ਤੋਂ ਇੱਕ ਨਿਸ਼ਚਿਤ ਅਤੇ ਲੋੜੀਂਦੀ ਦੂਰੀ ’ਤੇ ਸੂਰਜ ਦੀ ਖਿੱਚ ਅਨੁਸਾਰ ਬ੍ਰਹਿਮੰਡ ਵਿੱਚ ਉਸ ਦੁਆਲੇ ਘੁੰਮਣ ਲੱਗੀ, ਜਿਸਦੀ ਵਜਾਹ ਨਾਲ ਮੌਸਮ, ਧੁੱਪ-ਛਾਂ, ਸਰਦੀ-ਗਰਮੀ, ਦਿਨ-ਰਾਤ, ਮਹੀਨੇ, ਸਾਲ ਤੇ ਸਦੀਆਂ ਬਣੇ। ਧਰਤੀ ’ਤੇ ਮੌਜੂਦ ਚੀਜ਼ਾਂ ਇੱਧਰ ਉੱਧਰ ਨਾ ਡਿਗਣ ਅਤੇ ਜ਼ਾਬਤੇ ਵਿੱਚ ਰਹਿ ਕੇ ਆਪਣੀ ਪਕੜ ਬਣਾਈ ਰੱਖਣ, ਇਹਦੇ ਲਈ ਧਰਤੀ ਦਾ ਗੁਰੂਤਾ ਬਲ ਬਣਿਆ। ਕਿਧਰੇ ਟਿੱਬੇ ਬਣੇ ਤੇ ਕਿਤੇ ਟੋਏ। ਟੋਏ ਇਸ ਲਈ ਕਿ ਜੀਵਨ ਲਈ ਸਭ ਤੋਂ ਜ਼ਰੂਰੀ ਤੱਤ ਪਾਣੀ ਜਮ੍ਹਾਂ ਹੋ ਸਕੇ ਤੇ ਟਿੱਬੇ ਇਸ ਲਈ ਕਿ ਵਾਧੂ ਪਾਣੀ ਜਿਵੇਂ ਹੜ੍ਹ ਵਗੈਰਾ ਵੇਲੇ ਜ਼ਿੰਦਗੀ ਬਚੀ ਰਹੇ। ਪਾਣੀ ਦੇ ਪ੍ਰਵਾਹ ਲਈ ਨਦੀਆਂ-ਨਾਲੇ, ਦਰਿਆ, ਖੱਡਾਂ, ਝੀਲਾਂ ਅਤੇ ਸਮੁੰਦਰ ਬਣੇ। ਜੀਵ-ਜੰਤੂ ਬਣੇ। ਬਨਸਪਤੀ, ਪੇੜ-ਪੌਦੇ ਅਤੇ ਦ੍ਰਖਤ ਬਣੇ। ਵਾਯੂਮੰਡਲ ਬਣਿਆ। ਹਵਾਵਾਂ ਬਣੀਆਂ ਅਤੇ ਉਹਨਾਂ ਦਾ ਉਚਿਤ ਸੰਤੁਲਨ ਬਣਿਆ, ਜੋ ਹਰ ਥਾਂ ’ਤੇ ਇੱਕ ਸਮਾਨ ਰੂਪ ਵਿੱਚ ਮੌਜੂਦ ਹੈ। ਸਾਹ ਲੈਣ ਲਈ ਆਕਸੀਜਨ ਬਣੀ, ਜੋ ਵਾਯੂਮੰਡਲ ਵਿੱਚ 1/5 ਭਾਗ (21%) ਵਜੋਂ ਮੌਜੂਦ ਹੈ। ਸਰੀਰ ਵਿੱਚੋਂ ਬਾਹਰ ਆਉਣ ਸਮੇਂ ਇਹ ਆਕਸੀਜਨ ਕਾਰਬਨ ਡਾਈਅਕਸਾਈਡ ਵਿੱਚ ਬਦਲ ਜਾਂਦੀ ਹੈ, ਜਿਸਦੀ ਵਜਾਹ ਨਾਲ ਧਰਤੀ ’ਤੇ ਕਾਰਬਨ ਡਾਈਅਕਸਾਈਡ ਦੀ ਬਹੁਤਾਤ ਨਾ ਹੋ ਜਾਵੇ, ਤੇ ਆਕਸੀਜਨ ਖਤਮ ਨਾ ਹੋ ਜਾਵੇ, ਇਸਦੇ ਲਈ ਪੇੜ-ਪੌਦੇ ਅਤੇ ਦ੍ਰਖਤਾਂ ਵਿੱਚ ਇੱਕ ਅਲੱਗ ਤੋਂ ਫੰਕਸ਼ਨ ਬਣਿਆ ਕਿ ਧੁੱਪ ਜਾਣੀ ਸੂਰਜ ਦੀ ਰੋਸ਼ਨੀ ਵਿੱਚ ਉਹ ਕਾਰਬਨ ਡਾਈਅਕਸਾਈਡ ਨੂੰ ਦੁਬਾਰਾ ਤੋਂ ਆਕਸੀਜਨ ਵਿੱਚ ਬਦਲਦੇ ਰਹਿਣਗੇ।
ਹੋਰ ਦੇਖੋ, ਆਕਸੀਜਨ ਨੂੰ ਭਾਰੀ ਬਣਾਇਆ। ਸ਼ਾਇਦ ਇਸ ਲਈ ਕਿ ਬੰਦੇ ਸਮੇਤ ਹਰ ਜੀਵ ਧਰਤੀ (ਜ਼ਮੀਨ) ਨਾਲ ਜੁੜਿਆ ਰਹੇ। ਆਕਸੀਜਨ ਦੀ ਪੂਰਤੀ ਤੋਂ ਇਲਾਵਾ ਕੁਦਰਤ ਵੱਲੋਂ ਬਨਸਪਤੀ ਅਤੇ ਪੇੜ ਪੌਦੇ ਬਣਾਉਣ ਦਾ ਇੱਕ ਹੋਰ ਮੰਤਵ ਜਾਂ ਉਦੇਸ਼ ਸੀ ਕਿ ਜੀਵ-ਜੰਤੂਆਂ ਦੀ ਖੁਰਾਕ ਦੀ ਪੂਰਤੀ ਹੋ ਸਕੇ ਤੇ ਨਾਲ ਦੀ ਨਾਲ ਲੋੜੀਂਦੀ ਛਾਂ ਮੁਹਈਆ ਹੋ ਕੇ ਧਰਤੀ ਦਾ ਤਾਪਮਾਨ ਵੀ ਕੰਟਰੋਲ ਵਿੱਚ ਰਹੇ।
ਜੀਵ-ਜੰਤੂ ਬਣਾਉਣ ਵੇਲੇ ਕੁਦਰਤ ਨੇ ਇੱਕ ਹੋਰ ਬੇਜੋੜ ਤਾਲਮੇਲ ਬਣਾਇਆ। ਸਾਰੇ ਦੇ ਸਾਰੇ ਜੀਵ ਸ਼ਾਕਾਹਾਰੀ ਨਾ ਬਣਾ ਕੇ ਮਾਸਾਹਾਰੀ ਜੀਵ ਵੀ ਬਣਾਏ। ਸੋਚੋ, ਜੇਕਰ ਇੰਝ ਨਾ ਹੁੰਦਾ ਤਾਂ ਸ਼ਾਕਾਹਾਰੀਆ ਨੇ ਤਾਂ ਸਾਰੀ ਦੀ ਸਾਰੀ ਬਨਸਪਤੀ ਅਤੇ ਪੇੜ-ਪੌਦੇ ਹੀ ਖਤਮ ਕਰ ਦੇਣੇ ਸਨ ਤੇ ਦੂਜਾ ਮਰੇ ਜਾਨਵਰਾਂ ਨਾਲ ਗੰਦਗੀ ਅਤੇ ਬਿਮਾਰੀਆਂ ਅਲੱਗ ਤੋਂ ਫੈਲਦੀਆਂ। ਇਸ ਤੋਂ ਅੱਗੇ ਮਨੁੱਖ ਸਮੇਤ ਕੁਝ ਜੀਵ ਐਸੇ ਬਣਾਏ ਹਨ, ਜੋ ਮਾਸਾਹਾਰੀ ਅਤੇ ਸ਼ਾਕਾਹਾਰੀ, ਦੋਵੇਂ ਤਰ੍ਹਾਂ ਦਾ ਹੀ ਭੋਜਨ ਖਾ ਸਕਦੇ ਨੇ।
ਜ਼ਮੀਨ ਦੀ ਤਰ੍ਹਾਂ ਪਾਣੀ ਵਿੱਚ ਵੀ ਇਸੇ ਹਿਸਾਬ ਨਾਲ ਜੀਵਨ ਦੀ ਸਿਰਜਣਾ ਹੋਈ। ਇੱਥੇ ਵਿਸ਼ੇਸ਼ ਤੌਰ ’ਤੇ ਇੱਕ ਗੱਲ ਉਨ੍ਹਾਂ ਲੋਕਾਂ ਲਈ ਵੀ ਕਹਾਂਗਾ, ਜੋ ਮਨੁੱਖ ਦੇ ਸ਼ਾਕਾਹਾਰੀ ਹੋਣ ਦੀ ਪ੍ਰੋੜ੍ਹਤਾ ਕਰਦੇ ਹਨ। ਜੇਕਰ ਇੰਝ ਹੋ ਜਾਵੇ ਤਾਂ ਸ਼ਾਕਾਹਾਰੀਆਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਵੇਗਾ ਤੇ ਧਰਤੀ ’ਤੇ ਮੌਜੂਦ ਅੰਨ ਭੰਡਾਰ ਕੁਝ ਹੀ ਸਮੇਂ ਵਿੱਚ ਖਤਮ ਹੋ ਜਾਣਗੇ। ਗਾਵਾਂ ਸਮੇਤ ਹੋਰ ਸ਼ਾਕਾਹਾਰੀਆਂ ਦੀ ਵਧ ਰਹੀ ਮੌਜੂਦਗੀ ਇਸ ਗੱਲ ਦੀ ਗਵਾਹੀ ਭਰਦੀ ਹੈ।
ਇਹ ਤਾਂ ਸੀ ਕੁਦਰਤ ਦੇ ਅਸੂਲਾਂ ਅਤੇ ਸੰਤੁਲਨ ਦੀ ਗੱਲ। ਹੁਣ ਗੱਲ ਕਰਦੇ ਹਾਂ ਕੁਦਰਤ ਤੋਂ ਉਲਟ ਹੋ ਰਹੇ ਵਰਤਾਰੇ ਅਤੇ ਇਸ ਨਾਲ ਹੋ ਰਹੀ ਛੇੜਛਾੜ ਅਤੇ ਉਸ ਦੀ ਬਦੌਲਤ ਆਉਣ ਵਾਲੀ ਤਬਾਹੀ ਦੀ। ਜਦੋਂ ਤਕ ਧਰਤੀ ’ਤੇ ਮੌਜੂਦ ਬਾਕੀ ਜੀਵਾਂ ਦੀ ਤਰ੍ਹਾਂ ਮਨੁੱਖ ਦੀ ਸੋਚ ਵੀ “ਕੁੱਲੀ, ਗੁੱਲੀ ਅਤੇ ਜੁੱਲੀ” ਤਕ ਹੀ ਸੀਮਿਤ ਸੀ, ਉਦੋਂ ਤਕ ਸਭ ਕੁਝ ਸਹੀ ਸੀ। ਜਿਵੇਂ-ਜਿਵੇਂ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ, ਬਾਕੀ ਜੀਵਾਂ ਦੇ ਮੁਕਾਬਲੇ, ਮਨੁੱਖ ਦਾ ਦਿਮਾਗ ਤੇ ਸੋਚਣ ਸ਼ਕਤੀ ਵਧਦੀ ਗਈ, ਅਤੇ ਨਾਲ ਹ ਕੁਦਰਤ ਦੀ ਤਬਾਹੀ ਸ਼ੁਰੂ ਹੋ ਗਈ। ਜਦੋਂ ਤਕ ਅਸੀਂ ਕੁਦਰਤ ਨਾਲ ਜੁੜੇ ਹੋਏ ਸੀ ਤੇ ਸਾਰਾ ਵਰਤਾਰਾ ਕੁਦਰਤੀ ਸੀ, ਉਦੋਂ ਤਕ ਧਰਤੀ ਸੁਰੱਖਿਅਤ ਸੀ ਪਰ ਜਦੋਂ ਦਾ “ਵਿਗਿਆਨ” ਸ਼ਬਦ ਹੋਂਦ ਵਿੱਚ ਆਇਆ, ਧਰਤੀ ਦਾ ਵਿਨਾਸ਼ ਸ਼ੁਰੂ ਹੋ ਗਿਆ ਤੇ ਜਿੰਨਾ ਵਿਨਾਸ਼ ਆਹ ਪਿਛਲੇ ਦੋ ਕੁ ਸੌ ਸਾਲਾਂ ਵਿੱਚ ਹੋਇਆ, ਉਸਨੇ ਤਾਂ ਕਹਿਰ ਹੀ ਕਰ ਦਿੱਤਾ ਹੈ ਤੇ ਇਹ ਘਟਣ ਦੀ ਬਜਾਏ ਨਿਰੰਤਰ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਕਦੀ ਗੋਲ ਅਤੇ ਰਿੜ੍ਹਦੇ ਪੱਥਰਾਂ ਨੂੰ ਦੇਖ ਕੇ ਇਸ ਫੁਰਨੇ ਦੀ ਬਦੌਲਤ ਹੋਈ ਪਹੀਏ ਦੀ ਖੋਜ ਤੋਂ ਬਾਅਦ ਰੱਥ, ਗੱਡੇ ਅਤੇ ਸਾਇਕਲ ਤਕ ਸਭ ਸਹੀ ਸੀ ਪਰ ਜਦੋਂ ਤੋਂ ਮੋਟਰ ਇਨ੍ਹਾਂ ਨਾਲ ਜੁੜ ਗਈ ਇਹ ਇੰਜਣ ਵਾਲੇ ਵਾਹਨ ਬਣ ਗਏ। ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ। ਬਲਦੇ ਤੇਲ ਦੇ ਧੂੰਏਂ ਦੇ ਰੂਪ ਵਿੱਚ ਹਜ਼ਾਰਾਂ ਹਾਨੀਕਾਰਕ ਤੱਤ ਹਵਾ ਵਿੱਚ ਘੁਲ ਕੇ ਵਾਤਾਵਰਣ ਵਿੱਚ ਸ਼ਾਮਲ ਹੋ ਗਏ। ਸਿੱਟੇ ਵਜੋਂ ਸਾਹ ਨਾਲ ਸੰਬੰਧਿਤ ਕਈ ਨਵੀਂਆਂ ਨਵੀਆਂ ਬਿਮਾਰੀਆਂ ਹੋਂਦ ਵਿੱਚ ਆ ਗਈਆਂ।
ਮਸ਼ੀਨੀ ਰਫਤਾਰ ਦੇ ਯੁਗ ਵਿੱਚ ਜਾਨਵਰਾਂ ਦੀ ਕਦਰ ਅਤੇ ਮਹੱਤਵ ਘਟ ਗਿਆ। ਸਿੱਟੇ ਵਜੋਂ ਉਨ੍ਹਾਂ ਦੀ ਹੋਂਦ ਲਈ ਖਤਰਾ ਪੈਦਾ ਹੋ ਗਿਆ। ਇਸੇ ਤਰ੍ਹਾਂ ਕਦੀ ਸ਼ਿਕਾਰ ਕਰਨ ਲਈ ਬਣਾਏ ਤਲਵਾਰਾਂ, ਭਾਲੇ, ਤੀਰਾਂ ਤੇਅ ਨੇਜ਼ਿਆਂ ਦੀ ਲੜਾਈ ਤਕ ਸਭ ਕੁਝ ਕੁਦਰਤ ਦੇ ਭਾਣੇ ਵਿੱਚ ਵਾਪਰ ਰਿਹਾ ਸੀ ਪਰ ਬਰੂਦ ਦੀ ਖੋਜ ਨੇ ਧਰਤੀ ਦਾ ਸੀਨਾ ਪਾੜ ਦਿੱਤਾ। ਸਰੀਰਕ ਬੱਲ ਦਾ ਮਹੱਤਵ ਜਾਂਦਾ ਲੱਗਾ। ਇਵੇਂ ਹੀ ਧਰਤੀ ਦੀ ਗੋਦ ਵਿੱਚੋਂ ਮਿਲੀਆਂ ਕੁਦਰਤੀ ਧਾਤਾਂ ਲੋਹੇ, ਕਾਂਸੀ, ਪਿੱਤਲ, ਤਾਂਬੇ, ਸੋਨੇ, ਚਾਂਦੀ ਤਕ ਸਭ ਸਹੀ ਸੀ। ਪਰ ਵਿਗਿਆਨ ਦੀ ਸਭ ਤੋਂ ਘਾਤਕ ਖੋਜ ਪਲਾਸਟਿਕ ਨੇ ਧਰਤੀ ਦਾ ਜੋ ਹਾਲ ਕੀਤਾ ਹੈ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਲਿਫਾਫੇ ਤੋਂ ਲੈ ਕੇ ਭਾਂਡੇ, ਗਹਿਣੇ ਜਾਂ ਹੋਰ ਜਿਹੜਾ ਮਰਜ਼ੀ ਸਮਾਨ ਦੇਖ ਲਓ, ਇਹ ਪਲਾਸਟਿਕ ਹਰ ਥਾਂ ਭਾਰੀ ਹੈ। ਸਭ ਤੋਂ ਅਹਿਮ ਗੱਲ ਬਾਕੀ ਵਸਤੂਆਂ ਵਾਂਗ ਪਲਾਸਟਿਕ ਧਰਤੀ ਵਿੱਚ ਮਿਲ ਕੇ ਇਹ ਮਿੱਟੀ ਨਹੀ ਬਣਦੀ ਸਗੋ ਸਾਲਾਂ ਬੱਧੀ ਜਿਉਂ ਦੀ ਤਿਉਂ ਹੀ ਰਹਿੰਦੀ ਹੈ ਤੇ ਲਗਾਤਾਰ ਪ੍ਰਦੂਸ਼ਣ ਫੈਲਾਉਂਦੀ ਹੈ। ਗੌਰ ਕਰੀਏ ਤਾਂ ਅੱਜ ਧਰਤੀ ’ਤੇ ਸਭ ਤੋਂ ਵੱਧ ਗੰਦਗੀ ਇਸ ਪਲਾਸਟਿਕ ਦੀ ਹੀ ਹੈ।
ਜੀਵਨ ਦੇ ਸਭ ਤੋਂ ਮਹੱਤਵਪੂਰਨ ਤੱਤ ਪਾਣੀ ਦੀ ਗੱਲ ਕਰੀਏ ਤਾਂ ਕੁਦਰਤ ਨੇ ਬੱਦਲ ਤੇ ਮੀਂਹ ਬਣਾਇਆ। ਪਾਣੀ ਸਟੋਰ ਕਰਨ ਲਈ ਡੂੰਘੇ ਟੋਇਆਂ ਅਤੇ ਝੀਲਾਂ ਦੇ ਰੂਪ ਵਿੱਚ ਕੁਦਰਤੀ ਭਾਂਡੇ ਬਣਾ ਕੇ ਦਿੱਤੇ। ਉੱਚੀਆਂ ਚੋਟੀਆਂ ’ਤੇ ਬਰਫ ਜਮਾਈ ਤਾਂ ਜੋ ਗਰਮੀਆਂ ਵਿੱਚ ਪਿਘਲ ਕੇ ਸਾਡੇ ਕੰਮ ਆਵੇ। ਪਰ ਅਸੀਂ ਮੀਂਹਾਂ ਦਾ ਉਹ ਕੁਦਰਤੀ ਪਾਣੀ ਵਰਤਣ ਦੀ ਥਾਂ ਨਵੀਂ ਕਾਢ ਕੱਢੀ ਤੇ ਜ਼ਮੀਨ ਹੇਠਲਾ ਪਾਣੀ ਕੱਢਣਾ ਸ਼ੁਰੂ ਕਰ ਲਿਆ ਜੋ ਹੁਣ ਮੁੱਕਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਸੋਚੋ, ਕੀ ਉਹ ਪਾਣੀ ਕੱਢਣ ਦੇ ਨਾਲ ਧਰਤੀ ਅੰਦਰ ਖ਼ਲਾਅ ਪੈਦਾ ਨੀ ਹੋਵੇਗਾ? ਧਰਤੀ ਦਾ ਤਾਲਮੇਲ ਨਹੀਂ ਵਿਗੜੇਗਾ? ਧਰਤੀ ਦੇ ਗਰਭ ਵਿੱਚ ਪਏ ਉਸ ਠੰਢੇ-ਠਾਰ ਪਾਣੀ ਨੂੰ ਕੱਢਣ ਕਾਰਨ ਧਰਤੀ ਅੰਦਰੋਂ ਗਰਮ ਨਹੀਂ ਹੋਵੇਗੀ? ਧਰਤੀ ਹੇਠਲਾ ਪਾਣੀ ਤਾਂ ਖਤਮ ਹੋਵੇਗਾ ਹੀ, ਨਾਲ ਹੋਰ ਮੁਸੀਬਤਾਂ ਵੀ ਖੜ੍ਹੀਆਂ ਹੋਣਗੀਆਂ। ਪਾਣੀ ਦੇ ਬਿਨਾਂ ਜ਼ਿੰਦਗੀ ਖਤਮ ਹੋ ਜਾਵੇਗੀ।
ਅਖੀਰ ਵਿੱਚ - ਧਰਤੀ ਤਾਂ ਸਭ ਦੀ ਸਾਂਝੀ ਹੈ ਪਰ ਇਕੱਲੀ ਮਨੁੱਖ ਜਾਤੀ ਨੇ ਆਪਣੀ ਜਗੀਰ ਬਣਾ ਲਈ ਹੈ। ਟੋਏ-ਟਿੱਬੇ ਕਰਾਹ ਕੇ ਸਮਤਲ ਕਰ ਲਏ ਹਨ। ਪਹਾੜ ਅਤੇ ਜੰਗਲ ਖਤਮ ਕੀਤੇ ਜਾ ਰਹੇ ਨੇ। ਜਿਵੇਂ ਕਿ ਪਹਿਲਾਂ ਕਿਹਾ ਹੈ ਕਿ ਕੁਦਰਤ ਕਿਸੇ ਵੀ ਹਾਲ ਵਿੱਚ ਆਪਣਾ ਸੰਤੁਲਨ ਨੀ ਵਿਗੜਨ ਦਿੰਦੀ। ਹਾਲੇ ਵੀ ਸਮਾਂ ਹੈ ਕਿ ਸੁਧਰ ਜਾਈਏ। ਕੱਲ੍ਹ ਨੂੰ ਕਿਤੇ ਇਹ ਨਾ ਹੋਵੇ ਕਿ ਸੰਤੁਲਨ ਬਣਾਉਂਦਿਆਂ ਕੁਦਰਤ ਆਪਣੀ ਗਲਤੀ ਸੁਧਾਰੇ ਤੇ ਸਦੀਆਂ ਪਹਿਲਾਂ ਹੋਏ ਡਾਇਨਾਸੋਰਾਂ ਵਾਂਗ ਮਨੁੱਖ ਵੀ ਬੀਤੇ ਦੀ ਕਹਾਣੀ ਬਣ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)