ManinderBhatia7ਮੂਰਤੀਆਂ ਟੁੱਟ ਸਕਦੀਆਂ ਹਨ, ਪਰ ਵਿਚਾਰ ਨਹੀਂਕਿਤਾਬਾਂ ਸਾੜੀਆਂ ...
(24 ਜੁਲਾਈ 2026)

 

ਰਾਣੀਗੰਜ (ਪੱਛਮੀ ਬੰਗਾਲ) ਵਿੱਚ ਮਹਾਂਪੰਡਿਤ ਰਾਹੁਲ ਸੰਕ੍ਰਿਤਿਆਯਨ ਦੀ ਮੂਰਤੀ ਨਾਲ ਕੀਤੀ ਗਈ ਤੋੜ-ਫੋੜ ਨੇ ਦੇਸ਼ ਭਰ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਗਤੀਸ਼ੀਲ ਸੰਗਠਨਾਂ ਵਿੱਚ ਰੋਸ ਦੀ ਲਹਿਰ ਪੈਦਾ ਕੀਤੀ ਹੈਵਾਮਪੰਥੀ ਪਾਰਟੀਆਂ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਨੂੰ ਭਾਰਤ ਦੀ ਪ੍ਰਗਤੀਸ਼ੀਲ, ਵਿਗਿਆਨਕ ਅਤੇ ਤਰਕਸ਼ੀਲ ਪਰੰਪਰਾ ’ਤੇ ਹਮਲਾ ਕਰਾਰ ਦਿੱਤਾ ਹੈਭਾਵੇਂ ਇਸ ਘਟਨਾ ਦੀ ਜਾਂਚ ਅਤੇ ਜ਼ਿੰਮੇਵਾਰੀ ਤੈਅ ਕਰਨਾ ਕਾਨੂੰਨੀ ਪ੍ਰਕਿਰਿਆ ਦਾ ਵਿਸ਼ਾ ਹੈ, ਪਰ ਇਹ ਘਟਨਾ ਇੱਕ ਗੰਭੀਰ ਸਵਾਲ ਜ਼ਰੂਰ ਖੜ੍ਹਾ ਕਰਦੀ ਹੈ- ਕੀ ਕਿਸੇ ਮਹਾਨ ਵਿਚਾਰਕ ਦੀ ਮੂਰਤੀ ਤੋੜ ਕੇ ਉਸਦੇ ਵਿਚਾਰਾਂ ਨੂੰ ਵੀ ਮਿਟਾਇਆ ਜਾ ਸਕਦਾ ਹੈ? ਇਤਿਹਾਸ ਦਾ ਜਵਾਬ ਸਪਸ਼ਟ ਹੈ, ਨਹੀਂ

ਮਹਾਪੰਡਿਤ ਰਾਹੁਲ ਸੰਕ੍ਰਿਤਿਆਯਨ ਭਾਰਤ ਦੇ ਉਨ੍ਹਾਂ ਵਿਰਲੇ ਵਿਦਵਾਨਾਂ ਵਿੱਚੋਂ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗਿਆਨ ਦੀ ਖੋਜ, ਮਨੁੱਖੀ ਸੱਭਿਅਤਾ ਦੇ ਅਧਿਐਨ, ਵਿਗਿਆਨਕ ਚੇਤਨਾ ਅਤੇ ਸਮਾਜਿਕ ਬਦਲਾਅ ਲਈ ਸਮਰਪਿਤ ਕਰ ਦਿੱਤਾਉਨ੍ਹਾਂ ਨੂੰ ਹਿੰਦੀ ਯਾਤਰਾ-ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ, ਪਰ ਉਨ੍ਹਾਂ ਦਾ ਯੋਗਦਾਨ ਇਸ ਤੋਂ ਕਿਤੇ ਵੱਡਾ ਹੈਉਹ ਇਤਿਹਾਸਕਾਰ, ਦਰਸ਼ਨਿਕ, ਭਾਸ਼ਾ-ਵਿਗਿਆਨੀ, ਪੁਰਾਤੱਤਵ-ਖੋਜੀ, ਬੋਧ ਵਿਦਵਾਨ, ਮਾਰਕਸਵਾਦੀ ਚਿੰਤਕ ਅਤੇ ਲੋਕ-ਬੁੱਧੀਜੀਵੀ ਸਨ

9 ਅਪਰੈਲ 1893 ਨੂੰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਪਿੰਡ ਪੰਦਹਾ ਵਿੱਚ ਕੇਦਾਰਨਾਥ ਪਾਂਡੇ ਦੇ ਰੂਪ ਵਿੱਚ ਜਨਮੇ ਰਾਹੁਲ ਜੀ ਨੇ ਛੋਟੀ ਉਮਰ ਤੋਂ ਹੀ ਗਿਆਨ ਦੀ ਭਾਲ ਨੂੰ ਆਪਣਾ ਜੀਵਨ-ਮਾਰਗ ਬਣਾ ਲਿਆਸਨਾਤਨੀ ਪਰੰਪਰਾ ਤੋਂ ਬੁੱਧ ਦਰਸ਼ਨ ਅਤੇ ਉੱਥੋਂ ਇਤਿਹਾਸਕ ਭੌਤਿਕਵਾਦ ਅਤੇ ਮਾਰਕਸਵਾਦ ਤਕ ਦੀ ਉਨ੍ਹਾਂ ਦੀ ਯਾਤਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਸੱਚ ਨੂੰ ਕਿਸੇ ਰੂੜ੍ਹੀ ਜਾਂ ਪੂਰਵਗ੍ਰਹਿ ਤੋਂ ਉੱਪਰ ਰੱਖਦੇ ਸਨਬੁੱਧ ਦੇ ਪੁੱਤਰ “ਰਾਹੁਲ” ਦੇ ਨਾਮ ’ਤੇ ਉਨ੍ਹਾਂ ਨੇ ਆਪਣਾ ਨਾਮ ਰੱਖਿਆ ਅਤੇ ਸਾਰੀ ਉਮਰ ਇੱਕ ਜਿਗਿਆਸੂ ਯਾਤਰੀ ਵਾਂਗ ਗਿਆਨ ਦੀ ਖੋਜ ਕਰਦੇ ਰਹੇ ਉਹ 36 ਤੋਂ ਵੱਧ ਭਾਸ਼ਾਵਾਂ ਦੇ ਜਾਣਕਾਰ ਸਨਹਿੰਦੀ, ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ, ਤਿੱਬਤੀ, ਰੂਸੀ, ਫਾਰਸੀ, ਅਰਬੀ, ਉਰਦੂ ਅਤੇ ਹੋਰ ਕਈ ਭਾਸ਼ਾਵਾਂ ’ਤੇ ਉਨ੍ਹਾਂ ਦੀ ਪਕੜ ਨੇ ਉਨ੍ਹਾਂ ਨੂੰ “ਮਹਾਪੰਡਿਤ” ਦਾ ਸਨਮਾਨ ਦਿਵਾਇਆਉਨ੍ਹਾਂ ਲਈ ਭਾਸ਼ਾਵਾਂ ਸਿਰਫ ਸੰਚਾਰ ਦਾ ਸਾਧਨ ਨਹੀਂ ਸਨ, ਸਗੋਂ ਵੱਖ-ਵੱਖ ਸੱਭਿਆਚਾਰਾਂ ਅਤੇ ਮਨੁੱਖੀ ਇਤਿਹਾਸ ਨੂੰ ਸਮਝਣ ਦੀ ਕੁੰਜੀ ਸਨ

ਰਾਹੁਲ ਸੰਕ੍ਰਿਤਿਆਯਨ ਨੇ ਲਗਭਗ 150 ਤੋਂ ਵੱਧ ਪੁਸਤਕਾਂ ਲਿਖੀਆਂਇਤਿਹਾਸ, ਦਰਸ਼ਨ, ਸਮਾਜ-ਵਿਗਿਆਨ, ਭਾਸ਼ਾ-ਵਿਗਿਆਨ, ਬੁੱਧ ਧਰਮ, ਯਾਤਰਾ ਅਤੇ ਰਾਜਨੀਤੀ ਵਰਗਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ’ਤੇ ਉਨ੍ਹਾਂ ਨੇ ਮਹੱਤਵਪੂਰਨ ਲਿਖਤ ਨਾ ਕੀਤੀ ਹੋਵੇ ਉਨ੍ਹਾਂ ਦੀ ਮਹਾਨ ਰਚਨਾ “ਵੋਲਗਾ ਸੇ ਗੰਗਾ” ਮਨੁੱਖੀ ਸੱਭਿਅਤਾ ਦੇ ਹਜ਼ਾਰਾਂ ਸਾਲਾਂ ਦੇ ਵਿਕਾਸ ਦੀ ਇੱਕ ਵਿਲੱਖਣ ਸਾਹਿਤਕ ਵਿਆਖਿਆ ਹੈਇਸ ਵਿੱਚ ਉਹ ਦੱਸਦੇ ਹਨ ਕਿ ਮਨੁੱਖੀ ਸਮਾਜ ਦਾ ਇਤਿਹਾਸ ਬਦਲਾਅ, ਮਿਹਨਤ, ਸੰਘਰਸ਼ ਅਤੇ ਵਿਕਾਸ ਦਾ ਇਤਿਹਾਸ ਹੈ। “ਅਠਾਤੋ ਘੁਮੱਕੜ ਜਿਗਿਆਸਾ” ਵਿੱਚ ਉਨ੍ਹਾਂ ਨੇ ਯਾਤਰਾ ਨੂੰ ਮਨੁੱਖ ਦੇ ਬੌਧਿਕ ਵਿਕਾਸ ਦਾ ਸਭ ਤੋਂ ਵੱਡਾ ਸਾਧਨ ਦੱਸਿਆ, ਜਦਕਿ “ਦਰਸ਼ਨ-ਦਿਗਦਰਸ਼ਨ” ਅਤੇ “ਮੱਧ ਏਸ਼ੀਆ ਕਾ ਇਤਿਹਾਸ” ਵਰਗੀਆਂ ਰਚਨਾਵਾਂ ਅੱਜ ਵੀ ਖੋਜਕਰਤਾਵਾਂ ਲਈ ਮਹੱਤਵਪੂਰਨ ਸੰਦਰਭ ਗ੍ਰੰਥ ਹਨ

ਰਾਹੁਲ ਸੰਕ੍ਰਿਤਿਆਯਨ ਦਾ ਸਭ ਤੋਂ ਮਹਾਨ ਯੋਗਦਾਨ ਤਿੱਬਤ ਦੀਆਂ ਉਨ੍ਹਾਂ ਦੀਆਂ ਚਾਰ ਇਤਿਹਾਸਕ ਯਾਤਰਾਵਾਂ ਹਨਭਾਰਤ ਵਿੱਚ ਨਸ਼ਟ ਹੋ ਚੁੱਕੇ ਬੌਧ ਅਤੇ ਸੰਸਕ੍ਰਿਤ ਸਾਹਿਤ ਦੇ ਸੈਂਕੜੇ ਦੁਰਲੱਭ ਹੱਥ-ਲਿਖਤ ਗ੍ਰੰਥ ਤਿੱਬਤ ਦੇ ਮੱਠਾਂ ਵਿੱਚ ਸੁਰੱਖਿਅਤ ਸਨਉਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਉਹ ਅਮੁੱਲ ਧਰੋਹਰ ਭਾਰਤ ਲਿਆਂਦੇਅੱਜ ਪਟਨਾ ਮਿਊਜ਼ੀਅਮ ਅਤੇ ਹੋਰ ਸੰਸਥਾਵਾਂ ਵਿੱਚ ਸੁਰੱਖਿਅਤ ਇਹ ਗ੍ਰੰਥ ਉਨ੍ਹਾਂ ਦੀ ਵਿਦਵਤਾ ਅਤੇ ਦੂਰਦਰਸ਼ਤਾ ਦੇ ਜੀਵੰਤ ਸਬੂਤ ਹਨ

ਰਾਹੁਲ ਸੰਕ੍ਰਿਤਿਆਯਨ ਕੇਵਲ ਇੱਕ ਵਿਦਵਾਨ ਨਹੀਂ ਸਨ; ਉਹ ਲੋਕਾਂ ਦੇ ਸੰਘਰਸ਼ਾਂ ਦੇ ਸਾਥੀ ਵੀ ਸਨ1930 ਅਤੇ 1940 ਦੇ ਦਹਾਕਿਆਂ ਵਿੱਚ ਉਹ ਕਿਸਾਨ ਅੰਦੋਲਨਾਂ ਨਾਲ ਸਰਗਰਮੀ ਨਾਲ ਜੁੜੇ ਅਤੇ ਅਖਿਲ ਭਾਰਤੀ ਕਿਸਾਨ ਸਭਾ ਵਿੱਚ ਅਹਿਮ ਭੂਮਿਕਾ ਨਿਭਾਈਉਹ ਇਸਦੇ ਰਾਸ਼ਟਰੀ ਪ੍ਰਧਾਨ ਵੀ ਰਹੇਕਿਸਾਨਾਂ, ਮਜ਼ਦੂਰਾਂ ਅਤੇ ਸ਼ੋਸ਼ਿਤ ਵਰਗਾਂ ਦੀ ਮੁਕਤੀ ਨੂੰ ਉਹ ਭਾਰਤ ਦੀ ਤਰੱਕੀ ਦੀ ਮੁੱਖ ਸ਼ਰਤ ਮੰਨਦੇ ਸਨਉਹ ਭਾਰਤੀ ਕਮਿਉਨਿਸਟ ਪਾਰਟੀ ਨਾਲ ਵੀ ਜੁੜੇ ਰਹੇ ਅਤੇ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਬਰਾਬਰੀ, ਧਰਮ ਨਿਰਪੱਖਤਾ ਅਤੇ ਵਿਗਿਆਨਕ ਸਮਾਜਵਾਦ ਦੇ ਵਿਚਾਰਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ

ਉਨ੍ਹਾਂ ਨੇ ਸੋਵੀਅਤ ਸੰਘ ਸਮੇਤ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਸਮਾਜਿਕ ਬਦਲਾਅ ਦੇ ਵੱਖ-ਵੱਖ ਤਜਰਬਿਆਂ ਦਾ ਅਧਿਐਨ ਕੀਤਾਉਨ੍ਹਾਂ ਲਈ ਮਾਰਕਸਵਾਦ ਕੋਈ ਅੰਧ-ਵਿਸ਼ਵਾਸ ਨਹੀਂ ਸੀ, ਸਗੋਂ ਸਮਾਜ ਅਤੇ ਇਤਿਹਾਸ ਨੂੰ ਸਮਝਣ ਦੀ ਇੱਕ ਵਿਗਿਆਨਕ ਪੱਧਤੀ ਸੀਇਸੇ ਕਰਕੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮਜ਼ਦੂਰ, ਕਿਸਾਨ ਅਤੇ ਆਮ ਲੋਕ ਇਤਿਹਾਸ ਦੇ ਅਸਲ ਨਾਇਕ ਵਜੋਂ ਸਾਹਮਣੇ ਆਉਂਦੇ ਹਨ

ਰਾਹੁਲ ਸੰਕ੍ਰਿਤਿਆਯਨ ਦਾ ਸਭ ਤੋਂ ਵੱਡਾ ਯੋਗਦਾਨ ਭਾਰਤੀ ਸਮਾਜ ਵਿੱਚ ਵਿਗਿਆਨਕ ਚੇਤਨਾ ਨੂੰ ਮਜ਼ਬੂਤ ਕਰਨਾ ਸੀਉਹ ਹਰ ਗੱਲ ਨੂੰ ਤਰਕ, ਪ੍ਰਮਾਣ ਅਤੇ ਅਧਿਐਨ ਦੀ ਕਸੌਟੀ ’ਤੇ ਪਰਖਣ ਦੇ ਹਿਮਾਇਤੀ ਸਨਉਨ੍ਹਾਂ ਨੇ ਜਾਤ-ਪਾਤ, ਅੰਧਵਿਸ਼ਵਾਸ, ਕਰਮਕਾਂਡ ਅਤੇ ਧਾਰਮਿਕ ਕੱਟੜਤਾ ਦੀ ਨਿਰਭੈ ਹੋ ਕੇ ਆਲੋਚਨਾ ਕੀਤੀਭਾਰਤ ਦੇ ਸੰਵਿਧਾਨ ਦੇ ਆਰਟੀਕਲ 51 (ਏ) (ਹ) ਵਿੱਚ ਹਰ ਨਾਗਰਿਕ ਦਾ ਫਰਜ਼ “ਵਿਗਿਆਨਕ ਦ੍ਰਿਸ਼ਟੀਕੋਣ, ਮਨੁੱਖਵਾਦ ਅਤੇ ਖੋਜ ਦੀ ਭਾਵਨਾ” ਨੂੰ ਵਿਕਸਿਤ ਕਰਨਾ ਦੱਸਿਆ ਗਿਆ ਹੈਰਾਹੁਲ ਸੰਕ੍ਰਿਤਿਆਯਨ ਨੇ ਇਹ ਆਦਰਸ਼ ਸੰਵਿਧਾਨ ਬਣਨ ਤੋਂ ਪਹਿਲਾਂ ਹੀ ਆਪਣੇ ਜੀਵਨ ਵਿੱਚ ਅਮਲ ਕਰਕੇ ਦਿਖਾਇਆ ਸੀ

ਉਨ੍ਹਾਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਵੀ ਸਰਗਰਮ ਹਿੱਸਾ ਲਿਆ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਕਈ ਵਾਰ ਜੇਲ੍ਹ ਵੀ ਭੇਜੇ ਗਏਪਰ ਨਾ ਜੇਲ੍ਹਾਂ ਉਨ੍ਹਾਂ ਦੀ ਸੋਚ ਨੂੰ ਕੈਦ ਕਰ ਸਕੀਆਂ ਅਤੇ ਨਾ ਹੀ ਦਮਨ ਉਨ੍ਹਾਂ ਦੀ ਲਿਖਤ ਨੂੰ ਰੋਕ ਸਕਿਆ

1958 ਵਿੱਚ ਉਨ੍ਹਾਂ ਨੂੰ “ਮੱਧ ਏਸ਼ੀਆ ਕਾ ਇਤਿਹਾਸ” ਲਈ ਸਾਹਿਤ ਅਕਾਦਮੀ ਪੁਰਸਕਾਰ ਅਤੇ 1963 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆਇਹ ਸਨਮਾਨ ਉਨ੍ਹਾਂ ਦੀ ਵਿਦਵਤਾ ਦਾ ਪ੍ਰਤੀਕ ਹਨ, ਪਰ ਉਨ੍ਹਾਂ ਦੀ ਅਸਲ ਪਛਾਣ ਉਨ੍ਹਾਂ ਦਾ ਲੋਕ-ਪੱਖੀ, ਵਿਗਿਆਨਕ ਅਤੇ ਮਨੁੱਖਵਾਦੀ ਚਿੰਤਨ ਹੈ

ਅੱਜ ਜਦੋਂ ਇਤਿਹਾਸ ਨੂੰ ਤੱਥਾਂ ਦੀ ਥਾਂ ਮਿਥਿਹਾਸ ਨਾਲ ਬਦਲਣ, ਵਿਗਿਆਨ ਦੀ ਥਾਂ ਅੰਧਵਿਸ਼ਵਾਸ ਨੂੰ ਸਥਾਪਿਤ ਕਰਨ ਅਤੇ ਸਵਾਲ ਪੁੱਛਣ ਵਾਲਿਆਂ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਦੋਂ ਰਾਹੁਲ ਸੰਕ੍ਰਿਤਿਆਯਨ ਦੀਆਂ ਰਚਨਾਵਾਂ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਹੋ ਜਾਂਦੀਆਂ ਹਨਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ਭਗਤੀ ਦਾ ਅਰਥ ਨਫਰਤ ਨਹੀਂ, ਸਗੋਂ ਗਿਆਨ, ਤਰੱਕੀ, ਮਨੁੱਖੀ ਬਰਾਬਰੀ ਅਤੇ ਸੱਚ ਦੀ ਖੋਜ ਹੈ

ਰਾਹੁਲ ਸੰਕ੍ਰਿਤਿਆਯਨ ਦੀ ਮੂਰਤੀ ਨਾਲ ਕੀਤੀ ਗਈ ਤੋੜ-ਫੋੜ ਦੀ ਨਿੰਦਾ ਕਰਨੀ ਜ਼ਰੂਰੀ ਹੈ, ਪਰ ਇਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਉਨ੍ਹਾਂ ਦੀਆਂ ਪੁਸਤਕਾਂ ਨਵੀਂ ਪੀੜ੍ਹੀ ਤਕ ਪਹੁੰਚਣ। “ਵੋਲਗਾ ਸੇ ਗੰਗਾ”, ਅਠਾਤੋ ਘੁਮੱਕੜ ਜਿਗਿਆਸਾ”,ਦਰਸ਼ਨ-ਦਿਗਦਰਸ਼ਨ” ਅਤੇ “ਮੱਧ ਏਸ਼ੀਆ ਕਾ ਇਤਿਹਾਸ” ਵਰਗੀਆਂ ਰਚਨਾਵਾਂ ਹਰ ਪੁਸਤਕਾਲੇ ਅਤੇ ਹਰ ਜਿਗਿਆਸੂ ਪਾਠਕ ਤਕ ਪਹੁੰਚਣੀਆਂ ਚਾਹੀਦੀਆਂ ਹਨਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ

ਮੂਰਤੀਆਂ ਟੁੱਟ ਸਕਦੀਆਂ ਹਨ, ਪਰ ਵਿਚਾਰ ਨਹੀਂਕਿਤਾਬਾਂ ਸਾੜੀਆਂ ਜਾ ਸਕਦੀਆਂ ਹਨ, ਪਰ ਗਿਆਨ ਦੀ ਰੌਸ਼ਨੀ ਨਹੀਂ ਬੁਝਾਈ ਜਾ ਸਕਦੀਰਾਹੁਲ ਸੰਕ੍ਰਿਤਿਆਯਨ ਦਾ ਜੀਵਨ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਉਸਦੀ ਜਿਗਿਆਸਾ, ਤਰਕਸ਼ੀਲਤਾ ਅਤੇ ਸੱਚ ਦੀ ਖੋਜ ਹੈਇਹੀ ਉਹ ਵਿਰਾਸਤ ਹੈ ਜਿਸਦੀ ਰੱਖਿਆ ਕਰਨਾ ਅੱਜ ਹਰ ਲੋਕਤੰਤਰੀ, ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਨਾਗਰਿਕ ਦੀ ਜ਼ਿੰਮੇਵਾਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author