ManinderSBhatia7“ਇਸ ਦੌਰ ਵਿੱਚ ਉਨ੍ਹਾਂ ਦਾ ਦਿੱਤਾ ਨਾਅਰਾ “ਜੈ ਜਵਾਨ, ਜੈ ਕਿਸਾਨ” ਦੇਸ਼ ਦੀ ...”
(2 ਅਕਤੂਬਰ 2026)


ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਕੁਝ ਅਜਿਹੇ ਆਗੂ ਹੋਏ ਹਨ ਜਿਨ੍ਹਾਂ ਦੀ ਪਛਾਣ ਉਨ੍ਹਾਂ ਦੇ ਅਹੁਦੇ ਨਾਲੋਂ ਵਧੇਰੇ ਉਨ੍ਹਾਂ ਦੇ ਜੀਵਨ-ਚਰਿੱਤਰ ਕਰਕੇ ਬਣੀ
। ਲਾਲ ਬਹਾਦਰ ਸ਼ਾਸਤਰੀ ਵੀ ਅਜਿਹੇ ਹੀ ਆਗੂ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਵਰਗੇ ਸਰਵਉੱਚ ਅਹੁਦੇ ’ਤੇ ਪਹੁੰਚਣ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਾਦਗੀ, ਇਮਾਨਦਾਰੀ ਅਤੇ ਜਨਤਕ ਜੀਵਨ ਵਿੱਚ ਨੈਤਿਕਤਾ ਦੀ ਮਹੱਤਤਾ ਆਖਰੀ ਸਾਹ ਤਕ ਬਣੀ ਰਹੀ।

2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਨਾਲ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਵੀ ਮਨਾਈ ਜਾਂਦੀ ਹੈ। ਦੋਵਾਂ ਆਗੂਆਂ ਦੀਆਂ ਜੀਵਨ-ਯਾਤਰਾਵਾਂ ਵੱਖਰੀਆਂ ਸਨ, ਪਰ ਸਾਦਗੀ ਅਤੇ ਜਨਤਕ ਜੀਵਨ ਵਿੱਚ ਨੈਤਿਕਤਾ ਉਨ੍ਹਾਂ ਨੂੰ ਇੱਕ ਸਾਂਝੀ ਕੜੀ ਨਾਲ ਜੋੜਦੀ ਹੈ। ਸ਼ਾਸਤਰੀ ਜੀ ਨਾਲ ਜੁੜੀ ਇੱਕ ਪ੍ਰਸਿੱਧ ਘਟਨਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਆਰਥਿਕ ਸਾਦਗੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ। ਪਰਿਵਾਰ ਲਈ ਕਾਰ ਦੀ ਲੋੜ ਪਈ ਤਾਂ ਉਨ੍ਹਾਂ ਨੇ ਆਪਣੀ ਸਮਰੱਥਾ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਤੋਂ ਕਾਰ ਲੋਨ ਲਿਆ। ਉਸ ਸਮੇਂ ਨਵੀਂ ਫਿਏਟ ਕਾਰ ਦੀ ਕੀਮਤ ਲਗਭਗ 12 ਹਜ਼ਾਰ ਰੁਪਏ ਦੱਸੀ ਜਾਂਦੀ ਹੈ, ਜਦਕਿ ਉਨ੍ਹਾਂ ਕੋਲ ਇਸ ਖਰੀਦ ਲਈ ਪੂਰੀ ਰਕਮ ਮੌਜੂਦ ਨਹੀਂ ਸੀ। ਇਸ ਲਈ ਬਾਕੀ ਰਕਮ ਲਈ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ।

ਇਸ ਘਟਨਾ ਦੀ ਸਭ ਤੋਂ ਮਹੱਤਵਪੂਰਨ ਗੱਲ ਕਾਰ ਖਰੀਦਣਾ ਨਹੀਂ, ਸਗੋਂ ਕਰਜ਼ਾ ਲੈਣ ਅਤੇ ਵਾਪਸ ਕਰਨ ਪ੍ਰਤੀ ਉਨ੍ਹਾਂ ਦਾ ਰਵਈਆ ਸੀ। ਸ਼ਾਸਤਰੀ ਜੀ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਫਿਰ ਵੀ ਉਨ੍ਹਾਂ ਨੇ ਆਪਣੇ ਅਹੁਦੇ ਨੂੰ ਨਿੱਜੀ ਵਿੱਤੀ ਸਹੂਲਤ ਹਾਸਲ ਕਰਨ ਦਾ ਸਾਧਨ ਨਹੀਂ ਬਣਾਇਆ। ਉਨ੍ਹਾਂ ਲਈ ਬੈਂਕ ਦੇ ਨਿਯਮ ਉਹੀ ਸਨ ਜੋ ਕਿਸੇ ਆਮ ਨਾਗਰਿਕ ਲਈ ਹੁੰਦੇ ਹਨ। ਇਹੀ ਗੱਲ ਅੱਜ ਦੇ ਸਮੇਂ ਵਿੱਚ ਇਸ ਘਟਨਾ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦੀ ਹੈ। ਸਿਆਸੀ ਅਹੁਦਾ ਜਿੰਨਾ ਵੱਡਾ ਹੋਵੇ, ਜਨਤਕ ਜੀਵਨ ਵਿੱਚ ਜਵਾਬਦੇਹੀ ਦੀ ਲੋੜ ਵੀ ਉੰਨੀ ਹੀ ਵੱਡੀ ਹੁੰਦੀ ਹੈ।

ਸ਼ਾਸਤਰੀ ਜੀ ਦੀ ਜ਼ਿੰਦਗੀ ਦੀ ਇੱਕ ਹੋਰ ਚਰਚਿਤ ਗੱਲ ਇਹ ਹੈ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਬਕਾਇਆ ਕਾਰ ਲੋਨ ਨੂੰ ਮੁਆਫ ਕਰਵਾਉਣ ਦੀ ਬਜਾਏ ਉਸ ਨੂੰ ਚੁਕਾਉਣ ਦਾ ਰਾਹ ਚੁਣਿਆ। ਉਨ੍ਹਾਂ ਦੀ ਪਤਨੀ ਲਲਿਤਾ ਸ਼ਾਸਤਰੀ ਨੇ ਆਪਣੀ ਪਰਿਵਾਰਕ ਪੈਨਸ਼ਨ ਵਿੱਚੋਂ ਕਿਸ਼ਤਾਂ ਦੇ ਕੇ ਕਰਜ਼ਾ ਅਦਾ ਕਰਨ ਦਾ ਫੈਸਲਾ ਕੀਤਾ। ਇਸ ਘਟਨਾ ਨੂੰ ਸ਼ਾਸਤਰੀ ਪਰਿਵਾਰ ਦੀ ਸਾਦਗੀ ਅਤੇ ਜ਼ਿੰਮੇਵਾਰੀ ਦੀ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ।

ਸ਼ਾਸਤਰੀ ਜੀ ਦਾ ਜੀਵਨ ਸਿਰਫ ਨਿੱਜੀ ਸਾਦਗੀ ਤਕ ਸੀਮਿਤ ਨਹੀਂ ਸੀ, ਉਹ ਦੇਸ਼ ਦੇ ਔਖੇ ਦੌਰ ਵਿੱਚ ਪ੍ਰਧਾਨ ਮੰਤਰੀ ਬਣੇ। 1964 ਵਿੱਚ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਦੇਸ਼ ਵਿੱਚ ਅਨਾਜ ਦੀ ਕਮੀ ਅਤੇ ਆਰਥਿਕ ਮੁਸ਼ਕਲਾਂ ਸਮੇਤ ਕਈ ਚੁਣੌਤੀਆਂ ਸਨ। 1965 ਦੀ ਭਾਰਤ-ਪਾਕਿਸਤਾਨ ਜੰਗ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ। ਇਸ ਦੌਰ ਵਿੱਚ ਉਨ੍ਹਾਂ ਦਾ ਦਿੱਤਾ ਨਾਅਰਾ “ਜੈ ਜਵਾਨ, ਜੈ ਕਿਸਾਨ” ਦੇਸ਼ ਦੀ ਸਾਂਝੀ ਚੇਤਨਾ ਦਾ ਹਿੱਸਾ ਬਣ ਗਿਆ। ਇਸ ਨਾਅਰੇ ਵਿੱਚ ਦੇਸ਼ ਦੀ ਸੁਰੱਖਿਆ ਕਰਨ ਵਾਲੇ ਜਵਾਨਾਂ ਅਤੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ - ਦੋਵਾਂ ਦੀ ਭੂਮਿਕਾ ਨੂੰ ਬਰਾਬਰ ਮਹੱਤਤਾ ਦਿੱਤੀ ਗਈ।

ਸ਼ਾਸਤਰੀ ਜੀ ਨੇ ਲੋਕਾਂ ਨੂੰ ਮੁਸ਼ਕਿਲ ਸਮੇਂ ਵਿੱਚ ਕੁਰਬਾਨੀ ਅਤੇ ਸੰਜਮ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੀ ਅਪੀਲ ਦਾ ਮਕਸਦ ਇਹ ਸੀ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਸਾਹਮਣਾ ਸਿਰਫ ਸਰਕਾਰ ਨਹੀਂ, ਸਗੋਂ ਆਮ ਲੋਕ ਵੀ ਸਾਂਝੀ ਜ਼ਿੰਮੇਵਾਰੀ ਨਾਲ ਕਰਨ। ਉਨ੍ਹਾਂ ਦੀ ਰਾਜਨੀਤੀ ਵਿੱਚ ਸਾਦਗੀ ਦਾ ਇੱਕ ਹੋਰ ਪੱਖ ਇਹ ਸੀ ਕਿ ਉਨ੍ਹਾਂ ਨੇ ਆਪਣੇ ਅਹੁਦੇ ਨੂੰ ਨਿੱਜੀ ਦੌਲਤ ਇਕੱਠੀ ਕਰਨ ਦਾ ਜ਼ਰੀਆ ਨਹੀਂ ਬਣਾਇਆ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਦੀ ਅਸਲ ਪੂੰਜੀ ਉਸਦੀ ਜਨਤਕ ਭਰੋਸੇਯੋਗਤਾ ਹੁੰਦੀ ਹੈ।

ਜਨਵਰੀ 1966 ਵਿੱਚ ਤਾਸ਼ਕੰਦ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨੇ ਦੇਸ਼ ਨੂੰ ਇੱਕ ਅਜਿਹੇ ਪ੍ਰਧਾਨ ਮੰਤਰੀ ਤੋਂ ਵਾਂਝਾ ਕਰ ਦਿੱਤਾ ਜਿਸਨੇ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ।

ਅੱਜ ਜਦੋਂ ਅਸੀਂ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰਦੇ ਹਾਂ ਤਾਂ ਸਿਰਫ ਉਨ੍ਹਾਂ ਦੇ ਪ੍ਰਧਾਨ ਮੰਤਰੀ ਹੋਣ ਨੂੰ ਯਾਦ ਕਰਨਾ ਕਾਫੀ ਨਹੀਂ।, ਉਨ੍ਹਾਂ ਦੀ ਜ਼ਿੰਦਗੀ ਤੋਂ ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਨਤਕ ਅਹੁਦਾ ਨਿੱਜੀ ਜੀਵਨ ਵਿੱਚ ਕਿੰਨੀ ਇਮਾਨਦਾਰੀ ਅਤੇ ਜਵਾਬਦੇਹੀ ਦੀ ਮੰਗ ਕਰਦਾ ਹੈ।

ਇੱਕ ਪ੍ਰਧਾਨ ਮੰਤਰੀ ਵੱਲੋਂ ਬੈਂਕ ਤੋਂ ਲਿਆ ਗਿਆ ਇੱਕ ਛੋਟਾ ਜਿਹਾ ਕਰਜ਼ਾ ਅਤੇ ਉਸ ਨੂੰ ਵਾਪਸ ਕਰਨ ਦੀ ਜ਼ਿੰਮੇਵਾਰੀ ਸ਼ਾਇਦ ਆਪਣੇ ਆਪ ਵਿੱਚ ਕੋਈ ਵੱਡੀ ਇਤਿਹਾਸਕ ਘਟਨਾ ਨਾ ਹੋਵੇ। ਪਰ ਜਦੋਂ ਇਸ ਨੂੰ ਉਸ ਵਿਅਕਤੀ ਦੇ ਜੀਵਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜੋ ਦੇਸ਼ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹੋਵੇ, ਤਾਂ ਇਸ ਵਿੱਚੋਂ ਜਨਤਕ ਨੈਤਿਕਤਾ ਦਾ ਇੱਕ ਵੱਡਾ ਸਬਕ ਜ਼ਰੂਰ ਮਿਲਦਾ ਹੈ। ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਵੱਡਾ ਅਹੁਦਾ ਇਨਸਾਨ ਨੂੰ ਵੱਡਾ ਨਹੀਂ ਬਣਾਉਂਦਾ; ਅਹੁਦੇ ’ਤੇ ਰਹਿੰਦਿਆਂ ਉਸਦੇ ਆਚਰਣ, ਸਾਦਗੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਹੀ ਉਸਦੀ ਅਸਲ ਪਛਾਣ ਬਣਦੀ ਹੈ। ਇਹੋ ਜਿਹੇ ਸਨ ਲਾਲ ਬਹਾਦਰ ਸ਼ਾਸਤਰੀ ਜੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: 
(This email address is being protected from spambots. You need JavaScript enabled to view it.)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author