“ਇਸ ਲੁੱਟ ਤੋਂ ਬਚਣ ਵਾਸਤੇ ਪਰਹੇਜ਼, ਸੰਤੁਲਨ ਅਤੇ ਸੰਜਮ ਹੀ ਇੱਕ ਕਾਰਗਰ ਤਰੀਕਾ ਹੈ, ਜੋ ਸਭ ਨੇ ...”
(18 ਜੁਲਾਈ 2022)
ਮਹਿਮਾਨ: 425.
ਬੇ-ਧਿਆਨੀ ਨਾਲ ਦੇਖਿਆਂ ‘ਧਿਆਨ’ ਇੱਕ ਸਧਾਰਨ ਸ਼ਬਦ ਲਗਦਾ ਹੈ ਕਿਉਂਕਿ ਇਹ ਬਹੁਤ ਪਰਚੱਲਤ ਹੈ। ਪਰ ਧਿਆਨ ਨਾਲ ਵਿਚਾਰਿਆਂ ਸਮਝ ਆਉਂਦੀ ਹੈ ਕਿ ਇਹ ਇੱਕ ਗੂੜ੍ਹ ਅਤੇ ਅਰਥ-ਭਰਪੂਰ ਸ਼ਬਦ ਹੈ। ਇਸਦਾ ਅਰਥ ਹੈ: ਇਕਾਗਰਤਾ, ਗੌਰ, ਲਿਵਲੀਨਤਾ, ਨੀਝ ਜਾਂ ਤਸੱਵਰ। ਅੰਗਰੇਜ਼ੀ ਵਿੱਚ ਇਸਦੇ ਢੁਕਵੇਂ ਅਨੁਵਾਦ ਹਨ: ਅਟੈਂਸ਼ਨ ਜਾਂ ਕਨਸੈਂਟਰੇਸ਼ਨ। ਸੰਸਾਰ ਦੇ ਹੁਣ ਤਕ ਹੋਏ ਸਰਬ-ਪੱਖੀ ਵਿਕਾਸ ਵਿੱਚ ਧਿਆਨ ਇੱਕ ਮੁੱਖ ਅਤੇ ਜ਼ਰੂਰੀ ਅੰਗ ਰਿਹਾ ਹੈ; ਇਹ ਭਾਵੇਂ ਕਿਸੇ ਸਿਧਾਂਤ ਦੀ ਸਿਰਜਣਾ ਹੋਵੇ ਭਾਵੇਂ ਕਿਸੇ ਮਸ਼ੀਨਰੀ ਦੀ ਕਾਢ। ਇਹ ਸੁਚੇਤ ਢੰਗ ਨਾਲ, ਮਨ ਦੇ ਵਿਚਾਰਾਂ ਅਤੇ ਦਰ-ਪੇਸ਼ ਕੰਮਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ, ਉਸ ’ਤੇ ਚੇਤਨਾ ਨੂੰ ਕੇਂਦ੍ਰਿਤ ਕਰਨਾ ਹੈ। ਸੁਚੇਤ ਹੋ ਕੇ ਚੇਤਨਾ ਨੂੰ ਕੇਂਦ੍ਰਿਤ ਕਰਨ, ਧਿਆਨ-ਭੰਗ ਕਰਨ ਵਾਲ਼ੇ ਬਾਹਰੀ ਮਾਹੌਲ ਤੋਂ ਨਿਰਲੇਪਤਾ ਅਤੇ ਇਕਾਗਰਤਾ, ਧਿਆਨ ਦੇ ਸਾਰ-ਤੱਤ ਹਨ। ਇਹ ਕਿਸੇ ਬਾਹਰੀ ਮੁੱਦੇ ’ਤੇ ਵੀ ਇਕਾਗਰ ਹੋ ਸਕਦਾ ਹੈ ਅਤੇ ਕਿਸੇ ਅੰਦਰੂਨੀ ਵਿਚਾਰ ’ਤੇ ਵੀ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਇਸਦੀ ਪਰਿਭਾਸ਼ਾ ‘ਸਭ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ’ਤੇ ਟਿਕਾਉਣਾ ਹੈ। ਧਿਆਨ ਸਾਡੀ ਐਸੀ ‘ਮਾਨਸਿਕ ਸੰਪਤੀ’ ਹੈ ਜਿਹੜੀ ਸੀਮਤ ਅਤੇ ਬਹੁ-ਮੁੱਲੀ ਹੈ ਅਤੇ ਹਰ ਇਨਸਾਨ ਕੋਲ਼ ਇਸਦੀ ਮਾਤਰਾ ਅੱਡ-ਅੱਡ ਹੈ। ਇਸਦਾ ਵਿਕਾਸ ਅਤੇ ਵਿਨਾਸ ਹੋ ਸਕਦਾ ਹੈ ਅਤੇ ਇਸਦੀ ਸਦ-ਵਰਤੋਂ ਜਾਂ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸ ਇਕਾਗਰਤਾ ਦੀ ਸਭ ਤੋਂ ਵਿਹਾਰਕ ਅਤੇ ਪਰਚੱਲਤ ਉਦਾਹਰਣ, ਲੈਂਜ ਨਾਲ ਸੂਰਜ ਦੀਆਂ ਕਿਰਨਾਂ ਇਕੱਠੀਆਂ ਕਰ ਕੇ ਕਾਗਜ਼ ਨੂੰ ਅੱਗ ਲਾਉਣੀ ਹੈ। ਇਸ ਲੇਖ ਵਿੱਚ ਧਿਆਨ ਦਾ ਅਰਥ ਅਟੈਂਸ਼ਨ (Attention) ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਕੋਈ ਪਦਾਰਥਕ ਵਸਤੂ ਨਹੀਂ, ਤਾਂ ਇਸਦੀ ਲੁੱਟ ਕਿਵੇਂ ਹੋ ਸਕਦੀ ਹੈ? ਪਰ ਇਹ ਹੋ ਰਹੀ ਹੈ ਅਤੇ ਇਸ ਹੱਦ ਤਕ ਹੋ ਰਹੀ ਹੈ ਕਿ ਇਹ ਸਾਡੇ ਨਿੱਜੀ, ਪਰਿਵਾਰਕ ਅਤੇ ਸਮਾਜਕ ਜੀਵਨ ਤੋਂ ਲੈ ਕੇ ਮਨੁੱਖਤਾ ਦੀ ਹੋਂਦ ਤਕ ਖਤਰਾ ਬਣ ਗਈ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਸਮੁੱਚੇ ਸੰਸਾਰ ਵਿੱਚ, ਸਾਡੇ ਧਿਆਨ (ਅਟੈਂਸ਼ਨ) ਦੀ ਹੋ ਰਹੀ ਲੁੱਟ ਅੱਜ 12 ਲੱਖ ਕਰੋੜ ਰੁਪਏ ਸਾਲਾਨਾ ਦਾ ਵਪਾਰ ਬਣਿਆ ਹੋਇਆ ਹੈ। ਇਸ ਨਾਲ ਜੁੜੀਆਂ ਕੰਪਨੀਆਂ ਇਕੱਲੀਆਂ-ਇਕੱਲੀਆਂ ਅਤੇ ਆਪਸ ਵਿੱਚ ਰਲ਼ ਕੇ ਸਾਡੇ ਧਿਆਨ ਰੂਪੀ ਖ਼ਜ਼ਾਨੇ ਨੂੰ ਲੁੱਟ ਰਹੀਆਂ ਹਨ। ਅਤੇ ਇਹ ਸਭ ਦਿਨ-ਦਿਹਾੜੇ, ਧੱਕੇ ਨਾਲ ਅਤੇ ਬਗੈਰ ਸਰਕਾਰਾਂ ਦੇ ਡਰ ਤੋਂ ਕਰ ਰਹੀਆਂ ਹਨ। ਇਸ ਸਬੰਧ ਵਿੱਚ ਹਰ ਦੇਸ਼ ਦੇ ਕਾਨੂੰਨ ਲਾਚਾਰ ਅਤੇ ਸਾਹ-ਸੱਤ ਹੀਣ ਹਨ। ਇਸਦਾ ਇੱਕ ਮੁੱਖ ਕਾਰਨ ਇਹ ਹੈ ਕਿ ਦੇਸ਼ ਇੱਕ ਇਕਾਈ ਹੁੰਦਾ ਹੈ ਜਦੋਂ ਕਿ ਇਹ ਕੰਪਨੀਆਂ ਬਹੁ-ਦੇਸੀ ਹੁੰਦੀਆਂ ਹਨ। ਦੂਜਾ, ਇੰਨਾ ਹੀ ਵੱਡਾ ਪਰ ਗੁਪਤ ਕਾਰਨ ਇਹ ਕਿ ਇਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀਆਂ ਜ਼ਿੰਮੇਵਾਰ ਹਸਤੀਆਂ ਵਿੱਚੋਂ ਕੁਛ ਇਨ੍ਹਾਂ ਕੰਪਨੀਆਂ ਵੱਲੋਂ ਕਾਣੀਆਂ ਕੀਤੀਆਂ ਹੁੰਦੀਆਂ ਹਨ।
ਸਾਡੇ ਧਿਆਨ ਦੀ ਲੁੱਟ ਨੂੰ 21ਵੀਂ ਸਦੀ ਦੇ ਸ਼ੁਰੂ ਵਿੱਚ ਉਸ ਵਕਤ ਹੋਰ ਬਲ ਮਿਲਿਆ ਜਦੋਂ ਇਸ਼ਤਿਹਾਰਬਾਜ਼ੀ, ਮਨ-ਪਰਚਾਵੇ ਅਤੇ ਜਾਣਕਾਰੀ (ਇਨਫਾਰਮੇਸ਼ਨ) ਦੇ ਤਿੰਨੇ ਖੇਤਰ, ਡਿਜਿਟਲ ਮੀਡੀਆ ਨੇ ਆਪਣੇ ਹੱਥ ਵਿੱਚ ਕਰ ਲਏ। ਇਸ ਨਾਲ ਇਨ੍ਹਾਂ ਸਭ ਦਾ ਰੂਪ-ਸਰੂਪ ਵੀ ਬਦਲ ਗਿਆ ਅਤੇ ਇਨ੍ਹਾਂ ਤਿੰਨਾਂ ਦੀ ਐਸੀ ਜੁੰਡਲ਼ੀ ਵੀ ਬਣ ਗਈ ਜੋ ਕਿਸੇ ਦੇ ਕਾਬੂ ਵਿੱਚ ਨਹੀਂ ਰਹੀ। ਇਸ ਵਪਾਰ ਉੱਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਕਬਜ਼ਾ ਕਰ ਲਿਆ ਹੈ ਜਿਨ੍ਹਾਂ ਵਾਸਤੇ ਨੈਤਿਕ ਕਦਰਾਂ-ਕੀਮਤਾਂ ਕੋਈ ਅਰਥ ਨਹੀਂ ਰੱਖਦੀਆਂ ਅਤੇ ਮਨੁੱਖਤਾ ਅਤੇ ਸੰਸਾਰ ਦੇ ਵਾਤਾਵਰਣ ਦਾ ਕੋਈ ਦਰਦ ਨਹੀਂ। ਆਪਣੇ ਮੰਤਵ ਦੀ ਪ੍ਰਾਪਤੀ ਵਾਸਤੇ ਇਹ ਅਨੇਕਾਂ ਕਿਸਮ ਦੇ ਕੋਝੇ ਢੰਗ ਵਰਤ ਰਹੀਆਂ ਹਨ, ਜੋ ਸਾਡੀ ਸਮਝ ਵਿੱਚ ਨਹੀਂ ਆ ਸਕਦੇ। ਪਰ ਸਾਡੇ ਧਿਆਨ ਨੂੰ ਖਿੱਚਣ ਦਾ ਇਨ੍ਹਾਂ ਦਾ ਇੱਕ ਮੁੱਖ ਢੰਗ ਜਮਾਂਦਰੂ ਅਤੇ ਸੁਭਾਵਕ ਮਨੁੱਖੀ ਕਮਜ਼ੋਰੀਆਂ ਦਾ ਸ਼ੋਸ਼ਣ ਕਰਨਾ ਹੈ। ਜਿੰਨੀਆਂ ਖੋਜਾਂ ਇਹ ਕੰਪਨੀਆਂ ਤਕਨਾਲੋਜੀ ’ਤੇ ਕਰਦੀਆਂ ਹਨ, ਓਨੀਆਂ ਹੀ ਮਨੋ-ਵਿਗਿਆਨ, ਸਮਾਜਿਕ ਮਨੋ-ਵਿਗਿਆਨ, ਸਰਕਾਰੀ ਕਾਨੂੰਨਾਂ, ਸਮਾਜਿਕ ਅਤੇ ਅਰਥ-ਵਿਵਸਥਾ ਅਤੇ ਹੋਰ ਸਬੰਧਿਤ ਵਿਸ਼ਿਆਂ ’ਤੇ ਕਰਦੀਆਂ ਹਨ। ਇਨ੍ਹਾਂ ਵੱਲੋਂ ਬਣਾਏ ਸੋਸ਼ਲ ਮੀਡਿਆ ਨੇ ਸਾਡੇ ਵਿਹਾਰ ਨੂੰ ਇਸ ਤਰ੍ਹਾਂ ‘ਕੰਡੀਸ਼ਨ’ ਕਰ ਦਿੱਤਾ ਹੈ ਕਿ ਅਸੀਂ ਇਨ੍ਹਾਂ ਕੰਪਨੀਆਂ ਦੇ ‘ਹੱਥ ਪੈ ਗਏ ਹਾਂ।’ ਮਨੁੱਖ ਦੀਆਂ ਸਭ ਕਮਜ਼ੋਰੀਆਂ ਅਤੇ ਮਜਬੂਰੀਆਂ ਨੂੰ ਸਮਝ ਕੇ ਸੋਸ਼ਲ ਮੀਡੀਆ ’ਤੇ ਅਜਿਹੇ ਐਡਿਕਟਿਵ, ਲੁਭਾਉਣੇ ਅਤੇ ਉਕਸਾਊ ਪ੍ਰੋਗਰਾਮ ਪਾਉਂਦੀਆਂ ਹਨ, ਜਿਨ੍ਹਾਂ ਵਲ ਧਿਆਨ ਖਿੱਚਿਆ ਜਾਣਾ ਸੁਭਾਵਿਕ ਹੈ। ‘ਸੈਂਟਰ ਫਾਰ ਹਿਉਮੇਅਨ ਤਕਨਾਲੋਜੀ’ ਦੇ ਬਾਨੀ ਪ੍ਰਸਿੱਧ ਸੁਧਾਰਵਾਦੀ ‘ਟ੍ਰਿਸਟਨ ਹੈਰਿਸ’ ਦੱਸਦੇ ਹਨ ਕਿ ਵਧੀਆ ਕੰਟਰੋਲ-ਰੂਮਾਂ ਵਿੱਚ ਬੈਠੇ ਸੌ ਕੁ ਬੰਦੇ ਹੀ, ਦੁਨੀਆਂ ਦੇ ਸੈਂਕੜੇ ਕਰੋੜਾਂ ਬੰਦਿਆਂ ਦੇ ਧਿਆਨ ਅਤੇ ਮਨੋ-ਭਾਵਾਂ ਨੂੰ ਭਟਕਾਅ ਰਹੇ ਹਨ। ਇਹ ਗੱਲ ਸ਼ਾਇਦ ਖਿਆਲੀ ਲਗਦੀ ਹੋਵੇ; ਪਰ ਨਹੀਂ। ਉਸ ਦਾ ਕਹਿਣਾ ਹੈ ਕਿ “ਮੈਂ ਖੁਦ ਇਸ ਤਰ੍ਹਾਂ ਦੇ ਕੰਟਰੋਲ-ਰੂਮਾਂ ਵਿੱਚ ਕੰਮ ਕੀਤਾ ਹੈ।” ਇਹ ਸਾਡਾ ਧਿਆਨ ਖਿੱਚ ਨਹੀਂ ਬਲਕਿ ਸੜ੍ਹਾਕ ਰਹੀਆਂ ਹਨ। ਫਿਰ ਵੀ ਆਸ਼ਾਜਨਕ ਗੱਲ ਇਹ ਹੈ ਕਿ ਇਨਸਾਨੀ ਬੁੱਧ-ਵਿਵੇਕ ਅਤੇ ਦ੍ਰਿੜ੍ਹਤਾ ਦੇ ਗੁਣਾਂ ਨੂੰ ਵਰਤ ਕੇ ਅਸੀਂ ਇਸ ਗ਼ਲਤ ਲੀਹ ਵਿੱਚੋਂ ਬਾਹਰ ਨਿਕਲ਼ ਸਕਦੇ ਹਾਂ।
ਅਸੀਂ ਆਪਣੇ ਧਿਆਨ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ, ਪਰ ਸੰਸਾਰ ਭਰ ਦੀਆਂ ਡਿਜਿਟਲ ਕੰਪਨੀਆਂ ਵਾਸਤੇ ਇਹ ਇੱਕ ਕੀਮਤੀ ਵਸਤੂ ਬਣ ਚੁੱਕੀ ਹੈ। ਇਸਦਾ ਕਾਰਨ ਇਹ ਹੈ ਕਿ ਬੇਲੋੜੀਆਂ ਖੋਜਾਂ ਕਰ-ਕਰ ਕੇ ਇਹ ਕੰਪਨੀਆਂ, ਬੇ-ਥਾਹ ਜਾਣਕਾਰੀ (ਇਨਫਾਰਮੇਸ਼ਨ) ਪੈਦਾ ਕਰੀ ਜਾ ਰਹੀਆਂ ਹਨ ਅਤੇ ਉਸ ਦੀ ‘ਖਪਤ’ ਵਾਸਤੇ ਇਨ੍ਹਾਂ ਨੂੰ ਸਾਡੇ ਧਿਆਨ ਦੀ ਲੋੜ ਹੈ। ਕੰਪਨੀਆਂ ਜਾਣਦੀਆਂ ਵੀ ਹਨ ਕਿ ਜਾਣਕਾਰੀ ਨੂੰ ਸਮੋ ਸਕਣ ਦੀ ਮਨੁੱਖੀ ਧਿਆਨ ਦੀ ਸਮਰੱਥਾ ਸੀਮਤ ਹੈ ਅਤੇ ਉਸ ਨੇ ਇਹ ਧਿਆਨ ਜੀਵਨ ਦੇ ਹੋਰ ਜ਼ਰੂਰੀ ਕੰਮਾਂ ’ਤੇ ਵੀ ਵਰਤਣਾ ਹੈ। ਫਿਰ ਵੀ ਉਹ ਆਪਣੀ ਕਮਾਈ ਵਾਸਤੇ ਜਾਣਕਾਰੀ ਵਿੱਚ ਬੇਲੋੜਾ ਵਾਧਾ ਕਰੀ ਜਾ ਰਹੀਆਂ ਹਨ ਕਿਉਂਕਿ ਉਹ ਨਾਲ-ਨਾਲ ਸਾਡੇ ਧਿਆਨ ਨੂੰ ਭਟਕਾਉਣ ਅਤੇ ਆਪਣੇ ਵਲ ਖਿੱਚਣ ਦੇ ਢੰਗ ਵੀ ਲੱਭਦੀਆਂ ਰਹਿੰਦੀਆਂ ਹਨ। ਇਸੇ ਕਰ ਕੇ ਅੱਜ ਇਹ ਕੰਪਨੀਆਂ ਧਿਆਨ-ਵਿਵਸਥਾ ਨੂੰ, ਅਰਥ-ਵਿਵਸਥਾ ਦੀਆਂ ਲੀਹਾਂ ’ਤੇ ਚਲਾ ਰਹੀਆਂ ਹਨ ਜਿਹੜੀ ਕਿ ਮੌਜੂਦਾ ਕੈਪੀਟਲ-ਸਿਸਟਮ ਦੀ ਇੱਕ ਨਵੀਂ ਉਪ-ਸ਼ਾਖਾ ਹੈ। ਕਿੰਨੇ ਅਫਸੋਸ ਦੀ ਗੱਲ ਹੈ ਕਿ ਸਾਡੇ ਧਿਆਨ ਦੇ ਮੁੱਲ ਦੀ ਸੀਮਾ ਇਨ੍ਹਾਂ ਕੰਪਨੀਆਂ ਨੇ ਸਾਡੀਆਂ ਪਸ਼ੂ-ਵਿਰਤੀਆਂ ਨੂੰ ਉਤੇਜਿਤ ਕਰ ਕੇ ਉਨ੍ਹਾਂ ਦੀ ਸੰਤੁਸ਼ਟੀ ਕਰਨ ਤਕ ਮੁਕੱਰਰ ਕਰ ਦਿੱਤੀ ਹੈ। ਉਨ੍ਹਾਂ ਦਾ ਮੰਤਵ ਪੂਰਾ ਹੋ ਰਿਹਾ ਹੈ, ਸੋਚ-ਵਿਚਾਰ ਅਤੇ ਸਿਆਣਪ ਕਰਨ ਦੀ ਲੋੜ ਤਾਂ ਸਾਨੂੰ ਹੈ।
ਸੋਸ਼ਲ ਮੀਡੀਆ ਰਾਹੀਂ ਇਹ ਕੰਪਨੀਆਂ ਕਿਵੇਂ ਕਮਾਈ ਕਰ ਰਹੀਆਂ ਹਨ ਇਹ ਸਮਝਣ ਵਾਸਤੇ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਵੈੱਬਸਾਈਟ ਜਾਂ ਐਪ ਨੂੰ ਖੋਲ੍ਹਦੇ ਹਾਂ ਤਾਂ ਉਸ ਦੀ ਮਾਲਕ ਕੰਪਨੀ ਵਾਸਤੇ ਵੋਟ ਪਾ ਰਹੇ ਹੁੰਦੇ ਹਾਂ। ਇਹ ਸਾਈਟਾਂ ਇਸ ਤਰ੍ਹਾਂ ਬਣਾਈਆਂ ਹੁੰਦੀਆਂ ਹਨ ਕਿ ਅਸੀਂ ਇੱਕ ਤੋਂ ਬਾਅਦ ਦੂਜੀ, ਫਿਰ ਤੀਜੀ ਨੂੰ ਸੁੱਤੇਸਿੱਧ ਟਿੱਕ ਕਰਦੇ ਰਹਿੰਦੇ ਹਾਂ। ਇਹ ਸਭ ਉਨ੍ਹਾਂ ਦੀਆਂ ਵੋਟਾਂ ਹਨ ਅਤੇ ਜਿੰਨੀਆਂ ਵੱਧ ਕਿਸੇ ਕੰਪਨੀ ਦੀਆਂ ਵੋਟਾਂ, ਓਨਾ ਹੀ ਉਹ ਆਪਣੀ ਇਸ਼ਤਿਹਾਰਬਾਜ਼ੀ ਦਾ ਰੇਟ ਵਧਾਈ ਜਾਂਦੀ ਹੈ। ਇਹ ਕੁਛ ਉਸੇ ਤਰ੍ਹਾਂ ਹੈ ਜਿਵੇਂ ਰਾਜਸੀ ਲੀਡਰ ਲਾਲਚ ਦੇ ਕੇ ਜਨਤਾ ਤੋਂ ਵੋਟਾਂ ਲੈਂਦੇ ਹਨ। ਫਿਰ ਸੱਤਾ ਵਿੱਚ ਆ ਕੇ ਹੋਰ ਮਾਇਆ ਅਤੇ ਤਾਕਤ ਇਕੱਠੀ ਕਰ ਕੇ ਅਗਲੀਆਂ ਵੋਟਾਂ ਵਿੱਚ ਹੋਰ ਲਾਲਚ ਦਿੰਦੇ ਹਨ।
ਸੋਸ਼ਲ ਮੀਡੀਆ ਦਾ ਆਧਾਰ ਸਾਡਾ ਧਿਆਨ ਹੈ ਜਿਸ ਨੂੰ ਖਿੱਚਣ ਵਾਸਤੇ ਕੰਪਨੀਆਂ ਇਹ ਚਾਲਾਂ ਚੱਲ ਰਹੀਆਂ ਹਨ। ਸਾਡਾ ਧਿਆਨ ਸੀਮਤ ਹੋਣ ਕਰ ਕੇ ਥੋੜ੍ਹੇ ਚਿਰ ਵਾਸਤੇ ਇਕਾਗਰ ਰਹਿ ਸਕਦਾ ਹੈ ਅਤੇ ਉਹ ਵੀ ਕਿਸੇ ਇੱਕ ਮੁੱਦੇ ’ਤੇ। ਸਪਸ਼ਟ ਹੈ ਕਿ ਜਿਹੜਾ ਵੀ ਧਿਆਨ ਅਸੀਂ ਸੋਸ਼ਲ ਮੀਡੀਆ ਨੂੰ ਦਿੰਦੇ ਹਾਂ ਉਹ ਕਿਸੇ ਹੋਰ ਕੰਮ ਦੀ ਕੀਮਤ ਤੇ ਦਿੰਦੇ ਹਾਂ। ਨਾਲ ਹੀ ਵਿਚਾਰਨ ਵਾਲੀ ਅਹਿਮ ਗੱਲ ਇਹ ਹੈ ਕਿ ਸੁਭਾਵਕ ਤੌਰ ’ਤੇ ਸਾਡੇ ਧਿਆਨ ਦੀ ਪ੍ਰਵਿਰਤੀ ਚਲਾਇਮਾਨ (ਅਸਥਾਈ) ਹੋਣ ਕਰ ਕੇ, ਇਸ ਨੂੰ ਇਕਾਗਰ ਕਰਨ ਵਿੱਚ ਅਸੀਂ ਪਹਿਲਾਂ ਹੀ ਅਸਮਰੱਥ ਹਾਂ; ਉੱਪਰੋਂ ਕੰਪਨੀਆਂ ਵੱਲੋਂ ਇਸ ਨੂੰ ਭਟਕਾਉਣ ਵਾਸਤੇ ਲਗਾਤਾਰ ਸ਼ਾਤਰ ਮਨਸੂਬੇ ਬਣਾਏ ਜਾਂਦੇ ਰਹਿੰਦੇ ਹਨ। ਸਾਡੇ ਤੇ ‘ਇੱਕ ਕਮਲ਼ੀ ਤੇ ਦੂਜੇ ਪੈ ਗਈ ਸਿਵਿਆਂ ਦੇ ਰਾਹ’ ਦਾ ਅਖਾਣ ਪੂਰਾ ਢੁਕਦਾ ਹੈ। ਇਸ ਵਿਚਾਰ ਤੋਂ ਭਾਵ ਇਹ ਹੈ ਕਿ ਇਹ ਇੱਕ ਗੰਭੀਰ ਸਮੱਸਿਆ ਹੈ, ਜਿਸ ਨੂੰ ਸਰਸਰੀ ਨਹੀਂ ਲੈਣਾ ਚਾਹੀਦਾ। ਆਪਣੇ ਧਿਆਨ ਨੂੰ ਸਕਾਰਾਤਮਕ ਕੰਮਾਂ ਅਤੇ ਸ਼ੁਭ ਵਿਚਾਰਾਂ ਲਈ ਸਾਂਭ ਕੇ ਰੱਖਣ ਅਤੇ ਵਰਤਣ ਵਾਸਤੇ ਸਾਨੂੰ ਇਸ ਨੂੰ ਭਟਕਾਉਣ ਵਾਲ਼ੀਆਂ ਬਾਹਰੀ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਸੋ ਪਹਿਲਾਂ ਅਸੀਂ ਸੋਸ਼ਲ ਮੀਡੀਆ ਦੇ ਸਾਡੇ ’ਤੇ ਪੈ ਰਹੇ ਮੰਦੇ ਪ੍ਰਭਾਵਾਂ ਦੀ ਪਛਾਣ ਕਰਨੀ ਹੈ, ਜਿਨ੍ਹਾਂ ਵਿੱਚੋਂ ਕੁਝ ਇਹ ਹਨ:
1. ਸੋਸ਼ਲ ਮੀਡੀਆ ਨੇ ਇਨਸਾਨ ਦਾ ਧਿਆਨ, ਦਰ-ਪੇਸ਼ ਅਸਲੀ ਸਮੱਸਿਆਵਾਂ ਤੋਂ ਹਟਾ ਕੇ ਮਨੋ-ਕਲਪਿਤ ਸਮੱਸਿਆਵਾਂ ਵਲ ਕਰ ਦਿੱਤਾ ਹੈ। ਇਹ ਗੱਲ ਅੱਜ ਦੇ ਰਾਜਨੀਤਕ ਲੀਡਰਾਂ ਨੂੰ ਵੀ ਬਾਰਾ ਖਾਂਦੀ ਹੈ। ਚੰਦ ’ਤੇ ਪਲਾਟ ਬੁੱਕ ਕਰਵਾਉਣ ਦੀਆਂ ਸਕੀਮਾਂ ਬਾਰੇ ਆਪਾਂ ਸਭ ਜਾਣਦੇ ਹਾਂ ਪਰ ਧਰਤੀ ’ਤੇ ਮਨੁੱਖਤਾ ਮੂਹਰੇ ਖੜ੍ਹੀਆਂ ਗੰਭੀਰ ਸਮੱਸਿਆਵਾਂ ਹਰ ਦਿਨ ਹੋਰ ਤੀਬਰ ਹੋ ਰਹੀਆਂ ਹਨ।
2. ਸੋਸ਼ਲ ਮੀਡੀਆ ਸਾਡੇ ਜੀਵਨ ਨੂੰ ਅਮੀਰ ਨਹੀਂ ਕਰਦਾ ਅਤੇ ਨਾ ਹੀ ਇਸਦਾ ਸੁਧਾਰ ਜਾਂ ਵਿਕਾਸ ਕਰਦਾ ਹੈ। ਇਹ ਸਾਡੇ ਧਿਆਨ ਦੀ ਤੀਖਣਤਾ ਅਤੇ ਇਸਦੇ ਇਕਾਗਰ ਰਹਿ ਸਕਣ ਦੇ ਸਮੇਂ ਨੂੰ ਘਟਾਉਂਦਾ ਹੈ। ਹੰਕਾਰ ਵਿੱਚ ਵਾਧਾ ਕਰਦਾ ਹੈ। ਸਾਨੂੰ ਵਸਤੂ-ਵਾਦੀ ਬਣਾਉਂਦਾ ਹੈ। ਸਾਡੇ ਮਨਾਂ ਵਿੱਚ ਨਕਲੀ ਸੁੰਦਰਤਾ ਅਤੇ ਫੋਕੇ ਮਾਣ-ਸਨਮਾਨ ਜਾਂ ਟੌਅਰ ਦੇ ਖਿਆਲੀ ਮਿਆਰ ਪੱਕੇ ਕਰਦਾ ਹੈ।
3. ਇਹ ਸਾਡੇ ਵਿੱਚ ਫੌਰੀ ਨਤੀਜੇ ਹਾਸਲ ਕਰਨ ਦੀ ਲਾਲਸਾ ਪੈਦਾ ਕਰ ਦਿੰਦਾ ਹੈ। ਸਾਨੂੰ, ਨਿੱਠ ਕੇ ਜਾਂ ਸਿਰੜ ਨਾਲ ਮਿਹਨਤ ਕਰ ਕੇ ਦੂਰ-ਰਸ ਚੰਗੇ ਨਤੀਜੇ ਦੇਣ ਵਾਲ਼ੇ ਕੰਮ ਕਰਨ ਜੋਗਾ ਨਹੀਂ ਰਹਿਣ ਦਿੰਦਾ।
4. ਸੋਸ਼ਲ ਮੀਡੀਆ ਦੀ ਵੱਧ ਵਰਤੋਂ ਨਾਲ ਸਾਡੇ ਦਿਮਾਗ ਵਿੱਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਕਿ ਅਸੀਂ ਆਪਣੇ-ਆਪ ਦੀ, ਪਰਿਵਾਰਿਕ ਜੀਆਂ ਅਤੇ ਸਮੁੱਚੇ ਸਮਾਜ ਦੀ ਅਸਲੀਅਤ ’ਤੇ ਇਤਬਾਰ ਕਰਨਾ ਛੱਡ ਬੈਠਦੇ ਹਾਂ। ਜੀਵਨ ਦੀ ਅਸਲੀਅਤ ਤੋਂ ਦੂਰ ਹੁੰਦੇ ਰਹਿੰਦੇ ਹਾਂ। ਇਸਦੀ ਵੱਧ ਆਦਤ ਨਾਲ ਨੈਤਿਕ ਵਿਵਹਾਰ ਵਿੱਚ ਹੋਰ ਗਿਰਾਵਟ ਆਉਂਦੀ ਹੈ ਅਤੇ ਵੱਧ ਉਕਸਾਊ ਵੀਡੀਓਜ਼ ਆਦਿ ਦੇਖਣ ਦੀ ਰੁਚੀ ਵਧਦੀ ਰਹਿੰਦੀ ਹੈ ਜਿਹੜਾ ਇੱਕ ਕੁ-ਚੱਕਰ ਬਣ ਜਾਂਦਾ ਹੈ।
5. ਸੋਸ਼ਲ ਮੀਡੀਆ ਇੱਕ ਨਸ਼ਾ ਹੈ ਅਤੇ ਹੋਰ ਨਸ਼ਿਆਂ ਵਾਂਗ, ਸਮਾਂ ਪਾ ਕੇ ਘੱਟ ਅਸਰ ਕਰਨ ਲੱਗ ਜਾਂਦਾ ਹੈ। ਇਸ ਨਾਲ ਇਸਦੇ ਦੇਖਣ ਦਾ ਸਮਾਂ ਵੀ ਵਧਾਉਣਾ ਪੈਂਦਾ ਹੈ। ਲੋਕ ਇੱਥੋਂ ਤਕ ਇਸ ਆਦਤ ਦੇ ਗੁਲਾਮ ਹੋ ਜਾਂਦੇ ਹਨ ਕਿ ਸੌਣ ਤੋਂ ਪਹਿਲਾਂ ਤਕ ਅਤੇ ਉੱਠਣ ਤੋਂ ਤੁਰੰਤ ਬਾਅਦ ਸੈੱਲ-ਫੋਨਾਂ ਨਾਲ ਜੁੜੇ ਹੁੰਦੇ ਹਨ।
6. ਹੋਰ ਕਿਸਮ ਦੇ ਨਸ਼ੇ-ਪੱਤੇ ਬਾਹਰੋਂ ਜਾ ਕੇ ਲੈਣੇ ਪੈਂਦੇ ਹਨ ਅਤੇ ਇਨ੍ਹਾਂ ’ਤੇ ਕੋਈ ਨਾ ਕੋਈ ਕਾਨੂੰਨ ਲਗਦਾ ਹੈ। ਪਰ ਸੋਸ਼ਲ ਮੀਡੀਆ ਘਰ ਬੈਠਿਆਂ ਨੂੰ ਚੌਵੀ ਘੰਟੇ ਹਾਸਲ ਹੈ, ਇਸ ’ਤੇ ਕੋਈ ਕਾਨੂੰਨ ਨਹੀਂ ਲਗਦਾ।
7. ਡਿਜਿਟਲ ਨਸ਼ੇ ਕਰਨ ਵਾਲ਼ੇ ਦੇ ਦਿਮਾਗ ਵਿੱਚ ਵੀ ਓਹੀ ਰਸ (ਡੋਪਾਮਾਈਨ ਆਦਿ) ਪੈਦਾ ਹੁੰਦੇ ਹਨ ਜਿਹੜੇ ਰਸਮੀ ਨਸ਼ੇ ਕਰਨ ਵਾਲ਼ੇ ਦੇ ਹੁੰਦੇ ਹਨ। ਭਾਵ ਇਹ ਵੀ ‘ਐਡਿਕਟਿਵ’ ਨਸ਼ਾ ਹੈ।
8. ਹੋਰ ਨਸ਼ਿਆਂ ਦੀ ਆਦਤ ਛੱਡਣ ਵਾਂਗ ਸੋਸ਼ਲ ਮੀਡੀਆ ਦੀ ਆਦਤ ਛੱਡਣੀ ਵੀ ਔਖੀ ਹੈ। ਇਸਦੀ ਵੀ ਤੋੜ ਲੱਗਣ ਲੱਗ ਜਾਂਦੀ ਹੈ। ਇਸ ਨੂੰ ਛੱਡਣ ਵਾਸਤੇ ਸਾਨੂੰ ਕੋਈ ਸਕਾਰਾਤਮਕ ਕੰਮ, ਕੋਈ ਖੇਡਾਂ, ਵਲੰਟੀਅਰ ਜਾਂ ਸਮਾਜਿਕ ਕੰਮ ਸ਼ੁਰੂ ਕਰਨੇ ਪੈਂਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੋਰ ਨਸ਼ਾ-ਛਡਾਊ ਕੇਂਦਰਾਂ ਦੀ ਤਰ੍ਹਾਂ ਕਈ ਦੇਸ਼ਾਂ (ਜਪਾਨ ਆਦਿ) ਦੀਆਂ ਸਰਕਾਰਾਂ ਨੇ ਇਸ ਵਾਸਤੇ ਵੀ ਕੇਂਦਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।
ਸੁਧਾਰਵਾਦੀ, ਕਿਤਾਬਾਂ ਸਣੇ ਅਨੇਕਾਂ ਸਾਧਨਾਂ ਰਾਹੀਂ ਸੋਸ਼ਲ ਮੀਡੀਆ ਦੇ ਵਿਰੁੱਧ ਆਵਾਜ਼ ਉਠਾ ਰਹੇ ਹਨ। 2020 ਵਿੱਚ ‘ਦੀ ਸੋਸ਼ਲ ਡਿਲੇਮਾ’ ਨਾਂ ਦੀ ਇੱਕ ਬਹੁਤ ਮਸ਼ਹੂਰ ਡਾਕੂਮੈਂਟਰੀ ਰਾਹੀਂ ਸੰਸਾਰ ਭਰ ਵਿੱਚ ਇਹ ਆਵਾਜ਼ ਉੱਠੀ ਸੀ। ਇਸ ਵਿੱਚ ਇਸ ਖੇਤਰ ਦੇ ਚੋਟੀ ਦੇ ਮਾਹਰਾਂ, ਜਿਹੜੇ ਖੁਦ ਇਨ੍ਹਾਂ ਕੰਪਨੀਆਂ ਵਿੱਚ ਵੱਡੇ-ਵੱਡੇ ਅਹੁਦਿਆਂ ’ਤੇ ਕੰਮ ਕਰ ਚੁੱਕੇ ਸਨ, ਨਾਲ ਕੀਤੀਆਂ ਇੰਟਰਵਿਉਜ਼ ਸ਼ਾਮਿਲ ਹਨ। ਇਸਦਾ ਸੁਨੇਹਾ ਬਹੁਤ ਸਪਸ਼ਟ ਹੈ ਕਿ ਸੋਸ਼ਲ ਮੀਡੀਆ ਮਨੁੱਖਤਾ ਤੇ ਬਹੁ-ਪੱਖੀ ਮਾਰੂ ਪ੍ਰਭਾਵ ਪਾ ਰਿਹਾ ਹੈ। ਇਹ ਡਾਕੂਮੈਂਟਰੀ ਦੇਖਣ-ਯੋਗ ਹੈ।
ਇਸਦਾ ਭਾਵ ਇਹ ਨਹੀਂ ਕਿ ਤਕਨਾਲੋਜੀ ਦਾ ਸਭ ਕੁਛ ਛੱਡ ਬੈਠਣਾ ਹੈ; ਬਲਕਿ ਅੱਜ ਦੀਆਂ ਬਹੁਤ ਹੀ ਲਾਭਦਾਇਕ ਤਕਨਾਲੋਜੀਆਂ ਦੀ ਭਰਪੂਰ ਸਦ-ਵਰਤੋਂ ਕਰਨੀ ਹੈ। ਅਸੀਂ ਇੰਟਰਨੈੱਟ ਵਰਤਦੇ ਹਾਂ ਕਿਉਂਕਿ ਇਸ ਤੋਂ ਸਾਨੂੰ ਲਾਭਕਾਰੀ ਸੂਚਨਾ ਮਿਲਦੀ ਹੈ। ਇਸ ਰਾਹੀਂ ਪਰਦਾਨ ਕੀਤੀਆਂ ਸੇਵਾਵਾਂ ਹਾਸਲ ਹੁੰਦੀਆਂ ਹਨ, ਜਾਂ ਆਪਣੇ ਕਾਰੋਬਾਰਾਂ ਨਾਲ ਜੁੜੇ ਕੰਮ ਕਰਨੇ ਹੁੰਦੇ ਹਨ। ਸਾਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਫਰਕ ਸਮਝਣਾ ਚਾਹੀਦਾ ਹੈ, ਸਹੂਲਤਾਂ ਦੀ ਆੜ ਵਿੱਚ ਕੰਪਨੀਆਂ ਵੱਲੋਂ ਠਗ ਨਹੀਂ ਹੋਣਾ। ਤਕਨਾਲੋਜੀ ਦਾ ਜਾਇਜ਼ ਫਾਇਦਾ ਉਠਾਉਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਉਚੇਰੇ ਮੰਤਵ ਨੂੰ ਨਿਰਧਾਰਤ ਕਰੀਏ ਅਤੇ ‘ਆਪੇ ਦੀ ਪਛਾਣ’ ਕਰਨ ਦੇ ਉਪਰਾਲੇ ਕਰੀਏ। ਮਹਾਂ ਪੁਰਖਾਂ ਦੇ ਦਰਸਾਏ ਆਪਾ-ਪਛਾਣ (Know Thyself) ਦੇ ਰਸਤੇ ’ਤੇ ਤੁਰੀਏ। ਤਕਨਾਲੋਜੀ ਦਾ ਆਪੋ-ਆਪਣੇ ਧਰਮਾਂ ਦੇ ਮੋਢੀ ਮਹਾਂ ਪੁਰਖਾਂ ਦੀਆਂ ਸਿੱਖਿਆਵਾਂ ਨਾਲ ਸੁਮੇਲ ਕਰੀਏ ਅਤੇ ਇਨ੍ਹਾਂ ਸਭ ਸਿੱਖਿਆਵਾਂ ਨੂੰ ਮੁੱਖ ਰੱਖ ਕੇ ਇਸਦੀ ਸਦ-ਵਰਤੋਂ ਕਰਨ ਦੇ ਉਪਰਾਲੇ ਕਰੀਏ।
ਕਿਸੇ ਵੀ ਮੰਦੀ ਆਦਤ ਦਾ ਤਿਆਗ ਕਰਨ ਵਾਸਤੇ ਪਹਿਲੀ ਜ਼ਰੂਰੀ ਕਾਰਵਾਈ ਹੈ ਆਪਣੀ ਸੋਚ ਨੂੰ ਬਦਲਣਾ। ਆਈਨਸਟੀਨ ਦੀ ਪ੍ਰਸਿੱਧ ਟੂਕ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਉਸੇ ਸੋਚ ਨਾਲ ਹੱਲ ਨਹੀਂ ਕਰ ਸਕਦੇ ਜਿਨ੍ਹਾਂ ਨਾਲ ਅਸੀਂ ਇਨ੍ਹਾਂ ਨੂੰ ਖੜ੍ਹੀਆਂ ਕੀਤਾ ਹੁੰਦਾ ਹੈ। ਜਿਵੇਂ ਕਿ ਸ਼ੁਰੂ ਵਿੱਚ ਬਿਆਨਿਆ ਗਿਆ ਹੈ ਸਰਕਾਰਾਂ ਸਾਨੂੰ ਇਸ ਲੁੱਟ ਤੋਂ ਬਚਾਉਣ ਵਿੱਚ ਅਸਮਰੱਥ ਲੱਗਦੀਆਂ ਹਨ। ਸਿਰਫ ਇੱਕੋ ਤਰੀਕਾ ਜੋ ਅਸੀਂ ਨਿੱਜੀ ਜਾਂ ਗਰੁੱਪਾਂ ਵਿੱਚ ਇਕੱਠੇ ਹੋ ਕੇ ਵਰਤ ਸਕਦੇ ਹਾਂ ਉਹ ਹੈ, ਆਪਣੇ-ਆਪ ਦਾ ਬਚਾਓ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੀ ਸਮਰੱਥਾ ਤੋਂ ਬਾਹਰੀਆਂ ਹੋਰ ਸੰਸਾਰਕ ਆਫਤਾਂ ਤੋਂ ਬਚਣ ਵਾਸਤੇ ਕਰਦੇ ਹਾਂ। ਇਸ ਲੁੱਟ ਤੋਂ ਬਚਣ ਵਾਸਤੇ ਪਰਹੇਜ਼, ਸੰਤੁਲਨ ਅਤੇ ਸੰਜਮ ਹੀ ਇੱਕ ਕਾਰਗਰ ਤਰੀਕਾ ਹੈ, ਜੋ ਸਭ ਨੇ ਆਪੋ-ਆਪਣਾ ਕਰਨਾ ਹੈ। ਅਮਰੀਕਾ ਦੇ ਪ੍ਰਸਿੱਧ ਡਾਕਟਰ ਐਂਡਰਿਊ ਵੀਲ ਦਾ ਕਹਿਣਾ ਹੈ ਕਿ ‘ਦਵਾਈ ਅਤੇ ਜ਼ਹਿਰ ਵਿੱਚ, ਮਾਤਰਾ ਤੋਂ ਬਗੈਰ ਹੋਰ ਕੋਈ ਫਰਕ ਨਹੀਂ ਹੁੰਦਾ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3694)
(ਸਰੋਕਾਰ ਨਾਲ ਸੰਪਰਕ ਲਈ: