“ਗੁਜ਼ਾਰਿਸ਼ ਹੈ ਪੰਜਾਬ ਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਅਤੇ ਸ਼ੁਭਚਿੰਤਕਾਂ ਨੂੰ ਕਿ ਉਹ ਨੌਜਵਾਨ ਪੀੜ੍ਹੀ ਨੂੰ ...”
(4 ਜੂਨ 2023)
ਇਸ ਸਮੇਂ ਪਾਠਕ: 188.
ਨੌਜਵਾਨ ਪੀੜ੍ਹੀ ਕਿਸੇ ਵੀ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੀ ਹੈ, ਜਿਸ ਨੇ ਦੇਸ਼ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਰੋਲ ਅਦਾ ਕਰਨਾ ਹੁੰਦਾ ਹੈ। ਬੇਸ਼ਕ ਸਮੇਂ ਅਨੁਸਾਰ ਕਾਫ਼ੀ ਕੁਝ ਬਦਲਦਾ ਰਹਿੰਦਾ ਹੈ ਪਰ ਫਿਰ ਵੀ ਇਸ ਵਿੱਚ ਜਨਤਾ ਦੀ ਕਾਰਜ ਸ਼ਕਤੀ ਅਹਿਮ ਰੋਲ ਅਦਾ ਕਰਦੀ ਹੈ, ਜਿਸ ਵਿੱਚ ਨੌਜਵਾਨ ਪੀੜ੍ਹੀ ਦਾ ਰੋਲ ਵੱਧ ਹੁੰਦਾ ਹੈ।
ਅੱਜ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਦੇਸ਼ਾਂ ਦੀ ਚਕਾਚੌਂਧ ਦੀ ਖਿੱਚ ਕਾਰਨ ਪਰਵਾਸ ਕਰ ਰਹੀ ਹੈ। ਨੌਜਵਾਨ ਅਵਸਥਾ ਸੁਪਨਮਈ ਅਵਸਥਾ ਹੁੰਦੀ ਹੈ। ਹਰ ਇੱਕ ਨੌਜਵਾਨ ਆਪਣੀ ਬਿਹਤਰ ਜ਼ਿੰਦਗੀ ਦਾ ਸੁਪਨਾ ਬੁਣਦਾ ਹੈ ਅਤੇ ਆਪਣਿਆਂ ਸੁਪਨਿਆਂ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰਦਾ ਹੈ। ਕਈ ਵਾਰ ਨੌਜਵਾਨੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ੋਖਮ ਵੀ ਉਠਾਉਂਦੀ ਹੈ। ਆਪਣੇ ਮਾਤਾ ਪਿਤਾ, ਭੈਣ ਭਰਾ ਅਤੇ ਸੰਗੀ ਸਾਥੀਆਂ ਨੂੰ ਛੱਡ ਦੂਰ ਸੱਤ ਸਮੁੰਦਰ ਪਾਰ ਚਲੇ ਜਾਣਾ ਕੀ ਜ਼ੋਖਮ ਨਹੀਂ? ਅੱਜ ਕੱਲ੍ਹ ਪਰਵਾਸ ਦਾ ਰੁਝਾਨ ਇੰਨਾ ਹੈ ਕਿ ਕਈ ਵਾਰ ਨੌਜਵਾਨੀ ਵਿਦੇਸ਼ ਜਾਣ ਲਈ ਗ਼ਲਤ ਢੰਗ ਤਰੀਕੇ ਵੀ ਅਪਣਾਉਂਦੀ ਹੈ ਅਤੇ ਮੌਤ ਦੇ ਮੂੰਹ ਜਾ ਪੈਂਦੀ ਹੈ।
ਸਭ ਤੋਂ ਗਹਿਰ ਗੰਭੀਰ ਮੁੱਦਾ ਹੈ ਕਿ ਹੁਣ ਨੌਜਵਾਨ ਸਿਰਫ ਰੁਜ਼ਗਾਰ ਲਈ ਹੀ ਨਹੀਂ ਜਾਂਦੇ ਸਗੋਂ ਵਿਦੇਸ਼ ਵਿੱਚ ਉੱਥੋਂ ਦੀ ਪੀ ਆਰ ਲੈ ਕੇ ਪੱਕੇ ਤੌਰ ’ਤੇ ਵਿਦੇਸ਼ ਵਿੱਚ ਸੈਟਲ ਹੋ ਰਹੇ ਹਨ ਅਤੇ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਪੱਕੇ ਤੌਰ ’ਤੇ ਸੱਦ ਰਹੇ ਹਨ। ਇਸ ਤਰ੍ਹਾਂ ਸਿਰਫ ਬੱਚੇ ਹੀ ਨਹੀਂ ਸਗੋਂ ਪੂਰੇ ਸੂਰੇ ਪਰਿਵਾਰ ਹੀ ਦੇਸ਼ ਛੱਡ ਕੇ ਜਾ ਰਹੇ ਹਨ।
ਪੰਜਾਬ ਵਿੱਚ ਤਾਂ ਹੁਣ ਕਿਰਤੀਆਂ ਦੀ ਘਾਟ ਵੀ ਪੈਦਾ ਹੋ ਗਈ ਹੈ। ਇਸ ਘਾਟ ਨੂੰ ਪੰਜਾਬ ਵਿੱਚ ਪਰਵਾਸੀ ਮਜ਼ਦੂਰ ਪੂਰਾ ਕਰ ਰਹੇ ਹਨ। ਅੱਜ ਸਾਡੇ ਪੰਜਾਬ ਦੀਆਂ ਫੈਕਟਰੀਆਂ ਵਿੱਚ ਪਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ। ਸਾਡੇ ਪੰਜਾਬ ਦੇ ਖੇਤਾਂ ਵਿੱਚ ਅੱਜ ਝੋਨੇ ਦੀ ਲਵਾਈ ਪਰਵਾਸੀ ਮਜ਼ਦੂਰਾਂ ਬਿਨਾਂ ਸੰਭਵ ਹੀ ਨਹੀਂ। ਇਹ ਤੌਖਲਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜਾਬ ਬਿਹਾਰ ਬਣਦਾ ਜਾ ਰਿਹਾ ਹੈ। ਕਈ ਵਾਰ ਇਹਨਾਂ ਪਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਗੱਲ ਵੀ ਕੀਤੀ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਹੁਣ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਸੈਕਟਰ ਵਿੱਚ ਪਰਵਾਸੀ ਮਜ਼ਦੂਰਾਂ ਬਗੈਰ ਕੰਮ ਨਹੀਂ ਚੱਲੇਗਾ।
ਪੰਜਾਬ ਵਿੱਚ ਪਲੱਸ ਟੂ ਪਾਸ ਬੱਚੇ ਹੁਣ ਅਗਲੇਰੀ ਪੜ੍ਹਾਈ ਨਾਲੋਂ ਆਈਲੈਟਸ ਕਰਨ ਨੂੰ ਤਰਜੀਹ ਦੇ ਰਹੇ ਹਨ। ਕਾਲਜ ਅਤੇ ਯੂਨੀਵਰਸਿਟੀਆਂ ਰਾਹ ਤਕ ਰਹੀਆਂ ਹਨ। ਪਲੱਸ ਟੂ ਪਾਸ ਬੱਚੇ ਬੇਸ਼ਕ ਆਈਲੈਟਸ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਯੋਗ ਤਾਂ ਹੋ ਜਾਂਦੇ ਹਨ ਪਰ ਉਹਨਾਂ ਵਿੱਚ ਸਕਿੱਲ ਕੋਈ ਨਹੀਂ ਹੁੰਦੀ। ਪਲੱਸ ਟੂ ਪਾਸ ਬੱਚੇ ਤਾਂ ਬਹੁਤੇ ਸੋਸ਼ਲ ਵੀ ਨਹੀਂ ਹੋਏ ਹੁੰਦੇ ਕਿਉਂਕਿ ਉਨ੍ਹਾਂ ਦਾ ਦਾਇਰਾ ਇਸ ਉਮਰ ਵਿੱਚ ਸੀਮਤ ਹੀ ਹੁੰਦਾ ਹੈ। ਕਈ ਬੱਚੇ ਤਾਂ ਆਪਣੇ ਰੋਜ਼ਮਰ੍ਹਾ ਦੇ ਕੰਮ ਵੀ ਖ਼ੁਦ ਨਹੀਂ ਕਰ ਸਕਦੇ। ਅੱਜ ਕੱਲ੍ਹ ਦੇ ਮਾਹੌਲ ਵਿੱਚ ਬੱਚੀਆਂ ਦਾ ਵੀ ਇਹੋ ਹਾਲ ਹੈ। ਪਹਿਲਾਂ ਬੱਚੀਆਂ ਘਰ ਦੇ ਕੰਮ ਵਿੱਚ ਅਕਸਰ ਨਿਪੁੰਨ ਹੋ ਜਾਇਆ ਕਰਦੀਆਂ ਸਨ, ਹੁਣ ਤਾਂ ਬਹੁਤੀਆਂ ਬੱਚੀਆਂ ਨੂੰ ਰੋਟੀ ਬਣਾਉਣੀ ਵੀ ਨਹੀਂ ਆਉਂਦੀ। ਇਸ ਤਰ੍ਹਾਂ ਪਲੱਸ ਟੂ ਪੱਧਰ ਦੇ ਬੱਚੇ/ਬੱਚੀਆਂ ਲਗਭਗ ਕਿਸੇ ਵੀ ਤਜਰਬੇ ਤੋਂ ਊਣੇ ਹੀ ਹੁੰਦੇ ਹਨ। ਜ਼ਾਹਰ ਹੈ ਕਿ ਉਹ ਵਿਦੇਸ਼ ਪੜ੍ਹਾਈ ਦੇ ਬਹਾਨੇ ਕੰਮ ਕਰਨ ਲਈ ਹੀ ਜਾਂਦੇ ਹਨ ਤਾਂ ਕਿ ਉਹ ਪੈਸਾ ਕਮਾ ਸਕਣ। ਉੱਥੇ ਫਿਰ ਇਹਨਾਂ ਸਭ ਨੂੰ ਲੇਬਰ ਹੀ ਕਰਨੀ ਪੈਂਦੀ ਹੈ ਜਦੋਂ ਕਿ ਇੱਥੇ ਰਹਿੰਦਿਆਂ ਇਹਨਾਂ ਨੇ ਸਰੀਰਕ ਕੰਮ ਘੱਟ ਵੱਧ ਹੀ ਕੀਤਾ ਹੁੰਦਾ ਹੈ। ਜਿਵੇਂ ਕਿ ਆਪਣੇ ਬੱਚਿਆਂ ਦੇ ਸਬੰਧ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਦੇ ਬੱਚੇ ਤਾਂ ਪਾਣੀ ਦਾ ਗਿਲਾਸ ਨਹੀਂ ਆਪਣੇ ਆਪ ਚੁੱਕ ਕੇ ਪੀਂਦੇ।
ਵਿਦੇਸ਼ ਪਹੁੰਚ ਕੇ ਸਭ ਤੋਂ ਪਹਿਲਾਂ ਰਹਿਣ ਲਈ ਕਿਸੇ ਟਿਕਾਣੇ ਦੀ ਭਾਲ ਕਰਨੀ ਪੈਂਦੀ ਹੈ। ਜੇਕਰ ਕੋਈ ਜਾਣੂ ਮਿਲ ਜਾਵੇ ਤਾਂ ਸੌਖ ਹੋ ਜਾਂਦੀ ਹੈ ਨਹੀਂ ਤਾਂ ਇਹ ਕੰਮ ਕਾਫ਼ੀ ਮੁਸ਼ਕਲ ਪੈਦਾ ਕਰਦਾ ਹੈ। ਉਸ ਤੋਂ ਬਾਅਦ ਕਾਰਡ ਵਗੈਰਾ ਬਨਵਾਉਣੇ ਅਤੇ ਫਿਰ ਕੰਮ ਲੱਭਣਾ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਖਾਣਾ ਬਣਾਉਣ ਦੀ ਸਮੱਸਿਆ। ਇੱਥੋਂ ਬੱਚੇ ਇਸ ਛਲਾਵੇ ਵਿੱਚ ਤੁਰਦੇ ਹਨ ਕਿ ਜੀ ਵਿਦੇਸ਼ ਵਿੱਚ ਤਾਂ ਕੋਈ ਰੋਟੀ ਖਾਂਦਾ ਹੀ ਨਹੀਂ, ਹੋਰ ਬਹੁਤ ਕੁਝ ਹੁੰਦਾ ਹੈ ਖਾਣ ਲਈ। ਕਿਸੇ ਹੱਦ ਤੀਕ ਇਹ ਵੀ ਠੀਕ ਹੈ। ਸਟੋਰਾਂ ਵਿੱਚ ਬਹੁਤ ਕੁਝ ਮਿਲ ਜਾਂਦਾ ਹੈ ਖਾਣ ਲਈ ਪ੍ਰੰਤੂ ਕੰਮ ਵਾਲੀਆਂ ਥਾਂਵਾਂ ਅਕਸਰ ਅਬਾਦੀ ਤੋਂ ਦੂਰ ਹੁੰਦੀਆਂ ਹਨ। ਤੁਹਾਨੂੰ ਲੰਚ ਨਾਲ ਲੈ ਕੇ ਜਾਣਾ ਹੀ ਪੈਂਦਾ ਹੈ ਤੇ ਬਣਾਉਣਾ ਵੀ ਖ਼ੁਦ ਨੂੰ ਹੀ ਪੈਂਦਾ ਹੈ, ਜਿਸਦੇ ਲਈ ਤੁਹਾਨੂੰ ਕੰਮ ’ਤੇ ਜਾਣ ਦੇ ਸਮੇਂ ਤੋਂ ਪਹਿਲਾਂ ਜਾਗਣਾ ਪੈਂਦਾ ਹੈ। ਕੰਮ ਤੋਂ ਵਾਪਸੀ ਕਈ ਵਾਰ ਲੇਟ ਹੁੰਦੀ ਹੈ। ਇਸ ਤਰ੍ਹਾਂ ਕਈ ਵਾਰ ਬੱਚੇ ਭੁੱਖੇ ਹੀ ਸੌਂ ਜਾਂਦੇ ਹਨ। ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਭੁੱਖ ਅਤੇ ਨੀਂਦ ਦੀ ਸਮੱਸਿਆ ਜਿਹੜੀ ਕਿ ਬੱਚਿਆਂ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ। ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਬੱਚਿਆਂ ਦਾ ਸਟ੍ਰੈੱਸ ਲੈਣਾ। ਕੰਮ ’ਤੇ ਵੀ ਬੱਚੇ ਕਈ ਪ੍ਰੇਸ਼ਾਨੀਆਂ ਝੱਲਦੇ ਹਨ। ਅੱਜ ਕੱਲ੍ਹ ਕੰਮ ਮਿਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਜੇਕਰ ਬੱਚੇ ਨੂੰ ਕੰਮ ਨਹੀਂ ਮਿਲਦਾ ਤਾਂ ਬੱਚੇ ਲਈ ਇਹ ਬਹੁਤ ਹੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।
ਜੇਕਰ ਗੱਲ ਕਰੀਏ ਮਾਹੌਲ ਦੀ ਤਾਂ ਪੱਛਮੀ ਮੁਲਕਾਂ ਵਿੱਚ ਮਾਹੌਲ ਬਹੁਤ ਖੁੱਲ੍ਹਾ ਡੁੱਲ੍ਹਾ ਹੈ। ਇਸ ਖੁੱਲ੍ਹੇ ਮਾਹੌਲ ਵਿੱਚ ਕਈ ਵਾਰ ਬੱਚੇ ਥਿੜਕ ਜਾਂਦੇ ਹਨ। ਕਈ ਵਾਰ ਨੁਕਸਾਨ ਕਰਵਾ ਬੈਠਦੇ ਹਨ। ਇਸ ਸਥਿਤੀ ਵਿੱਚ ਬੱਚਿਆਂ ਵਿੱਚ ਸਟ੍ਰੈੱਸ ਬਹੁਤ ਆਉਂਦਾ ਹੈ। ਸਭ ਤੋਂ ਵੱਧ ਸਟ੍ਰੈੱਸ ਵਿੱਚ ਆਉਂਦੇ ਹਨ ਉਹ ਬੱਚੇ ਜੋ ਕਰਜ਼ ਲੈ ਕੇ ਗਏ ਹੁੰਦੇ ਹਨ। ਉਹਨਾਂ ਨੂੰ ਕਰਜ਼ ਉਤਾਰਨ ਦਾ ਫ਼ਿਕਰ ਹਰ ਵਕ਼ਤ ਸਤਾਉਂਦਾ ਰਹਿੰਦਾ ਹੈ। ਗੱਲ ਕੀ, ਸ਼ੁਰੂਆਤੀ ਦੌਰ ਲਗਭਗ ਹਰ ਇੱਕ ਬੱਚੇ ਦਾ ਪ੍ਰੇਸ਼ਾਨੀਆਂ ਭਰਿਆ ਹੀ ਹੁੰਦਾ ਹੈ। ਅੱਜ ਕੱਲ੍ਹ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਹੈ, ਇਸ ਕਾਰਨ ਖਰਚੇ ਵਧ ਗਏ ਹਨ।
ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਮਨੋਦਸ਼ਾ ਵੀ ਅਜੀਬ ਹੋਈ ਹੋਈ ਹੈ। ਜਿਹੜੇ ਮਾਪੇ ਆਪਣੇ ਬੱਚੇ ਦੇ ਸਕੂਲ ਤੋਂ ਦਸ ਮਿੰਟ ਲੇਟ ਹੋਣ ’ਤੇ ਵੀ ਚਿੰਤਾਤੁਰ ਹੋ ਜਾਂਦੇ ਸਨ, ਅੱਜ ਉਹ ਬੱਚੇ ਨੂੰ ਇਕੱਲੇ ਨੂੰ ਜਹਾਜ਼ ਚੜ੍ਹਾ ਕੇ ਚਿੰਤਾਮੁਕਤ ਹੋਣ ਦਾ ਭਰਮ ਪਾਲ ਰਹੇ ਹਨ ਪਰ “ਹਾਏ ਨੀ ਮਾਇਆ ਤੂੰ ਕੈਸਾ ਖੇਲ੍ਹ ਰਚਾਇਆ।” ਪ੍ਰਸਥਿਤੀਆਂ ਇਹ ਬਣ ਗਈਆਂ ਹਨ ਕਿ ਚਾਹੁੰਦੇ ਅਤੇ ਨਾ ਚਾਹੁੰਦੇ ਹੋਏ ਵੀ ਪਰਵਾਸ ਹੋ ਰਿਹਾ ਹੈ। ਪਰਵਾਸ ਕਰਨ ਦੀ ਪ੍ਰਵਿਰਤੀ ਇੱਕ ਗੰਭੀਰ ਪ੍ਰਸਥਿਤੀ ਬਣ ਗਈ ਹੈ। ਗੁਜ਼ਾਰਿਸ਼ ਹੈ ਪੰਜਾਬ ਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਅਤੇ ਸ਼ੁਭਚਿੰਤਕਾਂ ਨੂੰ ਕਿ ਉਹ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ। ਬੇਨਤੀ ਹੈ ਭਗਵੰਤ ਮਾਨ ਸਰਕਾਰ ਨੂੰ ਕਿ ਉਹ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਅਤੇ ਪੰਜਾਬ ਵਿੱਚ ਅੱਛਾ ਮਾਹੌਲ ਬਣਾਵੇ ਤਾਂ ਕਿ ਮਾਪੇ ਆਪਣੇ ਧੀਆਂ ਪੁੱਤਰਾਂ ਦੇ ਭਵਿੱਖ ਨੂੰ ਲੈ ਕੇ ਸੁਰੱਖਿਅਤ ਮਹਿਸੂਸ ਕਰਨ। ਇਹ ਸਰਕਾਰ ਅਜਿਹਾ ਵਾਅਦਾ ਕਰਕੇ ਹੀ ਆਈ ਹੈ ਅਤੇ ਨੌਜਵਾਨ ਪੀੜ੍ਹੀ ਨੇ ਇਸ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਆਪਣਾ ਭਰੋਸਾ ਇਸ ਸਰਕਾਰ ਵਿੱਚ ਪ੍ਰਗਟਾਇਆ ਹੈ। ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਵਿੱਚ ਸੁਰੱਖਿਆ, ਵਿਸ਼ਵਾਸ, ਸਹਿਣਸ਼ੀਲਤਾ ਅਤੇ ਭਾਈਚਾਰਕ ਮਾਹੌਲ ਪੈਦਾ ਕਰਕੇ ਭਰੋਸੇਯੋਗਤਾ ਵਾਲਾ ਢਾਂਚਾ ਕਾਇਮ ਕਰਦੇ ਹੋਏ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4011)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)