ManinderBhatia7ਅੱਜ ਭਾਵੇਂ ਇਤਿਹਾਸ ਨੂੰ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਭਾਵੇਂ ਸੱਤਾ ...
(27 ਮਈ 2026)


27
ਮਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਸੀ ਦਾ ਦਿਨ ਹੈਇਹ ਦਿਨ ਸਿਰਫ ਇੱਕ ਵਿਅਕਤੀ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਸ ਦੌਰ ਨੂੰ ਸਮਝਣ ਦਾ ਵੀ ਹੈ ਜਦੋਂ ਨਵਾਂ-ਨਵਾਂ ਆਜ਼ਾਦ ਹੋਇਆ ਭਾਰਤ ਭੁੱਖ, ਗਰੀਬੀ, ਬੇਰੁਜ਼ਗਾਰੀ, ਅਣਪੜ੍ਹਤਾ, ਧਾਰਮਿਕ ਹਿੰਸਾ ਅਤੇ ਵੰਡ ਦੇ ਡੂੰਘੇ ਜ਼ਖਮਾਂ ਨਾਲ ਜੂਝ ਰਿਹਾ ਸੀਉਸ ਸਮੇਂ ਦੇਸ਼ ਨੂੰ ਅਜਿਹੀ ਅਗਵਾਈ ਦੀ ਲੋੜ ਸੀ ਜੋ ਸਿਰਫ ਸਰਕਾਰ ਨਾ ਚਲਾਏ, ਸਗੋਂ ਇੱਕ ਨਵੇਂ ਭਾਰਤ ਦੀ ਨੀਂਹ ਰੱਖੇਨਹਿਰੂ ਨੇ ਇਹ ਜ਼ਿੰਮੇਵਾਰੀ ਆਪਣੇ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ

ਅੱਜ ਜਦੋਂ ਰਾਜਨੀਤੀ ਅਕਸਰ ਧਰਮ, ਨਫਰਤ ਅਤੇ ਚੋਣਾਂ ਦੇ ਹਿਸਾਬ-ਕਿਤਾਬ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦਿੰਦੀ ਹੈ ਤਾਂ ਨਹਿਰੂ ਦਾ ਦੌਰ ਇਸ ਗੱਲ ਲਈ ਯਾਦ ਆਉਂਦਾ ਹੈ ਕਿ ਉਸ ਵੇਲੇ ਦੇਸ਼ ਬਣਾਉਣ ਦੀ ਗੱਲ ਹੁੰਦੀ ਸੀਉਹਨਾਂ ਦੇ ਵਿਚਾਰਾਂ ਨਾਲ ਅਸਹਿਮਤੀ ਹੋ ਸਕਦੀ ਹੈ, ਉਹਨਾਂ ਦੀਆਂ ਨੀਤੀਆਂ ’ਤੇ ਬਹਿਸ ਹੋ ਸਕਦੀ ਹੈ, ਪਰ ਇਹ ਸੱਚ ਹੈ ਕਿ ਉਹਨਾਂ ਨੇ ਭਾਰਤ ਨੂੰ ਇੱਕ ਆਧੁਨਿਕ, ਵਿਗਿਆਨਕ ਅਤੇ ਲੋਕਤੰਤਰਕ ਰਾਸ਼ਟਰ ਬਣਾਉਣ ਦੀ ਦਿਸ਼ਾ ਦਿੱਤੀ

ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਇਕਜੁੱਟ ਰੱਖਣ ਅਤੇ ਲੋਕਤੰਤਰ ਨੂੰ ਬਚਾ ਕੇ ਰੱਖਣ ਦੀ ਸੀਵੰਡ ਤੋਂ ਬਾਅਦ ਦੇਸ਼ ਵਿੱਚ ਧਾਰਮਿਕ ਤਣਾਅ ਬਹੁਤ ਵੱਧ ਸੀਲੱਖਾਂ ਲੋਕ ਮਾਰੇ ਗਏ ਸਨ ਅਤੇ ਕਰੋੜਾਂ ਬੇਘਰ ਹੋਏ ਸਨਅਜਿਹੇ ਸਮੇਂ ਵਿੱਚ ਨਹਿਰੂ ਨੇ ਧਰਮਨਿਰਪੱਖਤਾ ਨੂੰ ਭਾਰਤ ਦੀ ਰੂਹ ਵਜੋਂ ਪੇਸ਼ ਕੀਤਾਉਹ ਮੰਨਦੇ ਸਨ ਕਿ ਇਹ ਦੇਸ਼ ਕਿਸੇ ਇੱਕ ਧਰਮ ਜਾਂ ਜਾਤ ਦਾ ਨਹੀਂ, ਸਗੋਂ ਸਭ ਦਾ ਹੈਉਹਨਾਂ ਦੀ ਰਾਜਨੀਤੀ ਵਿੱਚ “ਸਭ ਨੂੰ ਨਾਲ ਲੈ ਕੇ ਚੱਲਣਦਾ ਵਿਚਾਰ ਸਿਰਫ ਨਾਹਰਾ ਨਹੀਂ ਸੀ, ਸਗੋਂ ਉਹ ਉਹਨਾਂ ਦੇ ਕੰਮਾਂ ਵਿੱਚ ਵੀ ਦਿਖਾਈ ਦਿੰਦਾ ਸੀ

ਨਹਿਰੂ ਨੇ ਕਦੇ ਵੀ ਰਾਜਨੀਤੀ ਨੂੰ ਧਾਰਮਿਕ ਨਫਰਤ ਦਾ ਹਥਿਆਰ ਨਹੀਂ ਬਣਾਇਆਉਹ ਕਹਿੰਦੇ ਸਨ ਕਿ ਜੇ ਭਾਰਤ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਲੋਕਾਂ ਨੂੰ ਧਰਮ ਦੇ ਅਧਾਰ ’ਤੇ ਨਹੀਂ, ਸਗੋਂ ਨਾਗਰਿਕ ਵਜੋਂ ਦੇਖਣਾ ਪਵੇਗਾਇਸੇ ਕਰਕੇ ਉਹਨਾਂ ਨੇ ਸੰਵਿਧਾਨ ਵਿੱਚ ਧਰਮਨਿਰਪੱਖਤਾ ਅਤੇ ਲੋਕਤੰਤਰਿਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਪੂਰਾ ਸਹਿਯੋਗ ਦਿੱਤਾ

ਨਹਿਰੂ ਦੀ ਇੱਕ ਵੱਡੀ ਖੂਬੀ ਇਹ ਵੀ ਸੀ ਕਿ ਉਹ ਵਿਰੋਧੀ ਧਿਰ ਦਾ ਸਤਿਕਾਰ ਕਰਦੇ ਸਨਉਹ ਆਲੋਚਨਾ ਤੋਂ ਘਬਰਾਉਂਦੇ ਨਹੀਂ ਸਨਸੰਸਦ ਵਿੱਚ ਵਿਰੋਧੀ ਨੇਤਾਵਾਂ ਦੀ ਗੱਲ ਧਿਆਨ ਨਾਲ ਸੁਣਦੇ ਸਨ ਅਤੇ ਕਈ ਵਾਰ ਉਹਨਾਂ ਦੀਆਂ ਸਲਾਹਾਂ ਨੂੰ ਮੰਨਦੇ ਵੀ ਸਨਅੱਜ ਜਦੋਂ ਵਿਰੋਧੀ ਆਵਾਜ਼ਾਂ ਨੂੰ ਦੇਸ਼ ਵਿਰੋਧੀ ਕਹਿ ਦੇਣਾ ਆਮ ਗੱਲ ਬਣਦੀ ਜਾ ਰਹੀ ਹੈ, ਨਹਿਰੂ ਦਾ ਇਹ ਰਵਈਆ ਹੋਰ ਵੀ ਮਹੱਤਵਪੂਰਨ ਲਗਦਾ ਹੈਉਹ ਮੰਨਦੇ ਸਨ ਕਿ ਮਜ਼ਬੂਤ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੈ

ਉਹਨਾਂ ਦੇ ਦੌਰ ਵਿੱਚ ਪ੍ਰੈੱਸ ਨੂੰ ਵੀ ਕਾਫੀ ਅਜ਼ਾਦੀ ਮਿਲੀ ਹੋਈ ਸੀਅਖਬਾਰ ਸਰਕਾਰ ਦੀ ਆਲੋਚਨਾ ਕਰਦੇ ਸਨ, ਪਰ ਨਹਿਰੂ ਨੇ ਕਦੇ ਵੀ ਹਰ ਅਸਹਿਮਤੀ ਨੂੰ ਦੁਸ਼ਮਣੀ ਨਹੀਂ ਮੰਨਿਆਇਹੀ ਲੋਕਤੰਤਰ ਦੀ ਅਸਲ ਰੂਹ ਹੁੰਦੀ ਹੈਉਸ ਸਮੇਂ ਪ੍ਰੈੱਸ ਵਾਕਿਆ ਹੀ ਦੇਸ਼ ਦੇ ਲੋਕਤੰਤਰ ਦੀ ਰਖਵਾਲੀ ਦਾ ਚੌਥਾ ਥੰਮ੍ਹ ਸੀ

ਦੇਸ਼ ਦੀ ਤਰੱਕੀ ਲਈ ਨਹਿਰੂ ਨੇ ਉਦਯੋਗਿਕ ਵਿਕਾਸ ਨੂੰ ਬਹੁਤ ਮਹੱਤਵ ਦਿੱਤਾ ਅਜ਼ਾਦੀ ਵੇਲੇ ਭਾਰਤ ਵਿੱਚ ਵੱਡੇ ਉਦਯੋਗ ਲਗਭਗ ਨਾਂਹ ਦੇ ਬਰਾਬਰ ਸਨਉਹਨਾਂ ਨੇ ਸਰਕਾਰੀ ਖੇਤਰ ਦੇ ਵੱਡੇ ਕਾਰਖਾਨੇ ਖੜ੍ਹੇ ਕਰਨ ਦੀ ਨੀਤੀ ਅਪਣਾਈਭਿਲਾਈ, ਰੌਰਕੇਲਾ ਅਤੇ ਦੁਰਗਾਪੁਰ ਵਰਗੇ ਇਸਪਾਤ ਕਾਰਖਾਨੇ ਸਿਰਫ ਉਦਯੋਗ ਨਹੀਂ ਸਨ, ਸਗੋਂ ਨਵੇਂ ਭਾਰਤ ਦੇ ਪ੍ਰਤੀਕ ਸਨਉਹ ਕਹਿੰਦੇ ਸਨ ਕਿ ਵੱਡੇ ਬੰਨ੍ਹ ਅਤੇ ਉਦਯੋਗ “ਅਧੁਨਿਕ ਭਾਰਤ ਦੇ ਮੰਦਰਹਨ

ਭਾਖੜਾ ਨੰਗਲ ਡੈਮ ਵਰਗੇ ਪ੍ਰੋਜੈਕਟਾਂ ਨੇ ਦੇਸ਼ ਦੀ ਖੇਤੀ ਅਤੇ ਬਿਜਲੀ ਉਤਪਾਦਨ ਨੂੰ ਨਵੀਂ ਤਾਕਤ ਦਿੱਤੀਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੀ ਖੇਤੀ ਵਿੱਚ ਆਈ ਤਰੱਕੀ ਦੇ ਪਿੱਛੇ ਵੀ ਇਨ੍ਹਾਂ ਸਿੰਚਾਈ ਯੋਜਨਾਵਾਂ ਦੀ ਵੱਡੀ ਭੂਮਿਕਾ ਰਹੀ

ਨਹਿਰੂ ਨੇ ਵਿਗਿਆਨ ਅਤੇ ਸਿੱਖਿਆ ਨੂੰ ਦੇਸ਼ ਦੀ ਤਰੱਕੀ ਦਾ ਅਸਲ ਅਧਾਰ ਮੰਨਿਆਉਹਨਾਂ ਦੇ ਸਮੇਂ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੌਲੋਜੀ (ਆਈਆਈਟੀਜ) ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਕਈ ਵਿਗਿਆਨਕ ਖੋਜ ਸੰਸਥਾਵਾਂ ਦੀ ਸਥਾਪਨਾ ਹੋਈਅੱਜ ਭਾਰਤੀ ਵਿਗਿਆਨੀ ਅਤੇ ਇੰਜਨੀਅਰ ਦੁਨੀਆ ਭਰ ਵਿੱਚ ਆਪਣਾ ਨਾਮ ਕਮਾ ਰਹੇ ਹਨ ਤਾਂ ਉਸਦੀ ਨੀਂਹ ਉਸੇ ਦੌਰ ਵਿੱਚ ਰੱਖੀ ਗਈ ਸੀ

ਉਹ ਵਿਗਿਆਨਕ ਸੋਚ ਦੇ ਹਾਮੀ ਸਨਉਹ ਚਾਹੁੰਦੇ ਸਨ ਕਿ ਲੋਕ ਅੰਧਵਿਸ਼ਵਾਸ ਤੋਂ ਉੱਪਰ ਉੱਠ ਕੇ ਤਰਕ ਅਤੇ ਗਿਆਨ ਦੀ ਗੱਲ ਕਰਨਅੱਜ ਜਦੋਂ ਝੂਠ ਅਤੇ ਅੰਧਵਿਸ਼ਵਾਸ ਨੂੰ ਕਈ ਵਾਰ ਰਾਜਨੀਤਿਕ ਸਹਾਰਾ ਮਿਲਦਾ ਦਿਖਾਈ ਦਿੰਦਾ ਹੈ, ਜਦੋਂ ਗੋ ਮੂਤਰ ਅਤੇ ਗੋਬਰ ’ਤੇ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਨਹਿਰੂ ਦੀ “ਵਿਗਿਆਨਕ ਸੋਚਵਾਲੀ ਗੱਲ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦੀ ਹੈ

ਵਿਦੇਸ਼ ਨੀਤੀ ਵਿੱਚ ਵੀ ਨਹਿਰੂ ਨੇ ਭਾਰਤ ਦੀ ਸੁਤੰਤਰ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀਗੁੱਟ ਨਿਰਲੇਪ ਲਹਿਰ ਰਾਹੀਂ ਉਹਨਾਂ ਨੇ ਭਾਰਤ ਨੂੰ ਅਮਰੀਕਾ ਜਾਂ ਸੋਵੀਅਤ ਯੂਨੀਅਨ ਦੇ ਧੜਿਆਂ ਤੋਂ ਦੂਰ ਰੱਖ ਕੇ ਇੱਕ ਖੁਦਮੁਖਤਿਆਰ ਰਾਹ ’ਤੇ ਤੁਰਨ ਦੀ ਕੋਸ਼ਿਸ਼ ਕੀਤੀਸਿਰਫ ਆਪਣੇ ਦੇਸ਼ ਨੂੰ ਹੀ ਗੁੱਟ ਨਿਰਲੇਪ ਨਹੀਂ ਰੱਖਿਆ ਸਗੋਂ ਵਿਸ਼ਵ ਪੱਧਰ ’ਤੇ ਨਾਸਰ ਅਤੇ ਮਾਰਸ਼ਲ ਟੀਟੋ ਨਾਲ ਮਿਲ ਕੇ ਇੱਕ ਲਹਿਰ ਖੜ੍ਹੀ ਕੀਤੀ ਅਤੇ ਉਸਦੀ ਅਗਵਾਈ ਵੀ ਕੀਤੀਇਹ ਨੀਤੀ ਕਈ ਨਵੇਂ ਆਜ਼ਾਦ ਹੋਏ ਦੇਸ਼ਾਂ ਲਈ ਵੀ ਪ੍ਰੇਰਣਾ ਬਣੀ

ਅੱਜ ਜਦੋਂ ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਇਤਿਹਾਸ ਨੂੰ ਧਾਰਮਿਕ ਐਨਕ ਨਾਲ ਦੇਖਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਰਾਜਨੀਤੀ ਵਿੱਚ ਵੰਡ ਪੈਦਾ ਕਰਨ ਵਾਲੀ ਭਾਸ਼ਾ ਵਧ ਰਹੀ ਹੈ ਤਾਂ ਨਹਿਰੂ ਦੀ ਯਾਦ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈਉਹਨਾਂ ਨੇ ਭਾਰਤ ਨੂੰ ਧਰਮਨਿਰਪੇਖ, ਲੋਕਤੰਤਰਿਕ ਅਤੇ ਵਿਗਿਆਨਕ ਰਾਹ ’ਤੇ ਲਿਜਾਣ ਦਾ ਸੁਪਨਾ ਦੇਖਿਆ ਸੀ

ਨਹਿਰੂ ਨੂੰ ਯਾਦ ਕਰਨ ਦਾ ਮਤਲਬ ਸਿਰਫ “ਚਾਚਾ ਨਹਿਰੂਕਹਿ ਕੇ ਫੁੱਲ ਚੜ੍ਹਾਉਣਾ ਨਹੀਂ, ਸਗੋਂ ਇਹ ਸੋਚਣਾ ਵੀ ਹੈ ਕਿ ਕੀ ਅਸੀਂ ਉਸ ਭਾਰਤ ਵੱਲ ਵਧ ਰਹੇ ਹਾਂ ਜਿਸਦੀ ਨੀਂਹ ਉਹਨਾਂ ਨੇ ਰੱਖੀ ਸੀਅੱਜ ਕਾਂਗਰਸ ਪਾਰਟੀ ਵੀ ਨਹਿਰੂ ਦੀ ਵਿਚਾਰਧਾਰਾ ਨੂੰ ਛੱਡਦੀ ਨਜ਼ਰ ਆ ਰਹੀ ਹੈ ਅਤੇ ਉਹ ਮੌਜੂਦਾ ਬੀਜੇਪੀ ਦੀ ਰਾਜ ਨੀਤੀ ਨਾਲ ਵਿਚਾਰਧਾਰਕ ਤੌਰ ’ਤੇ ਲੜਨ ਦੀ ਥਾਂ ’ਤੇ ਬੀਜੇਪੀ ਵੱਲੋਂ ਸੈੱਟ ਕੀਤੇ ਨੈਰੇਟਿਵ ’ਤੇ ਹੀ ਲੜਦੀ ਹੈ ਅੱਜ ਦੀ ਰਾਜਨੀਤੀ ਵਿੱਚ ਜਿੱਥੇ ਸੱਤਾ ਨੂੰ ਹੀ ਸਭ ਕੁਝ ਸਮਝ ਲਿਆ ਜਾਂਦਾ ਹੈ, ਉੱਥੇ ਨਹਿਰੂ ਦੀ ਯਾਦ ਇਹ ਅਹਿਸਾਸ ਕਰਾਉਂਦੀ ਹੈ-

ਇਕ ਉਹ ਵੀ ਪ੍ਰਧਾਨ ਮੰਤਰੀ ਸੀ, ਜੋ ਸਿਰਫ ਚੋਣਾਂ ਨਹੀਂ, ਦੇਸ਼ ਦਾ ਭਵਿੱਖ ਵੀ ਸੋਚਦਾ ਸੀ। ਜੋ ਵਿਰੋਧੀਆਂ ਨੂੰ ਦੁਸ਼ਮਣ ਨਹੀਂ, ਲੋਕਤੰਤਰ ਦਾ ਜ਼ਰੂਰੀ ਹਿੱਸਾ ਮੰਨਦਾ ਸੀ; ਅਤੇ ਜੋ ਧਰਮ ਦੇ ਨਾਮ ’ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਭਾਰਤ ਬਣਾਉਣਾ ਚਾਹੁੰਦਾ ਸੀ।”

ਅੱਜ ਭਾਵੇਂ ਇਤਿਹਾਸ ਨੂੰ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਭਾਵੇਂ ਸੱਤਾ ਦੇ ਜ਼ੋਰ ਨਾਲ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਹਿਰੂ ਨੂੰ ਇਤਿਹਾਸ ਤੋਂ ਮਿਟਾਉਣਾ ਇੰਨਾ ਅਸਾਨ ਨਹੀਂਉਹ ਸਿਰਫ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮੰਤਰੀ ਨਹੀਂ ਸਨ, ਉਹ ਇਸ ਦੇਸ਼ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਸਨਆਧੁਨਿਕ ਭਾਰਤ ਦੀ ਨੀਂਹ ਵਿੱਚ ਉਹਨਾਂ ਦੀ ਸੋਚ, ਉਹਨਾਂ ਦੇ ਸੁਪਨੇ ਅਤੇ ਉਹਨਾਂ ਦੀ ਮਿਹਨਤ ਸ਼ਾਮਲ ਹੈਵੱਡੇ ਡੈਮਾਂ ਤੋਂ ਲੈ ਕੇ ਵਿਗਿਆਨਕ ਸੰਸਥਾਵਾਂ ਤਕ, ਲੋਕਤੰਤਰ ਤੋਂ ਲੈ ਕੇ ਧਰਮਨਿਰਪੱਖਤਾ ਤਕ - ਹਰ ਥਾਂ ਨਹਿਰੂ ਦੀ ਛਾਪ ਦਿਖਾਈ ਦਿੰਦੀ ਹੈ

ਇਸ ਲਈ ਲੱਖ ਯਤਨਾਂ ਦੇ ਬਾਵਜੂਦ ਵੀ ਮੋਦੀ ਸਰਕਾਰ ਨਹਿਰੂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਖਤਮ ਨਹੀਂ ਕਰ ਸਕੇਗੀ ਕਿਉਂਕਿ ਉਹਨਾਂ ਦੀ ਅਸਲ ਜਗ੍ਹਾ ਕਿਤਾਬਾਂ ਵਿੱਚ ਨਹੀਂ, ਲੋਕਾਂ ਦੀ ਯਾਦ ਅਤੇ ਭਾਰਤ ਦੇ ਨਿਰਮਾਣ ਵਿੱਚ ਹੈ

ਸੱਚਮੁੱਚ, ਇੱਕ ਉਹ ਵੀ ਪ੍ਰਧਾਨ ਮੰਤਰੀ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author