“ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਦੇਸ਼ ਵਿੱਚ ਪੀ ਆਰ ਹੋਣ ’ਤੇ ਲੱਡੂ ਵੰਡਦੇ ਹਾਂ ਤਾਂ ਪਰਵਾਸੀਆਂ ਦੇ ਬੱਚੇ, ਜੋ ਪੰਜਾਬ ਦੇ ਸਿਟੀਜ਼ਨ ...”
(30 ਅਪ੍ਰੈਲ 2023)
ਇਸ ਸਮੇਂ ਪਾਠਕ: 178.
ਪੈਰੀਂ ਚੱਪਲਾਂ, ਹੱਥ ਵਿੱਚ ਫੱਟੀ, ਗੱਲ ਬੋਰੀ ਦਾ ਝੋਲ਼ਾ। ਇੱਕ ਮੀਲ ਕੱਚਾ ਰਸਤਾ ਸਕੂਲ ਦਾ। ਮਾਸਟਰ ਬਹੁਤੇ ਸ਼ਹਿਰੋ ਆਉਂਦੇ ਸੀ। ਕੁਝ ਪਿੰਡ ਦੇ ਵੀ ਸੀ। ਉਹਨਾਂ ਦੇ ਜੁਆਕ ਵੀ ਸਾਡੇ ਨਾਲ ਹੀ ਪੜ੍ਹਦੇ ਸੀ, ਪਰ ਉਹਨਾਂ ਦੇ ਕੱਪੜੇ ਸਾਡੇ ਨਾਲੋਂ ਸੋਹਣੇ ਹੁੰਦੇ ਸੀ ਅਤੇ ਪੈਰੀਂ ਬੂਟ। ਉਹ ਤੱਪੜ ਤੇ ਬੈਠਦੇ ਵੀ ਸਾਡੇ ਤੋਂ ਅੱਗੇ ਸੀ। ਫਿਰ ਮਾਸਟਰਾਂ ਦੇ ਜੁਆਕ ਸਕੂਲ ਆਉਣੋਂ ਹਟ ਗਏ। ਪਤਾ ਲੱਗਾ ਕਿ ਲਾਗੇ ਵੱਡੇ ਪਿੰਡ ਵਿੱਚ ਸੰਤ ਬਾਬਾ ਨਾਹਰ ਸਿੰਘ ਪਬਲਿਕ ਅੰਗਰੇਜ਼ੀ ਸਕੂਲ ਖੁੱਲ੍ਹਿਆ ਹੈ, ਉਹ ਉੱਥੇ ਪੜ੍ਹਨ ਲੱਗ ਗਏ ਨੇ। ਉਸ ਤੋਂ ਬਾਅਦ ਉਹ ਸਾਨੂੰ ਨਹੀਂ ਮਿਲੇ। ਅੱਠਵੀਂ ਦੇ ਪੇਪਰ ਬੋਰਡ ਦੇ ਹੋਣ ਕਰਕੇ ਸ਼ਹਿਰ ਦੇ ਸਕੂਲ ਵਿੱਚ ਸਨ। ਉੱਥੇ ਪਹਿਲੀ ਵਾਰ ਅੰਗਰੇਜ਼ੀ ਸਕੂਲ ਦੇ ਬੱਚੇ ਵੇਖੇ। ਪੈਟਾਂ ਸ਼ਰਟਾਂ, ਬੂਟ ਪਹਿਨੇ ਹੋਏ ਤੇ ਟਾਈਆਂ ਲੱਗੀਆਂ ਹੋਈਆਂ। ਕਈਆਂ ਦੇ ਐਨਕਾਂ ਲੱਗੀਆਂ ਵੇਖਕੇ ਅਸੀਂ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਛੇੜਿਆ ਵੀ। ਉਹ ਸਾਰੇ ਦੇ ਸਾਰੇ ਸਾਨੂੰ ਕਾਗਜ਼ੀ ਪਹਿਲਵਾਨ ਹੀ ਲੱਗਦੇ ਸੀ। ਅਸੀਂ ਤੁਰੇ ਜਾਂਦੇ ਉਨ੍ਹਾਂ ਨਾਲ ਧੱਕਾ ਮੁੱਕੀ ਵੀ ਕਰ ਜਾਂਦੇ। ਕਈ ਤਾਂ ਮਾੜੇ ਜਿਹੇ ਧੱਕੇ ਨਾਲ ਡਿਗ ਪੈਂਦੇ। ਗੱਲ ਕੀ, ਅਸੀਂ ਉਨ੍ਹਾਂ ਨੂੰ ਟਿੱਚ ਜਾਣਦੇ।
ਫਿਰ ਸਾਡੇ ਪਿੰਡ ਵੀ ਨੰਬਰਦਾਰਾਂ ਦੀ ਹਵੇਲੀ ਵਿੱਚ ਅੰਗਰੇਜ਼ੀ ਸਕੂਲ ਖੁੱਲ੍ਹ ਗਿਆ। ਬੱਚੇ ਨਵੀਆਂ ਸੋਹਣੀਆਂ ਵਰਦੀਆਂ ਪਹਿਨੇ ਹੋਏ ਸਕੂਲ ਜਾਣ ਲੱਗੇ। ਪਿੰਡ ਦੇ ਅਨਪੜ੍ਹ ਬਾਬੇ ਵੀ ਸਾਨੂੰ ਟਿੱਚਰਾਂ ਕਰਿਆ ਕਰਦੇ ਕਿ ਆਹ ਹੁੰਦੇ ਨੇ ਓਏ ਅੰਗਰੇਜ਼ੀ ਸਕੂਲ ਦੇ ਪੜ੍ਹਨ ਵਾਲੇ, ਤੁਸੀਂ ਤਾਂ ਸਰਕਾਰੀ ਸਕੂਲਾਂ ਦੇ ਸੰਦ ਓਂ। ਸਾਡੇ ਪਿੰਡਾਂ ਵਿੱਚ ਨਖਿੱਧ ਬੰਦੇ ਨੂੰ ਸੰਦ ਕਹਿ ਦਿੰਦੇ ਨੇ।
ਹੁਣ ਅਸੀਂ ਅੰਗਰੇਜ਼ੀ ਸਕੂਲ ਵਾਲੇ ਬੱਚਿਆਂ ਤੋਂ ਝੇਪਣ ਲੱਗ ਪਏ। ਉਨ੍ਹਾਂ ਦਾ ਸਾਡੇ ਨਾਲ ਮੇਲ ਜੋਲ ਵੀ ਘਟ ਗਿਆ। ਅਸੀਂ ਵੀ ਹੁਣ ਅੰਗਰੇਜ਼ੀ ਸਕੂਲ ਦਾਖਲ ਹੋਣ ਲਈ ਘਰਦਿਆਂ ਨੂੰ ਕਹਿਣ ਲੱਗ ਪਏ ਕਿਉਂਕਿ ਸਾਡੇ ਕਈ ਸਾਥੀ ਸਾਡੇ ਨਾਲੋਂ ਹਟਕੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਹੋ ਗਏ ਸਨ। ਸਾਨੂੰ ਵੀ ਹੁਣ ਘਰ ਦੀ ਦਾਲ ਸੁਆਦੀ ਨਹੀਂ ਸੀ ਲਗਦੀ। ਇੱਥੋਂ ਤਕ ਕਿ ਸਾਡੇ ਮਾਸਟਰ ਵੀ ਸਾਨੂੰ ਕਹਿਣ ਲੱਗ ਪਏ ਕਿ ਜੇਕਰ ਕੁਝ ਬਣਨਾ ਹੈ ਤਾਂ ਅੰਗਰੇਜ਼ੀ ਸਕੂਲ ਵਿੱਚ ਦਾਖਲ ਹੋ ਜਾਓ। ਸਾਡੇ ਸਕੂਲ ਵਿੱਚੋਂ ਕਾਫ਼ੀ ਬੱਚੇ ਆਪਣਾ ਨਾਮ ਕਟਵਾ ਕੇ ਪਿੰਡ ਵਿੱਚ ਖੁੱਲ੍ਹੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਹੋ ਗਏ।
ਹੁਣ ਸਾਡੀਆਂ ਮਾਵਾਂ ਵੀ ਪਾਥੀਆਂ ਪੱਥਦੀਆਂ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀਆਂ ਗੱਲਾਂ ਕਰਦੀਆਂ। ਅੰਗਰੇਜ਼ੀ ਸਕੂਲ ਵਾਲੇ ਹਰ ਮਹੀਨੇ ਬੱਚਿਆਂ ਦੇ ਮਾਂ ਬਾਪ ਨੂੰ ਸਕੂਲ ਬੁਲਾਉਂਦੇ। ਉੱਥੇ ਉਹ ਉਨ੍ਹਾਂ ਨੂੰ ਚਾਹ ਵੀ ਪਿਲਾਉਂਦੇ ਤੇ ਬਿਸਕੁਟ ਵੀ ਖੁਆਉਂਦੇ। ਬਿਸਕੁਟ ਖਾ ਕੇ ਮਾਪੇ ਬੜੇ ਖੁਸ਼ ਹੁੰਦੇ ਕਿ ਜੇਕਰ ਬੱਚੇ ਅੰਗਰੇਜ਼ੀ ਸਕੂਲ ਪੜ੍ਹਨੇ ਪਾਏ ਹਨ ਤਾਂ ਚਾਹ ਨਾਲ ਬਿਸਕੁਟ ਨਸੀਬ ਹੋਏ ਹਨ, ਨਹੀਂ ਤਾਂ ਬੇਹੀਆ ਰੋਟੀਆਂ ਹੀ ਖਾਂਦੇ ਰਹੇ ਹਾਂ ਹੁਣ ਤਕ। ਹੁਣ ਸਰਕਾਰੀ ਸਕੂਲਾਂ ਦੀਆਂ ਕਮੀਆਂ ਵੀ ਦਿਸਣ ਲੱਗ ਪਈਆਂ। ਮਾਸਟਰਾਂ ਦੇ ਪੋਤੜੇ ਵੀ ਫਰੋਲਣੇ ਸ਼ੁਰੂ ਕਰ ਦਿੱਤੇ। ਇਸ ਪਿੰਡ ਦੇ ਸਕੂਲ ਵਿੱਚ ਨੰਬਰਦਾਰਾਂ ਦੀ ਨੂੰਹ ਹੀ ਪ੍ਰਿੰਸੀਪਲ ਸੀ। ਸਾਰੇ ਕਹਿੰਦੇ ਸੀ ਕਿ ਉਹ ਬੀ ਏ ਪਾਸ ਹੈ। ਉਸ ਦਾ ਬਣ ਠਣ ਕੇ ਸਕੂਲ ਆਉਣਾ, ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਤੇ ਸਭ ਤੋਂ ਵੱਧ ਹਰ ਇੱਕ ਨੂੰ ਹੱਸ ਕੇ ਸਤਿ ਸ੍ਰੀ ਅਕਾਲ ਬੁਲਾਉਣਾ ਸਭ ਨੂੰ ਕੀਲ ਰਿਹਾ ਸੀ। ਸੱਥ ਵਿੱਚ ਬੈਠਾ ਕੋਈ ਬਾਬਾ ਡੀਂਗ ਮਾਰਦਾ ਕਿ ਉਸਦਾ ਪੋਤਾ ਹੁਣ ਉਸ ਨੂੰ ਸਤਿ ਸ੍ਰੀ ਅਕਾਲ ਅੰਗਰੇਜ਼ੀ ਵਿੱਚ ਬੁਲਾਉਂਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਸਰਕਾਰੀ ਮਾਸਟਰਾਂ ਦਾ ਸਤਿਕਾਰ ਵੀ ਘਟਣ ਲੱਗਾ ਤੇ ਸਰਕਾਰੀ ਸਕੂਲਾਂ ਪ੍ਰਤੀ ਬੇਰੁਖੀ ਵਧ ਗਈ। ਥੋੜ੍ਹੇ ਚਿਰ ਬਾਦ ਨੰਬਰਦਾਰਾਂ ਨੇ ਆਪਣੇ ਨਿਆਈ ਵਾਲੇ ਖੇਤ ਵਿੱਚ ਨਵੀਂ ਬਿਲਡਿੰਗ ਪਾ ਕੇ ਸਕੂਲ ਉੱਥੇ ਸ਼ਿਫਟ ਕਰ ਦਿੱਤਾ। ਨੰਬਰਦਾਰ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਗੁਰਦੁਆਰੇ ਹੁੰਦੇ ਇਕੱਠਾਂ ਵਿੱਚ ਉਹ ਆਪਣੇ ਸਕੂਲ ਅਤੇ ਨੂੰਹ ਦੀ ਵਡਿਆਈ ਕਰਦਾ। ਹੁਣ ਸਾਡਾ ਪਿੰਡ ਅੰਗਰੇਜ਼ੀ ਸਕੂਲ ਦੇ ਰੰਗ ਵਿੱਚ ਰੰਗਿਆ ਗਿਆ ਸੀ। ਪਿੰਡ ਦੇ ਸਰਦੇ ਪੁੱਜਦੇ ਘਰਾਂ ਦੇ ਬੱਚੇ ਹੁਣ ਅੰਗਰੇਜ਼ੀ ਸਕੂਲ ਵਿੱਚ ਦਾਖਲ ਹੋ ਗਏ ਸਨ।
ਸਰਕਾਰੀ ਸਕੂਲ ਵਿੱਚ ਵਿਹੜੇ ਵਾਲਿਆਂ ਦੇ ਬੱਚੇ ਜਾਂ ਫਿਰ ਜਿਹਨਾਂ ਵਿੱਚ ਅੰਗਰੇਜ਼ੀ ਸਕੂਲ ਦੀ ਫੀਸ ਦੇਣ ਦੀ ਪਹੁੰਚ ਨਹੀਂ ਸੀ, ਉਨ੍ਹਾਂ ਦੇ ਬੱਚੇ ਹੀ ਜਾਂਦੇ, ਪਰ ਝੂਰਦੇ ਉਹ ਵੀ ਰਹਿੰਦੇ ਕਿ ਕਾਸ਼ ਉਨ੍ਹਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ। ਇਸ ਤਰ੍ਹਾਂ ਹੌਲੀ ਹੌਲੀ ਸਰਕਾਰੀ ਸਕੂਲ ਵੱਲੋਂ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਦਾ ਧਿਆਨ ਹਟਣ ਲੱਗਾ। ਇਹ ਪੱਕੀ ਧਾਰਨਾ ਬਣ ਗਈ ਕਿ ਸਰਕਾਰੀ ਸਕੂਲ ਵਿੱਚ ਪੜ੍ਹਕੇ ਬੱਚੇ ਕੁਝ ਨਹੀਂ ਬਣ ਸਕਦੇ। ਇਸ ਤਰ੍ਹਾਂ ਹੌਲੀ ਹੌਲੀ ਸਾਡੇ ਪਿੰਡ ਨੇ ਸਰਕਾਰੀ ਸਕੂਲ ਨੂੰ ਤਿਲਾਂਜਲੀ ਦੇ ਦਿੱਤੀ।
ਉਸ ਤੋਂ ਬਾਅਦ ਦਾ ਨਜ਼ਾਰਾ ਸਾਡੇ ਸਾਹਮਣੇ ਹੈ। ਕਿਵੇਂ ਧੜਾਧੜ ਪ੍ਰਾਈਵੇਟ ਸਕੂਲ ਜੋ ਕਿ ਨਿੱਜੀ, ਟਰੱਸਟਾਂ ਦੇ, ਧਾਰਮਿਕ ਡੇਰਿਆਂ, ਸੰਸਥਾਵਾਂ ਦੇ, ਵੱਡੇ ਕਾਰੋਬਾਰੀਆਂ ਦੀ ਮਲਕੀਅਤ ਹਨ, ਪੰਜਾਬ ਦੇ ਹਰ ਗਲੀ ਕੂਚੇ ਖੁੱਲ੍ਹ ਚੁੱਕੇ ਹਨ। ਇਹ ਸਕੂਲ ਕਰੋੜਾਂ ਰੁਪਏ ਲੋਕਾਂ ਦੀਆਂ ਜੇਬਾਂ ਵਿੱਚੋਂ ਕਢਵਾਉਣ ਵਿੱਚ ਸਫ਼ਲ ਹੋਏ ਹਨ।
ਹੁਣ ਹਾਲਤ ਇਹ ਹੋ ਗਈ ਕਿ ਸਰਕਾਰੀ ਸਕੂਲ ਸਿਰਫ਼ ਵਿਹੜੇ ਵਾਲਿਆਂ ਦੇ ਹੋ ਕੇ ਰਹਿ ਗਏ ਹਨ ਜਿਹਨਾਂ ਨੂੰ ਅਸੀਂ ਪੜ੍ਹੇ ਲਿਖੇ ਵੀ ਨਫ਼ਰਤ ਕਰਦੇ ਹਾਂ। ਇਸ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਡਿਗਣਾ ਸ਼ੁਰੂ ਹੋ ਗਿਆ। ਪਰ ਸਮੇਂ ਦੇ ਨਾਲ ਨਾਲ ਪੜ੍ਹਾਈ ਪ੍ਰਤੀ ਚੇਤਨਾ ਜਾਗਦੀ ਰਹੀ। ਵਿਹੜੇ ਵਾਲਿਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਰਹੇ। ਧੂਹ ਘੜੀਸ ਹੁੰਦੀ ਰਹੀ। ਹੁਣ ਜਦੋਂ ਪ੍ਰਾਈਵੇਟ ਸਕੂਲ ਦੀਆਂ ਫੀਸਾਂ ਨੇ ਨੱਕ ਵਿੱਚ ਦਮ ਕਰ ਦਿੱਤਾ ਤਾਂ ਸਰਕਾਰੀ ਸਕੂਲਾਂ ਦੀ ਯਾਦ ਆਉਣ ਲੱਗੀ। ਪਰ ਹੁਣ ਤਕ ਤਾਂ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣਾ ਸਿੰਬਲ ਸਟੇਟਸ ਬਣ ਚੁੱਕਿਆ ਸੀ।
ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਾਰੇ ਬੱਚੇ ਪਰਵਾਸੀ ਮਜ਼ਦੂਰਾਂ ਦੇ ਹਨ। ਇਹ ਪੰਜਾਬ ਦੇ ਵਸਨੀਕ ਹਨ। ਇਹ ਪੰਜਾਬ ਦੇ ਸਿੱਖਿਆ ਬੋਰਡ ਅਧੀਨ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ। ਕੁਝ ਨੌਕਰ, ਕੁਝ ਅਫਸਰ ਵੀ ਬਣਨਗੇ। ਅਫਸਰ ਫਿਰ ਪੰਜਾਬ ਦੇ ਫੈਸਲੇ ਵੀ ਕਰਨਗੇ। ਸਾਡੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨਗੇ। ਪਲੱਸ ਟੂ ਤੋਂ ਬਾਅਦ ਆਈਲੈਟਸ ਕਰਨਗੇ, ਫਿਰ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਨਗੇ, ਸਾਨੂੰ ਤੇ ਪੰਜਾਬ ਦੀ ਧਰਤੀ ਨੂੰ ਬਾਏ ਬਾਏ ਕਰਨਗੇ ਤੇ ਅੰਤ ਪਰਦੇਸੀ ਬਣਨਗੇ।
ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਦੇਸ਼ ਵਿੱਚ ਪੀ ਆਰ ਹੋਣ ’ਤੇ ਲੱਡੂ ਵੰਡਦੇ ਹਾਂ ਤਾਂ ਪਰਵਾਸੀਆਂ ਦੇ ਬੱਚੇ, ਜੋ ਪੰਜਾਬ ਦੇ ਸਿਟੀਜ਼ਨ ਹਨ, ਉਨ੍ਹਾਂ ਨੂੰ ਕਿਸ ਅਧਾਰ ’ਤੇ ਕੱਢਣ ਦੀ ਗੱਲ ਹੋ ਰਹੀ ਹੈ। ਡਾਂਗ ਸੋਟਾ ਛੱਡੋ, ਕੁਝ ਅਕਲ ਨੂੰ ਹੱਥ ਮਾਰੋ। ਆਓ ਵੀਰੋ ਸਿਰਾਂ ਨੂੰ ਵਰਤੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3942)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)