“ਹਾਲੇ ਵੀ ਦੇਰ ਨਹੀਂ ਹੋਈ, ਜੇ ਇੱਛਾ ਸ਼ਕਤੀ ਹੋਵੇ ਤਾਂ ਸਿਰਫ ਪੰਜਾਂ ਸਾਲਾਂ ...”
(6 ਜੁਲਾਈ 2026)
ਕਿਸੇ ਨੇ ਬਜ਼ੁਰਗ ਔਰਤ ਨੂੰ ਪੁੱਛਿਆ, “ਬੇਬੇ! ਆਹ ਜਿਹੜਾ ਵਿਹੜੇ ਵਿੱਚ ਬਲੇਦਾ ਬੰਨ੍ਹਿਆ ਹੋਇਆ ਏ, ਇਹ ਮਾਰਦਾ ਤਾਂ ਨਹੀਂ?” ਅੱਗੋਂ ਬੇਬੇ ਔਖੀ ਜਿਹੀ ਹੋ ਕੇ ਕਹਿੰਦੀ, “ਇਸੇ ਧਗੜੇ ਦੀ ਕੀਤੀ ਤਾਂ ਮੈਂ ਰੰਡੀ ਹੋਈ ਬੈਠੀ ਹਾਂ।”
ਕੱਲ੍ਹ ਇੱਕ ਹੰਗਾਮਾ ਹੋਇਆ ਜਦੋਂ ਗੁਰਦੁਆਰਾ ਸਾਹਬ ਦੇ ਬਾਹਰ ਖੜ੍ਹੇ ਸੇਵਾਦਾਰਾਂ ਵੱਲੋਂ ਗਲੇ ਵਿੱਚ ਪੰਜਾਬ ਸਰਕਾਰ ਦੇ (ਭਗਵੰਤ ਮਾਨ ਦੀ ਫੋਟੋ ਵਾਲੇ) ਪਛਾਣ ਪੱਤਰ ਪਾਈ ਸ਼ਰਧਾਲੂਆਂ ਨੂੰ ਦਰਬਾਰ ਸਾਹਬ ਅੰਦਰ ਮੱਥਾ ਟੇਕਣ ਜਾਣ ਤੋਂ ਰੋਕਿਆ ਗਿਆ। ਮੈਂ ਉਸੇ ਦੇ ਸੰਦਰਭ ਵਿੱਚ ਆਪਣੇ ਕੁਝ ਵਿਚਾਰ ਵਿਅਕਤ ਕਰਨ ਜਾ ਰਿਹਾ ਹਾਂ।
ਅਕਾਲ ਤਖਤ ਸਿੱਖਾਂ ਦਾ ਸਰਵਉੱਚ ਸਥਾਨ ਹੈ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਹੈ, ਜਿਸਨੂੰ ਸਿੱਖਾਂ ਦੀ ਸੰਸਦ ਵੀ ਕਿਹਾ ਜਾਂਦਾ ਹੈ। ਇਸਦੀ ਸਥਾਪਨਾ ਅਕਾਲ ਤਖਤ ਅਤੇ ਦਰਬਾਰ ਸਾਹਬ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਤੋਂ ਇਲਾਵਾ ਕੀਰਤਨ, ਗੁਰਬਾਣੀ ਪ੍ਰਕਾਸ਼ਨ, ਧਰਮ ਪ੍ਰਚਾਰ, ਗੁਰਮਤਿ ਸਕੂਲ ਅਤੇ ਕਾਲਜਾਂ ਦੀ ਸਥਾਪਨਾ ਕਰਨਾ, ਸਿੱਖ ਮਸਲਿਆਂ ’ਤੇ ਬਿਆਨ ਦੇਣਾ, ਸਰਕਾਰ ਨਾਲ ਗੱਲਬਾਤ ਕਰਨੀ ਅਤੇ ਸਿੱਖ ਵਿਰਸੇ ਦੀ ਰਾਖੀ ਕਰਨ ਜਿਹੇ ਮਹੱਤਵਪੂਰਨ ਕੰਮਾਂ ਨੂੰ ਮੁੱਖ ਰੱਖ ਕੇ ਹੋਈ ਸੀ। ਅੱਜਕਲ ਲਗਭਗ ਇੱਕ ਹਜ਼ਾਰ ਕਰੋੜ ਦੇ ਨੇੜੇ-ਤੇੜੇ ਇਸਦਾ ਬਜਟ ਹੈ ਜੋ ਕਿ ਬਹੁਤ ਵੱਡਾ ਮੰਨਿਆ ਜਾਂਦਾ ਹੈ। ਇਸਦੇ ਬਾਵਜੂਦ ਅੱਜ ਤਕ ਇਹ ਕਮੇਟੀ ਨਾ ਤਾਂ ਕੋਈ ਆਪਣੀ ਯੂਨੀਵਰਸਿਟੀ ਸਥਾਪਤ ਕਰ ਸਕੀ ਹੈ ਤੇ ਨਾ ਹੀ ਕੋਈ ਵੱਡਾ ਹਸਪਤਾਲ ਬਣਾ ਸਕੀ ਹੈ। ਹਾਂ, ਗੁਰਦੁਆਰਿਆਂ ਅਤੇ ਲੰਗਰ ਹਾਲਾਂ ਦੀ ਗਿਣਤੀ ਵਿੱਚ ਜ਼ਰੂਰ ਵਾਧਾ ਹੋਇਆ ਹੈ ਤੇ ਉਨ੍ਹਾਂ ਨਾਲ ਛੋਟੀਆਂ ਮੋਟੀਆਂ ਡਿਸਪੈਂਸਰੀਆਂ ਵੀ ਖੋਲ੍ਹੀਆਂ ਗਈਆਂ ਹਨ। ਸਕੂਲ, ਕਾਲਜ ਜ਼ਰੂਰ ਖੋਲ੍ਹੇ ਹਨ ਪਰ ਉਨ੍ਹਾਂ ਵਿੱਚ ਦਿੱਤੀ ਜਾ ਰਹੀ ਸਿੱਖਿਆ ਦਾ ਮਿਆਰ ਕੋਈ ਬਹੁਤ ਜ਼ਿਆਦਾ ਉੱਚ ਪੱਧਰ ਦਾ ਨਹੀਂ ਹੈ।
ਇਸੇ ਸਮੇਂ ਪੰਜਾਬ ਵਿੱਚ ਹੀ ਮੌਜੂਦ ਹੋਰ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨੇ ਵਿਸ਼ਵ ਪੱਧਰੀ ਕਾਲਜਾਂ ਤੋਂ ਇਲਾਵਾ ਕਈ ਵੱਡੇ ਹਸਪਤਾਲ ਖੋਲ੍ਹ ਲਏ ਹਨ ਪਰ ਸ਼੍ਰੋਮਣੀ ਕਮੇਟੀ ਹਾਲੇ ਤਕ ਆਪਣੇ ਮੁਢਲੇ ਦਾਇਰੇ ਤੋਂ ਬਾਹਰ ਨਹੀਂ ਨਿਕਲ ਪਾਈ। ਜ਼ਰਾ ਇਸ ਸੂਚੀ ’ਤੇ ਨਜ਼ਰ ਮਾਰੋ-
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਹਸਪਤਾਲ/ਸੰਸਥਾਵਾਂ:
1. ਆਰ ਐੱਸ ਸਰਦਾਰ ਹਸਪਤਾਲ, ਬਿਆਸ- 500+ ਬੈੱਡ ਦਾ ਮਲਟੀ-ਸਪੈਸ਼ਲਿਟੀ ਹਸਪਤਾਲ। ਪੂਰੀ ਤਰ੍ਹਾਂ ਮੁਫਤ ਸੇਵਾ।
2. ਡੀ ਐੱਮ ਸੀ ਐੱਚ - ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਰਾਧਾ ਸੁਆਮੀ ਨਾਲ ਜੁੜੇ ਟਰੱਸਟੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬ ਦਾ ਟਾਪ ਮੈਡੀਕਲ ਕਾਲਜ ਅਤੇ ਹਸਪਤਾਲ।
3. ਸਰਬੱਤ ਦਾ ਭਲਾ ਚੈਰੀਟੇਬਲ ਹਸਪਤਾਲ ਬਿਆਸ ਅਤੇ ਹੋਰ ਥਾਂਵਾਂ ’ਤੇ ਕਲੀਨਿਕ।
ਨਾਮਧਾਰੀ ਸੰਗਤ ਦੇ ਹਸਪਤਾਲ, ਸੰਸਥਾਵਾਂ:
1. ਨਾਮਧਾਰੀ ਹਸਪਤਾਲ, ਸ੍ਰੀ ਭੈਣੀ ਸਾਹਿਬ- 100 ਬੈੱਡ ਤੋਂ ਵੱਧ। ਆਪਣਾ ਮੈਡੀਕਲ ਸਟਾਫ।
2. ਗੁਰੂ ਗੋਬਿੰਦ ਸਿੰਘ ਨਾਮਧਾਰੀ ਯੂਨੀਵਰਸਿਟੀ ਨਾਲ ਲਗਦਾ ਹੈਲਥ ਸੈਂਟਰ, ਭੈਣੀ ਸਾਹਿਬ।
3. ਨਾਮਧਾਰੀ ਚੈਰੀਟੇਬਲ ਹਸਪਤਾਲ, ਦਿੱਲੀ, ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ।
ਹੋਰ ਵੱਡੀਆਂ ਧਾਰਮਿਕ ਅਤੇ ਪ੍ਰਾਈਵੇਟ ਸੰਸਥਾਵਾਂ:
1. ਅਪੋਲੋ ਹਸਪਤਾਲ, ਲੁਧਿਆਣਾ, ਪ੍ਰਾਈਵੇਟ, ਪਰ ਸ਼ੁਰੂਆਤ ਵਿੱਚ ਨਾਮਧਾਰੀ ਸਮਾਜ ਦਾ ਸਹਿਯੋਗ ਸੀ।
2. ਡੇਰਾ ਸੱਚਾ ਸੌਦਾ ਦਾ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ, ਸਿਰਸਾ- 500 ਬੈੱਡ, ਆਪਣਾ ਮੈਡੀਕਲ ਕਾਲਜ ਵੀ।
3. ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਹਸਪਤਾਲ- ਦਿੱਲੀ ਸਮੇਤ ਕਈ ਥਾਂਵਾਂ ’ਤੇ।
ਤੁਲਨਾ ਵਿੱਚ ਐੱਸ ਜੀ ਪੀ ਸੀ:
ਬਜਟ: 1000 ਕਰੋੜ ਸਲਾਨਾ।
ਹਸਪਤਾਲ: 0 ਮਲਟੀ-ਸਪੈਸ਼ਲਿਟੀ।
ਮੈਡੀਕਲ ਕਾਲਜ: 0.
ਪ੍ਰਾਪਤੀ: ਸਿਰਫ ਗੁਰਦੁਆਰਿਆਂ ਨਾਲ ਲੱਗੀਆਂ ਛੋਟੀਆਂ ਡਿਸਪੈਂਸਰੀਆਂ।
ਇਹ ਸੂਚੀ ਸਿਰਫ ਕੁਝ ਇੱਕ ਉਹਨਾਂ ਧਰਮਾਂ ਵਾਲਿਆਂ ਦੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪ੍ਰਫੁੱਲਤ ਹੋਏ ਹਨ। ਸੁਣਨ ਨੂੰ ਕੌੜਾ ਲੱਗੇਗਾ, ਸਮੇਂ ਸਮੇਂ ’ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਜਾਂ ਕਈ ਹੋਰ ਅਹੁਦੇਦਾਰ ਤਾਂ ਵੱਡੇ-ਵੱਡੇ ਕਾਰੋਬਾਰੀ ਅਤੇ ਹੋਟਲਾਂ ਦੇ ਮਾਲਕ ਤਕ ਬਣ ਗਏ ਪਰ ਆਮ ਸਿੱਖਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ। ਆਖਰ ਨੂੰ ਸਵਾਲ ਤਾਂ ਇਹ ਬਣਦਾ ਹੀ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ?
ਤਾਜ਼ਾ ਰੌਲੇ ਦੀ ਗੱਲ ਕਰੀਏ। ਲਿਜਾਣ ਨੂੰ ਤਾਂ ਸ਼੍ਰੋਮਣੀ ਕਮੇਟੀ ਆਪਣੀਆਂ ਬੱਸਾਂ ਜਾਂ ਹੋਰ ਸਾਧਨ ਲਾ ਕੇ ਵੀ ਲੋਕਾਂ ਨੂੰ ਗੁਰਦੁਆਰਿਆਂ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲਿਜਾ ਸਕਦੀ ਸੀ ਪਰ ਹੋ ਸਕਦਾ ਉਨ੍ਹਾਂ ਦੇ ਬਜਟ ਤੇ ਦਾਇਰੇ ਵਿੱਚ ਫਿੱਟ ਨਾ ਆਉਂਦਾ ਹੋਵੇ ਜਾਂ ਫਿਰ ਐਨਾ ਜ਼ਰੂਰੀ ਨਾ ਹੋਵੇ ਤੇ ਹੁਣ ਜਦੋਂ ਉਨ੍ਹਾਂ ਦਾ ਇਹ ਕੰਮ ਪੰਜਾਬ ਸਰਕਾਰ ਆਪਣੇ ਖਰਚੇ ਉੱਤੇ ਕਰ ਰਹੀ ਹੈ ਤਾਂ ਬੇਵਜ੍ਹਾ ਅਤੇ ਬੇਲੋੜਾ ਹੋ-ਹੱਲਾ ਕਿਉਂ? ਜੇ ਭਲਾ ਸਰਕਾਰ ਆਪਣੀ ਤੀਰਥ ਯਾਤਰਾ ਮੁਹਿੰਮ ਦੇ ਤਹਿਤ ਲੋਕਾਂ ਨੂੰ ਸਿੱਖਾਂ ਦੇ ਗੁਰਦੁਆਰਿਆਂ ਜਾਂ ਧਾਰਮਿਕ ਅਸਥਾਨਾਂ ’ਤੇ ਲਿਜਾਣ ਦੀ ਬਜਾਏ ਹੋਰ ਡੇਰਿਆਂ ਜਾਂ ਫਿਰ ਸਰਸੇ ਵਾਲੇ ਦੇ ਲਿਜਾਣਾ ਸ਼ੁਰੂ ਕਰ ਦਿੰਦੀ ਤਾਂ ਚੰਗੇ ਰਹਿੰਦੇ? ਫਿਰ ਊਂ ਰੌਲਾ ਪਾਉਣਾ ਸੀ ਕਿ ਸਾਡੇ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।
ਪੰਦਰਾਂ ਸਾਲ ਬਾਦਲਾਂ ਦਾ (ਜਿਸਨੂੰ ਪੰਥ ਸਮਝਦੇ/ਕਹਿੰਦੇ ਹੋ) ਰਾਜ ਰਿਹਾ। ਕਦੇ ਪੜਚੋਲ ਕਰ ਕੇ ਦੇਖਿਓ ਕਿ ਇਸ ਸਮੇਂ ਦੌਰਾਨ ਉਸਨੇ ਸਿੱਖਾਂ ਲਈ ਕੀ ਕੀਤਾ ਅਤੇ ਬਾਕੀ ਡੇਰਿਆਂ ਜਾਂ ਧਾਰਮਿਕ ਅਸਥਾਨਾਂ ਲਈ ਕੀ ਕੀਤਾ? ਸਾਰਾ ਚਿੱਠਾ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ। ਸਿਵਾਏ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਕੁਝ ਨਹੀਂ ਕੀਤਾ। ਆਹ ਜਿਹੜੇ ਡੇਰਿਆਂ ਖਿਲਾਫ ਰੌਲਾ ਪਾਉਂਦੇ ਹੋ ਨਾ, ਇਹ ਸਭ ਇਨ੍ਹਾਂ ਬਾਦਲਾਂ ਦੀ ਹੀ ਦੇਣ ਹਨ।
ਮੁੱਕਦੀ ਗੱਲ, ਅਖੇ “ਹੱਥ ਨਾ ਅੱਪੜੇ ਥੂਹ ਕੌੜੀ।” ਜੇਕਰ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੀ ਤਾਂ ਅੱਜ ਇਹ ਨੌਬਤ ਹੀ ਨਾ ਆਉਂਦੀ। ਸਿਆਣੇ ਕਹਿੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਹਾਲੇ ਵੀ ਦੇਰ ਨਹੀਂ ਹੋਈ, ਜੇ ਇੱਛਾ ਸ਼ਕਤੀ ਹੋਵੇ ਤਾਂ ਸਿਰਫ ਪੰਜਾਂ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਦਾ ਆਪਣਾ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਬਣ ਸਕਦੀ ਹੈ। ਬੱਸ ਨੀਅਤ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































