“ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆ। ਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ...”
(30 ਅਗਸਤ 2023)
ਗਰਮੀਆਂ ਦੀ ਤਪਦੀ ਤਿੱਖੜ ਦੁਪਹਿਰ ਵਿੱਚ ਠੰਢੀ ਹਵਾ ਬੁੱਲਾ ਕਿਸ ਨੂੰ ਚੰਗਾ ਨਹੀਂ ਲੱਗਦਾ? ਮੈਨੂੰ ਵੀ ਚੰਗਾ ਲੱਗਦਾ ਹੈ। ਬਹੁਤ ਦੇਰ ਬਾਅਦ ਠੰਢੀ ਹਵਾ ਦਾ ਬੁੱਲਾ ਆਇਆ ਹੈ। ਤੁਸੀਂ ਪੁੱਛੋਗੇ ਕਿ ਕਿੱਧਰ ਤੋਂ? ਮੈਂ ਕਹਾਂਗਾ ਕਿ ਹਰਿਆਣੇ ਵੱਲੋਂ। ਤੁਸੀਂ ਸੋਚਦੇ ਹੋਵੋਗੇ ਕਿ ਹਰਿਆਣੇ ਵਿੱਚ ਤਾਂ ਅੱਗ ਦੇ ਭਾਂਬੜ ਬਲ਼ ਰਹੇ ਨੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਜੀ ਹਾਂ, ਤੁਸੀਂ ਬਿਲਕੁਲ ਦਰੁਸਤ ਹੋ। ਇਹਨਾਂ ਅੱਗ ਦੇ ਭਾਂਬੜਾਂ ਵਿੱਚੋਂ ਹੀ ਠੰਢੀ ਹਵਾ ਦਾ ਬੁੱਲਾ ਆਇਆ ਹੈ। ਉੰਨੀ ਸੌ ਸੰਤਾਲੀ ਦੇ ਉਜਾੜਿਆਂ ਦੀਆਂ ਪਈਆਂ ਮਾਰਾਂ ਦੇ ਹਰਿਆਣੇ-ਪੰਜਾਬ ਨੂੰ ਲੱਗੇ ਜ਼ਖ਼ਮ ਅਜੇ ਵੀ ਰਿਸ ਰਹੇ ਹਨ। ਇੱਥੋਂ ਦੇ ਵਸਨੀਕਾਂ ਨੇ ਇਹ ਦਰਦ ਆਪਣੇ ਹੱਡੀਂ ਹੰਢਾਏ ਹਨ, ਬੇਸ਼ਕ ਉਸ ਵੇਲੇ ਦਿੱਲੀ ਤਕ ਪੰਜਾਬ ਹੀ ਸੀ। ਸੰਨ ਸੰਤਾਲੀ ਦੇ ਸਤਾਏ ਹੋਏ ਲੋਕ ਹਰਿਆਣੇ ਵਿੱਚ ਵੀ ਵਸਦੇ ਹਨ। ਅਜ਼ਾਦੀ ਤੋਂ ਬਾਅਦ ਸਾਡਾ ਵੱਖਰਾ ਮੁਲਕ ਹਿੰਦੋਸਤਾਨ ਬਣਿਆ। ਇੱਥੇ ਨਵੀਂ ਬਣੀ ਹਕੂਮਤ ਨੇ ਦੇਸ਼ ਅੰਦਰ ਵਸਦੇ ਹਿੰਦੂ ਮੁਸਲਮਾਨ ਫਿਰਕਿਆਂ ਵਿੱਚ ਸਦਭਾਵਨਾ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ। ਕੋਸ਼ਿਸ਼ਾਂ ਸਫ਼ਲ ਵੀ ਹੋਈਆਂ। ਹੱਸਦੇ ਵਸਦੇ ਲੋਕਾਂ ਨੂੰ ਦੋ ਮੁਲਕਾਂ ਵਿੱਚ ਵੰਡਣ ਦਾ ਫ਼ੈਸਲਾ ਸਿਆਸੀ ਸੀ। ਇਹ ਕੋਈ ਲੋਕਾਂ ਦੀ ਮੰਗ ਨਹੀਂ ਸੀ। ਕਰੀਬ ਦਸ ਲੱਖ ਲੋਕ ਕਤਲੋਗਾਰਤ ਦਾ ਸ਼ਿਕਾਰ ਹੋਏ। ਲੋਕਾਂ ਦੇ ਹੋਏ ਮਾਲੀ ਨੁਕਸਾਨ ਦੀ ਗਿਣਤੀ ਮਿਣਤੀ ਹੀ ਕੋਈ ਨਹੀਂ।
ਧਰਮ ਅਤੇ ਵਿਗਿਆਨ ਦੋਨੋਂ ਹੀ ਮਨੁੱਖਤਾ ਦੀ ਭਲਾਈ ਲਈ ਹਨ। ਜਦੋਂ ਇਹ ਸਿਆਸਤ ਦੇ ਕਾਬੂ ਆਉਂਦੇ ਹਨ ਤਾਂ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣਦੇ ਹਨ। ਪਰਮਾਣੂ ਊਰਜਾ ਦੀ ਖੋਜ ਊਰਜਾ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਸੀ। ਸਿਆਸਤ ਨੇ ਇਸ ਨੂੰ ਹਥਿਆਰ ਬਣਾ ਕੇ ਜਪਾਨ ਦੇ ਹੀਰੋਸ਼ੀਮਾ ਨਾਗਾਸਾਕੀ ਉੱਪਰ ਬੰਬ ਗਿਰਾ ਕੇ ਅਨੇਕਾਂ ਲੋਕਾਂ ਨੂੰ ਅਣਆਈ ਮੌਤ ਮਾਰਿਆ। ਇਹ ਇੰਨਾ ਭਿਆਨਕ ਸੀ ਕਿ ਅੱਜ ਵੀ ਉੱਥੇ ਗੂੰਗੇ, ਬਹਿਰੇ ਅਤੇ ਅਪਾਹਜ ਬੱਚੇ ਪੈਦਾ ਹੋ ਰਹੇ ਹਨ। ਧਰਮ ਦੇ ਨਾਂ ’ਤੇ ਦੁਨੀਆਂ ਅੰਦਰ ਹੋਈਆਂ ਪੰਦਰਾਂ ਹਜ਼ਾਰ ਲੜਾਈਆਂ ਵਿੱਚ ਲੱਖਾਂ ਲੋਕ ਮਾਰੇ ਗਏ ਹਨ। ਸਿਆਸਤ ਧਰਮ ਦੀ ਵਰਤੋਂ ਲੋਕਾਂ ਨੂੰ ਲੁੱਟਣ ਅਤੇ ਲੜਾਉਣ ਲਈ ਕਰਦੀ ਹੈ। ਇਹ ਵਰਤਾਰਾ ਸਾਰੀ ਦੁਨੀਆਂ ਵਿੱਚ ਨਜ਼ਰ ਆਉਂਦਾ ਹੈ। ਸਾਡਾ ਦੇਸ਼ ਵੀ ਇਸ ਤੋਂ ਅਛੂਤਾ ਨਹੀਂ ਹੈ। ਸਿਆਸਤ ਧਰਮ ਨੂੰ ਆਪਣਾ ਉੱਲੂ ਸਿੱਧਾ ਕਰਨ ਲਈ ਵਰਤਦੀ ਹੈ। ਇਹ ਸਿਆਸਤ ਨੂੰ ਇਸ ਲਈ ਵੀ ਠੀਕ ਬੈਠਦਾ ਹੈ ਕਿ ਇਸ ਵਿੱਚ ਕੋਈ ਬਹੁਤੇ ਪੂੰਜੀ ਨਿਵੇਸ਼ ਦੀ ਲੋੜ ਨਹੀਂ ਪੈਂਦੀ। ਚੰਦ ਨਫ਼ਰਤ ਭਰੇ ਸ਼ਬਦਾਂ ਨਾਲ ਹੀ ਕੰਮ ਚੱਲ ਜਾਂਦਾ ਹੈ। ਦਿੱਲੀ ਦੇ ਚੁਰਾਸੀ ਦੇ ਦੰਗੇ, ਗੁਜਰਾਤ ਦਾ ਗੋਧਰਾ ਕਾਂਡ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ।
ਹਾਲੀਆ ਮਣੀਪੁਰ ਦੀਆਂ ਘਟਨਾਵਾਂ ਇਸ ਦੀ ਇੱਕ ਹੋਰ ਉਦਾਹਰਣ ਹਨ। ਮਣੀਪੁਰ ਦੀਆਂ ਘਟਨਾਵਾਂ ਨੇ ਸਾਨੂੰ ਦੁਨੀਆਂ ਭਰ ਵਿੱਚ ਸ਼ਰਮਸਾਰ ਕੀਤਾ ਹੈ। ਜਿਸ ਧਰਮ ਵਿੱਚ ਔਰਤ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਧਰਮ ਦੇ ਲੋਕਾਂ ਵੱਲੋਂ ਔਰਤ ਨੂੰ ਨਿਰਵਸਤਰ ਕੀਤਾ ਗਿਆ। ਮਣੀਪੁਰ ਵਿੱਚ ਘਟਨਾਵਾਂ ਅਜੇ ਰੁਕੀਆਂ ਨਹੀਂ ਸਨ ਕਿ ਹਰਿਆਣੇ ਦੇ ਨੂਹ ਵਿੱਚ ਘਟਨਾਕ੍ਰਮ ਵਾਪਰ ਗਿਆ। ਇਸ ਘਟਨਾਕ੍ਰਮ ਵਿੱਚ ਜੋ ਵੀ ਕੂੜ ਪ੍ਰਚਾਰ, ਨਫ਼ਰਤੀ ਭਾਸ਼ਣ, ਗਾਲੀ ਗਲੋਚ ਹੋਇਆ, ਉਹ ਸਾਰੇ ਦਾ ਸਾਰਾ ਧਰਮ ਦੇ ਲਬਾਦੇ ਵਿੱਚ ਲਪੇਟ ਕੇ ਕੀਤਾ ਗਿਆ। ਮਨੁੱਖ ਦੁਆਰਾ ਮਨੁੱਖ ਨੂੰ ਹੀ ਜ਼ਿੰਦਾ ਜਲਾਉਣਾ, ਇਸ ਤੋਂ ਘਿਰਣਤ ਕਾਰਾ ਕੋਈ ਨਹੀਂ। ਸਿਆਸਤ ਦਾ ਧਰਮ ਨੂੰ ਵਰਤਣ ਦਾ ਇਸ ਤੋਂ ਵੱਧ ਕੁਕਰਮ ਕੀ ਹੋ ਸਕਦਾ ਹੈ। ਇਸ ਵਿੱਚ ਸਿਆਸਤਦਾਨ ਨੂੰ ਕੋਈ ਆਂਚ ਨਹੀਂ ਆਉਂਦੀ। ਉਲਟਾ ਸਿਆਸਤਦਾਨ ਲੋਕਾਂ ਵਿੱਚ ਆਪਣੇ ਆਪ ਨੂੰ ਧਰਮ ਦਾ ਰਖਵਾਲਾ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਭਰਮ ਪਾਲਦਾ ਹੈ ਕਿ ਆਮ ਜਨਤਾ ਨੂੰ ਉਸ ਦੀ ਇਸ ਚਲਾਕੀ ਦੀ ਸਮਝ ਨਹੀਂ ਆ ਸਕਦੀ। ਜਿਵੇਂ ਕਿਹਾ ਜਾਂਦਾ ਹੈ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਜੀ ਹਾਂ, ਸਿਆਸਤਦਾਨ ਜੀ, ਤੁਹਾਡੀ ਇਹ ਚਲਾਕੀ, ਬੇਈਮਾਨੀ, ਬਦਇਖਲਾਕੀ, ਬਦਨੀਤੀ ਨੂੰ ਹੁਣ ਲੋਕਾਂ ਨੇ ਤਾੜ ਲਿਆ ਹੈ। ਸਭ ਤੋਂ ਪਹਿਲਾਂ ਤੇਰੀ ਇਹ ਚਾਲ ਪੁੱਠੀ ਪਈ ਕਿਸਾਨ ਅੰਦੋਲਨ ਸਮੇਂ ਜਦੋਂ ਤੁਸੀਂ ਪੰਜਾਬ ਵਿੱਚੋਂ ਉੱਠੇ ਇਤਿਹਾਸ ਕਿਸਾਨ ਅੰਦੋਲਨ ਅੱਤਵਾਦੀਆਂ, ਵੱਖਵਾਦੀਆਂ, ਅੰਦੋਲਨਜੀਵੀਆਂ ਦਾ ਅੰਦੋਲਨ ਕਹਿ ਕੇ ਭੰਡਿਆ। ਉਸ ਅੰਦੋਲਨ ਨੇ ਤੇਰਾ ਦੰਭ ਨੰਗਾ ਕੀਤਾ। ਤੇਰੇ ਹਰ ਜਬਰ ਜ਼ੁਲਮ ਦਾ ਸਬਰ ਸੰਤੋਖ ਨਾਲ ਟਾਕਰਾ ਕੀਤਾ। ਧਰਮ ਦੇ ਨਾਂ ’ਤੇ ਤੇਰੀਆਂ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਬੇਨਕਾਬ ਕੀਤਾ। ਕਿਹੜੀਆਂ ਜੁਗਤਾਂ ਤੂੰ ਨਹੀਂ ਵਰਤੀਆਂ ਐ ਸਿਆਸਤਦਾਨ! ਤੇਰੀ ਹਰ ਚਲਾਕੀ, ਮੱਕਾਰੀ ਨੂੰ ਕਿਸਾਨ ਚੰਗੀ ਤਰ੍ਹਾਂ ਸਮਝ ਕੇ ਅੱਗੇ ਵਧੇ। ਤੇਰੇ ਵੱਲੋਂ ਸੁੱਟਿਆ ਧਾਰਮਿਕ ਫਿਰਕੂ ਪੱਤਾ ਬੁਰੀ ਤਰ੍ਹਾਂ ਫੇਲ ਹੋਇਆ। ਸਾਰੇ ਦੇਸ਼ ਦਾ ਕਿਸਾਨ ਆਪਣੇ ਸਾਂਝੇ ਮਕਸਦ ਲਈ ਇੱਕ ਹੋਇਆ।
ਹੁਣ ਗੱਲ ਕਰੀਏ ਹਰਿਆਣੇ ਦੀ। ਹਰਿਆਣਾ ਦੇ ਨੂਹ ਵਿੱਚ ਜੋ ਘਟਨਾਵਾਂ ਵਾਪਰੀਆਂ ਉਸ ਦੀ ਫਿਰਕੂ ਅੱਗ ਨੇ ਮਾਨੇਸਰ, ਫਰੀਦਾਬਾਦ, ਗੁਰੂਗਰਾਮ, ਹਾਂਸੀ ਹਿਸਾਰ ਅਤੇ ਹੋਰ ਕਈ ਥਾਂਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਾਰਕੁੱਟ, ਸਾੜਫੂਕ, ਜਨਤਕ ਜਾਇਦਾਦਾਂ ਦੀਆਂ ਲੁੱਟ ਦੀਆਂ ਘਟਨਾਵਾਂ ਵਾਪਰੀਆਂ। ਸਭ ਤੋਂ ਖ਼ਤਰਨਾਕ ਘਟਨਾ ਇੱਕ ਧਾਰਮਿਕ ਫਿਰਕੇ ਦੇ ਬੰਦੇ ਨੂੰ ਉਸ ਦੇ ਧਰਮ ਸਥਾਨ ਅੰਦਰ ਹੀ ਜਲਾ ਦਿੱਤਾ ਗਿਆ। ਹੈਰਾਨੀਜਨਕ ਹੈ ਕਿ ਜੋ ਸ਼ਖਸ ਕਤਲ ਜਿਹੇ ਘਿਨਾਉਣੇ ਅਪਰਾਧ ਦਾ ਕਥਿਤ ਦੋਸ਼ੀ ਹੈ, ਉਹ ਇਸ ਭੀੜ ਦੀ ਅਗਵਾਈ ਕਰ ਰਿਹਾ ਸੀ। ਜਿਸ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ, ਉਹ ਸ਼ਰੇਆਮ ਮੰਚ ਤੋਂ ਇੱਕ ਫਿਰਕੇ ਨੂੰ ਚੈਲੰਜ ਕਰ ਰਿਹਾ ਸੀ। ਵੱਧ ਤੋਂ ਵੱਧ ਲੋਕਾਂ ਨੂੰ ਹਥਿਆਰਬੰਦ ਹੋ ਕੇ ਇਕੱਠੇ ਹੋਣ ਲਈ ਕਹਿ ਰਿਹਾ ਸੀ ਤਾਂ ਕਿ ਦੂਜੇ ਫਿਰਕੇ ਦੇ ਲੋਕਾਂ ਦਾ ਵੱਧ ਤੋਂ ਵੱਧ ਨੁਕਸਾਨ ਕਰ ਸਕੇ। ਦੂਜੇ ਫਿਰਕੇ ਤੋਂ ਛਿੱਤਰ ਪਰੇਡ ਕਰਵਾਉਣ ਤੋਂ ਬਾਅਦ ਹਰਿਆਣੇ ਦੇ ਸਭ ਤੋਂ ਵੱਡੇ ਜਾਟ ਭਾਈਚਾਰੇ ਨੂੰ ਨਾਲ ਰਲਾਉਣ ਦੀ ਚਾਲ ਚੱਲੀ, ਪਰ ਸਦਕੇ ਜਾਈਏ ਜਾਟ ਭਾਈਚਾਰੇ ਦੇ, ਜਿਸਨੇ ਸਿਆਸੀ ਚਾਲ ਨੂੰ ਸਮਝਿਆ। ਉਹਨਾਂ ਕਿਹਾ ਕਿ ਮੇਵਾਤੀ ਲੋਕ ਸਾਡੇ ਭਰਾ ਹਨ, ਅਸੀਂ ਸਦੀਆਂ ਤੋਂ ਭਾਈਚਾਰਕ ਸਾਂਝ ਨਾਲ ਰਹਿੰਦੇ ਆ ਰਹੇ ਹਾਂ।
ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆ। ਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਉੱਥੋਂ ਦੇ ਹਰ ਫ਼ਿਰਕੇ ਦੇ ਸੂਝਵਾਨ ਵਿਅਕਤੀ ਇਕੱਠੇ ਹੋਏ, ਸਦਭਾਵਨਾ ਕਮੇਟੀਆਂ ਬਣਾਈਆਂ। ਸ਼ਹਿਰਾਂ ਵਿੱਚ ਭਾਈਚਾਰਾ ਬਣਾਏ ਰੱਖਣ ਲਈ ਮੀਟਿੰਗਾਂ ਕੀਤੀਆਂ। ਮੋਮਬੱਤੀ ਮਾਰਚ ਕੱਢੇ ਗਏ। ਦਹਿਸ਼ਤਜ਼ਦਾ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ। ਸਿਆਸਤਦਾਨ ਨੂੰ ਇਹ ਜਤਾ ਦਿੱਤਾ ਕਿ ਸਾਨੂੰ ਤੇਰੀ ਧਰਮ ਦੀ ਰਾਖੀ ਦੀ ਕੋਈ ਲੋੜ ਨਹੀਂ, ਅਸੀਂ ਆਪਣੇ ਧਰਮ ਦੀ ਰਾਖੀ ਆਪ ਕਰ ਲਵਾਂਗੇ। ਐ ਸਿਆਸਤਦਾਨ! ਲੋਕਾਂ ਨੇ ਤੇਰੀ ਕੋਝੀ ਚਾਲ ਨੂੰ ਸਮਝਿਆ ਹੀ ਨਹੀਂ ਸਗੋਂ ਲੋਕ ਹੁਣ ਤੈਨੂੰ ਲੋਕਾਂ ਵਿੱਚ ਧਾਰਮਿਕ ਜ਼ਹਿਰ ਫੈਲਾਉਣ ਦਾ ਦੋਸ਼ੀ ਵੀ ਗ਼ਰਦਾਨ ਰਹੇ ਹਨ। ਵੱਖ ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਨੇ ਜੋਟੀ ਪਾ ਲਈ ਹੈ। ਲੋਕਾਂ ਦੀ ਪਾਈ ਇਸ ਜੋਟੀ ਨੇ ਤੈਨੂੰ ਵਾਹਣੀ ਪਾ ਦੇਣਾ ਹੈ। ਲੋਕਾਂ ਨੂੰ ਤੇਰੀ ਹੁਸ਼ਿਆਰੀ ਦੀ ਸਮਝ ਆ ਗਈ ਹੈ। ਲੋਕ ਤੇਰੀ ਇਸ ਕੋਝੀ ਹਰਕਤ ਵਿਰੁੱਧ ਇਕਜੁੱਟ ਹੋ ਗਏ ਨੇ, ਤੇਰੇ ਸਾਹਮਣੇ ਕੰਧ ਬਣ ਖੜੋ ਗਏ ਨੇ। ਹਰਿਆਣੇ ਵਿੱਚ ਪਿਆਰ ਦੀ ਬਰਸਾਤ ਹੋ ਰਹੀ ਹੈ ਅਤੇ ਠੰਢੀ ਹਵਾ ਦੇ ਬੁੱਲੇ ਆ ਰਹੇ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4185)
(ਸਰੋਕਾਰ ਨਾਲ ਸੰਪਰਕ ਲਈ: (