“ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ...”
(26 ਸਤੰਬਰ 2026)
ਸਾਡੀ ਸੁਣੋ ਗੁਹਾਰ ਪੰਜਾਬੀਓ!
ਸਾਡੀ ਸੁਣੋ ਪੁਕਾਰ ਪੰਜਾਬੀਓ!
ਕੋਈ ਸਮਾਂ ਸੀ ਜਦੋਂ ਸਿਆਸਤ ਨੂੰ ਲੋਕ-ਸੇਵਾ ਸਮਝਿਆ ਜਾਂਦਾ ਸੀ। ਇਹ ਕੋਈ ਕਹਾਣੀ ਨਹੀਂ, ਸਾਡਾ ਆਪਣਾ ਅਤੀਤ ਗਵਾਹ ਹੈ। ਅਜ਼ਾਦੀ ਦੇ ਘੁਲਾਟੀਆਂ ਅਤੇ ਲੋਕ ਆਗੂਆਂ ਨੇ ਇਸ ਮਿੱਟੀ ਲਈ ਆਪਣਾ ਘਰ-ਬਾਰ ਛੱਡ ਦਿੱਤਾ। ਕਈਆਂ ਦੇ ਘਰ-ਪਰਿਵਾਰ ਰੁਲ ਗਏ, ਜ਼ਮੀਨਾਂ-ਜਾਇਦਾਦਾਂ ਕੁਰਕ ਹੋ ਗਈਆਂ। ਕਈ ਜਵਾਨੀ ਵਿੱਚ ਹੀ ਫੌਤ ਹੋ ਗਏ, ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋ ਗਏ ਤੇ ਜਿਹੜੇ ਬਚੇ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਦੇਸ਼ ਦੀ ਸੇਵਾ ਲਈ ਵਿਆਹ ਤਕ ਨਹੀਂ ਕਰਵਾਇਆ। ਹਾਂ ਇਹ ਸੱਚ ਹੈ, ਉਸ ਵੇਲੇ ਵੀ ਵਿੱਚ ਲੁਟੇਰੇ ਅਤੇ ਠੱਗ ਲੋਕ ਸਨ, ਪਰ ਉਹ ਬਹੁਤ ਥੋੜ੍ਹੇ ਸਨ ਅਤੇ ਲੋਕ ਉਨ੍ਹਾਂ ਨੂੰ ਪਛਾਣ ਲੈਂਦੇ ਸਨ।
ਅੱਜ ਆਵਾ ਹੀ ਊਤ ਗਿਆ ਹੈ। ਕੰਮ ਬਿਲਕੁਲ ਉਲਟਾ ਹੋ ਗਿਆ ਹੈ। ਰਾਜਨੀਤੀ ਹੁਣ ਸੇਵਾ ਨਹੀਂ, ਸਭ ਤੋਂ ਵੱਡਾ ਵਪਾਰ ਬਣ ਗਈ ਹੈ। ਇਹ ਇੱਕ ਪਿਤਾ-ਪੁਰਖੀ ਧੰਦਾ ਬਣ ਕੇ ਰਹਿ ਗਈ ਹੈ ਜਿੱਥੇ ਕੁਰਸੀ ਵਿਰਾਸਤ ਵਿੱਚ ਮਿਲਦੀ ਹੈ। ਅੱਜ ਦੇ ਬਹੁਤੇ ਆਗੂਆਂ ਦਾ ਇੱਕੋ ਹੀ ਮਕਸਦ ਰਹਿ ਗਿਆ ਹੈ- ਕੁਰਸੀ, ਪੈਸਾ ਤੇ ਤਾਕਤ। ਕੱਪੜੇ ਚਿੱਟੇ ਅਤੇ ਕੰਮ ਕਾਲੇ। ਕੋਈ ਨਿਯਮ ਨਹੀਂ, ਕੋਈ ਅਸੂਲ ਨਹੀਂ, ਕੋਈ ਵਫਾਦਾਰੀ ਨਹੀਂ; ਟਿਕਟ ਮਿਲ ਗਈ ਤਾਂ ਜੈ-ਜੈ ਕਾਰ, ਨਹੀਂ ਮਿਲੀ ਤਾਂ ਪਾਰਟੀ ਨੂੰ ਟਾਟਾ ...ਬਾਏ। ਜਿੱਤਣ ਤੋਂ ਬਾਅਦ ਵੀ ਸਰਕਾਰ ਨਹੀਂ ਬਣੀ ਤਾਂ ਸਰਕਾਰੀ ਸੁਵਿਧਾਵਾਂ ਲੈਣ ਲਈ ਵਿਰੋਧੀ ਪਾਰਟੀ ਵਿੱਚ ਰਲੇਵਾਂ। ਕੁੱਲ ਮਿਲਾ ਕੇ ਆਪਣਾ ਉੱਲੂ ਸਿੱਧਾ ਰੱਖਣਾ। ਖੂਹ ਵਿੱਚ ਜਾਣ ਸਮਰਥਕ ਅਤੇ ਵੋਟਾਂ ਪਾਉਣ ਵਾਲੇ ਲੋਕ।
ਇਸ ਚੂਹਾ ਦੌੜ ਦਾ ਸਭ ਤੋਂ ਵੱਡਾ ਨੁਕਸਾਨ ਸਾਡੀ ਧਰਤੀ ਨੂੰ ਹੋ ਰਿਹਾ ਹੈ। ਇਨ੍ਹਾਂ ਸਵਾਥੀ ਨੇਤਾਵਾਂ ਭਾਣੇ ਤਾਂ ਭਾਵੇਂ ਮੁਲਕ ਉੱਜੜ ਵੀ ਜਾਵੇ, ਕੋਈ ਪ੍ਰਵਾਹ ਨਹੀਂ। ਲੋਕ ਮਰਨ ਕੋਈ ਫਰਕ ਨਹੀਂ। ਪ੍ਰਕਿਰਤੀ ਬਰਬਾਦ ਹੋ ਜਾਵੇ, ਕੋਈ ਚਿੰਤਾ ਨਹੀਂ। ਜ਼ਮੀਨ ਵਿਰਾਨ ਹੋ ਜਾਵੇ, ਪਾਣੀ ਖਤਮ ਹੋ ਜਾਵੇ, ਹਰਿਆਵਲ ਸੁੱਕ ਜਾਵੇ - ਕੋਈ ਗੱਲ ਨਹੀਂ, ਬੱਸ ਪੈਸਾ ਇਕੱਠਾ ਹੋਣੋ ਨਾ ਰੁਕੇ।
ਇਸ ਉਜਾੜੇ ਦੀ ਸਭ ਤੋਂ ਵੱਡੀ ਮਿਸਾਲ ਸਾਡਾ ਕੰਢੀ ਖੇਤਰ ਹੈ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਸਾਡੇ ਸ਼ਿਵਾਲਿਕ ਦੇ ਪਹਾੜ ਦਿਨੋ-ਦਿਨ ਪੱਧਰੇ ਹੁੰਦੇ ਜਾ ਰਹੇ ਹਨ। ਪਹਿਲਾਂ ਲੋਕ ਪਹਾੜ ਨੂੰ ਦੇਵਤਾ ਸਮਝਦੇ ਸਨ, ਉਸਦੀ ਪੂਜਾ ਕਰਦੇ ਸਨ, ਹੁਣ ਪਹਾੜ ਨੂੰ ਖਾਣ ਸਮਝਿਆ ਜਾਂਦਾ ਹੈ। ਜਿੰਨਾ ਪੱਧਰਾ ਕਰੋਗੇ, ਜਿੰਨੇ ਟਿੱਪਰ ਭਰੋਗੇ, ਉੰਨਾ ਪੈਸਾ।
ਇਹ ਲੋਕ ਇਹ ਨਹੀਂ ਸੋਚਦੇ ਕਿ ਪਹਾੜ ਪੱਧਰਾ ਹੋਇਆ ਤਾਂ ਹੇਠਾਂ ਖੇਤ ਵੀ ਵਿਰਾਨ ਹੋ ਜਾਣਗੇ। ਉੱਪਰੋਂ ਰੁੱਖ ਕੱਟੇ ਗਏ, ਮਿੱਟੀ ਨੂੰ ਰੋਕਣ ਵਾਲਾ ਕੁਝ ਨਾ ਰਿਹਾ, ਬਰਸਾਤ ਦਾ ਪਾਣੀ ਰੁਕਿਆ ਨਾ, ਸਾਰੀ ਉਪਜਾਊ ਮਿੱਟੀ ਹੜ੍ਹਾਂ ਵਿੱਚ ਰੁੜ੍ਹ ਗਈ। ਨਤੀਜੇ ਵਜੋਂ ਜੰਗਲ ਖਤਮ ਹੋ ਰਹੇ ਹਨ, ਕੁਦਰਤੀ ਦ੍ਰਖਤਾਂ, ਜੰਗਲੀ ਜੀਵਾਂ ਅਤੇ ਦੁਰਲੱਭ ਬਨਸਪਤੀ ਦੀ ਹੋਂਦ ਖਤਮ ਹੋ ਰਹੀ ਹੈ। ਖੂਹ, ਟੋਭੇ, ਛੱਪੜ, ਝੀਲਾਂ ਸੁੱਕ ਗਏ ਹਨ। ਜਿਹੜੀ ਜ਼ਮੀਨ ਪਹਿਲਾਂ ਸੋਨਾ ਉੱਗਦੀ ਸੀ, ਅੱਜ ਬਰਸਾਤੀ ਤੇ ਬੰਜਰ ਬਣ ਗਈ ਹੈ।
ਅਸਲ ਸੱਚ ਤਾਂ ਇਹ ਹੈ ਕਿ ਕੁਦਰਤ, ਖੂਹ-ਟੋਭੇ, ਜੰਗਲ ਅਤੇ ਪਹਾੜ - ਇਹ ਵੋਟ ਨਹੀਂ ਦਿੰਦੇ। ਇਸ ਕਰਕੇ ਚੋਣ ਮੈਨੀਫੈਸਟੋ ਵਿੱਚ ਇਨ੍ਹਾਂ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ। ਇਨ੍ਹਾਂ ਦੇ ਨਾਮ ’ਤੇ ਕੋਈ ਨਾਅਰਾ ਨਹੀਂ ਬਣਦਾ।
ਪਹਿਲਾਂ ਆਗੂ ਜ਼ਮੀਨ ਲਈ ਮਰਦੇ ਸਨ, ਹੁਣ ਜ਼ਮੀਨ ਆਗੂਆਂ ਕਰਕੇ ਮਰ ਰਹੀ ਹੈ। ਇਹ ਸਮਾਂ ਹੈ ਸੋਚਣ ਦਾ। ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਹ ਸਾਨੂੰ ਪੁੱਛਣਗੀਆਂ ਕਿ ਜਦੋਂ ਪਹਾੜ ਲੁੱਟੇ ਜਾ ਰਹੇ ਸਨ, ਪਾਣੀ ਖਤਮ ਕੀਤਾ ਜਾ ਰਿਹਾ ਸੀ, ਤੁਸੀਂ ਉਦੋਂ ਕਿੱਥੇ ਸੀ? ਤੇ ਉਦੋਂ ਜਦੋਂ ਪੀਣ ਲਈ ਵੀ ਪਾਣੀ ਨਹੀਂ ਬਚੇਗਾ ਤਾਂ ਬਰਬਾਦੀ ਦੇ ਜ਼ਿੰਮੇਵਾਰ ਇਨ੍ਹਾਂ ਲੋਕਾਂ ਵੱਲੋਂ ਪੀੜ੍ਹੀਆਂ ਵਾਸਤੇ ਇਕੱਠਾ ਕੀਤਾ ਧਨ ਕਿਸ ਕੰਮ ਆਵੇਗਾ?
(ਇੱਕ ਕੰਢੀ ਇਲਾਕੇ ਦੇ ਵਾਸੀ ਦੀ ਕਲਮ ਤੋਂ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































