“ਉਸ ਦੇ ਇੱਕ ਤਕੜੇ ਦੌੜਾਕ ਮਿੱਤਰ ਨੇ ਪ੍ਰਬੰਧਕ ਨੂੰ ਘਸੁੰਨ ਮਾਰ ਕੇ ਟਰੈਕ ਵਿੱਚੋਂ ਬਾਹਰ ਕੱਢ ਦਿੱਤਾ ...”
(28 ਅਕਤੂਬਰ 2021)
ਖੇਡਾਂ ਸ਼ੁਰੂ ਤੋਂ ਹੀ ਇਨਸਾਨ ਦੀਆਂ ਪਸੰਦੀਦਾ ਕਾਰਵਾਈਆਂ ਰਹੀਆਂ ਹਨ ਪਰ ਸਮੇਂ ਅਤੇ ਸਥਾਨ ਅਨੁਸਾਰ ਇਨ੍ਹਾਂ ਦਾ ਸਰੂਪ ਅਤੇ ਮੰਤਵ ਬਦਲਦਾ ਰਿਹਾ ਹੈ। ਉਦਯੋਗਿਕ ਯੁਗ ਤੋਂ ਪਹਿਲਾਂ ਸਰੀਰਕ ਸ਼ਕਤੀ ਦਾ ਬਹੁਤ ਮਹੱਤਵ ਸੀ ਅਤੇ ਇਸ ਨੂੰ ਵਧਾਉਣ ਅਤੇ ਕਾਇਮ ਰੱਖਣ ਦੇ ਮੁੱਖ ਸਾਧਨ ਖੇਡਾਂ ਹੀ ਸਨ। ਇਸ ਤੋਂ ਇਲਾਵਾ ਇਹ ਮਨ ਪਰਚਾਵੇ ਦਾ ਵੀ ਸਾਧਨ ਸਨ। ਪਰ ਇਹ ਕਾਰਵਾਈਆਂ ਸਮਾਜ ਦੇ ਘੱਟ-ਗਿਣਤੀ ਉੱਚ ਵਰਗਾਂ ਤਕ ਹੀ ਸੀਮਤ ਸਨ। ਬਹੁ-ਗਿਣਤੀ ਜਨ-ਸਧਾਰਨ ਦਾ ਰੋਜ਼-ਮਰਾ ਦਾ ਜੀਵਨ ਸਖ਼ਤ ਸਰੀਰਕ ਮਿਹਨਤ ਵਾਲ਼ਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਵਾਧੂ ਕਸਰਤ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ। ਨਾ ਹੀ ਸਰਕਾਰਾਂ ਦੀ ਇਸ ਵਰਗ ਦੀਆਂ ਸਿਹਤ-ਸੇਵਾਵਾਂ ਵਿੱਚ ਕੋਈ ਦਿਲਚਸਪੀ ਸੀ। ਇਸ ਵਰਗ ਵਾਸਤੇ ਖੇਡਾਂ ਵਿੱਚ ਸਿੱਧੀ ਹਿੱਸੇਦਾਰੀ ਦੀ ਬਜਾਇ ਹੋਰਾਂ ਵੱਲੋਂ ਖੇਡੀਆਂ ਜਾਂਦੀਆਂ ਖੇਡਾਂ, ਸਿਰਫ ਮਨ-ਪਰਚਾਵੇ ਦਾ ਸਾਧਨ ਸਨ।
ਅੱਜ ਦੇ ਮਸ਼ੀਨੀ ਯੁਗ ਵਿੱਚ ਕੰਮ-ਕਾਜੀ ਸਰੀਰਕ ਮਿਹਨਤ ਘਟ ਗਈ ਹੈ। ਹਰ ਵੱਡੇ-ਛੋਟੇ ਅਤੇ ਅਮੀਰ-ਗਰੀਬ ਨੂੰ ਸਿਹਤ-ਸੰਭਾਲ਼ ਵਾਸਤੇ ਕਿਸੇ ਨਾ ਕਿਸੇ ਕਸਰਤ ਦੀ ਲੋੜ ਹੈ ਜਿਸ ਕਰ ਕੇ ਖੇਡਾਂ ਪ੍ਰਤੀ ਜਾਗਰੂਕਤਾ ਅਤੇ ਇਨ੍ਹਾਂ ਵਿੱਚ ਹਿੱਸੇਦਾਰੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਹਰ ਇੱਕ ਦੇ ਨਿੱਜੀ ਸਾਧਨ ਵੀ ਵਧੇ ਹਨ ਅਤੇ ਸਿਹਤ-ਸੇਵਾਵਾਂ ਨਾਗਰਿਕਾਂ ਦਾ ਮੌਲਿਕ ਅਧਿਕਾਰ ਵੀ ਬਣ ਚੁੱਕੀਆਂ ਹੈ। ‘ਵਿਸ਼ਵ ਸਿਹਤ ਸੰਸਥਾ’ ਨੇ ਖੇਡਾਂ ਦੀ ਆਪਣੀ ਚਲੰਤ (2018-2030) ਐਕਸ਼ਨ-ਯੋਜਨਾ ਵਿੱਚ ਖੇਡਾਂ ਨੂੰ ਪ੍ਰਮੁੱਖ ਸਥਾਨ ਦਿੱਤਾ ਹੈ। ਨਤੀਜੇ ਵਜੋਂ ਸਾਰੇ ਸੰਸਾਰ ਵਿੱਚ ਹਰ ਕਿਸਮ ਦੀਆਂ ਖੇਡਾਂ ਵਿੱਚ ਗਿਣਤੀ ਅਤੇ ਗੁਣ, ਦੋਹਾਂ ਪੱਖੋਂ ਬੇਥਾਹ ਵਾਧਾ ਹੋ ਰਿਹਾ ਹੈ। ਓਲਿੰਪਿਕ ਵਿੱਚ ਹਰ ਸਾਲ ਟੁੱਟ ਰਹੇ ਰਿਕਾਰਡ ਇਸ ਗੱਲ ਦਾ ਸਬੂਤ ਹਨ। ਤਕਨਾਲੋਜੀ ਨੇ ਇਸ ਕੰਮ ਵਿੱਚ ਬਹੁਤ ਯੋਗਦਾਨ ਪਾਇਆ ਹੈ। ਨਤੀਜੇ ਵਜੋਂ ਅੱਜ ਵਿਸ਼ਵ ਪੱਧਰ ’ਤੇ ਅਨੇਕਾਂ ਕਿਸਮਾਂ ਦੀਆਂ ਮਹਿੰਗੀਆਂ ਟੀਮ-ਖੇਡਾਂ ਅਤੇ ਨਿੱਜੀ ਖੇਡਾਂ ਪਰਚੱਲਤ ਹਨ। ਪਰ ਇਹ ਪੂਰੀ ਤਰ੍ਹਾਂ ਵਪਾਰਕ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਦਾ ਸਬੰਧ ਸਿਹਤ ਨਾਲ ਘੱਟ ਅਤੇ ਵਪਾਰ ਅਤੇ ਰਾਜਨੀਤੀ ਨਾਲ ਵੱਧ ਹੈ। ਕਰਿਕਟ, ਸੌਕਰ, ਟੈਨਿਸ, ਗੌਲਫ, ਬਾਸਕਟਬਾਲ, ਹਾਕੀ, ਰਗਬੀ, ਸਭ ਅਰਬਾਂ-ਖਰਬਾਂ ਰੁਪਇਆਂ ਅਤੇ ਸੱਟੇ ਦੀਆਂ ਖੇਡਾਂ ਬਣ ਚੁੱਕੀਆਂ ਹਨ। ਜਨ-ਸਧਾਰਨ ਵਾਸਤੇ ਮੁੱਖ ਖੇਡ ਤੁਰਨਾ ਅਤੇ ਦੌੜਨਾ ਹੀ ਰਹਿ ਗਈ ਹੈ ਜਿਹੜੀ ਅਜੇ ਇਸ ਇਲਜ਼ਾਮ ਤੋਂ ਸੁਰਖ਼ਰੂ ਹੈ। ਪ੍ਰਭਾਵਕਾਰੀ, ਸਰਲ, ਸੁਰੱਖਿਅਤ ਅਤੇ ਸਸਤੀ ਹੋਣ ਕਰ ਕੇ ਇਹ ਅੱਜ ਇਸ ਵਰਗ ਅਤੇ ਹਰ ਉਮਰ-ਗਰੁੱਪ ਦੀ ਹਰਮਨ ਪਿਆਰੀ ਅਤੇ ਵਿਆਪਕ ਖੇਡ ਹੈ।
ਇਤਿਹਾਸਕ ਪਿਛੋਕੜ ਕਰਕੇ ਤੁਰਨ ਅਤੇ ਦੌੜਾਂ ਵਿੱਚ ਮੈਰਾਥੌਨ ਪ੍ਰਮੁੱਖ ਹੈ ਅਤੇ ਓਲਿੰਪਿਕ ਦੀ ਖੇਡ ਹੈ। ਅੱਜ ਤੋਂ 2,500 ਸੌ ਸਾਲ ਪਹਿਲਾਂ ਫਿਡੀਪਾਈਡਸ ਨਾਉਂ ਦੇ ਦੌੜਾਕ ਨੇ ਮੈਰਾਥੌਨ ਦੇ ਯੁੱਧ ਵਿੱਚ ਗਰੀਸ ਦੀ ਫਾਰਸੀ ਸੈਨਾ ’ਤੇ ਜਿੱਤ ਦਾ ਸੁਨੇਹਾ ਐਥਨਜ਼ ਵਾਸੀਆਂ ਨੂੰ ਪਹੁੰਚਾਇਆ ਸੀ। “ਆਪਾਂ ਜਿੱਤ ਗਏ ਹਾਂ।” ਕਹਿਣ ਸਾਰ ਉਹ ਥਕੇਵੇਂ ਕਾਰਨ ਡਿਗ ਕੇ ਮਰ ਗਿਆ ਸੀ। ਮੈਰਾਥੌਨ ਉਸ ਦੀ ਯਾਦ ਵਿੱਚ ਹੈ ਅਤੇ ਇਸਦੀ ਲੰਬਾਈ ਉਸ ਵੱਲੋਂ ਦੌੜੇ 42 ਕਿਲੋਮੀਟਰ ਦੇ ਪੈਂਡੇ ਦੇ (ਲਗਭਗ) ਬਰਾਬਰ ਹੈ। ਇਹ ਸੜਕੀ-ਦੌੜ ਹੈ ਪਰ ਤੁਰ ਕੇ ਜਾਂ ਵੀਲ ਚੇਅਰ ’ਤੇ ਵੀ ਪੂਰੀ ਕੀਤੀ ਜਾ ਸਕਦੀ ਹੈ। ਸੰਸਾਰ ਵਿੱਚ ਹਰ ਸਾਲ 800 ਤੋਂ ਵੱਧ ਮੈਰਾਥੌਨ ਦੌੜਾਂ ਹੁੰਦੀਆਂ ਹਨ ਅਤੇ ਚੋਟੀ ਦੀਆਂ ਮੈਰਾਥੌਨ ਵਿੱਚ ਹਿੱਸੇਦਾਰਾਂ ਦੀ ਗਿਣਤੀ 50 ਹਜ਼ਾਰ ਤਕ ਅਤੇ ਦਰਸ਼ਕਾਂ ਦੀ ਗਿਣਤੀ ਵੀਹ ਲੱਖ ਤਕ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਬੌਸਟਨ, ਟੋਕੀਓ, ਲੰਡਨ, ਬਰਲਿਨ, ਛਿਕਾਗੋ ਅਤੇ ਨਿਉ ਯਾਰਕ ਦੀਆਂ ਛੇਅ ਦੌੜਾਂ ਦਾ ਗਰੁੱਪ ‘ਵਿਸ਼ਵ ਮੈਰਾਥੌਨ ਮੇਜਰਜ਼’ ਦੇ ਨਾਉਂ ਨਾਲ ਪ੍ਰਸਿੱਧ ਹੈ। ਇਨ੍ਹਾਂ ਛੇਆਂ ਵਿੱਚੋਂ, 1897 ਤੋਂ ਸ਼ੁਰੂ ਹੋਈ ‘ਬੌਸਟਨ ਮੈਰਾਥੌਨ’ ਆਧੁਨਿਕ ਸਮੇਂ ਦੀ ਸੰਸਾਰ ਦੀ ਸਭ ਤੋਂ ਪੁਰਾਣੀ ਹੈ। ਇਹ ਅਮਰੀਕਾ ਦੇ ਸ਼ਹਿਰ ਬੌਸਟਨ ਵਿੱਚ ਦੌੜੀ ਜਾਣ ਵਾਲੀ ਸਾਲਾਨਾ ਮੈਰਾਥੌਨ ਹੈ ਜਿਹੜੀ ਅਪਰੈਲ ਦੇ ਤੀਸਰੇ ਸੋਮਵਾਰ ਨੂੰ ਹੁੰਦੀ ਹੈ। ਪਰ ਕੌਵਿਡ-19 ਕਰ ਕੇ ਪਿਛਲੇ ਸਾਲ ਇਹ ਨਹੀਂ ਕਰਵਾਈ ਗਈ ਅਤੇ ਇਸ ਸਾਲ ਇਹ 11 ਅਕਤੂਬਰ ਨੂੰ ਹੋਈ ਹੈ। ਇਸ ਮੈਰਾਥੌਨ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਦੋ ਵਰਣਨਯੋਗ ਹਨ: ਇੱਕ ਬਹੁਤ ਦਿਲਚਸਪ ਅਤੇ ਉਸ਼ਾਹਜਨਕ ਪਰ ਦੂਸਰੀ ਦਰਦਨਾਕ ਹੈ।
1967 ਵਿੱਚ 20 ਸਾਲਾ ਕੈਥਰਿਨ ਸਵਿਟਜ਼ਰ ਨਾਂ ਦੀ ਬਹੁ-ਪੱਖੀ ਸ਼ਖਸੀਅਤ ਦੀ ਮਾਲਿਕ ਅਮਰੀਕਨ ਅਥਲੀਟ, ਲੇਖਿਕਾ ਅਤੇ ਟੈਲੀਵਿਜ਼ਨ ਕੁਮੈਂਟੇਟਰ ਇਸ ਦੌੜ ਵਿੱਚ ਭਾਗ ਲੈਣ ਵਾਲੀ ਪਹਿਲੀ ਔਰਤ ਸੀ। ਭਾਵੇਂ ਉਸ ਵਕਤ ਔਰਤਾਂ ਨੂੰ ਇਸ ਦੌੜ ਵਿੱਚ ਭਾਗ ਲੈਣ ਦੀ ਮਨਾਹੀ ਸੀ ਪਰ ਦਾਖ਼ਲਾ ਫਾਰਮ ਵਿੱਚ ਇਸ ਸਬੰਧੀ ਕੋਈ ਖਾਨਾ ਹੀ ਨਹੀਂ ਸੀ। ਇਸ ਕਰਕੇ ਉਸ ਨੂੰ ਦੌੜ ਵਿੱਚ ਦਾਖ਼ਲਾ ਮਿਲ ਗਿਆ ਅਤੇ ਉਸ ਨੂੰ ‘261 ਨੰਬਰ’ ਦਾ ਬਿੱਬ ਮਿਲਿਆ। ਦੌੜ ਸਮਾਪਤ ਹੋਣ ਤੋਂ ਕੁਛ ਸਮਾਂ ਪਹਿਲਾਂ ਇੱਕ ਪ੍ਰਬੰਧਕ ਨੇ ਉਸ ਨੂੰ ਪਛਾਣ ਲਿਆ ਅਤੇ ਧੱਕੇ ਮਾਰ ਕੇ ਬਾਹਰ ਕੱਢਣ ਲੱਗ ਗਿਆ ਪਰ ਉਸ ਦੇ ਇੱਕ ਤਕੜੇ ਦੌੜਾਕ ਮਿੱਤਰ ਨੇ ਪ੍ਰਬੰਧਕ ਨੂੰ ਘਸੁੰਨ ਮਾਰ ਕੇ ਟਰੈਕ ਵਿੱਚੋਂ ਬਾਹਰ ਕੱਢ ਦਿੱਤਾ। ਸਵਿਟਜ਼ਰ ਨੇ ਸ਼ਾਨ ਨਾਲ ਆਪਣੀ ਦੌੜ ਪੂਰੀ ਕੀਤੀ ਅਤੇ ਉਹ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਈ। ਟਾਈਮ-ਲਾਈਫ ਮੈਗਜ਼ੀਨ ਨੇ ਇਸ ਘਟਨਾ ਦੀ ਤਸਵੀਰ ਮੁੱਖ ਪੰਨੇ ’ਤੇ ਛਾਪੀ ਜਿਹੜੀ ਕਿ ਉਸ ਵਕਤ ਦੀਆਂ ‘ਸੰਸਾਰ ਬਦਲ ਦੇਣ ਵਾਲ਼ੀਆਂ 100 ਤਸਵੀਰਾਂ’ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਹੁਣ ਤਕ ਉਹ ਲਗਾਤਾਰ ਸੰਸਾਰ-ਪੱਧਰ ਦੀਆਂ 40 ਮੈਰਾਥੌਨ ਵਿੱਚ ਭਾਗ ਲੈ ਚੁੱਕੀ ਹੈ ਅਤੇ ਹੁਣ 74 ਸਾਲ ਦੀ ਉਮਰ ਵਿੱਚ ਵੀ ਪੂਰੀ ਤਰ੍ਹਾਂ ਚੁਸਤ-ਦਰੁਸਤ ਹੈ। 2017 ਵਿੱਚ ਉਸ ਨੇ ਇਸ ਦੌੜ ਵਿੱਚ ਭਾਗ ਲੈ ਕੇ ਆਪਣੀ ਪਹਿਲੀ ਦੌੜ ਦੀ 50ਵੀ ਵਰ੍ਹੇ-ਗੰਢ ਮਨਾਈ ਅਤੇ ਪ੍ਰਬੰਧਕਾਂ ਨੇ ਸਤਿਕਾਰ ਵਜੋਂ ਉਸ ਨੂੰ ਦੁਬਾਰਾ ਫਿਰ ‘261 ਨੰਬਰ’ ਦਾ ਬਿੱਬ ਦਿੱਤਾ। ਉਸ ਨੇ ਕਈ ਕਿਤਾਬਾਂ ਲਿਖਣ ਤੋਂ ਇਲਾਵਾ ਹੋਰ ਬਹੁਤ ਸ਼ਲਾਘਾਯੋਗ ਸਮਾਜਿਕ ਅਤੇ ਖੇਡਾਂ ਨਾਲ ਸਬੰਧਿਤ ਕੰਮ ਵੀ ਕੀਤੇ ਹਨ ਜਿਨ੍ਹਾਂ ਕਰ ਕੇ ਉਸ ਨੂੰ ਅਮਰੀਕਾ ਦੇ ‘ਹਾਲ ਔਫ ਫੇਮ’ ਵਿੱਚ ਸਥਾਨ ਮਿਲ ਚੁੱਕਿਆ ਹੈ।
ਦੂਸਰੀ ਪਰ ਦਰਦਨਾਕ ਘਟਨਾ 15 ਅਪਰੈਲ, 2013 ਨੂੰ ਵਾਪਰੀ ਜਦ ਚੱਲ ਰਹੀ ਦੌੜ ਵਿੱਚ ਦੋ ਜ਼ਬਰਦਸਤ ਬੰਬ ਧਮਾਕੇ ਹੋਏ ਜਿਸ ਨਾਲ ਤਿੰਨ ਦਰਸ਼ਕ ਮਾਰੇ ਗਏ ਅਤੇ 264 ਘਾਇਲ ਹੋ ਗਏ। ਜਿਸ ਅੱਤਵਾਦੀ ਨੇ ਇਹ ਕਾਰਾ ਕੀਤਾ ਸੀ, ਉਸ ਨੂੰ ਮੌਤ ਦੀ ਸਜ਼ਾ ਹੋਈ ਅਤੇ ਉਸ ਦਾ ਭਰਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਸਪਸ਼ਟ ਹੈ ਕਿ ਇਸ ਮੈਰਾਥੌਨ ਵਿੱਚ ਹਿੱਸਾ ਲੈਣਾ ਬਹੁਤ ਮਾਣ ਵਾਲੀ ਗੱਲ ਹੈ। ਭਾਵੇਂ ਸਮੁੱਚੇ ਤੌਰ ’ਤੇ ਭਾਰਤ ਦਾ ਸਥਾਨ ਇਨ੍ਹਾਂ ਦੌੜਾਂ ਵਿੱਚ ਬਹੁਤ ਪਿੱਛੇ ਹੈ ਪਰ ਨਿੱਜੀ ਪੱਧਰ ’ਤੇ ਉਤਸ਼ਾਹਜਨਕ ਉਦਾਹਰਣਾਂ ਮਿਲ ਜਾਂਦੀਆਂ ਹਨ। ਜੇ ਸਿਰਫ ਬਰੈਂਪਟਨ ਦੀ ਹੀ ਗੱਲ ਕਰੀਏ ਤਾਂ ਇਸ ਸਾਲ ਦੀ 11 ਅਕਤੂਬਰ, 2021 ਨੂੰ ਹੋਈ ਬੌਸਟਨ ਮੈਰਾਥੌਨ ਵਿੱਚ ‘ਟਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ ਦੇ 65-ਸਾਲਾ ਅਥਲੀਟ ਸ. ਧਿਆਨ ਸਿੰਘ ਸੋਹਲ ਨੇ ਇਸ ਨੂੰ ਪੂਰਾ ਕਰ ਕੇ ਇੱਕ ਵਿਲੱਖਣ ਕਿਸਮ ਦਾ ਰਿਕਾਰਡ ਬਣਾਇਆ ਹੈ। ਸਾਬਤ-ਸੂਰਤ ਸਿੱਖੀ ਸਰੂਪ ਅਤੇ ਕੇਸਰੀ ਦਸਤਾਰ ਵਿੱਚ ਸਜਿਆ ਉਹ ਵੀਹ ਹਜ਼ਾਰ ਅਥਲੀਟਾਂ ਵਿੱਚੋਂ ਵੱਖਰੀ ਪਛਾਣ ਦਾ ਮਾਲਿਕ ਸੀ; ਸ਼ਾਇਦ ਬੌਸਟਨ ਦੇ ਇਤਿਹਾਸ ਦੀ ਆਪਣੀ ਕਿਸਮ ਦੀ ਇਹ ਪਹਿਲੀ ਮਾਣ-ਮੱਤੀ ਘਟਨਾ ਹੋਵੇ। 22 ਅਕਤੂਬਰ ਨੂੰ ਬਰੈਂਪਟਨ ਦੇ ਮੇਅਰ ਮਿ. ਪੈਟਰਿਕ ਬਰਾਉਨ ਸਣੇ ਹੋਰ ਅੰਗਰੇਜ਼ ਅਤੇ ਪੰਜਾਬੀ ਪਤਵੰਤਿਆਂ ਨੇ ਇੱਕ ਸ਼ਾਨਦਾਰ ਸਮਾਗਮ ਵਿੱਚ ਉਸ ਦਾ ਮਾਣ-ਸਤਿਕਾਰ ਕੀਤਾ। ਸ. ਸਵਰਨ ਸਿੰਘ ਦਾ ਵੀ ਇਸ ਦੌੜ ਵਿੱਚ ਦੂਜੀ ਵਾਰ ਹਿੱਸਾ ਲੈਣ ਵਾਸਤੇ ਮਾਣ-ਸਤਿਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਵੀ ਪੰਜਾਬੀ ਮੂਲ ਦੇ ਕਈ ਬਰੈਂਪਟਨ ਨਿਵਾਸੀਆਂ ਨੇ ਇਸ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਮਿ. ਸੂਰਤ ਸਿੰਘ ਅਤੇ ਉਸ ਦਾ ਭਾਣਜਾ ਜਸਬੀਰ ਸਿੰਘ ਬੌਸਟਨ, ਬਰਲਿਨ, ਨਿਊਯਾਰਕ, ਸ਼ਿਕਾਗੋ ਅਤੇ ਟਰਾਂਟੋ ਦੀਆਂ ਪੰਜ ਮੈਰਾਥੌਨ ਵਿੱਚ ਭਾਗ ਲੈ ਚੁੱਕੇ ਹਨ। ਸ. ਬਲਜਿੰਦਰ ਸਿੰਘ ਇਨ੍ਹਾਂ ਦੌੜਾਂ ਤੋਂ ਇਲਾਵਾ ਦੋ ਵਾਰ ਪੂਰੇ ਆਇਰਨਮੈਨ ਦਾ ਖਿਤਾਬ ਜਿੱਤ ਚੁੱਕੇ ਹਨ। ਰਮੇਸ਼ਵਰ ਚਹਿਲ ਅਤੇ ਡਾ. ਰਾਸ਼ੀ ਪੰਧੇਰ ਇੱਕ-ਇੱਕ ਵਾਰ ਆਇਰਨਮੈਨ ਬਣ ਚੁੱਕੇ ਹਨ। ਮਿ. ਕਰਮਜੀਤ ਸਿੰਘ ਅਤੇ ਮਿ. ਜਸਵੰਤ ਸਿੰਘ ਦੀਆਂ ਪ੍ਰਾਪਤੀਆਂ ਵੀ ਇਨ੍ਹਾਂ ਦੇ ਬਰਾਬਰ ਹਨ। ਇਹ ਸਭ ਵੀ ਪੂਰੇ ਮਾਣ-ਸਤਿਕਾਰ ਦੇ ਹੱਕਦਾਰ ਹਨ ਅਤੇ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਸਭ ਦੀਆਂ ਖੇਡ-ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਸ. ਫੌਜਾ ਸਿੰਘ ਨੇ 2011 ਵਿੱਚ, ਜਦ ਉਹ ਪੂਰੇ ਸੌ ਸਾਲ ਦੇ ਸਨ, ਟਰਾਂਟੋ ਦੀ ਸਕੌਸ਼ੀਆ ਬੈਂਕ ਦੀ ਮੈਰਾਥੌਨ ਪੂਰੀ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਪਰ ਜਨਮ-ਸਰਟੀਫਿਕੇਟ ਨਾ ਹੋਣ ਕਰ ਕੇ ‘ਵਿਸ਼ਵ ਮਾਸਟਰ ਅਥਲੈਟਿਕਸ’ ਸੰਸਥਾ ਨੇ ਉਸ ਦਾ ਰਿਕਾਰਡ ਪਰਵਾਨ ਨਹੀਂ ਕੀਤਾ।
79-ਸਾਲਾ ਸ. ਅਮਰ ਸਿੰਘ ਚੌਹਾਨ ਦਾ ਵਰਣਨ ਵੀ ਜ਼ਰੂਰੀ ਹੈ ਭਾਵੇਂ ਕਿ ਉਹ ਬੌਸਟਨ ਨਾਲ ਨਹੀਂ ਜੁੜੇ। ਉਹ ਮੁਹਾਲ਼ੀ ਦੇ ਵਸਨੀਕ ਹਨ ਪਰ ਕਨੇਡਾ ਅਤੇ ਅਮਰੀਕਾ ਦੀਆਂ ਦੌੜਾਂ ਵਿੱਚ ਆਮ ਹਿੱਸਾ ਲੈਂਦੇ ਰਹਿੰਦੇ ਹਨ ਅਤੇ ਹੁਣ ਤਕ ਪੰਜਾਹ ਦੇ ਕਰੀਬ ਮੈਰਾਥੌਨ ਅਤੇ ਅਰਧ-ਮੈਰਾਥੌਨ ਸਣੇ 92 ਦੌੜਾਂ ਵਿੱਚ ਭਾਗ ਲੈ ਕੇ 81 ਸੋਨ-ਤਗਮੇ ਜਿੱਤ ਚੁੱਕੇ ਹਨ। ਹੈਰਾਨੀ-ਜਨਕ ਅਤੇ ਪ੍ਰਸ਼ੰਸਾਯੋਗ ਗੱਲ ਇਹ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ‘ਵਿਸ਼ੇਸ਼ ਸਕੱਤਰ’ ਦੇ ਉੱਚੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਹੀ ਦੌੜਨਾ ਸ਼ੁਰੂ ਕੀਤਾ ਸੀ ਅਤੇ ਮੈਰਾਥੌਨ ਤਾਂ ਸਿਰਫ 2012 ਤੋਂ ਹੀ ਸ਼ੁਰੂ ਕੀਤੀਆਂ ਹਨ। ਅਗਲੇ ਸਾਲ ਉਨ੍ਹਾਂ ਦਾ ਨਿਸ਼ਾਨਾ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦਾ ਹੈ।
ਖੇਡਾਂ ਨਾਲ ਜੁੜੀ ਹਰ ਉਹ ਗੱਲ ਅਧੂਰੀ ਹੈ ਜਿਸ ਵਿੱਚ, ਸਾਰੀ ਉਮਰ ਵਿੱਦਿਆ ਨਾਲ ਜੁੜੇ ਰਹੇ, ਪ੍ਰਿੰਸੀਪਲ ਸਰਵਣ ਸਿੰਘ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ। ਉਹ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਅਤੇ ਅਥਲੀਟ ਅਤੇ ਖੇਡਾਂ ਦੇ ਚਲਦੇ-ਫਿਰਦੇ ਐਨਸਾਈਕਲੋਪੀਡੀਆ ਹਨ। ਉਹ ਹਰ ਖੇਡ ਅਤੇ ਉਸ ਦੇ ਇਤਿਹਾਸ, ਹਰ ਨਾਮੀ ਖਿਡਾਰੀ ਅਤੇ ਉਸ ਦੀਆਂ ਪ੍ਰਾਪਤੀਆਂ, ਸਭ ਖੇਡਾਂ ਦੇ ਨਿਯਮ-ਕਾਨੂੰਨ, ਖੇਡ-ਮਨੋ-ਵਿਗਿਆਨ, ਖੇਡ ਸਿਸਟਮ ਅਤੇ ਪ੍ਰਬੰਧ, ਪਿੰਡ ਪੱਧਰ ਤੋਂ ਓਲਿੰਪਿਕ ਤਕ ਦੀਆਂ ਖੇਡਾਂ, ਸਭ ਦੀ ਜਾਣਕਾਰੀ ਦੇ ਭੰਡਾਰ ਹਨ। ਇਨ੍ਹਾਂ ਸਭ ਵਿਸ਼ਿਆਂ ’ਤੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਹਨ। ਉਮਰ ਦੇ 82ਵੇਂ ਸਾਲ ਵਿੱਚ ਵਿਚਰ ਰਹੇ ਹੋਣ ਦੇ ਬਾਵਜੂਦ ਅੱਜ ਵੀ ਪੂਰੀ ਸ਼ਿੱਦਤ ਨਾਲ ਇਸ ਕੰਮ ਵਿੱਚ ਲੱਗੇ ਹੋਏ ਹਨ ਅਤੇ ਸਭ ਨੂੰ ਖੇਡਾਂ ਨਾਲ ਜੋੜ ਰਹੇ ਹਨ। ਉਹ ਆਪਣੇ-ਆਪ ਵਿੱਚ ਇੱਕ ਸੰਸਥਾ, ਲਿਵਿੰਗ ਲੈਜੈਂਡ ਅਤੇ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਵਾਸਤੇ ਇੱਕ ਆਦਰਸ਼ ਹਨ। ਉਹਨਾਂ ਨੇ ਇਸ ਦੌੜ ਵਿੱਚ ਦੋ ਵਾਰ ਹਿੱਸਾ ਲੈਣ ਦਾ ਮਾਣ-ਸਤਿਕਾਰ ਪ੍ਰਾਪਤ ਕੀਤਾ ਕੀਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3109)
(ਸਰੋਕਾਰ ਨਾਲ ਸੰਪਰਕ ਲਈ: