GurjinderSSahdara7“ਸੋਚੋ! ਜੇਕਰ ਕੱਲ੍ਹ ਨੂੰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਜਾਂ ਪਾਣੀ ਕੱਢਣ ’ਤੇ ...”
(3 ਅਕਤੂਬਰ 2026)

 

ਉਹ ਵੀ ਸਮਾਂ ਸੀ ਜਦੋਂ ਸਾਡੇ ਵਡੇਰੇ ਨਦੀਆਂ, ਝੀਲਾਂ ਅਤੇ ਦਰਿਆਵਾਂ ਦਾ ਪਾਣੀ ਪੀਂਦੇ ਸਨ। ਉਸ ਤੋਂ ਬਾਅਦ ਪੀਣ ਲਈ ਟੋਭਿਆਂ, ਖੂਹਾਂ ਦਾ ਪਾਣੀ ਵਰਤਿਆ ਜਾਣ ਲੱਗਾ। ਹਾਲਾਂਕਿ ਖੂਹਾਂ ਵਿੱਚ ਡੱਡੂ ਜਾਂ ਹੋਰ ਜੀਵ-ਜੰਤੂ ਵਗੈਰਾ ਵੀ ਡਿਗ ਜਾਂਦੇ ਸਨ ਪਰ ਪਾਣੀ ਨੂੰ ‘ਸਵਾ ਮਣ ਪਾਣੀ ਸੁੱਚਾ’ ਦੇ ਅਧਾਰ ’ਤੇ ਜੂਠਾ ਜਾਂ ਗੰਦਾ ਨਹੀਂ ਮੰਨਿਆ ਜਾਂਦਾ ਸੀ। ਫਿਰ ਨਲਕੇ ਆ ਗਏ। ਮੋਟਰਾਂ ਲੱਗ ਗਈਆਂ। ਇਨ੍ਹਾਂ ਭਲੇ ਵੇਲਿਆਂ ਵਿੱਚ ਪਾਣੀ ਕੱਢਣ ਲਈ ਮਿਹਨਤ ਕਰਨੀ ਪੈਂਦੀ, ਜ਼ੋਰ ਲਗਦਾ ਸੀ। ਪਰ ਹੁਣ ਤਾਂ ਸਬਮਰਸੀਬਲ ਬੋਰ ਕੀਤੇ ਹੋਏ ਹਨ, ਅੰਡਰਗ੍ਰਾਊਂਡ ਮੋਟਰਾਂ ਲੱਗੀਆਂ ਹੋਈਆ ਹਨ, ਸੁਵਿੱਚ ਦੱਬ ਕੇ ਹੀ ਸਰ ਜਾਂਦਾ ਹੈ। ਸ਼ਾਇਦ ਇਸੇ ਕਰਕੇ ਪਾਣੀ ਦੀ ਕਦਰ ਵੀ ਨਹੀਂ ਰਹੀ। ਅੱਜ ਸਾਡੇ ਪੂਰਵਜ, ਸਾਡੇ ਵੱਡੇ ਵਡੇਰੇ ਇਸ ਦੁਨੀਆ ’ਤੇ ਮੁੜ ਪਰਤ ਕੇ ਆਉਣ ਤਾਂ ਮੱਥੇ ਤੇ ਹੱਥ ਮਾਰ ਕੇ ਸਾਨੂੰ ਗਾਲ੍ਹਾਂ ਕੱਢਣ।

ਚੇਤੇ ਆ ਰਿਹਾ ਹੈ, ਨਿੱਕੇ ਹੁੰਦਿਆਂ ਕਿਸੇ ਵਿਰਲੀ ਟਾਵੀਂ ਦੁਕਾਨ ’ਤੇ ਬਿਸਲੇਰੀ ਜਾਂ ਕਿੰਨਲੇ ਦੀਆਂ ਬੋਤਲਾਂ, ਜਿਨ੍ਹਾਂ ਨੂੰ ਕਿ ਮਿਨਰਲ ਵਾਟਰ ਵੀ ਕਹਿੰਦੇ ਸਨ, ਪਈਆਂ ਦੇਖਦੇ ਸਾਂ। ਇਨ੍ਹਾਂ ਨੂੰ ਪੀਂਦੇ ਸਨ ਸਾਡੇ ਬਾਹਰੋਂ ਆਏ ਰਿਸ਼ਤੇਦਾਰ, ਸੱਜਣ-ਮਿੱਤਰ। ਕਾਰਨ? ਚਿਰਾਂ ਬਾਅਦ ਆਉਣ ਕਾਰਨ ਉਨ੍ਹਾਂ ਦਾ ਪਾਣੀ ਬਦਲ ਹੋ ਜਾਂਦਾ ਸੀ। ਅਸਲ ਵਿੱਚ ਪਾਣੀ ਬਦਲ ਨਹੀਂ ਸੀ ਹੁੰਦਾ, ਉਨ੍ਹਾਂ ਦਾ ਸਿਸਟਮ ਹੀ ਬਦਲ ਹੋ ਚੁੱਕਾ ਹੁੰਦਾ ਸੀ। ਸਾਡਾ ਪਾਣੀ ਸ਼ੁੱਧ, ਭਾਰਾ ਅਤੇ ਤਾਕਤਵਰ ਹੋਣ ਕਾਰਨ ਉਨ੍ਹਾਂ ਨੂੰ ਪਚਦਾ ਨਹੀਂ ਸੀ। ਹੌਲੀ-ਹੌਲੀ ਪਾਣੀ ਦਾ ਇਹ ਵਪਾਰ ਵਧਦਾ ਗਿਆ। ਅੱਜ ਵੱਡੇ ਸ਼ਹਿਰਾਂ ਤੋਂ ਕਸਬਿਆਂ ਥਾਣੀ ਹੁੰਦਾ ਹੋਇਆ ਇਹ ਵਪਾਰ ਹੁਣ ਪਿੰਡਾਂ ਵਿੱਚ ਵੀ ਪੂਰੇ ਪੈਰ ਪਸਾਰ ਚੁੱਕਾ ਹੈ। ਕੋਈ ਭੋਗ, ਵਿਆਹ ਜਾਂ ਹੋਰ ਪ੍ਰੋਗਰਾਮ ਨਹੀਂ ਹੁੰਦਾ, ਜਿੱਥੇ ਇਹ ਪਲਾਸਟਿਕ ਦੀਆਂ ਬੋਤਲਾਂ ਵਿੱਚ ਸਜਿਆ ਪਾਣੀ ਨਾ ਹੋਵੇ। ਕਈ ਸੱਜਣ ਤਾਂ ਘਰੇ ਹੀ ਫਿਲਟਰ ਲਾ ਕੇ ਬੋਤਲਾਂ ਭਰਨ ਲੱਗ ਪਏ ਹਨ। ਦੁਕਾਨਾਂ, ਹਸਪਤਾਲਾਂ ’ਤੇ ਵੀਹ-ਪੱਚੀ ਲੀਟਰ ਦੇ ਕੈਂਪਰਾਂ ਵਿੱਚ ਸਪਲਾਈ ਵੀ ਆਮ ਜਿਹੀ ਗੱਲ ਹੋ ਗਈ ਹੈ।

ਰੀਸ ਕਹਿ ਲਓ, ਬਾਹਰਲਿਆਂ ਦੀਆਂ ਫਰਮਾਇਸ਼ਾਂ ਦੀ ਪੂਰਤੀ ਕਹਿ ਲਓ ਜਾਂ ਫਿਰ ਫੈਸ਼ਨ, ਅੱਜ ਪਾਣੀ ਸਾਫ ਕਰਨ ਵਾਲਾ ਫਿਲਟਰ ਤਕਰੀਬਨ ਹਰ ਘਰ ਵਿੱਚ ਲੱਗਾ ਮਿਲਦਾ ਹੈ ਜੋ ਕਿ ਇੱਕ ਲੀਟਰ ਪਾਣੀ ਬਣਾਉਣ ਲਈ ਵੀਹ ਲੀਟਰ ਪਾਣੀ ਵਿਅਰਥ ਕੱਢ ਦਿੰਦਾ ਹੈ। ਇਹੀ ਸਾਡਾ ਭੁਲੇਖਾ ਹੈ ਇਹ ਆਰ ਓ ਇਕੱਲਾ ਪਾਣੀ ਹੀ ਬਾਹਰ ਨਹੀਂ ਕੱਢਦਾ ਨਾਲ ਬਹੁਤ ਸਾਰੇ ਮਿਨਰਲ ਵੀ ਵਹਾ ਲੈ ਜਾਂਦਾ ਹੈ। ਪਹਿਲਾਂ ਲੋਕ ਇਕੱਲੇ ਪਾਣੀ ਦੇ ਸਿਰ ਤੇ ਸਾਰਾ-ਸਾਰਾ ਦਿਨ ਰੋਟੀ ਤੋਂ ਵਗੈਰ ਵੀ ਕੱਢ ਦਿੰਦੇ ਸਨ ਤੇ ਹੁਣ ਫਿਲਟਰ ਵਾਲੇ ਪਾਣੀ ਨਾਲ ਪਿਆਸ ਵੀ ਨਹੀਂ ਮਰਦੀ।

ਪਾਣੀ ਵਿਕਾਊ ਕਿਵੇਂ ਅਤੇ ਕਿਉਂ ਬਣਿਆ, ਇਹਦੇ ’ਤੇ ਵੀ ਚਾਨਣਾ ਪਾਉਣਾ ਜ਼ਰੂਰੀ ਹੈ। ਅਸਲ ਵਿੱਚ ਅਸੀਂ ਆਪਣੇ ਪਾਣੀ ਨੂੰ ਆਪ ਗੰਧਲਾ ਕੀਤਾ। ਫੈਕਟਰੀਆਂ, ਕਾਰਖਾਨਿਆਂ ਦੇ ਜ਼ਹਿਰੀਲੇ ਪਾਣੀ, ਖੇਤਾਂ ਵਿੱਚ ਅੰਨ੍ਹੇਵਾਹ ਸਪਰੇਆਂ ਅਤੇ ਖਾਦਾਂ ਨੇ ਸਾਡੇ ਪਾਣੀ ਨੂੰ ਖਰਾਬ ਕਰ ਦਿੱਤਾ। ਮੁਨਾਫਾਖੋਰਾਂ ਵੱਲੋਂ ਇਸੇ ਡਰ ਨੂੰ ਵੇਚ ਕੇ ਵਪਾਰ ਬਣਾ ਲਿਆ ਗਿਆ। ਮਹਿਜ਼ ਪੈਸਾ ਕਮਾਉਣ ਲਈ ਵਪਾਰੀਆਂ ਨਾਲ ਡਾਕਟਰ ਵੀ ਜੁੜ ਗਏ ਹਨ ਜਿਨ੍ਹਾਂ ਨੇ ਪਹਿਲਾਂ ਆਰ ਓ ਦਾ ਪਾਣੀ ਪੀਣ ਦੀ ਸਲਾਹ ਦਿੱਤੀ। ਹਰ ਡਾਕਟਰ ਕਹਿਣ ਲੱਗਾ ਸਿਰਫ ਫਿਲਟਰ ਵਾਲਾ ਪਾਣੀ ਪੀਓ।

ਆਪਣੇ ਘਰ ਦੀ ਗੱਲ ਕਰਾਂ ਤਾਂ 98-99 ਦੇ ਨੇੜੇ ਘਰੇ ‘ਹੇਮਾ ਮਾਲਿਨੀ’ ਦੀ ਫੋਟੋ ਵਾਲਾ ਫਿਲਟਰ (ਕੈਂਟ) ਲੱਗ ਗਿਆ ਸੀ। ਫਿਰ ਤਾਂ ਚਾਹ ਅਤੇ ਦਾਲ ਸਬਜ਼ੀ ਵੀ ਉਸੇ ਪਾਣੀ ਨਾਲ ਹੀ ਬਣਨ ਲੱਗੀ। ਅੱਠ-ਦਸ ਸਾਲ ਖੂਬ ਚੱਲਿਆ ਫਿਲਟਰ ਵਾਲਾ ਪਾਣੀ ਪਰ ਉਸਦਾ ਅਸਰ ਬਹੁਤ ਬਾਅਦ ਵਿੱਚ ਮਹਿਸੂਸ ਹੋਇਆ ਜਦੋਂ ਚਮੜੀ ਨਾਲ ਸੰਬੰਧਿਤ ਰੋਗ ਸਾਹਮਣੇ ਆਉਣ ਲੱਗੇ। ਹੁਣ ਆਪਣੀ ਗੱਲ ਕਰਾਂ ਤਾਂ 2010 ਤੋਂ ਬਾਅਦ ਇਸ ਪਾਣੀ ਤੋਂ ਦੂਰੀ ਬਣਾਈ ਹੋਈ ਹੈ। ਠੰਢੇ ਪਾਣੀ ਦੇ ਚੱਕਰ ਵਿੱਚ ਪੀਣਾ ਪੈ ਜਾਂਦਾ ਹੈ ਨਹੀਂ ਤਾਂ ਪਰਹੇਜ਼ ਹੀ ਕਰੀਦਾ ਹੈ। ਜਿਹੜਾ ਪੀਣ ਯੋਗ ਪਾਣੀ ਮਿਲ ਜਾਵੇ ਉਹੀ ਪੀ ਲਈਦਾ ਹੈ ਕੋਈ ਫਰਕ, ਪਰਹੇਜ਼ ਜਾਂ ਪਰਵਾਹ ਨਹੀਂ ਕਰੀਦੀ।

ਮੁੱਕਦੀ ਗੱਲ, ਇਹ ਬੋਤਲਾਂ ਵਾਲਾ ਪਾਣੀ ਮਹਿਜ਼ ਇੱਕ ਵਪਾਰ ਹੀ ਹੈ ਜੋ ਪੂਰੀ ਤਰ੍ਹਾਂ ਪਾਣੀ ਮਾਫੀਆ ਦੇ ਕਬਜ਼ੇ ਹੇਠ ਆ ਚੁੱਕਾ ਹੈ। ਵੀਹ ਰੁਪਏ ਲੀਟਰ ਪਾਣੀ, ਪੰਜਾਹ ਰੁਪਏ ਲੀਟਰ ਕੋਲਾ ਤੇ ਚਾਲੀ ਰੁਪਏ ਕਿੱਲੋ ਦੁੱਧ; ਇਹ ਹਾਲਾਤ ਉਦੋਂ ਹਨ ਜਦੋਂ ਘਰਾਂ ਵਿੱਚ ਆਰ ਓ ਲੱਗੇ ਹੇਏ ਹਨ, ਬੋਰ ਡੂੰਘੇ ਹਨ ਅਤੇ ਧਰਤੀ ਹੇਠੋਂ ਪਾਣੀ ਬਾਹਰ ਕੱਢਣ ’ਤੇ ਕੋਈ ਮੀਟਰ ਨਹੀਂ ਲੱਗਾ ਹੋਇਆ। ਸੋਚੋ! ਜੇਕਰ ਕੱਲ੍ਹ ਨੂੰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਜਾਂ ਪਾਣੀ ਕੱਢਣ ’ਤੇ ਮੀਟਰ ਲੱਗ ਗਏ (ਜੋ ਕਿ ਇੱਕ ਨਾ ਇੱਕ ਦਿਨ ਹੋ ਕੇ ਰਹੇਗਾ) ਤਾਂ ਕੀ ਹੋਵੇਗਾ? ਅਸੀਂ ਇੱਕ ਕਿੱਲੋ ਚੌਲ ... ਜੋ ਕਿ ਸਾਡੀ ਖੁਰਾਕ ਵੀ ਨਹੀਂ, ਪੈਦਾ ਕਰਨ ਲਈ ਮਣਾਂ ਮੂਹੀਂ ਪਾਣੀ ਅਜਾਈਂ ਧਰਤੀ ਹੇਠੋਂ ਕੱਢ ਰਹੇ ਹਾਂ; ਖੇਤਾਂ ਵਿੱਚ ਫਸਲਾਂ ਨੂੰ ਬੇਲੋੜਾ, ਖੁੱਲ੍ਹਾ ਪਾਣੀ ਛੱਡ ਰਹੇ ਹਾਂ। ਹਾਲੇ ਵੀ ਸਮਾਂ ਹੈ ਲੋਕੋ! ਸੰਭਲ ਜਾਓ, ਪਾਣੀ ਦੀ ਕਦਰ ਕਰੋ, ਸੰਜਮ ਵਰਤੋ, ਵਿਅਰਥ ਵਰਤੋਂ ਬੰਦ ਕਰੋ। ਕਦੇ ਕਦੇ ਚੇਤਿਆਂ ਵਿੱਚ ਵਸਾ ਲਿਆ ਕਰੋ ਕਿ ਸਾਡਿਆਂ ਗੁਰੂਆਂ ਨੇ ਇਸ ਨੂੰ ਪਿਓ ਦਾ ਦਰਜਾ ਦਿੱਤਾ ਹੋਇਆ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author