“ਮੈਂ ਤੁਹਾਨੂੰ ਸ਼ੁਭ-ਇੱਛਾ ਨਹੀਂ ਕਹਾਂਗਾ ਕਿਉਂਕਿ ਜੇ ਤੁਸੀਂ ਪੂਰਾ ਅਭਿਆਸ ਕੀਤਾ ਹੈ ਤਾਂ ਤੁਹਾਨੂੰ ਇਸਦੀ ...”
(22 ਨਵੰਬਰ 2021)
ਮਹਾਂਪੁਰਖਾਂ ਦੇ ਦੱਸਣ ਅਨੁਸਾਰ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਪ੍ਰਤਿਭਾ ਅਸੀਮ ਹੈ ਪਰ ਇਸਦੇ ਅਨੁਭਵ ਵਿਅਕਤੀਗਤ ਹੁੰਦੇ ਹਨ। ਇਨ੍ਹਾਂ ਦੀ ਕੋਈ ਗਿਣਤੀ-ਮਿਣਤੀ ਜਾਂ ਇਨ੍ਹਾਂ ਦਾ ਕੋਈ ਨਾਪ-ਤੋਲ ਨਹੀਂ ਕੀਤਾ ਜਾ ਸਕਦਾ। ਇਹ ਉਜਾਗਰ ਘੱਟ ਹੁੰਦੇ ਹਨ ਅਤੇ ਇਸੇ ਕਰਕੇ ਇਨ੍ਹਾਂ ਦੀ ਚਰਚਾ ਵੀ ਘੱਟ ਹੁੰਦੀ ਹੈ। ਇਸਦੇ ਉਲਟ ਮਨੁੱਖ ਦੀ ਸਰੀਰਕ ਸਮਰੱਥਾ ਭਾਵੇਂ ਅਸੀਮ ਨਹੀਂ ਪਰ ਇਸਦਾ ਵੀ ਉਹ ਆਪਣੇ ਕਿਆਸ ਤੋਂ ਕਿਤੇ ਵੱਧ ਵਿਕਾਸ ਕਰ ਸਕਦਾ ਹੈ। ਇਸ ਵਿਕਾਸ ਨੂੰ ਹੋਰ ਚਾਹਵਾਨ ਦੇਖ, ਗਿਣ ਅਤੇ ਮਿਣ ਸਕਦੇ ਹਨ ਅਤੇ ਇਸ ਤੋਂ ਪ੍ਰੇਰਨਾ ਲੈ ਸਕਦੇ ਹਨ। ਅੱਜ ਸੰਸਾਰ ਵਿੱਚ ਨਿਯਮਿਤ ਢੰਗ ਨਾਲ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਕਾਰਵਾਈਆਂ, ਖੇਡਾਂ ਅਤੇ ਦੌੜਾਂ ਹੋ ਰਹੀਆਂ ਹਨ ਜਿਨ੍ਹਾਂ ਨੇ ਮਨੁੱਖ ਦੀ ਸਰੀਰਕ ਸਮਰੱਥਾ ਦਾ ਇਸਦੀ ਚਰਮ-ਸੀਮਾ ਤਕ ਵਿਕਾਸ ਕਰ ਦਿੱਤਾ ਹੈ। ਉਦਾਹਰਣ ਦੇ ਤੌਰ ’ਤੇ ਆਇਰਨਮੈਨ, ਟ੍ਰਾਇਥਲਨ, ਡੈਕਾਥਲਨ, 3,100 ਮੀਲ ਦੀ ਨਿਊਯਾਰਕ ਦੌੜ ਆਦਿਕ ਜਿਨ੍ਹਾਂ ਨੂੰ ਦੇਖ ਕੇ ਜਾਂ ਜਿਨ੍ਹਾਂ ਬਾਰੇ ਪੜ੍ਹ-ਸੁਣ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਉਤਸ਼ਾਹ ਵੀ ਹੁੰਦਾ ਹੈ।
ਇਸ ਤਰ੍ਹਾਂ ਦੀ ਹੀ ਇੱਕ ਮਹਾਂ-ਦੌੜ ਹੈ: ‘ਸਪਾਰਟੈਥਲਨ’, ਜਿਹੜੀ ਕਿ 246 ਕਿਲੋਮੀਟਰ ਦੂਰੀ ਦੀ ਸਾਲਾਨਾ ਦੌੜੀ ਜਾਣ ਵਾਲੀ ਗਰੀਕ ਮਹਾਂ-ਮੈਰਾਥਨ ਹੈ। ਇਹ ਗਰੀਸ ਦੇ ਸ਼ਹਿਰ ਐਥਨਜ ਤੋਂ ਪ੍ਰਾਚੀਨ ਸ਼ਹਿਰ ਸਪਾਰਟਾ ਦੇ ਥੇਹ ਉੱਪਰ ਵਸੇ ਮਾਡਰਨ ਸ਼ਹਿਰ ਸਪਾਰਟੀ ਤਕ ਦੌੜੀ ਜਾਂਦੀ ਹੈ ਅਤੇ ਛੇ ਮੈਰਾਥਨਾਂ ਲਗਾਤਾਰ ਦੌੜਨ ਦੇ ਬਰਾਬਰ ਹੈ। ਇਤਿਹਾਸ ਅਨੁਸਾਰ ਅੱਜ ਤੋਂ 2500 ਸਾਲ ਪਹਿਲਾਂ, ਉਸ ਵਕਤ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਫਾਰਸ ਨੇ ਗਰੀਕ ਦੀ ਰਿਆਸਤ ਐਥਨਜ਼ ਨੂੰ ਖਤਮ ਕਰਨ ਦੀ ਸਹੁੰ ਖਾਧੀ। ਐਥਨਜ਼-ਵਾਸੀਆਂ ਨੇ ਫਾਈਡਾਪਾਈਡਸ ਨਾਉਂ ਦੇ ਇੱਕ ਦੌੜਾਕ ਫੌਜੀ ਨੂੰ ਆਪਣੇ ਮਿੱਤਰ-ਰਾਜ ਸਪਾਰਟਾ ਨੂੰ ਤੁਰਤ ਫੌਜੀ ਮਦਦ ਲਈ ਬੇਨਤੀ ਕਰਨ ਵਾਸਤੇ ਭੇਜਿਆ। ਦੋਹਾਂ ਸ਼ਹਿਰਾਂ ਵਿਚਲਾ 246 ਕਿਲੋਮੀਟਰ ਦਾ ਇਹ ਫਾਸਲਾ ਉਸ ਨੇ ਲਗਭਗ 36 ਘੰਟੇ ਵਿੱਚ ਪੂਰਾ ਕੀਤਾ ਅਤੇ ਸਪਾਰਟਾ-ਵਾਸੀਆਂ ਨੂੰ ਸੁਨੇਹਾ ਦਿੱਤਾ ਪਰ ਆਪਣੀਆਂ ਧਾਰਮਿਕ ਰਸਮਾਂ ਅਨੁਸਾਰ ਉਨ੍ਹਾਂ ਨੇ ਤੁਰਤ ਮਦਦ ਤੋਂ ਅਸਮਰੱਥਾ ਪਰਗਟ ਕੀਤੀ। ਇਹ ਸੂਚਨਾ ਐਥਨਜ਼-ਵਾਸੀਆਂ ਨੂੰ ਦੱਸਣੀ ਹੋਰ ਵੀ ਜ਼ਰੂਰੀ ਸੀ, ਸੋ ਉਹ ਤੁਰਤ ਵਾਪਸ ਮੁੜ ਕੇ ਵੀ ਆਇਆ ਸੀ। ਇਸ ਸੂਚਨਾ ਅਨੁਸਾਰ ਐਥਨਜ ਨੇ ਆਪਣੀ ਰਣ-ਨੀਤੀ ਵਿੱਚ ਬਦਲਾਓ ਕਰ ਕੇ ਇਕੱਲੇ ਹੀ ਮੈਰਾਥਨ ਦੀ ਇਤਿਹਾਸਕ ਲੜਾਈ ਵਿੱਚ ਫਾਰਸੀ ਸੈਨਾ ਨੂੰ ਹਰਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੈਰਾਥਨ ਦੀ ਲੜਾਈ ਵਿਸ਼ਵ ਇਤਿਹਾਸ ਦੀਆਂ ਮਹੱਤਵਪੂਰਨ ਲੜਾਈਆਂ ਵਿੱਚੋਂ ਗਿਣੀ ਜਾਂਦੀ ਹੈ।
ਇਸੇ ਫਾਈਡਾਪਾਈਡਸ ਨੇ ਫਿਰ ਲੜਾਈ ਜਿੱਤਣ ਤੋਂ ਬਾਅਦ ਮੈਰਾਥਨ ਦੇ ਮੈਦਾਨ ਤੋਂ ਜਿੱਤ ਦਾ ਸੁਨੇਹਾ ਐਥਨਜ਼ ਪਹੁੰਚਾਇਆ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਬਹੁਤਾ ਦੂਸਰੇ ਕਾਰਨਾਮੇ ਕਰ ਕੇ ਜਾਣਿਆ ਜਾਂਦਾ ਹੈ ਜਿਹੜਾ ਮੈਰਾਥਨ ਦੌੜ ਦਾ ਆਧਾਰ ਹੈ। ਉਸ ਦੇ ਪਹਿਲੇ ਕਾਰਨਾਮੇ ਦੀ ਯਾਦ ਵਿੱਚ ਰੌਇਲ ਏਅਰ ਫੋਰਸ ਦੇ ਅਫਸਰ ਜੌਹਨ ਫੋਡਨ ਨੇ ਅਜੋਕੀ ਸਪਾਰਟੈਥਲਨ ਮਹਾਂ-ਦੌੜ ਦਾ 1983 ਵਿੱਚ ਅਰੰਭ ਕੀਤਾ। ਜਿਵੇਂ-ਜਿਵੇਂ ਇਹ ਦੌੜ ਹਰਮਨ-ਪਿਆਰੀ ਹੁੰਦੀ ਗਈ, ਇਸ ਵਿੱਚ ਭਾਗ ਲੈਣ ਵਾਸਤੇ ਕਾਨੂੰਨ ਵੀ ਸਖ਼ਤ ਕੀਤੇ ਗਏ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਓਹੀ ਦੌੜਾਕ ਭਾਗ ਲੈਣ ਜੋ ਪੂਰੀ ਤਰ੍ਹਾਂ ਫਿੱਟ ਹੋਣ ਅਤੇ ਦੌੜ ਪੂਰੀ ਕਰਨ ਦੇ ਸਮਰੱਥ ਹੋਣ। ਇਸ ਨੂੰ ਸੰਸਾਰ ਦੀਆਂ ਸਭ ਤੋਂ ਔਖੀਆਂ ਦੌੜਾਂ ਵਿੱਚੋਂ ਮੰਨਿਆ ਜਾਂਦਾ ਹੈ। ਇਸਦਾ ਰਸਤਾ ਉਘੜ-ਦੁਘੜੇ, ਚੜ੍ਹਾਈ-ਉਤਰਾਈ ਅਤੇ ਚਿੱਕੜ ਵਾਲ਼ੇ ਪਹਾੜੀ ਰਸਤੇ ਵਾਲ਼ਾ ਹੈ। ਸਭ ਤੋਂ ਔਖਾ ਹਿੱਸਾ ਚਾਰ ਹਜ਼ਾਰ ਫੁੱਟ ਦੀ ਚੜ੍ਹਾਈ ਅਤੇ ਫਿਰ ਉਤਰਾਈ ਹੈ। ਰਸਤੇ ਵਿੱਚ ਤੇਜ਼ ਹਵਾ ਚਲਦੀ ਹੈ ਅਤੇ ਦਿਨ ਦਾ ਤਾਪਮਾਨ 40 ਡਿਗਰੀ ਅਤੇ ਰਾਤ ਨੂੰ ਬਰਫ ਜੰਮਣ ਦੇ ਨੇੜੇ-ਤੇੜੇ ਹੋ ਜਾਂਦਾ ਹੈ।
ਇਸ ਮਹਾਂ-ਦੌੜ ਦੀ ਵੰਗਾਰ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦੀ ਬਹੁਤ ਔਖੀ ਪ੍ਰੀਖਿਆ ਹੈ। ਤਕੜੇ ਤੋਂ ਤਕੜੇ ਅਤੇ ਤਜਰਬੇਕਾਰ ਅਥਲੀਟ ਵੀ ਸਰੀਰ ਅਤੇ ਸਮੇਂ ਵੱਲੋਂ ਸੁੰਨ ਹੋ ਕੇ ਆਪ-ਮੁਹਾਰੇ ਦੌੜਦੇ ਚਲੇ ਜਾਂਦੇ ਹਨ। ਇਸ ਵਾਸਤੇ ਉਹ ਸਾਲਾਂ-ਬੱਧੀ ਅਭਿਆਸ ਕਰਦੇ ਹਨ ਪਰ ਫਿਰ ਵੀ ਵੱਧ ਤੋਂ ਵੱਧ ਅੱਧੇ ਦੌੜਾਕ ਹੀ ਦੌੜ ਪੂਰੀ ਕਰਨ ਵਿੱਚ ਸਫ਼ਲ ਹੁੰਦੇ ਹਨ। ਇਸ ਵਿੱਚ ਭਾਗ ਲੈਣ ਵਾਸਤੇ ਬਹੁਤ ਕਰੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਹਰ ਦੇਸ਼ ਦਾ ਕੋਟਾ ਨਿਯਤ ਕੀਤਾ ਹੋਇਆ ਹੈ ਅਤੇ ਕੁਲ 390 ਦੌੜਾਕ ਇਸ ਵਿੱਚ ਹਿੱਸਾ ਲੈਂਦੇ ਹਨ। ਕਿਉਂਕਿ ਅਰਜ਼ੀਆਂ ਬਹੁਤ ਵੱਧ ਹੋ ਜਾਂਦੀਆਂ ਹਨ ਇਸ ਕਰ ਕੇ ਇੱਕ ਖਾਸ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਇਹ ਸਤੰਬਰ ਦੇ ਆਖਰੀ ਸ਼ੁੱਕਰਵਾਰ ਨੂੰ ਐਥਨਜ਼ ਤੋਂ ਸ਼ੁਰੂ ਹੁੰਦੀ ਹੈ ਅਤੇ ਸਨਿੱਚਰਵਾਰ ਨੂੰ ਸਪਾਰਟੀ ਵਿੱਚ ਖਤਮ ਹੁੰਦੀ ਹੈ ਅਤੇ 36 ਘੰਟੇ ਤੋਂ ਪਹਿਲਾਂ ਖਤਮ ਕਰਨੀ ਹੁੰਦੀ ਹੈ।
ਇਸ ਦੌੜ ਵਿੱਚ ਭਾਗ ਲੈਣ ਵਾਲਿਆਂ ਨੂੰ ਕਈ ਕਿਸਮ ਦੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ:
(1) 246 ਕਿਲੋਮੀਟਰ ਦਾ ਫਾਸਲਾ ਜਿਸ ਨੂੰ 36 ਘੰਟੇ ਵਿੱਚ ਪੂਰਾ ਕਰਨਾ ਜ਼ਰੂਰੀ ਹੈ।
(2) ਛੋਟੀਆਂ-ਮੋਟੀਆਂ ਚੜ੍ਹਾਈਆਂ-ਉਤਰਾਈਆਂ ਤੋਂ ਇਲਾਵਾ ਰਾਤ ਦੇ ਸਮੇਂ ਦੀ ਚਾਰ ਹਜ਼ਾਰ ਫੁੱਟ ਦੀ ਚੜ੍ਹਾਈ ਅਤੇ ਫਿਰ ਉਤਰਾਈ।
(3) ਦਿਨ ਦਾ 40 ਡਿਗਰੀ ਦਾ ਅਤੇ ਰਾਤ ਦਾ ਜ਼ੀਰੋ ਡਿਗਰੀ ਤੋਂ ਘੱਟ ਦਾ ਤਾਪਮਾਨ ਬਰਦਾਸ਼ਤ ਕਰਨਾ।
(4) ਕਈ ਜਗ੍ਹਾ ਲੁੱਕ ਦੀ ਪੱਕੀ ਸੜਕ ’ਤੇ ਦੌੜਨਾ।
(5) ਪਰ ਸਭ ਤੋਂ ਔਖੀ ਗੱਲ ਇਹ ਹੈ ਕਿ ਰਸਤੇ ਦੇ ਹਰ ਚੈੱਕ-ਪੁਆਇੰਟ ਤੇ ਨਿਰਧਾਰਤ ਵਕਤ ਅਨੁਸਾਰ ਪਹੁੰਚਣਾ ਹੁੰਦਾ ਹੈ ਅਤੇ ਉਹ ਵੀ ਰਹਿੰਦੀ ਦੌੜ ਨੂੰ ਪੂਰੀ ਕਰ ਸਕਣ ਦੀ ਸਮਰੱਥਾ ਨਾਲ। ਇਸ ਤਰ੍ਹਾਂ ਦੇ 75 ਦੇ ਕਰੀਬ ਚੈੱਕ-ਪੁਆਇੰਟ ਹਨ ਅਤੇ ਹਰ ਪੁਆਇੰਟ ਦੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ। ਅਖੀਰਲੇ ਦੌੜਾਕ ਦੇ ਪਿੱਛੇ ‘ਡੈੱਥ ਬੱਸ’ ਚੱਲ ਰਹੀ ਹੁੰਦੀ ਹੈ ਜਿਹੜੀ ਸ਼ਰਤਾਂ ਪੂਰੀਆਂ ਨਾ ਕਰ ਸਕਣ ਵਾਲ਼ੇ ਦੌੜਾਕ ਨੂੰ ਵਿੱਚ ਬਿਠਾ ਕੇ ਨੇੜਲੇ ਹੋਟਲ ਵਿੱਚ ਪਹੁੰਚਾ ਦਿੰਦੀ ਹੈ।
ਇਸ ਮਹਾਂ-ਦੌੜ ਦੇ ਕੁਛ ਦਿਲਚਸਪ ਤੱਥ ਇਹ ਹਨ:
ਪਹਿਲਾ ਸਥਾਨ ਪ੍ਰਾਪਤ ਕਰਨ ਵਾਲ਼ੇ ਅਥਲੀਟ ਨੂੰ ਕੋਈ ਇਨਾਮ ਜਾਂ ਤਗਮਾ ਆਦਿ ਨਹੀਂ ਮਿਲਦਾ। ਸਿਰਫ ਜੈਤੂਨ ਦੀ ਟਾਹਣੀ ਦਾ ਬਣਿਆ ਗੋਲ਼ ਤਾਜ-ਨੁਮਾ ਬੁੱਕੇ ਉਸ ਦੇ ਸਿਰ ’ਤੇ ਪਹਿਨਾਇਆ ਜਾਂਦਾ ਹੈ ਅਤੇ ਨਾਲ ਵਗਦੇ ਏਵਰੋਟਾਸ ਨਾਂ ਦੇ ਦਰਿਆ ਵਿੱਚੋਂ ਪਾਣੀ ਦਾ ਘੁੱਟ ਪਿਆਇਆ ਜਾਂਦਾ ਹੈ।
ਗਰੀਸ ਦਾ ਹੀ ਯਿਆਨਿਸ ਕਾਉਰਸ ਨਾਂ ਦਾ ਇੱਕ ਹੋਰ ਅਥਲੀਟ 1983 ਦੀ ਪਹਿਲੀ ਦੌੜ ਵਿੱਚੋਂ ਪਹਿਲੇ ਸਥਾਨ ’ਤੇ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਤਿੰਨ ਵਾਰ ਫਿਰ ਪਹਿਲੇ ਸਥਾਨ ’ਤੇ ਰਿਹਾ ਭਾਵ ਕੁਲ ਚਾਰ ਵਾਰ। ਉਸ ਦਾ ਰਿਕਾਰਡ ਅੱਜ ਤਕ ਕਾਇਮ ਹੈ।
2010 ਵਿੱਚ ਐਮਿਲੀ ਗੈਲਡਰ ਪਹਿਲੀ ਮਹਿਲਾ ਦੌੜਾਕ ਨੇ ਇਹ ਮਹਾਂ-ਦੌੜ ਪੂਰੀ ਕੀਤੀ।
ਜਰਮਨੀ ਦਾ ਹਿਊਬਰਟ ਕਾਰਲ ਹੁਣ ਤਕ 21 ਵਾਰ ਇਸ ਮਹਾਂ-ਦੌੜ ਵਿੱਚ ਭਾਗ ਲੈ ਚੁੱਕਾ ਹੈ।
ਇੱਥੇ ਇਹ ਗੱਲ ਮਾਣ ਨਾਲ ਦੱਸੀ ਜਾਂਦੀ ਹੈ ਕਿ 2016 ਵਿੱਚ 23-ਸਾਲਾ ਕਿਰਨ ਡੀ’ਸੂਜਾ ਨੇ ਇਹ ਮਹਾਂ-ਦੌੜ 33 ਘੰਟੇ ਵਿੱਚ ਪੂਰੀ ਕੀਤੀ ਅਤੇ ਇਹ ਮਾਣ ਪ੍ਰਾਪਤ ਕਰਨ ਵਾਲ਼ਾ ਪਹਿਲਾ ਭਾਰਤੀ ਅਥਲੀਟ ਬਣਿਆ। ਉਸ ਤੋਂ ਬਾਅਦ ਅਜੇ ਹੋਰ ਕਿਸੇ ਭਾਰਤੀ ਨੇ ਇਸ ਵਿੱਚ ਭਾਗ ਨਹੀਂ ਲਿਆ। ਵਰਣਨਯੋਗ ਹੈ ਕਿ ਇਸ ਮਹਾਂ-ਦੌੜ ਦੇ 38-ਸਾਲਾ ਇਤਿਹਾਸ ਵਿੱਚ 25 ਸਾਲ ਦੀ ਉਮਰ ਤੋਂ ਘੱਟ ਵਾਲ਼ੇ ਸਿਰਫ 25 ਅਥਲੀਟਾਂ ਨੇ ਭਾਗ ਲਿਆ ਹੈ। ਅੱਜ-ਕੱਲ੍ਹ ਉਹ ਇਸ ਖੇਤਰ ਵਿੱਚ ਬਹੁਤ ਮੱਲਾਂ ਮਾਰ ਰਿਹਾ ਹੈ।
ਸਪਸ਼ਟ ਹੈ ਕਿ ਇਸ ਤਰ੍ਹਾਂ ਦੀਆਂ ਦੌੜਾਂ ਜਨ-ਸਧਾਰਨ ਵਾਸਤੇ ਨਹੀਂ ਹੁੰਦੀਆਂ। ਇਨ੍ਹਾਂ ਵਿੱਚ ਦਿਲਚਸਪੀ ਅਤੇ ਇਨ੍ਹਾਂ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਭਾਵ ਆਪੋ-ਆਪਣੀ ਸਮਰੱਥਾ ਅਤੇ ਸਾਧਨਾਂ ਅਨੁਸਾਰ ਸਰੀਰਕ ਕਾਰਵਾਈਆਂ ਦੇ ਨਿਯਮਿਤ ਅਭਿਆਸ ਰਾਹੀਂ ਵੱਧ ਤੋਂ ਵੱਧ ਤੰਦਰੁਸਤ ਅਤੇ ਚੁਸਤ-ਦਰੁਸਤ ਰਹਿਣਾ।
ਸਾਡੇ ਸਿੱਖਣ ਵਾਲ਼ੀਆਂ ਦੋ ਗੱਲਾਂ ਹਨ:
ਸਰਸਰੀ ਢੰਗ ਨਾਲ ਕੰਮ ਕਰਨ ਦੀਆਂ ਆਦਤਾਂ ਛੱਡ ਕੇ ਹਰ ਕੰਮ ਸੁਚੇਤ ਅਤੇ ਸੁਹਿਰਦ ਢੰਗ ਨਾਲ ਕਰਨਾ ਸਿੱਖੀਏ, ਖਾਸ ਕਰ ਕੇ ਸਿਹਤ-ਸੰਭਾਲ ਨਾਲ ਸਬੰਧਿਤ ਕੰਮ।
ਸਰੀਰਕ ਕਸਰਤ ਸਣੇ ਹਰ ਕੰਮ ਕਰਨ ਤੋਂ ਪਹਿਲਾਂ ਪੂਰਾ ਅਭਿਆਸ ਅਤੇ ਪੂਰੀ ਤਿਆਰੀ ਕਰਨਾ ਸਿੱਖੀਏ ਜੋ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਘਾਟ ਕਰ ਕੇ ਹੋਈ ਅਸਫਲਤਾ ਨੂੰ ਅਸੀਂ ਪ੍ਰਤਿਭਾ ਅਤੇ ਸਮਰੱਥਾ ਦੀ ਘਾਟ ਸਮਝ ਬੈਠਦੇ ਹਾਂ, ਕਾਰਨ-ਵੱਸ ਸਿਰੜ ਨਾਲ ਅਗਲੇ ਹੰਭਲੇ ਕਰਨੇ ਛੱਡ ਬੈਠਦੇ ਹਾਂ। ਇਨ੍ਹਾਂ ਦੋਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਅਣਗਹਿਲੀ ਅਤੇ ਸੁਸਤੀ ਦਾ ਤਿਆਗ ਜ਼ਰੂਰੀ ਹੈ।
ਇਸ ਮਹਾਂ-ਦੌੜ ਦੇ ਬਾਨੀ ਜੌਹਨ ਫੋਡਨ ਦੀ ਹਿੱਸਾ ਲੈਣ ਵਾਲ਼ੇ ਅਥਲੀਟਾਂ ਨੂੰ ਨਸੀਹਤ ਹੈ:
“ਮੈਂ ਤੁਹਾਨੂੰ ਸ਼ੁਭ-ਇੱਛਾ ਨਹੀਂ ਕਹਾਂਗਾ ਕਿਉਂਕਿ ਜੇ ਤੁਸੀਂ ਪੂਰਾ ਅਭਿਆਸ ਕੀਤਾ ਹੈ ਤਾਂ ਤੁਹਾਨੂੰ ਇਸਦੀ ਜ਼ਰੂਰਤ ਨਹੀਂ, ਅਤੇ ਜੇ ਪੂਰਾ ਅਭਿਆਸ ਨਹੀਂ ਕੀਤਾ ਤਾਂ ਤੁਹਾਨੂੰ ਇਸਦਾ ਕੋਈ ਫਾਇਦਾ ਨਹੀਂ।”
ਕੌਵਿਡ-19 ਕਰ ਕੇ 2020 ਦੀ ਇਹ ਮਹਾਂ-ਦੌੜ ਰੱਦ ਕਰ ਦਿੱਤੀ ਗਈ ਸੀ ਪਰ ਇਸ ਸਾਲ ਇਹ ਨਿਯਮ ਅਨੁਸਾਰ ਸਤੰਬਰ 24-25 ਨੂੰ ਕਰਵਾਈ ਗਈ ਜਿਹੜੀ 39’ਵੀਂ ਦੌੜ ਸੀ। ਇਸ ਦੌੜ ਵਿੱਚ ਗਰੀਸ ਦੇ ਅਥਲੀਟ ਫੌਟਿਸ ਜ਼ਿਸੀਮੋਪਾਊਲਸ ਹੀ 21 ਘੰਟੇ 57 ਮਿੰਟ ਦੇ ਬਹੁਤ ਸ਼ਾਨਦਾਰ ਟਾਈਮ ਨਾਲ ਪਹਿਲੇ ਸਥਾਨ ’ਤੇ ਆਏ। ਮਹਿਲਾ ਅਥਲੀਟਾਂ ਵਿੱਚੋਂ ਲਾਟਵੀਆ ਦੀ ਡਾਇਨਾ ਡਜ਼ਾਵਿਜ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 2022 ਵਾਸਤੇ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3161)
(ਸਰੋਕਾਰ ਨਾਲ ਸੰਪਰਕ ਲਈ: