IsherSinghEng8“ਦੂਜਿਆਂ ਨੂੰ ਸੁਣਨ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਦੀ ਆਦਤ ਵਿਕਸਿਤ ਕਰੀਏ ...”
(2 ਨਵੰਬਰ 2026)


ਇਹ ਲੇਖ ਸਿਆਣਪ ਦੇ ਵਿਸ਼ੇ ’ਤੇ ਕਰਵਾਈ ਗਈ ਇੱਕ ਵਿਚਾਰ-ਗੋਸ਼ਟੀ ਉੱਤੇ ਆਧਾਰਿਤ ਹੈ
, ਜਿਸਦਾ ਸਿਰਲੇਖ “Socrates’ Revenge: A Symposium Presenting Three Conceptions of Wisdom for Modern Times” ਹੈ। ਇਸ ਵਿੱਚ ਸਿਆਣਪ ਬਾਰੇ ਖੋਜ ਕਰਨ ਵਾਲੇ ਤਿੰਨ ਵਿਦਵਾਨਾਂ - ਰਾਬਰਟ ਜੇ. ਸਟਰਨਬਰਗ, ਜੂਡਿਥ ਗਲੂਕ ਅਤੇ ਮਿਸ਼ੈਲ ਫਰਾਰੀ - ਵੱਲੋਂ ਸਿਆਣਪ ਦੇ ਸਰੂਪ, ਸੱਭਿਆਚਾਰ ਨਾਲ ਇਸਦਾ ਸੰਬੰਧ ਅਤੇ ਅਮਲੀ ਜੀਵਨ ਵਿੱਚ ਇਸਦੀ ਵਰਤੋਂ ਬਾਰੇ ਵਿਚਾਰ ਕੀਤੀ ਗਈ ਹੈ। ਇਸ ਗੋਸ਼ਟੀ ਦੀ ਸਮੀਖਿਆ, ਸੇਜ (Sage) ਪ੍ਰਕਾਸ਼ਨ ਵੱਲੋਂ ਸਤੰਬਰ 2026 ਵਿੱਚ ਜਨਤਕ ਕੀਤੀ ਗਈ।

ਇਸ ਅਨੁਸਾਰ ਅੱਜ ਦੇ ਸੰਸਾਰ ਵਿੱਚ ਲੋੜੀਂਦੇ ਸਭ ਤੋਂ ਮਹੱਤਵਪੂਰਨ ਮਾਨਸਿਕ ਗੁਣਾਂ ਵਿੱਚੋਂ ਸਿਆਣਪ ਨਿਸ਼ਚਿਤ ਤੌਰ ’ਤੇ ਮੁੱਖ ਹੈ ਅਤੇ ਵਿਸ਼ਵ ਨੂੰ ਦਰ-ਪੇਸ਼ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਬੇਹੱਦ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਕੁਝ ਹਨ: ਜੰਗ ਅਤੇ ਹਿੰਸਾ, ਗਰੀਬੀ, ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਪਰਮਾਣੂ ਹਥਿਆਰਾਂ ਦਾ ਪਰਸਾਰ, ਸਰਕਾਰਾਂ ਦੀ ਤਾਨਾਸ਼ਾਹੀ ਅਤੇ ਲਾਪਰਵਾਹੀ, ਇੰਟਰਨੈੱਟ ਅਤੇ ਹੋਰ ਸਾਧਨਾਂ ਰਾਹੀਂ ਗਲਤ ਜਾਣਕਾਰੀ ਅਤੇ ਪਰਚਾਰ ਆਦਿ। ਅੱਜ ਮਨੁੱਖ ਕੋਲ ਇਨ੍ਹਾਂ ਸਮੱਸਿਆਵਾਂ ਨੂੰ ਸਮਝਣ, ਇਨ੍ਹਾਂ ਦੇ ਮੰਦੇ ਪ੍ਰਭਾਵਾਂ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਕਿਤੇ ਵੱਧ ਗਿਆਨ, ਸੂਚਨਾਵਾਂ, ਤਕਨਾਲੋਜੀਆਂ ਅਤੇ ਲੋੜੀਂਦੇ ਸਾਧਨ ਮੌਜੂਦ ਹਨ। ਫਿਰ ਵੀ ਬਹੁਤੀਆਂ ਗੰਭੀਰ ਸਮੱਸਿਆਵਾਂ ਘਟਣ ਦੀ ਬਜਾਇ ਵਧ ਰਹੀਆਂ ਹਨ ਜਾਂ ਹੋਰ ਗੁੰਝਲਦਾਰ ਹੋ ਰਹੀਆਂ ਹਨ; ਅਤੇ ਨਵੀਂਆਂ ਵੀ ਪੈਦਾ ਹੋ ਰਹੀਆਂ ਹਨ।

ਸਾਡੇ ਵਿਸ਼ਵ ਆਗੂਆਂ ਵਿੱਚ ਉਹ ਗੁਣ ਦਿਖਾਈ ਨਹੀਂ ਦਿੰਦੇ ਜਿਨ੍ਹਾਂ ਦੀ ਇਨ੍ਹਾਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋੜ ਹੈ। ਇਨ੍ਹਾਂ ਵਿੱਚੋਂ ਬਹੁਤੇ ਆਗੂਆਂ ਨੇ ਵੱਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਪ੍ਰਭਾਵਸ਼ਾਲੀ ਵਿੱਦਿਅਕ ਅਤੇ ਹੋਰ ਯੋਗਤਾਵਾਂ ਹਾਸਲ ਕੀਤੀਆਂ ਹੋਈਆਂ ਹਨ। ਬਹੁਤਿਆਂ ਕੋਲ ਸੰਸਾਰ ਪੱਧਰ ਦੇ ਉੱਚੇ ਅਹੁਦਿਆਂ ਤਕ ਪਹੁੰਚਣ ਲਈ ਲੋੜੀਂਦੀ ਹਰ ਯੋਗਤਾ ਹੈ, ਜਿਵੇਂ ਕਿ: ਬੁੱਧੀ, ਸਮਾਜਿਕ-ਆਰਥਿਕ ਰੁਤਬੇ, ਪਰਿਵਾਰਕ ਸੰਬੰਧ, ਸੂਝਬੂਝ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ। ਇਹ ਔਖੀਆਂ ਪ੍ਰੀਖਿਆਵਾਂ ਪਾਸ ਕਰ ਸਕਦੇ ਹਨ, ਨਵੀਂਆਂ ਖੋਜਾਂ ਕਰ ਸਕਦੇ ਹਨ, ਨਵੀਂਆਂ ਤਕਨਾਲੋਜੀਆਂ ਅਤੇ ਪ੍ਰੋਜੈਕਟ ਬਣਾ ਸਕਦੇ ਹਨ ਅਤੇ ਵੱਡੀਆਂ ਸੰਸਥਾਵਾਂ ਦੀ ਅਗਵਾਈ ਕਰ ਸਕਦੇ ਹਨ ਪਰ ਇਨ੍ਹਾਂ ਦੀਆਂ ਯੋਗਤਾਵਾਂ, ਰੁਤਬੇ ਅਤੇ ਗੁਣ, ਵਿਸ਼ਵ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਘੱਟ ਕਰਨ ਵਿੱਚ ਪੂਰੀ ਤਰ੍ਹਾਂ ਕਾਰਗਰ ਨਹੀਂ ਹੋ ਰਹੇ, ਨਾ ਵਿਅਕਤੀਗਤ ਪੱਧਰ ਉੱਤੇ ਅਤੇ ਨਾ ਹੀ ਸਮੂਹਿਕ ਪੱਧਰ ਉੱਤੇ।

ਸੁਭਾਵਿਕ ਤੌਰ ’ਤੇ ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਦੇ ਇਹ ਲੀਡਰ ਦਰ-ਪੇਸ਼ ਸਮੱਸਿਆਵਾਂ ਦੇ ਹੱਲ ਕਰਨ ਅਤੇ ਸੰਸਾਰ ਨੂੰ ਅਗਵਾਈ ਦੇਣ ਵਿੱਚ ਅਸਫਲ ਕਿਉਂ ਹੋ ਰਹੇ ਹਨ? ਸਪਸ਼ਟ ਹੈ ਕਿ ਇਨ੍ਹਾਂ ਦਾ ਵੱਧ ਗਿਆਨ, ਵੱਧ ਬੁੱਧੀ ਅਤੇ ਇਨ੍ਹਾਂ ਨੂੰ ਉਪਲਬਧ ਸਾਧਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਫੀ ਨਹੀਂ। ਇਨ੍ਹਾਂ ਸਭ ਦੀ ਸਹੀ ਢੰਗ ਨਾਲ ਵਰਤੋਂ ਕਰ ਕੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਆਣਪ ਦੀ ਵੱਧ ਲੋੜ ਹੈ। ਅਸੀਂ ਹਰ ਖੇਤਰ ਵਿੱਚ ਉੱਭਰ ਰਹੇ ਲੀਡਰਾਂ ਨੂੰ ਯਥਾ-ਯੋਗ ਗਿਆਨ ਦਿੰਦੇ ਅਤੇ ਲੋੜੀਂਦੇ ਹੁਨਰ ਸਿਖਾਉਂਦੇ ਹਾਂ। ਵਿਗਿਆਨੀਆਂ ਨੂੰ ਖੋਜ ਦੇ ਸਾਧਨ ਦਿੰਦੇ ਹਾਂ, ਇੰਜਨੀਅਰਾਂ ਨੂੰ ਤਕਨਾਲੋਜੀਆਂ ਬਣਾਉਣ ਦੀ ਸਮਰੱਥਾ ਦਿੰਦੇ ਹਾਂ ਅਤੇ ਆਗੂਆਂ ਨੂੰ ਫੈਸਲੇ ਕਰਨ ਦੀ ਤਾਕਤ ਦਿੰਦੇ ਹਾਂ। ਪਰ ਸਿਆਣਪ ਨੂੰ ਅਣਗੌਲਿਆ ਕਰਨ ਕਰਕੇ ਉਹ ਆਪਣੇ ਫਰਜ਼ ਨਹੀਂ ਨਿਭਾ ਰਹੇ। ਨਾ ਸਿਰਫ ਸਾਡੇ ਲੀਡਰ, ਬਲਕਿ ਆਪਾਂ ਸਾਰੇ ਵੀ ਅਕਸਰ ਸਿਆਣਪ ਨੂੰ ਅਣਗੌਲਿਆ ਕਰਦੇ ਹਾਂ ਅਤੇ ਨਤੀਜੇ ਪ੍ਰਤੱਖ ਹਨ। ਇਸਦਾ ਇਹ ਭਾਵ ਇਹ ਨਹੀਂ ਕਿ ਸੰਸਾਰ ਵਿੱਚ ਹੁਣ ਇਸਦੀ ਘਾਟ ਹੈ, ਜਾਂ ਪਹਿਲਾਂ ਕਦੇ ਰਹੀ ਹੈ; ਮਨੁੱਖੀ ਸੁਭਾਅ ਦੀਆਂ ਕਮਜ਼ੋਰੀਆਂ ਕਰਕੇ ਅਸੀਂ ਅਕਸਰ ਸਿਆਣਪ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਅਤੇ ਇਸ ਤੋਂ ਪੂਰਾ ਲਾਹਾ ਲੈਣ ਵਿੱਚ ਅਸਫਲ ਰਹਿੰਦੇ ਹਾਂ।

ਸੁਕਰਾਤ ਦੇ ਬਦਲੇ ਤੋਂ ਭਾਵ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਨੇ ਸਿਆਣਪ ਨੂੰ ਅਣਗੌਲਿਆ ਕੀਤਾ ਹੈ ਅਤੇ ਅੱਜ ਦੇ ਹਾਲਾਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ ਸਿਆਣੇ ਮਹਾਂਪੁਰਖ ਪੁਰਾਤਨ ਸਮਿਆਂ ਤੋਂ ਹੀ ਇਸਦੀ ਮਹੱਤਤਾ ਸਮਝਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਇਸ ਨੂੰ ਆਪਣੀਆਂ ਸਿੱਖਿਆਵਾਂ ਦਾ ਮੂਲ ਅਧਾਰ ਬਣਾਇਆ ਹੈ। ਇਸੇ ਕਰਕੇ ਇਨ੍ਹਾਂ ਸਿੱਖਿਆਵਾਂ ਨੂੰ ਅੱਜ ਵੀ ਸਿਆਣਪ ਦਾ ਮੁੱਖ ਸਾਧਨ ਮੰਨਿਆ ਜਾਂਦਾ ਹੈ। ਹਰ ਸੱਭਿਅਤਾ ਅਤੇ ਸਮਿਆਂ ਵਿੱਚ ਸਿਆਣੇ ਮਹਾਂਪੁਰਖ ਆਏ ਹਨ - ਕਨਫਿਉਸਿਸ, ਜ਼ਰਾਉਸਤਰ, ਬੁੱਧ, ਸੁਕਰਾਤ, ਈਸਾ ਮਸੀਹ, ਹਜਰਤ ਮੁਹੰਮਦ, ਗੁਰੂ ਨਾਨਕ ਆਦਿ। ਇਨ੍ਹਾਂ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਵਿੱਚ ਸਮੇਂ, ਸਥਾਨ ਅਤੇ ਸੱਭਿਅਤਾਵਾਂ ਦੇ ਫਰਕਾਂ ਦੇ ਬਾਵਜੂਦ ਕਈ ਬੁਨਿਆਦੀ ਨੈਤਿਕ ਸਾਂਝਾਂ ਹਨ। ਪਰ ਉਨ੍ਹਾਂ ਦੀ ਗੱਲ ਮੰਨਣ ਦੀ ਬਜਾਇ ਅਸੀਂ ਅਕਸਰ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਦੇ ਰਹੇ ਹਾਂ। ਇੱਥੋਂ ਤਕ ਕਿ ਕਈਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਜਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ; ਜਿਵੇਂ ਕਿ ਸੁਕਰਾਤ ਦੀ, ਜਿਸ ਨੂੰ ਵਿਚਾਰ-ਅਧੀਨ ਗੋਸ਼ਟੀ ਵਿੱਚ ਸਿਆਣਪ ਦਾ ਪ੍ਰਤੀਕ ਮੰਨਿਆ ਗਿਆ ਹੈ।

ਢਾਈ ਹਜ਼ਾਰ ਸਾਲ ਪਹਿਲਾਂ ਸੁਕਰਾਤ ਨੇ ਆਪਣੇ ਸਮੇਂ ਦੇ ‘ਸਿਆਣਪ’ ਦੇ ਕਥਿਤ ਦਾਅਵੇਦਾਰਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਸੀ। ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਸੀ ਕਿ ਜੇ ਤੁਸੀਂ ਸਿਆਣੇ ਹੋਂ, ਤਾਂ ਕੀ ਤੁਹਾਨੂੰ ਆਪਣੀ ਸਿਆਣਪ ਦਾ ਪੂਰਾ ਭਰੋਸਾ ਹੈ? ਪਰ ਸਮੇਂ ਦੇ ਅਖੌਤੀ ਸਿਆਣਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦਿਵਾ ਕੇ ਆਪਣੀ ਜਾਣੇ, ਉਸ (ਭਾਵ ਸਿਆਣਪ) ਤੋਂ ਖਹਿੜਾ ਛੁਡਾਇਆ ਸੀ। ਉਸ ਸਮੇਂ ਦੇ ਮਨੁੱਖ ਨੇ ਸੁਕਰਾਤ ਤੋਂ ਤਾਂ ਆਪਣਾ ਖਹਿੜਾ ਛੁਡਾ ਲਿਆ, ਪਰ ਸਿਆਣਪ ਨੇ ਮਨੁੱਖ ਦਾ ਖਹਿੜਾ ਨਹੀਂ ਛੱਡਿਆ। ਅੱਜ ਇਹ ਹੋਰ ਤਾਕਤਵਰ ਬਣ ਕੇ ਸਾਥੋਂ ਉਹੀ ਸਵਾਲ ਪੁੱਛ ਰਹੀ ਹੈ, ਜੋ ਸੁਕਰਾਤ ਪੁੱਛਿਆ ਕਰਦਾ ਸੀ। ਫਿਰ ਵੀ ਮਨੁੱਖਤਾ ਦਾ ਵੱਡਾ ਹਿੱਸਾ ਅੱਜ ਦੇ ਸੁਕਰਾਤਾਂ ਦੀਆਂ ਗੱਲਾਂ ਨੂੰ ਅਣਸੁਣੀਆਂ ਕਰ ਕਿਹਾ ਹੈ। ਮਨੁੱਖ ਸਿਆਣਪ ਦੀਆਂ ਸਿਫਤਾਂ ਵੀ ਕਰਦਾ ਰਿਹਾ ਹੈ ਪਰ ਆਪਣੀਆਂ ਕਮਜ਼ੋਰੀਆਂ ਕਰਕੇ ਅਤੇ ਆਪਣੇ ਫੌਰੀ ਲਾਭਾਂ ਲਈ ਅਕਸਰ ਇਸ ਤੋਂ ਬੇਮੁੱਖ ਵੀ ਰਿਹਾ ਹੈ; ਆਪਣੀ ਇਸ ਮੂਰਖਤਾ ਦਾ ਵਿਅਕਤੀਗਤ ਅਤੇ ਸਮੂਹਿਕ ਤੌਰ ’ਤੇ ਖਮਿਆਜ਼ਾ ਵੀ ਭੁਗਤਦਾ ਆ ਰਿਹਾ ਹੈ। ਵਿਚਾਰ-ਗੋਸ਼ਟੀ ਵਿੱਚ ਸੁਕਰਾਤ ਦੇ ਨਾਉਂ ਨੂੰ ਸਿਆਣਪ ਦੇ ਪ੍ਰਤੀਕ ਵਜੋਂ ਵਰਤ ਕੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਅਸੀਂ ਸਿਆਣਪ ਦੀ ਬੇਕਦਰੀ ਕਰਦੇ ਹਾਂ ਤਾਂ ਇਹ ਵੀ ਆਪਣੇ ਢੰਗ ਨਾਲ ਸਾਥੋਂ ਬਦਲਾ ਲੈਂਦੀ ਹੈ। ਪਹਿਲਾਂ ਬਿਆਨੀਆਂ ਸਮੱਸਿਆਵਾਂ ਇਸਦਾ ਪ੍ਰਤੱਖ ਪ੍ਰਮਾਣ ਹਨ। ਸਿਆਣਪ ਤੋਂ ਬੇਮੁੱਖ ਹੋ ਕੇ ਜਿਨ੍ਹਾਂ ਸਵਾਲਾਂ ਨੂੰ ਅਸੀਂ ਦਬਾਉਂਦੇ ਰਹੇ ਹਾਂ, ਉਹੀ ਸਵਾਲ ਸਮੇਂ ਨਾਲ ਹੋਰ ਵੱਡੇ ਹੋ ਕੇ ਸਾਡੇ ਸਾਹਮਣੇ ਖੜ੍ਹੇ ਹਨ। ਇਹੀ ‘ਸੁਕਰਾਤ ਦਾ ਬਦਲਾ’ ਹੈ। ਹੁਣ ਦੇਖਣਾ ਹੈ ਕਿ ਅਸੀਂ ਇਨ੍ਹਾਂ ਸਵਾਲਾਂ ਤੋਂ ਮੂੰਹ ਮੋੜਦੇ ਹਾਂ ਜਾਂ ਉਨ੍ਹਾਂ ਦਾ ਸਾਹਮਣਾ ਕਰਕੇ ਆਪਣੇ-ਆਪ ਨੂੰ, ਸਮਾਜ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਧ ਸਿਆਣਾ ਬਣਾਉਣ ਦੇ ਜਤਨ ਕਰਦੇ ਹਾਂ ਜਾਂ ਨਹੀਂ।

ਸਿਆਣਪ ਦੀ ਲੋੜ ਬਾਰੇ ਜਾਗਰੂਕਤਾ ਦਾ ਪ੍ਰਚਾਰ

ਇਹ ਗੱਲ ਸਪਸ਼ਟ ਹੈ ਕਿ ਪਿਛਲੇ ਕਰੀਬ ਤਿੰਨ ਸੌ ਸਾਲਾਂ ਵਿੱਚ ਅਸੀਂ ਆਪਣੇ ਭੌਤਿਕ ਬਲ ਨੂੰ ਹਜ਼ਾਰਾਂ-ਲੱਖਾਂ ਗੁਣਾ ਵਧਾਇਆ ਹੈ। ਇਸੇ ਤਰ੍ਹਾਂ ਪਿਛਲੇ ਸੱਤ-ਅੱਠ ਦਹਾਕਿਆਂ ਵਿੱਚ ਆਪਣੀ ਬੁੱਧੀ (ਇੰਟੈਲੀਜੈਂਸ) ਨੂੰ ਇਸ ਤੋਂ ਵੀ ਕਈ ਗੁਣਾ ਕਰ ਲਿਆ ਹੈ। ਪਰ ਸਿਆਣਪ ਤੋਂ ਬੇਮੁੱਖ ਹੋਏ ਆਪਾਂ ਇਹ ਨਹੀਂ ਸਮਝ ਸਕੇ ਕਿ ਇਸ ਨਾਲ ਸਾਡੀਆਂ ਜਨਮ-ਜਾਤ ਮੰਦੀਆਂ ਪ੍ਰਵਿਰਤੀਆਂ ਵੀ ਉਸੇ ਅਨੁਪਾਤ ਵਿੱਚ ਉੱਘੜੀਆਂ ਹਨ। ਅੱਜ ਦਾ ਮਨੁੱਖ ਪਹਿਲਾਂ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਕਿਤੇ ਵੱਧ ਜਾਣਕਾਰੀਆਂ ਰੱਖਦਾ ਹੈ ਅਤੇ ਕਿਤੇ ਵੱਧ ਸਮਰੱਥਾਵਾਂ ਦਾ ਮਾਲਿਕ ਹੈ। ਪਰ ਕੀ ਇਨ੍ਹਾਂ ਵਾਧਿਆਂ ਨਾਲ ਸਾਡੀ ਸਿਆਣਪ ਵੀ ਵਧੀ ਹੈ? ਜ਼ਿਕਰਯੋਗ ਹੈ ਕਿ ਅੱਜਕੱਲ੍ਹ ਦੇ ਇਸ ਭਖਦੇ ਮੁੱਦੇ ਬਾਰੇ ਸੰਸਾਰ ਦੀਆਂ ਹੋਰ ਪ੍ਰਸਿੱਧ ਹਸਤੀਆਂ ਵੀ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰ ਰਹੀਆਂ ਹਨ। ਅਗਲੇ ਤਿੰਨ ਮਹੱਤਵਪੂਰਨ ਹਵਾਲੇ ਇਸ ਤਰ੍ਹਾਂ ਹਨ:

ਪੋਪ ਲਿਓ ਚੌਦ੍ਹਵੇਂ ਨੇ ਏ.ਆਈ. ਦੇ ਯੁਗ ਵਿੱਚ ਸਿਆਣਪ ਦੀ ਮਹੱਤਤਾ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਹੈ। 25 ਮਈ 2026 ਨੂੰ ਆਪਣਾ ਪਹਿਲਾ ਧਾਰਮਿਕ ਫਰਮਾਨ (Encyclical) ਜਾਰੀ ਕਰਦੇ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਮਨੁੱਖ ਲਈ ਉਹ ਸਿਆਣਪ ਪੇਸ਼ ਕਰ ਰਹੇ ਹਾਂ, ਜਿਸਦੀ ਅੱਜ ਉਸ ਨੂੰ ਬੇਹੱਦ ਲੋੜ ਹੈ। ਮਾਣਯੋਗ ਪੋਪ ਨੇ ਸਿਆਣਪ ਨੂੰ ਮਨੁੱਖੀ ਜੀਵਨ ਦੇ ਹਰ ਖੇਤਰ ਅਤੇ ਸਮੁੱਚੀਆਂ ਕਦਰਾਂ-ਕੀਮਤਾਂ ਦੀ ਲੋੜ ਦੱਸਿਆ ਹੈ। ਤਕਨੀਕੀ ਤਰੱਕੀ ਸਾਨੂੰ ਵਧੇਰੇ ਸਮਰੱਥ ਤਾਂ ਬਣਾ ਸਕਦੀ ਹੈ ਪਰ ਇਸ ਸਮਰੱਥਾ ਨੂੰ ਕਿਸ ਕੰਮ ਵਾਸਤੇ ਵਰਤਣਾ ਹੈ, ਇਸਦਾ ਫੈਸਲਾ ਸਿਆਣਪ ਨੇ ਕਰਨਾ ਹੈ। ਇਸ ਤਰ੍ਹਾਂ ਮਾਣਯੋਗ ਪੋਪ ਦਾ ਕਥਨ ਸਾਡੇ ਸਮੇਂ ਦੀ ਇੱਕ ਬੁਨਿਆਦੀ ਲੋੜ ਵੱਲ ਧਿਆਨ ਦਿਵਾਉਂਦਾ ਹੈ। ਸਾਨੂੰ ਸਿਰਫ ਵਧੇਰੇ ਬੁੱਧੀਮਾਨ ਮਨੁੱਖ ਜਾਂ ਮਸ਼ੀਨਾਂ ਹੀ ਨਹੀਂ, ਸਗੋਂ ਵਧੇਰੇ ਸਿਆਣੇ ਮਨੁੱਖਾਂ, ਆਗੂਆਂ ਅਤੇ ਸਿਆਣੇ ਸਮਾਜਾਂ ਦੀ ਵੀ ਲੋੜ ਹੈ।

ਬਿੱਲ ਗੇਟਸ ਨੇ ਆਪਣੇ 26 ਅਗਸਤ 2026 ਦੇ ਵਿਚਾਰ-ਲੇਖ ਵਿੱਚ ਏ.ਆਈ. ਦੇ ਭਵਿੱਖ ਬਾਰੇ ਵਿਚਾਰ ਕਰਦਿਆਂ ਇਸ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਅਤੇ ਇਸਦੇ ਲਾਭਾਂ ਨੂੰ ਸਾਰੇ ਲੋਕਾਂ ਤਕ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੇ ਵਿਚਾਰਾਂ ਤੋਂ ਇਹ ਚਿੰਤਾ ਪਰਗਟ ਹੁੰਦੀ ਹੈ ਕਿ ਏ.ਆਈ. ਜਿੱਥੇ ਸਿਹਤ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦੀ ਹੈ, ਉੱਥੇ ਇਹ ਰੁਜ਼ਗਾਰ ਖੋਹਣ, ਆਰਥਿਕ ਨਾ-ਬਰਾਬਰੀ ਵਧਾਉਣ ਦਾ ਕਾਰਨ ਵੀ ਬਣ ਸਕਦੀ ਹੈ। ਗੇਟਸ ਦੀ ਇਸ ਚਿੰਤਾ ਤੋਂ ਇੱਕ ਵੱਡਾ ਸਵਾਲ ਉੱਭਰਦਾ ਹੈ: ਕੀ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਨਾਲ ਉਨ੍ਹਾਂ ਦੇ ਦੂਰ-ਰਸ ਚੰਗੇ-ਮੰਦੇ ਪ੍ਰਭਾਵਾਂ ਨੂੰ ਸਮਝਣ ਅਤੇ ਉਨ੍ਹਾਂ ਅਨੁਸਾਰ ਫੈਸਲੇ ਕਰਨ ਦੀ ਸਿਆਣਪ ਵੀ ਵਧ ਰਹੀ ਹੈ? ਤਕਨੀਕੀ ਤਰੱਕੀ ਆਪਣੇ ਆਪ ਮਨੁੱਖਤਾ ਦੀ ਤਰੱਕੀ ਨਹੀਂ ਬਣ ਜਾਂਦੀ। ਇਸ ਨੂੰ ਮਨੁੱਖੀ ਭਲਾਈ ਲਈ ਵਰਤਣ ਵਾਸਤੇ ਦੂਰ-ਅੰਦੇਸ਼ੀ, ਨੈਤਿਕ ਸਮਝ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ ਹੈ। ਇਹ ਸਿਆਣਪ ਦੇ ਹੋਰ ਜ਼ਰੂਰੀ ਅੰਗ ਹਨ ਜੋ ਬੁੱਧੀ ਨੂੰ ਸਹੀ ਦਿਸ਼ਾ ਇਖਤਿਆਰ ਕਰਨ ਵਿੱਚ ਮਦਦ ਕਰਦੇ ਹਨ।

ਆਈਸਲੈਂਡ ਦੀ ਰਾਸ਼ਟਰਪਤੀ ਹਾਲਾ ਤੋਮਸਦੋੱਤੀਰ (Halla Tómasdóttir) ਨੇ 16 ਅਕਤੂਬਰ, 2026 ਨੂੰ ਟਾਈਮ ਮੈਗਜ਼ੀਨ ਵਿੱਚ ਛਪੇ ਆਪਣੇ ਲੇਖ ਵਿੱਚ ਇਹੀ ਸਵਾਲ ਉਠਾਇਆ ਹੈ ਕਿ ਏ.ਆਈ ਵਰਗੀਆਂ ਨਵੀਂਆਂ ਤਕਨਾਲੋਜੀਆਂ ਸਦਕਾ ਸਾਡੀਆਂ ਸਮਰੱਥਾਵਾਂ ਵਿੱਚ ਅਥਾਹ ਵਾਧਾ ਹੋਇਆ ਹੈ ਪਰ ਕੀ ਸਾਡੀ ਸਿਆਣਪ ਉਨ੍ਹਾਂ ਨਾਲ ਕਦਮ ਮਿਲਾ ਕੇ ਚੱਲ ਸਕੀ ਹੈ? ਇਸਦਾ ਸਿਰਲੇਖ ‘Human Judgement Is the Most Powerful Technology in the AI Age’ ਹੈ।

ਸਾਡੇ ਸਮੇਂ ਲਈ ਸਿਆਣਪ

ਇਸ ਗੋਸ਼ਟੀ ਦਾ ਕੇਂਦਰੀ ਸੰਦੇਸ਼ ਹੈ ਕਿ ਬੁੱਧੀਮਾਨ ਹੋਣਾ ਅਤੇ ਸਿਆਣਾ ਹੋਣਾ ਇੱਕੋ ਗੱਲ ਨਹੀਂ। ਬੁੱਧੀ ਸਮੱਸਿਆ ਨੂੰ ਸਮਝਣ ਅਤੇ ਹੱਲ ਕਰਨ ਦੀ ਯੋਗਤਾ ਦਿੰਦੀ ਹੈ, ਪਰ ਸਿਆਣਪ ਇਹ ਵੀ ਪੁੱਛਦੀ ਹੈ ਕਿ ਕਿਹੜੀ ਸਮੱਸਿਆ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਸਦੇ ਹਿਤਾਂ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਸਾਡੇ ਫੈਸਲਿਆਂ ਦੇ ਦੂਰ-ਰਸ ਕੀ ਨਤੀਜੇ ਨਿਕਲਣਗੇ। ਸਿਆਣਪ ਆਪਣੇ ਹਿਤਾਂ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੀ ਹੈ। ਸਿਆਣਪ ਸਿਰਫ ਉਮਰ ਜਾਂ ਤਜਰਬੇ ਨਾਲ ਆਪਣੇ ਆਪ ਨਹੀਂ ਆ ਜਾਂਦੀ; ਤਜਰਬੇ ਤੋਂ ਸਿੱਖਣਾ, ਆਪਣੇ ਵਿਚਾਰਾਂ ਉੱਤੇ ਮੁੜ ਵਿਚਾਰ ਕਰਨਾ, ਆਪਣੀਆਂ ਸੀਮਾਵਾਂ ਨੂੰ ਪਛਾਣਨਾ ਅਤੇ ਦੂਜਿਆਂ ਦੇ ਨਜ਼ਰੀਏ ਨੂੰ ਸਮਝਣਾ, ਇਸਦੇ ਵਿਕਾਸ ਲਈ ਮਹੱਤਵਪੂਰਨ ਹਨ। ਇਸੇ ਤਰ੍ਹਾਂ, ਕਿਸੇ ਸਿਆਣੀ ਗੱਲ ਨੂੰ ਮੰਨ ਲੈਣਾ ਹੀ ਕਾਫੀ ਨਹੀਂ; ਉਸ ਅਨੁਸਾਰ ਅਮਲ ਕਰਨਾ ਵੀ ਜ਼ਰੂਰੀ ਹੈ ਅਤੇ ਇਹ ਸੋਝੀ ਵੀ ਸਿਆਣਪ ਵਿੱਚੋਂ ਉਪਜਦੀ ਹੈ।

ਪ੍ਰਾਚੀਨ ਸਿਆਣਪਾਂ ਤੋਂ ਲੈ ਕੇ ਆਧੁਨਿਕ ਮਨੋਵਿਗਿਆਨ ਤਕ ਮਨੁੱਖ ਨੂੰ ਇਹੀ ਸਿੱਖਿਆ ਮਿਲਦੀ ਰਹੀ ਹੈ ਕਿ ਸਿਆਣਪ ਦੀ ਲੋੜ ਸਿਰਫ ਵਿਸ਼ਵ ਆਗੂਆਂ, ਵਿਗਿਆਨੀਆਂ ਜਾਂ ਤਕਨਾਲੋਜੀਆਂ ਬਣਾਉਣ ਵਾਲਿਆਂ ਨੂੰ ਹੀ ਨਹੀਂ, ਆਪਾਂ ਸਭ ਨੂੰ ਹੈ। ਸਾਡੀ ਸਿਆਣਪ ਦੀ ਪਰਖ ਇਨ੍ਹਾਂ ਗੱਲਾਂ ਤੋਂ ਹੁੰਦੀ ਹੈ ਕਿ ਰੁਜ਼ਾਨਾ ਜੀਵਨ ਵਿੱਚ ਅਸੀਂ ਕੀ ਬੋਲਦੇ ਹਾਂ, ਕਿਹੜੇ ਫੈਸਲੇ ਕਰਦੇ ਹਾਂ, ਦੂਜਿਆਂ ਨਾਲ ਕਿਵੇਂ ਵਿਹਾਰ ਕਰਦੇ ਹਾਂ ਅਤੇ ਆਪਣੇ ਫੌਰੀ ਲਾਭਾਂ ਨੂੰ ਕਿੰਨੀ ਮਹੱਤਤਾ ਦਿੰਦੇ ਹਾਂ। ਸਿਆਣਪ ਦਾ ਅਰਥ ਇਹ ਨਹੀਂ ਕਿ ਅਸੀਂ ਹਰ ਸਵਾਲ ਦਾ ਜਵਾਬ ਜਾਣਦੇ ਹੋਈਏ, ਬਲਕਿ ਇਹ ਹੈ ਕਿ ਅਸੀਂ ਆਪਣੀ ਅਗਿਆਨਤਾ ਨੂੰ ਪਛਾਣ ਸਕੀਏ, ਦੂਜਿਆਂ ਦੀ ਗੱਲ ਸੁਣ ਸਕੀਏ ਅਤੇ ਆਪਣੇ ਫੈਸਲਿਆਂ ਦੇ ਦੂਰਗਾਮੀ ਨਤੀਜਿਆਂ ਬਾਰੇ ਸੋਚ ਸਕੀਏ। ਪਿਛਲੇ ਕੁਝ ਸਮੇਂ ਤੋਂ ਇਸ ਉੱਤੇ ਵੱਧ ਚਰਚਾ ਹੋਣੀ ਸ਼ੁਰੂ ਹੋਈ ਹੈ ਕਿਉਂਕਿ ਅੱਜ ਵਿਅਕਤੀਗਤ ਪੱਧਰ ਤੋਂ ਲੈ ਕੇ ਸਮਾਜ, ਹਰ ਵੱਡੀ-ਛੋਟੀ ਸੰਸਥਾ ਅਤੇ ਸੰਸਾਰ ਲਈ ਇਸਦੀ ਵੱਧ ਲੋੜ ਮਹਿਸੂਸ ਹੋ ਰਹੀ ਹੈ। ਭਾਵੇਂ ਸਿਆਣਪ ਦੀ ਕੋਈ ਇੱਕ ਸਰਬ-ਪ੍ਰਵਾਨਿਤ ਪਰਿਭਾਸ਼ਾ ਜਾਂ ਸੂਚੀ ਨਹੀਂ ਪਰ ਨਿੱਜੀ ਪੱਧਰ ’ਤੇ ਆਪਾਂ ਸਭ ਇਸ ਨੂੰ ਅਪਣਾ ਸਕਦੇ ਹਾਂ। ਉਦਾਹਰਨ ਵਜੋਂ ਕੁਝ ਗੱਲਾਂ ਇਹ ਹਨ:

ਵਿਅਕਤੀਗਤ ਸਿਆਣਪ

ਅੱਜ ਦੇ ਸਮੇਂ ਵਿੱਚ ਸਿਆਣਪ ਨੂੰ ਸਿਰਫ ਧਾਰਮਿਕ, ਨੈਤਿਕ ਜਾਂ ਦਾਰਸ਼ਨਿਕ ਧਾਰਨਾ ਸਮਝਣਾ ਕਾਫੀ ਨਹੀਂ। ਆਧੁਨਿਕ ਮਨੋਵਿਗਿਆਨ ਸਿਆਣਪ ਦਾ ਮਨੁੱਖੀ ਜੀਵਨ ਦੇ ਇੱਕ ਮਹੱਤਵਪੂਰਨ ਮਾਨਸਿਕ ਗੁਣ ਵਜੋਂ ਅਧਿਐਨ ਕਰਦਾ ਹੈ। ਮਨੁੱਖ ਦਾ ਸੋਚਣ-ਵਿਚਾਰਨ ਦਾ ਢੰਗ, ਆਪਣੀਆਂ ਭਾਵਨਾਵਾਂ ਅਤੇ ਦੂਜਿਆਂ ਦੇ ਨਜ਼ਰੀਏ ਨੂੰ ਸਮਝਣਾ ਅਤੇ ਔਖੇ ਹਾਲਾਤ ਵਿੱਚ ਸੋਚ-ਸਮਝ ਕੇ ਫੈਸਲੇ ਕਰਨਾ ਸਿਆਣਪ ਦੇ ਕੁਝ ਪ੍ਰਗਟਾਵੇ ਹਨ। ਜਿਵੇਂ ਕਿ:

ਆਪਣੇ ਆਪ ਨੂੰ ਹਮੇਸ਼ਾ ਸਹੀ ਸਮਝਣ ਦੀ ਬਜਾਏ ਇਹ ਸੰਭਾਵਨਾ ਖੁੱਲ੍ਹੀ ਰੱਖੋ ਕਿ ਤੁਹਾਡੀ ਰਾਇ ਗਲਤ ਵੀ ਹੋ ਸਕਦੀ ਹੈ। ਅਜਿਹੇ ਮੌਕੇ ’ਤੇ ਵਿਅਕਤੀ ਆਪਣੀ ਹਉਮੈਂ ਨੂੰ ਪਾਸੇ ਰੱਖ ਕੇ ਦਲੀਲ ਦੀ ਜਾਂਚ ਕਰੇ ਕਿ ਕੀ ਮੈਂ ਸਬੂਤਾਂ ਦੇ ਅਧਾਰ ਉੱਤੇ ਆਪਣੀ ਰਾਇ ਬਣਾ ਰਿਹਾ ਹਾਂ ਜਾਂ ਕੇਵਲ ਆਪਣੀਆਂ ਪਹਿਲਾਂ ਤੋਂ ਬਣੀਆਂ ਧਾਰਨਾਵਾਂ ਦੀ ਪੁਸ਼ਟੀ ਕਰ ਰਿਹਾ ਹਾਂ? ਅਜਿਹੇ ਮੌਕਿਆਂ ਉੱਤੇ ਤੁਰੰਤ ਪ੍ਰਤੀਕਿਰਿਆ ਦੇਣ ਦੀ ਬਜਾਏ ਕੁਝ ਸਮਾਂ ਰੁਕੋ। ਆਪਣੇ-ਆਪ ਤੋਂ ਪੁੱਛੋ ਕਿ ਜੇ ਮੈਂ ਇਸ ਵੇਲੇ ਗੁੱਸੇ ਜਾਂ ਡਰ ਦੇ ਪ੍ਰਭਾਵ ਹੇਠ ਨਾ ਹੁੰਦਾ ਤਾਂ ਕੀ ਮੇਰਾ ਫੈਸਲਾ ਇਹੋ ਹੁੰਦਾ? ਕੀ ਮੈਂ ਕਿਸੇ ਅਜਿਹੇ ਤੱਥ ਨੂੰ ਅਣਡਿੱਠ ਤਾਂ ਨਹੀਂ ਕਰ ਰਿਹਾ ਹਾਂ ਜੋ ਮੇਰੀ ਇੱਛਾ ਦੇ ਵਿਰੁੱਧ ਜਾਂਦਾ ਹੈ?

ਦੂਜਿਆਂ ਨੂੰ ਸੁਣਨ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਦੀ ਆਦਤ ਵਿਕਸਿਤ ਕਰੀਏ। ਸਿਆਣਪ ਦਾ ਅਰਥ ਹਰ ਗੱਲ ਨਾਲ ਸਹਿਮਤ ਹੋਣਾ ਨਹੀਂ, ਸਗੋਂ ਅਸਹਿਮਤੀ ਦੇ ਬਾਵਜੂਦ ਦੂਜੇ ਵਿਅਕਤੀ ਦੀ ਦਲੀਲ ਨੂੰ ਸੁਹਿਰਦਤਾ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਅਸੀਂ ਅਕਸਰ ਕਿਸੇ ਦੀ ਗੱਲ ਸੁਣਦੇ ਸਮੇਂ ਉਸ ਨੂੰ ਸਮਝਣ ਦੀ ਬਜਾਏ ਆਪਣੇ ਜਵਾਬ ਦੀ ਤਿਆਰੀ ਕਰ ਰਹੇ ਹੁੰਦੇ ਹਾਂ।

ਨਿੱਜੀ ਲਾਭ ਅਤੇ ਸਾਂਝੇ ਭਲੇ ਵਿਚਕਾਰ ਸੰਤੁਲਨ ਬਣਾਇਆ ਜਾਵੇ। ਮਨੁੱਖੀ ਜੀਵਨ ਵਿੱਚ ਆਪਣੇ ਪਰਿਵਾਰ, ਰੁਜ਼ਗਾਰ ਅਤੇ ਨਿੱਜੀ ਭਵਿੱਖ ਦੀ ਚਿੰਤਾ ਕਰਨੀ ਸੁਭਾਵਿਕ ਹੈ ਪਰ ਜਦੋਂ ਨਿੱਜੀ ਲਾਭ ਹੀ ਹਰ ਫੈਸਲੇ ਦਾ ਇਕੱਲਾ ਮਾਪਦੰਡ ਬਣ ਜਾਂਦਾ ਹੈ ਤਾਂ ਨਿਆਂ, ਭਰੋਸਾ ਅਤੇ ਸਮਾਜਿਕ ਜ਼ਿੰਮੇਵਾਰੀ ਪਿੱਛੇ ਰਹਿ ਜਾਂਦੇ ਹਨ। ਫੈਸਲਾ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸਦਾ ਹੋਰ ਲੋਕਾਂ ਉੱਤੇ ਕੀ ਅਸਰ ਪਵੇਗਾ।

ਗਿਆਨ ਅਤੇ ਜਾਣਕਾਰੀ ਨੂੰ ਬਿਨਾਂ ਜਾਂਚੇ ਸੱਚ ਨਾ ਮੰਨਿਆ ਜਾਵੇ। ਅੱਜ ਜਾਣਕਾਰੀ ਦੀ ਘਾਟ ਨਾਲੋਂ ਗਲਤ, ਅਧੂਰੀ ਅਤੇ ਭਰਮਾਉਣ ਵਾਲੀ ਜਾਣਕਾਰੀ ਦੀ ਸਮੱਸਿਆ ਵਧੇਰੇ ਗੰਭੀਰ ਹੋ ਸਕਦੀ ਹੈ।

ਸਿਆਣਪ ਨੂੰ ਕੇਵਲ ਵਿਚਾਰਾਂ ਤਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਦ੍ਰਿੜ੍ਹਤਾ ਨਾਲ ਅਮਲ ਵਿੱਚ ਲਿਆਂਦਾ ਜਾਵੇ। ਮਨੁੱਖ ਨੂੰ ਇਹ ਪਤਾ ਹੋ ਸਕਦਾ ਹੈ ਕਿ ਸਬਰ ਚੰਗਾ ਹੈ, ਇਮਾਨਦਾਰੀ ਜ਼ਰੂਰੀ ਹੈ ਅਤੇ ਦੂਜਿਆਂ ਨਾਲ ਨਿਆਂ ਕਰਨਾ ਚਾਹੀਦਾ ਹੈ; ਪਰ ਅਸਲ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਸਬਰ ਕਰਨਾ ਔਖਾ ਹੋਵੇ, ਇਮਾਨਦਾਰੀ ਨਾਲ ਨਿੱਜੀ ਨੁਕਸਾਨ ਹੋ ਸਕਦਾ ਹੋਵੇ ਜਾਂ ਨਿਆਂ ਕਰਨ ਨਾਲ ਕੋਈ ਤਾਕਤਵਰ ਵਿਅਕਤੀ ਨਰਾਜ਼ ਹੋ ਸਕਦਾ ਹੋਵੇ।

ਇਸ ਵਿਚਾਰ-ਗੋਸ਼ਟੀ ਵਿੱਚ ਸਿਆਣਪ ਦੇ ਕਈ ਅਹਿਮ ਪੱਖਾਂ ’ਤੇ ਵਿਚਾਰ ਕੀਤੀ ਗਈ ਹੈ, ਜੋ ਇਸ ਲੇਖ ਵਿੱਚ ਪੇਸ਼ ਨਹੀਂ ਕੀਤੇ ਗਏ। ਗੋਸ਼ਟੀ ਦਾ ਹਵਾਲਾ ਅਤੇ ਇਸਦੀਆਂ ਕੁਝ ਟਿੱਪਣੀਆਂ ਸਿਆਣਪ ਬਾਰੇ ਜਾਗਰੂਕਤਾ ਦੇ ਉੱਭਰ ਰਹੇ ਰੁਝਾਨ ਨੂੰ ਦਰਸਾਉਣ ਲਈ ਦਿੱਤਾ ਗਿਆ ਹੈ। ਇਸ ਵਿਸ਼ੇ ਬਾਰੇ ਹੋਰ ਡੁੰਘਾਈ ਨਾਲ ਜਾਣਨ ਲਈ ਵਿਚਾਰ-ਗੋਸ਼ਟੀ ਦੇ ਮੂਲ ਖੋਜ-ਪੱਤਰ ਨੂੰ ਪੜ੍ਹਨਾ ਹੀ ਲਾਹੇਵੰਦ ਹੋ ਸਕਦਾ ਹੈ। ਸਾਰ-ਤੱਤ ਇਹ ਹੈ ਕਿ ਸਿਆਣਪ ਦੀ ਅਸਲ ਪਰਖ ਇਸ ਗੱਲ ਵਿੱਚ ਨਹੀਂ ਕਿ ਅਸੀਂ ਇਸ ਬਾਰੇ ਕਿੰਨਾ ਜਾਣਦੇ ਹਾਂ, ਸਗੋਂ ਇਸ ਵਿੱਚ ਹੈ ਕਿ ਆਪਾਂ ਇਸ ਨੂੰ ਆਪਣੇ ਜੀਵਨ ਵਿੱਚ ਕਿੰਨਾ ਅਪਣਾਉਂਦੇ ਹਾਂ। ਇਸ ਲਈ ਦੂਜਿਆਂ ਵਿੱਚ ਸਿਆਣਪ ਦੀ ਭਾਲ ਕਰਨ ਤੋਂ ਪਹਿਲਾਂ ਆਪਣੇ-ਆਪ ਵਿੱਚ ਇਸਦੀ ਭਾਲ ਕਰੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author