“ਆਮ ਕਰ ਕੇ ਅਸੀਂ ਆਪਣੇ ਮਨ-ਮੱਤੀ ਭੁਲੇਖਿਆਂ ਅਤੇ ਮਾਨਸਿਕ ਕਮਜ਼ੋਰੀਆਂ ਕਰ ਕੇ ਆਪਣੇ ਕੁਦਰਤੀ ਗੁਣਾਂ ਨੂੰ ...”
(21 ਜੁਲਾਈ 2024)
ਹਰ ਕੋਈ ਖੁਸ਼ੀ ਅਤੇ ਸੁਖ ਦਾ ਫਰਕ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਇਤਿਹਾਸ ਅਨੁਸਾਰ ਇਸ ਸੰਸਾਰ ਵਿੱਚ ਮਨੁੱਖ ਕਦੇ ਵੀ ਖੁਸ਼ ਨਹੀਂ ਰਿਹਾ। ਪਰ ਅਥਾਹ ਭੌਤਿਕ ਖੁਸ਼ਹਾਲੀ ਅਤੇ ਅਣਗਿਣਤ ਸੁਖ-ਸਹੂਲਤਾਂ ਦੇ ਬਾਵਜੂਦ ਅੱਜ ਦੇ ਮਨੁੱਖ ਦਾ ਖੁਸ਼ ਨਾ ਰਹਿਣਾ ਇੱਕ ਗੁੰਝਲ਼ਦਾਰ ਬੁਝਾਰਤ ਹੈ। ਆਪਣੇ ਪੂਰਵਜਾਂ ਦੀ ਤੁਲਨਾ ਵਿੱਚ ਹਰ ਪੱਖ ਤੋਂ ਸੁਖਾਲ਼ਾ ਅਤੇ ਰੱਜਿਆ-ਪੁੱਜਿਆ ਹੋਣ ਦੇ ਬਾਵਜੂਦ ਇਹ ਖੁਸ਼ੀਆਂ ਤੋਂ ਬਾਂਝਾ ਹੈ। ਨਾ ਹੀ ਇਤਿਹਾਸ ਵਿੱਚ ਕਦੇ ਕਿਸੇ ਦੇਸ਼ ਜਾਂ ਰਾਜ ਦੇ ਹੁਕਮਰਾਨ ਨੇ ਆਪਣੀ ਪਰਜਾ ਦੀ ਖੁਸ਼ੀ ਨੂੰ ਆਪਣਾ ਉਦੇਸ਼ ਬਣਾਇਆ ਹੈ। ਮਨੁੱਖ ਦੀਆਂ ਖੁਸ਼ੀਆਂ ਦੀ ਗੱਲ ਸਿਰਫ ਸੰਤਾਂ-ਮਹਾਤਮਾਵਾਂ ਅਤੇ ਪਰਮਾਰਥੀ ਮਹਾ-ਪੁਰਖਾਂ ਨੇ ਹੀ ਕੀਤੀ ਹੈ, ਭਾਵੇਂ ਕਿ ਉਨ੍ਹਾਂ ਦੀ ਖੁਸ਼ੀਆਂ ਦੀ ਪਰਿਭਾਸ਼ਾ ਦੁਨਿਆਵੀ ਖੁਸ਼ੀਆਂ ਦੀ ਪਰਿਭਾਸ਼ਾ ਤੋਂ ਅੱਡ ਰਹੀ ਹੈ। ਵੈਸੇ ਤਾਂ ਪੂਰਬੀ ਮੂਲ ਦੇ ਹਰ ਮੁੱਖ ਧਰਮ-ਗ੍ਰੰਥ ਵਿੱਚ ਇਸ ਬਾਰੇ ਚਰਚਾ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵਿੱਚ ਹੱਸਣ, ਖੇਲ੍ਹਣ, ਖੁਸ਼ੀਆਂ, ਪਾਤਸ਼ਾਹੀਆਂ, ਸਹਿਜ, ਅਨੰਦ ਅਤੇ ਪਰਮ-ਅਨੰਦ ਆਦਿ ਦਾ ਜ਼ਿਕਰ ਆਮ ਹੈ। ਇਨ੍ਹਾਂ ਵਿੱਚ ਤਾਂ ਬਲਕਿ “ਦੁਖ ਵਿਚਿ ਸੂਖ ਮਨਾਈ” ਅਤੇ “ਇਹ ਲੋਕ ਸੁਖੀਏ ਪਰਲੋਕ ਸੁਹੇਲੇ” ਦੇ ਕਿਤੇ ਵੱਡੇ ਆਦਰਸ਼ ਜਗਿਆਸੂਆਂ ਸਾਹਮਣੇ ਰੱਖੇ ਹੋਏ ਹਨ। ਪੂਰਬ ਦੇ ਧਰਮ-ਗ੍ਰੰਥਾਂ ਤੋਂ ਇਸ਼ਾਰਾ ਲੈ ਕੇ, ਪਿਛਲੇ ਅੱਠ-ਦਸ ਦਹਾਕਿਆਂ ਤੋਂ ਪੱਛਮ ਦੇ ਸਮਾਜ-ਵਿਗਿਆਨੀ ਅਤੇ ਮਨੋ-ਵਿਗਿਆਨੀ ਵੀ ਖੁਸ਼ੀਆਂ, ਪ੍ਰਸੰਨਤਾ ਅਤੇ ਹੈਪੀਨੈੱਸ ਦੇ ਵਿਸ਼ੇ ’ਤੇ ਗੰਭੀਰ ਖੋਜਾਂ ਕਰ ਰਹੇ ਹਨ। ਉਹ ਇਸ ਸਿੱਟੇ ਤੇ ਪਹੁੰਚੇ ਹਨ ਕਿ ਮਨੁੱਖੀ ਖੁਸ਼ੀਆਂ ਲਈ ਪੂਰਬਲੇ ਮਹਾਂਪੁਰਖਾਂ ਦੀਆਂ ਮੂਲ ਸਿੱਖਿਆਵਾਂ ਦੇ ਅਜੋਕੀਆਂ ਵਿਗਿਆਨਿਕ ਖੋਜਾਂ ਨਾਲ ਕੀਤੇ ਸੁਮੇਲ ’ਤੇ ਅਮਲ ਜ਼ਰੂਰੀ ਹੈ (Finding Modern Truth in Ancient Wisdom-Jonathan Haidt)। ਇਸ ਤਰ੍ਹਾਂ ਹਰ ਧਰਮ ਦੇ ਪੈਰੋਕਾਰ ਆਪੋ-ਆਪਣੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦੀ ਸੁਹਿਰਦਤਾ ਨਾਲ ਪਾਲਣਾ ਕਰ ਕੇ ਅਜੋਕੀ ਬਹੁ-ਪੱਖੀ ਭੌਤਿਕ ਖੁਸ਼ਹਾਲੀ ਨੂੰ ਵੀ ਮਾਣ ਸਕਦੇ ਹਨ ਅਤੇ ਖੁਸ਼ ਵੀ ਰਹਿ ਸਕਦੇ ਹਨ।
ਨਾਨਕ ਈਹਾ ਸੁਖੁ ਆਗੈ ਮੁੱਖ ਊਜਲ ਸੰਗਿ ਸੰਤਨ ਕੈ ਪਾਈਐ॥
ਸਪਸ਼ਟ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂ ਵੀ ਇਸ ਤਰ੍ਹਾਂ ਕਰ ਕੇ ਆਪਣਾ ਕਾਇਆ-ਕਲਪ ਕਰ ਸਕਦੇ ਹਨ ਅਤੇ ਇਸ ਜੀਵਨ ਨੂੰ ਸੁਖੀ (ਖੁਸ਼) ਅਤੇ ਅਗਲੇ ਨੂੰ ਸੁਹੇਲਾ ਬਣਾ ਸਕਦੇ ਹਨ। ਪਰ ਨਿਰਾਸ਼ਾਜਨਕ ਗੱਲ ਇਹ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਪਾ ਰਹੇ। ਸਾਨੂੰ ਦਰਪੇਸ਼ ਇਸ ਸਮੱਸਿਆ ਦਾ ਅਧਿਐਨ ਕਰ ਕੇ ਇਸਦੇ ਹੱਲ ਲਈ ਯਤਨਸ਼ੀਲ ਮੁੱਖ ਵਿਦਵਾਨਾਂ ਵਿੱਚੋਂ ਬਾਬਾ ਜੈਮਲ ਸਿੰਘ ਜੀ ਭਿੰਡਰ ਇੱਕ ਹਨ। ਰਸਮੀ ਤੌਰ ’ਤੇ ਆਪ ‘ਗੁਰਦਵਾਰਾ ਸਤਿਸੰਗ ਭਵਨ’ ਨਾਉਂ ਦੇ ਇੱਕ ਰਜਿਸਟਰਡ ਟ੍ਰਸਟ (ਨਿਉ ਮੇਹਰ ਸਿੰਘ ਕਲੋਨੀ, ਪਟਿਆਲ਼ਾ) ਦੇ ਮੁਖੀ ਹਨ, ਜਿਸਦਾ ਮੰਤਵ ਅਤੇ ਹਰ ਕਾਰਵਾਈ ਗੁਰਮਤਿ ਦੇ ਪਰਚਾਰ ਅਤੇ ਪਸਾਰ ਹਿਤ ਹੈ। ਆਪ ਨੇ ਆਪਣੀ ਸਾਰੀ ਪਿਤਾ-ਪੁਰਖੀ ਜਾਇਦਾਦ ਅਤੇ ਮਕਾਨ ਸਣੇ ਆਪਣੀ ਜੀਵਨ ਭਰ ਦੀ ਕਮਾਈ ਇਸ ਟ੍ਰਸਟ ਦੀ ਸੇਵਾ ਵਿੱਚ ਲਾਈ ਹੋਈ ਹੈ ਅਤੇ ਆਪਣਾ ਗੁਜ਼ਾਰਾ ਆਪਣੀ ਪੈਨਸ਼ਨ ਵਿੱਚੋਂ ਕਰਦੇ ਹਨ। ਇਹ ਟ੍ਰਸਟ ਇਲਾਕੇ ਦੀ ਸਿੱਖ-ਸੰਗਤ ਦੀਆਂ ਨਿਤਾ-ਪ੍ਰਤੀ ਧਾਰਮਿਕ ਜ਼ਰੂਰਤਾਂ ਨੂੰ ਭਲੀਭਾਂਤ ਪੂਰੀਆਂ ਕਰਦਾ ਹੈ ਅਤੇ ਸਭ ਧਾਰਮਿਕ ਸਮਾਗਮਾਂ ਦਾ ਸਿੱਖ ਰਹਿਤ-ਮਰਯਾਦਾ ਅਨੁਸਾਰ ਪ੍ਰਬੰਧ ਕਰਦਾ ਹੈ। ਜਿਵੇਂ ਕਿ ਖੁਸ਼ੀ-ਗਮੀ ਦੇ ਸਮਾਗਮ, ਗੁਰਪੁਰਬ, ਲੰਗਰ, ਅੰਮ੍ਰਿਤ ਸੰਚਾਰ ਆਦਿ। ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਬਾਬਾ ਜੀ ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਕਰਦੇ ਹਨ। ਹੁਣ ਤਕ ਇਸ ਕਥਾ ਦੇ ਤਿੰਨ ਵਾਰ ਭੋਗ ਪਾਏ ਜਾ ਚੁੱਕੇ ਹਨ ਅਤੇ ਅੱਜ-ਕੱਲ੍ਹ ਚੌਥੀ ਲੜੀ ਚੱਲ ਰਹੀ ਹੈ। ਸਪਸ਼ਟ ਹੈ ਕਿ ਇਹ ਸਭ ਸਧਾਰਨ ਅਤੇ ਬੁਨਿਆਦੀ ਧਾਰਮਿਕ ਕੰਮ ਹਨ ਜੋ ਹੋਰ ਸਿੱਖ ਸੰਸਥਾਵਾਂ ਵੀ ਕਰ ਰਹੀਆਂ ਹਨ ਅਤੇ ਇਸ ਪੱਖ ਤੋਂ ਇਹ ਸੰਸਥਾ ਹੋਰਾਂ ਸੰਸਥਾਵਾਂ ਵਰਗੀ ਹੀ ਲਗਦੀ ਹੈ।
ਪਰ ਇਹ ਸੰਸਥਾ ਹੋਰਾਂ ਸੰਸਥਾਵਾਂ ਤੋਂ ਇਸ ਗੱਲੋਂ ਵਿਲੱਖਣ ਅਤੇ ਮੋਹਰੀ ਹੈ ਕਿ ਇਹ ਗੁਰਮਤਿ ਦੇ ਪਰਚਾਰ ਅਤੇ ਪਸਾਰ ਨੂੰ ਮਾਡਰਨ ਅਤੇ ਵਿਗਿਆਨਿਕ ਢੰਗਾਂ-ਤਰੀਕਿਆਂ ਨਾਲ ਕਰਦੀ ਹੈ। ਬਾਬਾ ਜੀ ਖ਼ੁਦ ਗੁਰਮਤਿ ਦੇ ਵਿਦਵਾਨ ਹੋਣ ਦੇ ਨਾਲ-ਨਾਲ ਪੂਰਨ ਅਭਿਆਸੀ ਹਨ ਅਤੇ ਦੁਨਿਆਵੀ ਪੱਖੋਂ ਇੱਕ ਤਜਰਬੇਕਾਰ ‘ਐਜੂਕੇਸ਼ਨਿਸਟ’ ਹੋਣ ਸਦਕਾ ਸਿਖਲਾਈ ਦੀਆਂ ਵਿਧੀਆਂ ਅਤੇ ਬਰੀਕੀਆਂ ਤੋਂ ਜਾਣੂ ਹਨ। ਆਪ ਪਰਮਾਰਥ ਦੇ ਸਿਖਿਆਰਥੀਆਂ ਦੀ ਮਾਨਸਿਕਤਾ ਨੂੰ ਜਾਣਦੇ ਹਨ ਅਤੇ ਆਪ ਨੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵਿਸਤਾਰਪੂਰਨ ਵਿਸ਼ਲੇਸ਼ਣ ਕੀਤਾ ਹੈ। ਆਪ ਦੀ ਪੱਕੀ ਧਾਰਨਾ ਹੈ ਕਿ ਸਿੱਖ-ਜਗਤ ਨੂੰ ਦਰਪੇਸ਼ ਇਸ ਸਮੱਸਿਆਵਾਂ ਦਾ ਇੱਕ ਮੁੱਖ ਅਤੇ ਪ੍ਰਭਾਵਕਾਰੀ ਹੱਲ, ਸਮੁੱਚੀ ਬਾਣੀ ਦੀਆਂ ਸਿੱਖਿਆਵਾਂ ’ਤੇ ਸਹੀ ਅਮਲ ਕਰਨਾ ਹੈ ਅਤੇ ਸਹੀ ਅਮਲ ਲਈ ਬਾਣੀ ਦੀ ਸਹੀ ਸਮਝ ਜ਼ਰੂਰੀ ਹੈ। ਬਾਣੀ ਦੀ ਸਹੀ ਸਮਝ ਲਈ ਇਸਦੇ ਸਹੀ ਸ਼ਬਦਾਰਥਾਂ ਅਤੇ ਭਾਵਾਰਥਾਂ ਦੀ ਸਮਝ ਅਤੇ ਇਨ੍ਹਾਂ ਦਾ ਸਹੀ ਉਚਾਰਣ ਜ਼ਰੂਰੀ ਹੈ। ਇਸ ਧਾਰਨਾ ਨੂੰ ਅਧਾਰ ਬਣਾ ਕੇ ਆਪ ਨੇ ਅਭਿਲਾਖੀ-ਸਿਖਿਆਰਥੀਆਂ ਨੂੰ ਧਰਮ ਅਤੇ ਵਿਗਿਆਨ ਦੇ ਸੁਮੇਲ ਦੀ ਮਾਡਰਨ ਪਹੁੰਚ ਅਨੁਸਾਰ ਸੰਥਿਆ ਦੇਣ ਦੀਆਂ ਨਵੇਕਲ਼ੀਆਂ ਵਿਧੀਆਂ ਸਿਰਜੀਆਂ ਹਨ। ਇਹ ਸੰਥਿਆ ਹਰ ਰੋਜ਼ ਦੋ ਵਾਰ ਗੁਰਦਵਾਰਾ ਸਾਹਿਬ ਅੰਦਰ ਦਿੱਤੀ ਜਾਂਦੀ ਹੈ ਅਤੇ ਹਰ ਸਿਖਿਆਰਥੀ ਨੂੰ ਸਮਾਂ-ਬੱਧ ਕੋਰਸ ਪੂਰਾ ਕਰਨਾ ਪੈਂਦਾ ਹੈ। ਕੋਰਸ ਪੂਰਾ ਹੋਣ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਮੂਹਕ ‘ਗਰੈਜੂਏਸ਼ਨ’ ਰਸਮ ਕੀਤੀ ਜਾਂਦੀ ਹੈ ਤਾਂ ਕਿ ਹਰ ਭਾਗੀਦਾਰ ਲਈ ਇਹ ਇੱਕ ਯਾਦਗਾਰੀ ਦਿਨ ਬਣ ਸਕੇ। ਸਿਖਿਆਰਥੀਆਂ ਦੀ ਸੇਧ ਲਈ ਇੱਕ ਐਨਸਾਈਕਲੋਪੀਡੀਆ-ਕਮ-ਡਿਕਸ਼ਨਰੀ ਨੁਮਾ ਵੱਡੀ ਪੁਸਤਕ ਤਿਆਰ ਕੀਤੀ ਗਈ ਹੈ ਜਿਸ ਵਿੱਚ ਕੋਰਸ ਦਾ ਸਾਰਾ ਸਲੇਬਸ, ਸਿਖਲਾਈ ਦੀਆਂ ਵਿਧੀਆਂ ਅਤੇ ਆਪ ਜੀ ਦੀਆਂ ਵਿਸਤਾਰਪੂਰਨ ਹਦਾਇਤਾਂ ਦਰਜ ਹਨ। ਨਾਲ ਹੀ ਸਭ ਸਿਖਲਾਈ ਨੂੰ ਅਮਲੀ ਜਾਮਾ ਪਹਿਨਾਉਣ ਦੀ ‘ਕੋਚਿੰਗ’ ਦਿੰਦੇ ਹਨ, ਜਿਸ ਨੂੰ ਆਪ ਪਹਿਲੀ ਪ੍ਰਾਥਮਿਕਤਾ ਦਿੰਦੇ ਹਨ।
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹੁ ਨਾਮੁ ਜਪਾਵੈ ॥
ਫੋਕਟ ਕਰਮ-ਕਾਡਾਂ, ਮਨ-ਮੱਤੀ ਵਹਿਮਾਂ-ਭਰਮਾਂ ਅਤੇ ਭੁਲੇਖਿਆਂ ਤੋਂ ਬਚਣ ਦੇ ਢੰਗ ਦੱਸ ਕੇ ਬਾਬਾ ਜੈਮਲ ਸਿੰਘ ਜੀ ਜਗਿਆਸੂਆਂ ਨੂੰ ਸਿੱਖੀ ਮਰਯਾਦਾ ਵਿੱਚ ਪਰਪੱਕ ਕਰਦੇ ਹਨ। ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕੱਟੜਤਾ ਤੋਂ ਵਰਜਦੇ ਹਨ। ਸੰਗਤ ਅਤੇ ਸਿਖਿਆਰਥੀਆਂ ਨੂੰ ਪਰਮਾਰਥ ਪੱਖੋਂ ਵੱਧ ਉਦਾਰਚਿੱਤ ਬਣਾਉਣ ਲਈ ਆਪ ਨੇ ਪਟਿਆਲ਼ੇ ਦੇ ਆਲ਼ੇ-ਦੁਆਲ਼ੇ ਦੇ ਹੋਰ ਮਹਾਂ-ਪੁਰਖਾਂ ਨਾਲ ਪੂਰੀ ਤਰ੍ਹਾਂ ਸੰਪਰਕ ਸਥਾਪਿਤ ਕੀਤਾ ਹੋਇਆ ਹੈ। ਹਰ ਗੁਰਪੁਰਬ ਸਮੇਂ ਕਿਸੇ ਨਾ ਕਿਸੇ ਸੰਤ-ਮਹਾਤਮਾ ਨੂੰ ਆਪਣੇ ਅਸਥਾਨ ’ਤੇ ਬੁਲਾਵਾ ਦੇ ਕੇ ਸੰਗਤਾਂ ਨੂੰ ਉਨ੍ਹਾਂ ਦੇ ਪਰਵਚਨਾਂ ਤੋਂ ਲਾਭ ਉਠਾਉਣ ਦੇ ਮੌਕੇ ਦਿੰਦੇ ਰਹਿੰਦੇ ਹਨ। ਇਹ ਪ੍ਰਥਾ ਅੱਜ ਤੋਂ ਪੱਚੀ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਵੀ ਚਾਲੂ ਹੈ। ਇਸਦਾ ਵੱਡਾ ਲਾਭ ਇਹ ਹੈ ਕਿ ਸੰਗਤ ਹਰ ਮਹਾਂਪੁਰਖ ਦਾ ਸਤਿਕਾਰ ਕਰਨਾ ਸਿੱਖ ਜਾਂਦੀ ਹੈ, ਜਿਸ ਨਾਲ ਸਦ-ਭਾਵਨਾ ਅਤੇ ਆਪਸੀ ਪ੍ਰੇਮ ਵਿੱਚ ਵਾਧਾ ਹੁੰਦਾ ਹੈ, ਜੋ ਅੱਗੇ ਪਰਮਾਤਮਾ ਨਾਲ ਪ੍ਰੇਮ ਦਾ ਅਧਾਰ ਬਣਦਾ ਹੈ।
“ਸਾਚੁ ਕਹੌ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥
ਆਪ ਗੁਰਮਤਿ ਦੇ ਸਿਧਾਂਤਾਂ ਅਤੇ ਇਸਦੀਆਂ ਸਿੱਖਿਆਵਾਂ ਨੂੰ ਮਹਾਂਪੁਰਖਾਂ ਦੀਆਂ ਜੀਵਨ-ਕਥਾਵਾਂ ਤੋਂ ਕਿਤੇ ਵੱਧ ਮਹੱਤਤਾ ਦਿੰਦੇ ਹਨ। ਫਿਰ ਵੀ ਸੇਵਕਾਂ ਨੂੰ ਉਤਸ਼ਾਹ ਦੇਣ ਵਾਸਤੇ ਕਦੇ-ਕਦਾਈਂ ਆਪਣੀਆਂ ਨਿੱਜੀ ਗੱਲਾਂ ਵੀ ਸੰਗਤ ਨਾਲ ਸਾਂਝੀਆਂ ਕਰਦੇ ਹਨ। ਆਪਣੇ ਜੀਵਨ ਦੀਆਂ ਪੁਰਾਣੀਆਂ ਯਾਦਾਂ ਅਤੇ ਦੁਸ਼ਵਾਰੀਆਂ ਸਾਂਝੀਆਂ ਕਰਕੇ ਆਪ ਸੰਗਤ ਨੂੰ ਇਹ ਸੁਨੇਹਾ ਦਿੰਦੇ ਹਨ ਕਿ ‘ਜੇ ਮੈਂ ਇਹ ਸਭ ਕੁਛ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ।’ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ ਜੀ ਆਪਣੀ ਅੱਖਾਂ ਦੀ ਰੋਸ਼ਨੀ ਉਸ ਵਕਤ ਖੋ ਬੈਠੇ ਸਨ ਜਦੋਂ ਉਨ੍ਹਾਂ (ਬਾਬਾ ਜੀ) ਦੀ ਉਮਰ ਸਿਰਫ ਚਾਰ ਸਾਲ ਦੀ ਸੀ। ਉਨ੍ਹਾਂ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਜਾਣ ਤੋਂ ਪਹਿਲਾਂ ਹਰ ਰੋਜ਼ ਘਰ ਦੇ ਖਾਣੇ ਦਾ ਕੰਮ ਕਰਨਾ ਪੈਂਦਾ ਸੀ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਦੇ ਬਾਵਜੂਦ ਆਪ ਲਗਾਤਾਰ ਪੜ੍ਹਾਈ ਨਹੀਂ ਕਰ ਸਕੇ ਅਤੇ ਜੇ.ਬੀ.ਟੀ ਦਾ ਕੋਰਸ ਕਰ ਕੇ ਸਿੱਖਿਆ ਵਿਭਾਗ ਵਿੱਚ ਅਧਿਆਪਕ ਦੀ ਸਰਵਿਸ ਕਰਨ ਲੱਗ ਪਏ। ਸਰਵਿਸ ਦੌਰਾਨ ਹੀ ਆਪ ਨੇ ਚਾਰ ਵਿਸ਼ਿਆਂ ਅੰਗਰੇਜ਼ੀ, ਪੋਲਿਟੀਕਲ ਸਾਇੰਸ, ਹਿਸਟਰੀ ਅਤੇ ਐਜੂਕੇਸ਼ਨ ਵਿੱਚ ਪੋਸਟ-ਗਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੇ ਵੱਡੇ ਭਰਾ ਨੇ ਉਨ੍ਹਾਂ ਨੂੰ ਜੀਵਨ ਦੇ ਸ਼ੁਰੂ ਵਿੱਚ ਹੀ ਇਹ ਸਿੱਖਿਆ ਦਿੱਤੀ ਸੀ ਕਿ ਕਦੇ ਵੀ ਆਪਣੇ ਮਾਤਾ-ਪਿਤਾ, ਟੀਚਰਾਂ-ਪ੍ਰੋਫੈਸਰਾਂ ਅਤੇ ਸੀਨੀਅਰਾਂ ਨੂੰ ਨਾਂਹ ਨਹੀਂ ਕਹਿਣੀ ਅਤੇ ਆਪ ਨੇ ਵੱਡੇ ਭਰਾ ਦੀ ਇਸ ਨਸੀਹਤ ’ਤੇ ਸਾਰੀ ਉਮਰ ਪਹਿਰਾ ਦਿੱਤਾ। ਆਪ ਨੇ 37 ਸਾਲ ਅੱਡ-ਅੱਡ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ, ਸਮੇਂ-ਸਮੇਂ ਅਨੁਸਾਰ ਹਰ ਕਲਾਸ ਨੂੰ ਪੜ੍ਹਾਇਆ ਅਤੇ ਸਾਰੇ ਹੀ ਵਿਸ਼ੇ ਪੜ੍ਹਾਏ। ਇਸ ਤਰ੍ਹਾਂ ਆਪ ਵਿਦਿਆਰਥੀਆਂ ਦੀ ਉਸ ਉਮਰ ਵਿੱਚ ਰਹਿਨੁਮਾਈ ਕਰਦੇ ਰਹੇ ਜਦੋਂ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਕਰ ਰਹੇ ਹੁੰਦੇ ਸਨ। ਇਸ ਤਜਰਬੇ ਸਦਕਾ ਆਪ ਜਗਿਆਸੂਆਂ ਨੂੰ ਪਰਮਾਰਥ ਦਾ ਗੂੜ੍ਹ ਗਿਆਨ ਦੇਣ ਵਿੱਚ ਮੋਹਰੀ ਸਿੱਖ ਮਹਾਂਪੁਰਖਾਂ ਵਿੱਚੋਂ ਹਨ। ਜ਼ਿਕਰ-ਗ ਹੈ ਕਿ ਪਰਿਵਾਰ ਵਿੱਚ ਧਾਰਮਿਕ ਮਾਹੌਲ ਹੋਣ ਦੇ ਬਾਵਜੂਦ, ਸ਼ੁਰੂ ਵਿੱਚ ਆਪ ਦਾ ਪਰਮਾਰਥ ਵਾਲੇ ਪਾਸੇ ਬਹੁਤਾ ਝੁਕਾਓ ਨਹੀਂ ਸੀ। ਆਪਣੇ ਕਿਸੇ ਸੀਨੀਅਰ ਅਧਿਆਪਕ ਦੀ ਪ੍ਰੇਰਣਾ ਸਦਕਾ ਹੀ ਆਪ ਨੇ ਇਕੱਤੀ ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ। ਸਪਸ਼ਟ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਵੀ ਮਿਹਨਤਾਂ ਕਰਨੀਆਂ ਪੈਂਦੀਆਂ ਹਨ ਅਤੇ ਆਗਿਆਕਾਰੀ ਵਿੱਚ ਰਹਿਣਾ ਪੈਂਦਾ ਹੈ।
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ ਕਰਮਿ ਮਿਲੈ ਤਾਂ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥
ਆਪ ਸੰਗਤ ਦੇ ਇਸ ਭਰੋਸੇ ਨੂੰ ਪਰਪੱਕ ਕਰਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਲਈ ਦੱਸੇ ਸਤਿਗੁਰੂ ਸਾਹਿਬਾਨਾਂ ਸਣੇ ਸਾਰੇ ਬਾਣੀ-ਕਾਰਾਂ ਦਾ ਜਿਊਂਦਾ-ਜਾਗਦਾ ਸਰੂਪ ਹੈ। ਇਸਦੀ ਸਮੁੱਚੀ ਬਾਣੀ ਵਿੱਚ ਵਿਵੇਕਮਈ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਪਰਮਾਰਥੀ ਗਿਆਨ ਦਾ ਵਡਮੁੱਲਾ ਸ੍ਰੋਤ ਅਤੇ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਨੂੰ ਬਖਸ਼ੀ ਮਹਾਨ ਵਿਰਾਸਤ ਹੈ। ਪਰ ਇਸਦੇ ਡੂੰਘੇ ਪਰਮਾਰਥੀ ਭੇਦਾਂ ਦੀ ਸਹੀ ਸਮਝ ਤੋਂ ਬਗੈਰ ਅਸੀਂ ਇਸ ਤੋਂ ਫਾਇਦਾ ਨਹੀਂ ਉਠਾ ਸਕਦੇ। ਅਭਿਆਸੀ ਵਿਦਵਾਨ ਹੀ ਸਾਨੂੰ ਬਾਣੀ ਦੇ ਔਖੇ ਸ਼ਬਦਾਂ ਦੇ ਸਹੀ ਸ਼ਬਦਾਰਥ ਅਤੇ ਸਹੀ ਭਾਵਾਰਥ, ਬਾਣੀ ਦਾ ਸ਼ੁੱਧ ਉਚਾਰਣ ਅਤੇ ਇਸਦੇ ਗੂੜ੍ਹ-ਭੇਦ ਸਮਝਾ ਸਕਦੇ ਹਨ। ਆਮ ਭੁਲੇਖਾ ਇਹ ਹੈ ਕਿ ਸਾਨੂੰ ਆਪ ਬਾਣੀ ਪੜ੍ਹ ਕੇ ਆਪ ਹੀ ਸਮਝਣੀ ਚਾਹੀਦੀ ਹੈ, ਕਿਸੇ ਮਹਾਪੁਰਖ ਦੀ ਵਿਚੋਲਗਿਰੀ ਦੀ ਲੋੜ ਨਹੀਂ। ਪਰ ਗੁਰਬਾਣੀ ਦੇ ਡੂੰਘੇ ਪਰਮਾਰਥੀ ਭੇਦਾਂ ਨੂੰ ਸਮਝਣਾ ਦੁਨਿਆਵੀ ਵਿੱਦਿਆ-ਪ੍ਰਾਪਤੀ ਤਰ੍ਹਾਂ ਬੁੱਧੀ ਅਤੇ ਮਿਹਨਤ ਦਾ ਕੰਮ ਤਾਂ ਹੈ ਹੀ, ਅਤੇ ਨਾਲ ਹੀ ਇਹ ਨਿਰੰਤਰ ਸਾਧਨਾਂ ਰਾਹੀਂ ਸਰੀਰ ਅਤੇ ਮਨ ਨੂੰ ਡਸਿਪਲਨ ਵਿੱਚ ਰੱਖਣ ਦੀ ਕਲਾ ਵੀ ਹੈ। ਕਲਾ ਹਮੇਸ਼ਾ ਅਭਿਆਸ ਨਾਲ ਸਿੱਖਣੀ ਅਤੇ ਪਰਪੱਕ ਕਰਨੀ ਪੈਂਦੀ ਹੈ। ਇਹ ਠੀਕ ਹੈ ਕਿ ਪਰਮਾਰਥ ਦੇ ਸਭ ਸਿਧਾਂਤ ਪਰਮਾਤਮਾ ਨੇ ਪਹਿਲਾਂ ਹੀ ਸਿਰਜੇ ਹੋਏ ਹਨ, ਪਰ ਇਨ੍ਹਾਂ ਦੀ ਸਮਝ ਕੋਈ ਜਾਣਕਾਰ ਮਹਾਪੁਰਖ ਹੀ ਸਾਨੂੰ ਦੇ ਸਕਦਾ ਹੈ ਅਤੇ ਇਨ੍ਹਾਂ ’ਤੇ ਅਮਲ ਉਸ ਦੀ ਸਖ਼ਤ ਨਿਗਰਾਨੀ ਵਿੱਚ ਹੀ ਕੀਤਾ ਜਾ ਸਕਦਾ ਹੈ।
“ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ”
ਆਪਣੇ ਜੀਵਨ ਵਿੱਚ ਅਭਿਆਸ ਕਰ ਕੇ ਅਤੇ ਹਰ ਪੱਖ ਤੋਂ ਸਵੱਛ ਜੀਵਨ ਜਿਉਂ ਕੇ ਆਪ ਆਪਣੇ ਸੇਵਕਾਂ ਲਈ ਰੋਲ-ਮਾਡਲ ਬਣੇ ਹੋਏ ਹਨ। ਆਪ ਸਮਝਾਉਂਦੇ ਹਨ ਕਿ ਮਹਾਂਪੁਰਖ ਸਾਡੇ ਪਰਮਾਰਥੀ ਕੰਮ ਨਹੀਂ ਕਰਦੇ, ਬਲਕਿ ਸਾਨੂੰ ਆਪਣੇ ਕੰਮ ਆਪ ਕਰਨਾ ਸਿਖਾਉਂਦੇ ਹਨ। ਆਪ ਇਸ ਗੱਲ ਨੂੰ ਬਹੁਤ ਕੋਰੇ ਹੋ ਕੇ ਸਮਝਾਉਂਦੇ ਹਨ ਕਿ ਮਹਾਂਪੁਰਖਾਂ ਦਾ ਕੰਮ ਗਾਈਡੈਂਸ ਦੇਣੀ ਅਤੇ ਸਰਪ੍ਰਸਤੀ ਕਰਨਾ ਹੁੰਦਾ ਹੈ ਪਰ ਅਭਿਆਸ ਸਭ ਨੇ ਆਪੋ-ਆਪਣਾ ਕਰਨਾ ਹੈ। ਘਾਲਣਾ ਅਤੇ ਮੁਸ਼ੱਕਤ ਨਾਲ ਪ੍ਰਾਪਤ ਕੀਤੀ ਆਪ ਜੀ ਦੀ ਆਤਮਿਕ ਅਵਸਥਾ ਨੂੰ ਦੇਖ ਕੇ ਅਸੀਂ ਆਮ ਕਰ ਕੇ ਉਨ੍ਹਾਂ ਦੀ ਜ਼ੁਬਾਨੀ ਸਿਫਤ-ਸਲਾਹ ਨੂੰ ਹੀ ਭਗਤੀ ਸਮਝ ਬੈਠਦੇ ਹਾਂ। ਸ਼ਾਇਦ ਇਸ ਗ਼ਰਜ਼ ਨਾਲ ਕਿ ਉਹ ਸਾਡੇ ਹਿੱਸੇ ਦਾ ਅਭਿਆਸ ਵੀ ਕਰ ਦੇਣਗੇ ਅਤੇ ਸਾਨੂੰ ਇਸਦਾ ਕੋਈ ਲਾਭ ਹੋਵੇਗਾ। ਪਰ ਸਾਡੀ ਇਹ ਸੋਚ ਨਿਰਮੂਲ ਹੈ ਅਤੇ ਆਪ ਸਾਡੀ ਇਸ ਚਤੁਰਾਈ ਨੂੰ ਨਕਾਰਦੇ ਹਨ ਅਤੇ ਸਾਨੂੰ ਆਪੋ-ਆਪਣਾ ਅਭਿਆਸ ਕਰਨ ਲਈ ਪ੍ਰੇਰਦੇ ਹਨ।
“ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ।”
ਆਮ ਕਰ ਕੇ ਅਸੀਂ ਆਪਣੇ ਮਨ-ਮੱਤੀ ਭੁਲੇਖਿਆਂ ਅਤੇ ਮਾਨਸਿਕ ਕਮਜ਼ੋਰੀਆਂ ਕਰ ਕੇ ਆਪਣੇ ਕੁਦਰਤੀ ਗੁਣਾਂ ਨੂੰ ਜਾਗ੍ਰਿਤ ਨਹੀਂ ਕਰ ਸਕਦੇ। ਪਰ ਜਦੋਂ ਸਾਡੇ ਵਰਗਾ ਕੋਈ ਇਨਸਾਨ ਸਾਡੇ ਵਾਂਗ ਆਪਣੀਆਂ ਕਬੀਲਦਾਰੀਆਂ ਨਜਿੱਠਦਾ ਹੋਇਆ ਅਤੇ ਇਸ ਜੀਵਨ ਦੇ ਦੁੱਖ-ਸੁਖ ਜਰਦਾ ਹੋਇਆ ਆਪਣੀ ਦ੍ਰਿੜ੍ਹਤਾ ਅਤੇ ਅਭਿਆਸ ਦੇ ਸਿਰ ’ਤੇ ਕੋਈ ਜ਼ਿਕਰਯੋਗ ਪ੍ਰਾਪਤੀ ਕਰਦਾ ਹੈ ਤਾਂ ਅਸੀਂ ਵੱਧ ਉਤਸ਼ਾਹਿਤ ਹੁੰਦੇ ਹਾਂ। ਬਾਬਾ ਜੀ ਦੇ ਉਤਸ਼ਾਹ ਅਤੇ ਸੇਧ ਸਦਕਾ ਬੀਬੀ ਬਲਜਿੰਦਰ ਕੌਰ ਵੱਲੋਂ ਕੀਤਾ ਇਸ ਤਰ੍ਹਾਂ ਦਾ ਇੱਕ ਕੰਮ ਸਾਡੇ ਸਭ ਲਈ ਉਦਾਹਰਣ ਹੈ। ਆਪ (ਬਾਬਾ) ਜੀ ਦੇ ਦੱਸਣ ਮੁਤਾਬਿਕ ਭਾਈ ਕਾਹਨ ਸਿੰਘ ਜੀ ਨਾਭਾ ਦੇ ਪਿਤਾ ਜੀ ਸੰਤ ਨਰਾਇਣ ਸਿੰਘ ਜੀ ਇੱਕ ਬੈਠਕ ਵਿੱਚ ਹੀ ਅਖੰਡਪਾਠ ਦਾ ਪਾਠ ਕਰ ਦਿੰਦੇ ਸਨ ਅਤੇ ਜੀਵਨ ਵਿੱਚ ਉਨ੍ਹਾਂ ਨੇ ਇੱਕੋ-ਬੈਠਕ ਦੇ ਸੈਂਕੜੇ ਅਖੰਠਪਾਠ ਕੀਤੇ ਸਨ। ਆਪ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਜੇ ਉਹ ਇੰਨੇ ਪਾਠ ਕਰ ਸਕਦੇ ਹਨ ਤਾਂ ਕਿਉਂ ਨਾ ਖ਼ੁਦ ਇਸ ਕੰਮ ਲਈ ਉਪਰਾਲਾ ਕੀਤਾ ਜਾਵੇ ਅਤੇ ਸੰਗਤ ਨਾਲ ਇਹ ਗੱਲ ਸਾਂਝੀ ਕੀਤੀ। ਬੀਬੀ ਬਲਜਿੰਦਰ ਕੌਰ ’ਤੇ ਸਤਿਗੁਰੂ ਦੀ ਅਜਿਹੀ ਮਿਹਰ ਰਹੀ ਕਿ ਉਹ ਇਕੱਲੇ ਹੀ ਇੱਕ ਬੈਠਕ ਵਿੱਚ ਪੂਰਾ ਅਖੰਡ-ਪਾਠ ਕਰਨ ਲੱਗ ਪਏ। ਪਿਛਲੇ 10-12 ਸਾਲ ਵਿੱਚ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਇੱਕੋ ਬੈਠਕ ਦੇ 350 ਤੋਂ ਵੱਧ ਅਖੰਡ ਪਾਠ ਕੀਤੇ ਹਨ। ਸ਼ੁਰੂ ਵਿੱਚ ਸਰੀਰ ਪੱਖੋਂ ਅਤੇ ਮਨ ਪੱਖੋਂ, ਦੋਨੋ ਕਿਸਮ ਦੀਆਂ ਮੁਸ਼ਕਿਲਾਂ ਆਈਆਂ, ਪਰ ਹਰ ਇੱਕ ਅਖੰਡਪਾਠ ਦੀ ਸਮਾਪਤੀ ਨਾਲ ਆਪ ਦਾ ਹੌਸਲਾ ਵੀ ਵਧਦਾ ਰਿਹਾ ਅਤੇ ਅਕਾਲ ਪੁਰਖ ਦੀ ਮਿਹਰ ਵੀ ਵਧਦੀ ਰਹੀ।
“ਸੋ ਚੇਤੇ ਜਿਸੁ ਆਪਿ ਚੇਤਾਇ॥ ਗੁਰ ਕੈ ਸਬਦਿ ਵਸੈ ਮਨਿ ਆਇ॥”
ਬਾਬਾ ਜੀ ਗੁਰਮੱਤ ਦੀਆਂ ਤਿੰਨ ਮੂਲ ਸਿੱਖਿਆਵਾਂ ’ਤੇ ਪੂਰੇ ਤਨ-ਮਨ ਨਾਲ ਪਹਿਰਾ ਦੇਣਾ ਜ਼ਰੂਰੀ ਕਰਾਰ ਦਿੰਦੇ ਹਨ:
* ਗੁਰਮੱਤ ਦੀਆਂ ਸਿੱਖਿਆਵਾਂ ਦੀ ਅੱਜ ਦੇ ਸਾਇੰਸੀ ਪਰਿਪੇਖ ਵਿੱਚ ਖੁੱਲ੍ਹੇ ਮਨ ਨਾਲ ਵਿਆਖਿਆ ਕਰਨੀ।
* ਦੱਸੀਆਂ ਵਿਧੀਆਂ ਨਾਲ ਪੂਰਾ ਅਭਿਆਸ ਕਰਨਾ।
* ਸ਼ੁਭ ਕਰਮ ਕਰਨੇ, ਇਸ ਸੰਬੰਧ ਵਿੱਚ ਉਨ੍ਹਾਂ ਦੀ ਪਾਲਿਸੀ ‘ਜ਼ੀਰੋ-ਟੌਲਰੈਂਸ’ ਦੀ ਹੈ। “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥”
ਇਹ ਤਿੰਨੇ ਕੰਮ ਇੱਕ-ਦੂਜੇ ਦੇ ਪਰਿਪੂਰਕ ਹਨ। ਇੱਕ ’ਤੇ ਕਾਰਵਾਈ ਦੂਸਰੇ ਵਿੱਚ ਮਦਦਗਾਰ ਹੁੰਦੀ ਹੈ ਪਰ ਇੱਕ ਵਿੱਚ ਕੁਤਾਹੀ ਦੂਸਰੇ ਵਿੱਚ ਬੜੀ ਵੱਡੀ ਰੁਕਾਵਟ ਬਣ ਜਾਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5151)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.