“ਮੈਂ ਵੀ ਪ੍ਰਵਾਹ ਨਾ ਕਰਦੇ ਹੋਏ ਚੱਲਦੇ ਪ੍ਰੋਗਰਾਮ ਵਿੱਚ ਇੱਕ ਪਾਸੇ ਜਾ ਖੜ੍ਹਿਆ ਤੇ ਅਸੀਂ ...”
(14 ਜਨਵਰੀ 2020)
ਪੁਰਾਣੀ ਗੱਲ ਹੈ, ਮੈਂ ਆਪਣੇ ਸਹੁਰਿਆਂ ਵੱਲੋਂ ਦੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਬਰਾਤ ਗਿਆ। ਬਰਾਤ ਸੰਗਰੂਰ ਜ਼ਿਲ੍ਹੇ ਦੇ ਇੱਕ ਨੇੜਲੇ ਪਿੰਡ ਵਿੱਚ ਗਈ ਹੋਈ ਸੀ। ਉਸ ਸਮੇਂ ਪੈਲੇਸ ਵਿੱਚ ਵਿਆਹ ਹਾਲੇ ਘੱਟ ਹੋਣ ਲੱਗੇ ਸਨ। ਬਰਾਤ ਦਾ ਪ੍ਰਬੰਧ ਪਿੰਡ ਵਿੱਚ ਹੀ ਟੈਂਟ ਲਾ ਕੇ ਕੀਤਾ ਗਿਆ ਸੀ। ਪੰਜਾਬ ਦੀ ਮਸ਼ਹੂਰ ਲੋਕ ਗਾਇਕ ਜੋੜੀ ਦਾ ਅਖਾੜਾ ਲੱਗਣਾ ਸੀ। ਬਰਾਤ ਵਿੱਚ ਕਈ ਅਫਸਰ ਅਤੇ ਰਾਜਨੀਤਕ ਲੀਡਰ ਵੀ ਸ਼ਾਮਲ ਸਨ। ਮੇਰੇ ਵੀ ਪੂਰੇ ਠਾਠ ਬਾਠ ਸਨ। ਮੇਰਾ ਵੀ ਤਾਜ਼ਾ ਤਾਜ਼ਾ ਵਿਆਹ ਹੋਣ ਕਰਕੇ ਬਤੌਰ ਜਵਾਈ ਪੂਰਾ ਆਦਰ ਮਾਣ ਮਿਲ ਰਿਹਾ ਸੀ।
ਜਦੋਂ ਅਸੀਂ ਲੜਕੀ ਵਾਲਿਆਂ ਦੇ ਪਿੰਡ ਪਹੁੰਚੇ ਤਾਂ ਬੈਂਡ ਵਾਜੇ ਵਾਲਿਆਂ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਅਸੀਂ ਜਦੋਂ ਟੈਂਟ ਦੇ ਸਾਹਮਣੇ ਪਹੁੰਚੇ ਤਾਂ ਕਾਫੀ ਸਾਰੇ ਵੇਟਰ ਆਪਣੇ ਹੱਥਾਂ ਵਿੱਚ ਖਾਣ ਪੀਣ ਵਾਲਾ ਸਾਮਾਨ ਲਈ ਖੜ੍ਹੇ ਸਨ। ਉਹ ਮੈਂਨੂੰ ਦੇਖਣਸਾਰ ਆਪਸ ਵਿੱਚ ਕਾਨਾਫੂਸੀ ਕਰਨ ਲੱਗੇ। ਉਨ੍ਹਾਂ ਦੇ ਚਿਹਰੇ ਖਿੜ ਗਏ ਸਨ। ਮੈਂ ਵੀ ਉਨ੍ਹਾਂ ਨੂੰ ਦੇਖਦੇ ਹੀ ਪਹਿਚਾਣ ਲਿਆ ਸੀ।
ਮੈਂ ਆਪਣੇ ਸ਼ਹਿਰ ਵੱਲੋਂ ਅਤੇ ਯੂਨੀਵਰਸਿਟੀ ਵੱਲੋਂ ਲਗਭਗ ਵੀਹ ਸਾਲ ਫੁੱਟਬਾਲ ਖੇਡਿਆ। ਇਲਾਕੇ ਵਿੱਚ ਸਾਡੀ ਟੀਮ ਦਾ ਚੰਗਾ ਨਾਮ ਸੀ। ਮੈਂਨੂੰ ਬਤੌਰ ਫੁੱਲਬੈਕ ਖੇਡਦੇ ਹੋਏ ਬਹੁਤ ਸਾਰੇ ਟੂਰਨਾਮੈਂਟ ਖੇਡਣ ਦਾ ਅਵਸਰ ਮਿਲਿਆ। ਅਸੀਂ ਖੁਦ ਵੀ ਹਰ ਸਾਲ ਗੁਰੂ ਗੋਬਿੰਦ ਸਿੰਘ ਟੂਰਨਾਮੈਂਟ ਕਰਵਾਉਂਦੇ ਸੀ। ਅਸੀਂ ਲਗਾਤਾਰ ਪੱਚੀ ਟੂਰਨਾਮੈਂਟ ਆਪਣੇ ਸ਼ਹਿਰ ਵਿਖੇ ਕਰਵਾਏ। ਦਸਮੇਸ਼ ਸਪੋਰਟਸ ਕਲੱਬ ਦੇ ਵੱਖ ਵੱਖ ਅਹੁਦਿਆਂ ਉੱਤੇ ਰਹਿਣ ਦਾ ਮੈਂਨੂੰ ਮੌਕਾ ਮਿਲਿਆ। ਅਸੀਂ ਹਰ ਸਾਲ ਟੂਰਨਾਮੈਂਟ ਵਿੱਚ ਚੰਗੀਆਂ ਟੀਮਾਂ ਨੂੰ ਸੱਦਾ ਦਿੰਦੇ ਸੀ। ਉੱਥੇ ਸਾਨੂੰ ਬਹੁਤ ਸਾਰੇ ਨਵੇਂ ਨੌਜਵਾਨ ਮਿਲਦੇ ਸਨ। ਸੰਗਰੂਰ ਨੇੜਲੇ ਸ਼ਹਿਰ ਦੀ ਟੀਮ ਉਸ ਸਮੇਂ ਬੜੀ ਤਕੜੀ ਮੰਨੀ ਜਾਂਦੀ ਸੀ। ਉਸ ਟੀਮ ਵਿੱਚ ਖੇਡਣ ਵਾਲੇ ਬਹੁਤੇ ਨੌਜਵਾਨ ਮਿਹਨਤਕਸ਼ ਪਰਿਵਾਰਾਂ ਵਿੱਚੋਂ ਸਨ। ਉਹ ਉਸ ਸਮੇਂ ਦੀ ਬੜੀ ਸ਼ਾਨਦਾਰ ਟੀਮ ਸੀ। ਉਸਨੇ ਸਾਡੇ ਟੂਰਨਾਮੈਂਟ ਨੂੰ ਕਈ ਵਾਰੀ ਜਿੱਤਿਆ ਸੀ। ਖੇਡ ਭਾਵਨਾ ਕਰਕੇ ਖਿਡਾਰੀਆਂ ਦਾ ਇੱਕ ਆਪਣਾ ਹੀ ਭਾਈਚਾਰਾ ਹੁੰਦਾ ਹੈ। ਖਿਡਾਰੀ ਕਦੇ ਵੀ ਇੱਕ ਦੂਜੇ ਨਾਲ ਊਚ ਨੀਚ ਨਹੀਂ ਕਰਦੇ। ਉਸ ਟੀਮ ਦੇ ਕਈ ਖਿਡਾਰੀ ਵੇਟਰਾਂ ਦੇ ਰੂਪ ਵਿੱਚ ਮੇਰੇ ਸਾਹਮਣੇ ਸਨ।
ਉਨ੍ਹਾਂ ਸਾਰਿਆਂ ਨੇ ਮੈਂਨੂੰ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ। ਉਹ ਬਤੌਰ ਖਿਡਾਰੀ ਅਤੇ ਕਲੱਬ ਦਾ ਸਰਗਰਮ ਮੈਂਬਰ ਹੋਣ ਦੇ ਨਾਤੇ ਮੈਂਨੂੰ ਵਿਸ਼ੇਸ਼ ਤੌਰ ’ਤੇ ਆਦਰ ਮਾਣ ਦੇ ਰਹੇ ਸਨ। ਅਸੀਂ ਥੋੜ੍ਹਾ ਸਮਾਂ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਟੈਂਟ ਦੇ ਅੰਦਰ ਚਲੇ ਗਏ।
ਕੁਝ ਖਾਣ ਪੀਣ ਤੋਂ ਬਾਅਦ ਨਵੀਂ ਜੋੜੀ ਤਾਂ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਚਲੀ ਗਈ, ਸਾਡੇ ਸਾਹਮਣੇ ਦੋਗਾਣਾ ਜੋੜੀ ਨੇ ਆਪਣਾ ਅਖਾੜਾ ਬੰਨ੍ਹ ਲਿਆ। ਅਸੀਂ ਕਈ ਜਣੇ ਇੱਕ ਮੇਜ਼ ਉੱਪਰ ਬੈਠ ਗਏ। ਅਫਸਰ ਅਤੇ ਦੂਜੇ ਵਿਸ਼ੇਸ਼ ਮਹਿਮਾਨ ਵੀ ਆਪਣੀਆਂ ਆਪਣੀਆਂ ਮਹਿਫਲਾਂ ਹੋਰ ਮੇਜ਼ਾਂ ਉੱਪਰ ਸਜਾ ਕੇ ਬੈਠ ਗਏ। ਮੇਰੇ ਦੋਸਤ ਖਿਡਾਰੀਆਂ ਨੇ ਮੇਰੇ ਲਈ ਖਾਣ ਪੀਣ ਦਾ ਸਾਮਾਨ ਲਿਆਉਣ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ। ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਸਪਲਾਈ ਸਾਡੇ ਵਾਲੇ ਮੇਜ਼ ਉੱਤੇ ਹੋ ਰਹੀ ਸੀ। ਉਹ ਆਪਸ ਵਿੱਚ ਗੱਲਾਂ ਕਰਦੇ ਕਹਿ ਰਹੇ ਸਨ ਕਿ ਬਾਈ ਆਇਆ ਹੋਇਆ ਹੈ, ਆਪਾਂ ਬਾਈ ਦੀ ਪੂਰੀ ਸੇਵਾ ਕਰਨੀ ਹੈ। ਉਹ ਲਗਾਤਾਰ ਮੇਰੇ ਨੇੜੇ ਤੇੜੇ ਮੰਡਰਾਉਂਦੇ ਰਹੇ ਤੇ ਮੈਂ ਉਨ੍ਹਾਂ ਨਾਲ ਗੱਲਬਾਤ ਕਰਦਾ ਰਿਹਾ।
ਦੂਜੇ ਪਾਸੇ ਮੇਰੇ ਸਾਲਾ ਸਾਹਿਬ ਤੇ ਸਹੁਰਿਆਂ ਦਾ ਪਰਿਵਾਰ ਹੈਰਾਨ ਪ੍ਰੇਸ਼ਾਨ ਸੀ ਕਿ ਉਨ੍ਹਾਂ ਦੇ ਜਵਾਈ ਭਾਈ ਦੀ ਜਾਣ ਪਛਾਣ ਇੰਨੀ ਦੂਰ ਇਨ੍ਹਾਂ ਬਹਿਰਿਆਂ ਨਾਲ ਕਿਸ ਤਰ੍ਹਾਂ ਹੈ? ਕਿਉਂਕਿ ਸਾਡੇ ਸਮਾਜ ਵਿੱਚ ਬੰਦੇ ਦਾ ਮੁੱਲ ਧਨ, ਰੁਤਬਾ ਜਾਂ ਕੰਮ ਦੇਖ ਕੇ ਪਾਇਆ ਜਾਂਦਾ ਹੈ। ਸਾਡੇ ਰਹਿਬਰਾਂ ਵਲੋਂ ਹੱਥੀਂ ਕਿਰਤ ਦੇ ਉਪਦੇਸ਼ ਨੂੰ ਦਰ ਕਿਨਾਰ ਕਰਕੇ ਕਾਮਿਆਂ ਨੂੰ ਨਿਗੁਣਾ ਸਮਝਿਆ ਜਾਂਦਾ ਹੈ। ਉਹ ਸ਼ਾਇਦ ਸੋਚ ਰਹੇ ਸਨ ਕਿ ਕਿਤੇ ਉਹਨਾਂ ਆਪਣੀ ਕੁੜੀ ਦਾ ਰਿਸ਼ਤਾ ਗ਼ਲਤ ਥਾਂ ਉੱਤੇ ਤਾਂ ਨਹੀਂ ਕਰ ਦਿੱਤਾ। ਮੈਂ ਵੀ ਪ੍ਰਵਾਹ ਨਾ ਕਰਦੇ ਹੋਏ ਚੱਲਦੇ ਪ੍ਰੋਗਰਾਮ ਵਿੱਚ ਇੱਕ ਪਾਸੇ ਜਾ ਖੜ੍ਹਿਆ ਤੇ ਅਸੀਂ ਇੱਕ ਦੋ ਤਸਵੀਰਾਂ ਵੀ ਇਕੱਠਿਆਂ ਖਿਚਵਾਈਆਂ। ਮੇਰੀ ਐਨੀ ਆਓ ਭਗਤ ਦੇਖ ਕੇ ਦੂਜੇ ਮੇਜ਼ਾਂ ਉੱਤੇ ਬੈਠੇ ਖਾਸ ਮਹਿਮਾਨ ਵੀ ਹੈਰਾਨ ਸਨ। ਇੱਕ ਦੋ ਮਹਿਮਾਨ ਤਾਂ ਈਰਖਾ ਵੀ ਮਹਿਸੂਸ ਕਰ ਰਹੇ ਸਨ ਕਿ ਇਸ ਮੇਜ਼ ਵਾਲਿਆਂ ਨੂੰ ਇੰਨੀ ਤਵੱਜੋ ਕਿਉਂ ਮਿਲ ਰਹੀ ਹੈ। ਉਹਨਾਂ ਵਿੱਚੋਂ ਇੱਕ ਨੇ ਤਾਂ ਵਿਆਂਹਦੜ ਲੜਕੇ ਦੇ ਬਾਪ ਨੂੰ ਪੁੱਛ ਹੀ ਲਿਆ – ਔਹ ਕਿਹੜਾ ਵੀ ਆਈ ਪੀ ਬੈਠਾ ਹੈ, ਜਿਸ ਦੀ ਸਭ ਤੋਂ ਵਧ ਸੇਵਾ ਹੋ ਰਹੀ ਹੈ?
ਥੋੜ੍ਹੇ ਸਮੇਂ ਬਾਅਦ ਲੜਕੇ ਦੇ ਪਿਤਾ ਤੋਂ ਮੈਂਨੂੰ ਇਸ ਗੱਲ ਦਾ ਪਤਾ ਲੱਗ ਗਿਆ। ਮੈਂ ਆਪਣੇ ਸਾਲਾ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਦੀ ਮੇਜ਼ ਉੱਤੇ ਜਾ ਬੈਠਾ। ਸੇਵਾ ਦਾ ਦੌਰ ਉੱਥੇ ਵੀ ਸ਼ੁਰੂ ਹੋ ਗਿਆ। ਉਹ ਇਹ ਦੇਖ ਕੇ ਹੋਰ ਜ਼ਿਆਦਾ ਹੈਰਾਨ ਹੋ ਗਏ। ਉਹਨਾਂ ਦੀ ਹੈਰਾਨੀ ਦੂਰ ਕਰਨ ਲਈ ਮੈਂ ਕਿਹਾ, “ਇਹ ਸੇਵਾ ਮੇਰੇ ਕਿਸੇ ਵੀ ਆਈ ਪੀ ਹੋਣ ਕਰਕੇ ਨਹੀਂ ਹੋ ਰਹੀ, ਮੈਂ ਤਾਂ ਸਧਾਰਨ ਬੰਦਾ ਹਾਂ। ਇਹ ਤਾਂ ਇੱਕ ਖਿਡਾਰੀ ਦੀ ਦੂਜੇ ਖਿਡਾਰੀਆਂ ਵੱਲੋਂ ਭਾਈਚਾਰਕ ਸੇਵਾ ਹੈ।”
ਉਹਨਾਂ ਨੂੰ ਸ਼ਾਇਦ ਮੇਰੀ ਗੱਲ ਦੀ ਸਮਝ ਨਹੀਂ ਲੱਗੀ ਪਰ ਮੇਰਾ ਸਹੁਰਾ ਪਰਿਵਾਰ ਅਸਲੀਅਤ ਸਮਝ ਗਿਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1889)
(ਸਰੋਕਾਰ ਨਾਲ ਸੰਪਰਕ ਲਈ: