IsherSinghEng8ਸਭ ਜਾਣਦੇ ਹਾਨ ਕਿ ਬਜ਼ੁਰਗ ਨੌਜੁਆਨਾਂ ਲਈ ਰੋਲ ਮਾਡਲ ਹੁੰਦੇ ਨੇ; ਪਰ ਪੰਨੂੰ ਸਾਹਿਬ ...KirpalSPannu7
(9 ਸਤੰਬਰ 2026)

 

9 September 201630 ਅਗਸਤ 2026 ਦਾ ਸਮਾਗਮ ਵਿਸ਼ੇਸ਼ ਰਿਹਾ। ਵੈਸੇ ਤਾਂ 90ਵਾਂ ਜਨਮ-ਸਾਲ ਕਿਸੇ ਦਾ ਵੀ ਮਨਾਇਆ ਜਾਵੇ, ਉਹ ਇੱਕ ਵਿਸ਼ੇਸ਼ ਸਮਾਗਮ ਹੀ ਹੁੰਦਾ ਹੈ। ਪਰ ਜਦੋਂ ਇਹ ਕਿਰਪਾਲ ਸਿੰਘ ਪੰਨੂੰ ਵਰਗੀ ਪ੍ਰਸਿੱਧ, ਬਹੁ-ਪੱਖੀ ਅਤੇ ਹਰਮਨ-ਪਿਆਰੀ ਹਸਤੀ ਦਾ ਹੋਵੇ ਤਾਂ ਇਹ ਹੋਰ ਵੀ ਵਿਸ਼ੇਸ਼ ਬਣ ਜਾਂਦਾ ਹੈ।

ਸਮਾਗਮ ਦਾ ਇੱਕ ਪੱਖ ਇਹ ਵੀ ਰਿਹਾ ਕਿ ਇਹ ਸਾਲ ਸ੍ਰੀਮਤੀ ਪਤਵੰਤ ਕੌਰ ਜੀ ਪੰਨੂੰ ਦਾ ਵੀ 90ਵਾਂ ਜਨਮ-ਵਰ੍ਹਾ ਹੈ। ਭਾਵ ਉਹ 70 ਕੁ ਸਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ, ਪੰਨੂੰ ਸਾਹਿਬ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਹਨ। ਪੰਨੂੰ ਸਾਹਿਬ ਵਰਗੇ ਅਨੁਸ਼ਾਸਨੀ ਇਨਸਾਨ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਬਹੁਤ ਵੰਗਾਰ ਭਰਿਆ ਕੰਮ ਹੁੰਦਾ ਹੈ; ਸਰਦਾਰਨੀ ਪਤਵੰਤ ਪੰਨੂੰ ਨੇ ਨਾ ਕੇਵਲ ਆਪਣਾ ਇਹ ਫਰਜ਼ ਸਫਲਤਾ ਨਾਲ ਨਿਭਾਇਆ ਹੈ, ਸਗੋਂ ਉਸਨੇ ਪੰਨੂੰ ਸਾਹਿਬ ਨੂੰ ਘਰੇਲੂ ਸਾਰੇ ਫਰਜ਼ਾਂ ਦੇ ਹਰ ਪੱਖ ਤੋਂ ਸੋਚ ਮੁਕਤ ਰੱਖਿਆ।

ਇਸਦੇ ਨਾਲ-ਨਾਲ ਉਨ੍ਹਾਂ ਦੀ ਸਭ ਤੋਂ ਛੋਟੀ ਨੂੰਹ ਰਾਣੀ ਦੀ ਮਾਤਾ ਜੀ, ਸਤਿਕਾਰਯੋਗ ਸ਼੍ਰੀ ਮਤੀ ਸੁਰਿੰਦਰ ਕੌਰ ਗਿੱਲ ਨੇ ਵੀ ਇਸ ਦਿਨ 90 ਸਾਲ ਦੀ ਸਮਾਪਤੀ ਰੇਖਾ ਪਾਰ ਕਰ ਲਈ ਹੈ। ਉਹ ਵੀ ਇਸ ਸਮਾਗਮ ਵਿੱਚ ਹਾਜ਼ਰ ਰਹੇ।

ਪੰਨੂੰ-ਜੋੜੀ ਜਿੰਨੀ ਭਾਗਵਾਨ ਦੁਨਿਆਵੀ ਪੱਖੋਂ ਹੈ, ਓਨੀ ਹੀ ਪਰਿਵਾਰਕ ਪੱਖੋਂ ਵੀ ਹੈ। 207 ਤੋਂ ਵੱਧ ਉਨ੍ਹਾਂ ਦੇ ਮਿੱਤਰ-ਪਿਆਰਿਆਂ ਅਤੇ ਰਿਸ਼ਤੇਦਾਰਾਂ ਨੇ ਰਲਕੇ ਇਨ੍ਹਾਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਸਾਰਿਆਂ ਦੀ ਹਾਜ਼ਰੀ ਨਾਲ ਸਮਾਗਮ ਨੂੰ ਚਾਰ ਚੰਨ ਲੱਗ ਗਏ।

ਹੈਰਾਨੀਜਨਕ ਗੱਲ ਇਹ ਹੈ ਕਿ ਪੰਨੂੰ ਸਾਹਿਬ ਇੱਕ ਪਛੜੇ ਹੋਏ ਪਿੰਡ ਵਿੱਚ ਜੰਮੇ-ਪਲੇ, ਅਫਸਰੀ ਉਨ੍ਹਾਂ ਨੇ ਬੀ.ਐੱਸ.ਐੱਫ ਵਿੱਚ ਕੀਤੀ ਪਰ ਪ੍ਰਸਿੱਧੀ ਕੰਪਿਊਟਰ ਦੇ ਖੇਤਰ ਵਿੱਚ ਕੈਨੇਡਾ ਆ ਕੇ ਪ੍ਰਾਪਤ ਕੀਤੀ। ਇਹ ਉਨ੍ਹਾਂ ਦਾ ਨਿਰਾਲਾ ਕਰਤਵ ਹੈ। ਉਨ੍ਹਾਂ ਨੇ ਕੰਪਿਊਟਰ ਦੀ ਤਕਨਾਲੋਜੀ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਗੁਰੂ ਗ੍ਰੰਥ ਸਹਿਬ, ਸਾਹਿਤ ਅਤੇ ਸਵੈਵਿਕਾਸ ਨਾਲ ਜੋੜਿਆ। ਇਸੇ ਰਾਹੀਂ ਗੁਰਮੁਖੀ ਅਤੇ ਸ਼ਾਹਮੁਖੀ ਨੂੰ ਨੇੜੇ-ਨੇੜੇ ਲਿਆਂਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿੱਪੀ ਬਦਲੀ ਕੀਤਾ। ਸੈਂਕੜੇ ਪੜ੍ਹੇ ਲਿਖੇ ਪੰਜਾਬੀ ਸੀਨੀਅਰਾਂ ਨੂੰ ਤਕਨਾਲੋਜੀ ਦੇ ਹਾਣੀ ਬਣਾਇਆ; ਉਨ੍ਹਾਂ ਦੇ ਜੀਵਨ ਨੂੰ ਵੱਧ ਪ੍ਰਾਸੰਗਿਕ ਬਣਾਇਆ। ਉਨ੍ਹਾਂ ਦੇ ਵਡਮੁੱਲੇ ਤਜਰਬਿਆਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਸਾਧਨ ਬਣੇ। ਇਸ ਤਰ੍ਹਾਂ ਉਹ ਇੱਕ ਬਹੁ-ਪੱਖੀ ਸ਼ਖਸੀਅਤ ਬਣੇ।

ਮੇਰੀ ਕਲਮ ਸਮਰੱਥ ਨਹੀਂ ਕਿ ਉਨ੍ਹਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ ਬਾਰੇ ਗੱਲ ਕਰ ਸਕੇ; ਉਨ੍ਹਾਂ ਬਾਰੇ ਗੱਲਾਂ, ਉਨ੍ਹਾਂ ਜਿੱਡੀ ਹੀ ਕੋਈ ਹਸਤੀ ਕਰੇ ਤਾਂ ਕਰੇ। ਖੁਸ਼ੀ ਦੀ ਗੱਲ ਐ ਕਿ ਪੰਜਾਬੀ-ਜਗਤ ਦੀ ਇੱਕ ਹੋਰ ਮਹਾਨ ਹਸਤੀ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਅਭਿਨੰਦਨ ਗ੍ਰੰਥ ਸੰਪਾਦਿਤ ਕਰ ਕੇ ਇਹ ਗੱਲਾਂ ਕਰੀਆਂ ਹਨ। ਉਹ ਹਸਤੀ ਹੈ ਪ੍ਰਿੰਸੀਪਲ ਸਰਵਣ ਸਿੰਘ, ਜੋ ਇਸ ਸਮਾਗਮ ਵਿੱਚ ਸਾਡੇ ਨਾਲ ਮੌਜੂਦ ਰਹੇ। ਇਸੇ ਕਰ ਕੇ ਓਂਟੇਰੀਓ ਸਰਕਾਰ ਨੇ ਉਨ੍ਹਾਂ ਨੂੰ 2024 ਦੇ ‘ਸੀਨੀਅਰ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਹੈ। ਇਹ ਬਹੁਤ ਹੀ ਮਾਣ ਵਾਲਾ ਸਰਕਾਰੀ ਅਤੇ ਲਾਈਫ-ਟਾਈਮ ਅਵਾਰਡ ਹੈ, ਜੋ ਸਿਰਫ 65 ਸਾਲ ਦੀ ਉਮਰ ਤੋਂ ਬਾਅਦ ਕੀਤੀਆਂ ਵਿਲੱਖਣ ਸੇਵਾਵਾਂ ਲਈ ਦਿੱਤਾ ਜਾਂਦਾ ਹੈ।

ਸਭ ਜਾਣਦੇ ਹਾਨ ਕਿ ਬਜ਼ੁਰਗ ਨੌਜੁਆਨਾਂ ਲਈ ਰੋਲ ਮਾਡਲ ਹੁੰਦੇ ਨੇ; ਪਰ ਪੰਨੂੰ ਸਾਹਿਬ ਰੋਲ ਮੌਡਲਾਂ ਦੇ ਵੀ ਅੱਗੇ ਰੋਲ ਮਾਡਲ ਹਨ। ਬਜ਼ੁਰਗ ਉਨ੍ਹਾਂ ਤੋਂ ਸਿੱਖ ਸਕਦੇ ਹਨ ਕਿ ਆਪ ਤੋਂ ਛੋਟਿਆਂ ਦੇ ਗੁਣਾਂ ਦੀ ਨਿਸ਼ਾਨਦੇਹੀ ਕਿਵੇਂ ਕਰਨੀ ਹੈ, ਉਨ੍ਹਾਂ ਦੇ ਗੁਣਾਂ ਦਾ ਵਿਕਾਸ ਕਿਵੇਂ ਕਰਨਾ ਹੈ। ਉਨ੍ਹਾਂ ਨੂੰ ਸਫਲ ਜੀਵਨ-ਮਾਰਗ ’ਤੇ ਕਿਵੇਂ ਤੁਰਦੇ ਰੱਖਣਾ ਹੈ, ਹੱਲਾਸ਼ੇਰੀ ਕਦੋਂ ਦੇਣੀ ਹੈ ਅਤੇ ਕੁੱਟ ਕੇ ਖੀਰ ਕਦੋਂ ਖਵਾਉਣੀ ਹੈ - ਜੋ ਮੈਨੂੰ ਬਹੁਤ ਖਵਾਈ ਹੈ।

ਸ਼ਾਲਾ! ਸਮਾਂ ਉਨ੍ਹਾਂ ਨੂੰ ਲੰਬਾ, ਸਿਹਤਮੰਦ ਅਤੇ ਖੁਸ਼ੀਆਂ ਭਰਪੂਰ ਜੀਵਨ ਬਖਸ਼ੇ। ਆਪਾਂ ਨੂੰ ਉਨ੍ਹਾਂ ਦੇ ਸੌਵੇਂ ਜਨਮ ਦਿਨ ’ਤੇ ਵੀ ਇਸੇ ਤਰ੍ਹਾਂ ਦਾ ਸਮਾਗਮ ਮਨਾਉਣ ਦਾ ਸੁਭਾਗਾ ਮੌਕਾ ਬਖਸ਼ੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author