“ਅਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਹੁਤ ਵਿਗਾੜ ਰੱਖਿਆ ਹੈ, ਕਿਉਂਕਿ ਅਸੀਂ ਫੜ੍ਹਾਂ ਬਹੁਤੀਆਂ ਮਾਰਦੇ ਹਾਂ ਅਤੇ ...”
(27 ਅਕਤੂਬਰ 2024)
ਸੇਵਾ ਦਾ ਖੇਤਰ ਬਹੁਤ ਵੱਡਾ ਹੈ ਅਤੇ ਹਰ ਕਿਸਮ ਦੀ ਨਿਸ਼ਕਾਮ ਸੇਵਾ ਪ੍ਰਸ਼ੰਸਾਯੋਗ ਹੈ ਪਰ ਅਸੀਂ ਇਸ ਤਰ੍ਹਾਂ ਦੀ ਸੇਵਾ ਨੂੰ ਘੱਟ ਅਤੇ ਦਿਖਾਵੇ ਨੂੰ ਵੱਧ ਤਰਜੀਹ ਦਿੰਦੇ ਹਾਂ। ਅਸੀਂ ਪਰੰਪਰਾਗਤ ਸੇਵਾਵਾਂ ਨੂੰ ਹੀ ਫੜੀ ਬੈਠੇ ਹਾਂ ਜਦੋਂ ਕਿ ਬਦਲਦੇ ਸਮੇਂ ਨਾਲ ਇਨ੍ਹਾਂ ਦੀਆਂ ਕਿਸਮਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਢੰਗ ਬਦਲਦੇ ਰਹਿੰਦੇ ਹਨ। ਉਦਹਾਰਣ ਵਜੋਂ ਅਸੀਂ ਅਜੇ ਵੀ ਧਾਰਮਿਕ ਸਥਾਨਾਂ ਦੀ ਸੇਵਾ ਨੂੰ ਵੱਧ ਉੱਤਮ ਮੰਨਦੇ ਹਾਂ ਜਦੋਂ ਕਿ ਹਸਪਤਾਲਾਂ ਵਿੱਚ ਵਲੰਟੀਅਰ ਕਿਸਮ ਦੀਆਂ ਸੇਵਾਵਾਂ ਦੀ ਵੀ ਉੰਨੀ ਹੀ ਮਹੱਤਤਾ ਹੈ। ਇਸੇ ਤਰ੍ਹਾਂ ਅੱਜ ਦੇ ਕੰਪਿਊਟਰ ਯੁਗ ਵਿੱਚ ਜਦੋਂ ਸਾਡੇ ਜੀਵਨ ਵਿੱਚ ਬੈਠਕ ਅਤੇ ਗ਼ੈਰ-ਸਿਹਤਵੰਦ ਖੁਰਾਕ ਵਧ ਗਈ ਹੈ, ਉਸ ਵਕਤ ਜਨ-ਸਧਾਰਨ ਨੂੰ ਖੇਡਾਂ ਅਤੇ ਚੰਗੀ ਖੁਰਾਕ ਵਾਲੇ ਪਾਸੇ ਲਾਉਣਾ ਵੀ ਸੇਵਾ ਹੈ। ਟੀ.ਪੀ.ਏ.ਆਰ ਕਲੱਬ, ਬਰੈਂਪਟਨ ਨੇ ਇਸ ਨਿਰਾਲੀ ਸਮਾਜ ਸੇਵਾ ਨੂੰ ਅਪਣਾਇਆ ਹੈ ਅਤੇ ‘ਦੌੜਾਂ ਰਾਹੀਂ ਸਿਹਤ’ ਨੂੰ ਪੰਜਾਬੀ ਕਮਿਊਨਿਟੀ ਦੀ ਸੇਵਾ ਦਾ ਮਿਸ਼ਨ ਬਣਾਇਆ ਹੈ। ਨਾ ਸਿਰਫ ਪਰਚਾਰ ਰਾਹੀਂ ਹੀ ਬਲਕਿ ਅਮਲੀ ਤੌਰ ’ਤੇ ਆਪਣੇ ਮੈਂਬਰਾਂ ਨੂੰ ਅੱਡ-ਅੱਡ ਕਿਸਮ ਦੀਆਂ ਦੌੜਾਂ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਅਗਵਾਈ ਦੇ ਕੇ ਅਤੇ ਪੂਰੇ ਸਾਧਨ ਮੁਹਈਆ ਕਰਵਾ ਕੇ ਵੀ।
ਟੀ.ਪੀ.ਏ.ਆਰ ਕਲੱਬ ਦਾ ਪੂਰਾ ਨਾਉਂ ‘ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ ਹੈ, ਜੋ ਸਹੀ ਅਰਥਾਂ ਵਿੱਚ ‘ਦਿਨ ਦੁੱਗਣੀ ਅਤੇ ਰਾਤ ਚੌਗੁਣੀ’ ਤਰੱਕੀ ਕਰ ਰਿਹਾ ਹੈ। ਇਸਦੇ ਨਾਉਂ ਤੋਂ ਭੁਲੇਖਾ ਲੱਗ ਸਕਦਾ ਹੈ ਕਿ ਇਹ ਸਿਰਫ ਪੀਅਰਸਨ ਏਅਰਪੋਰਟ ਨਾਲ ਸੰਬੰਧਿਤ ਕੋਈ ਕਲੱਬ ਹੈ। ਨਿਰਸੰਦੇਹ 2016 ਵਿੱਚ ਇਸਦੇ ਬਾਨੀ ਏਅਰਪੋਰਟ ਦੇ ਕੁਛ ਉਤਸ਼ਾਹੀ ਵੀਰ ਸਨ ਅਤੇ ਇਸ ਤਰ੍ਹਾਂ ਇਤਿਹਾਸਿਕ ਪੱਖੋਂ ਇਸਦਾ ਸੰਬੰਧ ਇਸ ਏਅਰਪੋਰਟ ਨਾਲ ਜ਼ਰੂਰ ਹੈ। ਪਰ ਅੱਠ ਕੁ ਸਾਲ ਦੇ ਥੋੜ੍ਹੇ ਸਮੇਂ ਵਿੱਚ ਹੀ ਇਸਦੀ ਹਰਮਨ-ਪਿਆਰਤਾ ਇੰਨੀ ਵਧ ਗਈ ਹੈ ਕਿ ਬਰੈਂਪਟਨ ਅਤੇ ਨਾਲ ਲਗਦੇ ਸ਼ਹਿਰਾਂ ਦੇ ਹਰ ਵਰਗ ਦੇ ਦੌੜ-ਪ੍ਰੇਮੀ ਭਾਈ, ਵੀਰ ਅਤੇ ਬੱਚੇ ਇਸਦੇ ਮੈਂਬਰ ਬਣ ਰਹੇ ਹਨ। ਨਾਲ ਹੀ ਇਸ ਕਲੱਬ ਦੀਆਂ ਗਤੀਵਿਧੀਆਂ ਦਾ ਦਾਇਰਾ ਟੋਰਾਂਟੋ ਤੋਂ ਬਾਹਰ ਓਨਟਾਰੀਓ, ਕਨੇਡਾ ਅਤੇ ਅਮਰੀਕਾ ਤਕ ਫੈਲ ਗਿਆ ਹੈ। ਸੰਸਾਰ ਪ੍ਰਸਿੱਧ ਖੇਡ ਪ੍ਰੋਮੋਟਰ ਪ੍ਰਿੰਸੀਪਲ ਸਰਵਣ ਸਿੰਘ ਇਸਦੇ ਸਰਪ੍ਰਸਤ ਅਤੇ ਗਾਈਡ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਇਸ ਕਲੱਬ ਦੀ ਤਰੱਕੀ ਦਾ ਇੱਕ ਕਾਰਨ ਹੈ।
ਜ਼ਿਕਰਯੋਗ ਹੈ ਕਿ ਇਸਦੇ ਲਗਭਗ ਸਾਰੇ ਬਾਨੀ ਮੈਂਬਰ ਹੁਣ ਤਕ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਇਸਦੇ ਪ੍ਰਤਿਭਾਸ਼ਾਲੀ ਬਾਨੀ ਪ੍ਰਧਾਨ ਸ. ਸੰਧੂਰਾ ਸਿੰਘ ਬਰਾੜ ਅੱਜ ਵੀ ਪੂਰੇ ਜਲੌਅ ਨਾਲ ਤਨੋ-ਮਨੋ ਇਸਦੀ ਵਾਗਡੋਰ ਸੰਭਾਲ਼ ਰਹੇ ਹਨ। ਇਸਦੇ ਮੈਂਬਰ ਚੈਰੀਟੇਬਲ ਕੰਮਾਂ ਨਾਲ ਜੁੜੀ ਹਰ ਸੰਸਥਾ ਵੱਲੋਂ ਕਰਵਾਏ ਦੌੜ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਹ ਭਾਵੇਂ ਪੀਲ ਪੋਲੀਸ ਹੋਵੇ, ਧਾਰਮਿਕ, ਸਮਾਜਿਕ, ਸਰਕਾਰੀ, ਗ਼ੈਰ-ਸਰਕਾਰੀ, ਸਕੂਲ, ਬੈਂਕ ਜਾਂ ਕੋਈ ਹੋਰ ਚੈਰੀਟੇਬਲ ਸੰਸਥਾ ਹੋਵੇ। ਇਸ ਤਰ੍ਹਾਂ ਮੈਂਬਰਾਂ ਨੂੰ ਸਮਾਜ ਦੇ ਹੋਰ ਸਾਰੇ ਵਰਗਾਂ ਨਾਲ ਸਾਂਝ-ਭਿਆਲੀ ਦਾ ਮੌਕਾ ਮਿਲਦਾ ਹੈ, ਜਿਸ ਨਾਲ ਕਨੇਡਾ ਦੇ ਬਹੁ-ਪੱਖੀ ਸੱਭਿਆਚਾਰਿਕ ਵਾਤਾਵਰਣ ਨੂੰ ਹੋਰ ਬਲ ਮਿਲਦਾ ਹੈ। ਸਾਡੀ ਕਮਊਨਿਟੀ ਦੇ ਲੋਕਾਂ ਦੇ ਮਨਾਂ ਵਿੱਚ ਇੱਥੋਂ ਦੀਆਂ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰ ਵਧਦਾ ਹੈ ਅਤੇ ਹੋਰਾਂ ਦੇ ਮਨਾਂ ਵਿੱਚ ਸਾਡੀਆਂ ਪ੍ਰਤੀ ਵਧਦਾ ਹੈ। ਬਰੈਂਪਟਨ ਅਤੇ ਨੇੜਲੇ ਹੋਰ ਸ਼ਹਿਰਾਂ ਦੇ ਸਾਰੇ ਰਾਜ-ਨੇਤਾ ਇਸ ਨਾਲ ਸੰਬੰਧ ਰੱਖਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ ਅਤੇ ਇਸਦੀ ਹਰ ਸੰਭਵ ਸਹਾਇਤਾ ਕਰਦੇ ਹਨ।
ਟੀ.ਪੀ.ਏ.ਆਰ ਕਲੱਬ ਦੌੜਾਂ ਦੇ ਮਾਧਿਅਮ ਰਾਹੀਂ ਪੰਜਾਬੀ ਕਮਊਨਿਟੀ ਨੂੰ ਸਿਹਤ-ਸੰਭਾਲ਼ ਪ੍ਰਤੀ ਪੂਰੇ ਜ਼ੋਰ ਨਾਲ ਜਾਗਰੂਕ ਕਰ ਰਿਹਾ ਹੈ ਕਿਉਂਕਿ ਦੌੜਾਂ ਤੇ ਹੋਰ ਖੇਡਾਂ ਦੀ ਤੁਲਨਾ ਵਿੱਚ ਕਈ ਲਾਭ ਹਨ। ਦੌੜਨਾ ਅਤੇ (ਇਸਦੀ ਪਹਿਲੀ ਸਟੇਜ) ਸੈਰ ਕਰਨਾ ਸਰਲ ਅਤੇ ਸਸਤੀਆਂ ਖੇਡਾਂ ਹੋਣ ਦੇ ਨਾਲ-ਨਾਲ ਬਹੁਤ ਪ੍ਰਭਾਵਕਾਰੀ ਹਨ, ਜਿਨ੍ਹਾਂ ਦਾ ਅਨੰਦ ਅਤੇ ਲਾਭ ਹਰ ਉਮਰ ਅਤੇ ਹਰ ਸਿਹਤ-ਪੱਧਰ ਦਾ ਇਨਸਾਨ ਲੈ ਸਕਦਾ ਹੈ। ਸੀਨੀਅਰ ਸੱਜਣ ਸੈਰ ਕਰਦੇ ਸਮੇਂ ਆਪਣੇ ਪਰਮਾਰਥੀ ਫਰਜ਼ ਪੂਰਾ ਕਰਨ ਦਾ ਲਾਹਾ ਵੀ ਲੈ ਸਕਦੇ ਹਨ। ਕੁਝ ਖਾਸ ਮੌਕਿਆਂ ਨੂੰ ਛੱਡ ਕੇ, ਇਨ੍ਹਾਂ ਵਾਸਤੇ ਕਿਸੇ ਟੀਮ, ਖਾਸ ਡਰੈੱਸ, ਮਹਿੰਗੇ ਸਮਾਨ ਜਾਂ ਖੇਡ-ਮੈਦਾਨ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਕਰੜੇ ਨਿਯਮ ਦਾ ਬੰਧਨ ਹੈ ਅਤੇ ਨਾ ਹੀ ਕਿਸੇ ਸਮੇਂ ਦਾ ਬੰਨ੍ਹਣ। ਕਨੇਡਾ ਵਰਗੇ ਦੇਸ਼ ਵਿੱਚ ਤਾਂ ਘਰੋਂ ਨਿਕਲ਼ਦਿਆਂ ਹੀ ਸੈਰ ਜਾਂ ਦੌੜ ਸ਼ੁਰੂ ਕੀਤੀ ਜਾ ਸਕਦੀ ਹੈ। ਦੌੜਾਂ ਨਾ ਸਿਰਫ ਆਪਣੇ ਆਪ ਵਿੱਚ ਸੁਤੰਤਰ ਖੇਡਾਂ ਹਨ, ਬਲਕਿ ਹਰ ਵੱਡੀ ਖੇਡ ਦਾ ਬਹੁਤ ਅਹਿਮ ਅੰਗ ਹਨ। ਉਦਾਹਰਣ ਵਜੋਂ ਸੰਸਾਰ ਦੀਆਂ ਚਾਰ ਸਭ ਤੋਂ ਵੱਡੀਆਂ ਖੇਡਾਂ ਸੌਕਰ (ਫੁੱਟਬਾਲ), ਕ੍ਰਿਕਟ, ਹਾਕੀ ਅਤੇ ਟੈਨਿਸ ਸਣੇ ਅਨੇਕਾਂ ਹੋਰ ਖੇਡਾਂ ਪੂਰੀ ਤਰ੍ਹਾਂ ਖਿਡਾਰੀਆਂ ਦੀ ਦੌੜਨ ਦੀ ਨਿਪੁੰਨਤਾ ਅਤੇ ਸਮਰੱਥਾ ’ਤੇ ਨਿਰਭਰ ਹਨ।
ਪਹਿਲੇ ਸਮਿਆਂ ਵਿੱਚ ਖੇਡਾਂ ਬਹੁਤਾ ਕਰ ਕੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ, ਮਨ-ਪ੍ਰਚਾਵੇ ਜਾਂ ਜੰਗਾਂ-ਯੁੱਧਾਂ ਦੀ ਤਿਆਰੀ ਆਦਿਕ ਨਾਲ ਜੁੜੀਆਂ ਹੁੰਦੀਆਂ ਸਨ। ਸਰੀਰਕ ਕਸਰਤ ਦੇ ਤੌਰ ’ਤੇ ਇਨ੍ਹਾਂ ਦੀ ਵਰਤੋਂ ਘੱਟ ਸੀ ਕਿਉਂਕਿ ਸਭ ਦਾ ਰੋਜ਼-ਮੱਰਾ ਦਾ ਜੀਵਨ ਹੀ ਮਿਹਨਤ-ਮੁਸ਼ੱਕਤ ਵਾਲਾ ਸੀ। ਪਰ ਅੱਜ ਦੇ ਮਸ਼ੀਨੀ ਯੁਗ ਵਿੱਚ ਮਨੁੱਖ ਦੀ ਜੀਵਨ-ਸ਼ੈਲੀ ਬੈਠਕ ਵਾਲੀ ਹੋ ਗਈ ਹੈ। ਸਭ ਨੂੰ ਸਰੀਰਕ ਕਸਰਤ ਦੀ ਲੋੜ ਹੈ ਅਤੇ ਖੇਡਾਂ ਹੀ ਇਸ ਕਸਰਤ ਦਾ ਮੁੱਖ ਸਾਧਨ ਰਹਿ ਗਈਆਂ ਹਨ। ਇਸ ਕਰ ਕੇ ਇਨ੍ਹਾਂ ਦੀ ਅਤੇ ਇਨ੍ਹਾਂ ਵਿੱਚ ਭਾਗ ਲੈਣ ਵਾਲਿਆਂ, ਦੋਹਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਇਹ ਮਨੁੱਖੀ ਸ਼ਕਤੀ, ਨਿਪੁੰਨਤਾ ਅਤੇ ਸਿਰੜ ਦਾ ਸਹੀ ਪ੍ਰਗਟਾਵਾ ਕਰਦੀਆਂ ਹਨ। ਖੇਡਾਂ ਨਾਲ ਖੇਡਣ, ਦੇਖਣ, ਸੁਣਨ, ਲਿਖਣ ਅਤੇ ਪੜ੍ਹਨ ਵਾਲਿਆਂ, ਸਭ ਦਾ ਸਾਰਥਿਕ ਮਨੋਰੰਜਨ ਹੁੰਦਾ ਹੈ ਜੋ ਮਾਨਵਤਾ ਦੀ ਭਲਾਈ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਸੰਸਾਰੀਕਰਨ ਅਤੇ ਤਕਨਾਲੋਜੀ ਕਰ ਕੇ ਵੱਡੇ ਪੱਧਰ ’ਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਵੀ ਹੋ ਗਿਆ ਹੈ ਅਤੇ ਸੰਭਵ ਵੀ ਹੋ ਸਕਿਆ ਹੈ।
ਖੇਡਾਂ ਤੋਂ ਭਾਵ ਸਾਰਥਿਕ ਮੁਕਾਬਲੇਬਾਜ਼ੀ ਦੀਆਂ ਅਜਿਹੀਆਂ ਸਰੀਰਕ ਜਾਂ ਦਿਮਾਗੀ ਕਾਰਵਾਈਆਂ ਹਨ ਜਿਨ੍ਹਾਂ ਦਾ ਨਿਸ਼ਾਨਾ ਸਰੀਰਕ ਜਾਂ ਦਿਮਾਗੀ ਸਮਰੱਥਾ ਅਤੇ ਨਿਪੁੰਨਤਾ ਨੂੰ ਵਰਤਣ, ਸੰਭਾਲਣ ਜਾਂ ਵਿਕਾਸ ਕਰਨ ਅਤੇ ਹਿੱਸੇਦਾਰਾਂ ਅਤੇ ਦਰਸ਼ਕਾਂ ਦਾ ਮਨ ਪਰਚਾਵਾ ਵੀ ਹੋਵੇ। ਪਰ ਇਸ ਵਿੱਚ ਕੋਈ ਭਾਗਵਾਦੀ (ਜੂਏ ਆਦਿ ਦੀ ਤਰ੍ਹਾਂ) ਤੱਤ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਕੋਈ ਖ਼ਤਰਾ ਹੋਵੇ। ਖੇਡਾਂ ਖਾਸ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ਅਤੇ ਇਹ ਸ਼ੌਕੀਆ ਵੀ ਹੋ ਸਕਦੀਆਂ ਹਨ ਅਤੇ ਕਿੱਤਾ-ਮੁਖੀ ਜਾਂ ਮਾਇਕ ਲਾਭ ਹਿਤ ਵੀ ਹੋ ਸਕਦੀਆਂ ਹਨ। ਇਹ ਸਰੀਰਕ ਵੀ ਹੁੰਦੀਆਂ ਹਨ ਜਿਵੇਂ ਕਿ ਦੌੜਨਾ ਅਤੇ ਕੁਸ਼ਤੀ ਕਰਨਾ, ਦਿਮਾਗੀ ਵੀ ਜਿਵੇਂ ਕਿ ਸ਼ਤਰੰਜ ਆਦਿਕ, ਅਤੇ ਮਸ਼ੀਨਰੀ ਅਤੇ ਪਸ਼ੂਆਂ ਨਾਲ ਜੁੜੀਆਂ ਵੀ ਜਿਵੇਂ ਕਿ ਕਾਰਾਂ ਦੀਆਂ ਰੇਸਾਂ ਅਤੇ ਘੋੜ-ਸਵਾਰੀ ਆਦਿਕ। ਵਿਹਾਰਕ ਪੱਖ ਤੋਂ ਤਾਂ ਅਥਲੈਟਿਕਸ ਅਤੇ ਫੀਲਡ ਅਤੇ ਟਰੈਕ ਦੀਆਂ ਖੇਡਾਂ ਹੀ ਅਸਲ ਖੇਡਾਂ ਹਨ ਅਤੇ ਇਸ ਕਰ ਕੇ ਹੀ ਓਲੰਪਿਕਸ ਵਿੱਚ ਇਨ੍ਹਾਂ ਨਾਲ ਸੰਬੰਧਿਤ ‘ਇਵੈਂਟਾਂ’ ਹੀ ਵੱਧ ਹੁੰਦੀਆਂ ਹਨ। ਇਨ੍ਹਾਂ ਖੇਡਾਂ ਵਿੱਚੋਂ ਅੱਗੇ ਦੌੜਾਂ ਪ੍ਰਮੁੱਖ ਹਨ ਅਤੇ ਦੌੜਾਂ ਦੀਆਂ ਅੱਗੇ ਸੈਂਕੜੇ ਕਿਸਮਾਂ ਹਨ। ਸੋ ਕਲੱਬ ਨੇ ਬਹੁਤ ਸੋਚ-ਵਿਚਾਰ ਅਤੇ ਦੂਰ-ਰਸ ਲਾਭਾਂ ਨੂੰ ਮੁੱਖ ਰੱਖ ਕੇ ਦੌੜਾਂ ਨੂੰ ਆਪਣੀਆਂ ਗਤੀਵਿਧੀਆਂ ਦਾ ਅਧਾਰ ਬਣਾਇਆ ਹੈ।
‘ਰਨਰਜ਼ ਕਲੱਬ’ ਦੇ ਨਾਉਂ ਤੋਂ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਸਦੇ ਮੈਂਬਰਾਂ ਵਿੱਚ ਪੀ ਐੱਚ ਡੀ ਪ੍ਰੋਫੈਸਰ, ਲੇਖਕ, ਪੱਤਰਕਾਰ, ਵਕੀਲ, ਉਦਯੋਗਪਤੀ, ਇੰਜਨੀਅਰ, ਚਾਰਟਿਡ ਅਕਾਊਂਟੈਂਟ, ਬੱਚੇ, ਅੱਸੀਆਂ ਤੋਂ ਟੱਪੇ ਸੀਨੀਅਰ, ਬੀਬੀਆਂ, ਨੌਜਵਾਨ ਪਤੀ-ਪਤਨੀ, ਅੱਸੀਆਂ ਨੂੰ ਢੁੱਕੇ ਪਤੀ-ਪਤਨੀ ਸ਼ਾਮਿਲ ਹਨ। ਉਹ ਜਿੱਥੇ ਆਪਣੀ ਸਿਹਤ ਦਾ ਖ਼ਿਆਲ ਰੱਖ ਰਹੇ ਹਨ, ਉੱਥੇ ਅਨੇਕਾਂ ਹੋਰਾਂ ਲਈ ਉਤਸ਼ਾਹ ਦਾ ਸੋਮਾ ਬਣੇ ਹੋਏ ਹਨ। ਕਲੱਬ ਦੇ ਮੈਂਬਰ ਉਮਰ ਅਨੁਸਾਰ ਆਪਸ ਵਿੱਚ ਹਰ ਵੱਡੇ ਛੋਟੇ ਦਾ ਯਥਾਯੋਗ ਮਾਣ ਸਤਿਕਾਰ ਕਰਦੇ ਹਨ ਅਤੇ ਛੋਟਿਆਂ ਨੂੰ ਪਿਆਰ ਕਰਦੇ ਹਨ। ਇਸ ਤਰ੍ਹਾਂ ਸਮਾਜ ਵਿੱਚ ਇੱਕਸੁਰਤਾ ਅਤੇ ਸਹਿਯੋਗ ਵਧਦਾ ਹੈ, ਮੋਬਾਈਲਾਂ ਤੋਂ ਖਹਿੜਾ ਛੁੱਟਦਾ ਹੈ ਅਤੇ ਇੱਕ-ਦੂਜੇ ਨੂੰ ਆਹਮਣੇ-ਸਾਹਮਣੇ ਮਿਲਣ ਦਾ ਮੌਕਾ ਮਿਲਦਾ ਹੈ। ਹਰ ਛੋਟੇ-ਵੱਡੇ ਨੂੰ ਆਪਣੀ ਉਮਰ ਤੋਂ ਵੱਡੇ ਅਤੇ ਛੋਟੇ ਦੇ ਸੁਭਾਅ ਸਮਝਣ, ਜਾਣਨ ਦਾ ਮੌਕਾ ਮਿਲਦਾ ਹੈ, ਜਦਕਿ ਕੰਪਿਊਟਰ ਸਾਡੇ ਸਮਾਜਾਂ ਨੂੰ ਇਨ੍ਹਾਂ ਨਿਹਮਤਾਂ ਤੋਂ ਬਾਂਝਾ ਕਰ ਰਹੇ ਹਨ। ਪਿਆਰ-ਸਤਿਕਾਰ ਅਤੇ ਮਾਣ-ਇੱਜ਼ਤ ਦੇ ਨਾਲ-ਨਾਲ ਮੈਂਬਰਾਂ ਨੂੰ ਪੂਰੇ ਫੌਜੀ ਤਰਜ਼ ਦੇ ਡਸਿਪਲਨ ਵਿੱਚ ਵੀ ਰਹਿਣਾ ਪੈਂਦਾ ਹੈ। ਪ੍ਰਬੰਧਕਾਂ ਦੀ ਥੋੜ੍ਹੀ ਜਿਹੀ ਤਾੜਨਾ ਹੀ ਬਹੁਤ ਸਮਝੀ ਜਾਂਦੀ ਹੈ ਅਤੇ ਕਈ ਖੱਬੀ-ਖਾਨਾਂ ਨੂੰ ਕਲੱਬ ਵਿੱਚੋਂ ਖਾਰਿਜ ਵੀ ਕੀਤਾ ਜਾ ਚੁੱਕਾ ਹੈ।
ਕਲੱਬ ਦੇ ਮੈਂਬਰ ਅੱਡ-ਅੱਡ ਕਿਸਮ ਦੀਆਂ ਦੌੜਾਂ ਅਤੇ ਹੋਰ ਅਨੇਕਾਂ ਇਵੈਂਟਾਂ ਵਿੱਚ ਭਾਗ ਲੈਂਦੇ ਹਨ, ਜਿਹੜੀਆਂ ਕਿ ਸਿਰਫ਼ ਤੇ ਸਿਰਫ਼ ਚੈਰੀਟੇਬਲ ਮੰਤਵਾਂ ਲਈ ਕਰਵਾਈਆਂ ਜਾਂਦੀਆਂ ਹਨ। ਕਲੱਬ ਦੇ ਮੈਂਬਰ ਨੇਮ ਨਾਲ ਨਿਮਨ-ਦਰਜ ਮੁੱਖ ਇਵੈਂਟਾਂ ਵਿੱਚ ਭਾਗ ਲੈਂਦੇ ਹਨ:
*. ਸੀਐੱਨ ਟਾਵਰ ਦੀਆਂ 1, 776 ਪੌੜੀਆਂ ਚੜ੍ਹਨਾ, ਜੋ ਸੰਸਾਰ ਪੱਧਰ ਦੀ ਸਾਲ ਵਿੱਚ ਦੋ ਵਾਰ ਹੋਣ ਵਾਲੀ ਇਵੈਂਟ ਹੈ। ਕਰੀਬ 55 ਦੇਸ਼ਾਂ ਦੇ 35 ਹਜ਼ਾਰ ਦੌੜਾਕ ਇਸ ਵਿੱਚ ਹਿੱਸਾ ਲੈਂਦੇ ਹਨ।
* ਸਕੋਸ਼ੀਆ ਬੈਂਕ ਦੀ ਮੈਰਾਥਨ ਅਤੇ ਹਾਫ ਮੈਰਾਥਨ, ਜੋ ਕੌਮਾਂਤਰੀ ਪੱਧਰ ਦੀ ਸਾਲਾਨਾ ਇਵੈਂਟ ਹੈ।
* ਸਾਲਾਨਾ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੌੜ।
* ਰੈਟਰੋ-ਵਾਕਿੰਗ ਭਾਵ ਪਿਛਾਂਹ ਨੂੰ ਤੁਰਨਾ ਅਤੇ ਦੌੜਨਾ।
* ਕਨੇਡਾ ਦੀ ਮਹਾਨ ਟਰੇਲ ‘ਟਰਾਂਸ ਕਨੇਡਾ’ ਦੀਆਂ ਸਾਰਾ ਸਾਲ ਹੁੰਦੀਆਂ ਦੌੜਾਂ।
* ‘ਚਿੱਲੀ ਰਨ’ ਜੋ ਜਨਵਰੀ ਵਿੱਚ ਕੜਾਕੇ ਦੀ ਠੰਢ ਵਿੱਚ ਹੁੰਦੀ ਹੈ।
* ਕਿਡਜ ਰਨ।
* ਪੀਟਰਬਰੋ ਬਟਰਫਲਾਈ ਫੈਸਟੀਵਲ ਰਨ 10 ਕਿਲੋਮੀਟਰ।
* ਬਰੀਟਾ ਨਾਈਟ ਰਨ 10 ਕਿਲੋਮੀਟਰ।
* ਬਿੰਬੋ ਗਲੋਬਲ ਲੇਕਸ਼ੋਰ ਰਨ 5 ਅਤੇ 10 ਕਿਲੋਮੀਟਰ।
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਕਲੱਬ ਸਕੌਸ਼ੀਆ ਬੈਂਕ ਦੇ ਚੈਰਿਟੀ ਫੰਡ ਵਿੱਚੋਂ ਇੱਕ ਅੱਛੀ ਖਾਸੀ ਰਕਮ ‘ਬਰੈਂਪਟਨ ਸਿਵਿਕ ਹਸਪਤਾਲ’ ਨੂੰ ਦਿਵਾਉਣ ਵਿੱਚ ਸਫਲ ਰਿਹਾ ਹੈ, ਜਿਸ ਕਰ ਕੇ ‘ਵਿਲੀਅਮ ਔਸਲਰ ਹੈਲਥ ਸਿਸਟਮ ਫਾਊਂਡੇਸ਼ਨ’ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ ਮਿ.ਕੈੱਨ ਮੇਅਹਿਊ ਨੇ ਪੀਲ ਹਸਪਤਾਲ ਵਿੱਚ ਆਯੋਜਿਤ ਇੱਕ ਸ਼ਾਨਦਾਰ ਫੰਕਸ਼ਨ ਵਿੱਚ ਕਲੱਬ ਦੀ ਕਾਰਜਕਾਰਨੀ ਦਾ ਸਵਾਗਤ ਅਤੇ ਧੰਨਵਾਦ ਕੀਤਾ।
ਕਲੱਬ ਦੇ ਹਰ ਮੈਂਬਰ ਦੀ ਆਪਣੀ ਵਿਸ਼ੇਸ਼ਤਾ ਹੈ ਭਾਵੇਂ ਕਿ ਹਨ ਸਭ ਦੌੜਾਕ ਹੀ। ਕੋਈ ਕਿਸੇ ਕਿਸਮ ਦੀ ਦੌੜ ਦਾ ਮਾਹਿਰ ਹੈ ਕੋਈ ਕਿਸੇ ਹੋਰ ਕਿਸਮ ਦੀ ਦੌੜ ਦਾ। ਕੋਈ ਲੰਬੀ ਦੂਰੀ ਦਾ, ਕੋਈ ਘੱਟ ਦੂਰੀ ਦਾ। ਕੋਈ ਪੌੜੀਆਂ ਚੜ੍ਹਨ ਦਾ, ਕੋਈ ਹਾਫ-ਮੈਰਾਥਨ ਦਾ, ਕੋਈ ਫੁੱਲ ਦਾ। ਕਰਮਜੀਤ ਵਰਗੇ ਹਠੀ ਬੰਦੇ ‘ਵਰਡ ਮੈਰਾਥਨ ਮੇਜਰਜ਼’ ਅਰਥਾਤ ਸੰਸਾਰ ਦੀਆਂ ਛੇ ਮੇਜਰ ਮੈਰਾਥਨਾਂ ਲਾ ਚੁੱਕੇ ਹਨ। ਕੋਈ ਕਲੱਬ ਦੀਆਂ ਸਰਗਰਮੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਮੀਡੀਆ ਨੂੰ ਪਹੁੰਚਾਉਣ ਦੀ ਦਿਮਾਗੀ ਡਿਊਟੀ ਨਿਭਾ ਰਿਹਾ ਹੈ। 80ਵਿਆਂ ਨੂੰ ਟੱਪ ਚੁੱਕੇ ਸੀਨੀਅਰ ਛੇ-ਛੇ ਵਾਰ ਸੀ ਐੱਨ ਟਾਵਰ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ। ਹਰਜੀਤ ਸਿੰਘ ਲੋਚਮ ਅਤੇ ਕੁਲਦੀਪ ਸਿੰਘ ਗਰੇਵਾਲ ਨੇ ਹਾਫ ਆਇਰਨਮੈਨ ਦੇ ਖਿਤਾਬ ਜਿੱਤੇ ਹੋਏ ਹਨ। ਇਸ ਖਿਤਾਬ ਨੂੰ ਹਾਸਲ ਕਰਨ ਲਈ ਅਥਲੀਟ ਨੂੰ ਦੋ ਕਿਲੋਮੀਟਰ ਤੈਰਨਾ, ਤੁਰਤ ਬਾਅਦ 90 ਕਿਲੋਮੀਟਰ ਸਾਈਕਲਿੰਗ ਕਰਨੀ ਅਤੇ ਅਖੀਰ ਵਿੱਚ 21 ਕਿਲੋਮੀਟਰ ਦੌੜਨਾ ਹੁੰਦਾ ਹੈ ਅਤੇ ਇਹ ਤਿੰਨੇ ਕੰਮ 8 ਘੰਟੇ ਦੇ ਅੰਦਰ-ਅੰਦਰ ਪੂਰੇ ਕਰਨੇ ਹੁੰਦੇ ਹਨ। ਇਸ ਤੋਂ ਵੀ ਵੱਧ ਉਤਸ਼ਾਹਜਨਕ ਗੱਲ ਇਹ ਹੈ ਕਿ ਮਿ. ਲੋਚਮ ਫੁੱਲ ਆਇਰਨਮੈਨ ਦੀ ਤਿਆਰੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਹਰ ਇਵੈਂਟ ਦੁੱਗਣੀ ਕਰਨੀ ਪੈਣੀ ਹੈ।
ਇਹ ਗੱਲਾਂ ਲਿਖਣੀਆਂ ਤੇ ਪੜ੍ਹਨੀਆਂ ਸੌਖੀਆਂ ਹਨ, ਪਰ ਕਰਨ ਵਾਲਿਆਂ ਦੀ ਜ਼ਿੰਦਗੀ ਲੱਗ ਜਾਂਦੀ ਹੈ। ਇਹ ਕੰਮ ਕਿਸੇ ਹੋਰ ਕੌਮ ਦੇ ਬੰਦੇ ਕਰਨ ਤਾਂ ਉਨ੍ਹਾਂ ਤੋਂ ਇਨਾਮ ਸਾਂਭੇ ਨਹੀਂ ਜਾਂਦੇ, ਪਰ ਸਾਡੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਕਿ ਸਾਡੇ ਭਾਈਬੰਦ ਵੀ ਇਹ ਮੱਲਾਂ ਮਾਰ ਰਹੇ ਹਨ। ਇਹ ਬਹੁਤ ਤਸੱਲੀਬਖ਼ਸ ਗੱਲ ਹੈ ਕਿ ਕਲੱਬ ਤੋਂ ਬਾਹਰ ਵੀ ਬਹੁਤ ਹੋਣਹਾਰ ਪੰਜਾਬੀ ਦੌੜਾਕ ਹਨ ਜੋ ਡਾਕਟਰੀ, ਵਕਾਲਤ ਅਤੇ ਹੋਰ ਵੱਡੇ ਕਿੱਤਿਆਂ ਨਾਲ ਜੁੜੇ ਹੋਏ ਹਨ। ਉਹ ਸਾਡੇ ਸਭ ਦੇ ਸਤਿਕਾਰ ਦੇ ਪਾਤਰ ਹਨ। ਅਸੀਂ ਇਹ ਨਹੀਂ ਜਾਣਦੇ ਕਿ ਇਸ ਤਰ੍ਹਾਂ ਦੇ ਸੂਰਵੀਰ ਸਰੀਰਕ ਅਤੇ ਮਾਨਸਿਕ ਘਾਲਣਾ ਤਾਂ ਘਾਲਦੇ ਹੀ ਹਨ, ਨਾਲ ਪਰਿਵਾਰ ਦੇ ਜੀਆਂ ਨੂੰ ਵੀ ਵਕਤ ਪਾਈ ਰੱਖਦੇ ਹਨ ਅਤੇ ਹਜ਼ਾਰਾਂ ਡਾਲਰ ਆਪਣੀਆਂ ਜੇਬਾਂ ਵਿੱਚੋਂ ਖਰਚ ਵੀ ਕਰਦੇ ਹਨ।
ਕਲੱਬ ਦੇ ਹਰ ਮੈਂਬਰ ਦੀਆਂ ਪ੍ਰਾਪਤੀਆਂ ਦੀ ਲਿਸਟ ਦੀ ਇੱਕ ਪੂਰੀ ਕਿਤਾਬ ਬਣ ਸਕਦੀ ਹੈ, ਜੋ ਅਜੇ ਸੰਭਵ ਨਹੀਂ। ਸਾਰੇ ਕਨੇਡਾ ਵਿੱਚ ਨਿਰੋਲ ਪੰਜਾਬੀਆਂ ਦਾ ਇੰਨੀਆਂ ਵਸੀਹ ਮੁਹਾਰਤਾਂ ਦੇ ਮਾਹਿਰ ਅਥਲੀਟਾਂ ਦਾ ਕੋਈ ਹੋਰ ਕਲੱਬ ਅਜੇ ਤਕ ਨਹੀਂ ਸੁਣਿਆ। ਸਤਿਕਾਰ ਵਜੋਂ ਹੇਠ ਲਿਖੇ ਮੈਂਬਰਾਂ ਦੇ ਨਾਂਵਾਂ ਦਾ ਖਾਸ ਤੌਰ ’ਤੇ ਵਰਣਨ ਕੀਤਾ ਜਾਂਦਾ ਹੈ:
ਸੋਢੀ ਕੰਗ, ਧਿਆਨ ਸਿੰਘ ਸੋਹਲ, ਮਨਜੀਤ ਸਿੰਘ ਨੌਟਾ, ਜੈ ਪਾਲ ਸਿੱਧੂ, ਜੱਸੀ ਧਾਲ਼ੀਵਾਲ਼, ਬਲਕਾਰ ਸਿੰਘ ਹੇਅਰ ਅਤੇ ਉਨ੍ਹਾਂ ਦੀ ਧਰਮ-ਪਤਨੀ ਨਰਿੰਦਰ ਕੌਰ ਹੇਅਰ, ਧਰਮ ਸਿੰਘ ਰੰਧਾਵਾ, ਕੁਲਦੀਪ ਸਿੰਘ ਗਰੇਵਾਲ਼, ਹਰਜੀਤ ਸਿੰਘ ਲੋਚਮ, ਕਰਮਜੀਤ ਸਿੰਘ, ਡਾ. ਸੁਖਦੇਵ ਸਿੰਘ ਝੰਡ, ਜਾਗੀਰ ਸਿੰਘ ਸੈਂਹਬੀ, ਗੁਰਜੀਤ ਲੋਟੇ, ਮਹਿੰਦਰ ਘੁੰਮਣ, ਕੁਲਵੰਤ ਧਾਲ਼ੀਵਾਲ਼, ਸੁਖਦੇਵ ਸਿਧਵਾਂ, ਸੁਰਿੰਦਰ ਨਾਗਰਾ, ਤੇਜਿੰਦਰ ਗਰੇਵਾਲ਼, ਅਮਰਜੀਤ ਸਿੰਘ, ਨਿਰਮਲ ਗਿੱਲ, ਸਿਮਰਤਪਾਲ ਭੁੱਲਰ, ਕੁਲਦੀਪ ਗਿੱਲ, ਜਸਵੀਰ ਪਾਸੀ ਅਤੇ ਉਨ੍ਹਾਂ ਦੀ ਪਤਨੀ ਪਰਦੀਪ ਪਾਸੀ।
ਕਲੱਬ ਦੇ ਪ੍ਰਬੰਧਾਂ ਅਤੇ ਹੋਰ ਹਰ ਕਿਸਮ ਦੀ ਸੇਵਾ ਲਈ ਪਾਲ ਬੈਂਸ, ਅਵਤਾਰ ਸਿੱਧੂ, ਜਗਤਾਰ ਗਰੇਵਾਲ਼, ਜੰਗੀਰ ਸਿੰਘ, ਜਸਵੀਰਪਾਲ ਸਿੰਘ, ਰਕੇਸ਼ ਸ਼ਰਮਾ ਮੋਹਰੀ ਹਨ।
ਕਲੱਬ ਜਿੱਥੇ ਆਪਣੇ ਮੈਂਬਰਾਂ ਨੂੰ ਆਪਣਿਆਂ ਆਦਰਸ਼ਾਂ ’ਤੇ ਤੋਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਉੱਥੇ ਇਸ ਨੇ ਪੂਰੀ ਪੰਜਾਬੀ ਕਮਿਊਨਿਟੀ ਨੂੰ ਇਨ੍ਹਾਂ ਦੇ ਬਾਰੇ ਜਾਗਰੂਕ ਕਰਨ ਦਾ ਵੀ ਬੀੜਾ ਚੁੱਕਿਆ ਹੋਇਆ ਹੈ। ਇਸ ਲਈ ਇਹ ਆਪਣੇ ਮੈਂਬਰਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਤੋਂ ਕਿਤੇ ਵੱਧ ਅਖ਼ਬਾਰਾਂ ਵਿੱਚ ਵੱਖ-ਵੱਖ ਆਰਟੀਕਲ ਲਿਖਣ, ਪੰਜਾਬੀ ਰੇਡੀਓ ਤੇ ਟੀ.ਵੀ. ਚੈਨਲਾਂ ਉੱਪਰ ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕਰਨ ਅਤੇ ਲੋਕਾਂ ਨੂੰ ਇੱਥੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦੇਣ ਦੇ ਭਰਪੂਰ ਯਤਨ ਕਰਦਾ ਰਹਿੰਦਾ ਹੈ। ਕਲੱਬ ਨੇ ਇਸ ਔਖੇ ਅਤੇ ਦੂਰ-ਰਸ ਮੰਤਵ ਦੀ ਪ੍ਰਾਪਤੀ ਦਾ ਬੀੜਾ ਚੱਕਿਆ ਹੈ ਇਸ ਕਰ ਕੇ ਆਪਣੇ ਵੀਰਾਂ-ਭੈਣਾਂ ਅੱਗੇ ਇਸ ਤਰ੍ਹਾਂ ਦੀਆਂ ਅਪੀਲਾਂ ਕਰਨਾ ਆਪਣਾ ਫ਼ਰਜ਼ ਵੀ ਸਮਝਦਾ ਹੈ ਅਤੇ ਆਪਣਾ ਹੱਕ ਵੀ।
ਪਰ ਸਾਡੇ ਪੰਜਾਬੀਆਂ ਦੀ ਇਸ ਪੱਖ ਤੋਂ ਉਦਾਸੀਨਤਾ ਨਿਰਾਸ਼ਾਜਨਕ ਹੈ। ਅਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਹੁਤ ਵਿਗਾੜ ਰੱਖਿਆ ਹੈ, ਕਿਉਂਕਿ ਅਸੀਂ ਫੜ੍ਹਾਂ ਬਹੁਤੀਆਂ ਮਾਰਦੇ ਹਾਂ ਅਤੇ ਸਾਰਥਿਕ ਮਿਹਨਤ ਘੱਟ ਕਰਦੇ ਹਾਂ, ਹਾਲਾਂਕਿ ਸਰੀਰਕ ਮਿਹਨਤ-ਮੁਸ਼ੱਕਤ ਸਾਡੇ ਪੰਜਾਬੀ ਵਿਰਸੇ ਦਾ ਮੁੱਖ ਹਿੱਸਾ ਹੈ। ਅਸੀਂ ਖੇਡਾਂ ਸਣੇ ਹਰ ਸਰੀਰਕ ਕੰਮ ਨੂੰ ਆਪਣੀ ਸ਼ਾਨ ਤੋਂ ਥੱਲੇ ਸਮਝਦੇ ਹਾਂ ਅਤੇ ਨਤੀਜੇ ਵਜੋਂ ਖਿਡਾਰੀਆਂ ਅਤੇ ਅਥਲੀਟਾਂ ਨੂੰ ਬਣਦਾ ਸਨਮਾਨ ਦੇਣ ਦੀ ਬਜਾਇ ਉਨ੍ਹਾਂ ਨੂੰ ਵਿਹਲੇ ਬੰਦੇ ਸਮਝਣ ਦੀ ਹਿਮਾਕਤ ਕਰ ਰਹੇ ਹਾਂ ਜਦਕਿ ਸੰਸਾਰ ਪੱਧਰ ’ਤੇ ਇਹ ਸੋਚ ਬਦਲ ਰਹੀ ਹੈ ਅਤੇ ਇਹ ਧਾਰਨਾ ਜ਼ੋਰ ਫੜ ਰਹੀ ਹੈ ਕਿ ਸਿਹਤ-ਸੰਭਾਲ਼ ਨੂੰ ਪੜ੍ਹਾਈ-ਲਿਖਾਈ ਜਿੰਨੀ ਹੀ ਮਹੱਤਤਾ ਮਿਲਣੀ ਚਾਹੀਦੀ ਹੈ। ‘ਐੱਮ ਆਈ ਟੀ’ ਪੜ੍ਹਨ ਵਾਲੇ ਇੱਕ ਸਕਾਲਰ ਨੇ ਮੈਨੂੰ ਦੱਸਿਆ ਕਿ ਉਸ ਦੇ ਅੱਧਿਆਂ ਤੋਂ ਵੱਧ ਜਮਾਤੀ ਮੈਰਾਥਨ ਦੌੜਾਕ ਹਨ ਅਤੇ ਕਈ ਦੌੜ ਪੂਰੀ ਕਰ ਕੇ ਕਲਾਸ ਲਾਉਣ ਆਉਂਦੇ ਹਨ ਅਤੇ ਕਈਆਂ ਨੇ ਕਲਾਸ ਲਾ ਕੇ ਬਾਅਦ ਵਿੱਚ ਦੌੜਨਾ ਹੁੰਦਾ ਹੈ।
ਅਖੀਰ ਵਿੱਚ ਆਪਣੇ ਭਾਈਚਾਰੇ ਦੀ ਮਨੋਬਿਰਤੀ ਦੀ ਉਦਾਹਰਣ, ਹਾਸ-ਰਸ ਦੇ ਇੱਕ ਟੋਟਕੇ ਰਾਹੀਂ ਪੇਸ਼ ਕਰਦਾ ਹਾਂ। ਇੱਕ ਵਾਰ ਮੈਂ ਕਿਸੇ ਦੌੜ ਵਿੱਚ ਭਾਗ ਲੈ ਰਿਹਾ ਸੀ ਅਤੇ ਸਭ ਤੋਂ ਫਾਡੀ ਸੀ ਤੇ ਇਕੱਲਾ ਜਾ ਰਿਹਾ ਸੀ। ਕੁਛ ਟਕੋਰਾਂ ਸੁਣਨ ਨੂੰ ਮਿਲੀਆਂ:
“ਓਇ! ਦੇਖਲੋ ਇੱਕ ਆਹ ਤੁਰਿਆ ਆਉਂਦੈ। ਇਹ ਨੂੰ ਕੋਈ ਪੁੱਛੇ ਕਿ ਤੇਰਾ ਕੀ ਗੱਡਾ ਖੜ੍ਹੈ, ਐਮੇਂ ਔਖਾ ਹੋਈਂ ਜਾਨੈ? ਤੂੰ ਹੁਣ ਐੱਸ ਉਮਰ ਵਿੱਚ ਘੁਲਣ ਲੱਗਣੈ?”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5371)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: