“ਪਰਵਾਸ ਦਾ ਰੁਝਾਨ ਪੰਜਾਬ ਵਿੱਚ ਹੁਣ ਆਪਣੀ ਚਰਮ ਸੀਮਾ ’ਤੇ ਹੈ, ਲੇਕਿਨ ਇਸਦੇ ...”
(21 ਮਈ 2023)
ਇਸ ਸਮੇਂ ਪਾਠਕ: 66.
ਪੰਜਾਬ ਵਿੱਚ ਜੇਕਰ ਅੱਜ ਸਭ ਤੋਂ ਤੇਜ਼ ਗਤੀ, ਲੋਕ ਰੁਚੀ, ਸਭਿਅਕ-ਅਸਭਿਅਕ ਅਤੇ ਜਾਇਜ਼-ਨਾਜਾਇਜ਼ ਤਰੀਕੇ ਨਾਲ ਕੁਝ ਹੋ ਰਿਹਾ ਹੈ ਤਾਂ ਉਹ ਹੈ ਪਰਵਾਸ। ਪਲੱਸ ਟੂ ਤੋਂ ਬਾਅਦ ਬੱਚੇ ਹੁਣ ਕਾਲਜ ਵਿੱਚ ਦਾਖਲ ਹੋਣ ਲਈ ਨਹੀਂ ਜਾਂਦੇ ਸਗੋਂ ਆਈਲੈਟਸ ਸੈਂਟਰਾਂ ਦਾ ਰੁਖ਼ ਕਰਦੇ ਹਨ। ਆਈਲੈਟਸ ਸੈਂਟਰ ਖੁੰਬਾਂ ਵਾਂਗ ਪੈਦਾ ਹੋ ਰਹੇ ਹਨ। ਹੁਣ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੇ ਖੁਦ ਦੇ ਹੀ ਆਈਲੈਟਸ ਸੈਂਟਰ ਖੋਲ੍ਹ ਲਏ ਹਨ। ਪਰਵਾਸ ਦਾ ਇਹ ਰੁਝਾਨ ਹੁਣ ਪਿੰਡਾਂ ਵਿੱਚ ਪੂਰੇ ਜੋਬਨ ’ਤੇ ਹੈ। ਅੱਜ ਪੰਜਾਬ ਦੇ ਪਿੰਡਾਂ ਵਿੱਚ ਕੋਈ ਵੀ ਅਜਿਹਾ ਪਰਿਵਾਰ ਨਹੀਂ ਜਿਸਦਾ ਖ਼ੁਦ ਦਾ ਜਾਂ ਫਿਰ ਰਿਸ਼ਤੇਦਾਰੀ ਵਿੱਚੋਂ ਕੋਈ ਮੈਂਬਰ ਵਿਦੇਸ਼ ਨਾ ਗਿਆ ਹੋਵੇ।
ਜੇਕਰ ਬੱਚਿਆਂ ਨਾਲ ਪਰਵਾਸ ਦੇ ਨਫ਼ੇ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਬੇਸ਼ਕ ਉਹਨਾਂ ਕੋਲ ਕੋਈ ਵਾਜਬ ਜਵਾਬ ਜਾਂ ਦਲੀਲ ਨਹੀਂ ਵੀ ਹੁੰਦੀ; ਬੱਸ ਇੰਨਾ ਕਹਿਣਾ ਹੁੰਦਾ ਹੈ - ਜੀ ਇੱਥੇ (ਪੰਜਾਬ ਵਿੱਚ) ਤਾਂ ਹੁਣ ਕੁਝ ਨਹੀਂ। ਮੇਰੀ ਜਾਚੇ ਇਸ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ, ਕਿਉਂਕਿ ਪਲੱਸ ਟੂ ਦਾ ਬੱਚਾ ਅਜੇ ਲਗਭਗ ਕਿਸ਼ੋਰ ਅਵਸਥਾ ਵਿੱਚ ਹੀ ਗੁਜ਼ਰ ਰਿਹਾ ਹੁੰਦਾ ਹੈ। ਆਲ਼ੇ ਦੁਆਲ਼ੇ ਦੀਆਂ ਪ੍ਰਸਥਿਤੀਆਂ ਤੋਂ ਅਣਭਿੱਜ ਰਹਿਣਾ ਉਸ ਦੇ ਵਸ ਦਾ ਰੋਗ ਨਹੀਂ। ਜਦੋਂ ਉਸ ਦੇ ਹਮਜੋਲੀ, ਜਮਾਤੀ ਅਤੇ ਮਾਸੀ, ਮਾਮੀ, ਚਾਚੇ, ਤਾਏ ਅਤੇ ਆਂਢ ਗੁਆਂਢ ਦੇ ਬਹੁਤੇ ਬੱਚੇ ਵਿਦੇਸ਼ ਜਾ ਰਹੇ ਹੋਣ ਤਾਂ ਉਹ ਕਿਵੇਂ ਪਿੱਛੇ ਰਹਿ ਸਕਦੇ ਹਨ।
ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਪਿੰਡਾਂ ਦੇ ਗਰੀਬ ਕਿਸਾਨ ਹੁਣ ਆਪਣੀ ਜ਼ਮੀਨ ਵੇਚਣ ਲੱਗ ਪਏ ਹਨ। ਵਿਦੇਸ਼ ਵਿੱਚ ਸੈਟਲ ਹੋਏ ਬੱਚੇ ਵੀ ਆਪਣੇ ਮਾਪਿਆਂ ਨੂੰ ਜ਼ਮੀਨ ਜਾਇਦਾਦ ਵੇਚ ਕੇ ਉਨ੍ਹਾਂ ਕੋਲ ਹੀ ਪੱਕਾ ਠਿਕਾਣਾ ਕਰਨ ਲਈ ਕਹਿਣ ਲੱਗੇ ਹਨ। ਇਸ ਵਰਤਾਰੇ ਨਾਲ ਪੰਜਾਬ ਦੇ ਸ਼ੁਭਚਿੰਤਕਾਂ ਵਿੱਚ ਬੇਚੈਨੀ ਹੈ। ਕਈ ਅਖੌਤੀ ਸਮਾਜ ਸੁਧਾਰਕ ਪਿੰਡਾਂ ਦੇ ਇਹਨਾਂ ਕਿਸਾਨਾਂ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਇਸ ਵਰਤਾਰੇ ਦਾ ਦੋਸ਼ੀ ਠਹਿਰਾ ਰਹੇ ਹਨ। ਮੇਰੀ ਜਾਚੇ ਇਹ ਉਨ੍ਹਾਂ ਦਾ ਕਸੂਰ ਨਹੀਂ, ਅੱਜ ਪੰਜਾਬ ਦੇ ਬਹੁਤੇ ਮਾਸਟਰਾਂ, ਡਾਕਟਰਾਂ, ਡਰਾਈਵਰਾਂ, ਕੰਡਕਟਰਾਂ, ਨੰਬਰਦਾਰਾਂ, ਜੈਲਦਾਰਾਂ, ਜਥੇਦਾਰਾਂ, ਕਾਂਗਰਸੀਆਂ, ਅਕਾਲੀਆਂ ਤੇ ਕਾਮਰੇਡਾਂ ਦੇ ਲੀਡਰਾਂ, ਤਰਕਸ਼ੀਲਾਂ, ਪੰਜਾਬੀ ਕਲਾਕਾਰਾਂ, ਸਿਪਾਹੀ, ਥਾਣੇਦਾਰਾਂ, ਐੱਸ ਡੀ ਐੱਮ, ਡੀ ਸੀ, ਤਹਿਸੀਲਦਾਰਾਂ, ਡੇਰਿਆਂ ਵਾਲੇ ਬਾਬੇ ਤੇ ਉਹਨਾਂ ਦੇ ਸੇਵਾਦਾਰਾਂ, ਭੱਠਿਆਂ ਤੇ ਸ਼ੈਲਰਾਂ ਵਾਲੇ ਸ਼ਾਹੂਕਾਰਾਂ, ਸਰਪੰਚਾਂ, ਮੈਂਬਰਾਂ, ਲੇਖਕਾਂ, ਨਾਟਕਕਾਰਾਂ, ਕਿਸਾਨ ਯੂਨੀਅਨਾਂ ਦੇ ਲੀਡਰਾਂ, ਆਹੁਦੇਦਾਰਾਂ, ਗੱਲ ਕੀ ਸਮਾਜ ਦੇ ਹਰੇਕ ਤਬਕੇ ਦੇ ਮੋਹਤਬਰਾਂ ਦੇ ਬੱਚੇ ਵਿਦੇਸ਼ ਜਾ ਚੁੱਕੇ ਹਨ ਜਾਂ ਜਾਣ ਦੀ ਤਿਆਰੀ ਵਿੱਚ ਹਨ। ਹੁਣ ਤੁਸੀਂ ਇੱਕ ਆਮ ਸਾਧਾਰਨ ਬੰਦੇ ਨੂੰ ਕਿਸ ਅਧਾਰ ’ਤੇ ਕਹੋਗੇ ਕਿ ਆਪਣੇ ਦੇਸ਼ (ਪੰਜਾਬ) ਵਿੱਚ ਰਹਿਕੇ ਕੰਮ ਕਰਨਾ ਚਾਹੀਦਾ ਹੈ।
ਬੱਚੇ ਦੀ ਕਾਬਲੀਅਤ ਦਾ ਪੈਮਾਨਾ ਹੁਣ ਪਲੱਸ ਟੂ ਦੀ ਮੈਰਿਟ ਨਹੀਂ ਸਗੋਂ ਆਈਲੈਟਸ ਵਿੱਚੋਂ ਹਾਸਲ ਕੀਤੇ ਬੈਂਡ ਹਨ। ਹੁਣ ਪ੍ਰਸਥਿਤੀਆਂ ਇਹ ਹਨ ਕਿ ਐੱਮ ਬੀ ਬੀ ਐੱਸ, ਬੀ, ਡੀ, ਐੱਸ, ਬੀ, ਵੀ ਐੱਸਸੀ, ਇੰਜਨੀਅਰਿੰਗ ਕਰ ਚੁੱਕੇ ਬੱਚੇ ਵੀ ਵਿਦੇਸ਼ ਦਾ ਰੁਖ਼ ਕਰ ਰਹੇ ਹਨ।
ਸਮਾਜ ਵਿੱਚ ਸਮੇਂ ਸਮੇਂ ਕਈ ਚਲਨ ਜਾਂ ਰਿਵਾਜ ਚਲਦੇ ਰਹੇ ਹਨ ਜੋ ਵਕਤੀ ਹੁੰਦੇ ਹਨ ਪਰ ਉਹਨਾਂ ਦੇ ਸਿੱਟੇ ਕਈ ਵਾਰ ਨੁਕਸਾਨਦੇਹ ਜਾਂ ਘਾਤਕ ਹੁੰਦੇ ਹਨ। ਪੈਲੇਸ ਕਲਚਰ ਦੇ ਰਿਵਾਜ ਨੇ ਸਾਡੀ ਆਰਥਿਕਤਾ ਅਤੇ ਸਭਿਆਚਾਰ ਨੂੰ ਜਿਵੇਂ ਖੋਰਾ ਲਾਇਆ ਹੈ, ਉਵੇਂ ਹੀ ਵਿਦੇਸ਼ ਜਾਣ ਦੇ ਚਲਨ, ਰਿਵਾਜ, ਰੁਝਾਨ ਦੇ ਵੀ ਸਾਡੇ ਪੰਜਾਬ, ਪੰਜਾਬੀਅਤ ਉੱਪਰ ਬਹੁਤ ਗਹਿਰੇ ਪ੍ਰਭਾਵ ਪੈਣਗੇ। ਹੁਣ ਹਰ ਇੱਕ ਦੀ ਇਹ ਇੱਛਾ ਹੈ ਕਿ ਉਸ ਦਾ ਬੱਚਾ ਵਿਦੇਸ਼ ਜਾਵੇ। ਵਿਦੇਸ਼ ਜਾਣ ਦੀ ਤਿਆਰੀ ਦੌਰਾਨ ਜੇਕਰ ਕਿਸੇ ਦੇ ਬੱਚੇ ਦਾ ਵੀਜ਼ਾ ਪਹਿਲਾਂ ਆ ਜਾਵੇ ਤਾਂ ਦੂਜਾ ਆਪਣੀ ਹੱਤਕ ਹੋਈ ਮੰਨਦਾ ਹੈ। ਜੇਕਰ ਕਿਧਰੇ ਵੀਜ਼ਾ ਨਾ ਲੱਗੇ, ਫਿਰ ਤਾਂ ਘਰ ਵਿੱਚ ਸੱਥਰ ਵਿਛਣ ਵਰਗਾ ਮਾਹੌਲ ਹੋ ਜਾਂਦਾ ਹੈ। ਪੰਜਾਬ ਵਿੱਚ ਇੱਕਾ ਦੁੱਕਾ ਘਟਨਾਵਾਂ ਵਾਪਰ ਵੀ ਚੁੱਕੀਆਂ ਹਨ। ਵਿਦੇਸ਼ ਜਾਣ ਤੋਂ ਅਸਫ਼ਲ ਰਹਿਣ ’ਤੇ ਕਈ ਬੱਚਿਆਂ ਨੇ ਖੁਦਕੁਸ਼ੀ ਵੀ ਕੀਤੀ ਹੈ।
ਪਰਵਾਸ ਦਾ ਰੁਝਾਨ ਪੰਜਾਬ ਵਿੱਚ ਹੁਣ ਆਪਣੀ ਚਰਮ ਸੀਮਾ ’ਤੇ ਹੈ, ਲੇਕਿਨ ਇਸਦੇ ਅਣਕਿਆਸੇ, ਗ਼ਲਤ, ਨੁਕਸਾਨਦੇਹ ਅਤੇ ਖ਼ਤਰਨਾਕ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਰਕਾਰ ਜਾਂ ਕੋਈ ਹੋਰ ਸਮਾਜਿਕ ਧਿਰ ਇਸ ਵਰਤਾਰੇ ਪ੍ਰਤੀ ਸੰਜੀਦਾ ਨਹੀਂ। ਹਾਲਤ ਇਹ ਬਣੀ ਪਈ ਹੈ ਕਿ ਜੇਕਰ ਕੋਈ ਬੋਲਣਾ ਵੀ ਚਾਹੁੰਦਾ ਹੈ ਤਾਂ ਉਸ ਦਾ ਖ਼ੁਦ ਦਾ ਬੱਚਾ ਵਿਦੇਸ਼ ਜਾਣ ਦੀ ਜ਼ਿੱਦ ਕਰ ਰਿਹਾ ਹੁੰਦਾ ਹੈ। ਵੱਡੀ ਗੱਲ ਇਹ ਕਿ ਹੁਣ ਬੱਚੇ ਵਿਦੇਸ਼ ਤੋਂ ਵਾਪਸ ਪਰਤਣ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ। ਉਹ ਉੱਥੇ ਹੀ ਪੱਕੇ ਤੌਰ ’ਤੇ ਵਸਣ ਦੀ ਲੋਚਾ ਰੱਖਦੇ ਹਨ। ਹੁਣ ਤਾਂ ਉਹ ਗੱਲ ਹੋਈ ਪਈ ਹੈ ਕਿ ਜੋ ਗਿਆ, ਸੋ ਗਿਆ। ਪਹਿਲਾਂ ਪਹਿਲ ਮਹਾਜਨਾਂ (ਬਾਣੀਆਂ) ਦੇ ਬੱਚੇ ਘੱਟ ਰੁਝਾਨ ਰੱਖਦੇ ਸਨ ਵਿਦੇਸ਼ ਜਾਣ ਦਾ, ਉਹ ਆਪਣੇ ਜੱਦੀ ਪੁਸ਼ਤੀ ਵਣਜ ਵਪਾਰ ਵਿੱਚ ਪੈ ਜਾਂਦੇ ਸਨ ਪਰ ਹੁਣ ਉਹਨਾਂ ਵਿੱਚ ਵੀ ਵਿਦੇਸ਼ ਜਾਣ ਦਾ ਰੁਝਾਨ ਹੋ ਗਿਆ ਹੈ। ਇਹ ਅਖੌਤ ਆਪਾਂ ਸਾਰਿਆਂ ਸੁਣੀ ਹੀ ਹੋਈ ਐ ਕਿ ਜਿੱਧਰ ਗਿਆ ਬਾਣੀਆਂ, ਉੱਧਰ ਗਿਆ ਬਜ਼ਾਰ। ਲੇਖ ਲਿਖਣ ਤੋਂ ਬਾਅਦ ਇਹ ਸਤਰਾਂ ਲਿਖਣੋਂ ਮੈਂ ਰਹਿ ਨਹੀਂ ਸਕਦਾ-
ਮੈਂ ਵੀ ਨਹੀਂ ਹਾਂ ਕੋਈ ਦਰਵੇਸ਼,
ਮੇਰਾ ਬੱਚਾ ਵੀ ਹੈ ਵਿੱਚ ਵਿਦੇਸ਼।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3978)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)