BhupinderSMann7ਮੈਂ ਪੁੱਛਿਆ, “ਕਿੱਧਰ ਦੀਆਂ ਤਿਆਰੀਆਂ ਐਂ ਜੱਸਿਆ?”   “ਬਾਈ ਤਿੰਨ ਵਾਲੀ ਗੱਡੀ ...”

(20 ਦਸੰਬਰ 2019)

 

ਮੈਂ ਡਿਊਟੀ ਤੋਂ ਵਾਪਸ ਆ ਰਿਹਾ ਸੀ ਕਿ ਸਾਹਮਣੇ ਜੱਸਾ ਸਿਰ ਉੱਤੇ ਪੀਪਾ ਅਤੇ ਮੋਢੇ ਬੈਗ ਪਾਈ ਮਿਲ ਪਿਆਉਸ ਨਾਲ ਉਸਦੀ ਘਰਵਾਲੀ, ਵਿਹੜੇ ਦੇ ਤਿੰਨ ਚਾਰ ਬੰਦੇ ਤੇ ਸੱਤ ਅੱਠ ਜਨਾਨੀਆਂ ਅਤੇ ਨਿਆਣੇ ਸਨਜੱਸਾ ਸਾਡੇ ਪਿੰਡ ਦਾ ਛੋਟਾ ਕਿਸਾਨ ਹੈਪੁਸ਼ਤੈਣੀ ਘਟਦੀ-ਘਟਦੀ ਜ਼ਮੀਨ ਕਿੱਲਿਆਂ ਤੋਂ ਕਨਾਲਾਂ ਵਿੱਚ ਪਹੁੰਚ ਗਈ ਸੀਉਹ ਨਸ਼ੇ ਪੱਤੇ ਤੋਂ ਦੂਰ ਕਬੀਲਦਾਰੀ ਦੇ ਚਾਰ ਪੱਲੇ ਪੂਰੇ ਕਰਨ ਦੀ ਕੋਸ਼ਿਸ਼ ਵਿੱਚ ਰੁੱਝਿਆ ਰਹਿੰਦਾ ਹੈਮੇਰੀ ਉਸ ਨਾਲ ਚੰਗੀ ਦੁਆ ਸਲਾਮ ਹੈਮੇਰੇ ਕੋਲ ਅਕਸਰ ਗੱਲਬਾਤ ਕਰਨ ਲਈ ਆਉਂਦਾ ਜਾਂਦਾ ਰਹਿੰਦਾ ਹੈਜੱਸਾ ਬੰਦਾ ਦਿਲ ਦਾ ਬਹੁਤ ਸਾਫ ਅਤੇ ਮਿਹਨਤੀ ਹੈਉਹਨਾਂ ਦਾ ਜਥਾ ਦੇਖ ਕੇ ਮੈਂ ਪੁੱਛਿਆ, “ਕਿੱਧਰ ਦੀਆਂ ਤਿਆਰੀਆਂ ਐਂ ਜੱਸਿਆ?”

“ਬਾਈ ਤਿੰਨ ਵਾਲੀ ਗੱਡੀ ਉੱਤੇ ਬਠਿੰਡੇ ਚਲੇ ਹਾਂਉੱਥੋਂ ਗੱਡੀ ਫੜਨੀ ਹੈ ...” ਉਸਨੇ ਉੱਤਰ ਦਿੱਤਾ

ਮੈਂ ਸੋਚਿਆ ਕਿਧਰੇ ਤੀਰਥ ਅਸਥਾਨ ਜਾਂ ਮੇਲੇ ’ਤੇ ਜਾ ਰਹੇ ਹਨ

“ਪਰ ਜਾ ਕਿੱਥੇ ਰਹੇ ਹੋ?” ਮੈਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਕਿਹਾ

ਜੱਸੇ ਨੇ ਹੌਲੀ ਜਿਹੇ ਜਵਾਬ ਦਿੱਤਾ, “ਬਾਈ, ਗੁਜਰਾਤ ਚੱਲੇ ਹਾਂ ... ਨਰਮਾ ਚੁਗਣ। ”

ਉਸਦਾ ਜਵਾਬ ਮੇਰੇ ਲਈ ਹੈਰਾਨੀ ਭਰਿਆ ਸੀਸਾਰਾ ਜੱਥਾ ਕਾਹਲੀ-ਕਾਹਲੀ ਸਟੇਸ਼ਨ ਵਲ ਨੂੰ ਚਲਾ ਗਿਆ

ਮੈਂ ਘਰ ਨੂੰ ਤੁਰਿਆ ਆਉਂਦਾ ਸੋਚ ਰਿਹਾ ਸੀ ਕਿ ਬਚਪਨ ਵਿੱਚ ਜਦੋਂ ਨਰਮਾ ਕਪਾਹ ਖਿੜਦਾ ਸੀ ਤਾਂ ਖੇਤ ਚਿੱਟੀ ਭਾਹ ਮਾਰਨ ਲਗਦੇ ਸਨਉਸ ਸਮੇਂ ਖੇਤ ਵਾਲੇ ਕੋਠੇ ਵਿੱਚ ਬਾਪੂ ਜੀ ਪਤਾ ਨਹੀਂ ਕਿੱਥੋਂ ਖਾਸੀ ਵੱਡੀ ਗਿਣਤੀ ਵਿੱਚ ਚੁਗਾਵੇ ਲੈ ਆਉਂਦੇ ਸਨਕਿਉਂਕਿ ਪਿੰਡ ਵਿੱਚ ਕੰਮ ਜ਼ਿਆਦਾ ਹੋਣ ਕਰਕੇ ਕਾਮੇ ਮਿਲਣੇ ਬੰਦ ਹੋ ਜਾਂਦੇ ਸੀਇਨ੍ਹਾਂ ਨਰਮਾ ਚੁਗਣ ਵਾਲੇ ਪ੍ਰਵਾਸੀਆਂ ਨੂੰ ਦੇਖਣ ਅਸੀਂ ਨਿਆਣੇ ਤੁਰੇ ਆਉਂਦੇਘੱਗਰੀਆਂ ਪਾਈ ਨਰਮਾ ਚੁਗਦੀਆਂ ਉਹਨਾਂ ਦੀ ਜਨਾਨੀਆਂ ਸਾਡੇ ਲਈ ਅਲੋਕਾਰੀ ਗੱਲ ਹੁੰਦੀਆਂ ਸਨਪਿੰਡ ਦੇ ਦੂਜੇ ਘਰ ਵੀ ਵਾਰੀ ਨਾਲ ਉਹਨਾਂ ਤੋਂ ਨਰਮਾ ਚੁਗਵਾਉਂਦੇਬਾਪੂ ਜੀ ਦੇ ਮੰਜੇ ਉੱਤੇ ਕੋਈ ਨਾ ਕੋਈ ਪਿੰਡ ਵਾਲਾ ਆਇਆ ਬੈਠਾ ਹੁੰਦਾਉਹ ਸਾਰਿਆਂ ਦੀਆਂ ਵਾਰੀਆਂ ਪੱਕੀਆਂ ਕਰਦੇ

ਨਰਮੇ ਦੀ ਚੁਗਾਈ ਅੱਸੂ ਤੋਂ ਸ਼ੁਰੂ ਹੋ ਕੇ ਪੋਹ ਤੱਕ ਚਲਦੀਉਹ ਲਗਤਾਰ ਚੁਗਾਈ ਕਰਕੇ ਅੱਧੇ ਪਿੰਡ ਦਾ ਕੰਮ ਨਿਬੇੜ ਦਿੰਦੇਘਰ ਘਰ ਨਰਮੇ ਦੇ ਢੇਰ ਲੱਗ ਜਾਂਦੇ, ਸਬਾਤਾਂ ਭਰ ਜਾਂਦੀਆਂਨਿਆਣੇ ਨਰਮੇ ਦੇ ਢੇਰਾਂ ਉੱਤੇ ਲੋਟਣੀਆਂ ਖਾਂਦੇ ਤੇ ਪਿੰਡ ਦੀਆਂ ਦੁਕਾਨਾਂ ਉੱਤੇ ਥੋੜ੍ਹਾ ਥੋੜ੍ਹਾ ਨਰਮਾ ਵੇਚ ਕੇ ਮੂੰਹ ਹਿਲਾਉਂਦੇ ਫਿਰਦੇਪਿੰਡ ਵਾਲਿਆਂ ਨੂੰ ਛੇ ਮਹੀਨਿਆਂ ਪਿੱਛੋਂ ਪੈਸਿਆਂ ਦੇ ਦਰਸ਼ਨ ਹੋਣੇ ਹੁੰਦੇ, ਉਹ ਆਪਣੀਆਂ ਗਰਜਾਂ ਪੂਰੀਆਂ ਕਰਨ ਦੀਆਂ ਵਿਉਂਤਾਂ ਘੜਦੇ ਫਿਰਦੇਚੁਗਾਵਿਆਂ ਦਾ ਨੰਬਰਦਾਰ ਬਾਪੂ ਜੀ ਨੂੰ ਦਿਹਾੜੀਆਂ ਦਾ ਪੈਸਾ ਇਕੱਠਾ ਕਰਨ ਲਈ ਬੇਨਤੀਆਂ ਕਰਦਾਉਹਨਾਂ ਦੇ ਨਿਆਣੇ ਆਪਣੇ ਦੇਸ਼ ਨੂੰ ਯਾਦ ਕਰਕੇ ਬੁਸ ਬੁਸ ਕਰਨ ਲਗਦੇਆਖਿਰ ਬਾਪੂ ਜੀ ਸਾਰੇ ਘਰਾਂ ਤੋਂ ਪੈਸੇ ਇਕੱਠੇ ਕਰਦੇ, ਫੇਰ ਉਨ੍ਹਾਂ ਨੂੰ ਅਗਲੇ ਸਾਲ ਆਉਣ ਲਈ ਪੱਕਾ ਕਰਦੇ ਟਰਾਲੀ ਵਿੱਚ ਬਿਠਾ ਕੇ ਬਠਿੰਡੇ ਤੋਂ ਗੱਡੀ ਉੱਤੇ ਚੜ੍ਹਾ ਕੇ ਆਉਂਦੇਇਹ ਸਾਰਾ ਚੱਕਰ ਸਾਡੇ ਕਾਲਜ ਜਾਣ ਸਮੇਂ ਤੱਕ ਚਲਦਾ ਰਿਹਾ

ਸਮੇਂ ਬਦਲੇਸਰਕਾਰਾਂ ਦੀਆਂ ਮਾੜੀਆ ਨੀਤੀਆਂ, ਕਦੇ ਅਮਰੀਕਨ ਸੁੰਡੀ, ਕਦੇ ਚਿੱਟੀ ਮੱਖੀ ਅਤੇ ਕਦੇ ਨਕਲੀ ਦਵਾਈਆਂ ਨੇ ਅਜਿਹਾ ਪ੍ਰਭਾਵ ਪਾਇਆ ਕਿ ਚਿੱਟਾ ਸੋਨਾ ਪੈਦਾ ਕਰਨ ਵਾਲੀ ਪੱਟੀ ਵਿੱਚੋਂ ਇਸ ਫਸਲ ਦਾ ਸਫਾਇਆ ਹੋ ਗਿਆਖੇਤੀ ਵਾਲਿਆਂ ਦਾ ਠੂਠੇ ਨਾਲ ਕਨਾਲਾ ਵੱਜਣ ਲੱਗਿਆ ਅਤੇ ਮਜਬੂਰੀ ਵੱਸ ਨਰਮੇ ਦੀ ਜਗ੍ਹਾ ਹੌਲੀ-ਹੌਲੀ ਜੀਰੀ ਨੇ ਲੈ ਲਈਪ੍ਰਵਾਸੀਆਂ ਨੂੰ ਤਾਂ ਕੀ ਕੰਮ ਮਿਲਣਾ ਸੀ ਪਿੰਡ ਦੇ ਕਾਮੇ ਵੀ ਬੇਰੁਜ਼ਗਾਰ ਹੋ ਗਏ, ਕਿਉਂਕਿ ਜੀਰੀ ਦਾ ਸਾਰਾ ਕੰਮ ਮਸ਼ੀਨਾਂ ਨੇ ਸੰਭਾਲ ਲਿਆਬੱਸ ਝੋਨਾ ਲਵਾਈ ਸਮੇਂ ਪਰਵਾਸੀ ਮਜਦੂਰ ਆਉਂਦੇ ਹਨ ਤੇ ਲਾ ਕੇ ਤੁਰ ਜਾਂਦੇ ਹਨ

ਸਮੇਂ ਦੇ ਬਦਲਾਅ ਨਾਲ ਕਿਰਤ ਸੱਭਿਆਚਾਰ ਦਾ ਖਾਤਮਾ ਹੋ ਗਿਆਸਾਡੇ ਨੌਜਵਾਨ ਕੰਮ ਦੀ ਬਜਾਇ ਦਿਖਾਵੇ ਦਾ ਸ਼ਿਕਾਰ ਹੋ ਗਏਫੈਲਸੂਫ਼ੀਆਂ ਅਤੇ ਨਸ਼ਿਆਂ ਨੇ ਘਰ ਘਰ ਪਸਾਰਾ ਕਰ ਲਿਆਵਿਆਹਾਂ, ਭੋਗਾਂ ਉੱਪਰ ਕੀਤੇ ਬੇਤਹਾਸ਼ਾ ਖਰਚੇ ਨੇ ਬਹੁਗਿਣਤੀ ਕਿਸਾਨਾਂ ਨੂੰ ਬੈਂਕਾਂ ਅਤੇ ਸ਼ਾਹੂਕਾਰਾਂ ਦੇ ਕਰਜ਼ਾਈ ਬਣਾ ਦਿੱਤਾਬਾਕੀ ਕਸਰ ਨਸ਼ੇ ਦੇ ਦੈਂਤ ਨੇ ਕੱਢ ਦਿੱਤੀ ਤੇ ਰੰਗਲਾ ਪੰਜਾਬ ਕੰਗਲਾ ਹੋਣ ਦੇ ਰਾਹ ਪੈ ਗਿਆਸਿਆਸੀ ਧਿਰਾਂ ਦੀ ਨਜ਼ਰ ਸਿਰਫ ਕੁਰਸੀ ਪ੍ਰਾਪਤੀ ਤੱਕ ਸੀਮਤ ਹੋ ਕੇ ਰਹਿ ਗਈਰਾਜਨੀਤੀ ਸੇਵਾ ਨਾ ਹੋ ਕੇ ਲੁੱਟ ਕਰਨ ਦਾ ਧੰਦਾ ਬਣ ਗਈਜਿਸ ਧਰਤੀ ਉੱਤੇ ਦੇਸ਼ ਦੇ ਹਰ ਕੋਨੇ ਤੋਂ ਆਏ ਪ੍ਰਵਾਸੀਆਂ ਨੂੰ ਰੁਜ਼ਗਾਰ ਮਿਲਦਾ ਸੀ, ਉਸਦੇ ਜੰਮੇ ਜਾਇਆਂ ਨੂੰ ਇਸਦੀ ਭਾਲ ਵਿੱਚ ਪ੍ਰਦੇਸਾਂ ਹੀ ਨਹੀਂ, ਵਿਦੇਸ਼ੀ ਰਾਹਾਂ ਦੇ ਪਾਂਧੀ ਬਣਾ ਦਿੱਤਾਲੱਖਾਂ ਦੀ ਗਿਣਤੀ ਬੱਚੇ ਪੜ੍ਹਾਈ ਦੇ ਬਹਾਨੇ ਸੱਤ ਸਮੁੰਦਰ ਪਾਰ ਚਲੇ ਗਏਜੱਸੇ ਵਰਗੇ ਸਾਧਨਹੀਣ ਦੂਜੇ ਸੂਬਿਆਂ ਵਿੱਚ ਆਪਣੇ ਹਿੱਸੇ ਦੀ ਚੋਗ ਚੁਗਣ ਜਾਣ ਲੱਗ ਪਏਪਰ ਫੇਰ ਵੀ ਮਨ ਨੂੰ ਧਰਵਾਸ ਸੀ ਕਿ ਜਦੋਂ ਚਿੱਟੇ ਦੀ ਮਾਰ ਅਤੇ ਡੁੱਬਦੀ ਕਿਸਾਨੀ ਕਰਕੇ ਖੁਦਕੁਸ਼ੀਆਂ ਦੀ ਰੁੱਤ ਨੇ ਘਰ ਘਰ ਸਥਰ ਵਿਛਾ ਦਿੱਤੇ ਹਨ, ਉੱਥੇ ਹਾਲੇ ਵੀ ਜੱਸੇ ਵਰਗੇ ਹਿੰਮਤੀ ਬੰਦਿਆਂ ਨੇ ਮਿਹਨਤ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ ਤੇ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਠੁੱਠ ਦਿਖਾਈ ਹੈਮੈਂ ਮੁੜ ਕੇ ਦੇਖਿਆ ਅਤੇ ਬਦਲਦੇ ਸਮੇਂ ਦੀ ਮਾਰ ਹੇਠ ਹੌਸਲੇ ਨਾਲ ਤੁਰੇ ਜਾਂਦੇ ਇਹਨਾਂ ਸਿਰੜੀ ਲੋਕਾਂ ਵੱਲ ਦੇਖ ਕੇ ਮੇਰਾ ਸਿਰ ਸਿਜਦੇ ਲਈ ਖੁਦ ਬਖ਼ੁਦ ਝੁਕ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1852)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author