“ਇਹ ਗੱਲ ਸਾਡੇ ਅੰਦਰ ਘਰ ਕਰ ਗਈ ਹੈ ਕਿ ਸਰਪੰਚੀ ਤਾਂ ਪੈਸੇ ਵਾਲੇ ਬੰਦੇ ਦੀ ਹੈ। ਇਸ ਮਿਥ ਨੂੰ ਹੀ ਤੋੜਨਾ ਹੈ। ਜੇਕਰ ...”
(10 ਅਕਤੂਬਰ 2024)
ਸਾਡੇ ਸੂਬੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਦੇ ਪਿੰਡਾਂ ਵਿੱਚ ਚੋਣ ਸਰਗਰਮੀਆਂ ਜ਼ੋਰ ਫੜ ਗਈਆਂ ਹਨ। ਸਰਪੰਚੀ ਦੇ ਉਮੀਦਵਾਰ ਪਰਿੰਦਿਆਂ ਦੀ ਤਾਕਤ ਵਾਂਗ ਆਪੋ ਆਪਣੇ ਪਰ ਤੋਲ ਰਹੇ ਹਨ। ਕਈ ਪਿੰਡਾਂ ਵਿੱਚ ਇਹ ਸਰਗਰਮੀਆਂ ਕੁਝ ਜ਼ਿਆਦਾ ਹੀ ਤੇਜ਼ ਹੋ ਚੁੱਕੀਆਂ ਹਨ। ਪਕੌੜੇ ਜਲੇਬੀਆਂ ਅਤੇ ਸ਼ਾਮ ਨੂੰ ਸੋਮ ਰਸ ਵੀ ਵਰਤਣਾ ਸ਼ੁਰੂ ਹੋ ਚੁੱਕਾ ਹੈ। ਦੁਕਾਨਾਂ ’ਤੇ ਗੁੜ ਦੀ ਵਿਕਰੀ ਵਧ ਗਈ ਹੈ। ਸਰਪੰਚੀ ਦੇ ਉਮੀਦਵਾਰ ਆਪਣਾ ਪੂਰਾ ਜ਼ੋਰ ਤਾਣ ਲਾ ਰਹੇ ਹਨ, ਖਰਚਾ ਵੀ ਵੱਧ ਤੋਂ ਵੱਧ ਕਰਨ ਲਈ ਤਿਆਰ ਬੈਠੇ ਹਨ। ਕਈ ਥਾਈਂ ਤਾਂ ਸੁਣਿਆ ਹੈ ਕਿ ਸਰਪੰਚੀ 50 ਲੱਖ ਨੂੰ ਵੀ ਟੱਪੇਗੀ ਪ੍ਰੰਤੂ ਇਸ ਸਭ ਕਾਸੇ ਵਿੱਚ ਪਿੰਡ ਦੀ ਭਲਾਈ ਅਤੇ ਸਰਬਾਂਗੀ ਵਿਕਾਸ ਦਾ ਮੁੱਦਾ ਗਾਇਬ ਹੈ। ਇਹ ਮੌਕਾ ਸੰਜੀਦਗੀ ਮੰਗਦਾ ਹੈ। ਅਕਸਰ ਅਸੀਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਜਦੋਂ ਕਿ ਉਹਨਾਂ ਸਰਕਾਰਾਂ ਦੇ ਨੁਮਾਇੰਦੇ ਅਸੀਂ ਚੁਣਦੇ ਹਾਂ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਸ ਸਮੇਂ ਪਾਰਟੀਬਾਜ਼ੀ ਭਾਰੂ ਹੋ ਜਾਂਦੀ ਹੈ ਪਰ ਪੰਚਾਇਤੀ ਚੋਣ ਸਮੇਂ ਇਹ ਸਾਡਾ ਰੋਲ ਨਿੱਜੀ ਮੁੱਦਾ ਹੈ। ਐਤਕੀਂ ਸਰਪੰਚੀ ਪਾਰਟੀ ਚੋਣ ਨਿਸ਼ਾਨ ’ਤੇ ਵੀ ਨਹੀਂ ਲੜੀ ਜਾਵੇਗੀ ਪਰ ਪੰਜਾਬ ਵਿੱਚ ਸਰਬ ਸੰਮਤੀ ਨਾਲ ਬਣਨ ਵਾਲੀਆਂ ਪੰਚਾਇਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤਰ੍ਹਾਂ ਪੰਜਾਬ ਵਿੱਚ ਸਹੂਲਤਾਂ ਸੰਪੰਨ ਪਿੰਡਾਂ ਦੀ ਵੀ ਗਿਣਤੀ ਘੱਟ ਹੈ। ਠੀਕ ਹੈ ਕਿ ਪਿੰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਰ ਕੀ ਇਸ ਵਿੱਚ ਸਾਡਾ ਆਪਣਾ ਜਾਂ ਪੰਚਾਇਤ ਦਾ ਕੋਈ ਰੋਲ ਬਿਲਕੁਲ ਵੀ ਨਹੀਂ? ਸਗੋਂ ਪੰਚਾਇਤ ਤਾਂ ਪਿੰਡ ਦੇ ਵਿਕਾਸ ਲਈ ਬਣੇ ਢਾਂਚੇ ਦੀ ਮੁਢਲੀ ਇਕਾਈ ਹੈ। ਜੇਕਰ ਮੁਢਲੀ ਇਕਾਈ ਹੀ ਠੀਕ ਤਰ੍ਹਾਂ ਕੰਮ ਨਹੀਂ ਕਰੇਗੀ ਤਾਂ ਪਿੰਡਾਂ ਦਾ ਵਿਕਾਸ ਅਸੰਭਵ ਹੈ।
ਪਿੰਡਾਂ ਦੇ ਵਿਕਾਸ ਦਾ ਪੱਧਰ ਅਜੇ ਵੀ ਗਲੀਆਂ ਨਾਲੀਆਂ ਅਤੇ ਧਰਮਸ਼ਾਲਾਵਾਂ ਬਣਾਉਣ ਤਕ ਰੁਕਿਆ ਹੋਇਆ ਹੈ। ਪੰਜਾਬ ਵਿੱਚ ਗਿਣਤੀ ਦੇ ਪਿੰਡ ਹਨ ਜਿੱਥੇ ਸੀਵਰੇਜ ਪਿਆ ਹੋਵੇ ਅਤੇ ਠੀਕ ਤਰ੍ਹਾਂ ਕੰਮ ਕਰ ਰਿਹਾ ਹੋਵੇ। ਸਾਨੂੰ ਸਾਡੇ ਪਿੰਡਾਂ ਦੇ ਵਿਕਾਸ ਲਈ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਕੰਮ ਲਈ ਸਾਨੂੰ ਪੰਚਾਇਤ ਦੀ ਚੋਣ ਕਰਨ ਦੇ ਕਾਰਜ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਪੰਚਾਇਤ ਬਣਨ ਤੋਂ ਬਾਅਦ ਗ੍ਰਾਮ ਸਭਾਵਾਂ ਨਾ ਸੱਦਣ ਦਾ ਬਹੁਤ ਰੌਲਾ ਪੈਂਦਾ ਹੈ। ਜ਼ਰੂਰਤ ਹੈ ਕਿ ਅਸੀਂ ਹੁਣ ਗ੍ਰਾਮ ਸਭਾਵਾਂ ਸੱਦੀਏ। ਗ੍ਰਾਮ ਸਭਾ ਵਿੱਚ ਪਿੰਡ ਦੇ ਵਿਕਾਸ ਲਈ ਚੁਣੀ ਜਾਣ ਵਾਲੀ ਪੰਚਾਇਤ ਸੰਬੰਧੀ ਵਿਚਾਰ ਚਰਚਾ ਕਰੀਏ। ਹਉਮੈ, ਸ਼ਰੀਕੇਬਾਜ਼ੀ, ਚੌਧਰ ਨੂੰ ਛੱਡ ਕੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ। ਕੋਸ਼ਿਸ਼ ਕਰੀਏ ਕਿ ਗ੍ਰਾਮ ਸਭਾ ਵਿੱਚ ਵਿਚਾਰ ਚਰਚਾ ਕਰਕੇ ਪਿੰਡ ਨੂੰ ਯੋਗ ਅਗਵਾਈ ਦੇਣ ਵਾਲੀ ਪੰਚਾਇਤ ਚੁਣੀਏ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਸਨਮੁਖ ਹੋਈਏ।
ਇਹ ਗੱਲ ਸਾਡੇ ਅੰਦਰ ਘਰ ਕਰ ਗਈ ਹੈ ਕਿ ਸਰਪੰਚੀ ਤਾਂ ਪੈਸੇ ਵਾਲੇ ਬੰਦੇ ਦੀ ਹੈ। ਇਸ ਮਿਥ ਨੂੰ ਹੀ ਤੋੜਨਾ ਹੈ। ਜੇਕਰ ਤੁਸੀਂ ਸਰਬ ਸੰਮਤੀ ਨਾਲ ਯੋਗ ਸਰਪੰਚ ਚੁਣੋਗੇ ਅਤੇ ਸਾਰਾ ਪਿੰਡ ਉਸਦੀ ਪਿੱਠ ’ਤੇ ਹੋਵੇਗਾ ਤਾਂ ਉਹ ਸਰਪੰਚ ਤੁਹਾਡਾ ਸਭ ਤੋਂ ਤਕੜਾ ਸਰਪੰਚ ਹੋਵੇਗਾ। ਇੱਕ ਹੋਰ ਗੱਲ ਧਿਆਨ ਮੰਗਦੀ ਹੈ ਕਿ ਨਵੇਂ ਕਾਨੂੰਨਾਂ ਵਿੱਚ ਪੁਲਿਸ ਨੂੰ ਮਿਲੇ ਵੱਧ ਅਧਿਕਾਰਾਂ ਦੀ ਰੋਸ਼ਨੀ ਵਿੱਚ ਕਿਸੇ ਇਕੱਲੇ ਕਾਰੇ ਪੰਚ ਸਰਪੰਚ ਦੀ ਕੋਈ ਵੁੱਕਤ ਨਹੀਂ ਰਹਿਣੀ। ਭਾਵੇਂ ਉਹ ਪੈਸੇ ਪੱਖੋਂ ਕਿੰਨਾ ਵੀ ਸੰਪੰਨ ਕਿਉਂ ਨਾ ਹੋਵੇ। ਹਾਂ ਜੇਕਰ ਸਰਪੰਚ ਦੇ ਪਿੱਛੇ ਸਾਰਾ ਪਿੰਡ ਖੜ੍ਹਾ ਹੋਏਗਾ ਤਾਂ ਹੀ ਤੁਹਾਡੀ ਥਾਣੇ, ਕਚਹਿਰੀ, ਸਰਕਾਰੇ-ਦਰਬਾਰੇ ਸੁਣੀ ਜਾਏਗੀ। ਅੱਜ ਪਿੰਡ ਪੱਧਰ ’ਤੇ ਏਕੇ ਦੀ ਬਹੁਤ ਜ਼ਰੂਰਤ ਹੈ ਜੇਕਰ ਪਿੰਡ ਪੱਧਰ ’ਤੇ ਤੁਹਾਡੀ ਪੰਚਾਇਤ ਬਣਾਉਣ ਦੇ ਰੂਪ ਵਿੱਚ ਏਕਤਾ ਨਹੀਂ ਰਹਿੰਦੀ ਤਾਂ ਭਵਿੱਖ ਵਿੱਚ ਤੁਹਾਡੀ ਖੱਜਲ ਖੁਆਰੀ ਅਤੇ ਲੁੱਟ ਤੈਅ ਹੈ। ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡਾ ਪਿੰਡ ਪੱਧਰ ’ਤੇ ਇੱਕ ਮਜ਼ਬੂਤ ਸੰਸਥਾ ਪੰਚਾਇਤ ਦੇ ਰੂਪ ਵਿੱਚ ਆਉਣਾ ਅੱਤ ਜ਼ਰੂਰੀ ਹੈ। ਸੋ ਇਹ ਸਮਾਂ ਹੋ ਹੱਲੇ ਦਾ ਜਾਂ ਚਾਰ ਦਿਨ ਦੀ ਚਾਂਦਨੀ ਮਾਣਨ ਦਾ ਨਹੀਂ। ਸਾਡਾ ਸੁਭਾਅ ਹੈ ਕਿ ਅਸੀਂ ਹੋ ਹੱਲਾ ਬਹੁਤ ਕਰਦੇ ਹਾਂ, ਖਾਸ ਕਰਕੇ ਪੰਚਾਇਤੀ ਚੋਣਾਂ ਵਿੱਚ। ਪਿੰਡਾਂ ਵਿੱਚ ਬੈਠੇ ਸੰਵੇਦਨਸ਼ੀਲ ਸੂਝਵਾਨ ਮੋਹਤਵਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਹਨਾਂ ਚੋਣਾਂ ਨੂੰ ਹੋ ਹੱਲਾ ਨਾ ਬਣਨ ਦੇਣ। ਇਸ ਮੌਕੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਕਿ ਅਗਲੇ ਪੰਜ ਸਾਲ ਅਸੀਂ ਪਿੰਡ ਨੂੰ ਤਰੱਕੀ ਦੀ ਕਿਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ, ਇਹ ਤੈਅ ਕਰਨ ਲਈ ਅੱਗੇ ਆਉਣ। ਪੰਚੀ ਸਰਪੰਚੀ ਦੇ ਉਮੀਦਵਾਰਾਂ ਨੂੰ ਪਿੰਡ ਦੇ ਵਿਕਾਸ ਲਈ ਸੱਥ ਵਿੱਚ ਸਵਾਲ ਪੁੱਛਣ ਦਾ ਇਹ ਸਹੀ ਸਮਾਂ ਹੈ ਫਿਰ ਪੰਜ ਸਾਲ ਤੁਹਾਨੂੰ ਕਿਸੇ ਨੇ ਜਵਾਬ ਨਹੀਂ ਦੇਣਾ।
ਪਿੰਡ ਦੇ ਵਿਕਾਸ ਦੀਆਂ ਚਾਬੀਆਂ ਪੰਜ ਸਾਲ ਲਈ ਕਿਸੇ ਨੂੰ ਸੌਂਪਣ ਤੋਂ ਪਹਿਲਾਂ 100 ਵਾਰੀ ਸੋਚਣ ਦੀ ਲੋੜ ਹੈ। ਪਾਰਟੀਬਾਜ਼ੀ ਨੇ ਸਾਡੇ ਪਿੰਡਾਂ ਅੰਦਰ ਵਸਦੇ ਭਾਈਚਾਰਿਆਂ ਵਿੱਚ ਤਰੇੜਾਂ ਹੀ ਪਾਈਆਂ ਨੇ। ਹੁਣ ਸਮਾਂ ਹੈ ਕਿ ਅਸੀਂ ਉਹ ਤਰੇੜਾਂ ਬੰਦ ਕਰਕੇ ਆਪਸੀ ਭਾਈਚਾਰਾ ਕਾਇਮ ਕਰੀਏ। ਅੱਜ ਸਾਡੇ ਪਿੰਡਾਂ ਦੇ ਕਿੰਨੇ ਹੀ ਮੁੱਦੇ ਹਨ, ਸਿਹਤ, ਸਿੱਖਿਆ, ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ, ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਅਤੇ ਹੋਰ। ਕਿੰਨੇ ਹੀ ਇਹ ਮੁੱਦੇ ਸਾਡੀ ਇੱਕਸੁਰਤਾ ਦੀ ਮੰਗ ਕਰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਬਗੈਰ ਇੱਕ ਸੁਰਤਾ ਦੇ ਇੱਕ ਨਾਲੀ ਕੱਢਣੀ ਵੀ ਔਖੀ ਹੋ ਜਾਂਦੀ ਹੈ। ਸੋ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੇ ਅਖਾਣ ਦੀ ਤਰ੍ਹਾਂ ਇਸ ਸਾਰੇ ਕਾਸੇ ਦਾ ਹੱਲ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਬਣਾਉਣ ਵਿੱਚ ਪਿਆ ਹੈ। ਜਿੱਥੇ ਕਿਤੇ ਚੋਣ ਵੀ ਹੁੰਦੀ ਹੈ ਤਾਂ ਚੋਣ ਵੋਟ ਪਿੰਡ ਦੇ ਵਿਕਾਸ ਦੇ ਮੁੱਦੇ ’ਤੇ ਪਾਈ ਜਾਵੇ ਨਾ ਕਿ ਉਮੀਦਵਾਰ ਵੱਲੋਂ ਵਰਤਾਈ ਗਈ ਸ਼ਰਾਬ ਦੇ ਬਰਾਂਡ ਦੇ ਅਧਾਰ ’ਤੇ। ਇਹਨਾਂ ਚੋਣਾਂ ਨੇ ਹੀ ਤੈਅ ਕਰ ਦੇਣਾ ਹੈ ਕਿ ਤੁਸੀਂ ਅਸੀਂ ਕਿਹੋ ਜਿਹਾ ਰਾਜਭਾਗ ਚਾਹੁੰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5350)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: