“ਅਸੀਂ ਧਰਤੀ ਦੇ ਸੀਮਤ ਸਾਧਨਾਂ (ਧਾਤਾਂ, ਕੋਲਾ ਆਦਿ) ਅਤੇ ਨਵਿਆਉਣਯੋਗ ਸਾਧਨਾਂ ...”
(14 ਅਕਤੂਬਰ 2023)
ਲੰਘਿਆ ਦੋ ਅਗਸਤ (2023) ਆਮ ਦਿਨਾਂ ਵਰਗਾ ਇੱਕ ਦਿਨ ਲਗਦਾ ਸੀ ਹਾਲਾਂਕਿ ਇਹ ਇਸ ਸਾਲ ਦਾ ‘ਅਰਥ ਓਵਰਸ਼ੂਟ ਦਿਨ’ (Earth Overshoot Day) ਸੀ ਅਤੇ ਸਾਡੀ ਧਰਤੀ ਦੀ ਇੱਕ ਦਰਦਨਾਕ ਪਰ ਅਣਗੌਲੀ ਚੀਸ ਦਾ ਸੂਚਕ ਦਿਨ ਸੀ। ਇਸਦੀ ਤਾਰੀਖ਼ ਹਰ ਸਾਲ ਬਦਲਦੀ ਰਹਿੰਦੀ ਹੈ, ਜੋ ਹਰ ਚੜ੍ਹਦੇ ਸਾਲ ‘ਗਲੋਬਲ ਫੁੱਟਪ੍ਰਿੰਟ ਨੈੱਟਵਰਕ’ ਨਾਉਂ ਦੀ ਵਿਸ਼ਵ-ਪ੍ਰਸਿੱਧ ਸਮਾਜ-ਸੇਵੀ ਸੰਸਥਾ ਵੱਲੋਂ ਐਲਾਨੀ ਜਾਂਦੀ ਹੈ। ਨਿਰਸੰਦੇਹ ਇਹ ਇੱਕ ਖ਼ਿਆਲੀ ਦਿਨ ਹੈ ਪਰ ਇਸਦਾ ਸੁਨੇਹਾ ਬਹੁਤ ਦੂਰ-ਰਸ ਅਤੇ ਸਾਨੂੰ ਝੰਜੋੜਨ ਵਾਲ਼ਾ ਹੈ। ਇਸ ਦਿਨ ਦਾ ਕੋਈ ਧਾਰਮਿਕ, ਇਤਿਹਾਸਕ ਜਾਂ ਸਮਾਜਿਕ ਪਿਛੋਕੜ ਨਹੀਂ ਅਤੇ ਇਸਦਾ ਰਸਮੀ ਅਰੰਭ 2007 ਤੋਂ ਹੀ ਹੋਇਆ ਹੈ। ਇਹ ਸਾਡੀ ਧਰਤੀ ਦੀ ਸਮੁੱਚੀ ਸਿਹਤ ਅਤੇ ਇਸ ਸਿਹਤ ਸਦਕਾ ਮਨੁੱਖਤਾ ਨੂੰ ਪ੍ਰਾਪਤ ਹੋ ਰਹੇ ਕੁਦਰਤੀ ਸਾਧਨਾਂ ਪੱਖੋਂ ਬਹੁਤ ਅਰਥ-ਭਰਪੂਰ ਹੈ। ਕੁਦਰਤੀ ਸਾਧਨ ਉਨ੍ਹਾਂ ਵਸਤੂਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਉਪਜ ਵਿੱਚ ਇਨਸਾਨ ਦੀ ਕੋਈ ਭੂਮਿਕਾ ਨਾ ਹੋਵੇ ਜਿਵੇਂ ਕਿ ਪਾਣੀ, ਹਵਾ, ਧਾਤਾਂ, ਪੈਟ੍ਰੋਲੀਅਮ, ਸਮੁੰਦਰੀ ਵਸਤਾਂ ਆਦਿ। ਲੇਖਾ-ਜੋਖਾ ਕਰਕੇ ਮਾਹਰਾਂ ਵਲੋਂ ਮੰਨਿਆ ਜਾਂਦਾ ਹੈ ਕਿ ਇਸ ਦਿਨ ਤਕ ਸੰਸਾਰ, ਧਰਤੀ ਦੇ ਕੁਦਰਤੀ ਸਾਧਨਾਂ ਦੇ ਆਪਣੇ ਸਾਲਾਨਾ ਕੋਟੇ ਨੂੰ ਮੁਕਾ ਲੈਂਦਾ ਹੈ। ਇਸ ਤੋਂ ਬਾਅਦ ਅਸੀਂ ਜੋ ਵੀ ਸਾਧਨ ਵਰਤਦੇ ਹਾਂ, ਉਹ ਆਉਣ ਵਾਲ਼ੀਆਂ ਪੀੜ੍ਹੀਆਂ ਦੀ ਵਿਰਾਸਤ ਵਿੱਚੋਂ ਖੋਹ ਕੇ ਵਰਤਦੇ ਹਾਂ।
ਇਸ ਦਿਨ ਨੂੰ ਨਿਯਤ ਕਰਨ ਲਈ ਤੱਥ ਅਤੇ ਅੰਕੜੇ ਯੂਐੱਨਓ ਅਤੇ ਸੰਸਾਰ ਦੀਆਂ ਹੋਰ ਸਿਰਮੌਰ ਸੰਸਥਾਵਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਮੁੱਖ ਅਧਾਰ, ਧਰਤੀ ਦੇ ਸਮੁੱਚੇ ਸਾਧਨ ਅਤੇ ਸੰਸਾਰ ਦੀ ਇਨ੍ਹਾਂ ਨੂੰ ਖਪਤ ਕਰਨ ਦੀ ਗਤੀ ਨੂੰ ਬਣਾਇਆ ਜਾਂਦਾ ਹੈ। ਨਾਲ ਹੀ ਧਰਤੀ ਦੀ, ਪੈਦਾ ਹੋ ਰਹੇ ਪਰਿਣਾਮੀ ਕੂੜ-ਕਬਾੜ ਅਤੇ ਹਾਨੀਕਾਰਕ ਗੈਸਾਂ ਆਦਿ ਨੂੰ ਸਮੋਣ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਕਿ ਸ਼ੁਰੂ ਵਿੱਚ ਦੱਸਿਆ ਗਿਆ ਹੈ, ਇਸ ਸਾਲ ਇਹ ਦਿਨ ਦੋ ਅਗਸਤ ਸੀ। ਸਰਲ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਅੱਜ ਦੀ ਖਪਤ-ਦਰ ਨਾਲ ਸੰਸਾਰ ਨੂੰ ਆਪਣੀਆਂ ਜਾਇਜ਼-ਨਜਾਇਜ਼ ਲੋੜਾਂ ਪੂਰੀਆਂ ਕਰਨ ਲਈ ਪੌਣੇ ਦੋ ਧਰਤੀਆਂ ਦੇ ਕੁਦਰਤੀ ਸਾਧਨਾਂ ਦੀ ਜ਼ਰੂਰਤ ਹੈ।
‘ਗਲੋਬਲ ਫੁੱਟਪ੍ਰਿੰਟ ਨੈੱਟਵਰਕ’ ਸੰਸਥਾ ਜਿੱਥੇ ਸੰਸਾਰ ਲਈ ਇਹ ਦਿਨ ਨਿਯਤ ਕਰਦੀ ਹੈ, ਉੱਥੇ ਇਕੱਲੇ-ਇਕੱਲੇ ਦੇਸ਼ ਲਈ ਵੀ ਕਰਦੀ ਹੈ। ਕਿਉਂਕਿ ਹਰ ਦੇਸ਼ ਦੇ ਸਾਧਨ, ਖਪਤ ਦੀ ਗਤੀ ਅਤੇ ਹੋਰ ਮਾਪ-ਦੰਡ ਅੱਡ ਹੁੰਦੇ ਹਨ, ਇਸ ਲਈ ਇਹ ਦਿਨ ਵੀ ਹਰ ਦੇਸ਼ ਲਈ ਅੱਡ ਹੁੰਦਾ ਹੈ। ਜਿਵੇਂ ਕਿ ਅਮਰੀਕਾ ਅਤੇ ਕਨੇਡਾ ਲਈ ਇਹ 13 ਮਾਰਚ ਸੀ। ਯਾਣੀ ਕਿ ਜੇ ਸਾਰਾ ਸੰਸਾਰ ਇਨ੍ਹਾਂ ਦੋ ਦੇਸ਼ਾਂ ਦੀ ਖਪਤ-ਦਰ ਅਪਣਾ ਲਵੇ ਤਾਂ ਇਹ ਧਰਤੀ ਦੇ ਸਾਧਨਾਂ ਦੇ ਸਾਲ ਦੇ ਕੋਟੇ ਨੂੰ ਇਸ ਤਾਰੀਖ਼ ਨੂੰ ਹੀ ਖ਼ਤਮ ਕਰ ਲੈਂਦਾ। ਭਾਵ ਪੰਜ ਧਰਤੀਆਂ ਰਲ਼ ਕੇ ਵੀ ਸੰਸਾਰ ਦੀਆਂ ਲੋੜਾਂ ਨੂੰ ਮਸਾਂ ਪੂਰਾ ਕਰ ਸਕਦੀਆਂ। ਸਪਸ਼ਟ ਹੈ ਕਿ ਇਹ ਸਭ ਖ਼ਿਆਲੀ ਦਿਨ ਹਨ ਪਰ ਇਨ੍ਹਾਂ ਨਾਲ ਅਸੀਂ ਜਾਣ ਸਕਦੇ ਹਾਂ ਕਿ ਕਿਹੜਾ ਦੇਸ਼ ਧਰਤੀ ਦੇ ਸਾਧਨਾਂ ਦੀ ਵੱਧ ਖਪਤ ਅਤੇ ਵੱਧ ਦੁਰਵਰਤੋਂ ਕਰ ਰਿਹਾ ਹੈ।
ਭਾਵੇਂ ਇਸ ਦਿਨ ਦਾ ਰਸਮੀ ਅਰੰਭ 2007 ਤੋਂ ਹੀ ਹੋਇਆ ਹੈ ਪਰ ਸਾਧਨਾਂ ਦੀ ਵਾਧੂ ਖਪਤ ਅੱਜ ਤੋਂ ਕੋਈ 50 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਉਸ ਸਮੇਂ ਸਾਰੇ ਸੰਸਾਰ ਲਈ ਇਹ ਦਿਨ ਦਸੰਬਰ ਦੇ ਅਖੀਰ ਵਿੱਚ ਆਉਂਦਾ ਸੀ। ਜਿਵੇਂ ਜਿਵੇਂ ਸੰਸਾਰ ਆਪਣੀ ਖਪਤ ਜਾਂ (ਦੁਰ) ਵਰਤੋਂ ਨੂੰ ਵਧਾ ਰਿਹਾ ਹੈ, ਓਵੇਂ-ਓਵੇਂ ਇਹ ਦਿਨ ਜਨਵਰੀ ਵਲ ਖਿਸਕ ਰਿਹਾ ਹੈ। ਜੇਕਰ ਸੰਸਾਰ ਆਪਣੀ ਸਮੁੱਚੀ ਖਪਤ ਨੂੰ ਘਟਾ ਲਏ ਤਾਂ ਇਹ ਦਿਨ ਫਿਰ ਦਸੰਬਰ ਵਲ ਜਾਣਾ ਸ਼ੁਰੂ ਹੋ ਜਾਵੇਗਾ। ਇਸ ਸਚਾਈ ਦਾ ਪਰਮਾਣ ਇਸ ਗੱਲ ਤੋਂ ਹੋ ਚੁੱਕਿਆ ਹੈ ਕਿ ਕੋਵਿਡ ਦੀ ਮਹਾਂ-ਮਾਰੀ ਦੌਰਾਨ ਘਟੀ ਖਪਤ ਕਾਰਨ 2020 ਵਿੱਚ ਇਹ ਦਿਨ ਪਿਛਾਂਹ ਨੂੰ ਖਿਸਕ ਕੇ 22 ਅਗਸਤ ਹੋ ਗਿਆ ਸੀ, ਜਦਕਿ 2019 ਵਿੱਚ ਇਹ 29 ਜੁਲਾਈ ਸੀ। ਸਪਸ਼ਟ ਹੈ ਕਿ ਸੰਸਾਰ ਦੇ ਸਾਰੇ ਸਾਇੰਸਦਾਨਾਂ ਵੱਲੋਂ ਰਲ਼ ਕੇ ਵੀ ਇਸ ਤਰ੍ਹਾਂ ਦਾ ਤਜਰਬਾ ਕਰ ਸਕਣਾ ਸੰਭਵ ਨਹੀਂ ਸੀ। ਇਸ ਤਰ੍ਹਾਂ ਕੌਵਿਡ ਦੀ ਬਿਪਤਾ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਇੱਕ ਲਾਹੇਬੰਦ ਚਿਤਾਵਨੀ ਹੈ ਬਸ਼ਰਤੇ ਕਿ ਇਸ ਤੋਂ ਸਬਕ ਸਿੱਖਿਆ ਜਾਵੇ। ਇਹ ਦਿਨ ਯਾਦ ਕਰਵਾਉਂਦਾ ਹੈ ਕਿ ਸਾਨੂੰ ਆਪਣੀ ਜੀਵਨ-ਸ਼ੈਲੀ ਅਤੇ ਆਪਣੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪ੍ਰਬੰਧਾਂ ਨੂੰ ਬਦਲ ਕੇ ਕੁਦਰਤੀ ਸਾਧਨਾਂ ਦੀ ਖਪਤ ਨੂੰ ਘਟਾਉਣ ਦੀ ਫ਼ੌਰੀ ਲੋੜ ਹੈ। ਸਾਨੂੰ ਸਾਡੇ ਇਸ ਫਰਜ਼ ਪ੍ਰਤੀ ਸੁਚੇਤ ਕਰਨ ਲਈ ‘ਗਲੋਬਲ ਫੁੱਟਪ੍ਰਿੰਟ ਨੈੱਟਵਰਕ’ ਸੰਸਥਾ ਦਾ ਇਹ ਨਵੇਕਲ਼ਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ।
ਖਪਤ ’ਤੇ ਕਾਬੂ ਪਾਉਣ ਲਈ ਕੁਦਰਤ ਦੇ ਇਸ ਵਿਧਾਨ ਨੂੰ ਸਮਝਣਾ ਜ਼ਰੂਰੀ ਹੈ ਕਿ ਧਰਤੀ ਦਾ ਕੋਈ ਵੀ ਸਾਧਨ (ਸਿਵਾਏ ਸਾਹ ਲਈ ਲੋੜੀਂਦੀ ਹਵਾ ਦੇ) ਇਸਦੇ ਮੂਲ ਰੂਪ ਵਿੱਚ ਵਰਤੋਂਯੋਗ ਨਹੀਂ। ਇਨ੍ਹਾਂ ਨੂੰ ਵਰਤੋਂਯੋਗ ਬਣਾਉਣ ਲਈ ਇਨ੍ਹਾਂ ਉੱਤੇ ਅਨੇਕਾਂ ਕਿਸਮ ਦੀਆਂ ਕਾਰਵਾਈਆਂ ਕਰਨੀਆਂ ਜ਼ਰੂਰੀ ਹਨ। ਸਰਲ ਉਦਾਹਰਣ ਵਜੋਂ ਕਣਕ ਤੋਂ ਰੋਟੀ ਬਣਾਉਣ ਲਈ ਜਾਂ ਖਣਿਜ ਪਦਾਰਥਾਂ ਤੋਂ ਕਾਰ ਬਣਾਉਣ ਲਈ ਸਾਧਨਾਂ, ਇਨ੍ਹਾਂ ਨੂੰ ਵਰਤੋਂ-ਯੋਗ ਬਣਾਉਣ ਲਈ ਲੋੜੀਂਦੀ ਮਸ਼ੀਨਰੀ ਅਤੇ ਇਸ ਮਸ਼ੀਨਰੀ ਨੂੰ ਚਲਾਉਣ ਲਈ ਊਰਜਾ, ਸਭ ਦਾ ਸ੍ਰੋਤ ਧਰਤੀ ਹੈ। ਇਨ੍ਹਾਂ ਸਾਧਨਾਂ ਨੂੰ ਧਰਤੀ ਤੋਂ ਪ੍ਰਾਪਤ ਕਰਨ ਅਤੇ ਫਿਰ ਇਨ੍ਹਾਂ ਨੂੰ ਵਰਤੋਂਯੋਗ ਬਣਾਉਣ ਅਤੇ ਵਰਤਣ ਸਮੇਂ ਅਨੇਕ ਕਿਸਮ ਦਾ ਕੂੜ-ਕਬਾੜ, ਗੰਦ-ਮੰਦ ਅਤੇ ਗੈਸੀ ਪਦਾਰਥ ਪੈਦਾ ਹੁੰਦੇ ਹਨ ਜੋ ਬਹੁਤਾ ਕਰ ਕੇ ਜ਼ਹਿਰੀਲੇ ਅਤੇ (ਜਾਂ) ਫਜ਼ੂਲ ਹੁੰਦੇ ਹਨ।
ਕੁਦਰਤ ਦੇ ਇਸ ਵਿਧਾਨ ਕਰਕੇ ਮਨੁੱਖ ਨੂੰ ਆਪਣੀਆਂ ਮੂਲ ਲੋੜਾਂ ਪੂਰੀਆਂ ਕਰਨ ਲਈ ਧਰਤੀ ਦੇ ਸਾਧਨਾਂ ਦੀ ਵਰਤੋਂ ਤਾਂ ਕਰਨੀ ਹੀ ਪਵੇਗੀ। ਕੁੱਲੀ, ਜੁੱਲੀ ਅਤੇ ਗੁੱਲੀ ਦੀਆਂ ਸਾਡੀਆਂ ਮੂਲ ਪੁਰਾਤਨ ਲੋੜਾਂ ਦਾ ਮਾਡਰਨ ਸਰੂਪ ਖੁਰਾਕ, ਉਦਯੋਗ, ਬਿਜਲੀ, ਬਿਲਡਿੰਗਾਂ ਅਤੇ ਆਵਾਜਾਈ/ਢੋਅ-ਢੁਆਈ (ਕੁੱਲ ਪੰਜ) ਬਣ ਗਿਆ ਹੈ। ਧਰਤੀ ਦੇ ਸੀਮਤ ਕੁਦਰਤੀ ਸਾਧਨਾਂ ਦੇ ਅੰਦਰ ਰਹਿ ਕੇ ਆਪਣੀਆਂ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਸਾਧਨਾਂ ਨੂੰ ਵਰਤਣਾ ਸਾਡਾ ਹੱਕ ਹੈ ਪਰ ਅੱਜ ਦੀ ਧਰਤੀ ਤਾਂ ਵਧ ਰਹੀ ਅਬਾਦੀ ਕਰ ਕੇ ਹੋ ਰਹੇ ਹੱਕੀ ਵਾਧੇ ਨੂੰ ਪੂਰਾ ਕਰਨ ਅਤੇ ਪਾਏ ਪਰਿਣਾਮੀ ਗੰਦ ਨੂੰ ਸਮੋਣ ਜੋਗੀ ਵੀ ਨਹੀਂ। ਇਨ੍ਹਾਂ ਲਈ ਵੀ ਸਾਨੂੰ ਨਵੀਆਂ ਖੋਜਾਂ ਅਤੇ ਨਵੇਂ ਪ੍ਰਭਾਵਕਾਰੀ ਪ੍ਰਬੰਧਾਂ ਦੀ ਲੋੜ ਹੈ। ਉੱਪਰੋਂ ਅਸੀਂ ਆਪਣੀ ਪ੍ਰਤੀ ਜੀਅ ਖਪਤ ਵਿੱਚ ਨਜਾਇਜ਼ ਵਾਧਾ ਕਰੀ ਜਾ ਰਹੇ ਹਾਂ। ਇਹ ਵਾਧਾ ਅਸੀਂ ਕੋਈ ਲਾਭਦਾਇਕ ਅਸਾਸੇ ਬਣਾਉਣ ਲਈ ਨਹੀਂ ਕਰ ਰਹੇ ਬਲਕਿ ਆਪਣੀ ਐਸ਼-ਪ੍ਰਸਤੀ ਅਤੇ ਅਯਾਸ਼ੀ ਲਈ ਕਰ ਕੇ ਬਰਬਾਦ ਕਰ ਰਹੇ ਹਾਂ। ਅਸੀਂ ਧਰਤੀ ਦੇ ਸੀਮਤ ਸਾਧਨਾਂ (ਧਾਤਾਂ, ਕੋਲਾ ਆਦਿ) ਅਤੇ ਨਵਿਆਉਣਯੋਗ ਸਾਧਨਾਂ (ਸੂਰਜੀ, ਪਾਣੀ ਆਦਿ) ਦੇ ਫਰਕ ਨੂੰ ਨਹੀਂ ਸਮਝ ਰਹੇ। ਜਿੱਥੇ ਅਸੀਂ ਧਰਤੀ ਦੇ ਸੀਮਤ ਸਾਧਨਾਂ ਨੂੰ ਹਮੇਸ਼ਾ ਲਈ ਖਤਮ ਕਰ ਰਹੇ ਹਾਂ, ਉੱਥੇ ਨਾਲ ਹੀ ਧਰਤੀ ਦੀ ਆਪਣੇ ਸਾਧਨਾਂ ਨੂੰ ਨਵਿਆਉਣ ਦੀ ਸਮਰੱਥਾ ਨੂੰ ਨਕਾਰਾ ਕਰੀ ਜਾ ਰਹੇ ਹਾਂ। ਧਰਤੀ ਦੇ ਸਾਧਨਾਂ ਨੂੰ ਇਸਦੇ ਹੀ ਵਿਨਾਸ਼ ਲਈ ਵਰਤ ਰਹੇ ਹਾਂ, ਦੂਹਰਾ ਨੁਕਸਾਨ ਕਰ ਰਹੇ ਹਾਂ। ਸਪਸ਼ਟ ਹੈ ਕਿ ਜਿੰਨੇ ਵੱਧ ਸਾਧਨ ਅਸੀਂ ਵਰਤਾਂਗੇ, ਓਨੇ ਹੀ ਵੱਧ ਸਾਧਨ ਉਨ੍ਹਾਂ ਨੂੰ ਵਰਤੋਂਯੋਗ ਬਣਾਉਣ ਅਤੇ ਪਰਿਣਾਮੀ ਕੂੜ-ਕਬਾੜ ਨੂੰ ਸਮੇਟਣ ’ਤੇ ਵੀ ਬਰਬਾਦ ਕਰਾਂਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਨਸ਼ੇੜੀ ਬੰਦਾ ਪਿਤਾ-ਪੁਰਖੀ ਜਾਇਦਾਦ ਨੂੰ ਵੀ ਬਰਬਾਦ ਕਰਦਾ ਹੈ ਅਤੇ ਆਪਣੇ ਸਰੀਰ ਅਤੇ ਆਪਣੀ ਉਲਾਦ ਦੇ ਭਵਿੱਖ ਦਾ ਵੀ ਸੱਤਿਆਨਾਸ ਕਰਦਾ ਹੈ।
‘ਅਰਥ ਓਵਰਸ਼ੂਟ ਦਿਨ’ ਧਰਤੀ ਦੀ ਹਰ ਸਾਲ ਦੀ ਇਸ ਬਹੁ-ਪੱਖੀ ਤਰਸਯੋਗ ਸਥਿਤੀ ਨੂੰ ਉਜਾਗਰ ਕਰਦਾ ਹੈ ਅਤੇ ਇਨ੍ਹਾਂ ਹਾਲਾਤ ਵਿੱਚ ਸਾਨੂੰ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ ਅਤੇ ਵਾਧੂ ਖਪਤ ਦੇ ਹਰ ਬੁਰੇ ਪੱਖ ਵਲ ਸਾਡਾ ਧਿਆਨ ਖਿੱਚਦਾ ਹੈ। ਧਰਤੀ ਦੀ ਦਸ਼ਾ ਸੁਧਾਰਨ ਦੇ ਹੱਲ ਇੱਕ ਅੱਡ ਲੇਖ ਦਾ ਵਿਸ਼ਾ ਹੈ, ਸੋ ਇਸ ਲੇਖ ਦਾ ਉਦੇਸ਼ ਮੌਜੂਦਾ ਸਥਿਤੀ ਦੀਆਂ ਵੱਧ ਸੰਵੇਦਨਸ਼ੀਲ ਗੱਲਾਂ ਪ੍ਰਤੀ ਜਾਗਰੂਕਤਾ ਤਕ ਸੀਮਤ ਹੈ:
ਇਹ ਦਿਨ ਮਨੁੱਖਤਾ ਦੀ ਸਮੂਹਕ ਮੂਰਖਤਾ ਦਾ ਪ੍ਰਤੀਕ ਦਿਨ ਹੈ। ਅਸੀਂ ਸਭ ਜਾਣਦੇ ਹਾਂ ਕਿ ਅਸੀਂ ਜਿਉਂ-ਜਿਉਂ ਕਿਸੇ ਵਸਤੂ ਦੀ ਵਰਤੋਂ ਵਧਾਉਂਦੇ ਹਾਂ, ਤਿਉਂ-ਤਿਉਂ ਉਸ ਤੋਂ ਪ੍ਰਾਪਤ ਲਾਭਾਂ ਅਤੇ ਅਨੰਦ ਦੀ ਮਾਤਰਾ ਘਟਦੀ ਰਹਿੰਦੀ ਹੈ (ਲਾਅ ਔਫ ਡਿਮਿਨਿਸ਼ਿੰਗ ਰਿਟਰਨਜ਼)। ਆਪਣੇ ਠਰਕ ਦੀ ਤੀਬਰਤਾ ਨੂੰ ਬਰਕਰਾਰ ਰੱਖਣ ਲਈ ਸਾਨੂੰ ਵੱਧ ਸਾਧਨਾਂ ਦੀ ਲੋੜ ਕਰਨੀ ਪੈਂਦੀ ਹੈ, ਯਾਣੀ ਕਿ ਸੰਸਾਰ ਆਪਣੀ ਭੁੱਖ ਦੀ ਅੱਗ ਨੂੰ ਬਾਲਣ ਪਾ ਕੇ ਬੁਝਾਉਣ ਦੀ ਮੂਰਖਤਾ ਕਰ ਰਿਹਾ ਹੈ।
ਇਸ ਤਰ੍ਹਾਂ ਹੀ ਇੱਕ ਹੋਰ ਘਿਣਾਉਣਾ ਪੱਖ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਨਾ-ਬਰਾਬਰੀ। ਸੰਸਾਰ ਦਾ ਪੰਜਵਾਂ ਹਿੱਸਾ ਲੋਕ ਹੀ ਇਸ ਵਧੀ ਖਪਤ ਲਈ ਜ਼ਿੰਮੇਵਾਰ ਹਨ।
ਦੁਨਿਆਵੀ ਬੇ-ਇਨਸਾਫੀ ‘ਕਰੇ ਕੋਈ, ਭਰੇ ਕੋਈ’ ਦਾ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਸਾਧਨਾਂ ਦੀ ਦੁਰਵਰਤੋਂ ਸ਼ਕਤੀਸ਼ਾਲੀ ਵਿਕਸਿਤ ਦੇਸ਼ ਕਰ ਰਹੇ ਹਨ ਪਰ ਖ਼ਮਿਆਜ਼ਾ ਅਣਵਿਕਸਿਤ ਦੇਸ਼ ਭੁਗਤ ਰਹੇ ਹਨ।
ਸਭ ਤੋਂ ਮੁੱਖ ਪਰ ਸਭ ਤੋਂ ਘੱਟ ਚਰਚਿਤ ਗੱਲ, ਇਸ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਪਰ ਇਹ ਸਿਰਫ ਇੱਕ ਮੰਦਾ ਅਸਰ ਹੈ, ਭਾਵੇਂ ਕਿ ਇਹ ਮੁੱਖ ਹੈ। ਧਰਤੀ ਦੀ ਸੰਪੂਰਨ ਸਿਹਤ ਲਈ ਇਸ ਮਾਪ-ਦੰਡ ਤੋਂ ਇਲਾਵਾ ਕਈ ਹੋਰ ਮਾਪ-ਦੰਡ ਵੀ ਪੂਰੇ ਹੋਣੇ ਜ਼ਰੂਰੀ ਹਨ। ਉਦਾਹਰਣ ਲਈ ਕੁਦਰਤ ਨੇ ਸਾਡੇ ਸਰੀਰ ਦੇ ਅਨੇਕਾਂ ਸਿਸਟਮ ਬਣਾਏ ਹਨ ਜੋ ਸਾਰੇ ਆਪਸ ਵਿੱਚ ਪੂਰੀ ਇੱਕਸੁਰਤਾ ਨਾਲ ਕੰਮ ਕਰਦੇ ਹਨ, ਜਿਵੇਂ ਕਿ ਸਾਹ ਦਾ ਸਿਸਟਮ, ਹਾਜ਼ਮੇ ਦਾ ਸਿਸਟਮ, ਖੂਨ ਦੇ ਦੌਰੇ ਦਾ, ਨਾੜੀਆਂ ਦਾ, ਮਲ-ਮੂਤਰ ਬਾਹਰ ਕੱਢਣ ਦਾ ਆਦਿ। ਜਦੋਂ ਆਪਾਂ ਸਿਹਤ ਦੇ ਨਿਰੀਖਣ ਲਈ ਡਾਕਟਰ ਕੋਲ਼ ਜਾਂਦੇ ਹਾਂ ਤਾਂ ਉਹ ਸਾਡੇ ਸਾਰੇ ਅੰਗਾਂ ਦਾ ਨਿਰੀਖਣ ਕਰਦਾ ਹੈ ਅਤੇ ਅਨੇਕਾਂ ਪ੍ਰਕਾਰ ਦੇ ਟੈਸਟ ਕਰਵਾਉਂਦਾ ਹੈ। ਫਿਰ ਦੇਖਦਾ ਹੈ ਕਿ ਸਾਰੇ ਟੈਸਟ ਕਿਸੇ ਖਾਸ ਮਾਪ-ਦੰਡਾਂ ਦੀਆਂ ਸੀਮਾਵਾਂ ਦੇ ਅੰਦਰ ਹਨ ਕਿ ਨਹੀਂ। ਕਿਸੇ ਇੱਕ ਲੱਛਣ ਤੋਂ ਸਾਡੀ ਪੂਰੀ ਸਿਹਤ ਦਾ ਪਤਾ ਨਹੀਂ ਲੱਗ ਸਕਦਾ। ਇਹ ਸਿਧਾਂਤ ਸਾਡੀ ਧਰਤੀ ਦੀ ਸਿਹਤ ’ਤੇ ਵੀ ਲਾਗੂ ਹੁੰਦਾ ਹੈ। ਮਾਹਿਰਾਂ ਨੇ ਧਰਤੀ ਦੇ 9 ਸਿਸਟਮ ਨਿਰਧਾਰਤ ਕੀਤੇ ਹਨ ਅਤੇ ਇਹ ਸਾਰੇ ਇੱਕ-ਦੂਜੇ ਨਾਲ ਇੱਕ-ਸੁਰਤਾ ਵਿੱਚ ਕੰਮ ਕਰਦੇ ਹਨ ਅਤੇ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਸਭ ਦੀਆਂ ਹੱਦਾਂ ਨਿਯਤ ਕੀਤੀਆਂ ਹੋਈਆਂ ਹਨ; ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਡਾਕਟਰਾਂ ਨੇ ਸਾਡੇ ਸਾਰੇ ਅੱਡ-ਅੱਡ ਅੰਗਾਂ ਦੇ ਟੈਸਟਾਂ ਦੀਆਂ ਕੀਤੀਆਂ ਹੋਈਆਂ ਹਨ। ਇਹ ਸਾਰੇ ਆਪੋ-ਆਪਣੀਆਂ ਹੱਦਾਂ ਵਿੱਚ ਰਹਿਣੇ ਜ਼ਰੂਰੀ ਹਨ।
ਧਰਤੀ ਨੂੰ ਦਰ-ਪੇਸ਼ ਇਸ ਭਿਆਨਕ ਤ੍ਰਾਸਦੀ-ਸਮੂਹ ਤੋਂ ਅਣਜਾਣ ਅਸੀਂ ਖਰਮਸਤੀਆਂ ਕਰ ਰਹੇ ਹਾਂ। ਅੰਗਰੇਜ਼ੀ ਦੀ ਕਹਾਵਤ ਕਿ ‘ਡੁੱਬ ਰਹੇ ਟਾਈਟੈਨਿਕ ਦੇ ਡੈੱਕ ਦੀਆਂ ਕੁਰਸੀਆਂ ਨੂੰ ਸੰਵਾਰਨਾ ਅਤੇ ਸਜਾਉਣਾ’ ਸਾਡੇ ’ਤੇ ਪੂਰੀ ਤਰ੍ਹਾਂ ਢੁਕਦੀ ਹੈ।
ਮੌਜੂਦਾ ਸਿਸਟਮਾਂ ਰਾਹੀਂ ਦੁਨੀਆਂ ਦਾ ਸ਼ੋਸ਼ਣ ਕਰ ਰਹੇ ਸ਼ਾਤਰ ਇਜ਼ਾਰੇਦਾਰ ਇਨ੍ਹਾਂ ਸਚਾਈਆਂ ਨੂੰ ਨਿਰਾਸ਼ਾਵਾਦੀ ਬੰਦਿਆਂ ਦੀ ਵਿਚਾਰਧਾਰਾ ਕਹਿ ਕੇ ਨਕਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇੱਥੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਉਦਾਹਰਣ ਢੁਕਵੀਂ ਹੈ ਜਿਸ ਨੇ ਕਿਹਾ ਸੀ ਕਿ ਵਾਤਾਵਰਣ ਪ੍ਰਦੂਸ਼ਣ ਦੀ ਗੱਲ ਇੱਕ ਛਲਾਵਾ (ਹੋਕਸ) ਹੈ। ਇੰਨਾ ਹੀ ਨਹੀਂ, ਉਸ ਨੇ ਯੂ.ਐੱਸ.ਏ ਨੂੰ ਸੰਸਾਰ-ਪ੍ਰਸਿੱਧ ‘ਪੈਰਿਸ ਸਮਝੌਤੇ’ ਤੋਂ ਬਾਹਰ ਕਰ ਲਿਆ ਸੀ ਪਰ ਰਾਸ਼ਟਰਪਤੀ ਜੋਅ ਬਾਈਡਨ ਨੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਮਿ. ਟਰੰਪ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅੱਜ ਦੇ ਰੌਬਰ-ਬੈਰਨ ਮੌਜੂਦਾ ਆਰਥਿਕ ਪ੍ਰਣਾਲੀਆਂ ਰਾਹੀਂ ਖਰਬਾਂਪਤੀ ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਣਾਲੀ ਹੈ ਫੌਸਿਲ ਫਿਊਲਾਂ ਦੀ ਅੰਧਾ-ਧੁੰਦ ਵਰਤੋਂ ਦਾ ਜਾਰੀ ਰੱਖਣਾ। ਅੱਜ ਇਸ ਖੇਤਰ ਨੂੰ ਸਮੁੱਚੇ ਸੰਸਾਰ ਵਿੱਚ ਸਾਲਾਨਾ ਇੱਕ ਕਰੋੜ ਸਵਾ ਲੱਖ ਕਰੋੜ ਰੁਪਏ (1.4 ਟਰਿਲੀਅਨ ਡਾਲਰ) ਦੀ ਸਬਸਿਡੀ ਸਿੱਧੇ ਰੂਪ ਵਿੱਚ ਮਿਲ ਰਹੀ ਹੈ।
ਆਪਣੀਆਂ ਕੁਚਾਲਾਂ ਨੂੰ ਇਹ ਲੋਕ ਸਾਇੰਸ ਅਤੇ ਤਕਨੌਲੋਜੀ ਦੇ ਪਰਦੇ ਓਹਲੇ ਲੁਕਾਉਂਦੇ ਹਨ ਕਿਉਂਕਿ ਜਨ-ਸਧਾਰਨ ਨੂੰ ਇਨ੍ਹਾਂ ਉੱਤੇ ਅੰਧ-ਵਿਸ਼ਵਾਸ ਦੀ ਹੱਦ ਤਕ ਭਰੋਸਾ ਹੈ, ਕਿ ਇਨ੍ਹਾਂ ਨੇ ਖੋਜਾਂ ਕਰ ਕੇ ਹਰ ਸਮੱਸਿਆ ਦਾ ਹੱਲ ਲੱਭ ਲੈਣਾ ਹੈ। ਅੱਜ ਦੇ ਸੰਸਾਰ ਵਿੱਚ ਹਰ ਸਮੱਸਿਆ ਨੂੰ ਨਜਿੱਠਣ ਲਈ ਲੋੜੀਂਦੀਆਂ ਤਕਨੌਲੋਜੀਆਂ ਪਹਿਲਾਂ ਹੀ ਉਪਲਬਧ ਹਨ। ਪਰ ਇਹ ਰੌਬਰ-ਬੈਰਨ ਪੁਰਾਣੀਆਂ ਭਰੋਸੇਮੰਦ ਤਕਨੌਲੋਜੀਆਂ ਨੂੰ ਵਰਤਣ ਹੀ ਨਹੀਂ ਦਿੰਦੇ, ਨਵੀਆਂ ਲੱਭਣ ਦੀ ਵਕਾਲਤ ਕਰਦੇ ਹਨ, ਇਹ ਜਾਣਦੇ ਹੋਏ ਕਿ ਇਕੱਲੀਆਂ ਤਕਨੌਲੋਜੀਆਂ ਅੱਜ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀਆਂ। ਨਵੀਂਆਂ ਤਕਨੌਲੋਜੀਆਂ ਦਾ ਲਾਭ ਹਮੇਸ਼ਾ ਵੱਡਿਆਂ ਨੂੰ ਹੀ ਹੁੰਦਾ ਹੈ। ਜੇ ਤਕਨੌਲੋਜੀਆਂ ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀਆਂ ਹੁੰਦੀਆਂ ਤਾਂ ਹੁਣ ਤਕ ਸਭ ਦਾ ਹੱਲ ਹੋ ਚੁੱਕਿਆ ਹੋਣਾ ਸੀ। ਨਿਰ-ਸੰਦੇਹ ਨਵੀਆਂ ਖੋਜਾਂ ਦੀ ਲੋੜ ਹੈ ਪਰ ਹਾਸਲ ਤਕਨੌਲੋਜੀਆਂ ਦੀ ਪੂਰੀ ਵਰਤੋਂ ਪਹਿਲ ਦੇ ਆਧਾਰ ’ਤੇ ਹੋਣੀ ਜ਼ਰੂਰੀ ਹੈ। ਸਬਸਿਡੀਆਂ ਬੰਦ ਕਰਨ ਜਾਂ ਖੁਰਾਕ ਦੀ ਬਰਬਾਦੀ ਰੋਕਣ ਲਈ ਕਿਸੇ ਨਵੀਂ ਤਕਨੌਲੋਜੀ ਦੀ ਲੋੜ ਨਹੀਂ।
ਸਾਧਨਾਂ ਦੀ ਖਪਤ ਨੂੰ ਘਟਾਉਣ ਦਾ ਮੁੱਦਾ ਤਕਨੌਲੋਜੀ ਦਾ ਮੁੱਦਾ ਘੱਟ ਅਤੇ ਸਮਾਜਿਕ ਮੁੱਦਾ ਵੱਧ ਹੈ। ਇਹ ਮਨੁੱਖੀ-ਬਰਾਬਰੀ ਅਤੇ ਹੱਕੀ-ਵੰਡਾਂ ਦਾ ਮੁੱਦਾ ਹੈ। ਇਹ ਮਨੁੱਖੀ ਸੁਭਾਅ ਅਤੇ ਜੀਵਨ-ਸ਼ੈਲੀ ਨਾਲ ਜੁੜੀ ਸਮੱਸਿਆ ਹੈ ਜਿਸਦਾ ਹੱਲ ਵਿਸ਼ਵ ਪੱਧਰ ’ਤੇ ਨਿੱਜੀ ਕਾਇਆ-ਕਲਪ ਅਤੇ ਸਮੂਹਕ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਿਸਟਮਾਂ ਨੂੰ ਲੋਕ-ਹਿਤਾਂ ਦੇ ਅਨੁਸਾਰੀ ਬਣਾਉਣਾ ਹੈ। ਹਰ ਖੇਤਰ ਵਿੱਚ ਸੰਜਮ ਅਤੇ ਡਸਿਪਲਨ ਜ਼ਰੂਰੀ ਹੈ। ਚੇਤੰਨ ਹੋ ਰਹੀ ਜਨਤਾ ਦੇ ਦਬਾਓ ਹੇਠ ਸੰਸਾਰ ਭਰ ਦੀਆਂ ਲੋਕਤੰਤਰੀ ਸਰਕਾਰਾਂ ਇਸ ਤਰ੍ਹਾਂ ਦੇ ਸਿਸਟਮਾਂ ਨੂੰ ਬਦਲਣ ਲਈ ਦ੍ਰਿੜ੍ਹ-ਸੰਕਲਪ ਹੋ ਰਹੀਆਂ ਹਨ। ਆਪੋ-ਆਪਣੇ ਦੇਸ਼ਾਂ ਦੇ ਸਬੰਧਿਤ ਕਾਨੂੰਨਾਂ ਨੂੰ ਸਖ਼ਤ ਅਤੇ ਸਮੇਂ ਦੇ ਹਾਣੀ ਬਣਾਉਣ ਦੇ ਨਾਲ਼−ਨਾਲ਼ ਸੰਸਾਰ-ਪੱਧਰ ’ਤੇ ਵੱਧ ਇੱਕ-ਸੁਰਤਾ ਬਣਾ ਰਹੀਆਂ ਹਨ। ਇਸ ਸਭ ਲਈ ਸਰਕਾਰਾਂ ਨੂੰ ਜਨ-ਸਧਾਰਨ ਦੀ ਹਿਮਾਇਤ ਦੀ ਲੋੜ ਹੈ ਜੋ ਇਹ ਕੰਮ ਜਾਗਰੂਕ ਹੋ ਕੇ ਹੀ ਕਰ ਸਕਦੀ ਹੈ।
ਕੁਦਰਤੀ ਸਾਧਨਾਂ ਦੀ ਖਪਤ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦਾ ਹੱਲ ‘ਸਰ ਡੇਵਿਡ ਐਟਨਬਰਾ’ ਦੀ ਨਸੀਹਤ ਨੂੰ ਮੰਨਣ ਵਿੱਚ ਹੈ ਕਿ:
“ਸਾਡੇ ਵਾਸਤੇ ਅਤੀ ਜ਼ਰੂਰੀ ਹੈ ਕਿ ਅਸੀਂ ਨਾ-ਸਿਰਫ ਧਰਤੀ ਦੇ ਸੀਮਤ ਕੁਦਰਤੀ ਸਾਧਨਾਂ ਦੇ ਅੰਦਰ-ਅੰਦਰ ਰਹੀਏ ਬਲਕਿ ਇਨ੍ਹਾਂ ਨੂੰ ਸਹੀ ਢੰਗ ਨਾਲ ਵੰਡਣਾ ਵੀ ਸਿੱਖੀਏ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4290)
(ਸਰੋਕਾਰ ਨਾਲ ਸੰਪਰਕ ਲਈ: (