IsherSinghEng7ਸਿਆਣਪ ਅਤੇ ਕਲਾ ਹਰ ਇੱਕ ਨੂੰ ਆਪਣੇ ਨਿੱਜੀ ਅਭਿਆਸ ਰਾਹੀਂ ਸਿੱਖਣੀਆਂ ਪੈਂਦੀਆਂ ਹਨਨਿੱਜੀ ਤੌਰ ’ਤੇ ਗ੍ਰਹਿਣ ...
(9 ਅਕਤੂਬਰ 2024)

 

ਹਰ ਯੁਗ ਦੀਆਂ ਕੁਛ ਖਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਪ੍ਰਭਾਵ ਸਰਵ-ਵਿਆਪੀ ਹੁੰਦੇ ਹਨ। ਇੱਕ ਸਫਲ ਅਤੇ ਪ੍ਰਸੰਨ-ਚਿੱਤ ਜੀਵਨ ਜਿਊਣ ਲਈ ਸਾਨੂੰ ਆਪਣੇ-ਆਪ ਨੂੰ ਇਨ੍ਹਾਂ ਪ੍ਰਭਾਵਾਂ ਅਨੁਸਾਰ ਬਦਲਦੇ ਰਹਿਣਾ ਪੈਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਅਤੇ ਇਨ੍ਹਾਂ ਦੇ ਪ੍ਰਭਾਵਾਂ ਦਾ ਸਹੀ ਗਿਆਨ ਹਾਸਿਲ ਕਰਨਾ ਅਤੇ ਨਾਲ ਹੀ ਇਨ੍ਹਾਂ ਅਨੁਸਾਰ ਬਦਲਦੇ ਰਹਿਣ ਦੀ ਸਿਆਣਪ ਅਤੇ ਕਲਾ ਸਿੱਖਣੀ ਜ਼ਰੂਰੀ ਹੈ। ਪਹਿਲਾ ਗਿਆਨ ‘ਸਮੂਹਕ’ ਹੈ ਅਤੇ ਇਹ ਬਾਹਰੋਂ ਮਿਲਦਾ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਮੁੱਖ ਤੌਰ ’ਤੇ ਬਾਹਰਲੇ ਸਾਧਨਾਂ ਅਤੇ ਹੋਰਾਂ ਇਨਸਾਨਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਦੂਜੀ ਗੱਲ, ਸਿਆਣਪ ਇੱਕ ਕਲਾ ਹੈ, ਜੋ ਵਿਅਕਤੀਗਤ ਹੁਨਰ ਹੈ ਅਤੇ ਇਸ ਨੂੰ ਨਿੱਜੀ ਅਭਿਆਸ ਰਾਹੀਂ ਸਿੱਖਣਾ ਪੈਂਦਾ ਹੈ। ਇਹ ਮੁੱਖ ਤੌਰ ’ਤੇ ਅੰਦਰੂਨੀ ਵਿਸ਼ਾ ਹੈ ਪਰ ਇਸ ਨੂੰ ਗ੍ਰਹਿਣ ਕਰਨ ਲਈ ਵੀ ਬਾਹਰੀ ਅਗਵਾਈ ਅਤੇ ਮਦਦ ਦੀ ਲੋੜ ਪੈਂਦੀ ਹੈ। ਕੋਈ ਵੀ ਇਨਸਾਨ ਬੁੱਧੀ ਅਤੇ ਸਾਧਨਾਂ ਪੱਖੋਂ ਇੰਨਾ ਸਮਰੱਥ ਨਹੀਂ ਹੋ ਸਕਦਾ ਕਿ ਉਹ ਇਨ੍ਹਾਂ ਦੋਹਾਂ ਨੂੰ ਸਿਰ-ਖੁਦ ਆਪ ਸਮਝ ਸਕੇ, ਇਸ ਲਈ ਉਸ ਨੂੰ ‘ਸਮੂਹਕ’ ਬੁੱਧੀ ਅਤੇ ‘ਸਮੂਹਕ’ ਸਾਧਨਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਖੁਸ਼ਕਿਸਮਤੀ ਨਾਲ ਅੱਜ ਦੇ ਯੁਗ ਵਿੱਚ ਇਹ ਦੋਨੋ ਭਰਪੂਰ ਮਾਤਰਾ ਵਿੱਚ ਹਾਸਿਲ ਹਨ, ਜੋ ਇਸ ਯੁਗ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਪਰ ਇਸ ਭਰਮਾਰ ਵਿੱਚੋਂ ਸਹੀ ਨੂੰ ਫੜਨਾ ਅਤੇ ਗਲਤ ਨੂੰ ਛੱਡਣਾ ਸਿਆਣਪ ਹੈ ਤੇ ਕਲਾ ਦਾ ਹਿੱਸਾ ਹੈ।

ਪਹਿਲਾਂ ਆਪਣੇ ਯੁਗ ਦੀ ਮੁੱਖ ਵਿਸ਼ੇਸ਼ਤਾ, ਤਕਨੌਲੋਜੀ ਅਤੇ ਇਸਦੀ ਉਪ-ਬਰਾਂਚ ਏ.ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ/ਬਣਾਉਟੀ ਬੁੱਧੀ) ਤੇ ਵਿਚਾਰ ਕਰਦੇ ਹਾਂ ਕਿਉਂਕਿ ਅੱਜਕੱਲ੍ਹ ਇਨ੍ਹਾਂ ਦੀ ਹੀ ਚੜ੍ਹਤ ਹੈ। ਇਹ ਵਿਸ਼ਾ ਸੰਸਾਰ ਦੇ ਮੁੱਖ ਚਰਚਿਤ ਵਿਸ਼ਿਆਂ ਵਿੱਚੋਂ ਇੱਕ ਹੈ, ਹਾਲਾਂਕਿ ਇਹ ਕੰਪਿਊਟਰ ਸਾਇੰਸ ਦੀ ਸਿਰਫ ਇੱਕ ਉਪ-ਬਰਾਂਚ ਹੈ, ਜੋ ਅੱਗੇ ਸਾਇੰਸ ਅਤੇ ਤਕਨੌਲੋਜੀ ਦੀ ਇੱਕ ਬਰਾਂਚ ਹੈ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਇੱਕ ਉਪ-ਬਰਾਂਚ ਹੋਣ ਦੇ ਬਾਵਜੂਦ ਅੱਜ ਇਹ ਕੰਪਿਊਟਰ ਸਾਇੰਸ ਦਾ ਮੋਹਰੀ ਅੰਗ ਬਣ ਗਈ ਹੈ ਅਤੇ ਕੰਪਿਊਟਰ ਸਾਇੰਸ ਸਾਡੀ ਤਕਨੌਲੋਜੀ ਦੀ ਮੋਹਰੀ ਬਣ ਗਈ ਹੈ। ਤਕਨੌਲੋਜੀ ਅੱਗੇ ਸਾਡੇ ਜੀਵਨ ਦੇ ਸਾਰੇ ਖੇਤਰਾਂ, ਭਾਵ ਰਾਜਨੀਤਕ ਅਤੇ ਪ੍ਰਬੰਧਕੀ ਸਿਸਟਮ, ਆਰਥਿਕ, ਸਮਾਜਿਕ, ਧਾਰਮਿਕ ਮਸਲਿਆਂ ਅਤੇ ਕੋਮਲ ਕਲਾਵਾਂ ’ਤੇ ਕਾਬਜ਼ , ਭਾਰੂ ਅਤੇ ਪ੍ਰਭਾਵੀ ਹੋ ਗਈ ਹੈ। ਇੱਥੋਂ ਤਕ ਕਿ ਸਾਡੇ ਵਿਅਕਤੀਗਤ ਅਤੇ ਪਰਿਵਾਰਕ ਜੀਵਨਾਂ ਵਿੱਚ ਵੀ ਇਸਦਾ ਪ੍ਰਭਾਵ ਬਹੁਤ ਵਧ ਰਿਹਾ ਹੈ। ਇਸਦੇ ਚੰਗੇ ਪ੍ਰਭਾਵਾਂ ਨੂੰ ਕਬੂਲਣ ਅਤੇ ਮੰਦਿਆਂ ਤੋਂ ਬਚਣ ਦੀ ਸਿਆਣਪ ਗ੍ਰਹਿਣ ਕਰਨੀ ਅਤੇ ਕਲਾ ਸਿੱਖਣ ਦੀ ਲੋੜ ਹੀ ਇਸ ਲੇਖ ਦਾ ਉਦੇਸ਼ ਹੈ।

ਸਰਲ ਸ਼ਬਦਾਂ ਵਿੱਚ ਏ.ਆਈ ਦਾ ਮੁੱਖ ਕੰਮ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣਾਉਣਾ ਹੈ, ਜਿਹੜੀਆਂ ਇਨਸਾਨਾਂ ਵਰਗੀ ਬੁੱਧੀ ਰੱਖਦੀਆਂ ਹੋਣ। ਉਨ੍ਹਾਂ ਵਾਂਗ ਸੋਚਣ, ਸਮਝਣ, ਪ੍ਰਤੀਕਿਰਿਆ ਕਰਨ ਅਤੇ ਕੰਮ ਕਰਨ ਦੇ ਸਮਰੱਥ ਹੋਣ। ਬਿਜਲੀ ਦੀ ਤਰ੍ਹਾਂ ਇਹ ਵੀ ਇੱਕ ‘ਆਲ ਪਰਪਜ਼’ ਤਕਨੌਲੋਜੀ ਹੈ। ਸੰਸਾਰ ਦੇ ਹਰ ਖੇਤਰ ਵਿੱਚ ਇਸਦੀ ਲੋੜ ਹੈ ਅਤੇ ਬਿਜਲੀ ਵਾਂਗ ਹੀ ਇਹ ਮਨੁੱਖੀ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਦੇ ਸਮਰੱਥ ਹੈ। ਇਹ ਬਦਲਾਓ ਸਾਰਥਿਕ ਹੈ ਜਾਂ ਨਕਾਰਾਤਮਕ, ਇਹ ਇਸਦੇ ਹੱਥ ਵਿੱਚ ਨਹੀਂ ਅਤੇ ਨਾ ਹੀ ਇਸ (ਏ.ਆਈ) ਦੇ ਬੇ-ਕਾਬੂ ਹੋਣ ਦੇ ਖ਼ਦਸ਼ੇ ਨਿਰਮੂਲ ਹਨ। ਹੋਰ ਮਾਰੂ ਹਥਿਆਰਾਂ ਵਾਂਗ ਇਸਦਾ ਸਮਾਜ-ਵਿਰੋਧੀ ਅਨਸਰਾਂ ਦੇ ਹੱਥ ਚੜ੍ਹਨ ਦਾ ਇੱਕ ਹੋਰ ਵੱਡਾ ਡਰ ਹੈ। ਇਨ੍ਹਾਂ ਸਭ ਤੋਂ ਬਚਾਓ ਮਨੁੱਖੀ ਸਿਆਣਪ ’ਤੇ ਨਿਰਭਰ ਕਰਦਾ ਹੈ, ਜਿਸਦਾ ਹਰ ਯੁਗ ਵਿੱਚ ਅਭਾਵ ਰਿਹਾ ਹੈ।

ਤਕਨੌਲੋਜੀ ਦੇ ਹਾਮੀ ਇਹ ਦਾਅਵੇ ਕਰਦੇ ਹਨ ਕਿ ਏ.ਆਈ ਸਾਡੀਆਂ ਮੁੱਖ ਸਮੱਸਿਆਵਾਂ ਦਾ ਸਮਾਧਾਨ ਕਰ ਸਕਦੀ ਹੈ। ਪਰ ਸੰਸਾਰ ਦਾ ਇਤਿਹਾਸ ਅਤੇ ਇਸਦੇ ਅਜੋਕੇ ਹਾਲਾਤ ਇਸ ਵਿਚਾਰਧਾਰਾ ਨੂੰ ਨਕਾਰਦੇ ਹਨ। ਹੁਣ ਤਕ ਇਕੱਤਰ ਕੀਤੀਆਂ ਸਾਡੀਆਂ ਸਭ ਤਕਨੌਲੋਜੀਆਂ ਅਤੇ ਸ਼ਕਤੀਆਂ ਦੇ ਬਾਵਜੂਦ ਸਾਨੂੰ ਮਨੁੱਖੀ ਹੋਂਦ ਨੂੰ ਬਚਾਉਣ ਦੀ ਚਿੰਤਾ ਲੱਗੀ ਹੋਈ ਹੈ। ਇਸ ਕਰਕੇ ਅੱਜ ਤਕਨੌਲੋਜੀ ਅਤੇ ਖਾਸ ਕਰ ਕੇ ਇਸਦੀ ਨਵੀਂ ਬਰਾਂਚ ਏ.ਆਈ, ਯੂ.ਐੱਨ.ਓ ਸਣੇ ਸਾਰੇ ਦੇਸ਼ਾਂ ਲਈ ਸਿਰਦਰਦੀ ਬਣ ਗਈ ਹੈ। ਹਾਲਾਂ ਕਿ ਇਹ ਸਾਡੀ ਬਹੁ-ਪੱਖੀ ਤਰੱਕੀ ਅਤੇ ਅਥਾਹ ਖੁਸ਼ਹਾਲੀ ਦਾ ਵੱਡਾ ਅਧਾਰ ਰਹੀ ਹੈ ਅਤੇ ਅੱਜ ਵੀ ਇਸ ਨੂੰ ਲਗਾਤਾਰ ਕਾਇਮ ਰੱਖ ਰਹੀ ਹੈ। ਇਹ ਸਿਰਦਰਦੀ ਇਸ ਕਰ ਕੇ ਨਹੀਂ ਬਣੀ ਕਿ ਇਸਦਾ ਕੋਈ ਲਾਭ ਨਹੀਂ ਰਿਹਾ, ਬਲਕਿ ਇਸ ਕਰ ਕੇ ਬਣੀ ਹੈ ਕਿ ਹੁਣ ਇਹ ਸੰਸਾਰ ਦੇ ਸ਼ਾਤਿਰ ਧੜਿਆਂ ਵੱਲੋਂ ਬਾਕੀ ਇਨਸਾਨਾਂ ਦੇ ਸਰੀਰਾਂ ਅਤੇ ਮਨਾਂ ’ਤੇ ਕਬਜ਼ਾ ਕਰਨ ਦਾ ਮਾਧਿਅਮ ਬਣ ਚੁੱਕੀ ਹੈ। ਅੱਜ ਸੰਸਾਰ ਦੇ ਦਸ ਸਭ ਤੋਂ ਵੱਧ ਅਮੀਰ ਖਰਬ-ਪਤੀਆਂ ਵਿੱਚੋਂ ਸੱਤ ਤਕਨੌਲੋਜੀ ਨਾਲ ਜੁੜੇ ਹੋਏ ਹਨ ਅਤੇ ਅਮਰੀਕਾ ਦੀ ਰਾਜਧਾਨੀ ਵਿੱਚ ਇਨ੍ਹਾਂ ਦੀ ਲੌਬੀ ਦੂਜੇ ਨੰਬਰ ਦੀ ਸਭ ਤੋਂ ਤਾਕਤਵਰ ਲੌਬੀ ਹੈ।

ਇਸਦਾ ਅਰਥ ਇਹ ਨਹੀਂ ਕਿ ਇਹ ਕਿਸੇ ਹੋਰ ਖੇਤਰ ਨਾਲ਼ੋਂ ਵੱਧ ਉਪਜ ਕਰ ਰਹੀ ਹੈ ਜਾਂ ਇਸ ਵੱਲੋਂ ਬਣਾਈਆਂ ਵਸਤਾਂ ਹੋਰਾਂ ਦੀਆਂ ਵਸਤੂਆਂ ਤੋਂ ਵੱਧ ਲਾਭਦਾਇਕ ਹਨ। ਇਸਦੇ ਉਲਟ ਇਹ ਆਪਣੇ ਲਾਭ-ਹਿਤ, ਬੇਲੋੜੀਆਂ ਅਤੇ ‘ਲਗਜ਼ਰੀ’ ਵਸਤੂਆਂ ਨਾਲ ਮਾਰਕੀਟਾਂ ਨੂੰ ਭਰ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਅਤੇ ਜ਼ਰੂਰਤ ਵਾਲ਼ੀਆਂ ਵਸਤੂਆਂ ਬਣਾਉਣ ਵਿੱਚ ਲਾਗਤ ਦਾ ਬਹੁਤਾ ਫਰਕ ਨਹੀਂ ਹੁੰਦਾ। ਨਾਂ ਹੀ ਇਸਦੇ ਇਜ਼ਾਰੇਦਾਰਾਂ ਨੂੰ ਕੋਈ ਵਸਤੂ ਬਣਾਉਣ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ। ਕਿੰਨੀ ਅਜੀਬ ਗੱਲ ਹੈ ਕਿ ਆਪਣੇ ਭਾਰਤ ਦੇਸ਼ ਵਿੱਚ ਭਾਵੇਂ ਅਜੇ ਨਹੀਂ, ਪਰ ਵਿਕਸਿਤ ਦੇਸ਼ਾਂ ਵਿੱਚ ਸਰਕਾਰ ਕਿਸਾਨਾਂ ਨੂੰ ਦੱਸਦੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਕੀ ਬੀਜਣ। ਜੇ ਉਹ ਸਰਕਾਰੀ ਹੁਕਮ ਨਾ ਮੰਨਣ ਤਾਂ ਸਰਕਾਰ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਕਰਦੀ। ਇਸ ਲਈ ਕਿਸਾਨਾਂ ਨੂੰ ਹਰ ਸਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਦਲਵੀਂਆਂ ਫਸਲਾਂ ਬੀਜਣੀਆਂ ਪੈਂਦੀਆਂ ਹਨ। ਪਰ ਤਕਨੌਲੋਜੀ ਖਾਸ ਕਰ ਕੇ ਏ.ਆਈ ਦੇ ਇਜ਼ਾਰੇਦਾਰ, ਟੌਹਰ ਨਾਲ ਐਲਾਨ ਕਰ ਦਿੰਦੇ ਹਨ ਕਿ ਆਉਣ ਵਾਲੀ ਫਲਾਣੀ ਤ੍ਰੀਕ ਨੂੰ ਅਸੀਂ ਇਹ ਨਵੀਂ ਕਾਢ ਮਾਰਕੀਟ ਵਿੱਚ ਲਿਆ ਰਹੇ ਹਾਂ। ਉਲਟਾ ਸਰਕਾਰਾਂ ਨੂੰ ਭੱਜ-ਨੱਠ ਲੱਗ ਜਾਂਦੀ ਹੈ ਕਿ ਅਸੀਂ ਕੀ ਕਰੀਏ?

ਇਹ ਸਚਾਈ ਯੂ.ਐੱਨ.ਓ ਦੇ ਮਾਣਯੋਗ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਦੇ ਇਸ ਤਾਜ਼ਾ ਬਿਆਨ (19 ਸਤੰਬਰ, 2024 ਦੇ) ਤੋਂ ਪ੍ਰਤੱਖ ਹੈ, ਕਿ:

ਇਹ ਗੱਲ ਪਹਿਲਾਂ ਹੀ ਸਪਸ਼ਟ ਹੋ ਚੁੱਕੀ ਹੈ ਕਿ ਏ.ਆਈ ਨਾਲ ਮਨੁੱਖੀ ਅਧਿਕਾਰਾਂ ਸਣੇ ਹੋਰ ਖੇਤਰਾਂ ਲਈ, ਕਈ ਪ੍ਰਕਾਰ ਦੇ ਫ਼ੌਰੀ ਅਤੇ ਦੂਰ-ਰਸ ਬੁਰੇ ਅਸਰ ਜੁੜੇ ਹੋਏ ਹਨ। ਇਸ ਸੰਬੰਧ ਵਿੱਚ ਗੰਭੀਰ ਚਿੰਤਾਵਾਂ ਇਹ ਹਨ ਕਿ ਇਸਦੀ ਸ਼ਕਤੀ ਸਿਮਟ ਕੇ ਕੁਛ ਦੇਸ਼ਾਂ ਅਤੇ ਕੰਪਨੀਆਂ ਦੇ ਹੱਥਾਂ ਵਿੱਚ ਇਕੱਠੀ ਹੋ ਗਈ ਹੈ।”

ਏ.ਆਈ ਨਾਲ ਜੁੜੇ ਖ਼ਤਰਿਆਂ ਬਾਰੇ ਇਹ ਉਨ੍ਹਾਂ ਦਾ ਕੋਈ ਪਹਿਲਾ ਬਿਆਨ ਨਹੀਂ। ਕਈ ਵਾਰ ਪਹਿਲਾਂ ਵੀ ਉਹ ਇਸ ਤੋਂ ਵੀ ਸਖ਼ਤ ਬਿਆਨ ਦੇ-ਦੇ ਕੇ ਸੰਸਾਰ ਨੂੰ ਇਸ ਵਿਸ਼ੇ ’ਤੇ ਖ਼ਬਰਦਾਰ ਕਰਦੇ ਰਹੇ ਹਨ। ਕਈ ਵਾਰ ਤਾਂ ਉਨ੍ਹਾਂ ਦੇ ਬਿਆਨਾਂ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਉਹ ਬਹੁਤ ਹੀ ਮਜਬੂਰ ਅਤੇ ਦੁਖੀ ਹੋ ਕੇ ਬੋਲ ਰਹੇ ਹਨ। ਆਪਾਂ ਜਾਣਦੇ ਹਾਂ ਕਿ ਸਮੁੱਚੇ ਸੰਸਾਰ ਦੀਆਂ ਹੋਰ ਅਨੇਕਾਂ ਸਮੱਸਿਆਵਾਂ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਦਰਦਾਂ ਦਾ ਕਾਰਨ ਬਣੀਆਂ ਹੋਈਆਂ ਹਨ। ਜਿਵੇਂ ਕਿ: ਚੱਲ ਰਹੇ ਯੁੱਧ, ਵਾਤਾਵਰਣ ਪਰਿਵਰਤਨ, ਮਾਰੂ ਹਥਿਆਰਾਂ ਦੀ ਦੌੜ, ਸ਼ਰਣਾਰਥੀਆਂ ਦੇ ਦੁੱਖ, ਅੱਤ-ਵਾਦ, ਨਾਂ-ਬਰਾਬਰੀ, ਭੁੱਖ-ਮਰੀਆਂ ਅਤੇ ਕੁਦਰਤੀ ਆਫਤਾਂ ਆਦਿ। ਏ.ਆਈ ਬਾਰੇ ਉਨ੍ਹਾਂ ਦੀ ਦਰਦ-ਮਈ ਬਿਆਨ-ਬਾਜ਼ੀ ਇਹ ਸਾਬਤ ਕਰਦੀ ਹੈ ਕਿ ਇਹ ਸਮੱਸਿਆ ਵੀ ਹੋਰ ਵੱਡੀਆਂ ਸਮੱਸਿਆਵਾਂ ਜਿੰਨੀ ਹੀ ਗੰਭੀਰ ਬਣ ਚੁੱਕੀ ਹੈ। ਹੋਰ ਸਮੱਸਿਆਵਾਂ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਹਨ ਜਦੋਂ ਕਿ ਏ.ਆਈ ਦੀ ਸਮੱਸਿਆ ਨਵੀਂ ਅਤੇ ਬਹੁਤ ਤੇਜ਼ੀ ਨਾਲ ਉੱਭਰ ਰਹੀ ਹੈ।

ਸਕੱਤਰ ਜਨਰਲ ਸਾਹਿਬ ਦੇ ਉਪਰੋਕਤ ਬਿਆਨ ਦਾ ਕਾਰਨ ਡੇਢ ਕੁ ਸਾਲ ਪਹਿਲਾਂ (ਮਾਰਚ, 2023) ਨਿਕਲ਼ੀ ਏ.ਆਈ ਦੀ ਇੱਕ ਉਪ-ਕਾਢ (ਚੈਟ-ਜੀਪੀਟੀ) ਹੈ, ਜਿਸ ਨੇ ਸੰਸਾਰ ਵਿੱਚ ਤਰਥੱਲੀ ਮਚਾ ਦਿੱਤੀ ਸੀ ਅਤੇ ਇਸਦੇ ਹਾਮੀਆਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਸੀ। ਇਲੌਨ ਮਸ੍ਹਕ ਸਣੇ ਸੰਸਾਰ ਭਰ ਦੇ ਵੀਹ ਹਜ਼ਾਰ ਤੋਂ ਵੱਧ ਮਾਹਿਰਾਂ, ਸਾਇੰਸਦਾਨਾਂ ਅਤੇ ਫ਼ਿਲਾਸਫ਼ਰਾਂ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਸ ਤਰ੍ਹਾਂ ਦੀਆਂ ਕਾਢਾਂ ਤੇ ਕੁਛ ਸਮੇਂ ਲਈ ਰੋਕ ਲਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਾਢਾਂ ਨੂੰ ਕਾਬੂ ਤੋਂ ਬਾਹਰ ਹੋ ਰਹੀ ਤਕਨੌਲੋਜੀ ਦਾ ਪ੍ਰਤੀਕ ਗਰਦਾਨਿਆ ਸੀ। ਯੂ.ਐੱਨ. ਓ ਸਣੇ ਸੰਸਾਰ ਦੇ ਸਾਰੇ ਦੇਸ਼ਾਂ ਨੇ ਇਸਦੇ ਸੰਭਾਵੀ ਖ਼ਤਰਿਆਂ ਬਾਰੇ ਫ਼ੌਰੀ ਤੌਰ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰੇ ਕੀਤੇ ਸਨ ਅਤੇ ਸਕੱਤਰ ਜਨਰਲ ਸਾਹਿਬ ਨੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸਦੀ ਰਿਪੋਰਟ ਹੁਣੇ ਹੀ (19 ਸਤੰਬਰ, 2024 ਨੂੰ) ਆਈ ਹੈ। ਇਸਦਾ ਸਿਰ-ਲੇਖ “ਮਨੁੱਖਤਾ ਦੀ ਭਲਾਈ ਲਈ ਏ.ਆਈ ਤੇ ਨਿਯੰਤਰਣ-ਪ੍ਰਬੰਧ” (“ਗਵਰਨਿੰਗ ਏ.ਆਈ ਫਾਰ ਹਿਉਮੈਨਿਟੀ”) ਹੈ ਇਸਦਾ ਉਦੇਸ਼ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਏ. ਆਈ ਦਾ ਵਿਕਾਸ ਅਤੇ ਇਸਦੀ ਵਰਤੋਂ ਇਸ ਢੰਗ ਨਾਲ ਕੀਤੀ ਜਾ ਸਕੇ ਕਿ ਇਸਦਾ ਲਾਭ ਸਾਰੀ ਮਨੁੱਖਤਾ ਨੂੰ ਹੋਵੇ ਅਤੇ ਇਸ ਨੂੰ ਪ੍ਰਭਾਵਕਾਰੀ ਅਤੇ ਕੌਮਾਂਤਰੀ ਪੱਧਰ ’ਤੇ ਸਰਬ-ਸੰਮਤੀ ਨਾਲ ਨਿਯੰਤਰਣ ਕੀਤਾ ਜਾ ਸਕੇ।

ਇਸ ਰਿਪੋਰਟ ਦਾ ਮੁੱਖ ਥੀਮ ਵੀ ਉਪਰੋਕਤ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ, ਕਿ:

ਭਾਵੇਂ ਅਸੀਂ ਭਵਿੱਖ ਵਿੱਚ ਏ.ਆਈ ਅਤੇ ਇਸਦੀ ਭੂਮਿਕਾ ਪ੍ਰਤੀ ਆਸਵੰਦ ਹਾਂ ਪਰ ਇਹ ਆਸ ਇਸਦੇ ਖ਼ਤਰਿਆਂ, ਮੌਜੂਦਾ ਢਾਂਚਿਆਂ ਦੀਆਂ ਕਮੀਆਂ ਅਤੇ ਸਾਡੀਆਂ ਪ੍ਰਾਥਮਿਕਤਾਵਾਂ ਉੱਪਰ ਨਿਰਭਰ ਕਰਦੀ ਹੈ। ਅਸੀਂ ਭਵਿੱਖ ਵਿੱਚ ਇਸਦੀ ਅਹਿਮ ਭੂਮਿਕਾ ਤੋਂ ਮੁਨਕਰ ਨਹੀਂ ਪਰ ਸਾਡਾ ਉਦੇਸ਼ ਇਹ ਹੈ ਕਿ ਇਸਦੇ ਲਾਭ ਸਮੁੱਚੀ ਮਨੁੱਖਤਾ ਨੂੰ ਪਹੁੰਚਣ ਅਤੇ ਅੱਜ ਦੇ ਲਾਭਾਂ ਦਾ ਆਉਣ ਵਾਲ਼ੀਆਂ ਪੀੜ੍ਹੀਆਂ ਤੇ ਕੋਈ ਮਾੜਾ ਅਸਰ ਨਾਂ ਪਵੇ, ਜਿਵੇਂ ਕਿ ਬਦ-ਕਿਸਮਤੀ ਨਾਲ ਵਾਤਾਵਰਣ-ਪਰਿਵਰਤਨ ਨਾਲ ਪੈਣ ਦਾ ਖ਼ਦਸ਼ਾ ਹੈ।”

ਪਰ ਇਸਦੇ ਹਿਮਾਇਤੀ ਇਸ ਨੂੰ ਹੋਰ ਸਭ ਖੇਤਰਾਂ ਦੀ ਤਰੱਕੀ ਦਾ ਮੁੱਖ ਜ਼ਰੀਆ ਮੰਨਦੇ ਹਨ ਅਤੇ ਮੁੱਖ ਸਮੱਸਿਆਵਾਂ ਦੇ ਹੱਲ ਕਰਨ ਦਾ ਮਾਧਿਅਮ ਦੱਸਦੇ ਹਨ। ਜਿਵੇਂ ਕਿ: ਵਿੱਦਿਅਕ ਖੇਤਰ, ਖੇਤੀ-ਬਾੜੀ, ਸਿਹਤ ਸੇਵਾਵਾਂ, ਆਰਥਿਕ, ਵਾਤਾਵਰਣ ਪਰਿਵਰਤਨ, ਆਵਾਜਾਈ, ਸਾਇੰਸੀ ਖੋਜਾਂ, ਆਰਥਿਕ, ਜਨਰਲ ਸਰਵਸਿਜ ਅਤੇ ਸੁਰੱਖਿਆ ਆਦਿ ਸਭ ਦਾ। ਇੱਥੋਂ ਤਕ ਦਾਅਵਾ ਕਰਦੇ ਹਨ ਕਿ ਇਹ ਸੰਸਾਰ ਦੀ ਲਗਭਗ ਹਰ ਸਮੱਸਿਆ ਦਾ ਹੱਲ ਕਰ ਸਕੇਗੀ। ਏ.ਆਈ ਪ੍ਰਤੀ ਯਥਾਰਥੀ ਪਹੁੰਚ ਅਪਣਾਉਣ ਵਾਲਿਆਂ ਨੂੰ, ਗੈਰ-ਵਿਗਿਆਨਕ, ‘ਡੂਮ ਸੇਅਰਜ’ ਅਤੇ ਨਿਰਾਸ਼ਾ-ਵਾਦੀ ਹੋਣ ਦਾ ਫ਼ਤਵਾ ਦਿੰਦੇ ਹਨ। ਇਹ ਦਲੀਲਾਂ ਵੀ ਦਿੰਦੇ ਹਨ ਕਿ ਇਸ ਤਰ੍ਹਾਂ ਦੀ ਆਲੋਚਨਾ ਅਤੇ ਵਿਰੋਧਤਾ ਆਮ ਗੱਲ ਹੈ ਕਿਉਂਕਿ ਹਰ ਨਵੀਂ ਤਕਨੌਲੋਜੀ ਦੀ ਵਿਰੋਧਤਾ ਹੁੰਦੀ ਆਈ ਹੈ। ਇਹ ਦਲੀਲ ਦੇਣ ਵੇਲੇ ਉਹ ਇਹ ਗੱਲ ਲਕੋ ਕੇ ਰੱਖਦੇ ਹਨ ਕਿ ਹਰ ਸਮੇਂ ਦੀ ਤਕਨੌਲੋਜੀ ਦਾ ਬੇ-ਥਾਹ ਨਾਜਾਇਜ਼ ਲਾਭ ਇਜ਼ਾਰੇਦਾਰਾਂ ਨੂੰ ਹੀ ਹੋਇਆ ਹੈ, ਅਤੇ ਜਨ-ਸਧਾਰਨ ਤਕ ਇਸਦਾ ਲਾਭ ਉਸ ਵਕਤ ਹੀ ਪਹੁੰਚਿਆ ਹੈ ਜਦੋਂ ਇਸਦੀ ਵਿਰੋਧਤਾ ਅਤੇ ਭਰਪੂਰ ਆਲੋਚਨਾ ਹੋਈ।

ਸੰਸਾਰ ਦੀ ਚੋਟੀ ਦੀ ਯੂਨੀਵਰਸਿਟੀ ‘ਐੱਮ.ਆਈ.ਟੀ’ ਦੇ ਦੋ ਪ੍ਰੋਫੈਸਰਾਂ ਵੱਲੋਂ ‘ਪਾਵਰ ਐਂਡ ਪ੍ਰੋਗਰੈੱਸ’ (2023) ਨਾਉਂ ਦੀ ਪ੍ਰਸਿੱਧ ਕਿਤਾਬ ਲਿਖੀ ਗਈ ਹੈ। ਇਸਦਾ ਥੀਮ ‘ਤਕਨੌਲੋਜੀ ਅਤੇ ਖੁਸ਼ਹਾਲੀ ਲਈ ਸਾਡਾ ਇੱਕ ਹਜ਼ਾਰ ਸਾਲ ਦਾ ਸੰਘਰਸ਼’ ਹੈ। ਉਨ੍ਹਾਂ ਨੇ ਤੱਤ ਕੱਢਿਆ ਹੈ ਕਿ ਸਾਇੰਸ ਅਤੇ ਤਕਨੌਲੋਜੀ ਦੀ ਹਰ ਮੁੱਖ ਕਾਢ ਨੇ ਸਮਾਜ ਵਿੱਚ ਨਾ-ਬਰਾਬਰੀ ਨੂੰ ਵਧਾਇਆ ਹੈ …। ਇਨ੍ਹਾਂ ਦੇ ਲਾਭਾਂ ਦੀ ਜਨ-ਸਧਾਰਨ ਤਕ ਰਸਾਈ ਇਨ੍ਹਾਂ ਦੇ ਕਾਢੂਆਂ ਅਤੇ ਖੋਜੀਆਂ ਦੀ ਬਜਾਇ ਸਮਾਜ-ਸੁਧਾਰਕਾਂ, ਫਿਲਾਸਫਰਾਂ, ਲੇਖਕਾਂ ਅਤੇ ਸੁਹਿਰਦ ਰਾਜਨੀਤੀਵਾਨਾਂ ਨੇ ਕਰਵਾਈ ਹੈ। ਅਤੇ ਜਾਂ ਕਾਮਿਆਂ ਦੀਆਂ ਯੂਨੀਅਨਾਂ ਨੇ ਖੁਦ ਸੰਘਰਸ਼ ਕਰ ਕੇ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਅੱਜ ਲਗਭਗ ਖਤਮ ਹੀ ਕਰ ਦਿੱਤਾ ਗਿਆ ਹੈ।

ਅੱਜ ਦੀ ਤ੍ਰਾਸਦੀ ਵੀ ਇਹ ਹੈ ਕਿ ਇਸ ਖੇਤਰ ’ਤੇ ਕਾਬਜ਼ ਇਜ਼ਾਰੇਦਾਰਾਂ ਨੇ ਸਾਨੂੰ ਭੁਲੇਖਿਆਂ ਵਿੱਚ ਪਾ ਰੱਖਿਆ ਹੈ ਜਿਨ੍ਹਾਂ ਓਹਲੇ ਉਹ ਬੇ-ਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਤਾਂ ਕੱਢਦੇ ਹੀ ਹਨ ਅਤੇ ਨਾਲ ਧਰਤੀ ਦੇ ਵਡਮੁੱਲੇ ਕੁਦਰਤੀ ਸਾਧਨਾਂ ਨੂੰ ਵੀ ਬਰਬਾਦ ਕਰ ਰਹੇ ਹਨ। ਕਿਤਾਬ ਵਿੱਚ ਇਨ੍ਹਾਂ ਦੀ ਤੁਲਨਾ ਉਦਯੋਗਿਕ ਕ੍ਰਾਂਤੀ ਦੇ ਵੇਲਿਆਂ ਦੇ ‘ਰੌਬਰ-ਬੈਰਨਜ’ ਕੀਤੀ ਗਈ ਹੈ। ਨਾਂ-ਬਰਾਬਰੀ ਅਤੇ ਸਮਾਜਿਕ ਬੇ-ਚੈਨੀ ਵਧਾਉਣ ਦੇ ਨਾਲ-ਨਾਲ ਇਸ ਨੇ ਹੋਰ ਹਰ ਖੇਤਰ ਦੀਆਂ ਖੋਜਾਂ ਅਤੇ ਕਾਢਾਂ ਵਿੱਚ ਖੜੋਤ ਪੈਦਾ ਕਰ ਦਿੱਤੀ ਹੈ ਅਤੇ ਮਨੁੱਖ ਨੂੰ ਅਸਲੀਅਤ ਤੋਂ ਬਹੁਤ ਦੂਰ ਕਰ ਦਿੱਤਾ ਹੈ।

ਅੱਜ ਤਕਨੌਲੋਜੀਆਂ ਦਾ ਹਾਲ ਵੀ ਧਰਮਾਂ ਵਰਗਾ ਹੋ ਗਿਆ ਹੈ ਅਤੇ ਇਨ੍ਹਾਂ ਦੋਹਾਂ ਨੂੰ ਲੋਟੂ ਟੋਲਿਆਂ ਨੇ ਅਪਹਰਣ ਕਰ ਲਿਆ ਹੈ। ਕੋਈ ਵੀ ਸਿਆਣਾ ਬੰਦਾ ਨਾਂ ਧਰਮ ਦੀ ਨਖੇਧੀ ਕਰਦਾ ਹੈ ਅਤੇ ਨਾਂ ਹੀ ਸਾਇੰਸ ਅਤੇ ਤਕਨੌਲੋਜੀ ਦੀ। ਉਹ ਨਖੇਧੀ ਕਰਦਾ ਹੈ ਇਨ੍ਹਾਂ ’ਤੇ ਕਾਬਜ਼ ਹੋਏ ਅਖੌਤੀ ਧਾਰਮਿਕ ਆਗੂਆਂ ਦੀ ਅਤੇ ਇਜ਼ਾਰੇ-ਦਾਰਾਂ ਦੀ। ਜਦੋਂ ਕੋਈ ਉਨ੍ਹਾਂ ਦੀ ਵਿਰੋਧਤਾ ਹੁੰਦੀ ਹੈ ਤਾਂ ਅਖੌਤੀ ਧਾਰਮਿਕ ਆਗੂ ਉਸ ਨੂੰ ਧਰਮ ਜਾਂ ਕਿਸੇ ਸਤਿਕਾਰਤ ਮਹਾਪੁਰਖ ਦਾ ਵਿਰੋਧ ਗਰਦਾਨ ਦਿੰਦੇ ਹਨ ਅਤੇ ਸੱਚ ਬੋਲਣ ਵਾਲੇ ਦਾ ਜਿਊਣਾ ਔਖਾ ਕਰ ਦਿੰਦੇ ਹਨ। ਇਸ ਤਰ੍ਹਾਂ ਦਾ ਹੀ ਵਰਤਾਰਾ ਅੱਜ ਸਾਇੰਸ ਅਤੇ ਤਕਨੌਲੋਜੀ ਦੇ ਖੇਤਰ ਵਿੱਚ ਵਰਤ ਰਿਹਾ ਹੈ। ਸਾਡੇ ਲਈ ਜ਼ਰੂਰੀ ਹੈ ਕਿ ਜਿਵੇਂ ਸਾਨੂੰ ਕਿਸੇ ਧਰਮ ਤੇ ਅੰਧ-ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਸੇ ਤਰ੍ਹਾਂ ਅੱਜ ਦੀ ਤਕਨੌਲੋਜੀ ’ਤੇ ਵੀ ਨਹੀਂ ਕਰਨਾ ਚਾਹੀਦਾ।

ਇਸ ਸਮੱਸਿਆ ਬਾਰੇ ਸੰਖੇਪ ਵਿਚਾਰ ਕਰ ਕੇ ਅਸੀਂ ਆਪਣੇ ਯੁਗ ਦੀ ਮੁੱਖ ਵਿਸ਼ੇਸ਼ਤਾ ਦੇ ਸਾਡੇ ਤੇ ਪੈ ਰਹੇ ਪ੍ਰਭਾਵਾਂ ਬਾਰੇ ਜਾਣ ਸਕਦੇ ਹਾਂ, ਭਾਵੇਂ ਇਸ ਨਾਲ ਅਸੀਂ ਇਸਦਾ ਹੱਲ ਨਹੀਂ ਲੱਭ ਸਕਦੇ ਪਰ ਇਸ ਬਾਰੇ ਜਾਗਰੂਕ ਹੋ ਕੇ ਅਸੀਂ ਉਨ੍ਹਾਂ ਸੁਹਿਰਦ ਸੁਧਾਰਕਾਂ, ਵਿਸਲ-ਬਲੋਅਰਾਂ ਅਤੇ ਰਾਜਨੀਤੀਵਾਨਾਂ ਦੇ ਹੱਥ ਮਜ਼ਬੂਤ ਕਰ ਸਕਦੇ ਹਾਂ ਜੋ ਇਨ੍ਹਾਂ ਇਜ਼ਾਰੇ-ਦਾਰਾਂ ਨਾਲ ਆਢਾ ਲਾ ਰਹੇ ਹਨ। ਦੂਸਰਾ ਵਿਹਾਰਕ ਲਾਭ ਇਹ ਹੈ ਕਿ ਅਸੀਂ ਵਿਅਕਤੀਗਤ ਅਤੇ ਪਰਵਾਰਿਕ ਤੌਰ ’ਤੇ ਸੁਚੇਤ ਹੋ ਜਾਂਦੇ ਹਾਂ ਕਿ ਅਸੀਂ ਇਸਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਉਪਰਾਲੇ ਕਰਦੇ ਹਾਂ। ਪਰ ਜਿਵੇਂ ਪਹਿਲਾਂ ਵਿਚਾਰਿਆ ਹੈ, ਇਸਦੇ ਚੰਗੇ ਪ੍ਰਭਾਵਾਂ ਨੂੰ ਕਬੂਲਣਾ ਅਤੇ ਮੰਦਿਆਂ ਤੋਂ ਬਚਣਾ ਸਿਆਣਪ ਹੈ, ਕਲਾ ਹੈ/ ਹੁਨਰ ਹੈ ਅਤੇ ਵਿਅਕਤੀਗਤ ਫਰਜ਼ ਹੈ।

ਸਿਆਣਪ ਅਤੇ ਕਲਾ ਹਰ ਇੱਕ ਨੂੰ ਆਪਣੇ ਨਿੱਜੀ ਅਭਿਆਸ ਰਾਹੀਂ ਸਿੱਖਣੀਆਂ ਪੈਂਦੀਆਂ ਹਨ, ਨਿੱਜੀ ਤੌਰ ’ਤੇ ਗ੍ਰਹਿਣ ਕਰਨੀਆਂ ਪੈਂਦੀਆਂ ਹਨ। ਇਹ ਨਾ ਕਿਸੇ ਹੋਰ ਤੋਂ ਲਈਆਂ ਜਾਂ ਖਰੀਦੀਆਂ ਜਾ ਸਕਦੀਆਂ ਅਤੇ ਨਾ ਹੀ ਇਨ੍ਹਾਂ ਦੀ ਆਊਟ-ਸੋਰਸਿੰਗ ਹੋ ਸਕਦੀ ਹੈ। ਇਸੇ ਤਰ੍ਹਾਂ ਕੋਈ ਬਾਹਰਲੀ ਤਕਨੌਲੋਜੀ ਵੀ ਸਾਡੀ ਮਦਦਗਾਰ ਨਹੀਂ ਹੋ ਸਕਦੀ। ਸਾਈਕਲ ਚਲਾਉਣਾ, ਤਰਨਾ, ਸਰੀਰਕ ਕਸਰਤ ਅਤੇ ਦੁਨਿਆਵੀ ਵਿੱਦਿਆ ਇਸਦੀਆਂ ਸਰਲ ਉਦਾਹਰਣਾਂ ਹਨ ਅਤੇ ਆਪਾ-ਸੁਧਾਰ, ਆਤਮ-ਵਿਕਾਸ, ਆਪਾ-ਪਛਾਣ ਅਤੇ ਸਹੀ ਪਰਮਾਰਥ ਦੀ ਕਮਾਈ ਵੱਡੀਆਂ ਹਨ। ਇਹ ਵਿਅਕਤੀਗਤ ਜਾਂ ਖ਼ੁਦੀ ਦਾ ਖੇਤਰ ਹੈ ਅਤੇ ਬਹੁਤ ਵਿਸ਼ਾਲ ਹੈ। ਪੜ੍ਹਨਾ, ਸੁਣਨਾ ਆਦਿ ਇਸ ਤਰ੍ਹਾਂ ਦੀ ਸਿਆਣਪ ਗ੍ਰਹਿਣ ਕਰਨ ਜਾਂ ਕਿਸੇ ਕਲਾ ਵਿੱਚ ਨਿਪੁੰਨ ਹੋਣ ਲਈ ਮਦਦਗਾਰ ਅਤੇ ਜ਼ਰੂਰੀ ਤਾਂ ਹਨ ਪਰ ਇਨ੍ਹਾਂ ਨਾਲ ਸਰਦਾ ਨਹੀਂ। ਇਸ ਲਈ ਮਿਹਨਤ ਕਰਕੇ ਇਹ ਕਰਨਾ ਜ਼ਰੂਰੀ ਹੈ ਤਾਂ ਕਿ ਅਸੀਂ ਅੱਜ ਦੀ ਬੇ-ਲਗਾਮ ਤਕਨੌਲੋਜੀ ਦੇ ਭਰਮਾਊ, ਉਕਸਾਊ, ਭੜਕਾਊ ਅਤੇ ਭਟਕਾਊ ਮਕੜਜਾਲ਼ਾਂ ਤੋਂ ਬਚ ਸਕੀਏ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5348)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author