“ਮੈਂ ਕੋਲ ਆਉਣ ਤੇ ਉਹਨਾਂ ਨੂੰ ਪੁੱਛਿਆ ਕਿ ਕੱਲ੍ਹ ਤਾਂ ਤੁਸੀਂ ਦੋਨੋਂ ਜਣੇ ਜਮਾਤ ਵਿੱਚ ...”
(5 ਜਨਵਰੀ 2025)
ਮੇਰੀ ਬੇਟੀ ਸਕੂਲ ਅਧਿਆਪਕਾ ਹੈ। ਉਹ ਮੇਰੇ ਨਾਲ ਆਪਣੇ ਸਕੂਲ ਸਹਿਕਰਮੀਆਂ ਦੀਆਂ ਵਿਹਾਰਕ ਸਮੱਸਿਆਵਾਂ ਅਤੇ ਸਕੂਲੀ ਬੱਚਿਆਂ ਦੀਆਂ ਵਿਹਾਰਕ ਸਮੱਸਿਆਵਾਂ ਬਾਰੇ ਅਕਸਰ ਚਰਚਾ ਕਰਦੀ ਰਹਿੰਦੀ ਹੈ। ਅਸੀਂ ਉਹਨਾਂ ਸਮੱਸਿਆਵਾਂ ਬਾਰੇ ਚਰਚਾ ਕਰਕੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਨਾਲ ਉਸ ਨੂੰ ਕਾਫੀ ਆਸਾਨੀ ਹੋ ਜਾਂਦੀ ਹੈ ਅਤੇ ਉਸ ਦਾ ਪੜ੍ਹਾਉਣ ਦਾ ਜੋਸ਼ ਬਰਕਰਾਰ ਰਹਿੰਦਾ ਹੈ।
ਸਕੂਲ ਅਧਿਆਪਕ ਦਾ ਬੱਚਿਆਂ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ। ਇਹ ਆਪਾਂ ਭਲੀਭਾਂਤ ਜਾਣਦੇ ਹਾਂ ਕਿ ਇੱਕ ਸਕੂਲ ਅਧਿਆਪਕ ਦਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਜਾਂ ਸਿਖਾਉਣਾ ਹੁੰਦਾ ਹੈ, ਲੇਕਿਨ ਜੇਕਰ ਅਧਿਆਪਕ ਸਿਖਾਂਦਰੂ ਰੁਚੀ ਰੱਖਦਾ ਹੋਵੇ (ਜੋ ਕਿ ਅਧਿਆਪਕ ਲਈ ਇੱਕ ਸਫਲਤਾ ਦੀ ਕੁੰਜੀ ਹੈ) ਫਿਰ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਬੱਚੇ ਆਪਣੀਆਂ ਹਰਕਤਾਂ, ਸ਼ਰਾਰਤਾਂ ਅਤੇ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਰਾਹੀਂ ਬਹੁਤ ਕੁਝ ਵੱਡਾ ਵੀ ਸਿਖਾ ਜਾਂਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਚੰਗੀ ਯਾਦ ਸ਼ਕਤੀ ਹੀ ਮਨੁੱਖ ਨੂੰ ਮਹਾਨ ਬਣਾਉਂਦੀ ਹੈ। ਲੇਕਿਨ ਸਾਡੀ ਜ਼ਿੰਦਗੀ ਦੌਰਾਨ ਕਈ ਖੱਟੀਆਂ ਮਿੱਠੀਆਂ ਅਤੇ ਕੌੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਸਦੀਵੀ ਸਾਡੇ ਜ਼ਿਹਨ ਵਿੱਚ ਰਹਿੰਦੀਆਂ ਹਨ। ਪਰ ਫਿਰ ਵੀ ਸਾਨੂੰ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਅਗਾਂਹ ਤੁਰਨਾ ਪੈਂਦਾ ਹੈ। ਜਾਂ ਕਹੀਏ ਕਿ ਉਹਨਾਂ ਵਾਪਰ ਚੁੱਕੀਆਂ ਘਟਨਾਵਾਂ ਨੂੰ ਛੱਡਣਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਉਹਨਾਂ ਘਟਨਾਵਾਂ ਨੂੰ ਬੱਲੇ ਬੰਨ੍ਹ ਕੇ ਰੱਖੀ ਲਈਏ ਤਾਂ ਜ਼ਿੰਦਗੀ ਵਿੱਚ ਖੜੋਤ ਆਉਣੀ ਸੁਭਾਵਿਕ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਲੈਟ ਗੋ’ ਵੀ ਕਹਿ ਦਿੰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਆਪਣੀ ਕਿਸੇ ਸੰਸਥਾ ਵਿੱਚ ਆਪਣੇ ਸਹਿ ਕਰਮੀਆਂ ਨਾਲ ਕਾਰਜ ਕਰਦੇ ਹਾਂ ਤਾਂ ਉੱਥੇ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਹਰ ਰੋਜ਼ ਦੀਆਂ ਛੋਟੀਆਂ ਛੋਟੀਆਂ ਆਪਸੀ ਰੰਜਿਸ਼ਾਂ ਨੂੰ ਛੱਡਦੇ ਹੋਏ ਅੱਗੇ ਵਧੀਏ, ਜਿਸ ਨਾਲ ਸਾਡਾ ਆਪਣੇ ਸਹਿ ਕਰਮੀਆਂ ਨਾਲ ਵਰਤੋਂ ਵਿਹਾਰ ਦਾ ਤਰੀਕਾ ਵਧੀਆ ਰਹੇਗਾ ਅਤੇ ਸਾਨੂੰ ਆਪਣੇ ਕੰਮ ਕਰਨ ਦਾ ਆਨੰਦ ਪ੍ਰਾਪਤ ਹੋਵੇਗਾ।
ਬੱਚਿਆਂ ਵਿੱਚ ਇਹ ਹੁਨਰ ਵੱਡਿਆਂ ਨਾਲੋਂ ਵਧੇਰੇ ਹੁੰਦਾ ਹੈ। ਬੇਸ਼ਕ ਉਹ ਆਪਣੇ ਸਹਿਪਾਠੀਆਂ ਨਾਲ ਹਰ ਰੋਜ਼ ਖਹਿੰਦੇ ਰਹਿੰਦੇ ਹਨ ਪਰ ਫਿਰ ਵੀ ਉਹ ਇਕੱਠੇ ਰਹਿੰਦੇ ਹਨ। ਬੇਟੀ ਨੇ ਆਪਣੇ ਸਕੂਲ ਵਿੱਚ ਉਸ ਦੀ ਜਮਾਤ ਵਿੱਚ ਵਾਪਰੀ ਇੱਕ ਘਟਨਾ ਦਾ ਜ਼ਿਕਰ ਮੇਰੇ ਨਾਲ ਕੀਤਾ। ਉਸਨੇ ਦੱਸਿਆ ਕਿ ਉਸ ਦੀ ਜਮਾਤ ਦੇ ਦੋ ਬੱਚੇ ਆਪਸ ਵਿੱਚ ਲੜ ਪਏ। ਲੜਦਿਆਂ ਲੜਦਿਆਂ ਇੱਕ ਬੱਚੇ ਕੋਲੋਂ ਦੂਜੇ ਬੱਚੇ ਦੀ ਅੱਖ ਵਿੱਚ ਉਂਗਲ ਵੱਜ ਗਈ। ਅੱਖ ਬੁਰੀ ਤਰ੍ਹਾਂ ਸੁੱਜ ਗਈ ਅਤੇ ਲਾਲ ਹੋ ਗਈ। ਉਹ ਕਾਫੀ ਘਬਰਾ ਗਈ। ਬੱਚੇ ਨੂੰ ਸਕੂਲ ਵਿੱਚ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ।
ਬੇਟੀ ਨੇ ਅਗਾਂਹ ਦੱਸਿਆ, “ਛੁੱਟੀ ਹੋਣ ਤੋਂ ਬਾਅਦ ਮੈਂ ਘਰ ਆ ਗਈ ਲੇਕਿਨ ਸਕੂਲ ਵਾਲੀ ਘਟਨਾ ਜ਼ਿਹਨ ਵਿੱਚ ਚੱਕਰ ਕੱਢ ਰਹੀ ਸੀ। ਮੈਂ ਸੋਚ ਰਹੀ ਸਾਂ ਕਿ ਕੱਲ੍ਹ ਨੂੰ ਉਸਦੇ ਮਾਪੇ ਸਕੂਲ ਵਿੱਚ ਉਲਾਂਭਾ ਲੈ ਕੇ ਆਉਣਗੇ। ਸਾਰੀ ਰਾਤ ਇਸੇ ਚਿੰਤਾ ਵਿੱਚ ਗੁਜਰੀ। ਦੂਜੇ ਦਿਨ ਮੈਂ ਇਸੇ ਚਿੰਤਾ ਵਿੱਚ ਹੀ ਸਕੂਲ ਪਹੁੰਚੀ। ਜਦੋਂ ਮੈਂ ਸਕੂਲੇ ਪਹੁੰਚ ਕੇ ਸਕੂਟਰੀ ਨੂੰ ਸਟੈਂਡ ਤੇ ਲਾ ਕੇ ਦਫਤਰ ਵੱਲ ਜਾ ਰਹੀ ਸੀ ਤਾਂ ਕੀ ਵੇਖਦੀ ਹਾਂ ਕਿ ਉਹੀ ਦੋਨੋਂ ਬੱਚੇ ਜੋ ਕੱਲ੍ਹ ਜਮਾਤ ਵਿੱਚ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਉਲਝੇ ਸਨ। ਉਹ ਆਪਸ ਵਿੱਚ ਹੱਸਦੇ ਹੋਏ ਇਕੱਠੇ ਤੁਰੇ ਆ ਰਹੇ ਸਨ। ਮੈਨੂੰ ਬੜਾ ਅਚੰਭਾ ਲੱਗਾ। ਜਦੋਂ ਮੈਂ ਕੋਲ ਆਉਣ ਤੇ ਉਹਨਾਂ ਨੂੰ ਪੁੱਛਿਆ ਕਿ ਕੱਲ੍ਹ ਤਾਂ ਤੁਸੀਂ ਦੋਨੋਂ ਜਣੇ ਜਮਾਤ ਵਿੱਚ ਬੁਰੀ ਤਰ੍ਹਾਂ ਲੜੇ ਸੀ ਤੇ ਅੱਜ ਤੁਸੀਂ ਇਕੱਠੇ ਜੋਟੀ ਪਾਈ ਹੱਸਦੇ ਆ ਰਹੇ ਹੋ? ਜਿਸ ਬੱਚੇ ਦੀ ਅੱਖ ਜ਼ਖਮੀ ਹੋਈ ਸੀ ਉਹ ਬੋਲਿਆ ਕਿ ਮੈਡਮ ਜੀ ਇਸ ਨੇ ਮੈਨੂੰ 30 ਰੁਪਏ ਦਾ ਬਰਗਰ ਖੁਆ ਦਿੱਤਾ ਸੀ। ਮੈਂ ਹੱਸਦੀ ਹੋਈ ਦਫਤਰ ਵੱਲ ਜਾ ਰਹੀ ਸਾਂ ਤੇ ਸੋਚ ਰਹੀ ਸਾਂ ਕਿ ਜ਼ਿੰਦਗੀ ਵਿੱਚ ਆਪਸੀ ਟਕਰਾਵਾਂ ਨੂੰ ਭੁਲਾਉਣਾ, ਮਨ ਵਿੱਚੋਂ ਕੱਢਣਾ ਕਿੰਨੀ ਅਹਿਮੀਅਤ ਰੱਖਦਾ ਹੈ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5590)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)