“ਮੈਂ ਬਾਹਰ ਜਾ ਕੇ ਦੇਖਿਆ ... ਦੋਵੇਂ ਗੁਆਂਢਣਾਂ ਗੇਟ ਅੱਗੇ ਖੜ੍ਹੀਆਂ ਸਨ ...”
(13 ਮਾਰਚ 2025)
ਸਮੇਂ ਦੇ ਨਾਲ ਸਮਾਜਿਕ ਤਬਦੀਲੀ ਹੋਣਾ ਸੁਭਾਵਿਕ ਹੈ। ਸਾਡੇ ਪੰਜਾਬ ਵਿੱਚ ਵੀ ਇਹ ਸਪਸ਼ਟ ਨਜ਼ਰ ਆਉਂਦੀ ਹੈ। 60ਵੇਂ ਦੇ ਜੰਮਿਆਂ ਨੇ ਤਾਂ ਇਹ ਤਬਦੀਲੀ ਆਪਣੇ ਅੱਖੀਂ ਵੇਖੀ ਹੈ ਅਤੇ ਹੱਡੀਂ ਹੰਢਾ ਰਹੇ ਹਨ। ਪੰਜਾਬ ਵਿੱਚ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਹੁਣ ਸਾਂਝੇ ਪਰਿਵਾਰਾਂ ਨੂੰ ਲੱਭ ਲੱਭ ਕੇ ਚੈਨਲਾਂ ਵਾਲੇ ਇੰਟਰਵਿਊ ਦਿਖਾ ਰਹੇ ਹਨ। ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਬੇਸ਼ਕ ਨਿੱਜੀ ਆਜ਼ਾਦੀ ਮਿਲ ਗਈ, ਨਿੱਜੀ ਅਜ਼ਾਦੀ ਮਿਲਣ ਦੇ ਨਾਲ ਮਨੁੱਖ ਵਿੱਚ ਨਿੱਜਤਾ ਵੀ ਭਾਰੂ ਹੋਣ ਲੱਗੀ। ਆਪਣੇ ਫੈਸਲੇ ਲੈਣ ਦੀ ਆਜ਼ਾਦੀ ਜੋ ਮਿਲ ਗਈ। ਮਨੁੱਖ ਵਿੱਚ ਨਿੱਜਤਾ ਆਉਣ ਨਾਲ ਭਾਈਚਾਰਕ ਸਾਂਝ ਅਤੇ ਮਨੁੱਖੀ ਸੰਵੇਦਨਾ ਹੀਣ ਹੋਣ ਲਗਦੀ ਹੈ।
ਦੂਜੀ ਵੱਡੀ ਤਬਦੀਲੀ ਜੋ ਦੇਖਣ ਨੂੰ ਮਿਲੀ, ਉਹ ਸੀ ਪਿੰਡਾਂ ਵਿੱਚੋਂ ਪੜ੍ਹੇ ਲਿਖੇ ਨੌਕਰੀਸ਼ੁਦਾ ਪਰਿਵਾਰਾਂ ਦਾ ਸ਼ਹਿਰਾਂ ਵੱਲ ਪ੍ਰਵਾਸ, ਜਿਸ ਵਿੱਚ ਮੈਂ ਵੀ ਸ਼ਾਮਿਲ ਹਾਂ। ਸ਼ਹਿਰਾਂ ਵਿੱਚ ਵੀ ਰਹਿਣ ਸਹਿਣ ਦੇ ਤੌਰ ਤਰੀਕੇ ਵਿੱਚ ਬਹੁਤ ਤਬਦੀਲੀ ਆਈ ਹੈ। ਸਰਦੇ ਪੁੱਜਦੇ ਪਰਿਵਾਰ ਛੋਟੇ ਸ਼ਹਿਰਾਂ, ਮੰਡੀਆਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਵੱਲ ਨੂੰ ਪ੍ਰਵਾਸ ਕਰ ਗਏ। ਵੱਡੇ ਸ਼ਹਿਰਾਂ ਵਿੱਚ ਬਣੀਆਂ ਰਿਹਾਇਸ਼ੀ ਕਲੋਨੀਆਂ, ਸੁਸਾਇਟੀਆਂ ਰਹਿਣ ਲਈ ਖਿੱਚ ਦਾ ਕੇਂਦਰ ਬਣੀਆਂ। ਹੌਲੀ ਹੌਲੀ ਇਨ੍ਹਾਂ ਕਲੋਨੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ, ਕਸਬਿਆਂ, ਮੰਡੀਆਂ ਵਿੱਚ ਉਸਾਰੀ ਹੋਣ ਲੱਗੀ। ਇਨ੍ਹਾਂ ਵਿੱਚ ਰਿਹਾਇਸ਼ ਰੱਖਣਾ ਸਟੇਟਸ ਸਿੰਬਲ ਬਣ ਗਿਆ। ਇਨ੍ਹਾਂ ਸੁਸਾਇਟੀਆਂ ਵਿੱਚ ਸਾਧਨ ਸੰਪੰਨ ਪਰਿਵਾਰਾਂ ਨੇ ਰਿਹਾਇਸ਼ ਕੀਤੀ। ਨਵੇਂ ਨਵੇਂ ਡਿਜ਼ਾਇਨਾਂ ਦੀਆਂ ਕੋਠੀਆਂ ਦੀ ਉਸਾਰੀ ਹੋਈ। ਵੱਡੀਆਂ ਵੱਡੀਆਂ, ਕਈ ਕਈ ਮੰਜ਼ਿਲਾਂ ਵਾਲੀਆਂ ਕੋਠੀਆਂ ਬਣ ਗਈਆਂ। ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਇਨ੍ਹਾਂ ਕਲੋਨੀਆਂ ਨੇ ਹੜੱਪ ਲਈ। ਇਨ੍ਹਾਂ ਕਲੋਨੀਆਂ ਵਿੱਚ ਬਣੀਆਂ ਆਲੀਸ਼ਾਨ ਕੋਠੀਆਂ ਵਿੱਚ ਰਹਿੰਦੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਮੀਆਂ ਬੀਵੀ ਤੇ ਉਹਨਾਂ ਦੇ ਦੋ ਜਾਂ ਇੱਕ ਬੱਚਾ ਜਾਂ ਫਿਰ ਹੱਦ ਇੱਕ ਪਾਲਤੂ ਕੁੱਤਾ। ਬਜ਼ੁਰਗ ਮਾਤਾ ਪਿਤਾ ਕਿਸੇ ਟਾਵੇਂ ਪਰਿਵਾਰ ਵਿੱਚ ਹੀ ਹੋਣਗੇ। ਅੱਗੋਂ ਬੱਚਿਆਂ ਨੇ ਵੱਡੇ ਵੀ ਹੋਣਾ ਹੋਇਆ। ਲੜਕੀ ਹੈ ਤਾਂ ਉਸਨੇ ਸ਼ਾਦੀ ਤੋਂ ਬਾਅਦ ਸਹੁਰੇ ਘਰ ਚਲੇ ਜਾਣਾ ਹੁੰਦਾ ਹੈ। ਲੜਕਾ ਪੜ੍ਹਾਈ ਜਾਂ ਰੁਜ਼ਗਾਰ ਲਈ ਘਰ ਛੱਡ ਜਾਂਦਾ ਹੈ। ਦੂਜਾ ਸਭ ਤੋਂ ਵੱਧ ਅਸਰ ਪਾਇਆ ਬੱਚਿਆਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੇ। ਬੱਚੇ ਪਲੱਸ ਟੂ ਤੋਂ ਬਾਅਦ ਹੀ ਵਿਦੇਸ਼ ਵਿੱਚ ਜਾਣ ਲੱਗੇ, ਜਿਸ ਨਾਲ ਇਨ੍ਹਾਂ ਕਲੋਨੀਆਂ ਵਿੱਚ ਰਹਿੰਦੇ ਪਰਿਵਾਰ ਬੜੀ ਜਲਦੀ ਨਾਲ ਆਪਣੇ ਬੱਚਿਆਂ ਦੇ ਸਾਥ ਤੋਂ ਵਿਰਵੇ ਹੋਣ ਲੱਗ ਪਏ। ਹੁਣ ਚਾਰ ਚਾਰ ਬੈਡਰੂਮਾਂ ਵਾਲੀਆਂ ਕੋਠੀਆਂ ਵਿੱਚ ਰਹਿ ਗਏ ਮੀਆਂ ਬੀਵੀ ਜਾਂ ਫਿਰ ਪਾਲਤੂ ਕੁੱਤਾ। ਇਨ੍ਹਾਂ ਕਲੋਨੀਆਂ ਦਾ ਸ਼ਹਿਰ ਦੇ ਗਲੀ ਮੁਹੱਲੇ ਵਾਲਾ ਮਾਹੌਲ ਨਹੀਂ ਹੁੰਦਾ ਕਿਉਂਕਿ ਵਣ ਵਣ ਦੀ ਲੱਕੜੀ ਇਕੱਠੀ ਹੋਈ ਹੁੰਦੀ ਹੈ। ਨਤੀਜਾ ਇਕੱਲਤਾ। ਜਿਸ ਕਾਰਨ ਉਦਾਸੀ ਅਤੇ ਡਿਪਰੈਸ਼ਨ ਦੀਆਂ ਅਲਾਮਤਾਂ ਆਮ ਹੋ ਗਈਆਂ।
ਬੇਸ਼ਕ ਮਨੁੱਖ ਨੂੰ ਮਨੁੱਖ ਦੇ ਸਾਥ ਦੀ ਲੋੜ ਹਮੇਸ਼ਾ ਹੀ ਰਹਿੰਦੀ ਹੈ ਪ੍ਰੰਤੂ ਜੀਵਨ ਦੇ ਅੰਤਲੇ ਪੜਾਅ ਵਿੱਚ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਲੇਕਿਨ ਹੁਣ ਸਾਥ ਕਿੱਥੋਂ ਲੱਭੀਏ? ਵੱਡੀਆਂ ਵੱਡੀਆਂ ਹਸਤੀਆਂ, ਜਿਨ੍ਹਾਂ ਦੀਆਂ ਖਬਰਾਂ ਬਣੀਆਂ, ਉਨ੍ਹਾਂ ਦੀਆਂ ਲਾਸ਼ਾਂ ਇਨ੍ਹਾਂ ਸੱਭਿਅਕ ਕਹਾਉਂਦੀਆਂ ਰਿਹਾਇਸ਼ੀ ਕਲੋਨੀਆਂ, ਸੋਸਾਇਟੀਆਂ ਵਿੱਚ ਕਈ ਕਈ ਦਿਨ ਘਰਾਂ ਦੇ ਅੰਦਰ ਹੀ ਸੜਦੀਆਂ ਰਹੀਆਂ। ਲਾਸ਼ ਦੇ ਬਦਬੂ ਮਾਰਨ ਤੋਂ ਬਾਅਦ ਹੀ ਉਹਨਾਂ ਦੇ ਮਰ ਜਾਣ ਦਾ ਪਤਾ ਲੱਗਾ। ਹੁਣ ਜ਼ਰਾ ਤੁਸੀਂ ਖੁਦ ਸੋਚ ਕੇ ਵੇਖੋ ਕਿ ਸਾਰੀ ਉਮਰ ਦੀ ਕੀਤੀ ਭੱਜ ਦੌੜ ਅਤੇ ਮਿਹਨਤ ਤੋਂ ਬਾਅਦ ਜੋ ਤੁਸੀਂ ਮਕਾਨ ਬਣਾਇਆ, ਤੁਹਾਡੀ ਲਾਸ਼ ਉਸ ਹੀ ਮਕਾਨ ਵਿੱਚ ਪਈ ਸੜ ਰਹੀ ਹੈ। ਕੀੜੇ ਪੈ ਚੁੱਕੇ ਹਨ ਅਤੇ ਬਦਬੂ ਮਾਰ ਰਹੀ ਹੈ। ਇਸ ਮੰਜ਼ਰ ਨੂੰ ਕਿਆਸ ਕਰਕੇ ਹੀ ਦਿਲ ਨੂੰ ਡੋਬੂ ਪੈਣ ਲੱਗਦੇ ਹਨ।
ਮੈਂ ਸਾਡੀ ਮੰਡੀ ਦੇ ਜਿਸ ਏਰੀਏ ਵਿੱਚ ਰਹਿੰਦਾ ਹਾਂ, ਉਹ ਮੰਡੀ ਦਾ ਸਭ ਤੋਂ ਵੱਧ ਸਹੂਲਤਾਂ ਵਿਹੂਣਾ ਏਰੀਆ ਹੈ। ਹੁਣ ਤਾਂ ਸਾਡੀ ਇਸ ਮੰਡੀ ਵਿੱਚ ਵੀ ਰਿਹਾਇਸ਼ੀ ਕਲੋਨੀਆਂ ਬਣ ਗਈਆਂ ਹਨ। ਮੈਨੂੰ ਵੀ ਕਈ ਵਾਰ ਮੇਰੇ ਜਾਣਕਾਰਾਂ ਨੇ ਸਲਾਹ ਦਿੱਤੀ ਹੈ ਕਿ ਤੁਸੀਂ ਵੀ ਆਪਣਾ ਮੁਹੱਲਾ ਬਦਲ ਲਓ, ਕਿਸੇ ਕਲੋਨੀ ਵਿੱਚ ਘਰ ਬਣਾ ਲਓ। ਪਰ ਮੈਂ ਆਪਣੇ ਇਸ ਮੁਹੱਲੇ ਵਿੱਚ ਇਸ ਤਰ੍ਹਾਂ ਰਚ ਮਿਚ ਗਿਆ ਹਾਂ ਕਿ ਮੈਨੂੰ ਕੁਝ ਵੀ ਆਸਾਵਾਂ ਨਹੀਂ ਲਗਦਾ। ਇੱਥੇ ਸਾਡਾ ਵਰਤ ਵਰਤਾਰਾ ਬਿਲਕੁਲ ਪਿੰਡਾਂ ਵਾਂਗ ਹੀ ਹੈ। ਇੱਕ ਦੂਜੇ ਦੇ ਦੁੱਖ ਸੁਖ ਦੇ ਸਾਥੀ। ਹੋਇਆ ਇੰਝ ਕਿ ਮੇਰੇ ਘਰਵਾਲੀ ਕਾਫੀ ਸਮਾਂ ਬਿਮਾਰ ਰਹੀ। ਠੀਕ ਹੋਣ ਤੋਂ ਬਾਅਦ ਉਸ ਨੂੰ ਚਿਹਰੇ ਦਾ ਲਕਵਾ ਮਾਰ ਗਿਆ। ਪੈਂਦੀ ਸੱਟੇ ਉਹ ਤਿਲ੍ਹਕ ਕੇ ਡਿਗ ਪਈ ਅਤੇ ਗੋਡੇ ਉੱਪਰ ਸੱਟ ਲਗਵਾ ਬੈਠੀ। ਬੇਸ਼ਕ ਗਾਹੇ ਵਗਾਹੇ ਅੱਗੇ ਵੀ ਸਾਡੇ ਸਾਹਮਣੇ ਘਰੋਂ ਰੋਟੀ ਪਾਣੀ ਆ ਜਾਂਦਾ ਸੀ ਪ੍ਰੰਤੂ ਇਸ ਘਟਨਾ ਤੋਂ ਬਾਅਦ ਹਰ ਰੋਜ਼ ਸਵੇਰ ਵੇਲੇ ਸਾਡੇ ਸਾਹਮਣੇ ਘਰੋਂ ਸਵੇਰ ਦੀ ਰੋਟੀ ਪੱਕੀ ਪਕਾਈ ਆਉਣ ਲੱਗੀ ਅਤੇ ਸ਼ਾਮ ਵੇਲੇ ਉਹਨਾਂ ਦੀ ਪੋਤਰੀ (ਜੋ ਦਸਵੀਂ ਕਲਾਸ ਦੀ ਵਿਦਿਆਰਥਣ ਹੈ) ਆ ਕੇ ਮੇਰੇ ਘਰ ਵਾਲੀ ਦੀ ਮਾਲਿਸ਼ ਵਗੈਰਾ ਵੀ ਕਰ ਦਿੰਦੀ ਹੈ ਅਤੇ ਸ਼ਾਮ ਦੀ ਰੋਟੀ ਵੀ ਬਣਾ ਜਾਂਦੀ ਹੈ।
ਕੱਲ੍ਹ ਸ਼ਾਮ ਦਾ ਹੀ ਮੌਸਮ ਬਦਲਿਆ ਹੋਇਆ ਸੀ, ਪੂਰੀ ਤਰ੍ਹਾਂ ਬੱਦਲ਼ਵਾਈ ਹੋਈ ਹੋਈ ਸੀ। ਅੱਜ ਸਵੇਰ ਵੇਲੇ ਬੂੰਦਾਬਾਂਦੀ ਸ਼ੁਰੂ ਹੋ ਗਈ। ਬਾਅਦ ਵਿੱਚ ਇਹ ਹੋਰ ਤੇਜ਼ ਹੁੰਦੀ ਗਈ, ਜਿਸ ਕਾਰਨ ਮੈਂ ਸੈਰ ’ਤੇ ਜਾਣ ਦਾ ਵਿਚਾਰ ਛੱਡ ਦਿੱਤਾ। ਅਸੀਂ ਦੋਵੇਂ ਜੀਅ ਅੰਦਰ ਹੀ ਰਹੇ। ਸਵੇਰ ਦੇ ਕਿਰਿਆ ਕਰਮ ਤੋਂ ਵਿਹਲੇ ਹੋ, ਨਹਾ ਧੋ ਕੇ ਚਾਹ ਪਾਣੀ ਪੀਤਾ ਅਤੇ ਉਸ ਤੋਂ ਬਾਅਦ ਨਾਸ਼ਤੇ ਬਾਰੇ ਸੋਚਣ ਲੱਗੇ। ਬੇਸ਼ਕ ਬੱਦਲ਼ਵਾਈ ਕਾਰਨ ਅਜੇ ਚਾਨਣਾ ਘੱਟ ਸੀ ਪਰ ਦਿਨ ਤਾਂ ਕਾਫੀ ਚੜ੍ਹ ਚੁੱਕਾ ਸੀ। ਬੂੰਦਾਬੰਦੀ ਤੇਜ਼ ਹੋਣ ਕਾਰਨ ਮੈਂ ਬਾਹਰ ਵਾਲਾ ਗੇਟ ਵੀ ਨਾ ਖੋਲ੍ਹਿਆ। ਬਰਸਾਤ ਰੁਕਣ ਤੋਂ ਕੁਝ ਦੇਰ ਬਾਅਦ ਘੰਟੀ ਵੱਜੀ। ਮੈਂ ਬਾਹਰ ਜਾ ਕੇ ਦੇਖਿਆ, ਸਾਡੇ ਘਰ ਦੇ ਸਾਹਮਣੇ ਵਾਲੀ ਅਤੇ ਖੱਬੇ ਪਾਸੇ ਨਾਲ ਲਗਦੀ, ਦੋਵੇਂ ਗੁਆਂਢਣਾਂ ਗੇਟ ਅੱਗੇ ਖੜ੍ਹੀਆਂ ਸਨ। ਮੇਰੇ ਦਿਮਾਗ ਵਿੱਚ ਆਇਆ ਕਿ ਮੁਹੱਲੇ ਵਿੱਚ ਕੋਈ ਅਨਹੋਣੀ ਨਾ ਹੋ ਗਈ ਹੋਵੇ। ਜਦੋਂ ਮੈਂ ਗੇਟ ਖੋਲ੍ਹ ਕੇ ਉਹਨਾਂ ਕੋਲ ਗਿਆ ਤਾਂ ਉਹਨਾਂ ਦੱਸਿਆ ਕਿ ਅਸੀਂ ਫਿਕਰ ਵਿੱਚ ਸਾਂ ਕਿ ਅੱਜ ਤੁਹਾਡਾ ਗੇਟ ਅਜੇ ਤਕ ਕਿਉਂ ਨਹੀਂ ਖੁੱਲ੍ਹਿਆ? ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਮਹਿਸੂਸ ਕੀਤਾ ਕਿ ਮੈਂ ਜਿਊਂਦੇ ਜਾਗਦੇ ਲੋਕਾਂ ਵਿੱਚ ਰਹਿ ਰਿਹਾ ਹਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (