“‘ਦੂਸਰਾ ਜੀਵਨ’ ਕਿਸੇ ਖਾਸ ਘਟਨਾ, ਸਵੈ-ਪੜਚੋਲ, ਸੋਚ-ਵਿਚਾਰ ਜਾਂ ਬਾਹਰੀ ਪ੍ਰੇਰਨਾ ਤੋਂ ਬਾਅਦ ...”
(25 ਸਤੰਬਰ 2021)
ਮਹਾਂਪੁਰਖ ਅਤੇ ਫ਼ਿਲਾਸਫ਼ਰ ਇਹ ਦੱਸ ਕੇ ਕਿ ਸੰਸਾਰ ਦੁੱਖਾਂ ਅਤੇ ਸੁੱਖਾਂ ਦਾ ਮਿਸ਼ਰਣ ਹੈ, ਸਾਨੂੰ ਨਸੀਹਤ ਕਰਦੇ ਹਨ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਇਸ ਜੀਵਨ ਨੂੰ ਖਿੜੇ ਮੱਥੇ ਜੀਓ ਅਤੇ ਨਾਲ਼ ਹੀ ਆਪਣੇ ਪਰਮਾਰਥੀ ਅਤੇ ਸੰਸਾਰਿਕ ਫ਼ਰਜ਼ ਵੀ ਪੂਰੇ ਕਰੋ। ਅੱਗੇ ਦਸਦੇ ਹਨ ਕਿ ਮਨੁੱਖਾ-ਜਨਮ ਬਹੁਤ ਸ੍ਰੇਸ਼ਠ ਅਤੇ ਵਡਮੁੱਲੀ ਦਾਤ ਹੈ ਅਤੇ ਸਾਡਾ ਸਰੀਰ ਜਿਉਂਦੇ ਰੱਬ ਦਾ ਘਰ ਹੈ ਪਰ ਮਨੁੱਖ ਆਪ ਮੂਰਖ, ਅਣਜਾਣ, ਅੰਨ੍ਹਾ, ਕਪਟੀ, ਪਖੰਡੀ ਅਤੇ ਹੋਰ ਅਨੇਕਾਂ ਔਗੁਣਾਂ-ਵਿਕਾਰਾਂ-ਕਮਜ਼ੋਰੀਆਂ ਦਾ ਭਰਿਆ ਹੋਇਆ ਹੈ। ਇਹ ਵੀ ਦੱਸਦੇ ਹਨ ਕਿ ਸੰਸਾਰ ਨੂੰ ਬਣਾਉਣ ਅਤੇ ਚਲਾਉਣ ਵਾਲ਼ੀ ਹਸਤੀ ਸਰਬ-ਸਮਰੱਥ, ਦਿਆਲੂ, ਬਖ਼ਸ਼ਣਹਾਰ ਅਤੇ ਜਾਣਨ-ਹਾਰ ਹੈ ਹਾਲਾਂਕਿ ਸਾਨੂੰ ਸੰਸਾਰ ਦੇ ਵਰਤਾਰਿਆਂ ਵਿੱਚੋਂ ਇਸ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਅਤੇ ਨਾ ਹੀ ਸਮਝ ਆਉਂਦੀ ਹੈ ਕਿ ਕੁਦਰਤੀ ਆਫਤਾਂ ਦਾ ਕੀ ਕਾਰਨ ਹੈ ਅਤੇ ਸੰਸਾਰ ਵਿੱਚ ਚੰਗਿਆਂ ਨਾਲ਼ ਮੰਦਾ ਕਿਉਂ ਹੋ ਰਿਹਾ ਹੈ। ਸਾਨੂੰ ਤਾਂ ਅਸੰਗਤੀਆਂ-ਭਰਪੂਰ ਇਹ ਸੰਸਾਰ ਤਰਕ-ਹੀਣ ਲਗਦਾ ਹੈ ਅਤੇ ਇਸ ਵਿੱਚ ਰਹਿਣਾ ਬਹੁਤ ਔਖਾ ਲਗਦਾ ਹੈ।
ਸਾਡੀ ਇਸ ਸੋਚਣੀ ਵਿੱਚ ਗਲਤੀ ਵੀ ਕੋਈ ਨਹੀਂ ਕਿਉਂਕਿ ਮਹਾਂਪੁਰਖ ਖ਼ੁਦ ਇਸ ਸੰਸਾਰ ਨੂੰ ਨਿੰਦਦੇ ਹਨ ਅਤੇ ਇਸ ਵਿੱਚ ਰਹਿਣ ਦੀ ਔਖਿਆਈ ਦੀ ਗੱਲ ਨੂੰ ਕਬੂਲਦੇ ਹਨ। ਪਰ ਇਹ ਵੀ ਸਚਾਈ ਹੈ ਕਿ ਉਨ੍ਹਾਂ ਨੇ ਖ਼ੁਦ ਇਸ ਸੰਸਾਰ ਵਿੱਚ ਰਹਿ ਕੇ ਇਸ ਦੀ ਜ਼ਮੀਨੀ-ਹਕੀਕਤ ਨੂੰ ਦੇਖਿਆ ਹੈ ਅਤੇ ਸਾਡੇ ਵਾਂਗੂੰ ਦੁੱਖ-ਸੁਖ ਹੰਢਾਏ ਹਨ, ਬਲਕਿ ਸਾਡੇ ’ਤੋਂ ਵੀ ਕਿਤੇ ਵੱਧ। ਉਹ ਇਨ੍ਹਾਂ ਹਾਲਾਤ ਵਿੱਚੋਂ ਆਦਰਸ਼ ਢੰਗ ਨਾਲ਼ ਲੰਘੇ ਹਨ ਅਤੇ ਸਾਨੂੰ ਖਿੜੇ-ਮੱਥੇ ਰਹਿ ਕੇ ਆਪੋ-ਆਪਣੇ ਫ਼ਰਜ ਪੂਰੇ ਕਰਨ ਨੂੰ ਪ੍ਰੇਰਦੇ ਹਨ। ਬਲਕਿ ਇੱਥੋਂ ਤਕ ਸਮਝਾਉਂਦੇ ਹਨ ਕਿ ਸਾਡੇ ਜੀਵਨ ਦਾ ਮੁੱਖ ਮੰਤਵ ਹੀ ਇਸ ਨੂੰ ਹਰ ਪੱਖ ਤੋਂ ਸੰਵਾਰਨਾ ਹੈ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਪ੍ਰਤਿਭਾਵਾਂ ਨੂੰ ਸਮਝੀਏ, ਆਪਣੇ ਔਗੁਣਾਂ-ਵਿਕਾਰਾਂ-ਕਮਜ਼ੋਰੀਆਂ ਦੀ ਸਵੈ-ਪੜਚੋਲ ਕਰੀਏ, ਦਰ-ਪੇਸ਼ ਵੰਗਾਰਾਂ ਦਾ ਸਾਹਮਣਾ ਕਰੀਏ ਅਤੇ ਮਿਲੇ ਸੁਨਹਿਰੀ ਮੌਕਿਆਂ ਦਾ ਲਾਹਾ ਲਈਏ। ਇਸ ਤਰ੍ਹਾਂ ਆਪੋ-ਆਪਣੀ ਵਿਚਾਰਧਾਰਾ, ਰਹਿਣੀ-ਬਹਿਣੀ ਅਤੇ ਕਹਿਣੀ-ਕਰਨੀ ਨੂੰ ਹੋਰ ਨਿਖਾਰੀਏ ਅਤੇ ਨਵਾਂ, ਸੰਵਰਿਆ ਅਤੇ ਸੁਚੱਜਾ ‘ਦੂਸਰਾ’ ਜੀਵਨ ਸ਼ੁਰੂ ਕਰੀਏ। ਇਸ ਸੰਸਾਰ ਨੂੰ ਨਵੇਂ ਉਸਾਰੂ ਦ੍ਰਿਸ਼ਟੀਕੋਣ ਤੋਂ ਦੇਖਣਾ ਸਿੱਖੀਏ। ਇਸ ਬਦਲਾਓ ਦੀ ਮਹੱਤਤਾ ਕਰ ਕੇ ਹੀ ਇਸ ਤੋਂ ਬਾਅਦ ਦੇ ਜੀਵਨ ਨੂੰ ਭਾਵਾਰਥਕ ਪੱਖੋਂ ‘ਦੂਸਰਾ ਜਨਮ’ ਕਿਹਾ ਜਾਂਦਾ ਹੈ, ਜਦ ਕਿ ਆਵਾਗਉਣ ਜਾਂ ਪੁਨਰ-ਜਨਮ ਦੇ ਸਿਧਾਂਤ ਅਨੁਸਾਰ ਦੂਸਰੇ ਜਨਮ ਦਾ ਅਸਲ ਅਰਥ ਸਰੀਰਕ ਮੌਤ ਤੋਂ ਬਾਅਦ ਮਿਲਣ ਵਾਲ਼ਾ ਜੀਵਨ ਹੈ ਜੋ ਸੰਕਲਪਾਤਮਕ ਹੈ। ਸੋ ਲੇਖ ਅਨੁਸਾਰ ‘ਦੂਸਰਾ ਜੀਵਨ’ ਕਿਸੇ ਖਾਸ ਘਟਨਾ, ਸਵੈ-ਪੜਚੋਲ, ਸੋਚ-ਵਿਚਾਰ ਜਾਂ ਬਾਹਰੀ ਪ੍ਰੇਰਨਾ ਤੋਂ ਬਾਅਦ, ਸੁਚੇਤ ਢੰਗ ਨਾਲ਼ ਕੀਤੀਆਂ ਕੋਸ਼ਿਸ਼ਾਂ ਵਜੋਂ ਸੁਧਰਿਆ- ਸੰਵਰਿਆ ਜੀਵਨ ਹੈ। ਇਸ ਦੀ ਪ੍ਰਾਪਤੀ ਵਾਸਤੇ ਕਾਇਆ-ਕਲਪ, ਸਵੈ-ਸੁਧਾਰ, ਸਵੈ-ਵਿਕਾਸ ਜਾਂ ‘ਟਰਾਂਸਫਾਰਮੇਸ਼ਨ’ ਜ਼ਰੂਰੀ ਹੈ। ਵਿਹਾਰਕ ਪੱਖ ਤੋਂ, ਇਸ ਦੀ ਤੁਲਨਾ ਵਿੱਚ ਮੌਤ ਤੋਂ ਬਾਅਦ ਦੇ ਜੀਵਨ ਦੀ ਖਾਸ ਅਹਿਮੀਅਤ ਨਹੀਂ ਬਲਕਿ ਇਹ ਉਸ ਜੀਵਨ ਦੀ ਨੀਂਹ ਹੈ। ਇਹ ਸੁਧਾਰ-ਵਿਕਾਸ ਸਰੀਰਕ, ਮਾਨਸਿਕ ਜਾਂ ਆਤਮਿਕ ਪੱਖ ਦੀ ਤਰੱਕੀ ਵਾਸਤੇ, ਜੀਵਨ ਨੂੰ ਹੋਰ ਖੁਸ਼ਮਈ ਅਤੇ ਸਫਲ ਬਣਾਉਣ ਵਾਸਤੇ ਜਾਂ ਆਉਣ ਵਾਲ਼ੀ ਕਿਸੇ ਵੱਡੀ ਸਮੱਸਿਆ ਤੋਂ ਬਚਾਓ ਲਈ ਹੋ ਸਕਦਾ ਹੈ। ਕਈ ਵਾਰ ਤਾਂ ਸਾਡੀ ਜਾਣ-ਪਛਾਣ ਅੰਦਰ ਜਾਂ ਸਾਡੇ ਖ਼ੁਦ ਦੇ ਜੀਵਨ ਵਿੱਚ ਇਸ ਤਰ੍ਹਾਂ ਦਾ ਮੋੜ ਆ ਜਾਂਦਾ ਹੈ। ਇਸ ਦੀਆਂ ਸਭ ਖੇਤਰਾਂ; ਅਧਿਆਤਮਿਕ, ਸੰਸਾਰਿਕ, ਖੇਡ-ਜਗਤ, ਵਿੱਦਿਅਕ, ਸੰਗੀਤ, ਬਹਾਦਰੀ, ਸਮਾਜ-ਸੁਧਾਰ, ਸਨਅਤ ਆਦਿ ਅਤੇ ਹਰ ਦੇਸ਼, ਹਰ ਸਭਿਅਤਾ ਅਤੇ ਹਰ ਧਰਮ ਵਿੱਚ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ।
ਖਾਸ ਘਟਨਾਵਾਂ ਤੋਂ ਬਾਅਦ ਸੁਧਰੇ ਜੀਵਨ ਦੀਆਂ ਦੋ ਉਦਾਹਰਣਾਂ ’ਤੇ ਗੌਰ ਕਰਦੇ ਹਾਂ। ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਜਨਮ ਤੋਂ ਹੀ ਧਾਰਮਿਕ ਬਿਰਤੀ ਅਤੇ ਦੁਨਿਆਵੀ ਸਿਆਣਪ ਦੇ ਮਾਲਿਕ ਸਨ। ਬਚਪਨ ਤੋਂ ਹੀ ਪਿਤਾ-ਪੁਰਖੀ ਧਰਮ-ਕਰਮ, ਨੇਮ ਅਤੇ ਸੁਹਿਰਦਤਾ ਨਾਲ਼ ਨਿਭਾਉਂਦੇ ਸਨ। ਆਖਰੀ ਵਾਰ ਗੰਗਾ-ਇਸ਼ਨਾਨ ਦੀ ਯਾਤਰਾ ਵਖਤ ਉਨ੍ਹਾਂ ਦੇ ਸਹਿ-ਯਾਤਰੀ ਵਲੋਂ ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਦਾ ਗੁਰੂ ਕੌਣ ਹੈ, ਆਪ ਨੇ ਨਾਂਹ ਵਿੱਚ ਜਵਾਬ ਦਿੱਤਾ। ਸਹਿ-ਯਾਤਰੀ ਨੇ ਬਹੁਤ ਤਰਿਸਕਾਰ ਭਰੇ ਬਚਨ ਕਹੇ ਜਿਸ ਨਾਲ਼ ਆਪ ਜੀ ਦਾ ਹਿਰਦਾ ਬਹੁਤ ਦੁਖੀ ਹੋਇਆ। ਇਸ ਘਟਨਾ ਕਰ ਕੇ ਜੀਵਨ ਵਿੱਚ ਇੱਕ ਐਸਾ ਮੋੜ ਆਇਆ ਕਿ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਪਹੁੰਚ ਗਏ। ਉਨ੍ਹਾਂ ਤੋਂ ਨਾਮ-ਦਾਨ ਦੀ ਪ੍ਰਾਪਤੀ ਕਰ ਕੇ ਅਤੇ ਉਨ੍ਹਾਂ ਦੀ ਹੀ ਸੰਗਤ ਵਿੱਚ ਰਹਿ ਕੇ ਪੂਰੀ ਤਨ-ਦੇਹੀ ਨਾਲ਼ ਇੰਨੀ ਸਰੀਰਕ ਅਤੇ ਅਧਿਆਤਮਿਕ ਮਿਹਨਤ ਕੀਤੀ ਕਿ 73 ਸਾਲ ਦੀ ਵੱਡੀ ਉਮਰ ਵਿੱਚ ਖ਼ੁਦ ਸਤਿਗੁਰੂ ਦੀ ਉੱਚ-ਪਦਵੀ ਨੂੰ ਪ੍ਰਾਪਤ ਹੋਏ। ਇਸ ਸਰੂਪ ਵਿੱਚ ਉਨ੍ਹਾਂ ਨੇ 22 ਸਾਲ ਸੰਗਤ ਨੂੰ ਪਰਮਾਰਥੀ ਅਤੇ ਦੁਨਿਆਵੀ ਰਹਿਨੁਮਾਈ ਬਖਸ਼ੀ। ਭਾਵੇਂ ਹਰ ਧਰਮ ਦੇ ਅਨੁਆਈਆਂ ਨੂੰ ਆਪੋ-ਆਪਣੇ ਧਰਮਾਂ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ ਪਰ ਪੰਜਾਬੀ ਅਤੇ ਸਿੱਖ ਜਗਤ ਵਿੱਚ ‘ਦੂਸਰੇ ਜਨਮ’ ਦੀ ਇਹ ਅਦੁੱਤੀ ਮਿਸਾਲ ਹੈ। ਚੋਟੀ ਦੇ ਮਹਾਂਪੁਰਖ ਸਮੁੱਚੀ ਮਨੁੱਖਤਾ ਵਾਸਤੇ ਆਪਣਾ ਕਾਇਆ-ਕਲਪ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਸਾਡੇ ਵਾਸਤੇ ਚਾਨਣ-ਮੁਨਾਰੇ ਹੁੰਦੇ ਹਨ। ਸਾਡਾ ਮੰਤਵ ਉਨ੍ਹਾਂ ਤੱਕ ਪਹੁੰਚਣ ਤੋਂ ਨਹੀਂ ਹੁੰਦਾ ਬਲਕਿ ਉਨ੍ਹਾਂ ਤੋਂ ਸੇਧ ਲੈ ਕੇ ਆਪੋ-ਆਪਣੀ ਸਮਰੱਥਾ ਅਤੇ ਹਾਲਾਤਾਂ ਅਨੁਸਾਰ ਆਪਣੇ ਇਸ ਜੀਵਨ ਦਾ ਕਾਇਆ-ਕਲਪ ਹੁੰਦਾ ਹੈ।
ਦੂਸਰੀ ਸੰਸਾਰਿਕ ਪੱਖ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਵਧੀਆ ਉਦਾਹਰਣ ਨੋਬਲ ਪੁਰਸਕਾਰਾਂ ਦੇ ਸੰਸਥਾਪਕ ਸਵੀਡਨ-ਨਿਵਾਸੀ, ਅਲਫ਼ਰੈੱਡ ਨੋਬਲ (1833-1896) ਦੀ ਹੈ। ਸਭ ਜਾਣਦੇ ਹਨ ਕਿ ਹਰ ਸਾਲ ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਸਾਹਿਤ, ਸ਼ਾਂਤੀ ਅਤੇ ਅਰਥ-ਸ਼ਾਸਤਰ ਦੇ ਖੇਤਰਾਂ ਵਿੱਚ ਦਿੱਤੇ ਜਾਣ ਵਾਲ਼ੇ ਇਹ ਸਭ ਤੋਂ ਵੱਡੇ ਅਤੇ ਸਭ ਤੋਂ ਸਤਿਕਾਰਤ ਪੁਰਸਕਾਰ ਹਨ। ਅਲਫ਼ਰੈੱਡ ਨੋਬਲ ਬਹੁਤ ਸਫਲ ਇੰਜਨੀਅਰ, ਆਵਿਸ਼ਕਾਰ-ਕਰਤਾ ਅਤੇ ਸਨਅਤਕਾਰ ਸੀ ਜਿਸ ਨੇ ਡਾਇਨਾਮਾਈਟ ਬਾਰੂਦ ਸਣੇ ਹੋਰ ਅਨੇਕਾਂ ਖੋਜਾਂ ਕੀਤੀਆਂ ਅਤੇ ਅਥਾਹ ਕਮਾਈ ਕੀਤੀ। ਡਾਇਨਾਮਾਈਟ ਭਾਵੇਂ ਉਸਾਰੀ ਦੇ ਵੱਡੇ ਕੰਮਾਂ ਵਾਸਤੇ ਬਣਾਇਆ ਗਿਆ ਸੀ ਪਰ ਇਸ ਦੀ ਲੜਾਈਆਂ ਵਿੱਚ ਵੀ ਬਹੁਤ ਦੁਰਵਰਤੋਂ ਹੋਈ ਜਿਸ ਕਰ ਕੇ ਮਿ. ਨੋਬਲ ਦੀ ਵਿਰੋਧਤਾ ਵੀ ਬਹੁਤ ਹੁੰਦੀ ਸੀ। 1888 ਵਿੱਚ ਉਸ ਦੇ ਛੋਟੇ ਭਰਾ ਲੁਡਵਿਗ ਦੀ ਮੌਤ ਹੋ ਗਈ ਪਰ ਅਖ਼ਬਾਰ ਨੇ ਗਲਤੀ ਨਾਲ਼ ਅਲਫ਼ਰੈੱਡ ਨੋਬਲ ਦੀ ਮੌਤ ਦੀ ਖ਼ਬਰ ਛਾਪ ਦਿੱਤੀ ਅਤੇ ਉਸ ਨੂੰ ‘ਮੌਤ ਦਾ ਸੁਦਾਗਰ’ ਕਹਿ ਕੇ ਬਹੁਤ ਭੰਡਿਆ ਗਿਆ। ਉਹ ਆਪਣੀ ਬਦਨਾਮੀ ਨਾਲ਼ ਇੰਨਾ ਦੁਖੀ ਹੋਇਆ ਕਿ ਉਸ ਨੇ ਇਹ ਕਲੰਕ ਧੋਣ ਦਾ ਮਨ ਬਣਾ ਲਿਆ ਅਤੇ ਆਪਣੀ ਧਨ-ਦੌਲਤ ਦੀ ਇੱਕ ਫਾਊਂਡੇਸ਼ਨ ਬਣਾ ਕੇ ਇਨ੍ਹਾਂ ਪੁਰਸਕਾਰਾਂ ਦੀ ਸਥਾਪਨਾ ਕਰਨ ਦੀ ਵਸੀਅਤ ਕਰ ਦਿੱਤੀ। ਇਸ ਤਰ੍ਹਾਂ ਮਿ. ਨੋਬਲ ਨੇ ‘ਦੂਸਰੇ ਜਨਮ’ ਵਿੱਚ ਆਪਣੀ ਧਨ-ਦੌਲਤ ਦੀ ਸਹੀ ਵਰਤੋਂ ਕਰ ਕੇ ਸੰਸਾਰ ਦੀ ਤਰੱਕੀ ਵਿੱਚ ਬਹੁਤ ਯੋਗਦਾਨ ਪਾਇਆ। ਵਿਸ਼ਵ ਇਤਿਹਾਸ ਵਿੱਚ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਉਦਾਹਰਣਾਂ ਹਨ, ਜਿਵੇਂ ਕਿ ਮਹਾਰਾਜਾ ਅਸ਼ੋਕ, ਮਹਾਤਮਾ ਗਾਂਧੀ, ਡਾ. ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਆਦਿ।
ਜਰੂਰੀ ਨਹੀਂ ਕਿ ਕਾਇਆ-ਕਲਪ ਦੀ ਪ੍ਰਕਿਰਿਆ ਕਿਸੇ ਖਾਸ ਘਟਨਾ ਤੋਂ ਬਾਅਦ ਹੀ ਸ਼ੁਰੂ ਹੋਵੇ। ਜੇ ਆਪਾਂ ਲੋੜੀਂਦੀ ਤੀਬਰਤਾ ਨਾਲ਼ ਇਸ ਦੇ ਇੱਛੁਕ ਹੋਈਏ ਤਾਂ ਰੋਜ਼ ਦੀਆਂ ਆਮ ਘਟਨਾਵਾਂ ਵਿੱਚੋਂ ਹੀ ਕੋਈ ਖਾਸ ਬਣ ਜਾਂਦੀ ਹੈ। ਇਸ ਸਬੰਧ ਵਿੱਚ ‘ਆਨੰਦ ਮਾਰਗ’ ਕਿਤਾਬ (ਅਨੁਵਾਦ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ) ਦੀਆਂ ਸਿੱਖਿਆਵਾਂ ਵਿੱਚੋਂ ਦੋ ਮੁੱਖ ਵਿਚਾਰ ਇਹ ਹਨ:
‘ਦੂਸਰਾ ਜਨਮ’ ਧਾਰਨ ਕਰਨਾ ਅਰਥਾਤ ਆਪਾ-ਸੁਧਾਰ ਰਾਹੀਂ ਕਾਇਆ-ਕਲਪ ਕਰਨਾ ਸਾਡਾ ਫ਼ਰਜ ਵੀ ਹੈ ਅਤੇ ਇਹ ‘ਸੰਭਵ’ ਵੀ ਹੈ, ਅਤੇ ਇਸ ਵਾਸਤੇ ਉਮਰ, ਦੇਸ਼, ਧਰਮ, ਸਮੇਂ ਜਾਂ ਕਿਸੇ ਅਲੌਕਿਕ ਸ਼ਕਤੀ ਵਿੱਚ ਭਰੋਸੇ ਜਾਂ ਨਾ-ਭਰੋਸੇ ਦੀ ਕੋਈ ਭੂਮਿਕਾ ਨਹੀਂ।
ਖਾਸ ਘਟਨਾ ਦੀ ਨਿਸ਼ਾਨਦੇਹੀ ਲਈ ਮਾਨਸਿਕ ਤੌਰ ’ਤੇ ਤਿਆਰ-ਬਰ-ਤਿਆਰ ਰਹਿਣਾ ਅਤੇ ਇਸ ਦੀ ਪਛਾਣ ਤੋਂ ਬਾਅਦ ਕਿਸੇ ਜਾਣਕਾਰ ‘ਗਾਈਡ’ ਦੀ ਅਗਵਾਈ ਵਿੱਚ ਸੁਚੇਤ ਅਤੇ ਨਿਰੰਤਰ ਮਿਹਨਤ ਕਰਨਾ। ਇਸ ਕੰਮ ਵਾਸਤੇ ‘ਗਾਈਡ’ ਦੀ ਬਹੁਤ ਮਹੱਤਤਾ ਹੈ ਅਤੇ ਸੁਚੇਤ ਢੰਗ ਦੀ ਬਹੁਤ ਜ਼ਰੂਰਤ ਹੈ। ਸਿਰ ਖ਼ੁਦ ਆਪ ਜਾਂ ਸਰਸਰੀ ਢੰਗ ਨਾਲ਼ ਇਹ ਕੰਮ ਨਹੀਂ ਹੋ ਸਕਦਾ। ਇਸ ਵਾਸਤੇ ਲਾ-ਪਰਵਾਹੀ, ਸੁਸਤੀ ਅਤੇ ਨੀਂਦ ਵਰਗੀਆਂ ਕਮਜ਼ੋਰੀਆਂ ਦੇ ਨਾਲ਼-ਨਾਲ਼ ਹੋਰ ਰਸਾਂ-ਕਸਾਂ ਅਤੇ ਮੌਜ-ਮਸਤੀਆਂ ਵਿੱਚ ਵਰਤੀਆਂ ਜਾ ਰਹੀਆਂ ਕੀਮਤੀ ਸ਼ਕਤੀਆਂ ਅਤੇ ਰੁਚੀਆਂ ਨੂੰ ਵੀ ਨਵੀਂ ਦਿਸ਼ਾ ਦੇਣੀ ਹੁੰਦੀ ਹੈ।
ਅਸੀਂ ਕਾਇਆ-ਕਲਪ ਦੀ ਮਹੱਤਤਾ ਅਤੇ ਸੰਭਵਤਾ ਨੂੰ ਇਸ ਕਰ ਕੇ ਨਹੀਂ ਸਮਝ ਪਾ ਰਹੇ ਕਿਉਂਕਿ ਅਸੀਂ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਅਤੇ ਸਮਝਣ ਦੇ ਜ਼ਰੂਰੀ ਕੰਮ ਨੂੰ ਖ਼ੁਦ ਕਰਨ ਦੀ ਬਜਾਇ, ਧਰਮ ਦੇ ਅਖੌਤੀ ਠੇਕੇਦਾਰਾਂ ਕੋਲ਼ ‘ਆਊਟ ਸੋਰਸ’ ਕੀਤਾ ਹੋਇਆ ਹੈ। ਉਨ੍ਹਾਂ ਨੇ ਉਲਟਾ ਸਾਨੂੰ, ਸਾਡੀ ਕਿਸਮਤ ਬਦਲ ਕੇ ਸਾਡੇ ਇਸ ਜੀਵਨ ਨੂੰ ਸੁਖਮਈ ਬਣਾਉਣ ਅਤੇ ਮੌਤ ਤੋਂ ਬਾਅਦ ਵਧੀਆ ਜੀਵਨ ਦੀ ਗਰੰਟੀ ਦੇ ਚੁੰਗਲ਼ ਵਿੱਚ ਫਸਾ ਕੇ, ਇਸ ਕੰਮ ਨੂੰ ਸ਼ਕਤੀਸ਼ਾਲੀ ਵਪਾਰ ਬਣਾ ਰੱਖਿਆ ਹੈ। ਕਾਇਆ-ਕਲਪ ਵਾਸਤੇ ਉਨ੍ਹਾਂ ਦੇ ਚੁੰਗਲ਼ ਵਿੱਚੋਂ ਨਿਕਲ਼ਣਾ ਜ਼ਰੂਰੀ ਹੈ ਅਤੇ ਚੁੰਗਲ਼ ਵਿੱਚੋਂ ਨਿਕਲ਼ਣ ਵਾਸਤੇ ਇਨ੍ਹਾਂ ਦੋ ਗੱਲਾਂ ਨੂੰ ਵਿਗਿਆਨਿਕ ਦ੍ਰਿਸ਼ਟੀ ਤੋਂ ਵਿਚਾਰਨਾ ਜ਼ਰੂਰੀ ਹੈ:
*ਕਿਸਮਤ ਜਾਂ ਪ੍ਰਾਲਬਧ: ਇਹ ਬਣਦੀ ਕਿਵੇਂ ਹੈ ਇਸ ਬਾਰੇ ਅੱਡ-ਅੱਡ ਫ਼ਲਸਫ਼ੇ ਹਨ ਪਰ ਇਸ ਗੱਲ ’ਤੇ ਸਭ ਸਹਿਮਤ ਹਨ ਕਿ ਇਹ ਅਟੱਲ ਹੁੰਦੀ ਹੈ ਅਤੇ ਬਦਲੀ ਨਹੀਂ ਜਾ ਸਕਦੀ। ਇਸ ਦਾ ਇੱਕ ਵਿਗਿਆਨਕ ਕਾਰਨ ਇਹ ਹੈ ਕਿ ਹਰ ਇੱਕ ਦੀ ਕਿਸਮਤ ਅੱਗੇ ਸੈਂਕੜੇ ਹੋਰਾਂ ਨਾਲ਼ ਅਤੇ ਅਨੇਕਾਂ ਹਾਲਾਤਾਂ ਨਾਲ਼ ਜੁੜੀ ਹੁੰਦੀ ਹੈ। ਇਹ ਮੌਸਮ ਵਾਂਗੂੰ ਹੁੰਦੀ ਹੈ, ਇਸ ਦਾ ਇੰਤਜ਼ਾਮ ਕਰਨਾ ਹੀ ਸਿਆਣਪ ਹੈ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਸਾਨੂੰ ਇਸ ਇੰਤਜ਼ਾਮ ਦੀ ਤਿਆਰੀ ਵਾਸਤੇ ਸੁਮੱਤ ਦਿੰਦੀਆਂ ਹਨ। ਜੇ ਫਿਰ ਵੀ ਇਸ ਨੂੰ ਭੁਗਤਣਾ ਪਵੇ ਤਾਂ ਖਿੜੇ-ਮੱਥੇ ਇਹ ਸਭ ਕਰਨ ਵਾਸਤੇ ਸਹਿਣ-ਸ਼ਕਤੀ ਪ੍ਰਦਾਨ ਕਰਦੀਆਂ ਹਨ। ਆਪਾਂ ਕਿਸਮਤ ਬਦਲ ਕੇ ਜੀਵਨ ਵਿੱਚੋਂ ਸੁਖ ਅਤੇ ਖ਼ੁਸ਼ੀਆਂ ਲੱਭਦੇ ਹਾਂ ਪਰ ਉਹ ਸਾਨੂੰ ਮੌਜੂਦਾ ਕਿਸਮਤ ਵਿੱਚੋਂ ਹੀ ਇਹ ਸਭ ਲੱਭਣਾ ਸਿਖਾ ਦਿੰਦੇ ਹਨ। ਅਸੀਂ ਥੋੜ੍ਹ-ਚਿਰੇ ਇੰਦਰਿਆਵੀ ਸੁਖ ਲੱਭਦੇ ਹਾਂ ਜਦਕਿ ਉਹ ਸਾਨੂੰ ਸਦੀਵੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਸੁਖਾਂ ਵਲ ਮੋੜਦੇ ਹਨ। ਉਹ ਸਮਝਾਉਂਦੇ ਹਨ ਕਿ ਸੁਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਕੁਦਰਤ, ਇਨਸਾਨੀਅਤ ਅਤੇ ਸਮਾਜ ਦਾ ਅਨੁਸਾਰੀ ਹੋਵੇ ਅਤੇ ਜਿਸ ਦੀ ਕੋਈ ਦੂਰ-ਰਸ ਗਲਤ ਪ੍ਰਕਿਰਿਆ ਨਾ ਹੋਵੇ।
ਮੌਤ: ਨਿਰਸੰਦੇਹ ਮੌਤ ਇੱਕ ਅਸਲੀਅਤ ਹੈ ਅਤੇ ਇਸ ਦੇ ਯਕੀਨੀ ਹੋਣ ਦੇ ਬਾਵਜੂਦ ਇਸ ਦਾ ਕੋਈ ਸਮਾਂ, ਸਥਾਨ ਜਾਂ ਕਾਰਨ ਨਹੀਂ ਜਾਣਿਆ ਜਾ ਸਕਦਾ। ਇਸ ਦਾ ਸਮਾਧਾਨ ਅਸੰਭਵ ਅਤੇ ਇਸ ਬਾਰੇ ਬੇਲੋੜਾ ਗਿਆਨ ਵਿਅਰਥ ਹੈ। ਇਸ ਸੰਸਾਰ ਵਿੱਚ ਅਣਗਿਣਤ ਅਜਿਹੀਆਂ ਹੋਰ ਗੱਲਾਂ ਹਨ ਜਿਨ੍ਹਾਂ ਦਾ ਪੂਰਾ ਗਿਆਨ ਨਾ ਹੁੰਦਿਆਂ ਵੀ ਅਸੀਂ ਇਹ ਜੀਵਨ ਵਧੀਆ ਢੰਗ ਨਾਲ਼ ਜਿਉਂ ਰਹੇ ਹਾਂ।
ਕਾਇਆ-ਕਲਪ ਰਾਹੀਂ ‘ਦੂਸਰਾ-ਜੀਵਨ’ ਧਾਰਨ ਕਰਨ ਵਾਸਤੇ ਸਾਨੂੰ ਕਿਸਮਤ ਅਤੇ ਮੌਤ ਬਾਰੇ ਦਿਖਾਵੇ ਦੇ ਗੂੜ੍ਹ-ਗਿਆਨ ਦੀ ਲੋੜ ਨਹੀਂ ਬਲਕਿ ਇਸ ਬੇਲੋੜੀ ਉਤਸੁਕਤਾ ਨੇ ਹੀ ਸਾਨੂੰ ਅਸਲੀਅਤ ਤੋਂ ਦੂਰ ਕਰ ਕੇ ਪੁਜਾਰੀ-ਸ਼੍ਰੇਣੀ ਦੇ ਚੁੰਗਲ਼ ਵਿੱਚ ਜਕੜਿਆ ਹੋਇਆ ਹੈ। ਅਸੀਂ ਪਰਮਾਰਥੀ ਮਾਹਿਰਾਂ ਵਲੋਂ ਸਮਝਾਈਆਂ ਚੋਣਵੀਆਂ ਜੁਗਤੀਆਂ ’ਤੇ ਸੁਹਿਰਦ ਅਮਲ ਕਰ ਕੇ ਇਹ ਸਭ ਕਰ ਸਕਦੇ ਹਾਂ। ਅਮਰੀਕਾ ਦੇ ਪ੍ਰਸਿੱਧ ਫ਼ਿਲਾਸਫ਼ਰ-ਲੇਖਕ ਮਾਰਕ ਟਵੇਨ ਦੀ ਪ੍ਰਸੰਗਕ ਟੂਕ ਹੈ ਕਿ:
“ਲੋਕ ਬਾਈਬਲ ਦੀਆਂ ਉਨ੍ਹਾਂ ਗੱਲਾਂ ਦਾ ਫਿਕਰ ਕਰਦੇ ਹਨ ਜਿਹੜੀਆਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀਆਂ ਪਰ ਮੈਂ ਉਨ੍ਹਾਂ ਦਾ ਕਰਦਾ ਹਾਂ ਜਿਹੜੀਆਂ ਮੇਰੀ ਸਮਝ ਵਿੱਚ ਆ ਗਈਆਂ ਹਨ।”
ਸਾਰ-ਤੱਤ ਇਹ ਕਿ ਸੰਸਾਰਿਕ ਅਸੰਗਤੀਆਂ ਦੇ ਗਿਆਨ ਤੋਂ ਬਗੈਰ ਵੀ ਅਸੀਂ ਇਸ ਜੀਵਨ ਨੂੰ ਪ੍ਰਸੰਨ-ਚਿੱਤ ਅਤੇ ਸੁਚੱਜਾ ਬਣਾ ਅਤੇ ਸੰਵਾਰ ਸਕਦੇ ਹਾਂ, ਭਾਵ ‘ਦੂਸਰਾ ਜੀਵਨ’ ਧਾਰਨ ਕਰ ਸਕਦੇ ਹਾਂ । ਆਪਾਂ ਨੂੰ ਸੁਚੇਤ ਅਤੇ ਸੁਹਿਰਦ ਢੰਗ ਨਾਲ਼ ਇਸ ਤਰ੍ਹਾਂ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਸਾਡੀ ਅਜੋਕੀ ਜੀਵਨ-ਸ਼ੈਲੀ, ਦਰ-ਪੇਸ਼ ਸਮੱਸਿਆਵਾਂ ਦੇ ਹੱਲ ਦੀ ਬਜਾਇ, ਇਨ੍ਹਾਂ ਨੂੰ ਵਧਾ ਅਤੇ ਗੁੰਝਲ਼ਦਾਰ ਕਰ ਰਹੀ ਹੈ। ਅੱਜ ਦਾ ਸੰਸਾਰ ਪੱਛਮੀ ਤਰਜ਼ ਦੀ ਤਰੱਕੀ ਅਤੇ ਬੇ-ਲਗਾਮ ਸਾਇੰਸੀ ਖੋਜਾਂ ਕਰ ਕੇ ਅਭੂਤ-ਪੂਰਵ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਜਿਨ੍ਹਾਂ ਦਾ ਹੱਲ ਇਕੱਲੀ ਸਾਇੰਸ ਖ਼ੁਦ ਨਹੀ ਕਰ ਸਕਦੀ। ਇਸ ਨੂੰ ਅਧਿਆਤਮਵਾਦ ਦੀ ਰਹਿਨੁਮਾਈ ਵਿੱਚ ਰੱਖ ਕੇ, ‘ਧਰਤੀ ਇੱਕ ਪਰਿਵਾਰ’ (ਵਸੁਧੈਵ ਕੁਟੁੰਬਕਮ) ਅਤੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦੇ ਸਿਧਾਤਾਂ ’ਤੇ ਸੁਹਿਰਦਤਾ ਨਾਲ਼ ਅਮਲ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਅਸੀਂ ਇਸ ਜਨਮ ਦੇ ਰਹਿੰਦੇ ਹਿੱਸੇ ਨੂੰ ਸੰਵਾਰਕੇ, ਇਸ ਨੂੰ ਸੁਖਮਈ ਅਤੇ ਸਫ਼ਲ ਬਣਾਉਣ ਦੇ ਨਾਲ਼-ਨਾਲ਼, ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਹੁਣ ਤੋਂ ਵਧੀਆ ਸੰਸਾਰ ਦੇਣ ਦੇ ਮੁੱਖ ਫਰਜ਼ ਨੂੰ ਨਿਭਾਅ ਸਕਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3032)
(ਸਰੋਕਾਰ ਨਾਲ ਸੰਪਰਕ ਲਈ: