“ਵੇਖ ਯਾਰ, ਡਾਕਟਰ ਇਕੱਲਾ ਇੰਨਾ ਕੁਝ ਕਰੀ ਜਾਂਦਾ ਹੈ, ਆਪਾਂ ਤਾਂ ਫਿਰ ਵੀ ਦੋ ਜਣੇ ਹਾਂ ...”
(10 ਮਾਰਚ 2024)
ਇਸ ਸਮੇਂ ਪਾਠਕ: 445.
ਬਦਲੀ ਹੋਣ ਉਪਰੰਤ 2005 ਵਿੱਚ ਮੈਂ ਸਿਵਲ ਪਸ਼ੂ ਡਿਸਪੈਂਸਰੀ ਕਾਲ ਵੰਜਾਰਾ ਵਿਖੇ ਹਾਜ਼ਰ ਹੋਇਆ। ਡਿਸਪੈਂਸਰੀ ਦੀ ਜਗ੍ਹਾ ਕਾਫੀ ਸੀ। ਬਿਲਡਿੰਗ ਠੀਕਠਾਕ ਸੀ। ਚਾਰਦੀਵਾਰੀ ਕਈ ਥਾਵਾਂ ਤੋਂ ਟੁੱਟੀ ਪਈ ਸੀ। ਮੇਨ ਗੇਟ ਵੀ ਟੁੱਟਾ ਹੋਇਆ ਸੀ। ਡਿਸਪੈਂਸਰੀ ਦੇ ਵਿੱਚ ਚਾਰੇ ਪਾਸੇ ਘਾਹ-ਫੂਸ ਉੱਗਿਆ ਹੋਇਆ ਸੀ। ਚਾਰ ਕੁ ਕਿੱਕਰਾਂ ਦੇ ਦਰਖਤ ਸਨ। ਕੁਝ ਘਰ ਡਿਸਪੈਂਸਰੀ ਵਿੱਚ ਆਪਣੇ ਪਸ਼ੂ ਵੀ ਬੰਨ੍ਹਦੇ ਸਨ। ਡਿਊਟੀ ਸ਼ੁਰੂ ਹੋਈ। ਇਸ ਦੌਰਾਨ ਮੌਜੂਦਾ ਸਰਪੰਚ ਸਰਦਾਰ ਤਰਸੇਮ ਸਿੰਘ ਨਾਲ ਮੇਰੀ ਚੰਗੀ ਸੱਥਰੀ ਪੈ ਗਈ। ਪੰਚਾਇਤ ਦੀ ਮਦਦ ਦੇ ਨਾਲ ਪਹਿਲਾਂ ਮੇਨ ਗੇਟ ਠੀਕ ਕਰਵਾਇਆ। ਮੇਨ ਗੇਟ ਨੂੰ ਜਿੰਦਾ ਲਗਾਉਣਾ ਸ਼ੁਰੂ ਕੀਤਾ, ਜਿਸ ਨਾਲ ਡਿਸਪੈਂਸਰੀ ਵਿੱਚ ਪਸ਼ੂ ਬੰਨ੍ਹਣ ਵਾਲੇ ਮਾਲਕਾਂ ਨੂੰ ਤਕਲੀਫ ਹੋਈ ਜੋ ਕਿ ਸੁਭਾਵਿਕ ਹੀ ਸੀ। ਸਰਦਾਰ ਤਰਸੇਮ ਸਿੰਘ ਸਰਪੰਚ ਨੇ ਸਿਆਣਪ ਨਾਲ ਉਹਨਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਦਿੱਤਾ। ਇਸ ਉਪਰੰਤ ਡਿਊਟੀ ਕਰਦਿਆਂ ਹੌਲੀ ਹੌਲੀ ਲੋਕਾਂ ਨਾਲ ਰਾਬਤਾ ਬਣਨਾ ਸ਼ੁਰੂ ਹੋਇਆ। ਪੰਚਾਇਤ ਦੇ ਸਹਿਯੋਗ ਦੇ ਨਾਲ ਡਿਸਪੈਂਸਰੀ ਵਿੱਚ ਛੋਟੇ ਮੋਟੇ ਕੰਮ ਹੋਣੇ ਸ਼ੁਰੂ ਹੋ ਗਏ। ਚਾਰ ਦੀਵਾਰੀ ਦੀ ਮੁਰੰਮਤ ਹੋ ਗਈ। ਲੋਕਾਂ ਦੇ ਸਹਿਯੋਗ ਦੇ ਨਾਲ ਡਿਸਪੈਂਸਰੀ ਵਿੱਚ ਉੱਗਿਆ ਘਾਹ-ਫੂਸ ਸਾਫ ਕਰਵਾਇਆ। ਇਸ ਤਰ੍ਹਾਂ ਹੌਲੀ ਹੌਲੀ ਡਿਸਪੈਂਸਰੀ ਦਾ ਚਿਹਰਾ ਮੋਹਰਾ ਸੁਧਰਨ ਲੱਗਾ।
ਸਾਲ 2006 ਦੇ ਵਿੱਚ ਮੈਂ ਸਾਥੀ ਜਗਦੀਸ਼ ਪਾਪੜਾ ਰਾਹੀਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜਿਆ। ਖੇਤੀ ਵਿਰਾਸਤ ਮਿਸ਼ਨ ਦੀਆਂ ਮੀਟਿੰਗਾਂ ਵਿੱਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ। ਵਿਦਵਾਨਾਂ ਦੇ ਵਿਚਾਰ ਸੁਣਦਿਆ ਹੌਲੀ ਹੌਲੀ ਮੇਰੇ ਅੰਦਰ ਵੀ ਵਾਤਾਵਰਣ ਪ੍ਰਤੀ ਚੇਤਨਤਾ ਜਾਗਣ ਲੱਗੀ। ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਅਸੀਂ ਪਿੰਡ ਕਾਲ ਵੰਜਾਰਾ ਵਿਖੇ ਦੋ ਵਾਰ ਖੇਤੀ ਵਿਰਾਸਤ ਮਿਸ਼ਨ ਦਾ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਔਰਗੈਨਿਕ ਖੇਤੀ ਪ੍ਰਤੀ, ਵਾਤਾਵਰਣ ਪ੍ਰਤੀ, ਸਿਹਤ ਪ੍ਰਤੀ ਲੋਕਾਂ ਨੂੰ ਚੇਤਨ ਕੀਤਾ। ਇਹਨਾਂ ਪ੍ਰੋਗਰਾਮਾਂ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਉਮਿੰਦਰ ਦੱਤ, ਤਿਵਾੜੀ, ਗੁਰਪ੍ਰੀਤ, ਅਤੇ ਹਰਤੇਜ ਮਹਿਤਾ, ਬਲਵਿੰਦਰ ਸਿੰਘ ਅਤੇ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ। ਇਹਨਾਂ ਪ੍ਰੋਗਰਾਮਾਂ ਵਿੱਚ ਇੱਕ ਵਾਰ ਸ੍ਰੀ ਕੇ ਕੇ ਜਾਖੜ ਜੋ ਕਿ ਚੌਧਰੀ ਦੇਵੀ ਲਾਲ ਦੇ ਪਿੰਡ ਤੇਜਾ ਖੇੜਾ ਤੋਂ ਹਨ ਅਤੇ ਕਾਫੀ ਜ਼ਮੀਨ ਦੀ ਮਾਲਕੀ ਵਾਲੇ ਅਤੇ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਹਨ, ਸ਼ਾਮਿਲ ਹੋਏ। ਮੌਜੂਦਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ, ਜੋ ਉਸ ਸਮੇਂ ਪਿੰਡ ਦੇ ਸਰਪੰਚ ਹੁੰਦੇ ਸਨ ਅਤੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਸਨ, ਵੀ ਪ੍ਰੋਗਰਾਮ ਵਿੱਚ ਆਏ। ਪਿੰਡ ਵਿੱਚ ਕਰਵਾਏ ਇਹਨਾਂ ਪ੍ਰੋਗਰਾਮਾਂ ਸਦਕਾ ਪਿੰਡ ਦੇ ਜਾਗਰੂਕ ਕਿਸਾਨਾਂ ਨੇ ਆਰਗੈਨਿਕ ਖੇਤੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਮੇਰੇ ਅੰਦਰ ਵੀ ਵਾਤਾਵਰਣ ਪ੍ਰਤੀ ਕੁਝ ਕਰਨ ਦੀ ਚਾਹਤ ਪੈਦਾ ਹੋਈ।
ਸਰਪੰਚ ਤਰਸੇਮ ਸਿੰਘ ਨਾਲ ਮਿਲ ਕੇ ਡਿਸਪੈਂਸਰੀ ਵਿੱਚ ਬੂਟੇ ਲਗਾਉਣ ਦਾ ਪ੍ਰੋਗਰਾਮ ਬਣਾਇਆ। ਸਭ ਤੋਂ ਪਹਿਲਾਂ ਅਸੀਂ ਡਿਸਪੈਂਸਰੀ ਦੀ ਲਗਭਗ 100 ਫੁੱਟ ਚਾਰਦੀਵਾਰੀ ਦੇ ਨਾਲ ਨਾਲ ਅਸ਼ੋਕਾ ਦੇ ਬੂਟੇ ਲਗਾਏ। ਅੰਦਰਲੀ ਜਗ੍ਹਾ ਵਿੱਚ ਅਸੀਂ ਬਰਮਾ ਡੇਕ ਦੇ ਲਗਭਗ 100 ਬੂਟੇ ਲਗਾਏ। ਇੱਕ ਪਾਸੇ 30 ਬੂਟੇ ਨਿੰਮ ਦੇ ਲਗਾਏ। ਬੂਟੇ ਲਗਾਉਣ ਤੋਂ ਬਾਅਦ ਉਹਨਾਂ ਨੂੰ ਪਾਲਣ ਲਈ ਪਾਣੀ ਦਾ ਸਵਾਲ ਖੜ੍ਹਾ ਹੋ ਗਿਆ ਕਿਉਂਕਿ ਡਿਸਪੈਂਸਰੀ ਵਿੱਚ ਸਿਰਫ ਨਲਕਾ ਹੀ ਲੱਗਾ ਹੋਇਆ ਸੀ। ਡਿਸਪੈਂਸਰੀ ਦੀ ਕੰਧ ਸਕੂਲ ਦੇ ਨਾਲ ਸਾਂਝੀ ਸੀ। ਸਕੂਲ ਦੇ ਵਿੱਚ ਪਾਣੀ ਵਾਲੀ ਮੋਟਰ ਲੱਗੀ ਹੋਈ ਸੀ। ਗ੍ਰਾਮ ਪੰਚਾਇਤ ਅਤੇ ਸਕੂਲ ਕਮੇਟੀ ਦੇ ਸਹਿਯੋਗ ਸਦਕਾ ਲਿੰਕ ਪਾਈਪ ਪਾ ਕੇ ਡਿਸਪੈਂਸਰੀ ਵਿੱਚ ਬੂਟਿਆਂ ਨੂੰ ਲਗਾਉਣ ਲਈ ਪਾਣੀ ਦਾ ਇੰਤਜ਼ਾਮ ਕਰ ਲਿਆ ਗਿਆ। ਇਸ ਤਰ੍ਹਾਂ ਜਦੋਂ ਬੂਟਿਆਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਤਾਂ ਸਾਰੇ ਬੂਟੇ ਚੱਲ ਪਏ। ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਮਹੀਨੇ ਕੁ ਵਿੱਚ ਹੀ ਸਾਰੀ ਡਿਸਪੈਂਸਰੀ ਹਰੇ ਭਰੇ ਬੂਟਿਆਂ ਨਾਲ ਲਹਿ ਲਹਾਉਣ ਲੱਗੀ। ਇਸ ਤੋਂ ਬਾਅਦ ਅਸੀਂ ਪੰਚਾਇਤ ਨਾਲ ਮਿਲ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਬੂਟੇ ਲਗਾਉਣ ਦੀ ਵਿਉਂਤ ਬਣਾਈ, ਜਿਸ ਵਿੱਚ ਪਿੰਡ ਦੇ ਦੋਵੇਂ ਛੱਪੜਾਂ ਦੇ ਦੁਆਲੇ ਬੂਟੇ ਲਗਾਏ। ਪਿੰਡ ਦੇ ਸ਼ਮਸ਼ਾਨ ਘਾਟ ਅਤੇ ਕੁਟੀਆ ਵਿੱਚ ਬੂਟੇ ਲਗਾਏ। ਵਾਟਰ ਵਰਕਸ ਦੀ ਜਗ੍ਹਾ ਵਿੱਚ ਬੂਟੇ ਲਗਾਏ ਅਤੇ ਬੱਸ ਸਟੈਂਡ ’ਤੇ ਪਈ ਜਗ੍ਹਾ ਵਿੱਚ ਬੂਟੇ ਲਗਾਏ।
ਇਸ ਤਰ੍ਹਾਂ ਅਸੀਂ ਪਿੰਡ ਦੀਆਂ ਖਾਲੀ ਪਈਆਂ ਲਗਭਗ ਸਾਰੀਆਂ ਥਾਵਾਂ ’ਤੇ ਬੂਟੇ ਲਗਾ ਦਿੱਤੇ।
ਸਾਡੀ ਡਿਸਪੈਂਸਰੀ ਹੁਣ ਹਰੇ ਭਰੇ ਬੂਟਿਆਂ ਨਾਲ ਭਰ ਗਈ ਸੀ। ਆਲਮ ਇਹ ਸੀ ਕਿ ਲੰਘਣ ਵਾਲੇ ਲੋਕ ਅੱਡੀਆਂ ਚੁੱਕ ਚੁੱਕ ਕੇ ਅੰਦਰ ਵੇਖ ਕੇ ਲੰਘਦੇ। ਅਸੀਂ ਅੰਦਰ ਬੈਠੇ ਇਹ ਸੋਚਦੇ ਰਹਿੰਦੇ ਕਿ ਕਦੋਂ ਸਾਡੇ ਬੂਟੇ ਵੱਡੇ ਹੋਣ ਅਤੇ ਕੰਧ ਉੱਪਰ ਦੀ ਦਿਖਾਈ ਦੇਣ। ਕਈ ਵਾਰ ਲੋਕ ਡਿਸਪੈਂਸਰੀ ਦੇ ਅੰਦਰ ਆ ਕੇ ਵੀ ਬੂਟਿਆਂ ਨੂੰ ਨਿਹਾਰਦੇ ਅਤੇ ਸਾਡੇ ਕੰਮ ਦੀ ਪ੍ਰਸ਼ੰਸਾ ਕਰਦੇ, ਜਿਸ ਨਾਲ ਸਾਨੂੰ ਹੋਰ ਵੀ ਪ੍ਰੇਰਣਾ ਮਿਲਦੀ। ਇਸ ਤੋਂ ਬਾਅਦ ਡਿਸਪੈਂਸਰੀ ਨੂੰ ਸ਼ਿੰਗਾਰਨ ਦਾ ਕੰਮ ਸ਼ੁਰੂ ਹੋਇਆ। ਮੇਨ ਗੇਟ ਉੱਪਰ ਪੰਚਾਇਤ ਦੇ ਸਹਿਯੋਗ ਨਾਲ ਡਾਟ ਬਣਵਾਈ ਅਤੇ ਉੱਪਰ ਸਿਵਲ ਪਸ਼ੂ ਡਿਸਪੈਂਸਰੀ ਕਾਲ ਵੰਜਾਰਾ ਲਿਖਵਾਇਆ। ਡਿਸਪੈਂਸਰੀ ਦੀ ਬਿਲਡਿੰਗ ਨੂੰ ਅਤੇ ਚਾਰ ਦੀਵਾਰੀ ਨੂੰ ਰੰਗ ਕਰਵਾਇਆ ਗਿਆ। ਇਸ ਉਪਰੰਤ ਡਿਸਪੈਂਸਰੀ ਦੀ ਬਿਲਡਿੰਗ ਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਬਣਵਾਇਆ। ਇਸ ਵਿੱਚ ਘਾਹ ਲਗਾ ਦਿੱਤਾ ਗਿਆ।
ਇਸ ਉਪਰੰਤ ਮੇਰੇ ਮਨ ਵਿੱਚ ਪਾਰਕ ਦੇ ਆਲੇ ਦੁਆਲੇ ਫੁੱਲਾਂ ਵਾਲੇ ਬੂਟੇ ਲਗਾਉਣ ਦਾ ਖਿਆਲ ਆਇਆ। ਕੁਝ ਫੁੱਲਾਂ ਵਾਲੇ ਬੂਟਿਆਂ ਦੀ ਪਨੀਰੀ ਲੈ ਕੇ ਆਏ ਅਤੇ ਕੁਝ ਬੀਜ। ਪਨੀਰੀ ਲਗਾ ਦਿੱਤੀ ਗਈ ਅਤੇ ਬੀਜ ਬੀਜ ਦਿੱਤੇ ਗਏ। ਇਹ ਕੰਮ ਅਸੀਂ ਨਵੰਬਰ ਮਹੀਨੇ ਕੀਤਾ। ਦਸੰਬਰ ਆਉਣ ਤਕ ਫੁੱਲਾਂ ਵਾਲੇ ਬੂਟਿਆਂ ਦੀ ਪਨੀਰੀ ਚੱਲ ਪਈ ਸੀ ਅਤੇ ਬੀਜ ਉੱਗ ਪਏ ਸਨ। ਜਨਵਰੀ ਮਹੀਨੇ ਕਿਸੇ ਕਿਸੇ ਬੂਟੇ ਉੱਤੇ ਟਾਵਾਂ ਟਾਵਾਂ ਫੁੱਲ ਵੀ ਉੱਗ ਆਇਆ ਸੀ। ਫਰਵਰੀ ਵਿੱਚ ਲਗਭਗ ਸਾਰੇ ਬੂਟਿਆਂ ਉੱਪਰ ਫੁੱਲ ਆ ਗਏ ਸਨ, ਜਿਸ ਨਾਲ ਸਾਡੀ ਡਿਸਪੈਸਰੀ ਦੀ ਦਿੱਖ ਨੂੰ ਚਾਰ ਚੰਦ ਲੱਗ ਗਏ।
ਪਾਰਕ ਦੇ ਇੱਕ ਪਾਸੇ ਖਾਲੀ ਪਈ ਕਾਫੀ ਜਗ੍ਹਾ ਵਿੱਚ ਅਸੀਂ ਪੌਪੀ ਫਲਾਵਰ ਦੇ ਬੀਜ ਬੀਜ ਦਿੱਤੇ ਸਨ, ਜਿਸ ਵਿੱਚ ਪੌਪੀ ਫਲਾਵਰ ਭਰਪੂਰ ਮਾਤਰਾ ਵਿੱਚ ਖਿੜੇ ਹੋਏ ਸਨ। ਸੂਰਜ ਮੁਖੀ ਦੇ ਬੂਟੇ ਵੀ ਸਨ, ਜਿਨ੍ਹਾਂ ਉੱਪਰ ਕਾਫੀ ਵੱਡੇ ਵੱਡੇ ਫੁੱਲ ਆਏ ਹੋਏ ਸੀ। ਦੁਪਹਿਰ ਵੇਲੇ ਡਿਸਪੈਂਸਰੀ ਵਿੱਚ ਫੁੱਲਾਂ ਦੀ ਗੁਲਜ਼ਾਰ ਪੂਰੀ ਖਿੜ ਜਾਂਦੀ ਸੀ। ਅੱਧੀ ਛੁੱਟੀ ਵੇਲੇ ਸਕੂਲ ਦੀ ਕੰਧ ਉੱਪਰ ਫੁੱਲਾਂ ਨੂੰ ਵੇਖਣ ਵਾਲੇ ਬੱਚਿਆਂ ਦੀ ਭੀੜ ਇਕੱਠੀ ਹੋ ਜਾਂਦੀ ਸੀ।
ਹੁਣ ਸਾਨੂੰ ਫੁੱਲਾਂ ਦੀ ਰਖਵਾਲੀ ਦੀ ਚਿੰਤਾ ਵੀ ਹੋਣ ਲੱਗੀ ਸੀ, ਜਿਸ ਕਾਰਨ ਅਸੀਂ ਸਕੂਲ ਵਿੱਚ ਬੱਚਿਆਂ ਨੂੰ ਛੁੱਟੀ ਹੋਣ ਤੋਂ ਬਾਅਦ ਹੀ ਡਿਸਪੈਂਸਰੀ ਬੰਦ ਕਰਦੇ। ਹੁਣ ਸਾਡੀ ਡਿਸਪੈਂਸਰੀ ਪਿੰਡ ਦੀਆਂ ਸਾਰੀਆਂ ਥਾਵਾਂ ਤੋਂ ਸੋਹਣੀ ਥਾਂ ਬਣ ਚੁੱਕੀ ਸੀ। … ਕਈ ਵਾਰ ਬਰਾਤ ਚੜ੍ਹਨ ਵੇਲੇ ਵਿਆਂਹਦੜ ਅਤੇ ਬਰਾਤੀ ਸਾਡੀ ਡਿਸਪੈਂਸਰੀ ਵਿੱਚ ਫੁੱਲਾਂ ਕੋਲ ਫੋਟੋਆਂ ਖਿਚਾਉਣ ਵੀ ਆਉਂਦੇ। ਇਸ ਤਰ੍ਹਾਂ ਹੱਸਦੇ ਖੇਡਦੇ ਸੋਹਣਾ ਸਮਾਂ ਬੀਤਣ ਲੱਗਾ ਅਤੇ ਮਾਰਚ ਮਹੀਨਾ ਆ ਗਿਆ।
ਮਾਰਚ ਮਹੀਨੇ ਵਿੱਚ ਫੁੱਲ ਆਪਣੇ ਪੂਰੇ ਜੋਬਨ ’ਤੇ ਸਨ ਅਤੇ ਆਪਣੇ ਆਖਰੀ ਪੜਾ ਵੱਲ ਵਧ ਰਹੇ ਸਨ। ਸਾਡੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਨਤੀਜਾ 31 ਮਾਰਚ ਨੂੰ ਨਿਕਲਦਾ ਹੈ। ਇਕੱਤੀ ਮਾਰਚ ਆਈ ਅਤੇ ਬੱਚਿਆਂ ਦਾ ਨਤੀਜਾ ਨਿਕਲਿਆ। ਪਾਸ ਹੋਏ ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰ ਰਹੇ ਸਨ। ਬੱਚਿਆਂ ਨੇ ਕੱਪੜੇ ਵੀ ਸੋਹਣੇ ਸੋਹਣੇ ਪਾਏ ਹੋਏ ਸਨ। ਸਾਰੇ ਹੀ ਬਣ ਸੰਵਰ ਕੇ ਆਏ ਸਨ। ਨਤੀਜਾ ਨਿਕਲਣ ਤੋਂ ਬਾਅਦ ਕੁਝ ਬੱਚੇ ਸਾਡੇ ਕੋਲ ਆਏ ਅਤੇ ਫੁੱਲਾਂ ਕੋਲ ਫੋਟੋਆਂ ਖਿਚਾਉਣ ਦੀ ਇਜਾਜ਼ਤ ਮੰਗੀ ਜੋ ਕਿ ਅਸੀਂ ਖੁਸ਼ੀ ਖੁਸ਼ੀ ਦੇ ਦਿੱਤੀ। ਹੋਇਆ ਇੰਝ ਕਿ ਬੱਚੇ ਹੋਰ ਬੱਚਿਆਂ ਨੂੰ ਵੀ ਨਾਲ ਲੈ ਆਏ ਅਤੇ ਉਹਨਾਂ ਨਾਲ ਉਹਨਾਂ ਦੇ ਦੋ ਨਵੇਂ ਆਏ ਅਧਿਆਪਕ ਜੱਜ ਰਾਮ ਅਤੇ ਵਰਖਾ ਸਿੰਘ ਵੀ ਸਨ। ਦੋਨੋਂ ਅਧਿਆਪਕ ਡਿਸਪੈਂਸਰੀ ਵਿੱਚ ਖਿੜੀ ਫੁੱਲਾਂ ਦੀ ਗੁਲਜ਼ਾਰ ਵੇਖ ਕੇ ਦੰਗ ਰਹਿ ਗਏ। ਫੋਟੋਆਂ ਖਿਚਾਉਣ ਤੋਂ ਬਾਅਦ ਉਹਨਾਂ ਉੱਥੇ ਖੜ੍ਹੇ ਖੜ੍ਹੇ ਹੀ ਇਹ ਗੱਲ ਆਖੀ, ਵੇਖ ਯਾਰ, ਡਾਕਟਰ ਇਕੱਲਾ ਇੰਨਾ ਕੁਝ ਕਰੀ ਜਾਂਦਾ ਹੈ, ਆਪਾਂ ਤਾਂ ਫਿਰ ਵੀ ਦੋ ਜਣੇ ਹਾਂ। ... ਇਸ ਘਟਨਾ ਤੋਂ ਬਾਅਦ ਉਹਨਾਂ ਦੋਨਾਂ ਅਧਿਆਪਕਾਂ ਨੇ ਆਪਣੇ ਸਕੂਲ ਵਿੱਚ ਬੂਟੇ ਲਗਵਾਉਣੇ ਸ਼ੁਰੂ ਕਰ ਦਿੱਤੇ।
ਅੱਜ ਪਿੰਡ ਕਾਲ ਵੰਜਾਰਾ ਦਾ ਸਕੂਲ ਹਰੇ ਭਰੇ ਦਰਖਤਾਂ ਨਾਲ ਭਰਪੂਰ ਹੈ। ਸਭ ਤੋਂ ਵਿਲੱਖਣ ਗੱਲ ਇਹ ਹੋਈ ਕਿ ਪਿੰਡ ਵਿੱਚ ਜਦੋਂ ਵੀ ਹੁਣ ਕੋਈ ਨਵਾਂ ਮਕਾਨ ਬਣਦਾ ਹੈ ਤਾਂ ਉਸ ਵਿੱਚ ਅਸ਼ੋਕਾ ਦੇ ਬੂਟੇ ਜ਼ਰੂਰ ਲੱਗਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4792)
(ਸਰੋਕਾਰ ਨਾਲ ਸੰਪਰਕ ਲਈ: (