IsherSinghEng7ਜੀਭ ਨੇ ਤਾਂ ਕੋਈ ਚੀਜ਼ ਆਪਣੇ ਕੋਲ ਰੱਖਣੀ ਨੀ ਹੁੰਦੀ, ਬੱਸਸੁਆਦ ਲਿਆ, ਅਗਾਂਹ ਮੇਰੇ ਹਵਾਲੇ ਕਰ’ਤੀ ...
(26 ਜੂਨ 2024)
ਇਸ ਸਮੇਂ ਪਾਠਕ: 890.

 

Digestive System2


ਆਪਣੇ ਢਿੱਡ ਤੋਂ ਦੋ-ਤਿੰਨ ਦਿਨ ਪ੍ਰੇਸ਼ਾਨ ਰਹਿਣ ਪਿੱਛੋਂ ਮੈਂ ਲੱਭ-ਲਭਾ ਕੇ ਇੱਕ ਦਿਨ ਢਿੱਡ ਦਾ (ਆਪਣੇ ਜਾਣੇ) ਮੁਬਾਈਲ ਮਿਲਾਇਆ
ਕਿਸੇ ਨੇ ਅੱਗਿਓਂ ਸਤਿਕਾਰ ਨਾਲ ਹੈਲੋ ਕਿਹਾ ਪਰ ਮੈਂ ਔਖਾ ਜਿਹਾ ਹੋ ਕੇ ਪੁੱਛਿਆ, ਸੁਣਾ ਬਈ ਢਿੱਡ ਸਿਆਂ, ਕੀ ਹਾਲ ਐ ਤੇਰਾ? ਕਈ ਦਿਨਾਂ ਤੋਂ ਮੈਨੂੰ ਪ੍ਰੇਸ਼ਾਨ ਕਰੀਂ ਜਾਨਾ ਐਂ।”

ਅੱਗਿਓਂ ਜਵਾਬ ਆਇਆ, “ਦੱਸੋ ਜਨਾਬ, ਕੀਹਦੇ ਨਾਲ ਗੱਲ ਕਰਨੀ ਐਂ? ਢਿੱਡ ਵਿੱਚ ਤਾਂ ਅਸੀਂ ਕਈ ਜਣੇ ਆਂਜਿਗਰ ਐ, ਗੱਲ-ਬਲੈਡਰ ਐ, ਪਿੱਤਾ, ਮਿਹਦਾ, ਛੋਟੀ ਆਂਤ, ਗੁਰਦਾ ਤੇ ਹੋਰ ਕਈ ਕੁਛ, ਫੇਫੜਿਆਂ ਤੋਂ ਲੈ ਕੇ ਥੱਲੇ ਤਕ, ਤੁਹਾਡਾ ਮੋਹਰਲਾ ਹਿੱਸਾ ਸਭ ਢਿੱਡ ਹੈ। ਕੋਈ ਇਸ ਨੂੰ ਪੇਟ ਵੀ ਕਹਿੰਦਾ ਹੈ ਤੇ ਕੋਈ ਐਬਡੋਮਨ ਵੀ।”

ਥੋੜ੍ਹੀ ਜਿਹੀ ਕਿਰਕਿਰੀ ਹੋਈ ਦੇਖ ਕੇ ਮੈਂ ਕਿਹਾ, “ਉਹ ਤਾਂ ਠੀਕ ਐ, ਮੇਰਾ ਮਤਲਬ ਉਸ ਭਲੇ-ਮਾਣਸ ਤੋਂ ਐ, ਜਿਹੜਾ ਮੇਰੇ ਖਾਣੇ ਨੂੰ ਹਜ਼ਮ ਕਰਦਾ ਐ।”

ਜਵਾਬ ਆਇਆ “ਪਰ ਇਹ ਕੰਮ ਵੀ ਕੋਈ ਇੱਕ ਜਣਾ ਨੀ ਕਰਦਾ, ਇਸ ਕੰਮ ਵਾਸਤੇ ਵੀ ਕਈ ਅੰਗਾਂ ਦੀ ਇੱਕ ਟੀਮ ਐਮੂੰਹ ਤੋਂ ਲੈ ਕੇ ਥੱਲੇ ਤਕ ਇਸ ਟੀਮ ਦੇ ਕਈ ਅੰਗ ਨੇ, ਜਿਹੜੇ ਖਾਣੇ ਨੂੰ ਚਿੱਥਣ ਤੋਂ ਲੈ ਕੇ ਮਲ ਖਾਰਿਜ ਹੋਣ ਤਕ ਆਪੋ-ਆਪਣੀ ਭੂਮਿਕਾ ਨਭਾਉਂਦੇ ਨੇਇਹਨੂੰ ‘ਪਾਚਨ-ਪ੍ਰਣਾਲੀਜਾਂ ‘ਪਾਚਨ-ਸਿਸਟਮਕਹਿੰਦੇ ਨੇ ਮੈਨੂੰ ਲਗਦਾ ਐ ਤੁਸੀਂ ਮਿਹਦੇ ਦੀ, ‘ਸਟੌਮਕਦੀ ਗੱਲ ਕਰਦੇ ਓਂ ਕਿਉਂਕਿ ਬਹੁਤੇ ਲੋਕ ਇਸੇ ਨੂੰ ਢਿੱਡ ਸਮਝੀ ਜਾਂਦੇ ਨੇਮੈਂ ਤੁਹਾਡੀ ਉਹਦੇ ਨਾਲ ਗੱਲ ਕਰਾਉਨਾ।”

ਨਮੋਸ਼ੀ ਦੇ ਮਾਰੇ ਦਾ ਮੇਰਾ ਦਿਮਾਗ ਵੀ ਥੋੜ੍ਹਾ ਠਿਕਾਣੇ ਆ ਚੁੱਕਿਆ ਸੀ ਤੇ ਮਿਹਦਾ ਵੀ ਪੂਰੀ ਨਰਮਾਈ ਨਾਲ ਬੋਲਿਆ, “ਸ਼ੁਕਰ ਐ ਜਨਾਬ, ਮੈਂ ਵੀ ਤੁਹਾਨੂੰ ਯਾਦ ਆਇਆਤੁਸੀਂ ਸੁਣ ਈ ਲਿਆ ਐ ਕਿ ਮੈਂ ਤਾਂ ਖਾਣੇ ਦੇ ‘ਪਾਚਨ-ਸਿਸਟਮਦਾ ਇੱਕ ਹਿੱਸਾ ਆਂਸਰੀਰ ਵਿੱਚ ‘ਪਾਚਨ-ਸਿਸਟਮਵਰਗੇ ਦਸ-ਗਿਆਰਾਂ ਹੋਰ ਸਿਸਟਮ ਕੰਮ ਕਰਦੇ ਨੇ: ਦਿਮਾਗ ਦੇ ਤਾਣੇ-ਬਾਣੇ ਦਾ ਸਿਸਟਮ, ਸਾਹ ਦਾ ਸਿਸਟਮ, ਖੂਨ ਦੇ ਦੌਰੇ ਦਾ, ਹੱਡੀਆਂ ਦੇ ਢਾਂਚੇ ਦਾ, ਪਿਸ਼ਾਬ ਖਾਰਿਜ ਕਰਨ ਦਾ ਸਿਸਟਮ ਆਦਿਪਰ ਤੁਸੀਂ ਗੱਲ ਪ੍ਰੇਸ਼ਾਨੀ ਤੋਂ ਸ਼ੁਰੂ ਕੀਤੀ ਐਪ੍ਰੇਸ਼ਾਨ ਤੁਹਾਨੂੰ ਮੈਂ ਨਹੀਂ ਕਰਦਾ, ਇਹਦੇ ਜ਼ਿੰਮੇਵਾਰ ਤਾਂ ਤੁਸੀਂ ਆਪ ਓਂਜਿਸ ਨੂੰ ਤੁਸੀਂ ਪ੍ਰੇਸ਼ਾਨੀ ਸਮਝਦੇ ਓਂ ਇਹ ਤਾਂ ਮੇਰੇ ਸੁਨੇਹੇ ਨੇ ਕਿ ਸੰਭਲ਼ ਜਾਓ ... ਨਾਲ਼ੇ ਸੁਨੇਹਾ ਵੀ ਉਦੋਂ ਈ ਭੇਜੀਦਾ ਐ, ਜਦੋਂ ਗੱਲ ਬਸੋਂ ਬਾਹਰ ਹੋ ਜਾਵੇ ਜਦੋਂ ਕਦੇ ਤੁਹਾਨੂੰ ਐਂ ਲਗਦਾ ਐ ਕਿ ਮੈਂ ਪ੍ਰੇਸ਼ਾਨ ਕਰ ਰਿਹਾ ਆਂ ਤਾਂ ਸਮਝ ਲਵੋ ਕਿ ਇਹ ਦਿੱਕਤ ਕਿਤੇ ਹੋਰ ਐਕਈ ਵਾਰ ਤਾਂ ਲੋਕ ਦਿਲ ਦੇ ਦੌਰੇ ਤਕ ਨੂੰ ਮੇਰਾ ਦਰਦ ਸਮਝ ਕੇ ਅਣ-ਗੌਲ਼ਿਆ ਕਰ ਦਿੰਦੇ ਨੇ ਇਸੇ ਤਰ੍ਹਾਂ ‘ਗੱਲ-ਬਲੈਡਰਦੇ ਦਰਦ ਨੂੰ ਵੀ ਲੋਕ ਨੀ ਸਮਝ ਸਕਦੇ।”

ਮੈਂ ਫਿਰ ਤੜੀ ਦਿਖਾਉਣੀ ਚਾਹੀ, “ਕਮਾਲ ਕਰਦੈਂ, ਮੇਰਾ ਈ ਕਸੂਰ ਕੱਢੀ ਜਾਨੈਮੇਰਾ ਬਹੁਤਾ ਵਾਹ ਤਾਂ ਤੇਰੇ ਨਾਲ ਈ ਪੈਂਦਾ ਐ, ਇਸੇ ਕਰ ਕੇ ਕਦੇ ਤੈਨੂੰ ਕਿਸੇ ਗੱਲੋਂ ਵਿਰਵਾ ਨੀ ਰੱਖਿਆਦਿਨ ਦੇ ਘੰਟੇ ਚੌਵੀ ਹੁੰਦੇ ਨੇ ਤੇ ਭੋਜਨ ਤੈਨੂੰ ਛੱਤੀ ਪ੍ਰਕਾਰ ਦੇ ਖਵਾਈਦੇ ਨੇ।”

ਮਿਹਦਾ ਮੇਰੇ ਵੱਲ ਸਿੱਧਾ ਹੋ ਗਿਆ, “ਬਹੁਤ ਭੁਲੇਖੇ ਵਿੱਚ ਓਂ ਜਨਾਬ. ਜਿਨ੍ਹਾਂ ਨੂੰ ਤੁਸੀਂ ਛੱਤੀ ਪ੍ਰਕਾਰ ਦੇ ਭੋਜਨ ਕਹਿਨੇ ਓਂ, ਓਹੀ ਤਾਂ ਮੇਰੀ ਜਾਨ ਦਾ ਖੌਅ ਬਣੇ ਹੋਏ ਨੇਨਾਲ਼ੇ ਇਹ ਕਿਹੜਾ ਜਨਾਬ ਤੁਸੀਂ ਮੇਰੇ ਵਾਸਤੇ ਕਰਦੇ ਓਂ, ਇਹ ਤਾਂ ਤੁਸੀਂ ਆਪਣੀ ਲਾਡਲੀ ਜੀਭ ਵਾਸਤੇ ਕਰਦੇ ਓਂਉਹਨੂੰ ਤੁਸੀਂ ਐਨਾ ਸਿਰ ਚੜ੍ਹਾ ਰੱਖਿਆ ਐ ਕਿ ਉਹਦੀ ਹਰ ਛੋਟੀ-ਵੱਡੀ ਰਿਹਾੜ ਪੂਰੀ ਕਰਨ ਲਈ ਕੌੜਾ-ਕਸੈਲਾ, ਚੰਗਾ-ਮੰਦਾ ਮੂੰਹ ਵਿੱਚ ਤੁੰਨੀ ਜਾਂਦੇ ਰਹਿੰਦੇ ਓ। ਜੀਭ ਨੇ ਤਾਂ ਕੋਈ ਚੀਜ਼ ਆਪਣੇ ਕੋਲ ਰੱਖਣੀ ਨੀ ਹੁੰਦੀ, ਬੱਸ ਸੁਆਦ ਲਿਆ, ਅਗਾਂਹ ਮੇਰੇ ਹਵਾਲੇ ਕਰ’ਤੀਖੈਰ ਰੱਖਣਾ ਤਾਂ ਕੁਛ ਮੈਂ ਵੀ ਆਪਣੇ ਕੋਲ ਨੀ ਹੁੰਦਾ ਪਰ ਮੈਂ ਆਪਣੀ ਪੂਰੀ ਵਾਹ ਲਾਕੇ ਬਣਦੀ ਕਾਰਵਾਈ ਕਰਕੇ ਈ ਸਭ ਕੁਛ ਅੱਗੇ ਛੋਟੀ ਆਂਤ ਨੂੰ ਭੇਜਦਾਂ।”

ਮੈਂ ਢੈਲ਼ਾ ਜਿਹਾ ਹੋ ਕੇ ਬੋਲਿਆ, “ਆਹ ਜੀਭ ਆਲ਼ੀ ਗੱਲ ਤਾਂ ਤੇਰੀ ਠੀਕ ਐਰਿਹਾੜਣ ਤਾਂ ਖੈਰ ਇਹ ਸ਼ੁਰੂ ਤੋਂ ਈ ਐ, ਮੈਂ ਮੰਨਦਾਂ, ਪਰ ਹੁਣ ਤਾਂ ਗੱਲ ਮੇਰੇ ਵੀ ਬੱਸ ਤੋਂ ਬਾਹਰ ਹੋਈ ਜਾਂਦੀ ਐ।”

ਮਿਹਦਾ ਹੋਰ ਕਰੜਾ ਹੋ ਗਿਆ, “ਛੱਤੀ ਪ੍ਰਕਾਰ ਦੇ ਭੋਜਨ ਖਾ-ਖਾ ਕੇ ਕਿਹੜਾ ਉਹ ਰਿਹਾੜ ਕਰਨੋਂ ਹਟ’ਗੀਉਹਨੂੰ ਤਾਂ ਜਿੰਨਾ ਚੰਭਲਾਈ ਜਾਵੋਂਗੇ, ਓਨਾ ਈ ਹੋਰ ਚਾਂਭਲ਼ੂਨਾ ਉਹ ਕਿਸੇ ਨੂੰ ਸਿੱਧਾ ਬੋਲਦੀ ਐ, ਅਖੇ ਚੰਗਾ ਖਾਣਾ ਤੇ ਮੰਦਾ ਬੋਲਣਾਪਰ ਇਹ ਕੰਮ ਹੁਣ ਬਹੁਤੀ ਦੇਰ ਚੱਲਣਾ ਨੀ, ਕਰੜੇ ਹੋ ਕੇ ਉਹ ਨੂੰ ਸਮਝਾਉਣਾ ਪੈਣਾ ਐਪਰ ਉਹਨੂੰ ਸਮਝਾ ਤਦ ਸਕੋਂਗੇ ਜੇ ਪਹਿਲਾਂ ਆਪਣੇ-ਆਪ ’ਤੇ ਕਾਬੂ ਕਰੋਂਗੇਮੇਰੀਆਂ ਗੱਲਾਂ ਕੌੜੀਆਂ ਨੇ ਪਰ ਸਰੀਰ-ਪਰਿਵਾਰ ਦੇ ਭਲੇ ਲਈ ਸਮਝਣੀਆਂ ਪੈਣੀਆਂ ਨੇ, ਮੰਨਣੀਆਂ ਪੈਣੀਆਂ ਨੇ।”

ਮੈਂ ਗੰਭੀਰ ਹੋ ਗਿਆ, “ਜਰੂਰ ਮੰਨਾਂਗੇ, ਪਰ ਪਹਿਲਾਂ ਸਮਝਾ ਤੇਰਾ ਕੰਮ ਕੀ ਐ?”

ਮਿਹਦਾ ਸਮਝਾਉਣ ਲੱਗਿਆ, “ਸਰਲ ਸ਼ਬਦਾਂ ਵਿੱਚ ਮੇਰਾ ਕੰਮ ਮਾਂ ਵਰਗਾ ਐਸਰੀਰ ਦੇ ਸਾਰੇ ਅੰਗਾਂ ਵਾਸਤੇ ਖੁਰਾਕ ਤਿਆਰ ਕਰਨੀਇਹ ਊੁਰਜਾ ਵਿੱਚ ਤਬਦੀਲ ਹੁੰਦੀ ਐ, ਜਿਸ ਨਾਲ ਸਾਰਿਆਂ ਨੂੰ ਆਪੋ-ਆਪਣਾ ਕੰਮ ਕਰਨ ਦੀ ਸ਼ਕਤੀ ਮਿਲਦੀ ਐਜੋ ਕੁਛ ਵੀ ਤੁਸੀਂ ਮੂੰਹ ਵਿੱਚ ਪਾਉਨੇ ਓਂ, ਉਹਦਾ ਕਿਣਕਾ-ਕਿਣਕਾ ਖਾਣੇ ਦੀ ਨਾਲ਼ੀ ਰਾਹੀਂ ਮੇਰੇ ਵਿੱਚ ਆਉਂਦੈ ਤੇ ਮੈਂ ਇਹਨੂੰ ‘ਸਟੋਰਕਰਦਾਂ ਇਸ ਵਿੱਚ ਲੋੜੀਂਦਾ ਤਜਾਬ ਤੇ ਕੁਛ ਹੋਰ ਰਸਾਂ ਨੂੰ ਮਿਲਾਉਨਾ ਇਸ ਇਕੱਠੇ ਹੋਏ ਸਾਰੇ ਖਾਣੇ ਨੂੰ ਸਹਿਜ-ਮਤੇ ਨਾਲ ਹਿਲਾ-ਹਿਲਾ ਕੇ ਇੱਕ-ਰਸ ਕੜ੍ਹੀ ਵਰਗਾ ਕਰ ਲੈਨਾ ਤੇ ਇਹਨੂੰ ਹਜ਼ਮ ਹੋਣ ਜੋਗਾ ਕਰਦਾਂ ਫਿਰ ਥੋੜ੍ਹਾ-ਥੋੜ੍ਹਾ ਕਰ ਕੇ ਹੇਠਾਂ ਛੋਟੀ ਆਂਤ ਵਿੱਚ ਭੇਜਦਾ ਰਹਿਨਾ ਤੇ ਆਪ ਪੂਰਾ ਵਿਹਲਾ ਹੋ ਜਾਨਾਹਾਜਮੇ ਦਾ ਬਹੁਤਾ ਕੰਮ ਤਾਂ ਛੋਟੀ ਆਂਤ ਵਿੱਚ ਹੁੰਦਾ ਐਭਾਵੇਂ ਮੈਂ ਆਪਣਾ ਸਾਰਾ ਕੰਮ ਬਹੁਤ ਵਧੀਆ ਢੰਗ ਨਾਲ ਕਰਦਾਂ ਪਰ ਖੁਰਾਕ ਤਿਆਰ ਤਾਂ ਉਸੇ ਸਮਗਰੀ ਵਿੱਚੋਂ ਕਰਨੀ ਹੁੰਦੀ ਐ, ਜਿਹੜੀ ਤੁਸੀਂ ਖਾਨੇ ਓਂ ਮੈਨੂੰ ਦੁੱਖ ਹੁੰਦਾ ਐ ਜਦੋਂ ਮੈਂ ਤੁਹਾਡਾ ਖਾਧਾ ਅਵਲ਼ਾ-ਸਵਲ਼ਾ ਅੱਗੇ ਭੇਜਦਾਂਕਿਉਂਕਿ ਮੈਂ ਮਾਂ ਦੀ ਭੂਮਿਕਾ ਨਭਾਉਨਾ, ਇਸੇ ਕਰਕੇ ਮੈਨੂੰ ਸਾਰੇ ਅੰਗਾਂ ਬਾਰੇ ਫਿਕਰ ਐ, ਗਿਆਨ ਐ।

ਮੈਂ ਹਰਾਨੀ ਨਾਲ ਪੁੱਛਿਆ, “ਆਹ ਤਜਾਬ ਆਲ਼ੀ ਗੱਲ ਤਾਂ ਬਹੁਤ ਔਖਾ ਕੰਮ ਐ ਇਹ ਤੈਨੂੰ ਨੀ ਕੁਛ ਕਹਿੰਦਾ।”

ਮਿਹਦਾ ਹੌਸਲੇ ਵਿੱਚ ਬੋਲਿਆ, “ਔਖਾ ਕੰਮ ਤਾਂ ਹੈ ਈ ਪਰ ਡਿਊਟੀ ਤਾਂ ਫਿਰ ਡਿਊਟੀ ਈ ਐ ਜਨਾਬ। ਤਜਾਬ ਤੋਂ ਬਗੈਰ ਖਾਣਾ ਹਜ਼ਮ ਈ ਨੀ ਹੋ ਸਕਦਾਮੇਰੇ ਵਿੱਚ ਰੱਬ ਨੇ ਬਰਕਤ ਪਾਈ ਐ ਕਿ ਮੈਂ ਏਹਨੂੰ ਸੰਭਾਲ਼ ਸਕਦਾਂ, ਇਹਦੀ ਵਰਤੋਂ ਕਰ ਸਕਦਾਂਜੇ ਇਹ ਤਜਾਬ ਕਿਤੇ ਵਾਪਸ ਖੁਰਾਕ ਦੀ ਨਾਲ਼ੀ ਵਿੱਚ ਜਾਂ ਹੇਠਾਂ ਛੋਟੀ ਆਂਤ ਵਿੱਚ ਚਲਿਆ ਜਾਵੇ ਤਾਂ ਬਹੁਤ ਖਰਾਬੀ ਕਰਦਾ ਐ ਇਸੇ ਕਰਕੇ ਜਦੋਂ ਮੈਂ ਖਾਣੇ ਨੂੰ ਰਲ਼ਗੱਡ ਕਰਦਾ ਆਂ ਤਾਂ ਆਪਣੇ ਦੋਨੋ ਪਾਸੇ ਦੇ ‘ਵਾਲਵਬੰਦ ਰੱਖਦਾਂਪਰ ਜੇ ਐਂ ਈ ਧੱਕਾ ਹੁੰਦਾ ਰਿਹਾ ਤਾਂ ਇਹ ਪੂਰਾ ਕੰਮ ਕਰਨੋਂ ਹਟ ਜਾਣਗੇਖੱਟੇ ਡਕਾਰ, ਛੋਟੀ ਆਂਤ ਵਿੱਚ ‘ਅਲਸਰਤੇ ਫਿਰ ਹੋਰ ਵੱਡੀਆਂ ਬਿਮਾਰੀਆਂ।”

ਮੈਂ ਅਧੀਨਗੀ ਜਿਹੀ ਨਾਲ ਪੁੱਛਿਆ, “ਮੇਰੀ ਖਾਧੀ ਖੁਰਾਕ ਵਿੱਚ ਤੈਨੂੰ ਕੀ ਗਲਤ ਲਗਦਾ ਐ?”

ਮਿਹਦਾ ਚੜ੍ਹਤ ਵਿੱਚ ਬੋਲਿਆ, “ਅੱਜ ਦੀ ਘੜੀ ਤਾਂ ਬਹੁਤਾ ਗਲਤ ਈ ਲਗਦਾ ਐਤੁਸੀਂ ਆਪਣੀ ਪਟਰੋਲ ਦੀ ਕਾਰ ਵਿੱਚ ਕਦੇ ਡੀਜ਼ਲ ਨੀ ਪਵਾਉਂਦੇ ਪਰ ਮੇਰੇ ਨਾਲ ਇਸ ਤਰ੍ਹਾਂ ਦਾ ਧੱਕਾ ਰੋਜ਼ ਕਰਦੇ ਓਂ ਜਿਹੜਾ ਕੁਛ ਮੈਨੂੰ ਦਰਕਾਰ ਐ, ਉਹ ਤੁਸੀਂ ਖਾਂਦੇ ਨੀ, ਐਧਰਲਾ-ਓਧਰਲਾ ਖਾਂਦੇ ਰਹਿਨੇ ਓਂ ਤੇ ਖਾ-ਖਾ ਕੇ ਕੁੱਖਾਂ ਬਾਹਰ ਕੱਢ ਲੈਨੇ ਓਂ ਇਸ ਤਰ੍ਹਾਂ ਸਭ ਤੋਂ ਵੱਧ ਧੱਕਾ ਤੇ ਬਦਸਲੂਕੀ ਤੁਸੀਂ ਮੇਰੇ ਨਾਲ ਕਰਦੇ ਓਂਇਹ ਤਾਂ ਸਦਕੇ ਉੱਪਰ ਆਲ਼ੇ ਦੇ ਕਿ ਉਹਨੇ ਮੈਨੂੰ ਬਣਾਇਆ ਈ ਐਨਾ ਸਖਤ-ਜਾਨ ਐ ਕਿ ਮੈਂ ਇਹ ਧੱਕਾ-ਧੋੜਾ ਬਰਦਾਸ਼ਤ ਕਰਨ ਜੋਗਾ ਹਾਂ ਥੋੜ੍ਹੇ ਕੀਤਿਆਂ ਭਾਵੇਂ ਮੈਨੂੰ ਕੁਛ ਨੀ ਹੁੰਦਾ, ਪਰ ਮੇਰੀ ਵੀ ਕੋਈ ਹੱਦ ਐ।”

ਮੈਂ ਗੱਲ ਅੱਗੇ ਤੋਰੀ, “ਫੇਰ ਮੈਂ ਕੀ ਖਾਵਾਂ ਤੇ ਕੀ ਛੱਡਾਂ?”

ਐਨੇ ਥੋੜ੍ਹੇ ਸਮੇਂ ਵਿੱਚ ਮੈਂ ਥੋਨੂੰ ਇਹ ਸਭ ਨੀ ਦੱਸ ਸਕਦਾ, ਇਹ ਤਾਂ ਆਪਣੇ-ਆਪ ਵਿੱਚ ਇੱਕ ਵੱਡਾ ਵਿਸ਼ਾ ਐ ਇਸ ਵਾਸਤੇ ਤਾਂ ਬੜੇ ਸਿਆਣੇ ਸਲਾਹਕਾਰ, ਡਾਕਟਰ ਤੇ ‘ਡਾਈਟੀਸ਼ੀਅਨਮਿਲ ਜਾਂਦੇ ਨੇਹੋਰ ਐਨੀਆਂ ਕਿਤਾਬਾਂ, ਨਾਵਲ, ਕਿੱਸੇ, ਕਹਾਣੀਆਂ ਪੜ੍ਹਦੇ ਓਂਐਧਰਲੀਆਂ-ਓਧਰਲੀਆਂ ਵੀਡੀਓਆਂ ਦੇਖਦੇ ਓਂ, ਕਦੇ ਮੇਰੇ ਬਾਰੇ ਜਾਂ ਮੇਰੇ ਹੋਰ ਭੈਣਾਂ-ਭਰਾਵਾਂ ਬਾਰੇ ਵੀ ਕੋਈ ਚੰਗੀ ਕਿਤਾਬ ਪੜ੍ਹ ਲਿਆ ਕਰੋਇਹ ਤਾਂ ਥੋਡੀ ਜ਼ਿੰਮੇਵਾਰੀ ਐ, ਕਿਸੇ ਨੇ ਥੋਨੂੰ ਘਰੇ ਬੈਠਿਆਂ ਨੂੰ ਤਾਂ ਦੱਸਣ ਆਉਣਾ ਨੀਸਿਹਤਮੰਦ ਖਾਣਾ ਖਾਣਾ ਤੇ ਠੀਕ ਮਿਕਦਾਰ ਵਿੱਚ ਖਾਣਾ ਤਾਂ ਥੋਡੀ ਜ਼ਿੰਮੇਵਾਰੀ ਐ ਤੇ ਥੋਡੇ ਹੱਥ ਵਿੱਚ ਐਅਮਰੀਕਾ ਦੇ ਮਸ਼ਹੂਰ ਡਾਕਟਰ ਐਂਡਰਿਊ ਵੀਲ ਦਾ ਕਹਿਣਾ ਐ ਕਿ ਦਵਾਈ ਤੇ ਜ਼ਹਿਰ ਵਿੱਚ ਮਾਤਰਾ ਤੋਂ ਬਗੈਰ ਹੋਰ ਬਹੁਤਾ ਫਰਕ ਨੀ ਹੁੰਦਾਹਫਤੇ ਵਿੱਚ ਇੱਕ ਵਾਰ ਮੈਨੂੰ ਛੁੱਟੀ ਮਿਲਜੇ ਤਾਂ ਕੰਮ ਬਾਗੋ-ਬਾਗ ਐ।”

ਮੈਂ ਭੰਬਲ਼ਭੂਸੇ ਵਿੱਚ ਪੈ ਗਿਆ ਤੇ ਕਿਹਾ “ਤੂੰ ਬੜਾ ਕੁਛ ਦੱਸੀਂ ਜਾਂਦਾ ਐਂ, ਮੈਂ ਕਦੇ ਇਨ੍ਹਾਂ ਗੱਲਾਂ ਬਾਰੇ ਬਹੁਤਾ ਸੋਚਿਆ ਈ ਨੀ, ਨਾ ਇਹ ਮੇਰੇ ਸਮਝ ਵਿੱਚ ਆ ਰਹੀਆਂ ਨੇ।”

ਮਿਹਦੇ ਨੇ ਦਿਲਾਸਾ ਦਿੱਤਾ, “ਮੇਰੇ ਅੰਦਰ ਕੀ ਕੁਦਰਤੀ ਵਰਤਾਰੇ ਵਰਤਦੇ ਨੇ ਉਹ ਤੁਹਾਨੂੰ ਸਮਝ ਨੀ ਆ ਸਕਦੇ, ਇਹ ਤਾਂ ਡਾਕਟਰਾਂ ਦਾ ਕੰਮ ਐਤੇ ਤੁਹਾਨੂੰ ਇਹ ਸਭ ਸਮਝਣ ਦੀ ਲੋੜ ਵੀ ਨੀਉਦਾਹਰਣ ਵਜੋਂ ਕਾਰ ਦੀ ਅੰਦਰਲੀ ਮਸ਼ੀਨਰੀ ਬਾਰੇ ਕਿਹੜਾ ਤੁਸੀਂ ਕੁਛ ਜਾਣਦੇ ਓਂ ਉਹਦੇ ਸਿਰਫ ਪੰਜ-ਸੱਤ ਜੰਤਰਾਂ ਨੂੰ ਜਾਣਦੇ ਓਂ, ਓਨ੍ਹਾਂ ਦੇ ਸਿਰ ’ਤੇ ਕਾਰ ਭਜਾਈਂ ਫਿਰਦੇ ਓਂਮੁਬਾਈਲ ਦੀ ਉਦਾਹਰਣ ਵੀ ਢੁਕਦੀ ਐ ਇਹੀ ਗੱਲ ਸਰੀਰ ਦੀ ਐ, ਥੋਨੂੰ ਏਹਦੇ ਬਾਰੇ ਖੋਜਾਂ ਕਰਨ ਦੀ ਲੋੜ ਨੀਜਾਣਕਾਰਾਂ ਨੇ ਪਹਿਲਾਂ ਈ ਬਥੇਰੀਆਂ ਕਰ ਰੱਖੀਆਂ ਨੇ ਜਿਹੜੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਗੁਰ ਦੱਸਦੇ ਆ ਰਹੇ ਨੇ, ਉਨ੍ਹਾਂ ਨੂੰ ਜਾਣੋ ਤੇ ਪੂਰਾ ਪਹਿਰਾ ਦਿਓ

ਮੈਂ ਹੋਰ ਜਾਣਨ ਲਈ ਕਾਹਲ਼ਾ ਹੋ ਗਿਆ, “ਇਹ ਗੱਲ ਤਾਂ ਮੈਂ ਸਮਝ ਗਿਆ, ਅੱਗੇ ਦੱਸ ਕਿ ਮੇਰੇ ਹੱਥ-ਬੱਸ ਹੋਰ ਕੀ ਐ?”

ਮਿਹਦੇ ਨੇ ਅਗਲੀ ਮੱਤ ਦਿੱਤੀ, “ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਿੱਥ ਸਕਦੇ ਓਂਮਾਹਰਾਂ ਦਾ ਕਹਿਣਾ ਹੈ ਕਿ ਇੱਕ ਬੁਰਕੀ ਨੂੰ 40-45 ਵਾਰ ਚਿੱਥੋ ਪਰ ਤੁਸੀਂ ਬੁਰਕੀ ਨੂੰ ਪੰਜ-ਸੱਤ ਬਾਰ ਦਰੜ-ਫਰੜ ਕਰ ਕੇ ਮੇਰੇ ਹਵਾਲੇ ਕਰ ਦਿੰਦੇ ਓਂਪਹਿਲੀ ਬੁਰਕੀ ਮੂੰਹ ਵਿੱਚ ਚਿੱਥ ਹੋ ਰਹੀ ਹੁੰਦੀ ਐ, ਦੂਜੀ ਤੁਸੀਂ ਹੱਥ ਵਿੱਚ ਫੜ ਕੇ ਮੂੰਹ ਕੋਲ ਪਹੁੰਚਾਈ ਹੁੰਦੀ ਐਸਮਝਣ ਦੀ ਲੋੜ ਐ ਕਿ ਮੇਰੇ ਅੰਦਰ ਕੋਈ ਬਿਜਲੀ ਦੀ ਮਧਾਣੀ ਤਾਂ ਲੱਗੀ ਨੀ ਹੋਈ ਕਿ ਵੱਡੇ-ਵੱਡੇ ਟੁਕੜਿਆਂ ਨੂੰ ਪੀਹ ਸਕਾਂਨਾਲ਼ੇ ਇਹ ਕੰਮ ਮੇਰਾ ਹੈ ਈ ਨੀ, ਮੇਰੇ ਕਰਨ ਆਲ਼ੇ ਮੇਰੇ ਆਪਣੇ ਕੰਮ ਬਥੇਰੇ ਨੇਮੈਂ ਆਪਣੇ ਕੰਮ ਕਰਾਂ ਕਿ ਦੰਦਾਂ ਦਾ ਕੰਮ ਕਰਾਂ? ਮੈਂ ਤਾਂ ਆਏ ਖਾਣੇ ਨੂੰ ਸਹਿਜ-ਮਤੇ ਨਾਲ ਮਿਲਾਉਨਾ ਆਂ ਜਿਵੇਂ ਕਿ ਹੱਥ ਦੀਆਂ ਚਾਰ ਉਂਗਲਾਂ ਤੇ ਅੰਗੂਠੇ ਵਿਚਾਲ਼ੇ ਕਿਸੇ ਗਿੱਲੀ ਚੀਜ਼ ਨੂੰ ਪੋਲੇ-ਪੋਲੇ ਮਸਲ਼ੀਦਾ ਐ।”

ਮੈਂ ਆਪਣੀ ਜਾਣਕਾਰੀ ਲਈ ਪੁੱਛਿਆ, “ਤੂੰ ਸ਼ੁਰੂ ਵਿੱਚ ਸਰੀਰ ਦੇ 11-12 ਸਿਸਟਮਾਂ ਦੀ ਗੱਲ ਕੀਤੀ ਸੀ, ਉਨ੍ਹਾਂ ਬਾਰੇ ਵੀ ਕੁਛ ਸਮਝਾ ਦੇ।”

ਮਿਹਦਾ ਆਪਣੀ ਗੱਲ ਸਮਝਾਉਣ ਲੱਗਾ, “ਇਹ ਸਭ ‘ਸਿਸਟਮਬਣਾਏ ਤਾਂ ਕੁਦਰਤ ਦੇ ਹੋਏ ਨੇ, ਡਾਕਟਰਾਂ ਨੇ ਸਰੀਰ ਦੀ ‘ਅਨਾਟਮੀਸਮਝਣ-ਸਮਝਾਉਣ ਲਈ ਇਨ੍ਹਾਂ ਨੂੰ 12 ਸਿਸਟਮਾਂ ਵਿੱਚ ਵੰਡ ਲਿਆ ਹੈਹਰ ‘ਸਿਸਟਮਦੇ ਅੱਗੇ ਅਨੇਕਾਂ ਅੰਗ ਨੇ ਤੇ ਸਾਰੇ ਅੰਗਾਂ ਦਾ ਆਪਸ ਵਿੱਚ ਪੂਰਾ ਤਾਲਮੇਲ ਐਅੱਗੇ ਸਾਰੇ ਸਿਸਟਮਾਂ ਦਾ ਆਪਸ ਵਿੱਚ ਪੂਰਾ ਤਾਲ-ਮੇਲ ਐਮਨੁੱਖੀ ਸਰੀਰ ਦਾ ਸਾਰੀ ਸ੍ਰਿਸ਼ਟੀ ਵਿੱਚ ਕੋਈ ਜੋੜ ਨੀ ਇਹ ਤਾਂ ਕੁਦਰਤ ਦੀ ਅਦੁੱਤੀ ਬਣਤ ਐ, ਲੌਕਿਕ ਪੱਖੋਂ ਵੀ ਤੇ ਅਲੌਕਿਕ ਪੱਖੋਂ ਵੀਸਰੀਰ ਦੀ ਤਾਂ ਗੱਲ ਈ ਵੱਡੀ ਐ, ਇਹਦੇ ਕਿਸੇ ਇੱਕ ਅੰਗ ਦਾ ਵੀ ਕੋਈ ਜੋੜ ਨੀਤੁਸੀਂ ਸਤਿੰਦਰ ਸਰਤਾਜ ਦਾ ਗਾਣਾ ਸੁਣਦੇ ਈ ਓਂ ਕਿ ‘ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ …’ ਸਰੀਰ ਦੇ ਹਰ ਅੰਗ ਵਾਸਤੇ ਇਸ ਤਰ੍ਹਾਂ ਦਾ ਗਾਣਾ ਲਿਖਿਆ ਜਾ ਸਕਦਾ ਐ

ਮੈਂ ਪੁੱਛਿਆ, “ਐਨੀ ਮਿਹਨਤ ਕਰਕੇ ਕਿੰਨਾ ਕੁ ਫੈਦਾ ਹੋਜੂ?”

ਮਿਹਦਾ ਬੋਲਿਆ, “ਮੇਰੀ ਗਰੰਟੀ ਐ ਕਿ ਜੇ ਮੇਰੇ ਆਖੇ ਲੱਗ ਜਾਵੋਂ ਤਾਂ ਤੁਹਾਡੀਆਂ ਕਈ ਬਿਮਾਰੀਆਂ ਦਾ ਇਲਾਜ ਹੋ ਸਕਦਾ ਐ।”

ਮੈਂ ਹੈਰਾਨ ਹੋਕੇ ਕਿਹਾ, “ਐਨਾ ਕੁਛ ਕਰਕੇ ਤਾਂ ਸਰੀਰ ਦੀਆਂ ਸਭ ਬਿਮਾਰੀਆਂ ਦਾ ਇਲਾਜ ਹੋਣਾ ਚਾਹੀਦੈ?

ਮਿਹਦੇ ਨੇ ਅਸਲੀਅਤ ਸਮਝਾਈ, “ਨਹੀਂ, ਨਹੀਂ, ਇਸ ਵਾਸਤੇ ਤਾਂ ਹੋਰ ਵੀ ਬੜਾ ਕੁਛ ਕਰਨਾ ਪੈਂਦਾ ਐ ਇਹ ਗੱਲ ਪੱਲੇ ਬੰਨ੍ਹ ਲਵੋ ਕਿ ਚੰਗੀ ਖੁਰਾਕ ਦੀ ਪੂਰੀ ਸਿਹਤ ਲਈ ‘ਲੋੜ’ ਐ ਪਰ ‘ਮੁਕੰਮਲਨੀਸਰੀਰ ਦੇ ਹਰ ਅੰਗ ਦੀ ਯਥਾਯੋਗ ਕਸਰਤ ਤੇ ਮਨ ਦੀ ਸਾਧਨਾ ਵੀ ਇੰਨੀਆਂ ਈ ਜ਼ਰੂਰੀ ਗੱਲਾਂ ਨੇ ਇਹਨਾਂ ਤਿੰਨੇ ਗੱਲਾਂ ਨਾਲ ਤੁਹਾਡਾ ਕਾਇਆ-ਕਲਪ ਹੋ ਜਾਊ ਤੇ ਤੁਸੀਂ ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ ਇੱਕ ਦੇ ਦੋ ਬਣਜੋਂਗੇ।”

ਮੈਂ ਆਪਣੇ ਅੰਦਰ ਦਾ ਪਾਲ਼ਾ ਸਾਂਝਾ ਕੀਤਾ, “ਤੇਰੀਆਂ ਗੱਲਾਂ ਨੇ ਤਾਂ ਮੇਰੀਆਂ ਅੱਖਾਂ ਖੋਲ੍ਹਤੀਆਂ ਪਰ ਆਦਤਾਂ ਬਦਲਣੀਆਂ ਬਹੁਤ ਔਖੀਆਂ ਲੱਗਦੀਆਂ ਨੇ।”

ਮਿਹਦੇ ਨੇ ਸਿਰੇ ਦੀ ਸਲਾਹ ਦਿੱਤੀ, “ਕੋਈ ਔਖੀਆਂ ਨੀ, ਸਿਰੜ ਤੇ ਅਭਿਆਸ ਨਾਲ ਕੋਈ ਕੰਮ ਇੱਕ ਮਹੀਨਾ ਕਰ ਲਉ, ਓਹੀ ਨਵੀਂ ਆਦਤ ਬਣ ਜਾਂਦੀ ਐਨਾਲ਼ੇ ਆਪਣੇ ਵਾਸਤੇ ਕਰਨੈ‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।’ ਇੱਕ ਜ਼ਰੂਰੀ ਬੇਨਤੀ ਹੋਰ ਐ ਕਿ ਜਿਵੇਂ ਮੇਰੇ ਨਾਲ ਅੱਜ ਗੰਭੀਰਤਾ ਨਾਲ ਗੱਲ ਕੀਤੀ ਐ, ਓਵੇਂ ਹੋਰ ਅੰਗਾਂ ਨਾਲ ਵੀ ਜ਼ਰੂਰ ਕਰਿਆ ਕਰੋਇਹਨੂੰ ਨੇਮ ਈ ਬਣਾ ਲਉ ਤੇ ਸਿੱਖੇ ਸਬਕਾਂ ’ਤੇ ਅਮਲ ਵੀ ਕਰੋਥੋਡਾ ਲੋਕ ਤਾਂ ਸੰਵਰੂ ਈ ਸੰਵਰੂ, ਰੱਬ ਨੂੰ ਮਿਲਣ ਦਾ ਰਾਹ ਵੀ ਪੱਧਰਾ ਹੋ ਜੂ।”

ਅਖੀਰ ਵਿੱਚ ਮੈਂ ਟਿੱਚਰ ਕੀਤੀ, “ਤੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਦਾ ਐਂ ਤੇ ਅੰਗਰੇਜ਼ੀ ਵੀ ਖਾਸੀ ਜਾਣਦੈਂ।”

ਮਿਹਦੇ ਨੇ ਫੜੱਕ ਜਵਾਬ ਦਿੱਤਾ, “ਚੌਵੀ ਘੰਟੇ ਤੁਹਾਡੇ ਨਾਲ ਰਹੀਦੈ ਜਨਾਬ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਈ ਲੈਂਦਾ ਐ। ਤੁਸੀਂ ਦੇਖਿਓ, ਤੁਹਾਨੂੰ ਦੇਖ ਕੇ ਤੁਹਾਡੇ ਸੰਗੀ-ਸਾਥੀ, ਹਾਣੀ-ਬੇਲੀ ਵੀ ਤੁਹਾਡੇ ਵਾਲੇ ਰਾਹ ’ਤੇ ਚੱਲ ਪੈਣਗੇ ...।”

ਪਰ ਮੈਂ ਪੂਰੀ ਤਰ੍ਹਾਂ ਗੰਭੀਰ ਤੇ ਸਰੀਰ ਦੀ ਰੱਬੀ ਰਹਿਮਤ ਦੀ ਸੁਹਿਰਦਾ ਨਾਲ ਸੰਭਾਲ਼ ਕਰਨ ਲਈ ਦ੍ਰਿੜ੍ਹ-ਸੰਕਲਪ ਸੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5083)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author