BhupinderSMann7ਮੁੰਡਾ ਕੁੜੀ ਨੂੰ ਕੁੱਟ ਰਿਹਾ ਸੀ ਤੇ ਸਾਰਾ ਟੱਬਰ ਉਸ ਨੂੰ ਉਤਸ਼ਾਹਿਤ ਕਰ ਰਿਹਾ ਸੀ ...
(6 ਨਵੰਬਰ 2021)

 

ਸਾਡੇ ਵਾਲਾ ਭਲਵਾਨ ਅੱਜਕੱਲ੍ਹ ਕੈਨੇਡਾ ਵਿੱਚ ਰੰਗ ਭਾਗ ਲਾਉਂਦਾ ਹੈ। ਅਕਸਰ ਫੋਨ ’ਤੇ ਗੱਲਬਾਤ ਹੁੰਦੀ ਹੈ ਤਾਂ ਮੈਂ ਉਸ ਨੂੰ ਸਮਝਾਇਆ, “ਤੂੰ ਇੰਡੀਆ ਵਾਲਾ ਜਜ਼ਬਾ ਇੱਥੇ ਨਾ ਲੈ ਬੈਠੀਂ, ਗੋਰਿਆਂ ਨੇ ਮਿੰਟਾਂ ਵਿੱਚ ਜਹਾਜ਼ ਚੜ੍ਹਾ ਦੇਣਾ।”

ਉਹ ਅੱਗੋਂ ਹੱਸਦਾ ਕਹਿੰਦਾ, “ਬਾਈ, ਆਪਣੇ ਵਾਲੇ ਹੀ ਵਾਹਲੇ ਚੰਦਰੇ ਨੇ, ਇਹ ਐਵੇਂ ਕਿਸੇ ਦੇ ਸਿਰੇ ਨਹੀਂ ਜਾਂਦੇ।”

ਮੇਰੇ ਉਸ ਨੂੰ ਸਮਝਾਉਣ ਦੇ ਪਿੱਛੇ ਅਸਲ ਵਿੱਚ ਇੱਕ ਕਿੱਸਾ ਜੁੜਿਆ ਹੋਇਆ ਹੈ। ਉਦੋਂ ਮੈਂ ਪਟਿਆਲੇ ਤੋਂ ਵਾਪਸ ਆ ਰਿਹਾ ਸੀ। ਹਾਲੇ ਪਿੰਡ ਤੋਂ ਅੱਸੀ ਪਚਾਸੀ ਕਿਲੋਮੀਟਰ ਦੂਰ ਹੀ ਸੀ ਕਿ ਮੈਂਨੂੰ ਮੇਰੇ ਖ਼ਾਸ ਦੋਸਤ ਦਾ ਫੋਨ ਆਇਆ। ਉਹ ਕਾਫੀ ਘਬਰਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਤੁਹਾਡੇ ਵਾਲੇ ਭਲਵਾਨ (ਮੇਰੇ ਛੋਟੇ ਭਰਾ) ਨੇ ਫਲਾਣਿਆਂ ਦਾ ਸਾਰਾ ਟੱਬਰ ਕੁੱਟ ਦਿੱਤਾ। ਮੈਂ ਕਾਰ ਦੀ ਕਿੱਲੀ ਦੱਬ ਦਿੱਤੀ। ਵੈਸੇ ਤਾਂ ਮੈਂਨੂੰ ਪਤਾ ਸੀ ਕਿ ਭਲਵਾਨ ਕੋਈ ਗਲਤ ਕੰਮ ਨਹੀਂ ਕਰਦਾ, ਇਸ ਘਟਨਾ ਪਿੱਛੇ ਵੀ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਵੇਗਾ ਪਰ ਜਿਨ੍ਹਾਂ ਦਾ ਟੱਬਰ ਕੁੱਟਿਆ ਗਿਆ ਸੀ, ਉਹ ਵੀ ਮੇਰੀ ਜਾਣ ਪਛਾਣ ਵਾਲੇ ਬੰਦੇ ਸਨ। ਮੈਂ ਚਾਹੁੰਦਾ ਸੀ ਕਿ ਗੱਲ ਬਹੁਤੀ ਨਾ ਵਧੇ। ਇਸ ਲਈ ਮੈਂ ਤੇਜ਼ੀ ਨਾਲ ਘੰਟੇ ਵਿੱਚ ਹੀ ਘਟਨਾ ਸਥਾਨ ’ਤੇ ਪਹੁੰਚ ਗਿਆ।

ਮੈਂ ਚਾਹੁੰਦਾ ਸੀ ਕਿ ਇੱਕ ਵਾਰੀ ਪਰਿਵਾਰ ਨੂੰ ਮਿਲ ਲਿਆ ਜਾਵੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਮਾਮਲਾ ਠੰਢਾ ਕੀਤਾ ਜਾਵੇ। ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਤਾਂ ਸੋਚ ਰਿਹਾ ਸੀ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਬੁਝਾ ਕੇ ਗੱਲ ਨੂੰ ਸ਼ਾਂਤ ਕਰਾਂਗਾ ਪਰ ਉੱਥੇ ਤਾਂ ਦ੍ਰਿਸ਼ ਹੀ ਹੋਰ ਸੀ। ਭਲਵਾਨ ਮੌਜ ਨਾਲ ਉਨ੍ਹਾਂ ਦੇ ਬਰਾਂਡੇ ਵਿੱਚ ਬੈਠਾ ਬਿਸਕੁਟਾਂ ਨਾਲ ਚਾਹ ਪੀ ਰਿਹਾ ਸੀ। ਉਨ੍ਹਾਂ ਦਾ ਸਾਰਾ ਟੱਬਰ ਦੇ ਉਸ ਦੇ ਆਸੇ ਪਾਸੇ ਇਉਂ ਹੱਥ ਬੰਨ੍ਹੀ ਖੜ੍ਹਾ ਸੀ ਜਿਵੇਂ ਕੋਈ ਸਾਧੂ ਸੰਤ ਆਇਆ ਹੋਵੇ। ਮੈਂ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਘਰਵਾਲੇ ਅੰਕਲ ਕਹਿੰਦੇ, “ਭਲਵਾਨ ਵਰਗਾ ਬੰਦਾ ਤਾਂ ਕੋਈ ਕੋਈ ਹੁੰਦਾ, ਅੱਜ ਜੇ ਇਹ ਨਾ ਹੁੰਦਾ ਤਾਂ ਪਤਾ ਨੀ ਕੀ ਹੋ ਜਾਂਦਾ।”

ਮੈਂਨੂੰ ਕੋਈ ਗੱਲ ਸਮਝ ਨਹੀਂ ਲੱਗ ਰਹੀ ਸੀ। ਮੈਂ ਚੁੱਪ ਵਿੱਚ ਹੀ ਭਲਾਈ ਸਮਝੀ ਅਤੇ ਭਲਵਾਨ ਨੂੰ ਘਰ ਚੱਲਣ ਲਈ ਕਿਹਾ। ਉਹ ਕਹਿੰਦਾ, “ਮੈਂ ਡੇਅਰੀ ਤੋਂ ਢੋਲੀ ਚੁੱਕ ਕੇ ਮੋਟਰਸਾਈਕਲ ’ਤੇ ਘਰੇ ਆਉਨਾ, ਤੂੰ ਚੱਲ ਬਾਈ।”

ਮੈਂ ਘਰ ਨੂੰ ਤੁਰ ਪਿਆ ਪਰ ਮੇਰੇ ਮਨ ਵਿੱਚ ਉਭਲਾ ਚੁਭਲੀ ਲੱਗੀ ਹੋਈ ਸੀ। ਫੋਨ ਕਰਨ ਵਾਲਾ ਦੋਸਤ ਵੀ ਬਹੁਤ ਨੇੜਲਾ ਤੇ ਖ਼ਾਸ ਸੀ। ਮੈਂਨੂੰ ਪਤਾ ਸੀ ਕਿ ਉਹ ਗ਼ਲਤ ਸੁਨੇਹਾ ਤਾਂ ਲਾ ਹੀ ਨਹੀਂ ਸਕਦਾ। ਮੈਂ ਸੋਚਿਆ, ਘਰੇ ਜਾ ਕੇ ਭਲਵਾਨ ਤੋਂ ਹੀ ਪੁੱਛਦਾ ਹਾਂ। ਵੈਸੇ ਤਾਂ ਸਾਡੇ ਵਾਲਾ ਭਲਵਾਨ ਦਿਲ ਦਾ ਬਾਦਸ਼ਾਹ ਬੰਦਾ ਹੈ, ਪਰ ਸੁਭਾਅ ਦਾ ਥੋੜ੍ਹਾ ਜਿਹਾ ਹਰਖੀ ਹੈ। ਸਾਡੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਮਾਂ ਪਿਉ ਦਾ ਲਾਡ ਵੀ ਸਾਡੇ ਨਾਲੋਂ ਜ਼ਿਆਦਾ ਉਸ ਦੇ ਹਿੱਸੇ ਆਇਆ। ਬਹੁਤੇ ਲਾਡ ਨੇ ਆਪਣਾ ਰੰਗ ਤਾਂ ਦਿਖਾਉਣਾ ਹੀ ਸੀ। ਪ੍ਰਾਇਮਰੀ ਸਕੂਲ ਵਿੱਚ ਹੀ ਉਹ ਨਿਆਣਿਆਂ ’ਤੇ ਹੱਥ ਹੌਲਾ ਕਰਨ ਲੱਗ ਪਿਆ। ਜੇ ਕੰਮ ਉਹਦੇ ਵਿਤੋਂ ਬਾਹਰ ਜਾਂਦਾ ਤਾਂ ਸਾਡੀ ਫੁੱਟਬਾਲ ਟੀਮ ਵਾਲਿਆਂ ਨੂੰ ਨਾਲ ਲੈ ਜਾਂਦਾ। ਇਸ ਕਰ ਕੇ ਬਚਪਨ ਤੋਂ ਹੀ ਥੋੜ੍ਹਾ ਜਿਹਾ ਹੱਥ ਛੋਟ ਹੋ ਗਿਆ ਸੀ। ਭਲਵਾਨ ਦਾ ਖਾਣ ਪੀਣ ਦਾ ਸੁਭਾਅ ਛੋਟੇ ਹੁੰਦੇ ਤੋਂ ਖੁੱਲ੍ਹਾ ਸੀ। ਦੋ ਤਿੰਨ ਕਿਲੋ ਦੁੱਧ ਤਾਂ ਉਹ ਛੋਟਾ ਹੁੰਦਾ ਹੀ ਚੜ੍ਹਾ ਜਾਂਦਾ ਸੀ। ਇਸ ਕਰਕੇ ਰੱਬ ਨੇ ਸਿਹਤ ਵੀ ਸੋਹਣੀ ਬਖ਼ਸ਼ੀ। ਛੇ ਫੁੱਟ ਤਿੰਨ ਇੰਚ ਕੱਦ ’ਤੇ ਇੱਕ ਕਵੰਟਲ ਦਸ ਕਿਲੋ ਭਾਰ ਨਾਲ ਭਲਵਾਨ ਜੀ ਦਰਸ਼ਨੀ ਜਵਾਨ ਹਨ। ਜਿੰਮ ਲਾਉਣ ਦਾ ਸ਼ੌਕ ਚੜ੍ਹਦੀ ਜਵਾਨੀ ਤੋਂ ਲੈ ਕੇ ਹੁਣ ਤਕ ਕਾਇਮ ਹੈ। ਤਕੜੇ ਸਰੀਰ ਤੇ ਖੁੱਲ੍ਹੇ ਦਿਲ ਕਰ ਕੇ ਅਕਸਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਤੇ ਮੇਰੀ ਡਿਊਟੀ ਬਾਅਦ ਵਿੱਚ ਮਾਮਲਾ ਸੰਭਾਲਣ ਦੀ ਲੱਗ ਜਾਂਦੀ। ਕਿਉਂਕਿ ਬਾਪੂ ਦਾ ਸੁਭਾਅ ਵੀ ਗਰਮ ਸੀ ਤੇ ਸਾਡੀ ਕੋਸ਼ਿਸ਼ ਹੁੰਦੀ ਕਿ ਇਹ ਇਹੋ ਜਿਹੇ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਨਾ ਹੀ ਆਉਣ। ਮੈਂ ਤੇ ਮੇਰੇ ਦੋਸਤ ਅਕਸਰ ਹੈਰਾਨ ਹੁੰਦੇ ਬਈ ਇਕੱਲੇ ਬੰਦੇ ਨੇ ਇਉਂ ਕਿਵੇਂ ਕਰ ਦਿੱਤਾ।

ਮੈਂ ਕਾਹਲੀ ਨਾਲ ਘਰੇ ਪਹੁੰਚਿਆ ਤੇ ਪੁੱਛਿਆ, “ਮੈਂਨੂੰ ਫੋਨ ਆਇਆ ਸੀ ਤੂੰ ਉਨ੍ਹਾਂ ਦਾ ਸਾਰਾ ਟੱਬਰ ਕੁੱਟਿਆ?”

ਉਹ ਬੋਲਿਆ, “ਹਾਂ ਬਾਈ, ਥੋੜ੍ਹੀ ਜਿਹੀ ਸੇਵਾ ਤਾਂ ਸਾਰਿਆਂ ਦੀ ਹੋ ਹੀ ਗਈ।”

ਮੈਂ ਕਿਹਾ, “ਭਲਵਾਨਾ ਸਿਆਣਾ ਬਣ, ਆਪਣੇ ਉਹ ਜਾਣ ਪਛਾਣ ਵਾਲੇ ਬੰਦੇ ਹਨ। ਆਪਣਾ ਉਨ੍ਹਾਂ ਦਾ ਕਿਸੇ ਗੱਲੋਂ ਲਾਗਾ ਦੇਗਾ ਨਹੀਂ, ਤੂੰ ਸਾਰੇ ਟੱਬਰ ਨੂੰ ਕਿਉਂ ਕੁੱਟਿਆ?”

ਭਲਵਾਨ ਨੇ ਦੱਸਿਆ ਕਿ ਉਹ ਸਵੇਰੇ ਡੇਅਰੀ ਵਿੱਚ ਦੁੱਧ ਪਾਉਣ ਗਿਆ ਸੀ, ਜਿਹੜੀ ਉਨ੍ਹਾਂ ਦੀ ਗਲੀ ਦੇ ਖੂੰਜੇ ਉੱਪਰ ਹੈ। ਉੱਥੇ ਉਸ ਦਾ ਧਿਆਨ ਗਿਆ ਤਾਂ ਵਾਹਵਾ ਇਕੱਠ ਉਨ੍ਹਾਂ ਦੇ ਦਰਵਾਜ਼ੇ ’ਤੇ ਹੋਇਆ ਪਿਆ ਸੀ। ਜਗਿਆਸਾ ਵੱਸ ਉਹ ਵੀ ਉੱਥੇ ਚਲਾ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਛੋਟੇ ਮੁੰਡੇ ਦਾ ਆਪਣੀ ਘਰਵਾਲੀ ਨਾਲ ਝਗੜਾ ਹੈ। ਮੁੰਡਾ ਕੁੜੀ ਨੂੰ ਕੁੱਟ ਰਿਹਾ ਸੀ ਤੇ ਸਾਰਾ ਟੱਬਰ ਉਸ ਨੂੰ ਉਤਸ਼ਾਹਿਤ ਕਰ ਰਿਹਾ ਸੀ। ਗਲੀ ਦੇ ਲੋਕ ਤਮਾਸ਼ਬੀਨ ਬਣੇ ਖੜ੍ਹੇ ਸਨ। ਕੋਈ ਹੋਰ ਵਿੱਚ ਬਚਾ ਲਈ ਨਹੀਂ ਆਇਆ ਸੀ। ਸ਼ਾਇਦ ਇਹ ਉਨ੍ਹਾਂ ਦਾ ਰੋਜ਼ ਦਾ ਹੀ ਵਰਤਾਰਾ ਸੀ। ਭਲਵਾਨ ਜੀ ਦਾ ਖੂਨ ਗਰਮੀ ਖਾ ਗਿਆ ਤੇ ਉਸ ਨੇ ਪਰਿਵਾਰ ਨੂੰ ਰੋਕਿਆ। ਜਦੋਂ ਉਹ ਨਾ ਰੁਕੇ ਤਾਂ ਭਲਵਾਨ ਜੀ ਨੇ ਸਾਰੇ ਝੰਬ ਦਿੱਤੇ। ਅੰਕਲ ਅਤੇ ਉਨ੍ਹਾਂ ਦੇ ਦੋਵੇਂ ਮੁੰਡੇ ਭਲਵਾਨ ਜੀ ਦੀ ਮਾਰ ਹੇਠ ਆ ਗਏ। ਤਿੰਨ ਦੁਕਾਨਦਾਰ ਕਿਸਮ ਦੇ ਬੰਦੇ ਤਾਂ ਭਲਵਾਨ ਜੀ ਲਈ ਕੁਝ ਵੀ ਨਹੀਂ ਸਨ। ਸਾਡਾ ਦੋਸਤ ਵੀ ਉੱਥੋਂ ਲੰਘ ਰਿਹਾ ਸੀ। ਉਸ ਨੇ ਹੀ ਵਿੱਚ ਬਚਾ ਕੀਤਾ ਅਤੇ ਮੈਂਨੂੰ ਫੋਨ ਕਰ ਦਿੱਤਾ। ਭਲਵਾਨ ਜੀ ਨੇ ਆਪਣਾ ਫੋਨ ਦੇ ਕੇ ਕੁੜੀ ਦੀ ਗੱਲ ਵੀ ਉਸ ਦੇ ਪੇਕੇ ਕਰਵਾ ਦਿੱਤੀ। ਪਰਿਵਾਰ ਵਾਲਿਆਂ ਨੂੰ ਚਿਤਾਵਨੀ ਦੇ ਕੇ ਕਿ ਜੇਕਰ ਤੁਸੀਂ ਕੁੜੀ ਨੂੰ ਕੁਝ ਕਿਹਾ ਤਾਂ ਮੈਥੋਂ ਬੁਰਾ ਕੋਈ ਨਹੀਂ, ਭਲਵਾਨ ਜੀ ਉੱਥੋਂ ਬਾਜ਼ਾਰ ਵੱਲ ਆ ਗਏ।

ਭਲਵਾਨ ਤੋਂ ਸਾਰੀ ਵਾਰਤਾ ਸੁਣ ਕੇ ਮੈਂ ਸਮਝ ਗਿਆ ਕਿ ਦੋਸਤ ਨੇ ਫੋਨ ਠੀਕ ਹੀ ਕੀਤਾ ਸੀ। ਪਰ ਉਸ ਪਰਿਵਾਰ ਵੱਲੋਂ ਭਲਵਾਨ ਜੀ ਦੀ ਕੀਤੀ ਆਓ ਭਗਤ ਹਾਲੀ ਵੀ ਮੇਰੇ ਦਿਮਾਗ ਵਿੱਚ ਨਹੀਂ ਆ ਰਹੀ ਸੀ। ਉਤਸਕਤਾ ਨੂੰ ਸ਼ਾਂਤ ਕਰਨ ਲਈ ਮੈਂ ਕਿਹਾ, “ਯਾਰ ਤੂੰ ਤਾਂ ਉਨ੍ਹਾਂ ਨੂੰ ਕੁੱਟਿਆ ਸੀ, ਫੇਰ ਤੈਨੂੰ ਉਹ ਬਿਸਕੁਟਾਂ ਨਾਲ ਚਾਹ ਕਿਉਂ ਪਿਆਈ ਜਾਂਦੇ ਸੀ?”

ਭਲਵਾਨ ਜੀ ਬੋਲੇ, “ਮੈਂ ਬਾਜ਼ਾਰੋਂ ਕੰਮ ਕਰਕੇ ਜਦੋਂ ਡੇਅਰੀ ਤੋਂ ਦੁੱਧ ਵਾਲੀ ਢੋਲੀ ਲੈਣ ਆਇਆ ਤਾਂ ਦੇਖਿਆ ਗਲੀ ਵਿੱਚ ਦੁਬਾਰਾ ਇਕੱਠ ਸੀ। ਉੱਥੇ ਇੱਕ ਜੀਪ ਖੜ੍ਹੀ ਸੀ ਤੇ ਉਸ ਵਿੱਚੋਂ ਉੱਤਰੇ ਪੰਜ ਛੇ ਜਾਣੇ ਪਰਿਵਾਰ ਵਾਲਿਆਂ ਦੀ ਕੁਟਾਈ ਕਰ ਰਹੇ ਸਨ। ਡੇਅਰੀ ਆਲ੍ਹਿਆਂ ਨੇ ਦੱਸਿਆ ਕਿ ਮੇਰੇ ਫੋਨ ਤੋਂ ਕੀਤੇ ਫੋਨ ਕਰਕੇ ਹੀ ਕੁੜੀ ਦੇ ਪੇਕਿਆਂ ਵਾਲੇ ਆ ਗਏ ਹਨ ਤੇ ਉਹ ਪਰਿਵਾਰ ਵਾਲਿਆਂ ਨੂੰ ਸਬਕ ਸਿਖਾ ਰਹੇ ਹਨ।”

ਮੈਂ ਕਿਹਾ, “ਤੇਰੇ ਫੋਨ ਨੇ ਤਾਂ ਫਿਰ ਉਨ੍ਹਾਂ ਦੇ ਦੁਬਾਰਾ ਕੁੱਟ ਪਵਾ ਦਿੱਤੀ।”

ਭਲਵਾਨ ਬੋਲਿਆ, “ਹਾਂ ਬਾਈ, ਉਨ੍ਹਾਂ ਦੇ ਤਾਂ ਤੇਵਰ ਬਹੁਤ ਖਰਾਬ ਸਨ। ਮੈਂ ਦੇਖਿਆ, ਉਹ ਬੰਦਿਆਂ ਦੇ ਨਾਲ ਆਂਟੀ ਹੋਰਾਂ ਨੂੰ ਵੀ ਕੁੱਟ ਰਹੇ ਸਨ। ਮੈਂ ਉਨ੍ਹਾਂ ਨੂੰ ਜਨਾਨੀਆਂ ਨੂੰ ਕੁੱਟਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੈਂਨੂੰ ਵੀ ਧੱਕਾ ਮਾਰ ਦਿੱਤਾ ਕਿ ਤੂੰ ਹੈ ਕੌਣ ਸਾਨੂੰ ਰੋਕਣ ਵਾਲਾ? ਬੱਸ ਫੇਰ, ਮੇਰਾ ਦਿਮਾਗ ਘੁੰਮ ਗਿਆ। ਡੇਅਰੀ ਤੋਂ ਉੁਨ੍ਹਾਂ ਦੇ ਖੋਆ ਮਾਰਨ ਵਾਲਾ ਖ਼ੁਰਚਣਾ ਚੁੱਕ ਲਿਆ ਤੇ ਫੇਰ ਮੈਂ ਜੁੱਟ ਗਿਆ ਕੁੜੀ ਵਾਲਿਆਂ ਦੀ ਸੇਵਾ ਕਰਨ। ਤਿੰਨ ਤਿੰਨ ਚਾਰ ਚਾਰ ਖੁਰਚਣੇ ਖਾ ਕੇ ਤਿੰਨ ਜਣੇ ਤਾਂ ਮਿਲਖਾ ਸਿੰਘ ਬਣ ਗਏ ਤੇ ਬਾਕੀ ਹੱਥ ਜੋੜ ਕੇ ਖੜ੍ਹ ਗਏ। ਪਰਿਵਾਰ ਵਾਲੇ ਅੱਡ ਮੇਰੇ ਧੰਨਵਾਦੀ ਹੋਏ ਫਿਰਨ। ਮੇਰੇ ਰੰਗ ਢੰਗ ਦੇਖ ਕੇ ਕੁੜੀ ਵਾਲੇ ਤਾਂ ਕੁੜੀ ਨੂੰ ਜੀਪ ਵਿੱਚ ਬਿਠਾ ਕੇ ਪੱਤਰੇ ਵਾਚ ਗਏ ਤੇ ਪਰਿਵਾਰ ਵਾਲੇ ਮੈਂਨੂੰ ਧੱਕੇ ਨਾਲ ਘਰ ਲਿਜਾ ਕੇ ਚਾਹ ਪਾਣੀ ਪਿਆਉਣ ਲੱਗ ਪਏ। ਇੰਨੇ ਵਿੱਚ ਤੁਸੀਂ ਆ ਗਏ।”

ਹੁਣ ਸਾਰਾ ਮਾਜਰਾ ਮੇਰੀ ਸਮਝ ਵਿੱਚ ਆ ਚੁੱਕਾ ਸੀ ਕਿ ਪਰਿਵਾਰ ਵਾਲੇ ਉਸ ਦੇ ਆਸੇ ਪਾਸੇ ਹੱਥ ਬੰਨ੍ਹੀ ਕਿਉਂ ਖੜ੍ਹੇ ਸਨਜੇ ਭਲਵਾਨ ਉਨ੍ਹਾਂ ਦੀ ਮਦਦ ’ਤੇ ਨਾ ਆਉਂਦਾ ਤਾਂ ਕੁੜੀ ਵਾਲਿਆਂ ਨੇ ਕੁੱਟ ਕੁੱਟ ਉਹਨਾਂ ਦਾ ਦੁੰਬਾ ਬਣਾ ਦੇਣਾ ਸੀ। ਮੈਂ ਭਲਵਾਨ ਨੂੰ ਸਮਝਾਉਂਦੇ ਹੋਏ ਕਿਹਾ, “ਤੈਨੂੰ ਕਿਸੇ ਦੀ ਬਲਦੀ ਵਿੱਚ ਹੱਥ ਪਾਉਣ ਦੀ ਕੀ ਲੋੜ ਸੀ?”

ਭਲਵਾਨ ਬੋਲਿਆ, “ਬਾਈ, ਕੋਸ਼ਿਸ਼ ਤਾਂ ਮੈਂ ਵੀ ਬਹੁਤ ਕਰਦਾਂ ਪਰ ਕੀ ਕਰਾਂ ... ਬੇਇਨਸਾਫ਼ੀ ਝੱਲੀ ਨਹੀਂ ਜਾਂਦੀ। ਪਹਿਲਾਂ ਪਰਿਵਾਰ ਵਾਲੇ ਕੁੜੀ ਨਾਲ ਬੇਇਨਸਾਫ਼ੀ ਕਰੀ ਜਾਂਦੇ ਸੀ ਤੇ ਫਿਰ ਉਸ ਦੇ ਪੇਕਿਆਂ ਵਾਲੇ ਆ ਕੇ ਮਰਦਾਂ ਵਾਂਗ ਲੜਨ ਦੀ ਥਾਂ ’ਤੇ ਔਰਤਾਂ ਤੇ ਹੱਥ ਚੁੱਕ ਕੇ ਉਹੀ ਕੰਮ ਕਰਨ ਲੱਗ ਪਏ। ਬੱਸ ਇਸੇ ਕਰਕੇ ਮੈਂਨੂੰ ਥੋੜ੍ਹਾ ਜਿਹਾ ਹੱਥ ਪੱਲਾ ਹਿਲਾਉਣਾ ਪਿਆ।”

ਉਸ ਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਇਸਦੇ ਨਾਲ ਹੀ ਮਾਣ ਵੀ ਹੋਇਆ ਕਿ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਜਦੋਂ ਬਹੁਤੇ ਲੋਕ ਸਹੀ ਗੱਲ ’ਤੇ ਵੀ ਪਹਿਰਾ ਨਹੀਂ ਦਿੰਦੇ, ਉੱਥੇ ਸਾਡੇ ਵਾਲਾ ਭਲਵਾਨ ਦੂਜਿਆਂ ਦੀ ਬੇਇਨਸਾਫ਼ੀ ਲਈ ਕਿਸੇ ਨਾਲ ਵੀ ਦਸਤਪੰਜਾ ਲੈਣ ਲਈ ਤਿਆਰ ਹੋ ਜਾਂਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3129)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author