“ਗੁਰਿੰਦਰ ਮਾਸਟਰ ਜੀ ਵੀ ਦੂਜੇ ਅਧਿਆਪਕਾਂ ਦੀ ਰੀਸੇ ਸਾਈਕਲ ’ਤੇ ਆਉਣ ਲੱਗੇ। ਪ੍ਰੰਤੂ ਜਿਸ ਦਿਨ ਉਹ ਸਾਈਕਲ ...”
(10 ਦਸੰਬਰ 2023)
ਇਸ ਸਮੇਂ ਪਾਠਕ: 425.
ਸਾਈਕਲ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਹੈ। ਪਹੀਏ ਦੀ ਇਜਾਦ ਤੋਂ ਬਾਅਦ ਮਨੁੱਖੀ ਜ਼ਿੰਦਗੀ ਵਿੱਚ ਆਵਾਜਾਈ ਦੇ ਜ਼ਮੀਨੀ ਸਾਧਨ ਵਜੋਂ ਸਭ ਤੋਂ ਪਹਿਲਾਂ ਆਉਣ ਵਾਲੀ ਮਸ਼ੀਨ ਸ਼ਾਇਦ ਸਾਈਕਲ ਹੀ ਹੈ। ਯੂਰਪ ਦੇ ਦੇਸ਼ਾਂ ਵਿੱਚ 18ਵੀਂ ਸਦੀ ਦੇ ਅੱਧ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਸਦਾ ਖਿਆਲ ਆਇਆ। ਫਰਾਂਸ ਦੇ ਇੱਕ ਕਾਰੀਗਰ ਨੇ ਇਸ ਨੂੰ ਸਾਕਾਰ ਰੂਪ ਦਿੱਤਾ। ਇਸ ਨੂੰ ਹਾਬੀ ਹਾਰਸ ਜਾਂ ਕਾਠ ਦਾ ਘੋੜਾ ਕਿਹਾ ਗਿਆ। ਪੈਡਲਾਂ ਨਾਲ ਚੱਲਣ ਵਾਲੇ ਸਾਈਕਲ ਦੀ ਸ਼ੁਰੂਆਤ 1865 ਈਸਵੀ ਵਿੱਚ ਹੋਈ। ਦੁਨੀਆਂ ਵਿੱਚ ਸਭ ਤੋਂ ਵੱਧ ਸਾਈਕਲ ਦਾ ਪ੍ਰਯੋਗ ਨੈਦਰਲੈਂਡਜ਼ ਵਿੱਚ ਕੀਤਾ ਜਾਂਦਾ ਹੈ। ਇਸਦੀ ਰਾਜਧਾਨੀ ਐਮਸਟਰਡੈਮ ਨੂੰ ਸਾਈਕਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਅੱਜ ਦੁਨੀਆ ਭਰ ਵਿੱਚ ਸਾਈਕਲ ਸਨਅਤ ਵਿਕਸਿਤ ਹੋ ਗਈ ਹੈ। ਦੁਨੀਆ ਵਿੱਚ ਸਾਡੇ ਦੇਸ਼ ਦਾ ਵੀ ਸਾਈਕਲ ਸਨਅਤ ਵਿੱਚ ਚੀਨ ਤੋਂ ਬਾਅਦ ਦੂਜਾ ਨੰਬਰ ਹੈ।
ਸਾਡੇ ਪੰਜਾਬ ਵਿੱਚ ਲੁਧਿਆਣਾ ਸ਼ਹਿਰ ਸਾਈਕਲ ਸਨਅਤ ਲਈ ਮਸ਼ਹੂਰ ਹੈ। ਇੱਥੇ ਕਈ ਨਾਮੀ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੀ ਸਾਈਕਲ ਸਨਅਤ ਲਾਈ ਹੋਈ ਹੈ, ਜਿੱਥੇ ਵੱਖੋ ਵੱਖ ਕਿਸਮਾਂ ਦੇ ਸਾਈਕਲ ਬਣਦੇ ਹਨ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਸਪਲਾਈ ਕੀਤੇ ਜਾਂਦੇ ਹਨ। ਅੱਜਕੱਲ੍ਹ ਸਾਈਕਲ ਕਈ ਕਿਸਮਾਂ ਦੇ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਦੀ ਕੀਮਤ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤਕ ਹੈ। ਇਲੈਕਟ੍ਰੌਨਿਕ ਸਾਈਕਲ ਵੀ ਅੱਜ ਕੱਲ੍ਹ ਹਰਮਨ ਪਿਆਰਾ ਹੋ ਰਿਹਾ ਹੈ। ਸਾਈਕਲ ਉਮਰ ਦੇ ਹਰੇਕ ਵਰਗ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੈ। ਬੱਚਿਆਂ ਵਿੱਚ ਵੀ ਸਾਈਕਲ ਬਹੁਤ ਹਰਮਨ ਪਿਆਰਾ ਹੈ। ਛੋਟੇ ਬੱਚਿਆਂ ਲਈ ਤਿੰਨ ਪਈਆਂ ਵਾਲੇ ਸਾਈਕਲ ਵੀ ਤਿਆਰ ਕੀਤੇ ਜਾਂਦੇ ਹਨ। ਬੱਚੇ ਅੱਜ ਕੱਲ੍ਹ ਸਾਈਕਲ ਚਲਾਉਣਾ ਬੜੀ ਛੋਟੀ ਉਮਰ ਵਿੱਚ ਹੀ ਸਿੱਖ ਜਾਂਦੇ ਹਨ।
ਕੋਈ ਵੇਲਾ ਸੀ ਜਦੋਂ ਸਾਈਕਲ ਚਲਾਉਣਾ ਕੋਈ ਅਜੂਬੇ ਤੋਂ ਘੱਟ ਨਹੀਂ ਸੀ। ਮੈਂ ਵੀ ਉਸ ਪੀੜ੍ਹੀ ਵਿੱਚੋਂ ਹਾਂ ਜਿਸ ਨੇ ਸਾਈਕਲ ਚਲਾਉਣਾ ਕਈ ਪੜਾਵਾਂ ਵਿੱਚ ਸਿੱਖਿਆ। ਜਿਵੇਂ ਕਿ ਪਹਿਲਾਂ ਅੱਧੀ ਕੈਂਚੀ, ਉਸ ਤੋਂ ਬਾਅਦ ਪੂਰੀ ਕੈਚੀ, ਉਸ ਤੋਂ ਬਾਅਦ ਡੰਡਾ, ਉਸ ਤੋਂ ਬਾਅਦ ਕਾਠੀ। ਕਾਠੀ ਭਾਵ ਸੀਟ। ਸੀਟ ’ਤੇ ਬੈਠ ਕੇ ਸਾਈਕਲ ਚਲਾਉਣ ਵਾਲਾ ਪੂਰਾ ਸਿੱਖਿਅਤ ਮੰਨਿਆ ਜਾਂਦਾ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਸਮੇਂ ਤਾਂ ਮਾਸਟਰ ਜੀ ਦੇ ਸਾਈਕਲ ਨੂੰ ਹੱਥ ਲਾਉਣ ਤੋਂ ਵੀ ਡਰਦੇ ਸਾਂ। ਜਿਸ ਕਿਸੇ ਨੂੰ ਮਾਸਟਰ ਜੀ ਸਾਈਕਲ ਨੂੰ ਸਟੈਂਡ ’ਤੇ ਖੜ੍ਹਾ ਕਰਨ ਲਈ ਸਾਈਕਲ ਫੜਾਉਂਦੇ, ਉਸ ਦਾ ਕਾਫ਼ੀ ਟੌਰ੍ਹ ਬਣ ਜਾਂਦਾ।
ਛੇਵੀਂ ਜਮਾਤ ਵਿੱਚ ਨੇੜੇ ਦੇ ਪਿੰਡ ਕੁਲਰੀਆਂ ਦੇ ਹਾਈ ਸਕੂਲ ਵਿੱਚ ਅਸੀਂ ਦਾਖਲ ਹੋਏ। ਇੱਕ ਮੀਲ ਦਾ ਕੱਚਾ ਰਸਤਾ। ਸਕੂਲ ਪੈਦਲ ਹੀ ਜਾਂਦੇ ਸੀ। ਸਾਰੇ ਅਧਿਆਪਕ ਸਾਈਕਲਾਂ ਉੱਪਰ ਹੀ ਸਕੂਲ ਪਹੁੰਚਦੇ ਸੀ। ਕੁਝ ਮੁੰਡੇ ਵੀ ਨੇੜ ਦੇ ਪਿੰਡਾਂ ਦੇ ਸਾਈਕਲਾਂ ’ਤੇ ਸਕੂਲ ਆਉਂਦੇ ਸੀ। ਹੁਣ ਸਾਈਕਲ ਸਿੱਖਣ ਲਈ ਕਿਸੇ ਸਾਈਕਲ ਵਾਲੇ ਵਿਦਿਆਰਥੀ ਮੁੰਡੇ ਨਾਲ ਆੜੀ ਪਾਉਣੀ ਜ਼ਰੂਰੀ ਸੀ। ਮੇਰਾ ਵੀ ਇੱਕ ਪੱਕਾ ਮਿੱਤਰ ਬਣ ਗਿਆ ਕੁਲਵੰਤ ਸਿੰਘ, ਜੋ ਨਵੇਂ ਗਾਂਵ ਤੋਂ ਸਾਈਕਲ ’ਤੇ ਆਉਂਦਾ ਸੀ। ਬੇਸ਼ਕ ਮੈਂ ਸਾਈਕਲ ਚਲਾਉਣਾ ਸਿੱਖ ਗਿਆ ਸੀ ਪ੍ਰੰਤੂ ਅਜੇ ਪੂਰੀ ਤਰ੍ਹਾਂ ਨਹੀਂ ਸੀ ਸਿੱਖਿਆ। ਸਾਈਕਲ ਸਿੱਖਣ ਵਿੱਚ ਸਭ ਤੋਂ ਵੱਡੀ ਸਮੱਸਿਆ ਸਾਈਕਲ ਦਾ ਉੱਚਾ ਹੋਣਾ ਸੀ। ਉਸ ਵੇਲੇ 22 ਜਾਂ 24 ਇੰਚੀ ਸਾਈਕਲ ਹੀ ਆਉਂਦੇ ਸਨ, ਹੁਣ ਵਾਂਗ ਛੋਟੇ ਸਾਈਜ਼ ਦੇ ਸਾਈਕਲ ਨਹੀਂ ਸਨ ਹੁੰਦੇ। ਸਾਈਕਲ ਦਾ ਸਾਈਜ਼ ਚਲਾਉਣਾ ਸਿੱਖਣ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਹੁੰਦਾ ਸੀ। ਮੈਂ ਆਪਣੇ ਦੋਸਤ ਕੁਲਵੰਤ ਦੇ ਸਾਈਕਲ ’ਤੇ ਹੀ ਸਿੱਖ ਕੇ ਪੱਕਾ ਚਾਲਕ ਬਣਿਆ। ਅੱਠਵੀਂ ਤਕ ਜਾਂਦਿਆਂ ਮੈਂ ਸਾਈਕਲ ਚਲਾਉਣਾ ਪੂਰੀ ਤਰ੍ਹਾਂ ਸਿੱਖ ਚੁੱਕਿਆ ਸੀ। ਇਹ ਵੱਖਰੀ ਗੱਲ ਹੈ ਕਿ ਮੈਨੂੰ ਸਾਈਕਲ ਦਸਵੀਂ ਤਕ ਵੀ ਨਸੀਬ ਨਹੀਂ ਹੋਇਆ।
ਸਾਡੇ ਸਕੂਲ ਵਿੱਚ ਕਾਫੀ ਅਧਿਆਪਕ ਬਰੇਟਾ ਮੰਡੀ ਤੋਂ ਆਉਂਦੇ ਸਨ ਬੇਸ਼ਕ ਉਹ ਸਾਰੇ ਸਾਈਕਲਾਂ ’ਤੇ ਆਉਂਦੇ ਸਨ ਪ੍ਰੰਤੂ ਉਹਨਾਂ ਵਿੱਚ ਇੱਕ ਅਧਿਆਪਕ ਸਨ ਗੁਰਿੰਦਰ ਸਿੰਘ ਜੋ ਕਿ ਮੋਟਰਸਾਈਕਲ ’ਤੇ ਆਉਂਦੇ ਸਨ। ਗੁਰਿੰਦਰ ਸਿੰਘ ਸ਼ਾਇਦ ਸਾਇੰਸ ਅਧਿਆਪਕ ਸਨ। ਉੱਚੇ ਲੰਬੇ ਕੱਦ ਦੇ ਭਰ ਜਵਾਨ ਗੱਭਰੂ ਸਨ। ਬਹੁਤ ਹੀ ਸੋਹਣੀ ਪੱਗ ਬੰਨ੍ਹਦੇ। ਸੋਹਣੇ ਕੱਪੜੇ ਪਹਿਨਦੇ। ਹਰ ਰੋਜ਼ ਕੱਪੜੇ ਬਦਲ ਕੇ ਆਉਂਦੇ। ਕਮੀਜ਼ ਪੈਂਟ ਦੇ ਵਿੱਚ ਦਿੱਤੀ ਹੁੰਦੀ ਜਦੋਂ ਕਿ ਬਾਕੀ ਸਾਰੇ ਅਧਿਆਪਕਾਂ ਦੀ ਕਮੀਜ਼ ਪੈਂਟ ਤੋਂ ਬਾਹਰ ਹੀ ਹੁੰਦੀ। ਆਮ ਤੌਰ ’ਤੇ ਗੋਲ ਘੇਰੇ ਵਾਲੀਆਂ ਕਮੀਜ਼ਾਂ ਅਤੇ ਖੁੱਲ੍ਹੀ ਮੂਹਰੀ ਦੀਆਂ ਪੈਂਟਾਂ ਹੁੰਦੀਆਂ ਸਨ। ਸਾਡੇ ਇੱਕ ਅਧਿਆਪਕ ਸਨ ਭਗਵਾਨ ਸਿੰਘ। ਜੋ ਕੁੜਤੇ ਪਜਾਮੇ ਵਿੱਚ ਹੀ ਸਕੂਲ ਆਉਂਦੇ ਸਨ। ਕਦੇ ਕਦਾਈਂ ਹੀ ਪੈਂਟ ਸ਼ਰਟ ਪਾਉਂਦੇ। ਸਾਰੇ ਉਹਨਾਂ ਨੂੰ ਗੁਰੂ ਜੀ ਕਹਿੰਦੇ ਸਨ। ਗੁਰਿੰਦਰ ਮਾਸਟਰ ਜੀ ਸਾਨੂੰ ਬਹੁਤ ਗੱਲਾਂ ਸੁਣਾਉਂਦੇ, ਨਵੀਆਂ ਨਵੀਆਂ। ਸਾਨੂੰ ਉਹ ਬਾਕੀ ਅਧਿਆਪਕਾਂ ਨਾਲੋਂ ਕਾਫ਼ੀ ਵੱਖ ਅਤੇ ਦਿਲਚਸਪ ਲੱਗਦੇ। ਅਸੀਂ ਪਹਿਲੀ ਵਾਰ ਉਹਨਾਂ ਤੋਂ ਸੁਣਿਆ ਕਿ ਉਹਨਾਂ ਚਾਹ ਦੇ ਬਾਗ਼ ਵੀ ਵੇਖੇ ਹੋਏ ਨੇ। ਪਹਿਲੀ ਵਾਰ ਟੈਲੀਵਿਜ਼ਨ ਵੀ ਅਸੀਂ ਉਹਨਾਂ ਦੇ ਘਰ ਜਾ ਕੇ ਵੇਖਿਆ। ਸਕੂਲ ਵਿੱਚ ਚਿੜੀ ਬੱਲੇ (ਬੈਡਮਿੰਟਨ) ਦੀ ਖੇਡ ਵੀ ਉਹਨਾਂ ਸ਼ੁਰੂ ਕਰਵਾਈ। ਮੁੱਕਦੀ ਗੱਲ, ਸਾਡੇ ਲਈ ਬਹੁਤ ਹੀ ਦਿਲਚਸਪ ਸਨ ਮਾਸਟਰ ਗੁਰਿੰਦਰ ਸਿੰਘ ਜੀ।
ਹੋਇਆ ਇਸ ਤਰ੍ਹਾਂ ਕਿ ਗੁਰਿੰਦਰ ਮਾਸਟਰ ਜੀ ਵੀ ਦੂਜੇ ਅਧਿਆਪਕਾਂ ਦੀ ਰੀਸੇ ਸਾਈਕਲ ’ਤੇ ਆਉਣ ਲੱਗੇ। ਪ੍ਰੰਤੂ ਜਿਸ ਦਿਨ ਉਹ ਸਾਈਕਲ ਲੈ ਕੇ ਆਏ ਤਾਂ ਸਾਰੇ ਸਕੂਲ ਲਈ ਇਹ ਅਚੰਭੇ ਭਰਿਆ ਦਿਨ ਸੀ। ਉਹੋ ਜਿਹਾ ਸਾਈਕਲ ਕਿਸੇ ਨੇ ਵੀ ਪਹਿਲਾਂ ਨਹੀਂ ਸੀ ਦੇਖਿਆ। ਬਹੁਤ ਹੀ ਸੋਹਣਾ ਸਾਈਕਲ ਸੀ। ਕੀ ਅਧਿਆਪਕ, ਕੀ ਵਿਦਿਆਰਥੀ, ਸਾਰੇ ਹੀ ਸਾਈਕਲ ਨੂੰ ਹੈਰਾਨੀ ਨਾਲ ਵੇਖ ਰਹੇ ਸਨ। ਗੁਰੂ ਮਾਸਟਰ ਜੀ ਨੇ ਕਿਹਾ ਕਿ ਇਸ ਨੇ ਤਾਂ ਮੇਰਾ ਭਾਰ ਝੱਲਣਾ ਹੀ ਨਹੀਂ। ਉਹਨਾਂ ਸਾਈਕਲ ਦਾ ਇੱਕ ਉਂਗਲ ਉੱਤੇ ਬਾਲਾ ਵੀ ਕੱਢ ਦਿੱਤਾ। ਸਭ ਤੋਂ ਵੱਧ ਖਿੱਚ ਪਾ ਰਹੇ ਸਨ ਸਾਈਕਲ ਦੇ ਟਾਇਰ, ਜੋ ਕਿ ਬਹੁਤ ਹੀ ਪਤਲੇ ਸਨ। ਸਾਰਿਆਂ ਦਾ ਇਹੋ ਕਹਿਣਾ ਸੀ ਕਿ ਗੁਰਿੰਦਰ ਮਾਸਟਰ ਜੀ ਦੇ ਸਾਈਕਲ ਦੇ ਟਾਇਰ ਤਾਂ ਬੱਸ ਉਂਗਲ ਜਿੰਨੇ ਪਤਲੇ ਨੇ।
ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ। ਮੈਂ ਵੀ ਹੁਣ ਮੁਲਾਜ਼ਮਤ ਕਰਨ ਤੋਂ ਬਾਅਦ ਰਿਟਾਇਰ ਹੋ ਗਿਆ ਹਾਂ। ਮੇਰੀ ਸਾਈਕਲ ਚਲਾਉਣ ਦੀ ਰੁਚੀ ਨੂੰ ਦੇਖਦੇ ਹੋਏ ਸਾਡੇ ਬੇਟੇ ਨੇ ਸਾਡੀ ਸਾਲ ਗਿਰਾਹ ਦੇ ਮੌਕੇ ’ਤੇ ਐਤਕੀਂ ਮੈਨੂੰ ਸਾਈਕਲ ਤੋਹਫਾ ਦਿੱਤਾ। ਸਾਈਕਲ ਪਾਰਸਲ ਰਾਹੀਂ ਡੱਬਾਬੰਦ ਪਹੁੰਚਿਆ। ਉਸ ਨੂੰ ਮੈਂ ਸਾਈਕਲਾਂ ਵਾਲੀ ਦੁਕਾਨ ’ਤੇ ਜੜਨ ਲਈ ਪਹੁੰਚਾ ਦਿੱਤਾ। ਜਦੋਂ ਮੈਂ ਸਾਈਕਲਾਂ ਵਾਲੀ ਦੁਕਾਨ ’ਤੇ ਆਪਣਾ ਨਵਾਂ ਸਾਈਕਲ ਲੈਣ ਪਹੁੰਚਿਆ ਤਾਂ ਕੀ ਵੇਖਦਾ ਹਾਂ ਕਿ ਇਹ ਸਾਈਕਲ ਤਾਂ ਬਿਲਕੁਲ ਹੂਬਹੂ ਮਾਸਟਰ ਗੁਰਿੰਦਰ ਸਿੰਘ ਜੀ ਦੇ ਸਾਈਕਲ ਨਾਲ ਮਿਲਦਾ ਜੁਲਦਾ ਸੀ। ਸਾਈਕਲ ਨੂੰ ਵੇਖਣ ਸਾਰ ਮੈਨੂੰ ਸਕੂਲ ਦਾ ਉਹ ਦਿਨ ਚੇਤੇ ਆ ਗਿਆ, ਜਦੋਂ ਪਹਿਲੇ ਦਿਨ ਮਾਸਟਰ ਗੁਰਿੰਦਰ ਸਿੰਘ ਜੀ ਸਾਈਕਲ ਲੈ ਕੇ ਸਕੂਲ ਆਏ ਸਨ। ਮੇਰੇ ਇਸ ਸਾਈਕਲ ਦੇ ਟਾਇਰ ਵੀ ਗੁਰਿੰਦਰ ਮਾਸਟਰ ਜੀ ਦੇ ਸਾਈਕਲ ਵਾਂਗ ਉਂਗਲ ਜਿੰਨੇ ਪਤਲੇ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4535)
(ਸਰੋਕਾਰ ਨਾਲ ਸੰਪਰਕ ਲਈ: (