IsherSinghEng7ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿੱਚ ਰਹਿਣ ਅਤੇ ਕਿਰਸ ਕਰਨ ਦੀ ਪ੍ਰਤਿਗਿਆ ਕਰੀਏ ...
(15 ਮਈ 2021)

 

ਵਿਸ਼ਵ-ਵਿਆਪੀ ਵਾਤਾਵਰਣ ਵਿੱਚ ਹੋ ਰਹੇ ਹਾਨੀਕਾਰਕ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਸਤੇ 195 ਮੈਂਬਰ-ਦੇਸ਼ਾਂ ਵਲੋਂ ਸਰਬ-ਸੰਮਤੀ ਨਾਲ ਪਰਵਾਨਤ ‘ਪੈਰਿਸ ਵਾਤਾਵਰਣ ਸਮਝੌਤਾ’, ਸੰਯੁਕਤ ਰਾਸ਼ਟਰ ਦਾ ਇੱਕ ਇਤਿਹਾਸਕ ਸਮਝੌਤਾ ਹੈ ਜਿਹੜਾ ਕਿ 2016 ਤੋਂ ਲਾਗੂ ਹੋਇਆ ਹੈ ਇਸਦੇ ਨਾਓਂ ਤੋਂ ਲਗਦਾ ਹੈ ਕਿ ਸ਼ਾਇਦ ਇਸ ਨਾਲ ਸਾਡਾ ਕੋਈ ਸਬੰਧ ਨਹੀਂ ਪਰ ਇਹ ਭੁਲੇਖਾ ਹੈ ਇਸਦਾ ਸਬੰਧ ਸਾਡੇ ਸਭ ਦੇ ਵਰਤਮਾਨ ਅਤੇ ਭਵਿੱਖ ਨਾਲ ਹੈਨਾ ਸਿਰਫ ਸਾਡੇ, ਨਾਲ ਬਲਕਿ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨਾਲ ਵੀਇਹ ਸਮਝੌਤਾ ਉਸ ਖਿਲਵਾੜ ਦੇ ਗਲਤ ਨਤੀਜਿਆਂ ਨੂੰ ਦਰੁਸਤ ਕਰਨ ਦਾ ਇੱਕ ਸਰਬ-ਪੱਖੀ ਉਪਰਾਲਾ ਹੈ ਜਿਹੜਾ ਆਪਾਂ ਸਮੂਹਕ ਤੌਰ ’ਤੇ ਧਰਤੀ ਦੇ ਵਾਤਾਵਰਣ, ਬਨਸਪਤੀ, ਪੌਣ-ਪਾਣੀ, ਵਾਯੂ-ਮੰਡਲ ਅਤੇ ਇਸਦੇ ਕੁਦਰਤੀ ਵਸੀਲਿਆਂ ਨਾਲ ਕਰ ਰਹੇ ਹਾਂ

ਆਪਾਂ ਪੈਰਿਸ ਵਾਤਾਵਰਣ ਸਮਝੌਤੇ ਦੀ ਮਹੱਤਤਾ, ਅੱਜ ਦੇ ਪੰਜਾਬ ਦੇ ਇਨ੍ਹਾਂ ਵਸੀਲਿਆਂ ਦੀ ਤੁਲਨਾ, ਅੱਜ ਤੋਂ ਛੇ-ਸੱਤ ਦਹਾਕਿਆਂ ਤੋਂ ਪਹਿਲਾਂ ਦੇ ਪੰਜਾਬ ਦੇ ਵਸੀਲਿਆਂ ਨਾਲ ਕਰ ਕੇ ਸਮਝ ਸਕਦੇ ਹਾਂਜੋ ਕੁਛ ਪੰਜਾਬ ਵਿੱਚ ਹੋਇਆ ਅਤੇ ਹੋ ਰਿਹਾ ਹੈ ਓਹੀ ਪੂਰੇ ਸੰਸਾਰ ਵਿੱਚ ਹੋਇਆ ਹੈ ਅਤੇ ਹੋ ਰਿਹਾ ਹੈਵੱਡੇ ਪੱਧਰ ਉੱਤੇ ਇਸਦੀ ਮਹੱਤਤਾ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ ਇਸ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਮਿ. ਜੋਅ ਬਾਈਡਨ ਨੇ ਆਪਣੇ ਪੂਰਵ-ਵਰਤੀ ਰਾਸ਼ਟਰਪਤੀ ਦੇ ਅਮਰੀਕਾ ਨੂੰ UNO ਦੇ ਇਸ ਸਮਝੌਤੇ ਵਿੱਚੋਂ ਬਾਹਰ ਕਰਨ ਦੇ ਹੁਕਮ ਨੂੰ ਰੱਦ ਕਰ ਕੇ, ਆਪਣੇ ਦੇਸ਼ ਨੂੰ ਮੁੜ ਇਸ ਵਿੱਚ ਦਾਖਲ ਕਰਨ ਦੇ ਕਾਰਜਕਾਰੀ ਹੁਕਮ ਕੀਤੇ ਸਨਇਹ ਸਾਰੇ ਸੰਸਾਰ ਵਾਸਤੇ ਬਹੁਤ ਸੁਖਦਾਇਕ ਸਮਾਚਾਰ ਸੀ ਕਿਉਂਕਿ ਅਮਰੀਕਾ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ ਅਤੇ ਦੁਬਾਰਾ ਫਿਰ ਇਸ ਨੇ ਅਗਵਾਈ ਕਰਨ ਦਾ ਭਰੋਸਾ ਦਿਵਾਇਆ ਹੈ

ਮਿ. ਜੋਅ ਬਾਈਡਨ ਨੇ ਆਪਣੇ ਹੁਕਮ ਉੱਤੇ ਅਗਲੀ ਕਾਰਵਾਈ ਕਰਦਿਆਂ 22-23 ਅਪਰੈਲ ਨੂੰ 40 ਦੇਸ਼ਾਂ ਦੇ ਮੁਖੀਆਂ ਦੀ ਇੱਕ ਉੱਚ-ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਰੂਸ, ਚੀਨ, ਭਾਰਤ, ਬ੍ਰਾਜ਼ੀਲ, ਯੂ.ਕੇ. ਅਤੇ ਕਨੇਡਾ ਵਰਗੇ ਸਭ ਵੱਡੇ ਦੇਸ਼ਾਂ ਨੇ ਭਾਗ ਲਿਆਇਹ ਸੰਸਾਰ ਦੇ ਲੀਡਰਾਂ ਦੀ ਸਭ ਤੋਂ ਵੱਡੀ ਵਰਚੂਅਲ ਮੀਟਿੰਗ ਸੀਇਸ ਮੀਟਿੰਗ ਵਿੱਚ ਇਸ ਸਮਝੌਤੇ ਉੱਤੇ ਹੁਣ ਤਕ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਗਈ ਅਤੇ 2050 ਤਕ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਅਹਿਮ ਫੈਸਲੇ ਕੀਤੇ ਗਏ ਵਾਤਾਵਰਣ ਵਿੱਚ ਪੈ ਰਹੇ ਵਿਗਾੜ ਨੂੰ ਠੀਕ ਕਰਨ ਦੇ ਕੰਮ ਦੀ ਗੰਭੀਰਤਾ ਦਾ ਸਭ ਤੋਂ ਵੱਡਾ ਸਬੂਤ ਸੰਯੁਕਤ ਰਾਸ਼ਟਰ ਵਲੋਂ ਇਸ ਨੂੰ ਵਿਚਾਰ-ਅਧੀਨ ਸਮਝੌਤੇ ਰਾਹੀਂ ਆਪਣੀ ਨਿਗਰਾਨੀ ਹੇਠ ਲੈਣਾ ਹੈ

ਇਹ ਓਹੀ ਸਮਝੌਤਾ ਹੈ, ਜਿਸ ਦੀ ਪਾਲਣਾ ਵਿੱਚ ਕੁਤਾਹੀ ਕਰਨ ਵਾਸਤੇ, ਯੂ.ਐੱਨ ਦੀ 2019 ਦੀ ਨਿਊਯਾਰਕ ਵਿੱਚ ਹੋਈ ਇੱਕ ਮੀਟਿੰਗ ਵਿੱਚ ਸਵੀਡਨ ਦੀ 16-ਸਾਲਾ ਬੱਚੀ ਗਰੈਟਾ ਥਨਬਰਗ ਨੇ ਵੱਡੇ ਲੀਡਰਾਂ ਨੂੰ ਉਹਨਾਂ ਦੇ ਮੂੰਹ ’ਤੇ ਇਹ ਸਖ਼ਤ ਸ਼ਬਦ ਕਹੇ ਸਨ ਕਿ “ਤੁਸੀਂ ਆਪਣੇ ਝੂਠੇ ਵਾਅਦਿਆਂ ਨਾਲ ਮੇਰੇ ਸੁਫਨਿਆਂ ਅਤੇ ਮੇਰੇ ਬਚਪਨ ਨਾਲ ਖਿਲਵਾੜ ਕੀਤਾ ਹੈਲੋਕ ਤੜਫ ਰਹੇ ਹਨ, ਮਰ ਰਹੇ ਹਨਅਸੀਂ ਇੱਕ ਪਰਲੋਂ ਦੇ ਮੁਹਾਣੇ ’ਤੇ ਖੜ੍ਹੇ ਹਾਂ, ਪਰ ਤੁਸੀਂ ਸਿਰਫ ਧਨ-ਦੌਲਤ ਅਤੇ ਫੋਕੀ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਹੋਤੁਹਾਡੀ ਇਹ ਸਭ ਕਰਨ ਦੀ ਹਿੰਮਤ ਕਿਵੇਂ ਪਈ? ਆਪਣੀ ਇਸ ਦਲੇਰੀ ਸਦਕਾ ਸੰਸਾਰ-ਪ੍ਰਸਿੱਧ ਇਹ ਬੱਚੀ ਤਿੰਨ ਸਾਲਾਂ ਵਿੱਚ ਤਿੰਨ ਵਾਰ ਨੋਬਲ ਇਨਾਮ ਵਾਸਤੇ ਨਾਮਜ਼ਦ ਹੋ ਚੁੱਕੀ ਹੈ

ਇਹ ਸਮਝੌਤਾ ਹੈ ਕੀ? ਇਹ ਵਾਤਾਵਰਣ ਪਰਿਵਰਤਨ ਬਾਰੇ ਕਾਨੂੰਨੀ ਤੌਰ ’ਤੇ ਲਾਜ਼ਮੀ ਮੰਨਣਯੋਗ ਵਿਸ਼ਵ-ਵਿਆਪੀ ਸੰਧੀ (Legally-binding International Treaty) ਹੈ ਇਸਦਾ ਟੀਚਾ ਇਸ ਸਦੀ ਦੇ ਅਖੀਰ ਤਕ ਧਰਤੀ ਦੇ ਤਾਪਮਾਨ ਵਿੱਚ ਹੋ ਰਹੇ ਵਾਧੇ ਨੂੰ ਪੂਰਬ-ਉਦਯੋਗਿਕ ਪੱਧਰ ਦੇ ਤਾਪਮਾਨ ਤੋਂ 1.5 ਡਿਗਰੀ ਸੈਂਟੀਗ੍ਰੇਡ ਤਕ ਸੀਮਤ ਰੱਖਣਾ ਹੈ ਅਤੇ ਕਿਸੇ ਵੀ ਹਾਲਤ ਵਿੱਚ 2 ਡਿਗਰੀ ਤੋਂ ਨਾ ਵਧਣ ਦੇਣਾ ਹੈਇਸ ਪਰਿਭਾਸ਼ਾ ਦੇ ਭਾਵ ਇੰਨੇ ਵਿਸਤ੍ਰਿਤ ਹਨ ਕਿ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਹਰ ਇਨਸਾਨ ਨੂੰ ਆਪਣੇ ਜੀਵਨ ਨੂੰ ਸੰਜਮ ਵਿੱਚ ਲਿਆਉਣਾ ਪਵੇਗਾਸੰਸਾਰ ਦੇ ਹਰ ਸੰਗਠਨ ਅਤੇ ਹਰ ਦੇਸ਼ ਨੂੰ ਪੂਰੀ ਸੁਹਿਰਦਤਾ ਅਤੇ ਇੱਕ-ਸੁਰਤਾ ਨਾਲ ਸੰਯੁਕਤ ਰਾਸ਼ਟਰ ਵਲੋਂ ਬਣਾਈਆਂ ਸਕੀਮਾਂ ਦੀ ਪਾਲਣਾ ਕਰਨੀ ਪਵੇਗੀ ਇੱਥੋਂ ਤਕ ਕਿ ਸੰਸਾਰ ਪੱਧਰ ਉੱਤੇ ਮਨੁੱਖੀ-ਬਰਾਬਰਤਾ ਅਤੇ ਸਮੁੱਚੇ ਵਾਤਾਵਰਣ ਦੀ ਸਵੈ-ਨਿਰਭਰਤਾ ਨੂੰ ਵੀ ਇਸ ਪ੍ਰੋਗਰਾਮ ਨਾਲ ਜੋੜਨਾ ਪਵੇਗਾਆਸ਼ਾਜਨਕ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ‘ਸਵੈ-ਨਿਰਭਰ ਵਿਕਾਸ ਟੀਚੇ (Sustainable Development Goals)’ ਨਾਂ ਦਾ 17-ਨੁਕਾਤੀ ਅਤੇ ਇੰਨਾ ਹੀ ਮਹੱਤਵ-ਪੂਰਨ ਇੱਕ ਹੋਰ ਪ੍ਰੋਜੈਕਟ 2015 ਤੋਂ ਸ਼ੁਰੂ ਕੀਤਾ ਹੋਇਆ ਹੈ ਇਸਦੇ ਟੀਚਿਆਂ ਦੀ ਪ੍ਰਾਪਤੀ ਵੀ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਵਿੱਚ ਬਹੁਤ ਮਦਦਗਾਰ ਹੋਵੇਗੀ

ਇਹ ਸਭ ਗੁੰਝਲਦਾਰ ਮਸਲੇ ਹਨ ਪਰ ਆਪਣੇ ਵਾਸਤੇ ਇੰਨਾ ਸਮਝ ਲੈਣਾ ਹੀ ਕਾਫੀ ਹੈ ਕਿ ਅਜੋਕੀਆਂ (Modern) ਮਨੁੱਖੀ ਕਾਰਵਾਈਆਂ ਕਰ ਕੇ ਸਾਡੀ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈਇਸ ਪ੍ਰਕਿਰਿਆ ਦੀ ਸਰਲ ਵਿਆਖਿਆ ਇਹ ਹੈ ਕਿ ਸਾਡੀ ਧਰਤੀ ਦੇ ਆਲ਼ੇ-ਦੁਆਲ਼ੇ ਦੇ ਵਾਯੂ-ਮੰਡਲ ਵਿੱਚ ਨਾਈਟਰੋਜਨ ਅਤੇ ਆਕਸੀਜਨ, ਦੋ ਗੈਸਾਂ ਸਭ ਤੋਂ ਵੱਧ ਹਨਪਰ ਇਨ੍ਹਾਂ ਤੋਂ ਇਲਾਵਾ ਬਹੁਤ ਥੋੜ੍ਹੀ ਮਾਤਰਾ ਵਿੱਚ ਹੋਰ ਵੀ ਹਨ ਜਿਨ੍ਹਾਂ ਵਿੱਚੋਂ ਇੱਕ ਕਾਰਬਨ ਡਾਇਔਕਸਾਈਡ ਹੈਇਹ ਸੂਰਜ ਦੀ ਗਰਮੀ ਨਾਲ ਮਿਲ ਕੇ ਸਾਰੀ ਬਨਸਪਤੀ ਦੀ ਉਤਪਤੀ ਅਤੇ ਇਸ ਨੂੰ ਜੀਵਤ ਰੱਖਣ ਵਿੱਚ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਕਿ ਇਨਸਾਨਾਂ ਅਤੇ ਹੋਰ ਪ੍ਰਾਣੀਆਂ ਵਾਸਤੇ ਆਕਸੀਜਨ ਹੈਕੁਦਰਤ ਨੇ ਆਪਣੀ ਬਣਤ ਅਨੁਸਾਰ ਇਸਦੀ ਮਾਤਰਾ ਦੀ ਹੱਦ ਨਿਯਤ ਕੀਤੀ ਹੋਈ ਹੈ ਜੇ ਇਸਦੀ ਮਾਤਰਾ ਵਧਦੀ ਹੈ ਤਾਂ ਸਾਡੀ ਧਰਤੀ ਦਾ ਤਾਪਮਾਨ ਵੀ ਵਧ ਜਾਂਦਾ ਹੈਭਾਵੇਂ ਜ਼ਿਆਦਾ ਨੁਕਸਾਨ ਇਹ ਗੈਸ ਹੀ ਕਰਦੀ ਹੈ ਪਰ ਹੋਰ ਕਈ ਗੈਸਾਂ ਵੀ ਇਸ ਨੁਕਸਾਨ ਵਿੱਚ ਵਾਧਾ ਕਰਦੀਆਂ ਹਨ ਜਿਵੇਂ ਕਿ ਮੀਥੇਨ, ਨਾਈਟਰਸ ਔਕਸਾਈਡ ਅਤੇ ਪਾਣੀ ਦੇ ਬੁਖਾਰਾਤ ਆਦਿਇਨ੍ਹਾਂ ਸਾਰੀਆਂ ਗੈਸਾਂ ਨੂੰ ‘ਗ੍ਰੀਨ-ਹਾਊਸ ਗੈਸਾਂ’ ਕਿਹਾ ਜਾਂਦਾ ਹੈ ਕਿਉਂਕਿ ਇਹ ਧਰਤੀ ਦੀ ਫਾਲਤੂ ਗਰਮੀ ਨੂੰ ਪੁਲਾੜ ਵਿੱਚ ਜਾਣ ਤੋਂ ਉਸੇ ਤਰ੍ਹਾਂ ਰੋਕਦੀਆਂ ਹਨ ਜਿਵੇਂ ਕਿ ਖੇਤ ਵਿੱਚ ਬਣਿਆ ਹੋਇਆ ਗ੍ਰੀਨ-ਹਾਊਸ ਆਪਣੇ ਅੰਦਰ ਦਾਖਲ ਹੋਈ ਗਰਮੀ ਨੂੰ ਬਾਹਰ ਜਾਣ ਤੋਂ ਰੋਕਦਾ ਹੈ

ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਵਾਯੂ-ਮੰਡਲ ਵਿੱਚ ਸੰਤੁਲਨ ਬਣਿਆ ਹੋਇਆ ਸੀ ਅਰਥਾਤ ਜਿੰਨੀਆਂ ਕੁ ਗ੍ਰੀਨ-ਹਾਊਸ ਗੈਸਾਂ ਬਣਦੀਆਂ ਸਨ ਓਨੀਆਂ ਨੂੰ ਜਜ਼ਬ ਕਰਨ ਦੀ ਧਰਤੀ ਦੀ ਸਮਰੱਥਾ ਸੀ ਕਿਉਂਕਿ ਜੰਗਲ ਬਹੁਤ ਸਨ, ਅਬਾਦੀ ਘੱਟ ਸੀ ਅਤੇ ਅਜੋਕੀ ਕਿਸਮ ਦੀਆਂ ਮਨੁੱਖੀ ਵਿਕਾਸ (ਤਥਾ-ਕਥਿਤ) ਦੀਆਂ ਕਾਰਵਾਈਆਂ ਅਜੇ ਸ਼ੁਰੂ ਨਹੀਂ ਸਨ ਹੋਈਆਂਪਰ ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਪੱਥਰ ਦੇ ਕੋਲੇ ਦੀ ਵਰਤੋਂ ਵਿੱਚ ਬੇਥਾਹ ਵਾਧਾ ਹੋਇਆ ਅਤੇ ਫਿਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਦੀ ਖਪਤ ਵਿੱਚ ਇਸ ਤੋਂ ਵੀ ਜ਼ਿਆਦਾ ਅਤੇ ਵੱਧ ਤੇਜ਼ੀ ਨਾਲ ਵਾਧਾ ਹੋਇਆਕੋਲੇ ਸਣੇ ਇਨ੍ਹਾਂ ਸਭ ਨੂੰ ਫੌਸਿਲ ਫਿਊਲਜ਼ (Fossil Fuels) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਕਾਰਬਨ ਦੀ ਮਾਤਰਾ ਬਹੁਤ ਹੁੰਦੀ ਹੈਇਸੇ ਕਰ ਕੇ ਜਦ ਇਨ੍ਹਾਂ ਨੂੰ ਵਰਤਿਆ ਜਾਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਕਾਰਬਨ ਡਾਇਔਕਸਾਈਡ ਪੈਦਾ ਕਰਦੀਆਂ ਹਨ ਇਸਦੇ ਨਾਲ-ਨਾਲ ਅਬਾਦੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ, ਹਰਿਆਵਲ ਘਟੀ ਅਤੇ ਫੌਸਿਲ ਫਿਊਲਜ਼ ਵਰਤਣ ਵਾਲੀਆਂ ਹੋਰ ਕਾਰਵਾਈਆਂ ਵੀ ਵਿਕਸਿਤ ਹੋਈਆਂਅੱਜ ਸੰਸਾਰ ਦੀਆਂ ਊਰਜਾ ਦੀਆਂ 80% ਜ਼ਰੂਰਤਾਂ ਇਨ੍ਹਾਂ ਫਿਊਲਜ਼ ਰਾਹੀਂ ਹੀ ਪੂਰੀਆਂ ਹੋ ਰਹੀਆਂ ਹਨਇਨ੍ਹਾਂ ਕਾਰਵਾਈਆਂ ਕਰ ਕੇ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਔਕਸਾਈਡ ਸਣੇ ਸਾਰੀਆਂ ਗ੍ਰੀਨ-ਹਾਊਸ ਗੈਸਾਂ ਦੀ ਉਪਜ ਵਿੱਚ ਇਕੱਲਾ ਵਾਧਾ ਹੀ ਨਹੀਂ ਹੋਇਆ ਬਲਕਿ ਇਸ ਵਾਧੇ ਵਿੱਚ ਤੇਜ਼ੀ ਵੀ ਆਈ

ਮਿ. ਬਿੱਲ ਗੇਟਸ ਨੇ ਆਪਣੀ ਤਾਜ਼ਾ ਛਪੀ ਕਿਤਾਬ (How To Avoid A Climate Disaster) ਵਿੱਚ ਸਾਡੀਆਂ ਵਿਕਾਸ-ਕਾਰਵਾਈਆਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਅਤੇ ਹਰ ਕਾਰਵਾਈ ਕਰ ਕੇ ਪੈਦਾ ਹੋਈਆਂ ਗ੍ਰੀਨ-ਗੈਸਾਂ ਦਾ ਹਿੱਸਾ ਇਸ ਤਰ੍ਹਾਂ ਦੱਸਿਆ ਹੈ:

ਬਿਜਲੀ ਦੀ ਪੈਦਾਵਾਰ 27%

ਨਵੀਆਂ ਚੀਜ਼ਾਂ ਜਿਵੇਂ ਕਿ ਸੀਮਿੰਟ ਅਤੇ ਸਟੀਲ ਆਦਿ ਦੀ ਪੈਦਾਵਾਰ 31%

ਖੇਤੀ-ਬਾੜੀ ਦੀਆਂ ਵਸਤਾਂ ਦੀ ਪੈਦਾਵਾਰ 19%

ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ 16%

ਠੰਡਾ ਅਤੇ ਗਰਮ ਕਰਨ ਦੇ ਸਾਧਨ 7%

ਇਹ ਸਭ ਸਾਡੀ ਅੱਜ ਦੀ ਮਾਡਰਨ ਜੀਵਨ-ਸ਼ੈਲੀ ਦੀਆਂ ਜ਼ਰੂਰੀ ਕਾਰਵਾਈਆਂ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਹੋਰ ਵਿਕਾਸ ਕਰਨ ਕਰ ਕੇ, ਆਉਣ ਵਾਲ਼ੇ ਸਮੇਂ ਵਿੱਚ ਇਨ੍ਹਾਂ ਵਿੱਚ ਹੋਰ ਵੀ ਵਾਧਾ ਹੋਵੇਗਾ, ਜਿਸ ਕਰਕੇ ਗ੍ਰੀਨ-ਹਾਊਸ ਗੈਸਾਂ ਵਿੱਚ ਵੀ ਵਾਧਾ ਹੋਵੇਗਾਜੇ ਇਨ੍ਹਾਂ ਗੈਸਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਧਰਤੀ ਦੇ ਤਾਪਮਾਨ ਦਾ ਵਾਧਾ 4 ਡਿਗਰੀ ਤਕ ਹੋ ਜਾਵੇਗਾ ਜਿਸਦੇ ਬਹੁਤ ਭਿਆਨਕ ਨਤੀਜੇ ਹੋਣਗੇਅਜੇ ਤਕ ਇਹ ਵਾਧਾ ਸਿਰਫ ਇੱਕ ਡਿਗਰੀ ਹੋਇਆ ਹੈ ਪਰ ਇਸ ਨਾਲ ਹੀ ਬਹੁਤ ਨੁਕਸਾਨ ਹੋ ਰਿਹਾ ਹੈ, ਜਿਸਦੇ ਨਮੂਨੇ ਅੱਜ ਸਾਨੂੰ ਦੇਖਣ ਨੂੰ ਮਿਲ ਰਹੇ ਹਨਜਿਵੇਂ ਕਿ ਜੰਗਲਾਂ ਦੀਆਂ ਹੋਰ ਭਿਆਨਕ ਅੱਗਾਂ, ਬਹੁਤੇ ਅਤੇ ਜ਼ਿਆਦਾ ਮਾਰੂ ਹੜ੍ਹ ਅਤੇ ਸੋਕੇ, ਸਮੁੰਦਰਾਂ ਦੇ ਪੱਧਰਾਂ ਵਿੱਚ ਵਾਧਾ, ਗਰਮੀ ਵਿੱਚ ਵਾਧਾ ਅਤੇ ਮਹਾਂ-ਮਾਰੀਆਂਮਾਹਿਰ ਇਨ੍ਹਾਂ ਆਫਤਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਹੋਰ ਬੀਮਾਰੀਆਂ, ਮਨੁੱਖੀ ਪਲਾਇਨ, ਰਾਜ-ਪਲਟੇ, ਅੱਤਵਾਦ ਵਿੱਚ ਵਾਧੇ ਬਾਰੇ ਖ਼ਬਰਦਾਰ ਕਰਦੇ ਹਨਕਹਿਣ ਨੂੰ ਇਹ ਕੁਦਰਤੀ ਆਫਤਾਂ ਲੱਗਦੀਆਂ ਹਨ ਪਰ ਇਨ੍ਹਾਂ ਦਾ ਇੱਕ ਵੱਡਾ ਕਾਰਨ ਸਾਡੇ ਵਲੋਂ ਕੁਦਰਤੀ ਸਾਧਨਾਂ ਨੂੰ ਸਿਰਫ ਜ਼ਰੂਰਤਾਂ ਵਾਸਤੇ ਵਰਤਣ ਦੀ ਬਜਾਇ ਮੌਜ-ਮਸਤੀਆਂ ਅਤੇ ਮਨ-ਪਰਚਾਵਿਆਂ ਵਾਸਤੇ ਵਰਤ ਕੇ ਇਨ੍ਹਾਂ ਦਾ ਦੁਰ-ਉਪਯੋਗ ਕਰਨਾ ਹੈਨਿਰਸੰਦੇਹ ਸੰਸਾਰ ਦੇ ਅਮੀਰ ਵਿਅਕਤੀ ਅਤੇ ਅਮੀਰ ਦੇਸ਼ ਤਾਪਮਾਨ ਦੇ ਵਾਧੇ ਵਾਸਤੇ ਵੱਧ ਜ਼ਿੰਮੇਵਾਰ ਹਨ

ਬਿੱਲ ਗੇਟਸ ਦੱਸਦੇ ਹਨ ਕਿ ਸਾਡਾ ਅੱਜ ਦਾ ਕੋਈ ਵੀ ਸਿਸਟਮ-ਰਾਜਨੀਤਕ, ਰਾਜ-ਪ੍ਰਬੰਧ, ਮੈਨੇਜਮੈਂਟ, ਆਰਥਿਕ ਜਾਂ ਸਮਾਜਿਕ-ਇਸ ਸਮੱਸਿਆ ਨੂੰ ਨਜਿੱਠਣ ਦੇ ਸਮਰੱਥ ਨਹੀਂਇਨ੍ਹਾਂ ਸਭ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਇਨ੍ਹਾਂ ਸਭ ਵਿੱਚ ਸੁਧਾਰਾਂ ਦੀ ਅਤਿਅੰਤ ਲੋੜ ਹੈ ਤਾਂ ਕਿ ਇਹ ਭੂਤ ਅਤੇ ਵਰਤਮਾਨ ਨੂੰ ਸਮਝਦੇ ਹੋਏ ਭਵਿੱਖ-ਦਰਸ਼ੀ ਬਣ ਸਕਣਉਹ ਇੱਥੋਂ ਤਕ ਕਹਿੰਦੇ ਹਨ ਕਿ ਸਾਡੀ ਅੱਜ ਦੀ ਸਾਇੰਸ ਅਤੇ ਟੈਕਨੌਲੋਜੀ ਵੀ ਇਸ ਵਿਆਪਕ ਸਮੱਸਿਆ ਦੇ ਹੱਲ ਕਰਨ ਦੇ ਸਮਰੱਥ ਨਹੀਂ ਇਸਦੇ ਅੱਡ-ਅੱਡ ਖੇਤਰਾਂ ਵਿੱਚ ਹੋਰ ਖੋਜਾਂ ਅਤੇ ਵਿਕਾਸ ਦੀ ਫ਼ੌਰੀ ਜ਼ਰੂਰਤ ਹੈਉਹ ਇਹ ਗਿਲਾ ਵੀ ਕਰਦੇ ਹਨ ਕਿ ਸਾਡੇ ਰਾਜਨੀਤਕ ਲੀਡਰ ਆਪਣੇ ਹੋਰ ਰੁਝੇਵਿਆਂ ਕਰ ਕੇ ਇਸ ਸਮੱਸਿਆ ਪ੍ਰਤੀ ਓਨੇ ਗੰਭੀਰ ਨਹੀਂ ਜਿੰਨੀ ਕਿ ਇਸ ਸਮੱਸਿਆ ਦੀ ਜਾਣਕਾਰੀ ਰੱਖਣ ਵਾਲੀ ਜਨਤਾ, ਜਨਤਕ ਜਥੇਬੰਦੀਆਂ ਅਤੇ ਹੋਰ ਗ਼ੈਰ-ਸਰਕਾਰੀ ਸੰਸਥਾਵਾਂ ਹਨਉਹ ਇਹ ਖਦਸ਼ਾ ਵੀ ਪ੍ਰਗਟ ਕਰਦੇ ਹਨ ਕਿ ਜ਼ਿੰਮੇਵਾਰ ਹਸਤੀਆਂ ਇਸ ਨੂੰ ਉਸੇ ਤਰ੍ਹਾਂ ਅਣ-ਗੌਲ਼ਿਆ ਕਰ ਰਹੀਆਂ ਹਨ ਜਿਵੇਂ ਕਿ ਮਾਹਿਰਾਂ ਵਲੋਂ ਪਿਛਲੇ ਪੰਜ-ਸੱਤ ਸਾਲ ਤੋਂ ਕਿਸੇ ਮਹਾਂ-ਮਾਰੀ ਬਾਰੇ ਦਿੱਤੀਆਂ ਚਿਤਾਵਨੀਆਂ ਨੂੰ ਕੀਤਾ ਗਿਆ ਹੈ

ਇੱਥੇ ਇਹ ਵੀ ਵਰਣਨਜੋਗ ਹੈ ਕਿ ਖੁਦਗਰਜ਼ਾਂ ਵਲੋਂ ਇਸ ਗੰਭੀਰ ਮਸਲੇ ਨੂੰ ਜਾਣ-ਬੁੱਝ ਕੇ ਛੁਟਿਆਇਆ ਜਾਂਦਾ ਹੈ ਡੋਨਲਡ ਟਰੰਪ ਦੀ ਉਦਾਹਰਣ ਆਪਾਂ ਸਭ ਨੂੰ ਪਤਾ ਹੈ ਕਿ ਉਸ ਨੇ ਇਸ ਨੂੰ ਇੱਕ ਛਲ਼ (Expensive Hoax) ਕਿਹਾ ਸੀਲੇਖ ਦੇ ਸ਼ੁਰੂ ਵਿੱਚ ਉਸ ਵਲੋਂ ਅਮਰੀਕਾ ਨੂੰ ਪੈਰਿਸ ਸਮਝੌਤੇ ਵਿੱਚੋਂ ਬਾਹਰ ਕਰਨ ਦੀ ਗੱਲ ਕੀਤੀ ਗਈ ਹੈਇਹ ਸਭ ਗੱਲਾਂ ਉਹ ਲੋਕ ਕਰਦੇ ਹਨ ਜਿਹੜੇ ਧਨ-ਦੌਲਤ ਕਰ ਕੇ ਇਸ ਸਮੱਸਿਆ ਵਿੱਚ ਵਾਧਾ ਕਰ ਰਹੇ ਹਨਮਨੁੱਖ ਦੀ ਜਿਸ ਮਾਨਵ-ਜਾਤੀ ਨਾਲ ਅਸੀਂ ਸਬੰਧ ਰੱਖਦੇ ਹਾਂ ਉਸ ਨੂੰ ਹੋਮੋ-ਸੇਪੀਅਨਜ਼ (Homo Sapiens) ਅਰਥਾਤ ‘ਬੁੱਧੀਮਾਨ ਮਨੁੱਖ’ ਕਿਹਾ ਜਾਂਦਾ ਹੈ ਕਿਉਂਕਿ ਇਹ ਨਾਓਂ ਅਸੀਂ ਆਪ ਰੱਖਿਆ ਹੈਪਰ ਮਹਾਂ ਪੁਰਖਾਂ ਨੇ ਇਸ ਨੂੰ ਮੂਰਖ ਅਤੇ ਅੰਨ੍ਹਾ ਆਮ ਹੀ ਕਿਹਾ ਹੈਇਸ ਸਚਾਈ ਦੇ ਹੋਰ ਵੀ ਬਹੁਤ ਸਬੂਤ ਹਨ ਪਰ ਧਰਤੀ ਨੂੰ ਹਰ ਪੱਖ ਤੋਂ ਪ੍ਰਦੂਸ਼ਿਤ ਕਰਨਾ ਵੱਡੇ ਸਬੂਤਾਂ ਵਿੱਚੋਂ ਇੱਕ ਹੈਇੱਕ ਤਰੀਕੇ ਨਾਲ ਅਸੀਂ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਗਹਿਣੇ ਰੱਖ ਕੇ ਮੌਜ-ਮਸਤੀਆਂ ਅਤੇ ਮਨ-ਪਰਚਾਵੇ ਕਰ ਰਹੇ ਹਾਂ ਇੱਥੋਂ ਤਕ ਕਿਹਾ ਜਾ ਰਿਹਾ ਹੈ ਕਿ ਸਾਡਾ ਅੱਜ ਦਾ ਸਾਰਾ ਵਿਕਾਸ ਡੁੱਬ ਰਹੇ ਟਾਈਟੈਨਿਕ ਜਹਾਜ਼ ਦੇ ਡੈੱਕ ਉੱਤੇ ਪਈਆਂ ਕੁਰਸੀਆਂ ਅਤੇ ਪਏ ਮੇਜ਼ਾਂ ਦੀ ਸਫਾਈ ਅਤੇ ਸਜਾਵਟ ਕਰਨ ਵਰਗਾ ਸਾਬਿਤ ਹੋਵੇਗਾ

ਵਾਤਾਵਰਣ ਨੂੰ ਇਸਦੇ ਕੁਦਰਤੀ ਰੂਪ ਵਿੱਚ ਰੱਖ ਕੇ ਧਰਤੀ ਨੂੰ ਰਹਿਣ-ਯੋਗ ਬਣਾ ਕੇ ਰੱਖਣ ਦਾ ਕੰਮ ਮਨੁੱਖਤਾ ਦੇ ਇਤਿਹਾਸ ਦਾ ਹਿੱਸਾ ਰਿਹਾ ਹੈਅਧਿਆਤਮਵਾਦੀ ਮਹਾਂਪੁਰਖਾਂ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਹੈਗੁਰਬਾਣੀ ਇਸ ਗੱਲ ਦੀ ਬਹੁਤ ਵਧੀਆ ਵਿਗਿਆਨਕ ਅਤੇ ਮਾਡਰਨ ਉਦਾਹਰਣ ਹੈ ਅਤੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਵਾਕ ਇਸਦੀ ਵੱਡੀ ਉਦਾਹਰਣ ਹੈਭਾਰਤ ਦੀ ‘ਚਿਪਕੋ ਲਹਿਰ’ ਸੰਸਾਰ ਦੇ ਵਾਤਾਵਰਣ-ਸੰਭਾਲ ਦੇ ਅਜੋਕੇ ਇਤਿਹਾਸ ਵਿੱਚ ਖਾਸ ਸਥਾਨ ਰੱਖਦੀ ਹੈਇਹ ਸ਼ਾਂਤੀਪੂਰਨ ਲਹਿਰ ਭਾਰਤ ਦੇ ਹਿਮਾਲਿਆਂ ਖੇਤਰ ਵਿੱਚ 1970ਵਿਆਂ ਵਿੱਚ ਚੱਲੀ ਸੀ, ਜਿਸ ਵਿੱਚ ਪ੍ਰਦਰਸ਼ਨ-ਕਾਰੀ ਕਿਸੇ ਰੁੱਖ ਦੀ ਨਜਾਇਜ਼ ਕਟਾਈ ਵਕਤ ਉਸ ਨਾਲ ਜੱਫਾ ਪਾ ਕੇ ਖੜ੍ਹ ਜਾਂਦੇ ਸਨ ਅਤੇ ਜਿਉਂਦੇ-ਜੀਅ ਉਸ ਨੂੰ ਕੱਟਣ ਨਹੀਂ ਸਨ ਦਿੰਦੇਪਹਿਲਾਂ ਇਸ ਤਰ੍ਹਾਂ ਦੀਆਂ ਸਭ ਕੋਸ਼ਿਸ਼ਾਂ ਸਥਾਨਕ ਪੱਧਰ ਜਾਂ ਆਪੋ-ਆਪਣੇ ਦੇਸ਼ਾਂ ਤਕ ਸੀਮਤ ਸਨਪਰ ਸਾਇੰਸ-ਖਾਸ ਕਰ ਕੇ ਕੰਪਿਊਟਰ ਦੀ ਤਰੱਕੀ ਨਾਲ ਇਸ ਲਹਿਰ ਨੇ ਨਵਾਂ ਸਰੂਪ ਧਾਰਨ ਕੀਤਾ ਹੈਅੱਜ ਇਹ ਵਿਸ਼ਵ-ਵਿਆਪੀ ਵੀ ਹੋ ਗਈ ਹੈ ਅਤੇ ਇਸ ਨੇ ਵਾਤਾਵਰਣ ਅਤੇ ਧਰਤੀ ਦੇ ਹੋਰ ਕੁਦਰਤੀ ਵਸੀਲਿਆਂ ਦੀ ਸੰਭਾਲ ਨਾਲ ਸਬੰਧਿਤ ਹਰ ਖੇਤਰ ਨੂੰ ਆਪਣੇ ਘੇਰੇ ਵਿੱਚ ਲਿਆ ਹੈਇਨ੍ਹਾਂ ਸਭ ਗੱਲਾਂ ਤੇ ਵਿਚਾਰ ਕਰ ਕੇ ਲਗਦਾ ਹੈ ਕਿ ਪੈਰਿਸ ਸਮਝੌਤਾ ਸੰਯੁਕਤ ਰਾਸ਼ਟਰ ਅਤੇ ਸੰਸਾਰ ਦੇ ਲੀਡਰਾਂ ਵਲੋਂ ਬਹੁਤ ਪਛੜ ਕੇ ਲਿਆ ਗਿਆ ਸਹੀ ਫੈਸਲਾ ਹੈਪਰ ਇਸਦੀ ਸਾਰਥਿਕਤਾ ਇਸ ਗੱਲ ਵਿੱਚ ਹੈ ਕਿ ਉਹ ‘ਮਾਤਾ ਧਰਤੁ’ ਅਤੇ ਵਸੂਦੈਵਾ ਕੁਟੰਬਕਮ (The World is One family) ਦੇ ਆਦਰਸ਼ਾਂ ਨੂੰ ਮੰਨਦੇ ਹੋਏ ਸੁਹਿਰਦਤਾ ਅਤੇ ਦ੍ਰਿੜ੍ਹਤਾ ਨਾਲ ਇਸ ਨੂੰ ਮਿੱਥੇ ਟੀਚਿਆਂ ਅਨੁਸਾਰ ਲਾਗੂ ਕਰਨਵਿਅਕਤੀਗਤ ਤੌਰ ’ਤੇ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿੱਚ ਰਹਿਣ ਅਤੇ ਕਿਰਸ ਕਰਨ ਦੀ ਪ੍ਰਤਿਗਿਆ ਕਰੀਏ ਤਾਂ ਕਿ ਧਰਤੀ ਮਾਤਾ ਦੀਆਂ ਨਿਆਮਤਾਂ ਦਾ ਹਮੇਸ਼ਾ ਸਦ-ਉਪਯੋਗ ਹੀ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2781)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author