BhupinderSMann7ਕ੍ਰਿਸ਼ਨ ਵਾਹਵਾ ਭਾਵੁਕ ਹੋ ਗਿਆ। ਮੈਨੂੰ ਪਛਤਾਵਾ ਹੋਇਆ। ਮੈਂ ਕਿਹਾ ...

(11 ਨਵੰਬਰ 2017)

 

ਖੂਨਦਾਨ ਕੈਂਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕ੍ਰਿਸ਼ਨ ਨੇ ਆਪਣੀ ਡਿਊਟੀ ਸੰਭਾਲ ਲਈ ਸੀ। ਅਸੀਂ ਬੜੇ ਹੈਰਾਨ ਹੁੰਦੇ ਸੀ ਕਿ ਉਸ ਨੂੰ ਖੂਨਦਾਨ ਕੈਂਪਾਂ ਦੀ ਜਾਣਕਾਰੀ ਕਿਵੇਂ ਮਿਲਦੀ ਹੈ। ਉਹ ਹਰੇਕ ਕੈਂਪ ਵਿਚ ਬਿਨਾਂ ਬੁਲਾਏ ਜਾ ਹਾਜ਼ਰ ਹੁੰਦਾ। ਕ੍ਰਿਸ਼ਨ ਸਾਡੀ ਮੰਡੀ ਦਾ ਬਿਜਲੀ ਦਾ ਚੋਟੀ ਦਾ ਮਿਸਤਰੀ ਹੈ। ਉਸਦੀ ਦੁਕਾਨ ਤੇ ਜਨਰੇਟਰ, ਮੋਟਰਾਂ ਆਦਿ ਠੀਕ ਕਰਾਉਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਉਹ ਖੁਦ ਵੀ ਜਰਨੇਟਰ ਸੈੱਟ ਤਿਆਰ ਕਰਕੇ ਵੇਚਦਾ ਹੈ। ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਉਹ ਵਾਹ ਲੱਗਦੀ ਦੁਕਾਨ ਆਪਣੇ ਮੁਲਾਜ਼ਮਾਂ ਹਵਾਲੇ ਕਰਕੇ ਕੈਂਪਾਂ ਵਿਚ ਡਿਊਟੀ ਦਿੰਦਾ ਹੈ। ਕੈਂਪ ਵਿਚ ਉਹ ਖੂਨਦਾਨੀਆਂ ਨੂੰ ਦੁੱਧ ਪਿਲਾਉਂਦਾ, ਰਿਫੈਰਸ਼ਮੈਂਟ ਦਿੰਦਾ ਤੇ ਉਹਨਾਂ ਦੀ ਸਾਭ-ਸੰਭਾਲ ਕਰਦਾ ਅਕਸਰ ਦੇਖਿਆ ਜਾਂਦਾ ਹੈ। ਕੈਪਾਂ ਤੋਂ ਬਾਹਰ ਵੀ ਜੇਕਰ ਕੋਈ ਖੂਨਦਾਨ ਕੈਂਪ ਪ੍ਰਤੀ ਨਾਕਾਰਤਮਕ ਗੱਲ ਆਖਦਾ ਤਾਂ ਇਹ ਸਿਰਤੋੜ ਯਤਨ ਕਰਕੇ ਉਸ ਵਿਅਕਤੀ ਨੂੰ ਖੂਨਦਾਨ ਦੀ ਮਹੱਤਤਾ ਸਮਝਾਉਣ ਦਾ ਯਤਨ ਕਰਦਾ ਹੈ। ਕਈ ਵਾਰੀ ਤਾਂ ਲੜ ਵੀ ਪੈਂਦਾ ਹੈ।

ਪਰ ਅਸੀਂ ਉਦੋਂ ਹੈਰਾਨ ਹੁੰਦੇ, ਜਦੋਂ ਅਸੀਂ ਉਸ ਨੂੰ ਖੂਨਦਾਨ ਕਰਨ ਲਈ ਕਹਿੰਦੇ ਤਾਂ ਉਹ ਟਾਲ ਮਟੋਲ ਕਰਦਾ ਹੱਸ ਛਡਦਾ ਕਹਿੰਦਾ, “ਅਗਲੀ ਵਾਰ ਕਰੂੰਗਾ ਬਾਈ ਜੀ।”

ਅਸੀਂ ਜਾਣ ਬੁਝ ਕੇ ਵੀ ਛੇੜਦੇ, “ਆ ਬਈ ਕ੍ਰਿਸ਼ਨ ਖੂਨਦਾਨ ਕਰੀਏ।”

ਤੇ ਉਹ ਚੁੱਪ ਕਰਕੇ ਦੂਜੇ ਕੰਮਾਂ ਵਿਚ ਰੁੱਝ ਜਾਂਦਾ।

ਉਸ ਵੱਲੋਂ ਤਨਦੇਹੀ ਨਾਲ ਖੂਨਦਾਨੀਆਂ ਦੀ ਸੇਵਾ ਕਰਨਾ ਤੇ ਖੂਨਦਾਨ ਕਰਨ ਲਈ ਟਾਲ ਮਟੋਲ ਦੀ ਗੱਲ ਕਈ ਵਾਰੀ ਸਾਡੀ ਮਿੱਤਰ ਮੰਡਲੀ ਵਿਚ ਵੀ ਛਿੜਦੀ। ਇਸ ਵਾਰ 5 ਜੂਨ ਵਾਲੇ ਕੈਂਪ ਵਿਚ ਜਦੋਂ ਮੈਂ ਰਜਿਸ਼ਟ੍ਰੇਸ਼ਨ ਕਰਵਾ ਕੇ ਬੈਗ ਲੈ ਕੇ ਖੂਨਦਾਨ ਲਈ ਜਾਣ ਲੱਗਿਆ ਤਾਂ ਕ੍ਰਿਸ਼ਨ ਨੂੰ ਆਦਤ ਅਨੁਸਾਰ ਛੇੜਿਆ, “ਆ ਜਾ ਵੀਰ, ਇੱਕਠੇ ਕਰਦੇ ਆਂ ਖੂਨਦਾਨ।”

ਕ੍ਰਿਸ਼ਨ ਨੇ ਉਹੀ ਪੁਰਾਣਾ ਜਵਾਬ ਦਿੱਤਾ, “ਬਾਈ ਜੀ, ਅਗਲੀ ਵਾਰ ਕਰੂੰਗਾ ... ਪੱਕਾ।”

ਉਹਦਾ ਇਹ ਉੱਤਰ ਸੁਣ ਕੇ ਮੈਨੂੰ ਖਿਝ ਚੜ੍ਹ ਗਈ। ਮੈ ਕਿਹਾ, “ਜੇ ਖੂਨਦਾਨ ਹੀ ਨਹੀਂ ਕਰਨਾ ਤਾਂ ਕਾਹਨੂੰ ਟਾਈਮ ਖਰਾਬ ਕਰਦਾ ਐਵੇਂ ਕੈਂਪਾਂ ਵਿਚ ਜਾ ਕੇ - ਕੰਮ ਦੇਖ ਆਪਣਾ।”

ਮੇਰੀ ਗੱਲ ਸੁਣ ਕੇ ਉਸ ਨੇ ਨੀਵੀਂ ਪਾ ਲਈ। ਖੂਨਦਾਨ ਕਰਕੇ ਜਦੋਂ ਮੈ ਆਇਆ ਤਾਂ ਉਹ ਦੁੱਧ ਦਾ ਗਿਲਾਸ ਤੇ ਕੇਲੇ ਲੈ ਕੇ ਮੇਰੇ ਕੋਲ ਆ ਪਹੁੰਚਿਆ। ਉਹਦਾ ਚਿਹਰਾ ਉੱਤਰਿਆ ਹੋਇਆ ਸੀ। ਮੈਂ ਵੀ ਕੋਈ ਗੱਲ ਨਾ ਕੀਤੀ। ਚੁੱਪ ਕਰਕੇ ਗਿਲਾਸ ਤੇ ਕੇਲੇ ਫੜ ਲਏ। ਪਰ ਉਹ ਮੇਰੇ ਕੋਲ ਖੜਾ ਰਿਹਾ। ਮੈ ਉਹਦੇ ਵੱਲ ਝਾਕਿਆ ਤਾ ਉਹ ਬਾਹਰਲੇ ਪਾਸੇ ਪਈਆਂ ਖਾਲੀ ਕੁਰਸੀਆਂ ਵਲ ਇਸ਼ਾਰਾ ਕਰਦਾ ਬੋਲਿਆ, “ਬਾਈ ਜੀ, ਦੋ ਮਿੰਟ ਉੱਥੇ ਚੱਲੋ। ਮੈਂ ਤੁਹਾਡੇ ਨਾਲ ਗੱਲ ਕਰਨੀ ਹੈ।”

ਉਸਦੇ ਮੂਡ ਨੂੰ ਦੇਖ ਕੇ ਮੈ ਸੋਚਿਆ, ਕਾਹਨੂੰ ਛੇੜਨਾ ਸੀ ਵਿਚਾਰੇ ਨੂੰ। ਅਸੀਂ ਦੋਵੇਂ ਬਾਹਰ ਜਾ ਬੈਠੇ ਤਾਂ ਉਸਨੇ ਗੱਲ ਤੋਰੀ, “ਬਾਈ ਜੀ, ਖੂਨਦਾਨੀਆਂ ਦੀ ਸੇਵਾ ਕਰਨ ਤੋਂ ਨਾ ਰੋਕਿਓ ਕਦੀ ਮੈਨੂੰ ...।”

ਕ੍ਰਿਸ਼ਨ ਵਾਹਵਾ ਭਾਵੁਕ ਹੋ ਗਿਆ। ਮੈਨੂੰ ਪਛਤਾਵਾ ਹੋਇਆ। ਮੈਂ ਕਿਹਾ, “ਓ ਛੱਡ ਯਾਰ ... ਮੈਂ ਤਾਂ ਐਵੇਂ ਹੱਸਦਾ ਸੀ।” ਪਰ ਉਸ ਨੇ ਬੋਲਣਾ ਜਾਰੀ ਰੱਖਿਆ, “ਬਾਈ ਜੀ, ਪਤਾ ਐ, ਮੈਂ ਖੂਨਦਾਨ ਕਿਉਂ ਨਹੀਂ ਕਰਦਾ?

ਮੈਂ ਪੁੱਛਿਆ, “ਕਿਉਂ?”

ਉਹ ਬੋਲਿਆ, “ਤੁਹਾਨੂੰ ਯਾਦ ਹੋਊ, ਤੁਸੀਂ ਆਪਦੇ ਪਿੰਡ ਮਾੜੀ 2013 ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਖੂਨਦਾਨ ਕੈਂਪ ਲਾਇਆ ਸੀ।”

ਮੈਂ ਕਿਹਾ, “ਹਾਂ ... ਉਹ ਤਾਂ ਪਿੰਡ ਦੇ ਕਲੱਬ ਵਾਲੇ ਹਰ ਸਾਲ ਹੀ ਲਾਉਂਦੇ ਹਨ।”

ਉਸਨੇ ਗੱਲ ਦੀ ਲੜੀ ਅੱਗੇ ਤੋਰਦਿਆਂ ਕਿਹਾ, “ਥੋਨੂੰ ਯਾਦ ਹੋਊ ਕਿ ਮੈਂ ਤੁਹਾਡੇ ਨਾਲ ਜਾ ਕੇ ਖੂਨਦਾਨ ਕਰਕੇ ਆਇਆ ਸੀ।”

ਉਹਦੇ ਕਹਿਣ ’ਤੇ ਮੇਰੇ ਜ਼ਿਹਨ ਵਿਚ ਚਾਰ ਸਾਲ ਪੁਰਾਣੀ ਗੱਲ ਆਈ ਕਿ ਸੱਚਮੁੱਚ ਹੀ ਕ੍ਰਿਸ਼ਨ ਮੇਰੇ ਨਾਲ ਖੂਨਦਾਨ ਕਰਕੇ ਆਇਆ ਸੀ। ਉਸਨੇ ਅਗਲੀ ਕਹਾਣੀ ਇਉਂ ਦੱਸੀ ਕਿ ਕੈਂਪ ਤੋਂ ਚਾਰ ਦਿਨਾਂ ਬਾਅਦ ਬਲੱਡ ਬੈਂਕ ਵਿੱਚੋਂ ਫੋਨ ਆਇਆ ਕਿ ਉਸਦੇ ਖੂਨ ਵਿਚ ਕਾਲੇ ਪੀਲੀਏ ਦੇ ਅੰਸ਼ ਮਿਲੇ ਹਨ ਉਸਦੇ ਪੈਂਰਾਂ ਥੱਲੀਓ ਜ਼ਮੀਨ ਖਿਸਕ ਗਈ ਕਾਲਾ ਪੀਲੀਆ ਉਹਨੂੰ ਮੌਤ ਦਾ ਜਮਦੂਤ ਜਾਪਿਆ ਪਹਿਲਾਂ ਸਰਕਾਰੀ ਹਸਪਤਾਲ ਤੇ ਫੇਰ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਇਆ ਦੋ ਸਾਲਾਂ ਦੇ ਇਲਾਜ ਨੇ ਉਹਨੂੰ ਪੂਰਾ ਤੰਦਰੁਸਤ ਕਰ ਦਿੱਤਾ ਇਲਾਜ ਨੇ ਉਸ ਸਿਰ ਕਰਜ਼ਾ ਵੀ ਚਾੜ੍ਹ ਦਿੱਤਾ ਉਹਨੇ ਦੱਸਿਆ ਜੇ ਉਹ ਕੈਂਪ ਵਿਚ ਖੂਨਦਾਨ ਨਾ ਕਰਦਾ ਤਾਂ ਬਿਮਾਰੀ ਦਾ ਪਤਾ ਆਖਰੀ ਸਟੇਜ ਤੇ ਲੱਗਣਾ ਸੀ, ਜਿਸ ਨਾਲ ਮੌਤ ਪੱਕੀ ਸੀ ਯਾਨੀ ਕੈਂਪ ਉਸ ਲਈ ਜੀਵਨ ਰੱਖਿਅਕ ਹੋ ਕੇ ਨਿੱਬੜਿਆ ਸੀ ਡਾਕਟਰਾਂ ਨੇ ਉਮਰ ਭਰ ਲਈ ਉਸ ਦਾ ਖੂਨ ਦੂਸਰਿਆਂ ਲਈ ਅਣਫਿੱਟ ਕਰਾਰ ਦੇ ਕੇ ਖੂਨਦਾਨ ਨਾ ਕਰਨ ਲਈ ਕਿਹਾ ਸੀ ਇਸ ਲਈ ਉਹ ਖੂਨਦਾਨ ਨਹੀਂ ਕਰ ਸਕਦਾ ਸੀ ਪਰ ਖੂਨਦਾਨੀਆਂ ਦੀ ਸੇਵਾ ਕਰਕੇ ਹੀ ਆਪਣਾ ਯੋਗਦਾਨ ਪਾਉਂਦਾ ਸੀ

ਇਹ ਕਹਾਣੀ ਸੁਣਾਉਂਦਾ-ਸੁਣਾਉਂਦਾ ਕ੍ਰਿਸ਼ਨ ਭਾਵੁਕ ਹੋ ਗਿਆ ਤੇ ਬੋਲਿਆ, “ਤੁਸੀਂ ਕਰਮਾਂ ਵਾਲੇ ਹੋ ਜੋ ਇਹ ਮਹਾਦਾਨ ਕਰਦੇ ਹੋ, ਮੈਨੂੰ ਨਿਕਰਮੇ ਨੂੰ ਇਸ ਸੇਵਾ ਤੋਂ ਵਾਂਝਾ ਨਾ ਕਰਿਓ

ਕ੍ਰਿਸ਼ਨ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ, ਕ੍ਰਿਸ਼ਨ ਫਿਰ ਕੈਂਪ ਵਿਚ ਖੂਨਦਾਨੀਆਂ ਦੀ ਸੇਵਾ ਕਰਨ ਵਿਚ ਜੁਟ ਗਿਆ।

*****

(893)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author