“ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸੰਜਮ, ਸਬਰ, ਉਡੀਕ ਦੀ ਬਹੁਤ ਘਾਟ ਹੈ। ਹਰ ਕੋਈ ਸਮੱਸਿਆ ਦਾ ਹੱਲ ...”
(14 ਮਈ 2024)
ਇਸ ਸਮੇਂ ਪਾਠਕ: 190.
ਪਿੱਛੇ ਜਿਹੇ ਕਿਸੇ ਗੀਤ ਵਿੱਚ ਵਰਤੇ ਸ਼ਬਦ ਭੇਡ ਸੰਬੰਧੀ ਬਹੁਤ ਰੌਲਾ ਰੱਪਾ ਪਿਆ ਪਰ ਸਾਡੇ ਪੰਜਾਬੀ ਜੀਵਨ ਵਿੱਚ ਤਾਂ ਥਾਂ ਥਾਂ ਬਨਸਪਤੀ, ਪਸ਼ੂ ਪੰਛੀਆਂ ਅਤੇ ਜਾਨਵਰਾਂ ਦੇ ਨਾਂਵਾਂ ਦੀ ਵਰਤੋਂ ਮਨੁੱਖਾਂ ਲਈ ਅਕਸਰ ਕੀਤੀ ਜਾਂਦੀ ਹੈ। ਮਨੁੱਖੀ ਜ਼ਿੰਦਗੀ ਕੁਦਰਤ ਦੀ ਅਨਮੋਲ ਦੇਣ ਹੈ। ਕੁਦਰਤ ਵਿੱਚੋਂ ਉਪਜੇ ਹੋਣ ਕਾਰਨ ਸਾਡੀ ਜ਼ਿੰਦਗੀ ਦੇ ਹਰ ਪਲ ’ਤੇ ਕੁਦਰਤ ਦਾ ਪ੍ਰਛਾਵਾਂ ਹੈ। ਦੁਨੀਆਂ ਦੇ ਵੱਖਰੋ ਵੱਖਰੇ ਦੇਸ਼ਾਂ ਦੀ ਵੰਨ ਸੁਵੰਨਤਾ ਉੱਥੋਂ ਦੀਆਂ ਕੁਦਰਤੀ ਪਰਿਸਥਿਤੀਆਂ ਕਾਰਨ ਹੀ ਹੈ। ਸਾਡਾ ਆਪਣਾ ਹੀ ਦੇਸ਼ ਲੈ ਲਵੋ, ਇੱਥੇ ਵੀ ਵੱਖਰੇ ਪੌਣ ਪਾਣੀ, ਜਲਵਾਯੂ ਕਾਰਨ ਜੀਵਨ ਜਾਂਚ ਵੰਨਸੁਵੰਨੀ ਹੈ। ਸਾਡੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣਾ ਹੋਣ ਕਾਰਨ ਪੰਜਾਬੀ ਜੀਵਨ ਦੇ ਹਰ ਖੇਤਰ ਵਿੱਚ ਕੁਦਰਤ ਦਾ ਰੰਗ ਵੇਖਿਆ ਜਾ ਸਕਦਾ ਹੈ। ਸਾਡੇ ਖਾਣ ਪੀਣ, ਰਹਿਣ ਸਹਿਣ, ਬੋਲ ਚਾਲ ਅਤੇ ਕੰਮਕਾਰ ਵਿੱਚ ਹਰ ਥਾਂ ਕੁਦਰਤ ਦਾ ਪਰਛਾਵਾਂ ਹੈ।
ਸਾਡੇ ਸੱਭਿਆਚਾਰ ਵਿੱਚ ਵੀ ਕੁਦਰਤ ਦਾ ਵਰਣਨ ਘੁਲਿਆ ਮਿਲਿਆ ਪਿਆ ਹੈ। ਨਾਂਵਾਂ ਦੀ ਹੀ ਗੱਲ ਲੈ ਲਈਏ ਤਾਂ ਸਾਡੇ ਬਜ਼ੁਰਗਾਂ ਦੇ ਨਾਮ ਕਿੱਕਰ ਸਿਉਂ, ਬੋਹੜ ਸਿਉਂ, ਪਿੱਪਲ ਸਿਉਂ ਆਦਿ ਮਿਲ ਜਾਂਦੇ ਹਨ। ਸਾਡੇ ਪੰਜਾਬੀ ਜੀਵਨ ਵਿੱਚ ਬੰਦੇ ਦਾ ਕੱਦ-ਕਾਠ, ਡੀਲ-ਡੌਲ ਅਤੇ ਜ਼ੋਰ ਨੂੰ ਵੀ ਦਰਖਤਾਂ ਜਾਂ ਜਾਨਵਰਾਂ ਦੀਆਂ ਉਦਾਹਰਣਾਂ ਦੇ ਕੇ ਉਚਿਆਇਆ ਜਾਂ ਨਿਵਾਇਆ ਜਾਂਦਾ ਰਿਹਾ ਹੈ। ਜਿਵੇਂ ਕਹਿਣਾ ਕਿ ਸਰੂ ਵਰਗਾ ਕੱਦ, ਝੋਟੇ ਜਿੰਨਾ ਜ਼ੋਰ, ਹਾਥੀ ਜਿਨਾ ਬਲ, ਘੋੜੇ ਵਰਗਾ ਤੇਜ਼। ਅਕਲ ਨੂੰ ਵੀ ਜਾਨਵਰਾਂ ਨਾਲ ਹੀ ਮੇਚ ਕੇ ਦੇਖਿਆ ਜਾਂਦਾ ਹੈ। ਜਿਵੇਂ ਮੂਰਖ ਨੂੰ ਗਧਾ, ਚਲਾਕ ਨੂੰ ਗਿੱਦੜ, ਸ਼ਰਾਰਤੀ ਨੂੰ ਬਾਂਦਰ, ਗੱਲ ਗੱਲ ’ਤੇ ਲੜਨ ਵਾਲੇ ਨੂੰ ਮਾਰ ਖੋਰਾ ਸਾਂਢ, ਕਿਸੇ ਸੁਸਤ ਸੁਭਾਅ ਵਾਲੇ ਨੂੰ ਸੀਲ ਮੱਛੀ, ਤੇਜ਼ ਚੱਲਣ ਵਾਲੇ ਨੂੰ ਨਗੌਰੀ ਬਲਦ, ਤੇਜ਼ ਦੌੜਨ ਵਾਲੇ ਨੂੰ ਘੋੜਾ, ਫੁਰਤੀਲੇ ਨੂੰ ਚੀਤਾ, ਕਿਸੇ ਦਲੇਰ ਬੰਦੇ ਨੂੰ ਸ਼ੇਰ, ਕਿਸੇ ਡਰਪੋਕ ਨੂੰ ਗਿੱਦੜ, ਗੱਲ ਗੱਲ ’ਤੇ ਬਦਲਣ ਵਾਲੇ ਨੂੰ ਕੋੜ੍ਹ ਕਿਰਲਾ (ਗਿਰਗਟ), ਕਿਸੇ ਮਸਤ ਬੰਦੇ ਨੂੰ ਹਾਥੀ, ਜ਼ਿਆਦਾ ਚੁਕੰਨੇ ਨੂੰ ਕਾਂ ਕਹਿਣਾ, ਇਹ ਸਾਡੇ ਪੰਜਾਬੀ ਜੀਵਨ ਅਤੇ ਸੱਭਿਆਚਾਰ ਦਾ ਅਟੁੱਟ ਵਰਤਾਰਾ ਹੈ। ਸਾਡੀ ਜ਼ਿੰਦਗੀ ਦੇ ਸੁਹਜ ਸਵਾਦ ਜਾਂ ਦੁੱਖ ਸੁਖ ਵਿੱਚ ਹਰ ਜਗ੍ਹਾ ਕੁਦਰਤ ਦਾ ਝਲਕਾਰਾ ਹੈ। ਕੁਦਰਤੀ ਸੰਤੁਲਨ ਵਿੱਚ ਨਰ ਮਾਦਾ ਦਾ ਅਹਿਮ ਰੋਲ ਹੈ। ਜੇਕਰ ਕਹੀਏ ਕਿ ਦੋਹਾਂ ਦੀ ਆਪਸੀ ਖਿੱਚ ਹੀ ਕੁਦਰਤ ਦਾ ਖੂਹ ਗੇੜਦੀ ਹੈ ਤਾਂ ਵੀ ਕੋਈ ਅਤਕੱਥਨੀ ਨਹੀਂ ਹੋਵੇਗੀ। ਮਨੁੱਖੀ ਜੀਵਨ ਵਿੱਚ ਰੋਮਾਂਸ ਪਿਆਰ ਮੁਹੱਬਤ ਜ਼ਿੰਮੇਵਾਰੀ ਮਾਦਾ ਜੀਵਨ ਦੀ ਹੋਂਦ ਕਾਰਨ ਹੀ ਹੈ। ਇਸਤਰੀ ਮਾਂ ਭੈਣ ਪਤਨੀ ਦੇ ਰੂਪ ਵਿੱਚ ਸਾਡੇ ਜੀਵਨ ਵਿੱਚ ਆਉਂਦੀ ਹੈ। ਮਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਹੋਂਦ ਹੀ ਸੰਭਵ ਨਹੀਂ ਹੈ। ਬੇਸ਼ਕ ਸਾਇੰਸ ਬਹੁਤ ਅੱਗੇ ਨਿਕਲ ਗਈ ਹੈ।
ਸਾਡੇ ਪੰਜਾਬੀ ਜੀਵਨ ਵਿੱਚ ਅਨੇਕਾਂ ਪਿਆਰ ਕਹਾਣੀਆਂ ਅਤੇ ਕਿੱਸੇ ਹਨ। ਇਨਾਂ ਕਿੱਸਿਆਂ ਵਿੱਚ ਵੀ ਇਸਤਰੀ ਦੇ ਰੰਗ ਰੂਪ, ਸੁੰਦਰਤਾ ਨੂੰ ਕੁਦਰਤ ਦੇ ਪ੍ਰਤੀਬਿੰਬਾ, ਬਨਸਪਤੀ ਅਤੇ ਪਸ਼ੂ ਪੰਛੀਆਂ ਦੇ ਨਾਂਵਾਂ ਨਾਲ ਨਾਲ ਮੇਚਿਆ ਗਿਆ ਹੈ, ਜਿਵੇਂ ਕਿ ਸਰ੍ਹੋਂ ਦੀ ਗੰਦਲ ਵਰਗੀ ਨਾਰ, ਦਿਨ ਚੜ੍ਹਦੇ ਦੀ ਲਾਲੀ ਵਰਗਾ ਰੰਗ, ਮੋਰਨੀ ਵਰਗੀ ਤੋਰ, ਤੀਲੇ ਵਰਗਾ ਨੱਕ, ਕਾਲੀਆਂ ਘਟਾਵਾਂ ਵਰਗੀਆਂ ਜ਼ੁਲਫਾਂ, ਸੱਪਣੀ ਵਾਂਗ ਮੇਲ੍ਹਣਾ, ਹਿਰਨੀ ਵਰਗੀਆਂ ਅੱਖਾਂ, ਮੋਤੀਆਂ ਵਰਗੇ ਦੰਦ, ਗੁੱਤ ਸੱਪਣੀ, ਚੰਦਨ ਗੇਲੀ, ਸਰ੍ਹੋਂ ਦੇ ਫੁੱਲ ਵਰਗੀ, ਸੰਧੂਰੀ ਅੰਬੀ, ਗੱਲ੍ਹਾਂ ਸਿਓ ਕਸ਼ਮੀਰ, ਗੁਲਾਬ ਦੇ ਫੁੱਲ ਵਰਗੀ, ਕੱਚੀ ਕਲੀ ਅਤੇ ਹੋਰ ਕਿੰਨੀਆਂ ਹੀ ਤੁਲਨਾਵਾਂ ਹਨ, ਜੋ ਇਸਤਰੀ ਦੀ ਸੁੰਦਰਤਾ ਨੂੰ ਵਡਿਆਉਣ ਲਈ ਵਰਤੀਆਂ ਜਾਂਦੀਆਂ ਹਨ। ਇਸਤਰੀ ਸੁਭਾਅ ਨੂੰ ਵੀ ਅਕਸਰ ਪਸ਼ੂਆਂ ਨਾਲ ਤੁਲਨਾ ਦੇ ਦਿੱਤੀ ਜਾਂਦੀ ਹੈ। ਰਿਸ਼ਤਾ ਕਰਨ ਵੇਲੇ ਅਕਸਰ ਕਿਹਾ ਜਾਂਦਾ ਹੈ - ਕੁੜੀ ਤਾਂ ਸਾਡੀ ਜਮ੍ਹਾਂ ਈ ਗਊ ਹੈ ਜੀ। ਸੱਸ ਲਈ ਬਘਿਆੜੀ ਸ਼ਬਦ ਅਕਸਰ ਵਰਤਿਆ ਜਾਂਦਾ ਹੈ। ”ਮਾਪਿਆਂ ਨੇ ਮੈਂ ਰੱਖੀ ਲਾਡਲੀ, ਅੱਗੋਂ ਸੱਸ ਬੱਘਿਆੜੀ ਟੱਕਰੀ।” ਜਨਾਨੀਆਂ ਵੀ ਇੱਕ ਦੂਜੀ ਨੂੰ ਨਿੰਦਣ ਲਈ ਅਕਸਰ ਭੇਡ ਸ਼ਬਦ ਦੀ ਵਰਤੋਂ ਕਰਦੀਆਂ ਹਨ। ਇਸ ਤਰ੍ਹਾਂ ਸਾਡਾ ਪੰਜਾਬੀ ਜੀਵਨ ਸੱਭਿਆਚਾਰ ਜਾਂ ਸੱਭਿਆਚਾਰਕ ਜੀਵਨ ਕਹਿ ਲਈਏ ਕੁਦਰਤ ਨਾਲ ਓਤ ਪੋਤ ਹੈ। ਸਾਡੇ ਜੰਮਣ ਮਰਨ ਅਤੇ ਖੁਸ਼ੀ ਗਮੀ ਵਿੱਚ ਹਰ ਮੌਕੇ ਕੁਦਰਤ ਹਾਜ਼ਰ ਹੁੰਦੀ ਹੈ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਬੂਹੇ ਅੱਗੇ ਨਿੰਮ੍ ਬੰਨ੍ਹਿਆ ਜਾਂਦਾ ਹੈ ਅਤੇ ਲਾਸ਼ ਦੇ ਆਲੇ ਦੁਆਲੇ ਵੀ ਨਿੰਮ ਰੱਖਿਆ ਜਾਂਦਾ ਹੈ। ਵਿਆਹ ਸਮੇਂ ਨੁਹਾਈ-ਧੁਆਈ ਵੇਲੇ ਬੰਨ੍ਹ ਲਾਉਣ ਵੇਲੇ ਦੱਭ (ਹਰਾ ਕੱਚਾ ਘਾਹ) ਦੀ ਵਰਤੋਂ ਕੀਤੀ ਜਾਂਦੀ ਹੈ। ਘੋੜੀ ਚੜ੍ਹਨ ਵੇਲੇ ਜੰਡੀ ਨੂੰ ਟੱਕ ਲਾਇਆ ਜਾਂਦਾ ਹੈ।
ਮੁੱਖ ਕਿੱਤਾ ਖੇਤੀਬਾੜੀ ਦਾ ਹੋਣ ਕਾਰਨ ਪੰਜਾਬੀ ਜੀਵਨ ਸੱਭਿਆਚਾਰ ਹਰ ਪੱਖੋਂ ਕੁਦਰਤ ਦੇ ਨੇੜੇ ਹੈ। ਸਾਡਾ ਖਾਣ ਪੀਣ ਸ਼ਾਕਾਹਾਰੀ ਜਾਂ ਮਾਸਾ ਹਾਰੀ ਕੁਦਰਤ ਦੀ ਦੇਣ ਹੈ। ਇਸ ਤਰ੍ਹਾਂ ਸਾਡੇ ਪੰਜਾਬੀ ਜੀਵਨ ਸੱਭਿਆਚਾਰ ਵਿੱਚ ਵਰਤੇ ਜਾਂਦੇ ਸ਼ਬਦ, ਅਲੰਕਾਰ, ਮੁਹਾਵਰੇ, ਕਹਾਵਤਾਂ ਸਭ ਕੁਦਰਤ ਦੇ ਅੰਸ਼ਾਂ ਨਾਲ ਕਿਤੇ ਨਾ ਕਿਤੇ ਮੇਲ ਖਾਂਦੇ ਹਨ। ਕਿਸੇ ਮੰਦਾ ਬੋਲਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਉਸ ਦੇ ਮੂੰਹੋਂ ਤਾਂ ਹਰ ਵਕਤ ਅੰਗਿਆਰ ਹੀ ਡਿਗਦੇ ਰਹਿੰਦੇ ਹਨ। ਕਿਸੇ ਸਲੀਕੇਦਾਰ ਬੰਦੇ ਨੂੰ ਕਿਹਾ ਜਾਂਦਾ ਹੈ ਕਿ ਉਹ ਤਾਂ ਭਾਈ ਬਹੁਤ ਮਿੱਠ ਬੋਲੜਾ ਹੈ, ਉਸ ਦੇ ਮੂੰਹੋਂ ਤਾਂ ਫੁੱਲ ਕਿਰਦੇ ਹਨ। ਇਸੇ ਤਰ੍ਹਾਂ ਗਰਮ ਸੁਭਾਅ ਵਾਲੇ ਨੂੰ ਅੱਗ ਅਤੇ ਠੰਢੇ ਸੁਭਾਅ ਵਾਲੇ ਨੂੰ ਪਾਣੀ ਕਹਿਣਾ।
ਪੰਜਾਬੀ ਜੀਵਨ ਸੱਭਿਆਚਾਰ ਵਿੱਚ ਵੱਡਿਆਂ ਵੱਲੋਂ ਛੋਟਿਆਂ ਨੂੰ ਸਮਝਾਉਣ, ਸਿੱਖਿਆ ਦੇਣ, ਮਾੜੇ ਕੰਮ ਤੋਂ ਵਰਜਣ ਲਈ, ਕਿਸੇ ਨੂੰ ਚਿਤਾਵਨੀ ਦੇਣ ਲਈ, ਅਤੇ ਕਿਸੇ ਕੰਮ ਦੇ ਚੰਗੇ ਮਾੜੇ ਨਤੀਜੇ ਬਾਰੇ ਸੁਚੇਤ ਕਰਨ ਲਈ ਸਾਡੇ ਪੰਜਾਬੀ ਸਮਾਜਿਕ ਜੀਵਨ ਵਿੱਚ ਵੀ ਕੁਦਰਤ ਦੇ ਅੰਸ਼ਾਂ ਨੂੰ ਉਦਾਹਰਣ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੰਦੇ ਦੀ ਖੁਸ਼ੀ ਵੰਡਾਉਣ ਨਾਲ ਦੁੱਗਣੀ ਹੋ ਜਾਂਦੀ ਹੈ ਅਤੇ ਦੁੱਖ ਵੰਡਾਇਆਂ ਅੱਧਾ ਰਹਿ ਜਾਂਦਾ ਹੈ। ਦੁੱਖ ਵੇਲੇ ਦੁਸ਼ਮਣੀ ਭੁੱਲਣਾ ਸਾਡੇ ਪੰਜਾਬੀ ਜੀਵਨ ਦਾ ਇੱਕ ਅਹਿਮ ਗੁਣ ਹੈ। ਸਾਡੇ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਭਾਈ ਹੋਰ ਕੁਝ ਨਹੀਂ ਕਰ ਸਕਦੇ ਦੋ ਬੋਲ ਹੀ ਹਮਦਰਦੀ ਦੇ ਬੋਲ ਦੇਵੋ। ਕਿਸੇ ਦੁਖੀ ਨੂੰ ਧਰਵਾਸ ਦੇਣ ਲਈ ਵਰਤੀ ਜਾਂਦੀ ਸਾਡੀ ਪੰਜਾਬੀ ਕਹਾਵਤ ਵਿੱਚ ਵੀ ਪਸ਼ੂਆਂ ਅਤੇ ਜਾਨਵਰਾਂ ਦੇ ਨਾਵਾਂ ਦਾ ਪ੍ਰਯੋਗ ਹੁੰਦਾ ਹੈ। ਬਿਮਾਰ ਬੰਦੇ ਨੂੰ ਅਕਸਰ ਇਹ ਕਹਿ ਕੇ ਧਰਵਾਸ ਦਿੱਤਾ ਜਾਂਦਾ ਹੈ ਕਿ ਭਾਈ ਸਬਰ ਰੱਖ ਦੁੱਖ ਆਉਂਦਾ ਘੋੜੇ ਦੀ ਚਾਲ ਹੈ ਅਤੇ ਜਾਂਦਾ ਕੀੜੀ ਦੀ ਚਾਲ। ਹੁਣ ਇਸ ਸਧਾਰਨ ਜਿਹੀ ਅਖੌਤ ਰਾਹੀਂ ਸਬਰ, ਠਰ੍ਹੰਮਾ, ਧੀਰਜ ਰੱਖਣ ਦੀ ਨਸੀਹਤ ਨੂੰ ਕਿੰਨੇ ਸਾਦਾ ਢੰਗ ਨਾਲ ਕਿਹਾ ਗਿਆ ਹੈ। ਵੇਖਿਆ ਜਾਵੇ ਤਾਂ ਸਾਡੇ ਜੀਵਨ ਵਿੱਚ ਬਿਮਾਰੀ, ਬਿਪਤਾ, ਘਾਟਾ, ਮੁਸੀਬਤ ਯਕਦਮ ਆਉਂਦੇ ਹਨ ਜਾਂ ਕਹਿ ਲਈਏ ਕਿ ਘੋੜੇ ਦੀ ਚਾਲ ਆ ਜਾਂਦੇ ਹਨ, ਪਰ ਇਹਨਾਂ ਦਾ ਸਮਾਧਾਨ ਜਲਦੀ ਨਹੀਂ ਹੁੰਦਾ, ਸਮਾਂ ਲਗਦਾ ਹੈ। ਜਿਸ ਲਈ ਕੀੜੀ ਦੀ ਚਾਲ ਦੀ ਉਦਾਹਰਣ ਕਿੰਨੀ ਸਟੀਕ ਜਾਪਦੀ ਹੈ। ਮਨ ਨੂੰ ਟਿਕਾਣੇ ਰੱਖਣ, ਉਡੀਕ ਕਰਨ, ਸਬਰ ਰੱਖਣ ਅਤੇ ਧਰਵਾਸ ਰੱਖਣ ਦੀ ਨਸੀਹਤ ਹੈ ਕਿ ਕਿਸੇ ਵੀ ਪ੍ਰਕਾਰ ਦਾ ਦੁੱਖ ਦਰਦ ਆਵੇਗਾ ਘੋੜੇ ਦੀ ਚਾਲ ਤੇ ਜਾਵੇਗਾ ਕੀੜੀ ਦੀ ਚਾਲ।
ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸੰਜਮ, ਸਬਰ, ਉਡੀਕ ਦੀ ਬਹੁਤ ਘਾਟ ਹੈ। ਹਰ ਕੋਈ ਸਮੱਸਿਆ ਦਾ ਹੱਲ ਚੁਟਕੀ ਵਿੱਚ ਚਾਹੁੰਦਾ ਹੈ। ਜਦੋਂ ਚੁਟਕੀ ਵਿੱਚ ਹੱਲ ਨਹੀਂ ਹੁੰਦਾ ਤਾਂ ਹਰ ਬੰਦਾ ਬੇਚੈਨ ਹੁੰਦਾ ਹੈ। ਇਹ ਬੇਚੈਨੀ ਉਸਦੇ ਖੁਦ ਲਈ ਅਤੇ ਸਮਾਜ ਲਈ ਮਾਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਸਿਰਫ ਤੇ ਸਿਰਫ ਵਿਦੇਸ਼ ਜਾਣ ਨੂੰ ਮੰਨ ਰਹੇ ਹਨ ਪ੍ਰੰਤੂ ਜਦੋਂ ਬਾਹਰ ਜਾਕੇ ਸਮੱਸਿਆਵਾਂ ਨਾਲ ਵਾਹ ਪੈਂਦਾ ਹੈ ਤਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਵਿਦੇਸ਼ਾਂ ਵਿੱਚ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਮੁੱਖ ਕਾਰਨ ਡਿਪਰੈਸ਼ਨ ਨੂੰ ਹੀ ਮੰਨਿਆ ਜਾ ਰਿਹਾ ਹੈ। ਕਿਸੇ ਵੀ ਸਮੱਸਿਆ ਦੇ ਹੱਲ ਲਈ ਸਮਾਂ ਜ਼ਰੂਰ ਲਗਦਾ ਹੈ। ਕਿਸਾਨੀ ਵਿੱਚ ਵੀ ਜੋ ਕਿਸਾਨ ਮੁਸ਼ਕਿਲ ਵਿੱਚ ਧੀਰਜ ਖੋ ਬੈਠਦਾ ਹੈ, ਉਹ ਆਤਮਹੱਤਿਆ ਵਰਗਾ ਭਿਆਨਕ ਕਦਮ ਉਠਾ ਲੈਂਦਾ ਹੈ। ਕਿਸਾਨੀ ਸੰਘਰਸ਼ ਨੂੰ ਹੀ ਵੇਖ ਲਓ ਜੋ ਕਿ ਬਹੁਤ ਹੀ ਧੀਰਜ ਨਾਲ ਲੜਿਆ ਗਿਆ, ਬੇਸ਼ਕ ਕੁਝ ਮਸਲੇ ਹੱਲ ਹੋਏ ਪਰ ਸਮੱਸਿਆਵਾਂ ਅਜੇ ਵੀ ਬਣੀਆਂ ਹੋਈਆਂ ਹਨ। ਸੋ ਅੱਜ ਦੇ ਸਮੇਂ ਵਿੱਚ ਸਬਰ, ਸੰਜਮ, ਉਡੀਕ ਅਤੇ ਧੀਰਜ ਦੀ ਬਹੁਤ ਜ਼ਰੂਰਤ ਹੈ ਜਾਂ ਕਹਿ ਲਈਏ ਕਿ ਜ਼ਿੰਦਗੀ ਵਿੱਚ ਸਮੱਸਿਆਵਾਂ ਆਉਣਗੀਆਂ ਤਾਂ ਘੋੜੇ ਚਾਲ ਪਰ ਜਾਣਗੀਆਂ ਕੀੜੀ ਚਾਲ …।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4965)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)