“ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ...”
(18 ਜੁਲਾਈ 2023)
ਕਦੇ ਖੇਤਾਂ ਵਿੱਚ ਪੰਜਾਬੀ ਗੀਤ ਗੂੰਜਦੇ ਸੀ, ਹੁਣ ਚਲਦੇ ਨੇ ਬਿਹਾਰੀਆਂ ਦੇ ਭੋਜਪੁਰੀ ਗਾਣੇ। ਧਰਤੀ ਦੇ ਕਿਸੇ ਇੱਕ ਖਿੱਤੇ ਵਿੱਚ ਵਸਦੇ ਮਨੁੱਖ ਜਦੋਂ ਕਿਸੇ ਦੂਜੇ ਖਿੱਤੇ ਵਿੱਚ ਪਰਵਾਸ ਕਰਦੇ ਹਨ ਤਾਂ ਉਹ ਆਪਣਾ ਸੱਭਿਆਚਾਰ ਵੀ ਨਾਲ ਲੈ ਕੇ ਜਾਂਦੇ ਹਨ। ਸੱਭਿਆਚਾਰ, ਜਿਸ ਵਿੱਚ ਮਨੁੱਖ ਦੇ ਰਹਿਣ ਸਹਿਣ, ਕਾਰ-ਵਿਹਾਰ, ਬੋਲਚਾਲ ਦੀ ਭਾਸ਼ਾ ਅਤੇ ਤੌਰ ਤਰੀਕਾ ਅਤੇ ਹੋਰ ਗਤੀਵਿਧੀਆਂ ਸ਼ਾਮਿਲ ਹਨ। ਮਨੁੱਖੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਬਾਰੀਕਬੀਨ ਵੀ। ਇਸਦੀ ਪ੍ਰਤੱਖ ਉਦਾਹਰਣ ਸਾਡਾ ਆਪਣਾ ਦੇਸ਼ ਜਾਂ ਸਮਾਜ ਹੀ ਹੈ।
ਸਾਡੇ ਇੱਥੇ ਕਈ ਹਮਲਾਵਰ ਆਏ। ਕਈ ਸਿਰਫ਼ ਲੁੱਟ ਕਰਨ ਲਈ ਹੀ ਆਏ ਅਤੇ ਕਈ ਇੱਥੋਂ ਦੇ ਹੁਕਮਰਾਨ ਵੀ ਬਣੇ। ਉਹਨਾਂ ਦੇ ਸੱਭਿਆਚਾਰ ਦਾ ਪ੍ਰਭਾਵ ਸਾਡੇ ਦੇਸ਼, ਸਮਾਜ ਉੱਪਰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਖ਼ਾਸ ਕਰਕੇ ਮੁਗਲਾਂ ਦਾ ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ। ਅੰਗਰੇਜ਼ੀ ਸੱਭਿਆਚਾਰ ਨੇ ਤਾਂ ਅਜਿਹਾ ਪ੍ਰਭਾਵ ਛੱਡਿਆ ਹੈ ਕਿ ਇਸਦਾ ਜਾਦੂ ਅੱਜ ਵੀ ਸਾਡੇ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਅਜੋਕੀ ਪੀੜ੍ਹੀ ਅੰਗਰੇਜ਼ੀ ਸੱਭਿਆਚਾਰ ਦੀ ਦੀਵਾਨੀ ਹੈ। ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ਕੀਤਾ, ਉਹ ਹੁਣ ਦੁਨੀਆਂ ਤੋਂ ਲਗਭਗ ਰੁਖ਼ਸਤ ਹੋ ਗਈ ਹੈ। ਨਵੀਂ ਪੀੜ੍ਹੀ ਨੂੰ ਅੰਗਰੇਜ਼ੀ ਸੱਭਿਆਚਾਰ ਵਿੱਚ ਕੋਈ ਨੁਕਸ ਨਜ਼ਰ ਨਹੀਂ ਆਉਂਦਾ। ਰਹਿੰਦੀ ਕਸਰ ਸਾਡੇ ਸ਼ਾਸਕ, ਪ੍ਰਸ਼ਾਸਕ ਕੱਢ ਰਹੇ ਹਨ। ਇਨ੍ਹਾਂ ਦੇ ਰਾਜ ਭਾਗ ਚਲਾਉਣ ਦੇ ਤੌਰ ਤਰੀਕੇ ਤੋਂ ਦੁਖੀ ਹੋਈ ਜਨਤਾ ਜਨਾਰਦਨ ਵੱਲੋਂ ਅਕਸਰ ਹੀ ਇਹ ਕਹਿਣਾ ਕਿ ਇਨ੍ਹਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀ, ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਦੀ ਪ੍ਰਤੱਖ ਗਵਾਹੀ ਭਰਦਾ ਹੈ। ਸਮੇਂ ਦਾ ਅਜੀਬ ਗੇੜ ਹੈ ਕਿ ਜਿਨ੍ਹਾਂ ਅੰਗਰੇਜ਼ਾਂ ਨੂੰ ਆਪਣੇ ਮੁਲਕ ਵਿੱਚੋਂ ਕੱਢਣ ਲਈ ਤਸ਼ੱਦਦ ਸਹੇ, ਕੁਰਬਾਨੀਆਂ ਕੀਤੀਆਂ, ਅੱਜ ਸਾਡੀ ਨਵੀਂ ਪੀੜ੍ਹੀ ਉਨ੍ਹਾਂ ਅੰਗਰੇਜ਼ਾਂ ਦੇ ਮੁਲਕਾਂ ਵਿੱਚ ਜਾਣ ਲਈ ਤਰਲੋਮੱਛੀ ਹੋ ਰਹੀ ਹੈ।
ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਇਸਦੀਆਂ ਅਨੇਕਾਂ ਵਿਧਾਵਾਂ ਹਨ। ਨਾਚ ਅਤੇ ਸੰਗੀਤ ਕਿਸੇ ਵੀ ਸੱਭਿਆਚਾਰ ਦੀ ਅਜਿਹੀ ਵਿਧਾ ਹੈ ਜੋ ਆਪਣਾ ਪ੍ਰਭਾਵ ਪ੍ਰਤੱਖ ਅਤੇ ਸਦੀਵੀ ਪ੍ਰਭਾਵ ਛੱਡਦੀ ਹੈ। ਅਸੀਂ ਆਪਣੇ ਹੀ ਦੇਸ਼ ਦੀ ਗੱਲ ਕਰੀਏ ਤਾਂ ਗੁਜਰਾਤ ਦਾ ਗਰਬਾ ਅਤੇ ਪੰਜਾਬ ਦਾ ਭੰਗੜਾ ਵਿਸ਼ੇਸ਼ ਹਨ। ਪੰਜਾਬ ਦੇ ਭੰਗੜਾ ਲੋਕ ਨਾਚ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜੇਕਰ ਆਪਾਂ ਮਨੁੱਖੀ ਪਰਵਾਸ ਦੇ ਨਾਲ ਸੱਭਿਆਚਾਰਕ ਵਰਤਾਰੇ ਦੇ ਪੈਣ ਵਾਲੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਸਾਡਾ ਪੰਜਾਬੀ ਸੱਭਿਆਚਾਰ ਇਸਦੀ ਇੱਕ ਵਧੀਆ ਉਦਾਹਰਣ ਹੈ। ਪੰਜਾਬ ਵਿੱਚੋਂ ਪਰਵਾਸ ਕਰਨ ਦੀ ਪ੍ਰਵਿਰਤੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਅੱਜ ਕੱਲ੍ਹ ਨਵੀਂ ਪੀੜ੍ਹੀ ਵਿੱਚ ਇਹ ਜਨੂੰਨ ਦੀ ਹੱਦ ਤੀਕ ਪਹੁੰਚ ਗਈ ਹੈ। ਇਸ ਤੋਂ ਸਾਡੇ ਸਮਾਜ ਸ਼ਾਸਤਰੀ ਅਤੇ ਪੰਜਾਬ ਦੇ ਸ਼ੁਭਚਿੰਤਕ ਕਾਫ਼ੀ ਚਿੰਤਿਤ ਹਨ। ਪੰਜਾਬੀਆਂ ਦੇ ਪਰਵਾਸ ਦੇ ਨਾਲ ਪੰਜਾਬੀ ਸੱਭਿਆਚਾਰ ਵੀ ਦੁਨੀਆਂ ਦੇ ਦੂਰ ਦੁਰਾਡੇ ਮੁਲਕਾਂ ਵਿੱਚ ਪਹੁੰਚ ਚੁੱਕਾ ਹੈ। ਕੌਮਾਂਤਰੀ ਪੱਧਰ ’ਤੇ ਪੰਜਾਬੀ ਗੀਤ ਸੰਗੀਤ ਦੀ ਸ਼ੋਹਰਤ ਨੇ ਪੰਜਾਬੀਆਂ ਦੀ ਵੱਖਰੀ ਪਛਾਣ ਨੂੰ ਸਥਾਪਿਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਤਕਨਾਲੋਜੀ ਦੇ ਯੁਗ ਵਿੱਚ ਇਸਦਾ ਪ੍ਰਭਾਵ ਹੋਰ ਵੀ ਵੱਧ ਪਿਆ ਹੈ। ਅੱਜ ਕੱਲ੍ਹ ਪੰਜਾਬੀ ਕਲਾਕਾਰਾਂ ਦਾ ਪੰਜਾਬੀ ਗੀਤਾਂ ਦੀਆਂ ਰੀਲਾਂ ਅਤੇ ਫਿਲਮਾਂ ਵਿੱਚ ਪੰਜਾਬੀ ਪਹਿਰਾਵੇ ਦੀ ਵਰਤੋਂ ਨੇ ਸਾਡੀ ਵੱਖਰੀ ਪਛਾਣ ਕਾਇਮ ਕੀਤੀ ਹੈ।
ਕਈ ਪੱਛਮੀ ਮੁਲਕਾਂ ਵਿੱਚ ਸਾਡੀ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਹੋ ਚੁੱਕੀ ਹੈ। ਗਿਣਤੀ ਵਧਣ ਨਾਲ ਕੁਝ ਖਿੱਤਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਮਾਣਤਾ ਮਿਲੀ ਹੈ ਜਿਸ ਨਾਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪੰਜਾਬੀ ਕਲਾਕਾਰ ਹੁਣ ਸੰਸਾਰ ਪੱਧਰੀ ਸ਼ੋਹਰਤ ਵੀ ਖੱਟ ਚੁੱਕੇ ਹਨ। ਇਸ ਵਿੱਚ ਮਰਹੂਮ ਸਿੱਧੂ ਮੂਸੇ ਵਾਲਾ ਦਾ ਨਾਮ ਸਭ ਤੋਂ ਉੱਪਰ ਹੈ। ਉਸ ਦੀ ਸ਼ੋਹਰਤ ਉਸਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਕਾਇਮ ਹੈ। ਹੋਰ ਮੁਲਕਾਂ ਦੇ ਮਸ਼ਹੂਰ ਗਾਇਕ ਕਲਾਕਾਰਾਂ ਦਾ ਉਸਦੇ ਘਰ ਆਉਣਾ ਇਸਦੀ ਸ਼ਾਹਦੀ ਭਰਦਾ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਵਿਖੇ ਹੋਰ ਮੁਲਕਾਂ ਦੇ ਮਸ਼ਹੂਰ ਗਾਇਕ ਕਲਾਕਾਰਾਂ ਦੇ ਆਉਣ ਦਾ ਕਾਰਨ ਇੱਕ ਪੰਜਾਬੀ ਗਾਇਕ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਦੀ ਗੀਤ ਸੰਗੀਤ ਦੀ ਵਿਧਾ ਨਾਲ ਨਾਮਣਾਂ ਖੱਟਿਆ। ਸਿੱਧੂ ਮੂਸੇ ਵਾਲਾ ਦੇ ਪੰਜਾਬੀ ਪਹਿਰਾਵੇ ਨੇ ਵੀ ਵਿਸ਼ੇਸ਼ ਛਾਪ ਛੱਡੀ ਹੈ। ਇੱਕ ਹੋਰ ਕਲਾਕਾਰ ਹੈ ਦਲਜੀਤ ਦੁਸਾਂਝ। ਕੌਮਾਂਤਰੀ ਮੰਚ ’ਤੇ ਉਸਦਾ ਨਾਮ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਖ਼ਾਸ ਕਰਕੇ ਉਸਦਾ ਵੱਡੇ ਕੌਮਾਂਤਰੀ ਮੰਚਾਂ ’ਤੇ ਪਰਫਾਰਮ ਕਰਨਾ, ਜਿਹਨਾਂ ਵਿੱਚੋਂ ਇੱਕ ਵਿਸ਼ਵ ਪੱਧਰੀ ਮੰਚ ਕੋਚੀਲਾ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਸਮੇਂ ਅਮਰੀਕਾ ਦੀ ਇੱਕ ਮੰਤਰੀ ਵੱਲੋਂ ਦਲਜੀਤ ਦੁਸਾਂਝ ਦਾ ਜ਼ਿਕਰ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਪੰਜਾਬੀ ਗਾਇਕ ਕਲਾਕਾਰ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੁਨੀਆਂ ਦੇ ਕਿਸੇ ਇੱਕ ਖਿੱਤੇ ਵਿੱਚ ਰਹਿਣ ਵਾਲੇ ਮਨੁੱਖ ਜਦੋਂ ਕਿਸੇ ਦੂਜੇ ਖਿੱਤੇ ਵਿੱਚ ਪਰਵਾਸ ਕਰਦੇ ਹਨ ਤਾਂ ਉਹਨਾਂ ਦਾ ਸੱਭਿਆਚਾਰ ਉਸ ਖਿੱਤੇ ਨੂੰ ਆਪਣੀ ਵਿਲੱਖਣਤਾ ਦੇ ਸੁਰ ਛੱਟਿਆਂ ਦੇ ਨਾਲ ਰੰਗ ਦਿੰਦਾ ਹੈ।
ਹਰ ਇੱਕ ਸੱਭਿਆਚਾਰ ਦੀਆਂ ਵੱਖ ਵੱਖ ਵਿਧਾਵਾਂ ਅਤੇ ਵੰਨਗੀਆਂ ਹੁੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਵੀ ਖੇਤ ਜਾਂ ਖੇਤੀ ਸੱਭਿਆਚਾਰ ਦੀ ਆਪਣੀ ਨਵੇਕਲੀ ਪਛਾਣ ਹੈ। ਹਾਲ਼ੀ-ਪਾਲ਼ੀ, ਭੱਤਾ ਲੈਕੇ ਖੇਤਾਂ ਨੂੰ ਜਾਂਦੀਆਂ ਸੁਆਣੀਆਂ ਅਤੇ ਊਠ, ਬਲਦ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਸਭ ਇਸਦੇ ਅਹਿਮ ਕਿਰਦਾਰ ਸਨ। ਧਨੀ ਰਾਮ ਚਾਤ੍ਰਿਕ ਜੀ ਨੇ ਇਸਦਾ ਬਹੁਤ ਖੂਬਸੂਰਤ ਵਰਣਨ ਕੀਤਾ ਹੈ। ਹਰੀ ਕ੍ਰਾਂਤੀ ਬਾਅਦ ਸਾਡੇ ਖੇਤੀ ਸੱਭਿਆਚਾਰ ਵਿੱਚ ਵੀ ਬੜੀ ਤਬਦੀਲੀ ਆਈ ਹੈ। ਬਲਦ ਹੁਣ ਖੇਤੀ ਵਿੱਚੋਂ ਲਗਭਗ ਬਾਹਰ ਹੋ ਗਏ ਹਨ। ਹਾਲੀਆਂ ਦੀਆਂ ਹੀਰ ਦੀਆਂ ਹੇਕਾਂ ਦੀ ਥਾਂ ਪਹਿਲਾਂ ਟੇਪ ਰਿਕਾਰਡਰਾਂ ਨੇ ਲਈ ਹੁਣ ਟਰੈਕਟਰਾਂ ਉੱਪਰ ਲੱਗੇ ਡੈਕਾਂ ਨੇ ਲੈ ਲਈ ਹੈ। ਇਸ ਤਰ੍ਹਾਂ ਖੇਤੀ ਸੱਭਿਆਚਾਰ ਵਿੱਚ ਵੀ ਬੜਾ ਬਦਲਾਅ ਆਇਆ ਹੈ। ਖੇਤਾਂ ਵਿੱਚ ਕੰਮ ਕਰਦੇ ਪੰਜਾਬੀ ਗੱਭਰੂਆਂ ਦਾ ਚਹੇਤੇ ਕਲਾਕਾਰ ਪੰਜਾਬੀ ਹੁੰਦੇ ਸੀ।ਮੁੱਖ ਫ਼ਸਲ ਹੁਣ ਕਣਕ ਅਤੇ ਚੌਲ਼ ਹੋ ਗਏ ਹਨ। ਕਣਕ ਦੀ ਬਿਜਾਈ ਮਸ਼ੀਨ ਨਾਲ ਹੋ ਜਾਂਦੀ ਹੈ। ਚੌਲਾਂ ਦੀ ਲੁਆਈ ਸ਼ੁਰੂ ਸ਼ੁਰੂ ਵਿੱਚ ਸਾਡੇ ਲੋਕਾਂ ਨੇ ਆਪ ਕੀਤੀ ਪਰ ਹੁਣ ਇਹ ਬਿਲਕੁਲ ਯੂਪੀ, ਬਿਹਾਰ ਤੋਂ ਆਉਂਦੇ ਕਿਰਤੀਆਂ ਉੱਪਰ ਨਿਰਭਰ ਹੈ। ਪੰਜਾਬ ਦਾ ਕਿਸਾਨ ਹੁਣ ਮਾਲਕ ਦੀ ਹੈਸੀਅਤ ਵਿੱਚ ਹੈ। ਹੁਣ ਚੌਲਾਂ ਦੀ ਲੁਆਈ ਦੇ ਸੀਜ਼ਨ ਦੌਰਾਨ ਖੇਤਾਂ ਵਿੱਚ ਮੋਟਰਾਂ ਉੱਤੇ ਪੰਜਾਬੀ ਗਾਣੇ ਨਹੀਂ ਵੱਜਦੇ, ਬਿਹਾਰ ਤੋਂ ਆਏ ਕਿਰਤੀ ਹੁਣ ਮੋਟਰਾਂ ’ਤੇ ਭੋਜਪੁਰੀ ਗਾਇਕ ਪਵਨ ਦੇ ਗਾਣੇ ਸੁਣਦੇ ਹਨ। ਇਹਨਾਂ ਫਸਲ ਦੀ ਬਿਜਾਈ-ਵਢਾਈ ’ਤੇ ਆਏ ਕਿਰਤੀਆਂ ਵਿੱਚੋਂ ਕਈ ਪੱਕੇ ਪੰਜਾਬ ਵਿੱਚ ਰਹਿਣ ਲੱਗ ਪੈਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4095)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)