“ਜਦੋਂ ਕਾਫੀ ਦੇਰ ਹਲਚਲ ਨਾ ਹੋਈ ਤਾਂ ਇੱਕ ਸਿਪਾਹੀ ਡਰਦਾ-ਡਰਦਾ ...”
(15 ਜੁਲਾਈ 2026)
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਬਿਲਕੁਲ ਸਹੀ ਕਿਹਾ ਏ ਕਿਸੇ ਸ਼ਾਇਰ ਨੇ। ਬੱਸ ਇਹੀ ਕੁਝ ਪੱਲੇ ਪੈਂਦਾ ਏ ਆਖਰ ਵਿੱਚ ਸ਼ਹੀਦਾਂ ਦੇ ਤੇ ਉਨ੍ਹਾਂ ਦੇ ਪਰਿਵਾਰਾਂ ਦੇ। ਇਸ ਤੋਂ ਇਲਾਵਾ ਹਰ ਖੇਤਰ ਵਿੱਚ ਅਣਗੌਲੇ ਕਰ ਦਿੱਤੇ ਜਾਂਦੇ ਹਨ ਸ਼ਹੀਦ ਅਤੇ ਸ਼ਹੀਦ ਦੇ ਪਰਿਵਾਰ। ਸਾਨੂੰ ਸਿਰਫ ਮੇਲੇ, ਮੂਰਤੀਆਂ ਅਤੇ ਭਾਸ਼ਣ ਹੀ ਸੁਣਨ ਨੂੰ ਮਿਲਦੇ ਹਨ। ਅਸਲ ਕੁਰਬਾਨੀ ਦਾ ਮੁੱਲ ਕੋਈ ਨਹੀਂ ਪਾਉਂਦਾ।
ਦੇਖਿਆ ਜਾਵੇ ਤਾਂ ਭਾਰਤ ਦੇਸ਼ ਦੀ ਅਜ਼ਾਦੀ ਵਿੱਚ ਇਕੱਲੇ ਪੰਜਾਬੀਆਂ ਦਾ 80% ਤੋਂ ਵੱਧ ਯੋਗਦਾਨ ਰਿਹਾ ਹੈ ਪਰ ਬਦਲੇ ਵਿੱਚ ਉਨ੍ਹਾਂ ਨੂੰ ਮਿਲਿਆ ਕੀ? ਪਿਆਰੇ ਪੰਜਾਬ ਦੀ ਵੰਡ, ਉਜਾੜਾ, ਸਕੇ-ਸੰਬੰਧੀਆਂ ਦਾ ਵਿਛੋੜਾ, ਧੀਆਂ-ਭੈਣਾਂ ਦੀ ਇੱਜ਼ਤ ਦੀ ਬੇਪੱਤੀ। ਅਜ਼ਾਦੀ ਤੋਂ ਬਾਅਦ ਅਣਗੌਲੇ ਕਰ ਦਿੱਤੇ ਗਏ ਦੇਸ਼ ਲਈ ਮਰ-ਮਿਟਣ ਵਾਲੇ ਸ਼ਹੀਦ ਅਤੇ ਉਨ੍ਹਾਂ ਦੇ ਪਰਿਵਾਰ।
ਅਜਿਹਾ ਹੀ ਇੱਕ ਅਣਗੌਲਿਆ ਸ਼ਹੀਦ ਹੋਇਆ ਹੈ ਬਬਰ ਅਕਾਲੀ ਰਤਨ ਸਿੰਘ ਰੱਕੜ, ਜਿਸਦੀ ਕੁਰਬਾਨੀ ਦਾ ਉਹ ਮੁੱਲ ਨਹੀਂ ਪਿਆ ਜਿਸਦਾ ਉਹ ਅਸਲ ਹੱਕਦਾਰ ਸੀ। ਉਹ ਸ਼ਹੀਦ, ਜਿਸਦੀਆਂ ਬਹਾਦਰੀ ਭਰੀਆਂ ਗਾਥਾਵਾਂ ਅਤੇ ਕਹਾਣੀਆਂ ਛੋਟਾ ਹੁੰਦਾ ਮੈਂ ਉਸ ਸ਼ਹੀਦ ਦੀ ਭਤੀਜੀ ਅਤੇ ਆਪਣੀ ਅਨਪੜ੍ਹ ਦਾਦੀ ਅਤੇ ਦਾਦੀ ਦੇ ਭੈਣ-ਭਾਈਆਂ ਦੇ ਮੂੰਹੋਂ ਤਾਂ ਸੁਣਦਾ ਰਿਹਾ ਪਰ ਉਹਨਾਂ ਦੰਦ ਕਥਾਵਾਂ ਰੂਪੀ ਕਹਾਣੀਆਂ ਦੀ ਸਰਕਾਰ ਜਾਂ ਕਿਸੇ ਸੰਬੰਧਿਤ ਅਦਾਰੇ ਨੇ ਕਿਤਾਬ ਛਾਪਣੀ ਜ਼ਰੂਰੀ ਹੀ ਨਹੀਂ ਸਮਝੀ ਤੇ ਸ਼ਾਇਦ ਕਦੇ ਛਪਦੀ ਵੀ ਨਾ ਜੇ ਬਬਰ ਦਾ ਪੋਤਾ ਮਾਸਟਰ ਜੁਝਾਰ ਸਿੰਘ ਖੁਦ ਇਹ ਕੋਸ਼ਿਸ਼ ਨਾ ਕਰਦਾ।
ਬਬਰ ਬਾਰੇ ਲਿਖਣ ਨੂੰ ਤਾਂ ਬਹੁਤ ਕੁਝ ਹੈ ਪਰ ਆਪਣੀ ਬਾਲ ਅਵਸਥਾ ਦੌਰਾਨ ਖੁਦ ਕੰਨੀਂ ਸੁਣੀਆਂ ਗਾਥਾਵਾਂ ਵਿੱਚੋਂ ਕੁਝ ਇੱਕ, ਜੋ ਯਾਦ ਹਨ, ਦਾ ਜ਼ਿਕਰ ਕਰਨ ਜਾ ਰਿਹਾ ਹਾਂ।
ਚੰਗੇ ਘਰਾਣੇ ਅਤੇ 12 ਪਿੰਡਾਂ ਦੇ ਚੌਧਰੀ, ਲੰਬੜਦਾਰ ਜਵਾਹਰ ਸਿੰਘ ਦਾ 10ਵੀਂ ਪਾਸ ਪੁੱਤਰ ਰਤਨ ਸਿੰਘ, ਜੋ ਚੰਗਾ ਭਲਾ ਅੰਗਰੇਜ਼ਾਂ ਦੀ ਫੌਜ ਵਿੱਚ ਕਲਰਕ ਦੀ ਨੌਕਰੀ ਕਰ ਰਿਹਾ ਸੀ, ਚਾਹੁੰਦਾ ਤਾਂ ਐਸ਼ ਦੀ ਜ਼ਿੰਦਗੀ ਗੁਜ਼ਾਰ ਸਕਦਾ ਸੀ ਪਰ ਬਬਰ ਨੇ ਸਾਰੇ ਐਸ਼ੋ-ਆਰਾਮ ਛੱਡ ਕੇ ਸੰਘਰਸ਼ ਦਾ ਰਾਹ ਚੁਣਿਆ। ਜਦੋਂ ਕੋਈ ਯੋਧਾ ਹਕੂਮਤ ਤੋਂ ਬਾਗੀ ਹੋ ਕੇ ਸੰਘਰਸ਼ ਦਾ ਰਾਹ ਚੁਣਦਾ ਹੈ ਤਾਂ ਉਸ ਤੋਂ ਵੱਧ ਮੁਸੀਬਤਾਂ ਉਸਦੇ ਪਰਿਵਾਰ ਵਾਲਿਆਂ ਅਤੇ ਸਕੇ-ਸੰਬੰਧੀਆਂ ਨੂੰ ਝੱਲਣੀਆਂ ਪੈਂਦੀਆਂ ਹਨ। ਭਲਾ ਬਬਰ ਦੇ ਪਰਿਵਾਰ ਵਾਲੇ ਇਸ ਸਭ ਤੋਂ ਕਿਵੇਂ ਬਚ ਜਾਂਦੇ, ਉਨ੍ਹਾਂ ਨੇ ਵੀ ਉਹ ਸਭ ਮੁਸੀਬਤਾਂ ਹੰਢਾਈਆਂ।
“ਛੱਡ ਕੇ ਦੇਸ ਦੁਆਬਾ, ਅੰਬੀਆਂ ਨੂੰ ਤਰਸੇਂਗੀ।” ਬਲਾਚੌਰ ਜਾਂਦਿਆਂ ਸ਼ੇਰ ਸ਼ਾਹ ਸੂਰੀ ਸੜਕ ’ਤੇ ਮੌਜੂਦ ਅੰਬਾਂ ਦੇ ਬੂਟਿਆਂ ਨੂੰ ਲੱਗੇ ਅੰਬ ਵਿਕਦੇ ਦੇਖ ਕੇ ਬਬਰ ਰਤਨ ਸਿੰਘ ਨਾਲ ਜੁੜੀ ਇੱਕ ਹੋਰ ਘਟਨਾ ਯਾਦ ਆ ਗਈ ਹੈ। ਅੱਜ ਭਾਵੇਂ ਅੰਬਾਂ ਦੇ ਬੂਟੇ ਹਰ ਥਾਂ ਲੱਗੇ ਹੋਏ ਹਨ ਪਰ ਕਿਸੇ ਸਮੇਂ ਅੰਬ ਦੁਆਬੇ ਦੀ ਸ਼ਾਨ ਅਤੇ ਪਛਾਣ ਸਨ। ਦੁਆਬੇ ਦੇ ਸਿਆਣੇ ਭਲੀ ਭਾਂਤ ਜਾਣਦੇ ਹਨ ਕਿ ਸ਼ੇਰ ਸ਼ਾਹ ਸੂਰੀ ਮਾਰਗ, ਜਿਸਨੂੰ ਜੀ ਟੀ ਰੋਡ (ਗਰੈਂਡ ਟਰੰਕ ਰੋਡ) ਵੀ ਕਹਿੰਦੇ ਹਨ, ਦੇ ਦੋਵੇਂ ਪਾਸੇ ਬਹੁਤਾਤ ਵਿੱਚ ਅੰਬਾਂ ਦੇ ਬੂਟੇ ਲੱਗੇ ਹੁੰਦੇ ਸਨ (ਹੁਣ ਵੀ ਹਨ, ਭਾਵੇਂ ਕਿ ਦੇਖ-ਭਾਲ ਨਾ ਹੋਣ ਕਾਰਨ ਉਨ੍ਹਾਂ ਵਿੱਚੋਂ ਕਾਫੀ ਬੂਟੇ ਸੁੱਕ ਗਏ ਨੇ)। ਅੰਗਰੇਜ਼ਾਂ ਨੇ ਉਹਨਾਂ ਫਲਦਾਰ ਅੰਬਾਂ ਨੂੰ ਬੋਲੀ ’ਤੇ ਚੜ੍ਹਾਉਣ ਦਾ ਫੈਸਲਾ ਕਰ ਲਿਆ। ਜਦੋਂ ਇਸ ਗੱਲ ਦਾ ਬਬਰ ਨੂੰ ਪਤਾ ਲੱਗਾ ਤਾਂ ਉਹਨੇ ਐਲਾਨ ਕਰ ਦਿੱਤਾ ਕਿ ਇਹ ਅੰਬ ਗਰੀਬ ਲੋਕਾਂ ਅਤੇ ਰਾਹਗੀਰਾਂ ਲਈ ਲਾਏ ਗਏ ਹਨ, ਉਹ ਹੀ ਚੂਪਣਗੇ। ਕੋਈ ਵੀ ਇਨ੍ਹਾਂ ਅੰਬਾਂ ਦੀ ਬੋਲੀ ਨਾ ਦੇਵੇ ਤੇ ਜੇਕਰ ਕੋਈ ਬੋਲੀ ਦੇਵੇਗਾ ਤਾਂ ਉਹ ਆਪਣੇ ਜਾਨ-ਮਾਲ ਦਾ ਆਪ ਜ਼ਿੰਮੇਵਾਰ ਹੋਵੇਗਾ। ਇਸ ਤਰ੍ਹਾਂ ਡਰਦਾ ਕੋਈ ਵੀ ਬੋਲੀ ਦੇਣ ਲਈ ਤਿਆਰ ਨਾ ਹੋਇਆ ਤੇ ਅੰਬਾਂ ਦੀ ਬੋਲੀ ਰੁਕ ਗਈ।
ਉਸ ਸਮੇਂ ਜੋ ਕੰਮ ਅੰਗਰੇਜ਼ਾਂ ਤੋਂ ਨਾ ਹੋਇਆ ਉਹ ਅੱਜ ਸਾਡੇ ਦੇਸੀ ਅੰਗਰੇਜ਼ਾਂ ਨੇ ਕਰ ਵਿਖਾਇਆ ਹੈ।
ਇੱਕ ਗੱਲ ਹੋਰ, ਅੱਜ 15 ਜੁਲਾਈ ਨੂੰ ਬਬਰ ਦੀ ਬਰਸੀ ਹੈ ਜੋ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਸਦੇ ਜੱਦੀ ਪਿੰਡ ਰੱਕੜਾਂ ਬੇਟ ਵਿਖੇ ਨਾ ਮਨਾ ਕੇ ਲਾਗਲੇ ਪਿੰਡ ਗੁਰਦੁਆਰਾ ਟਾਹਲੀ ਸਾਹਬ ਸੁੱਧਾਮਾਜਰਾ ਵਿਖੇ ਮਨਾਈ ਜਾ ਰਹੀ ਹੈ। (ਇਸ ਤੋਂ ਪਹਿਲਾਂ ਕਾਫੀ ਸਮਾਂ ਮਹਿੰਦੀਪੁਰ ਵਿਖੇ ਵੀ ਮਨਾਉਂਦੇ ਰਹੇ)। ਫਖਰ ਹੋਣਾ ਸੀ ਜੇ ਉਸਦੇ ਜੱਦੀ ਪਿੰਡ ਮਨਾਉਂਦੇ। ਇੰਝ ਪ੍ਰਤੀਤ ਹੋ ਰਿਹਾ ਏ ਜਿਵੇਂ ਸ਼ਹੀਦ ਨੂੰ ਉਹਦੇ ਆਪਣੇ ਪਿੰਡ ਵਿੱਚੋਂ ਪਿੰਡ ਨਿਕਾਲਾ ਦੇ ਦਿੱਤਾ ਗਿਆ ਹੋਵੇ।
ਕਾਹਤੋਂ ਫੋਕੀ ਅਮੀਰੀ ਦਾ ਮਾਣ ਕਰਦਾਂ,
ਜੇਕਰ ਹਕੀਕਤ ਜਾਣ ਗਿਆ ਤਾਂ ਤੇਰੇ,
ਮੂੰਹ ’ਤੇ ਲੱਗ ਜਾਣੀਆਂ ਛਿੱਕਲੀਆਂ ਹਨ।
ਇਹ ਜੋ ਮਹਿਲ ਤੇਰੇ ਨੂੰ ਇੱਟਾਂ ਲੱਗੀਆਂ ਹਨ,
ਕਦੇ ਫੁਰਸਤ ਮਿਲੀ ਤਾਂ ਗੌਰ ਨਾਲ ਵੇਖੀਂ,
ਮੇਰੇ ਘਰ ਦੀ ਕੁਰਕੀ ਵਿੱਚੋਂ ਨਿੱਕਲੀਆਂ ਹਨ।
ਬਬਰ ਰਤਨ ਸਿੰਘ ਸਰੀਰਕ ਪੱਖੋਂ ਬਹੁਤ ਫੁਰਤੀਲਾ ਅਤੇ ਦਿਮਾਗ ਪੱਖੋਂ ਤੇਜ਼ ਸੀ। ਪੜ੍ਹਨ-ਲਿਖਣ ਵਿੱਚ ਵੀ ਬਹੁਤ ਹੁਸ਼ਿਆਰ ਸੀ। ਰਾਹੋਂ ਤੋਂ ਦਸਵੀਂ ਜਮਾਤ ਪਾਸ ਕਰਕੇ ਸਿੱਧਾ ਫੌਜ ਵਿੱਚ ਕਲਰਕ ਭਰਤੀ ਹੋ ਗਿਆ। ਇੱਥੇ ਹੀ ਬੰਬ ਬਣਾਉਣ ਦੀ ਤਕਨੀਕ ਸਿੱਖੀ। (ਮੇਰੀ ਦਾਦੀ ਦੇ ਦੱਸਣ ਮੁਤਾਬਿਕ ਉਹ ਦੋਂਹ ਕੌਲੀਆਂ ਨੂੰ ਜੋੜ ਕੇ ਬੰਬ ਬਣਾ ਲੈਂਦਾ ਸੀ)। ਫੌਜ ਵਿੱਚ ਰਹਿੰਦਿਆਂ ਹੌਲੀ ਹੌਲੀ ਬਬਰ ਨੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਲਏ। ਕੁਝ ਸਮੇਂ ਬਾਅਦ ਫੌਜ ਦੀ ਨੌਕਰੀ ਛੱਡ ਕੇ ਪਿੰਡ ਆ ਗਿਆ ਤੇ ਦੇਸ਼ ਭਗਤਾਂ ਨੂੰ ਬੰਬ ਅਤੇ ਹੋਰ ਹਥਿਆਰ ਵੰਡਣੇ ਸ਼ੁਰੂ ਕਰ ਦਿੱਤੇ। ਜਿਸ ਸਮੇਂ ਬਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ, ਬਬਰ ਰਤਨ ਸਿੰਘ ਕੋਈ ਸਰਗਰਮ ਭੂਮਿਕਾ ਨਾ ਨਿਭਾ ਸਕਿਆ। ਕਾਰਨ? ਕਿਸੇ ਮੁਖਬਰ ਦੀ ਮੁਖਬਰੀ ਕਰਕੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਫੜਿਆ ਗਿਆ ਸੀ ਤੇ ਪੰਜ ਸਾਲ ਬਾ-ਮੁ਼ਸ਼ੱਕਤ ਕੈਦ ਹੋ ਗਈ ਪਰ ਰਿਹਾਅ ਹੁੰਦੇ ਸਾਰ ਹੀ ਉਸਨੇ ਫਿਰ ਤੋਂ ਜੁਝਾਰੂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਅਤੇ ਥਾਣਾ ਬਲਾਚੌਰ, ਥਾਣਾ ਮਾਹਿਲਪੁਰ ਅਤੇ ਥਾਣਾ ਗੜ੍ਹਸ਼ੰਕਰ ਵਿੱਚ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਦੇ ਉਦੇਸ਼ ਨਾਲ ਬੰਬ ਵੀ ਸੁੱਟੇ।
ਬਬਰ ਰਤਨ ਸਿੰਘ ਕਈ ਵਾਰ ਗ੍ਰਿਫਤਾਰ ਹੋਇਆ। ਇੱਕ ਵਾਰ ਪੂਰੇ ਪੰਜ ਸਾਲ ਕੈਦ ਕੱਟੀ ਅਤੇ ਇੱਕ ਦੋ ਵਾਰ ਪੁਲਿਸ ਨੂੰ ਚਕਮਾ ਦੇ ਕੇ ਹਿਰਾਸਤ ਵਿੱਚੋਂ ਭੱਜ ਵੀ ਗਿਆ ਅਤੇ ਬਹੁਤੀ ਵਾਰ ਹੱਥ ਹੀ ਨਹੀਂ ਆਇਆ। ਨਿੱਕੇ ਹੁੰਦਿਆਂ ਮੈਂ ਦਾਦੀ ਕੋਲੋਂ ਇਹ ਗੱਲ ਕਈ ਵਾਰ ਸੁਣੀ ਸੀ ਕਿ ਤਾਇਆ (ਰਤਨ ਸਿੰਘ) ਧਰੂ ਤਾਰੇ ਦੀ ਸੇਧ ਲੈ ਕੇ ਕਾਲੇ ਪਾਣੀ ਦੀ ਜੇਲ੍ਹ ਵਿੱਚੋਂ ਵੀ ਭੱਜ ਗਿਆ ਸੀ। ਮੈਂ ਇਹ ਵੀ ਪੜ੍ਹਿਆ ਹੈ ਕਿ ਰਤਨ ਸਿੰਘ ਪਹਿਲਾ ਕੈਦੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਕਾਲੇ ਪਾਣੀ (ਅੰਡੇਮਾਨ-ਨਿਕੋਬਾਰ) ਦੀ ਜੇਲ੍ਹ ਤੋਂ ਵਾਪਸ ਭੇਜ ਦਿੱਤਾ ਸੀ ਕਿ ਰਤਨ ਸਿੰਘ ਦੀ ਵਜਾਹ ਨਾਲ ਇੱਥੋਂ ਦਾ ਮਾਹੌਲ ਖਰਾਬ ਹੋ ਰਿਹਾ ਹੈ। ਇਵੇਂ ਹੀ ਇੱਕ ਵਾਰ ਕਲਕੱਤੇ ਲਿਜਾਂਦਿਆਂ ਪੁਲਿਸ ਦੀ ਹਿਰਾਸਤ ਵਿੱਚੋਂ ਬੇੜੀਆਂ ਅਤੇ ਹੱਥ-ਕੜੀਆਂ ਸਮੇਤ ਉਹ ਫਰਾਰ ਹੋ ਗਿਆ ਸੀ। ਤਿੰਨ-ਚਾਰ ਦਿਨ ਸਰਕੰਡਿਆਂ, ਡਿੱਬ ਅਤੇ ਘਾਹ-ਫੂਸ ਦੀ ਛੱਤ ਬਣਾ ਕੇ ਪਾਣੀ ਵਿੱਚ ਹੀ ਲੁਕਿਆ ਰਿਹਾ। ਬਾਅਦ ਵਿੱਚ ਕਿਸੇ ਲੋਹਾਰ ਕੋਲੋਂ ਜਾ ਕੇ ਹੱਥਕੜੀਆਂ ਕਟਵਾਈਆਂ ਪਰ ਛੇਤੀ ਹੀ ਫਿਰ ਫੜਿਆ ਗਿਆ।
ਇੱਕ ਵਾਰ ਬਬਰ ਦੇ ਸਿਰ ’ਤੇ ਇਨਾਮ ਰੱਖ ਦਿੱਤਾ ਗਿਆ ਤੇ ਘਰ ਪੁਲਿਸ ਦੇ ਛਾਪੇ ਪੈਣੇ ਸ਼ੁਰੂ ਹੋ ਗਏ। ਤਿੰਨਾਂ ਭਰਾਵਾਂ ਦਾ ਸੰਯੁਕਤ ਪਰਿਵਾਰ ਸੀ, ਪਿਓ ਵੀ ਹਾਲੇ ਜਿਊਂਦਾ ਸੀ। ਪੁਲਿਸ ਸਾਰੇ ਟੱਬਰ ਨੂੰ ਫੜ ਕੇ ਥਾਣੇ ਲੈ ਜਾਂਦੀ ਸੀ ਤੇ ਕਈ-ਕਈ ਦਿਨ ਹਿਰਾਸਤ ਵਿੱਚ ਰੱਖਦੀ ਸੀ। ਜ਼ਿਕਰਯੋਗ ਹੈ ਕਿ ਬਬਰ ਦੀ ਇੱਕ ਭਤੀਜੀ ਦਾ ਤਾਂ ਜਨਮ ਵੀ ਉਸਦੇ ਹਿਰਾਸਤ ਵਿੱਚ ਹੁੰਦਿਆਂ ਹੀ ਹੋਇਆ ਸੀ। ਆਂਢ-ਗੁਆਂਢ ਨੂੰ ਇਹ ਹੁਕਮ ਹੁੰਦਾ ਸੀ ਕਿ ਜੇ ਕਿਸੇ ਨੇ ਇਨ੍ਹਾਂ ਦੇ ਪਸ਼ੂਆਂ ਨੂੰ ਚਾਰਾ ਪਾਇਆ ਜਾਂ ਪਾਣੀ ਪਿਲਾਇਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪਰਿਵਾਰ ਤੋਂ ਲੰਬੜਦਾਰੀ ਖੋਹ ਲਈ ਗਈ। ਘਰ-ਬਾਰ, ਜ਼ਮੀਨ-ਜਾਇਦਾਦ, ਭਾਂਡਾ-ਟੀਂਡਾ, ਪਸ਼ੂ-ਪਾ ਤਕ ਕੁਰਕ ਕਰ ਦਿੱਤੇ ਗਏ ਤੇ ਇੱਕ ਸਰਦੇ-ਪੁੱਜਦੇ, ਮੰਨੇ-ਪ੍ਰਮੰਨੇ, ਇੱਜ਼ਤਦਾਰ ਪਰਿਵਾਰ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ।
ਇੱਥੇ ਇੱਕ ਹੋਰ ਘਟਨਾ ਯਾਦ ਆ ਰਹੀ ਹੈ। ਇੱਕ ਵਾਰ ਅੰਗਰੇਜ਼ ਅਫਸਰ ਲਾਮ-ਲਸ਼ਕਰ ਲੈ ਕੇ ਬਬਰ ਦੇ ਘਰ ਆ ਗਿਆ ਤੇ ਬਬਰ ਦੀ ਭਰਜਾਈ ਨੂੰ ਕਹਿੰਦਾ, “ਰਤਨ ਸਿੰਘ ਕਿੱਥੇ ਹੈ?” ਉਹ ਕਹਿੰਦੀ, “ਮੈਨੂੰ ਕੀ ਪਤਾ! ਆਪੇ ਤਾਂ ਜਵਾਈ ਨੂੰ ਦੁੜਾ ਦਿੰਦੇ ਹੋ ਤੇ ਆਪੇ ਫੜਨ ਆ ਜਾਂਦੇ ਹੋ।” ਜਦੋਂ ਪੰਜਾਬੀ ਹੌਲਦਾਰ ਨੇ ਭਾਸ਼ਾ ਟਰਾਂਸਲੇਟ ਕਰਕੇ ਮਤਲਬ ਸਮਝਾਇਆ ਤਾਂ ਗੋਰਾ ਅਫਸਰ ਕਹਿੰਦਾ, “ਤੁਸੀਂ ਇੱਕ ਰਤਨ ਸਿੰਘ ਨੂੰ ਲੱਭ ਰਹੇ ਹੋ, ਇੱਥੇ ਤਾਂ ਸਾਰਾ ਟੱਬਰ ਹੀ ਰਤਨ ਸਿੰਘ ਬਣਿਆ ਪਿਆ ਹੈ।”
ਆਏ ਦਿਨ ਘਰ ਪੁਲਿਸ ਦੇ ਛਾਪੇ ਪੈਣ ਲੱਗੇ ਤੇ ਬਬਰ ਦੇ ਪਰਿਵਾਰ ਦੇ ਜੀਆਂ ਨੂੰ ਪੁਲਿਸ ਤੰਗ ਕਰਨ ਲੱਗ ਗਈ। ਬਬਰ ਦਾ ਪਿਓ ਲੰਬੜਦਾਰ ਜਵਾਹਰ ਸਿੰਘ, ਜਿਸਦਾ ਇਲਾਕੇ ਵਿੱਚ ਪੂਰਾ ਠਾਠ-ਬਾਠ ਸੀ, ਮਾਵਾ ਲੱਗੀ ਤੁਰ੍ਹਲੇ ਵਾਲੀ ਪੱਗ ਬੰਨ੍ਹ ਕੇ, ਘੋੜੀ ਤੇ ਚੜ੍ਹ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਫੈਸਲੇ ਕਰਾਉਣ ਜਾਂਦਾ ਸੀ। ਜਿਸਦੀ ਬੱਝੀ ਛੁੱਟਦੀ ਸੀ ਤੇ ਗਰਲੇ ਢਾਹਾਂ ਪਿੰਡ ਤਕ ਪੰਚਾਇਤ ਵਿੱਚ ਇਕੱਲੇ ਦੀ ਕੁਰਸੀ ਡਹਿੰਦੀ ਸੀ, ਤੋਂ ਲੰਬੜਦਾਰੀ ਖੋਹ ਕੇ ਪਿੰਡ ਦੇ ਇੱਕ ਹੋਰ ਵਿਅਕਤੀ, ਜੋ ਅੰਗਰੇਜ਼ਾਂ ਦਾ ਪਿੱਠੂ ਅਤੇ ਬਬਰ ਦਾ ਮੁਖਬਰ ਸੀ, ਨੂੰ ਦੇ ਦਿੱਤੀ ਗਈ।
ਬਬਰ ਦੇ ਭਰਾਵਾਂ ਦੇ ਪਰਿਵਾਰ ਤਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਭਾਂਡੇ-ਟੀਂਡੇ ਸਮੇਤ ਸਾਰਾ ਸਮਾਨ ਜ਼ਬਤ ਕਰ ਲਿਆ (ਬਾਅਦ ਵਿੱਚ ਪਿੰਡ ਦੇ ਵਿਚਾਲੇ ਰੱਖ ਕੇ ਕੁਰਕੀ ਕੀਤੀ ਗਈ)। ਪਸ਼ੂ-ਪਾ ਨੂੰ ਪਾਣੀ ਪਿਆਉਣ ਅਤੇ ਚਾਰਾ ਤਕ ਪਾਉਣ ’ਤੇ ਪਾਬੰਦੀ ਲਾ ਦਿੱਤੀ ਗਈ। ਬਬਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਬਰ ਦੀ ਭਰਜਾਈ, ਜਿਸਦੀ ਗੋਦੀ ਛੋਟਾ ਜਿਹਾ ਜੁਆਕ ਸੀ, ਨੂੰ ਤੱਤੀ ਰੇਤ ’ਤੇ ਤੋਰਿਆ ਗਿਆ। ਜਦੋਂ ਪਰਿਵਾਰ ਨੂੰ ਪੁਲਿਸ ਵੱਲੋਂ ਫੜਿਆ ਜਾ ਰਿਹਾ ਸੀ, ਫੜ-ਫੜਾਈ ਵਿੱਚ ਗਹਿਣੇ-ਗੱਟੇ ਵਾਲਾ ਝੋਲਾ ਪਸ਼ੂਆਂ ਦੀ ਖੁਰਲੀ ਵਿੱਚ ਸੁੱਟਿਆ ਗਿਆ। ਦਿਨੇ ਕੋਈ ਡਰਦਾ ਘਰੇ ਨਾ ਵੜਦਾ। ਪਰਿਵਾਰ ਦਾ ਸੀਰੀ ਸੁੰਦਰ ਰਾਤ-ਬਰਾਤੇ ਆ ਕੇ ਵੱਢੇ-ਵਢਾਏ ਸਾਬਤ ਪੱਠੇ ਖੁਰਲੀ ਵਿੱਚ ਸੁੱਟ ਜਾਂਦਾ ਤੇ ਪਾਣੀ-ਧਾਣੀ ਪਿਆ ਜਾਂਦਾ। ਇੰਝ ਹੀ ਉਹ ਗਹਿਣਿਆਂ ਵਾਲਾ ਝੋਲਾ ਖੁਰਲੀ ਹੇਠ ਦੱਬਿਆ ਰਹਿ ਗਿਆ ਤੇ ਉੱਪਰ ਘਾਹ ਜੰਮ ਪਿਆ। ਬਾਅਦ ਵਿੱਚ ਪਰਿਵਾਰ ਨੇ ਜੇਲ੍ਹੋਂ ਆ ਕੇ ਉਹ ਝੋਲਾ ਕੱਢਿਆ ਤੇ ਉਹਨਾਂ ਗਹਿਣਿਆਂ ਨੂੰ ਵੇਚ-ਵੱਟ ਕੇ ਆਪਣਾ ਜੀਵਨ-ਨਿਰਬਾਹ ਕਰਨਾ ਸ਼ੁਰੂ ਕੀਤਾ।
ਪਰਿਵਾਰ ਨੂੰ ਸਰੀਰਕ ਦੇ ਨਾਲ ਨਾਲ ਮਾਨਸਿਕ ਤੌਰ ’ਤੇ ਵੀ ਪੁਲਿਸ ਦਾ ਜਬਰ ਸਹਿਣਾ ਪਿਆ। ਬਬਰ ਦੀ ਜੇਠੀ ਭਤੀਜੀ ਤੇ ਮੇਰੀ ਦਾਦੀ ਦੀ ਵੱਡੀ ਭੈਣ ਚੰਨਣ ਕੌਰ, ਜੋ ਉਸ ਸਮੇਂ 10-11 ਸਾਲ ਦੀ ਹੋਵੇਗੀ, ਨੂੰ ਇਸ ਸਭ ਦਾ ਗਹਿਰਾ ਸਦਮਾ ਲੱਗਿਆ ਤੇ ਉਹ ਉਮਰ ਭਰ ਲਈ ਮਾਨਸਿਕ ਤੌਰ ’ਤੇ ਰੋਗੀ ਹੋ ਗਈ। ਬਬਰ ਦਾ ਇਕਲੌਤਾ ਪੁੱਤਰ ਅਮਰ ਸਿੰਘ ਵੀ ਨੀਮ ਪਾਗਲ ਹੋ ਕੇ ਜ਼ਰੂਰਤ ਤੋਂ ਜ਼ਿਆਦਾ ਧਾਰਮਿਕ ਪ੍ਰਵਿਰਤੀ ਦਾ ਹੋ ਨਿੱਬੜਿਆ ਤੇ ਉਸਨੇ ਆਪਣਾ ਜ਼ਿਆਦਾਤਰ ਸਮਾਂ ਗੁਰਦੁਆਰਾ ਕੇਸਗੜ੍ਹ ਸਾਹਬ ਵਿਖੇ ਹੀ ਗੁਜ਼ਾਰਿਆ।
ਚੈਲੰਜ ਕਰ ਕੇ ਵਾਰ ਕਰਨਾ, ਕੰਮ ਹੈ ਮਰਦ ਦਲੇਰਾਂ ਦਾ।
ਬੱਸ ਇਹੀ ਫਰਕ ਹੁੰਦਾ ਏ, ਗਿੱਦੜਾਂ ਤੇ ਬਬਰ ਸ਼ੇਰਾਂ ਦਾ।
ਬਬਰ ਸਮੇਂ-ਸਮੇਂ ’ਤੇ ਅੰਗਰੇਜ਼ ਪੁਲਿਸ ਨੂੰ ਕੋਈ ਨਾ ਕੋਈ ਚੁਣੌਤੀ ਦਿੰਦੇ ਰਹਿੰਦੇ ਸਨ। ਇਸਦਾ ਇੱਕ ਉਦੇਸ਼ ਗੋਰਿਆਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨਾ ਵੀ ਸੀ। ਇਵੇਂ ਹੀ ਇੱਕ ਵਾਰ ਰਤਨ ਸਿੰਘ ਨੇ ਪੁਲਿਸ ਨੂੰ ਚੈਲੰਜ ਕਰ ਦਿੱਤਾ ਕਿ ਫਲਾਣੇ ਦਿਨ ਨੂੰ ਉਹ ਇਸ ਪੁਲ (ਨਾਂ ਯਾਦ ਨਹੀਂ) ਤੋਂ ਲੰਘੇਗਾ। ਜੇ ਹਿੰਮਤ ਹੋਈ ਤਾਂ ਫੜ ਲਿਓ, ਲੰਘਦਾ ਹੋਇਆ ਉਹ ਬਕਾਇਦਾ ਉਨ੍ਹਾਂ ਨੂੰ ਬੁਲਾ ਕੇ ਜਾਵੇਗਾ।
ਮਿਥੇ ਦਿਨ ਅੰਗਰੇਜ਼ ਸਰਕਾਰ ਨੇ ਸਵੇਰ ਤੋਂ ਹੀ ਪੁਲ ’ਤੇ ਸਖਤ ਪਹਿਰਾ ਲਾ ਦਿੱਤਾ। ਹਰ ਲੰਘਣ ਵਾਲੇ ਰਾਹੀ ਦੀ ਬਕਾਇਦਾ ਤਲਾਸ਼ੀ ਹੁੰਦੀ ਤੇ ਫਿਰ ਲੰਘਣ ਦਿੱਤਾ ਜਾਂਦਾ। ਮਿਥੇ ਸਮੇਂ ’ਤੇ ਬਬਰ ਵੀ ਪੁਲ ’ਤੇ ਪਹੁੰਚ ਗਿਆ ਤੇ ਮੌਕਾ ਦੇਖ ਕੇ ਇੱਕ ਚਾਮੜੀਏ (ਚੰਮ ਦਾ ਕੰਮ ਕਰਨ ਵਾਲੇ) ਤੋਂ ਉਸਦੇ ਸਿਰ ’ਤੇ ਚੁੱਕਿਆ ਚਮੜਾ ਲੈ ਲਿਆ ਤੇ ਕਹਿੰਦਾ, “ਲਿਆ ਬਾਬਾ, ਤੇਰਾ ਭਾਰ ਮੈਂ ਲੰਘਾ ਦਿੰਦਾ ਹਾਂ, ਪੁਲ ਦੇ ਦੂਜੇ ਪਾਸੇ ਜਾ ਕੇ ਫੜ ਲਵੀਂ।” ਰਤਨ ਸਿੰਘ ਨੇ ਚਮੜੇ ਵਿੱਚ ਆਪਣੀ ਬੰਦੂਕ ਅਤੇ ਕਾਰਤੂਸ ਲੁਕਾ ਕੇ ਸਿਰ ’ਤੇ ਚੁੱਕ ਲਿਆ। ਚਾਮੜੀਏ ਦੇ ਭੇਸ ਵਿੱਚ ਪੁਲ ਤੋਂ ਲੰਘਣ ਸਮੇਂ ਰਤਨ ਸਿੰਘ ਸਿਪਾਹੀਆਂ ਨੂੰ ਕਹਿੰਦਾ, “ਕੀ ਗੱਲ ਹੋ ਗਈ, ਭਾਈ?” ਸਿਪਾਹੀ ਕਹਿੰਦੇ, “ਕੁਛ ਨਹੀਂ ਭਾਈ, ਤੈਂ ਕੀ ਲੈਣਾ? ਤੂੰ ਆਪਣੇ ਰਾਹੇ ਪੈ। ਸਾਨੂੰ ਤਾਂ ਰਤਨ ਸਹੁੰ ਨੇ ਵਖਤ ਪਾਇਆ ਏ। ਪਤਾ ਨਹੀਂ ਲੰਘਣਾ ਹੈ ਜਾਂ ਨਹੀਂ ਪਰ ਸਾਨੂੰ ਸਵੇਰ ਦਾ ਬੰਨ੍ਹ ਕੇ ਖੜ੍ਹੇ ਕੀਤਾ ਹੋਇਆ ਏ।” ਸਿਪਾਹੀਆਂ ਨੇ ਚਮੜੇ ਦੇ ਆ ਰਹੇ ਮੁਸ਼ਕ ਕਰਕੇ ਉਸਨੂੰ ਬਿਨਾਂ ਤਲਾਸ਼ੀ ਲਏ ਲੰਘ ਲੈਣ ਦਿੱਤਾ।
ਬਬਰ ਨੇ ਪੁਲ ਦੇ ਦੂਜੇ ਪਾਸੇ ਜਾ ਕੇ ਇੱਕ ਰੁੱਕਾ ਲਿਖਿਆ ਤੇ ਲੰਘਣ ਵਾਲੇ ਇੱਕ ਰਾਹਗੀਰ ਨੂੰ ਕਹਿੰਦਾ, “ਆ ਲੈ, ਪੁਲ ’ਤੇ ਖੜ੍ਹੇ ਪੁਲਸੀਆਂ ਨੂੰ ਫੜਾ ਦੇਵੀਂ।”
ਉਸ ਰੁੱਕੇ ਵਿੱਚ ਲਿਖਿਆ ਸੀ, “ਤੁਹਾਡਾ ਜਵਾਈ ਪੁਲ ਪਾਰ ਕਰ ਗਿਆ ਏ ਤੇ ਤੁਸੀਂ ਹੁਣ ਆਪੋ-ਆਪਣੇ ਘਰਾਂ ਨੂੰ ਮੁੜ ਜਾਓ।”
ਅਜਿਹੇ ਹੋਰ ਵੀ ਬਹੁਤ ਕਿੱਸੇ ਹਨ ਬਬਰ ਰਤਨ ਸਿੰਘ ਦੇ, ਜਿਨ੍ਹਾਂ ਵਿੱਚ ਥਾਣੇ ’ਤੇ ਕੀਤੇ ਹਮਲੇ ਵੀ ਸ਼ਾਮਲ ਹਨ ਪਰ ਮੈਂ ਉਹ ਕੁਝ ਹੀ ਸਾਂਝਾ ਕੀਤਾ ਹੈ ਜੋ ਮੈਂ ਬਚਪਨ ਵਿੱਚ ਆਪਣੀ ਦਾਦੀ ਦੇ ਮੂੰਹੋਂ ਸੁਣਿਆ ਕਰਦਾ ਸੀ।
ਧੌਣ ਝੁਕਾਈ ਜਿਨ੍ਹਾਂ ਨੇ ਉਹ ਕੁਰਸੀਆਂ ਉੱਤੇ ਬਹਿ ਗਏ।
ਪਰ ਧੌਣ ਕਟਾਉਣ ਵਾਲੇ ਤਸਵੀਰਾਂ ਜੋਗੇ ਹੀ ਰਹਿ ਗਏ।
ਇੱਧਰ ਪਰਿਵਾਰ ਵਿਚਾਰਾ ਇਕੱਠਾ ਹੋਣ ਵਿੱਚ ਲੱਗਾ ਰਿਹਾ,
ਉੱਧਰ ਸ਼ਹੀਦ ਦੀ ਮੌਤ ਦਾ ਲਾਹਾ ਲੋਕ ਹੋਰ ਹੀ ਲੈ ਗਏ।
ਬਬਰ ਰਤਨ ਸਿੰਘ ਦੀ ਇਹ ਜੋ ਮੌਜੂਦਾ ਤਸਵੀਰ ਤੁਸੀਂ ਅੱਜ ਦੇਖ ਰਹੇ ਹੋ, ਇਸ ਪਿੱਛੇ ਵੀ ਇੱਕ ਬੜੀ ਰੋਚਕ ਕਹਾਣੀ ਹੈ। ਮੇਰੇ ਡੈਡੀ ਜਦੋਂ ਮੱਧ ਪ੍ਰਦੇਸ਼ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਭਲਾਈ ਬਰਾਂਚ ਵਿੱਚ ਨੌਕਰੀ ਕਰ ਰਹੇ ਸਨ ਤਾਂ ਇੱਕ ਵਾਰ ਪੂਰੇ ਸਟਾਫ ਨੂੰ ਦੁਰਗ ਟਰਾਂਸਪੋਰਟ ਦੇ ਮਾਲਕ (ਹਿੱਸੇਦਾਰ) ਸ਼੍ਰੀ ਅਜੀਤ ਕੁਮਾਰ ਜੋਗੀ ਨੇ (ਜੋ ਕਿ ਬਾਅਦ ਵਿੱਚ ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਵੀ ਬਣੇ) ਆਪਣੇ ਘਰ ਲੰਚ ’ਤੇ ਬੁਲਾ ਲਿਆ। ਉੱਥੇ ਜਦੋਂ ਭੋਜਨ ਕਰਨ ਉਪਰੰਤ ਉਨ੍ਹਾਂ ਆਪਣਾ ਮਿਊਜ਼ੀਅਮ (ਜੋ ਕਿ ਪੂਰੇ ਦੇਸ਼ ਦੇ ਦੇਸ਼ ਭਗਤਾਂ ਦੀਆਂ ਤਸਵੀਰਾਂ ਨਾਲ ਸੁਸ਼ੋਭਿਤ ਸੀ ਤੇ ਪੂਰਾ ਹੀ ਭਰਿਆ ਹੋਇਆ ਸੀ) ਵਿਖਾਉਣਾ ਸ਼ੁਰੂ ਕਰਿਆ ਤਾਂ ਇੱਕ ਤਸਵੀਰ ਕੋਲ ਜਾ ਕੇ ਮੇਰੇ ਡੈਡੀ ਅਟਕ ਗਏ ਤੇ ਕਹਿਣ ਲੱਗੇ, “ਇਹ ਤਸਵੀਰ ਤਾਂ ਮੇਰੇ ਨਾਨੇ ਦੀ ਹੈ।” ਉਦੋਂ ਤਕ ਉਸ ਤਸਵੀਰ ਬਾਰੇ ਕਿਸੇ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਸੀ। ਡੈਡੀ ਨੇ ਛੋਟੇ ਹੁੰਦਿਆਂ ਬਬਰ ਦਾ ਮੂੰਹ ਮੁਹਾਂਦਰਾ ਮੇਰੀ ਦਾਦੀ, ਜਾਣੀ ਆਪਣੀ ਮਾਂ ਕੋਲੋਂ ਸੁਣ ਰੱਖਿਆ ਸੀ ਤੇ ਉਸੇ ਹਿਸਾਬ ਨਾਲ ਅਤੇ ਆਪਣੇ ਨਾਨਕਿਆਂ ਦੇ ਜੀਆਂ ਨਾਲ ਇੰਨ-ਬਿੰਨ ਮਿਲਦੀ ਜੁਲਦੀ ਸ਼ਕਲ ਦੇਖ ਕੇ ਡੈਡੀ ਨੇ ਇਹ ਗੱਲ ਕਹੀ ਸੀ। ਇਹ ਗੱਲ ਸੁਣ ਕੇ ਜੋਗੀ ਬਹੁਤ ਪ੍ਰਭਾਵਿਤ ਹੋਇਆ। ਡੈਡੀ ਵੱਲੋਂ ਤਸਵੀਰ ਦੀ ਮੰਗ ਕਰਨ ’ਤੇ ਅਜੀਤ ਕੁਮਾਰ ਜੋਗੀ ਕਹਿੰਦਾ ਕਿ ਇਹ ਤਸਵੀਰ ਤਾਂ ਮੈਂ ਮਿਊਜ਼ੀਅਮ ਵਿੱਚੋਂ ਕੱਢ ਨਹੀਂ ਸਕਦਾ ਪਰ ਇਸਦੇ ਨਾਲ ਦੀ ਹੋਰ ਬਣਵਾ ਕੇ ਦੇ ਦਿਆਂਗਾ ਤੇ ਬਾਅਦ ਵਿੱਚ ਬਣਵਾ ਕੇ ਦਿੱਤੀ ਵੀ। ਨਾਲ ਹੀ ਮਿਊਜ਼ੀਅਮ ਵਿੱਚ ਮੌਜੂਦ ਤਸਵੀਰ ’ਤੇ ਬਬਰ ਬਾਰੇ ਜਾਣਕਾਰੀ ਵੀ ਦਰੁਸਤ ਕਰ ਲਈ। ਇਸ ਤੋਂ ਹੀ ਹੋਰ ਤਸਵੀਰਾਂ ਬਣਵਾ ਕੇ ਇੱਕ ਤਾਂ ਡੈਡੀ ਨੇ ਆਪਣੇ ਕੋਲ ਰੱਖ ਲਈ ਤੇ ਬਾਕੀ ਬਬਰ ਸਾਹਿਬ ਦੇ ਪੋਤੇ ਮਾਸਟਰ ਜੁਝਾਰ ਸਿੰਘ ਸਮੇਤ ਹੋਰ ਕਈ ਥਾਂਵਾਂ ’ਤੇ ਪਹੁੰਚਾਈਆਂ।
ਇਸ ਤੋਂ ਅੰਦਾਜ਼ਾ ਲਾਓ ਕਿ ਅੰਗਰੇਜ਼ਾਂ ਨੇ ਪਰਿਵਾਰ ਨਾਲ ਕੀ ਸਲੂਕ ਕੀਤਾ ਹੋਵੇਗਾ ਕਿ ਉਨ੍ਹਾਂ ਦੇ ਕੋਲ ਨਿਸ਼ਾਨੀ ਦੇ ਤੌਰ ’ਤੇ ਬਬਰ ਦੀ ਇੱਕ ਤਸਵੀਰ ਵੀ ਨਹੀਂ ਸੀ ਛੱਡੀ ਤੇ ਮੈਨੂੰ ਮਾਣ ਹੈ ਕਿ ਇਹ ਮਾਣ ਮੇਰੇ ਪਿਤਾ ਦੇ ਹਿੱਸੇ ਆਇਆ। ਅੰਗਰੇਜ਼ਾਂ ਤੋਂ ਵੱਧ ਭੈੜੀ ਸਾਡੀਆਂ ਸਰਕਾਰਾਂ ਨੇ ਕੀਤੀ ਜੋ ਐਡੇ ਵੱਡੇ ਯੋਧੇ ਅਤੇ ਸ਼ਹੀਦ ਦੇ ਵਾਰਸਾਂ ਨੂੰ ਜ਼ਮੀਨ ਦਾ ਇੱਕ ਮੁਰੱਬਾ ਤਕ ਨਾ ਦੇ ਸਕੀ; ਜਦੋਂ ਕਿ ਬਬਰ ਦੀ ਮੁਖਬਰੀ ਕਰਨ ਵਾਲੇ ਅਜ਼ਾਦੀ ਤੋਂ ਬਾਅਦ ਵਿੱਚ ਵੀ ‘ਗੱਫੇ’ ਲੈ ਗਏ।
ਖੈਰ ਬ੍ਰਿਟਿਸ਼ ਸਰਕਾਰ ਬਬਰ ਤੋਂ ਬਹੁਤ ਪ੍ਰਸ਼ਾਨ ਹੋ ਗਈ ਸੀ। ਫੜਨ ਲਈ ਭਾਰੀ ਇਨਾਮ ਰੱਖ ਦਿੱਤੇ, ਜਿਸ ਵਿੱਚ ਉਸ ਬਾਰੇ ਸੂਚਨਾ ਜਾਂ ਇਤਲਾਹ ਦੇਣ ਵਾਲੇ ਨੂੰ ਦਸ ਹਜ਼ਾਰ ਰੁਪਏ ਨਕਦ ’ਤੇ ਦਸ ਮੁਰੱਬੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ ਗਿਆ। ਦੁਆਬੇ ਦੇ ਪਿੰਡਾਂ ਵਿੱਚ ਮੁਨਿਆਦੀ ਕਰਾਈ ਗਈ। ਬਬਰ ਰਤਨ ਸਿੰਘ ਗੁਪਤਵਾਸ ਹੋ ਗਏ। ਕਦੇ ਕਿਤੇ ਤੇ ਕਦੇ ਕਿਤੇ ਲੁਕ ਕੇ ਰਹਿਣ ਲੱਗੇ। ਨਾਲ ਦੀ ਨਾਲ ਆਪਣੇ ਕਾਰਜ ਵੀ ਜਾਰੀ ਰੱਖੇ। ਇਵੇਂ ਹੀ ਇੱਕ ਵਾਰ ਜਦੋਂ ਪਿੰਡ ਰੁੜਕੀ ਖਾਸ ਵਿਖੇ ਉਹ ਆਪਣੀ ਮੂੰਹ ਬੋਲੀ ਭੈਣ ਦੇ ਘਰ ਰਹਿ ਰਹੇ ਸਨ ਤਾਂ ਕਿਧਰੇ ਉਸਦੇ ਪ੍ਰਾਹੁਣੇ ਗੇਂਦਾ ਸਿੰਘ ਦਾ ਇੱਕ ਦੂਰ ਦਾ ਰਿਸ਼ਤੇਦਾਰ ਮੀਂਹਾ ਸਿੰਘ ਵਾਸੀ ਗੜ੍ਹੀ ਕਾਨੂੰਗੋਆਂ ਉੱਥੇ ਆਇਆ ਹੋਇਆ ਸੀ। ਉਸ ਗ਼ਦਾਰ ਨੇ ਇਨਾਮ ਦੇ ਲਾਲਚ-ਵੱਸ ਪੁਲਿਸ ਨੂੰ ਇਤਲਾਹ ਕਰ ਦਿੱਤੀ। ਪੁਲਿਸ ਨੇ ਘਰ ਅਤੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਤੇ ਬਬਰ ਨੂੰ ਆਤਮ ਸਮਰਪਣ ਕਰ ਕੇ ਬਾਹਰ ਆਉਣ ਲਈ ਕਿਹਾ। ਬਬਰ, ਜਿਸਨੇ ਕਿ ਹੁਣ ਪੁਲਿਸ ਦੇ ਹੱਥ ਨਾ ਆਉਣ ਦੀ ਕਸਮ ਖਾ ਲਈ ਸੀ, ਨੇ ਮੁਕਾਬਲਾ ਕਰਨ ਨੂੰ ਤਰਜੀਹ ਦਿੱਤੀ ਤੇ ਆਪਣੀ ਰਫਲ ਨਾਲ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਪੇਸ਼ ਨਾ ਚਲਦੀ ਦੇਖ ਕੇ ਪੁਲਿਸ ਨੇ ਘਰ ਨੂੰ ਅੱਗ ਲਾ ਦਿੱਤੀ। ਬਬਰ ਨੇ ਕੰਧਾਂ ਪਾੜ ਕੇ ਅਗਲੇ ਤੋਂ ਅਗਲੇ ਘਰਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। (ਉਦੋਂ ਘਰ ਵੀ ਅਕਸਰ ਕੱਚੀਆਂ ਕੰਧਾਂ ਅਤੇ ਗਾਰੇ ਦੇ ਹੀ ਬਣੇ ਹੁੰਦੇ ਸਨ।) ਮਗਰ-ਮਗਰ ਅੱਗ ਤੇ ਮੋਹਰੇ-ਮੋਹਰੇ ਯੋਧਾ। ਇਵੇਂ ਹੀ ਕਰਦਿਆਂ ਚਾਰ-ਪੰਜ ਕੰਧਾਂ ਪਾੜ ਕੇ ਲੰਘਣ ਤੋਂ ਬਾਅਦ ਅੱਗੇ ਗੁਰਦੁਆਰਾ ਸਾਹਬ ਦੀ ਕੰਧ ਆ ਗਈ। ਦਾਦੀ ਨੇ ਤਾਂ ਦੱਸਿਆ ਸੀ ਕਿ ਉਸਨੇ ਸਤਿਕਾਰ ਵਜੋਂ ਗੁਰਦੁਆਰਾ ਸਾਹਬ ਦੀ ਕੰਧ ਨਹੀਂ ਤੋੜੀ ਪਰ ਜੋ ਮੈਨੂੰ ਜਾਪਦਾ ਹੈ, ਇੱਕ ਤਾਂ ਗੁਰਦੁਆਰਾ ਸਾਹਬ ਦੀ ਕੰਧ ਪੱਕੀ ਸੀ, ਦੂਜਾ ਹੋ ਸਕਦਾ ਬਬਰ ਵੀ ਥੋੜ੍ਹਾ ਥੱਕ ਗਿਆ ਹੋਵੇ ਜਾਂ ਫਿਰ ਅੱਗ ਦੇ ਸੇਕ, ਧੂੰਏਂ ਅਤੇ ਗਰਮੀ ਕਰਕੇ ਥੋੜ੍ਹਾ ਹੰਭ ਵੀ ਗਿਆ ਹੋਵੇ। ਖੈਰ, ਬਾਹਰ ਨਿਕਲ ਕੇ ਬਬਰ ਨੇ ਇੱਕ ਢੇਰ ਦੇ ਟੋਏ ਦੀ ਓਟ ਲੈ ਲਈ ਤੇ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤਕ ਧੂੰਏਂ ਨਾਲ ਬਬਰ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਦਾੜ੍ਹੀ ਨੂੰ ਵੀ ਕੁਝ ਸੇਕ ਲੱਗ ਚੁੱਕਾ ਸੀ ਪਰ ਉਹ ਡਟਿਆ ਰਿਹਾ। ਹੌਲੀ-ਹੌਲੀ ਗੋਲੀ ਸਿੱਕਾ ਖਤਮ ਹੁੰਦਾ ਗਿਆ ਤੇ ਸਿਰਫ ਇੱਕ ਗੋਲੀ ਰਹਿ ਗਈ। ਬਬਰ ਨੂੰ ਆਪਣੀ ਸੌਂਹ ਯਾਦ ਸੀ। ਉਸ ਵੇਲੇ ਉਸਨੇ ਆਪਣਾ ਪੈੱਨ ਤੇ ਡਾਇਰੀ ਕੱਢ ਕੇ ਜੇਬ ਵਿੱਚ ਇੱਕ ਪਰਚੀ ਲਿਖ ਕੇ ਪਾ ਲਈ ਤੇ ਸੱਚੇ ਰੱਬ ਦਾ ਨਾਂ ਧਿਆ ਕੇ ਕੰਨ ਦੀ ਪੁੜਪੁੜੀ ਨਾਲ ਬੰਦੂਕ ਦੀ ਨਾਲੀ ਲਾ ਕੇ ਪੈਰ ਨਾਲ ਟ੍ਰਿਗਰ ਦਬਾ ਦਿੱਤਾ ਤੇ ਸ਼ਹੀਦੀ ਦਾ ਜਾਮ ਪੀ ਲਿਆ। ਮੈਨੂੰ ਯਾਦ ਆ ਰਿਹਾ ਹੈ ਕਿ ਨਿੱਕੇ ਹੁੰਦਿਆਂ ਮੈਂ ਉਹ ਚਿੱਠੀ ਅਤੇ ਸ਼ਹੀਦ ਹੋਏ ਬਬਰ ਦੀ ਫੋਟੋ ਕਿਤੇ (ਹੋ ਸਕਦਾ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ) ਵੇਖੀ ਹੈ ਪਰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਆ ਰਿਹਾ।
ਬਬਰ ਤਾਂ ਸ਼ਹੀਦ ਹੋ ਗਿਆ ਪਰ ਡਰਦਾ ਕੋਈ ਪੁਲਿਸ ਵਾਲਾ ਮ੍ਰਿਤਕ ਸਰੀਰ ਕੋਲ ਨਾ ਜਾਵੇ। ਜਦੋਂ ਕਾਫੀ ਦੇਰ ਹਲਚਲ ਨਾ ਹੋਈ ਤਾਂ ਇੱਕ ਸਿਪਾਹੀ ਡਰਦਾ-ਡਰਦਾ ਕੋਲ ਨੂੰ ਗਿਆ। ਪਹਿਲਾਂ ਦੂਰੋਂ ਢੀਮ ਮਾਰ ਕੇ ਦੇਖਿਆ ਤੇ ਜਦੋਂ ਪੱਕਾ ਯਕੀਨ ਹੋ ਗਿਆ ਤਾਂ ਦੂਰੋਂ ਪੈਰ ਵਿੱਚ ਗੋਲੀ ਮਾਰੀ। ਇਸ ਤੋਂ ਬਾਅਦ ਅਸਲੀ ਖੇਡ ਸ਼ੁਰੂ ਹੋ ਗਈ। ਰੌਲਾ ਪੈ ਗਿਆ। ਇਨਾਮ ਦੇ ਲਾਲਚ ਵਿੱਚ ਹਰ ਕੋਈ ਕਹੀ ਜਾਵੇ ਕਿ ਬਬਰ ਨੂੰ ਪਹਿਲਾਂ ਮੈਂ ਮਾਰਿਆ ਹੈ। ਆਖਰ ਜਦੋਂ ਬਬਰ ਦੀ ਤਲਾਸ਼ੀ ਲਈ ਗਈ ਤਾਂ ਜੇਬ ਵਿੱਚੋਂ ਇੱਕ ਰੁੱਕਾ ਨਿਕਲਿਆ। ਉਸ ਰੁੱਕੇ ’ਤੇ ਪਤਾ ਏ ਕੀ ਲਿਖਿਆ ਸੀ? - “ਕੋਈ ਮੇਰੀ ਮੌਤ ਦੀ ਕੀਮਤ ਨਾ ਵਸੂਲੇ, ਮੈਂ ਖੁਦ ਗੋਲੀ ਮਾਰ ਕੇ ਮਰਿਆ ਹਾਂ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































