BhupinderSMann7ਬੀਬੀਏ, ਦੁੱਧ ਪੀਣ ਨੂੰ ਬਾਹਲਾ ਜੀਅ ਕਰਦਾ ...
(24 ਮਈ 2018)

 

ਸੀਤੋ ਨੇ ਅ੍ਰਮਿਤ ਵੇਲੇ ਬਾਬੇ ਦੇ ਬੋਲ ਸੁਣੇ ਤਾਂ ਓੇੁਸਨੇ ਆਪਣੇ ਖਿੱਲਰੇ ਹੋਏ ਅੰਗਾਂ ਨੂੰ ਇੱਕਠੇ ਕੀਤਾਦਿਨ ਭਰ ਦੀ ਹੱਡ ਭੰਨਵੀਂ ਮੁਸ਼ੱਕਤ ਤੋਂ ਬਾਅਦ ਰਾਤ ਨੂੰ ਮਸਾਂ ਮੰਜਾ ਲੱਭਦਾ ਸੀ ਤੇ ਸਵੇਰੇ ਸਪੀਕਰ ਦੀ ਅਵਾਜ਼ ਨਾਲ ਫਿਰ ਉਸ ਨੂੰ ਇਉਂ ਲਗਦਾ ਜਿਵੇਂ ਉਹ ਹੁਣੇ ਮੰਜੇ ਤੇ ਡਿੱਗੀ ਹੋਵੇਉਹਨੇ ਸਿਰ ਘੁੰਮਾ ਕੇ ਦੇਖਿਆ, ਉਹਦੇ ਘਰਵਾਲੇ ਬਾਰੂ ਦਾ ਮੰਜਾ ਖਾਲੀ ਸੀਜੱਗੀ ਦੀਨ ਦੁਨੀਆਂ ਤੋਂ ਬੇਖਬਰ ਘੁੱਕ ਸੁੱਤਾ ਪਿਆ ਸੀਉਹ ਜਦੋਂ ਬਾਹਰ ਆਈ ਤਾਂ ਬਾਰੂ ਨੇ ਛਿਟੀਆਂ ਦੀ ਅੱਗ ਮਚਾ ਕੇ ਚੁੱਲ੍ਹੇ ’ਤੇ ਚਾਹ ਲਈ ਪਤੀਲਾ ਧਰਿਆ ਹੋਇਆ ਸੀ

“ਤੂੰ ਕਾਹਨੂੰ ਔਖਾ ਹੋਈ ਜਾਨਾ, ਮੈਨੂੰ ਜਗਾ ਲੈਂਦਾ?” ਸੀਤੋ ਨੇ ਤੌੜੇ ਵਿੱਚੋਂ ਪਾਣੀ ਦਾ ਗਿਲਾਸ ਭਰਦਿਆਂ ਕਿਹਾ

“ਖੰਘ ਟਿਕਣ ਹੀ ਨਹੀਂ ਦਿੰਦੀ, ਮੈਂ ਕਿਹਾ ਕਾਹਨੂੰ ਥੋਡੀ ਨੀਂਦ ਖਰਾਬ ਕਰਨੀ ਐਂ।” ਬਾਰੂ ਨੇ ਬੈਠੀ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ

ਸੀਤੋ ਨੇ ਫਟਾਫਟ ਉੱਬਲਦੀ ਚਾਹ ਵਿੱਚ ਦੁੱਧ ਪਾਇਆਉਹ ਦਿਲੋਂ ਤਾਂ ਚਾਹੁੰਦੀ ਸੀ ਕਿ ਬਾਰੂ ਕੰਮ ਤੋਂ ਇੱਕ ਦੋ ਦਿਨ ਦੀ ਛੁੱਟੀ ਕਰ ਲਵੇ ਪਰ ਨੰਬਰਦਾਰ ਦਾ ਸੁਭਾਅ ਕੱਬਾ ਸੀਕੁੜੀਆਂ ਦੇ ਵਿਆਹ ਵੇਲੇ ਲਏ ਪੈਸਿਆਂ ਦਾ ਫਿਕਰ ਬਾਰੂ ਨੂੰ ਛੁੱਟੀ ਕਰਨ ਤੋਂ ਹਟਕਦਾ ਸੀਦਸ ਸਾਲ ਤੋਂ ਕਬੀਲਦਾਰੀ ਦੇ ਬੋਝ ਹੇਠ ਆਇਆ ਬਾਰੂ ਨੰਬਰਦਾਰਾਂ ਦੇ ਸੀਰੀ ਤੋਂ ਗੁਲਾਮ ਬਣਨ ਦੀ ਹੱਦ ਤੱਕ ਪਹੁੰਚ ਗਿਆ ਸੀ

ਸੀਤੋ ਨੇ ਜੱਗੀ ਨੂੰ ਉਠਾਇਆ, ਚਾਹ ਫੜਾਈ ਤੇ ਕਿਹਾ, “ਪੁੱਤ, ਭਾਪੇ ਨਾਲ ਜਾਕੇ ਨੰਬਰਦਾਰਾਂ ਦੇ ਪਸੂਆਂ ਨੂੰ ਕੱਖ ਕੰਡਾ ਪਾ ਆ।”

ਜੱਗੀ ਨੇ ਫਟਾਫਟ ਚਾਹ ਪੀਤੀ ਤੇ ਛਾਲ ਮਾਰਕੇ ਮੰਜੇ ਤੋਂ ਉੱਠਦਾ ਬੋਲਿਆ, “ਚੱਲ ਭਾਪਾ ਚਲੀਏ।”

ਜੱਗੀ ਕਈ ਦਿਨਾਂ ਤੋਂ ਬਾਰੂ ਨਾਲ ਸਵੇਰੇ-ਸਵੇਰੇ ਪਸੂਆਂ ਨੂੰ ਸੰਨੀ ਕਰਵਾ ਰਿਹਾ ਸੀਬਾਰੂ ਤੇ ਸੀਤੋ ਦੀਆਂ ਅੱਖਾਂ ਮਿਲੀਆਂ ਤੇ ਉਹ ਦੋਵੇਂ ਮੁਸਕਰਾ ਪਏਅਸਲ ਵਿੱਚ ਉਹ ਜਾਣਦੇ ਸਨ ਕਿ ਸੰਨੀ ਕਰਾਉਣ ਦੇ ਨਾਲ ਨਾਲ ਜੱਗੀ ਨੂੰ ਖਾਣ ਲਈ ਆਂਡਿਆਂ ਦੀ ਜ਼ਰਦੀ ਮਿਲਦੀ ਸੀਨੰਬਰਦਾਰ ਦਾ ਬਾਡੀ ਬਿਲਡਰ ਮੁੰਡਾ ਜੱਸਾ ਸਵੇਰੇ-ਸਵੇਰੇ ਕਸਰਤ ਕਰਕੇ ਦਰਜਨ ਆਂਡੇ ਖਾਂਦਾ ਸੀ। ਆਂਡਿਆਂ ਦਾ ਚਿੱਟਾ ਹਿੱਸਾ ਉਹ ਖਾਈ ਜਾਂਦਾ, ਜਰਦੀ ਜੱਗੀ ਨੂੰ ਫੜਾਈ ਜਾਂਦਾਜੱਗੀ ਖੁਸ਼ ਹੋ ਕੇ ਖਾਈ ਜਾਂਦਾ ਸੀਰੋਜ ਘਰ ਆ ਕੇ ਸੀਤੋ ਨੂੰ ਡੌਲਿਆਂ ਦੀਆਂ ਕੁਕੜੀਆਂ ਦਿਖਾਉਂਦਾ ਤੇ ਪੁੱਛਦਾ, “ਬੀਬੀਏ, ਕਿੰਨਾ ਕੁ ਤਕੜਾ ਹੋ ਗਿਆ ਮੈਂ?”

ਸੀਤੋ ਅਕਸਰ ਹਉਕਾ ਲੈ ਕੇ ਉਸ ਨੂੰ ਜੱਫੀ ਵਿੱਚ ਲੈ ਲੈਂਦੀ

ਬਾਰੂ ਤੇ ਜੱਗੀ ਜਦੋਂ ਦਰਵਾਜਾ ਲੰਘੇ ਤਾਂ ਸੀਤੋ ਨੇ ਗਹ ਨਾਲ ਦੇਖਿਆਦਸਾਂ ਸਾਲਾਂ ਦਾ ਜੱਗੀ ਪਿਉ ਨਾਲ ਮਟਕ ਮਟਕ ਤੁਰਿਆ ਜਾਂਦਾ ਸੀਠੰਢ ਦੇ ਦਿਨਾਂ ਵਿੱਚ ਤੁਰੇ ਜਾਦੇ ਜੱਗੀ ਨੂੰ ਦੇਖ ਕੇ ਸੀਤੋ ਨੇ ਹਾਉਕਾ ਲਿਆਇਹ ਕੋਈ ਉਮਰ ਹੈ ਇਹਦੇ ਕੰਮ ਕਰਨ ਦੀ?

ਸੀਤੋ ਘਰ ਦੇ ਕੰਮ ਵਿੱਚ ਰੁੱਝ ਗਈਉਹਨੂੰ ਪਤਾ ਹੀ ਨਹੀਂ ਲੱਗਾ ਕਿੰਨਾ ਸਮਾਂ ਬੀਤ ਗਿਆਜਦੋਂ ਉਹ ਗਾਂ ਦਾ ਗੋਹਾ ਬਾਹਰ ਸੁੱਟ ਕੇ ਮੁੜੀ ਤਾਂ ਜੱਗੀ ਸਕੂਲ ਵਰਦੀ ਪਾਈ ਜਾਂਦਾ ਸੀਪਰ ਰੋਜ ਵਾਗ ਉਹ ਉਸ ਨਾਲ ਨਾ ਚੰਬੜਿਆ

“ਬੀਬੀਏ, ਭੁੱਖ ਲੱਗੀ ਹੈ, ਰੋਟੀ ਦੇ ਛੇਤੀ, ਮੈਂ ਸਕੂਲ ਜਾਣਾ।” ਜੱਗੀ ਨੇ ਸੋਗੀ ਜਿਹੀ ਆਵਾਜ਼ ਕੱਢੀ

ਸੀਤੋ ਨੇ ਕਾਹਲੀ ਨਾਲ ਰੋਟੀ ਪਕਾ ਕੇ ਵਿੱਚ ਅੰਬ ਦੇ ਆਚਾਰ ਦੀ ਫਾੜੀ ਰੱਖ ਕੇ ਜੱਗੀ ਨੂੰ ਫੜਾਈ ਤਾਂ ਉਹ ਚੁੱਪ ਚਾਪ ਖਾਣ ਲੱਗ ਪਿਆਰੋਟੀ ਖਾਂਦਾ ਖਾਂਦਾ ਜੱਗੀ ਅੱਖਾਂ ਭਰ ਆਇਆ, ਕਹਿੰਦਾ, “ਬੀਬੇ, ਜੱਸਾ ਬਾਈ ਤਾਂ ਬਾਹਲਾ ਭੈੜਾ।”

ਸੀਤੋ ਦਾ ਮਨ ਖਰਾਬ ਹੋ ਗਿਆ। “ਕੀ ਹੋਇਆ ਪੁੱਤ. ਜੱਸੇ ਨੇ ਕੁੱਝ ਕਹਿ ਤਾਂ ਤੈਨੂੰ?” ਸੀਤੋ ਕਾਹਲੀ ਨਾਲ ਬੋਲੀ

“ਨਹੀਂ ਬੀਬੀਏ, ਉਹ ਤਾਂ ਕੱਲ੍ਹ ਚੌਰਸ ਮੂੰਹ ਵਾਲਾ ਕੁੱਤਾ ਲੈ ਕੇ ਆਇਆ, ਕਹਿੰਦਾ, ਪੂਰੇ 25 ਹਜ਼ਾਰ ਦਾਅੱਜ ਉਹਨੇ ਸਾਰੇ ਆਂਡਿਆਂ ਦੀ ਜਰਦੀ ਕੁੱਤੇ ਨੂੰ ਪਾ’ਤੀ ਮੈਨੂੰ ਇੱਕ ਵੀ ਨਹੀਂ ਦਿੱਤੀ।” ਕਹਿ ਕੇ ਜੱਗੀ ਰੋਣ ਲੱਗ ਪਿਆ

ਸੀਤੋ ਨੇ ਉਹਨੂੰ ਕਲਾਵੇ ਵਿੱਚ ਲੈਕੇ ਕਿਹਾ, “ਕੋਈ ਨੀ ਪੁੱਤ! ਆਪਾਂ ਤੇਰੇ ਭਾਪੇ ਤੋਂ ਆਥਣੇ ਮੰਗਵਾ ਲਾਂਗੇ ਆਂਡੇ, ਤੂੰ ਜਿੰਨੇ ਮਰਜੀ ਖਾ ਲਈਂ।”

ਜੱਗੀ ਰੋਟੀ ਖਾ ਕੇ ਬਸਤਾ ਲੈ ਕੇ ਸਕੂਲ ਨੂੰ ਤੁਰ ਪਿਆ ਤਾਂ ਸੀਤੋ ਨੇ ਪਿੱਛੋਂ ਆਵਾਜ਼ ਦਿੱਤੀ, “ਸਕੂਲੋਂ ਸਿੱਧਾ ਨੰਬਰਦਾਰਾਂ ਦੇ ਵੱਗ ਜਾਈਂ, ਆਥਣ ਦੀ ਸੰਨੀ ਕਰਾਕੇ ਆਈਂ ਆਪਣੇ ਭਾਪੇ ਨਾਲ, ਉਹ ਬਿਮਾਰ ਹੈ।”

ਜੱਗੀ ਨੇ ਕੂਕ ਵਰਗਾ ਜਵਾਬ ਦਿੱਤਾ, “ਚੰਗਾ।”

ਜੱਗੀ ਦੀ ਗੱਲ ਸੁਣ ਕੇ ਸੀਤੋ ਦਾ ਮਨ ਬੜਾ ਖਰਾਬ ਹੋ ਗਿਆ। “ਜੈ ਖਾਣਿਆ ਦਾ ਕੁੱਤਾ ਜਵਾਕ ਨਾਲੋਂ ਚੰਗਾ ਹੋ ਗਿਆ।” ਉਹ ਬੁੜ ਬੜਾਈ ਤੇ ਫੇਰ ਰੋਟੀ ਖਾ ਕੇ ਨੰਬਰਦਾਰ ਦੇ ਗੋਹਾ ਕੂੜਾ ਕਰਨ ਚਲੀ ਗਈਉਸ ਤੋਂ ਬਾਅਦ ਹੋਰ ਘਰ ਉਨ੍ਹਾਂ ਦੇ ਘਰ ਦਾ ਕੰਮ ਕੀਤਾਜਦੋਂ ਉਹ ਹੰਭੀ ਟੁੱਟੀ ਆਪਣੇ ਘਰ ਪਹੁੰਚੀ ਤਾਂ ਦੁਪਹਿਰ ਢਲ ਚੁੱਕੀ ਸੀਉਹ ਮੰਜੇ ’ਤੇ ਡਿੱਗਣ ਸਾਰ ਸੌਂ ਗਈਉਹ ਦੀ ਜਾਗ ਜੱਗੀ ਦੇ ਹਲੂਣ ਕੇ ਉਠਾਉਣ ’ਤੇ ਹੀ ਆਈ

ਆ ਗਿਆ ਪੁੱਤ!” ਸੀਤੋ ਨੇ ਸਿਰ ਦੀਆਂ ਜਟੂਰੀਆਂ ਨੂੰ ਠੀਕ ਕਰਦਿਆਂ ਕਿਹਾ

ਹਾਂ ਬੀਬੀਏ।” ਜੱਗੀ ਚਹਿਕਿਆ। ਫੇਰ ਉਹਨੇ ਆਪਣੇ ਹੱਥ ਸੀਤੋ ਦੇ ਨੱਕ ਕੋਲ ਕੀਤੇ, “ਦੇਖ ਬੀਬੀਏ ਕਿਹੋ ਜਿਹਾ ਮੁਸ਼ਕ ਆਉਂਦਾ ...”

ਸੀਤੋ ਨੂੰ ਜੱਗੀ ਦੇ ਹੱਥਾਂ ਵਿੱਚੋਂ ਖੁਸਬੋ ਆਈ”ਵੇ ਆਹ ਕੀ ਲਾਈ ਫਿਰਦਾਂ?” ਉਸਨੇ ਪੁੱਛਿਆ।

“ਮੈਂ ਤੇ ਜੱਸੇ ਬਾਈ ਨੇ ਮਰੀਕਨ ਕੁੱਤੇ ਨੂੰ ਨਵਾਇਆ ਸੀ। ਉਹਦੇ ਜਿਹੜਾ ਸਾਬਣ ਲਾਇਆ ਸੀ, ਉਹਦਾ ਬਾਹਲਾ ਵਧੀਆ ਮੁਸ਼ਕ ਆਉਂਦਾ। ਮੈਨੂੰ ਵੀ ਲਿਆ ਦੇ ਇਹੋ ਜਿਹਾ ਸਾਬਣ ਬੀਬੀਏ” ਜੱਗੀ ਨੇ ਖੁਸ਼ ਹੁੰਦਿਆ ਦੱਸਿਆ।

ਸੀਤੋ ਕੀ ਜਵਾਬ ਦਿੰਦੀਉਹਨੇ ਗੱਲ ਟਾਲੀ, “ਚੱਲ ਮੈਂ ਚਾਹ ਧਰਦੀ ਆਂ। ਰੋਟੀ ਦੇਵਾਂ ਜੇ ਭੁੱਖ ਲੱਗੀ ਐ ਤਾਂ?”

ਜੱਗੀ ਨੇ ਮੋਢੇ ਨਾਂਹ ਵਿਚ ਹਿਲਾਏ ਤੇ ਨਾਲ ਹੀ ਜੇਬ ਵਿੱਚੋਂ ਬਿਸਕੁਟਾਂ ਦਾ ਪੈਕਟ ਕੱਢ ਕੇ ਦਿਖਾਇਆ। “ਮੈ ਤਾਂ ਇਹ ਖਾਊਂ

ਸੀਤੋ ਨੇ ਝਪਟ ਕੇ ਪੈਕਟ ਫੜ ਲਿਆ। ਪੈਕਟ ਉੱਤੇ ਚਿੱਟੇ ਜੱਤਲ ਜਿਹੇ ਕੁੱਤੇ ਦੀ ਫੋਟੋ ਸੀ। “ਵੇ ਤੂੰ ਇਹ ਕਿੱਥੋਂ ਲੈ ਕੇ ਆਇਆਂ?”

ਜੱਗੀ ਨੇ ਮਾਂ ਤੋਂ ਪੈਕਟ ਫੜਨ ਦੀ ਕੋਸ਼ਿਸ਼ ਕਰਦੇ ਕਿਹਾ, “ਬਾਈ ਜੱਸਾ ਲਿਆਇਆ ਬਾਹਰਲੇ ਮਰੀਕਨ ਕੁੱਤੇ ਲਈਇਕ ਮੈਂ ਚੱਕ ਕੇ ਜੇਬ ਵਿਚ ਪਾ ਲਿਆ। ਉਰੇ ਫੜਾ, ਖਾਣ ਦੇ ਮੈਨੂੰ

ਸੀਤੋ ਨੂੰ ਇਉਂ ਲੱਗਿਆ ਜਿਵੇਂ ਕਿਸੇ ਨੇ ਉਹਦੇ ਕਾਲਜੇ ਦਾ ਰੁੱਗ ਭਰ ਲਿਆ ਹੋਵੇਉਹਨੇ ਵੱਟ ਕੇ ਜੱਗੀ ਦੇ ਚਪੇੜ ਮਾਰੀ ਤੇ ਪੈਕਟ ਵਗਾਹ ਕੇ ਕੰਧ ਉੱਤੋਂ ਦੀ ਬਾਹਰ ਮਾਰਿਆ। “ਖਬਰਦਾਰ, ਜੇ ਅੱਗੇ ਤੋਂ ਕੁੱਤੇ ਦਾ ਕੁਝ ਚੱਕ ਕੇ ਲਿਆਇਆ।”

ਜੱਗੀ ਰੋਂਦਾ ਰੋਂਦਾ ਸਬਾਤ ਵਿਚ ਵੜ ਗਿਆ

ਥੋੜ੍ਹੇ ਸਮੇਂ ਬਾਅਦ ਸੀਤੋ ਨੇ ਦੇਖਿਆ, ਜੱਗੀ ਮੰਜੇ ਉੱਤੇ ਬੈਠਾ ਸਕੂਲ ਦਾ ਕੰਮ ਕਰ ਰਹਾ ਸੀ। ਉਹ ਆਪਣੇ ਕੰਮ ਧੰਦੇ ਵਿਚ ਰੁੱਝ ਗਈਰੋਟੀ ਵੇਲੇ ਤੱਕ ਜੱਗੀ ਸੀਤੋ ਨਾਲ ਰੁੱਸਿਆ ਰੁੱਸਿਆ ਫਿਰਦਾ ਰਿਹਾਸੀਤੋ ਨੇ ਪੁਚਕਾਰ ਕੇ ਜੱਗੀ ਨੂੰ ਰੋਟੀ ਖਵਾਈਬਾਰੂ ਰੋਟੀ ਖਾ ਕੇ ਖੇਤ ਨੂੰ ਤੁਰ ਗਿਆਰਾਤ ਨੂੰ ਪਾਣੀ ਦੀ ਵਾਰੀ ਸੀ

ਸੀਤੋ ਕੰਮ ਧੰਦਾ ਨਬੇੜ ਕੇ ਅੰਦਰ ਗਈ ਤਾਂ ਜੱਗੀ ਹਾਲੇ ਜਾਗਦਾ ਪਿਆ ਸੀਉਹਨੇ ਜੱਗੀ ਨੂੰ ਆਪਣੇ ਨਾਲ ਪਾ ਲਿਆ।”

“ਬੀਬੀਏ, ਦੁੱਧ ਪੀਣ ਨੂੰ ਬਾਹਲਾ ਜੀਅ ਕਰਦਾ।” ਜੱਗੀ ਬੋਲਿਆ।

ਸੀਤੋ ਨੂੰ ਪਤਾ ਸੀ ਬਈ ਜੱਗੀ ਨੂੰ ਦੁੱਧ ਬੜਾ ਚੰਗਾ ਲਗਦਾ ਹੈ ਪਰ ਸੱਜਰ ਸੂਈ ਬੂਰੀ ਨੰਬਰਦਾਰ ਕਰਜੇ ਬਦਲੇ ਲੈ ਗਿਆ ਸੀਉਦੋਂ ਤੋਂ ਉਹ ਦੋਧੀ ਤੋਂ ਮੁੱਲ ਦੁੱਧ ਲੈ ਕੇ ਮਸਾਂ ਗੁਜਾਰਾ ਕਰਦੇ ਸਨ

“ਕੋਈ ਨਾ ਪੁੱਤ! ਜਦੋਂ ਆਪਣੀ ਗਾਂ ਸੂ ਪਈ, ਤੈਨੂੰ ਰੋਜ ਦੁੱਧ ਦਿਆ ਕਰੂੰ।” ਸੀਤੋ ਨੇ ਜੱਗੀ ਨੂੰ ਵਰਾਇਆ

“ਬੀਬੀਏ, ਅੱਜ ਜਦੋਂ ਮੈ ਆਥਣੇ ਗਿਆ ਸੀ ਨੰਬਰਦਾਰ ਦੇ, ਤਾਂ ਜੱਸੇ ਦੀ ਬੀਬੀ ਨੇ ਜੱਗ ਭਰਕੇ ਦੁੱਧ ਮਰੀਕਨ ਕੁੱਤੇ ਨੂੰ ਪਾਇਆ ਸੀ, ਮੇਰਾ ਤਾਂ ਉਦੋਂ ਦਾ ਬਾਹਲਾ ਜੀਅ ਕਰੀ ਜਾਂਦਾ ...” ਜੱਗੀ ਨੇ ਵਿਚਲੀ ਗੱਲ ਦੱਸੀ ਤਾਂ ਸੀਤੋ ਦੀਆਂ ਅੱਖਾਂ ਵਿੱਚ ਹੂੰਝ ਆ ਗਏ

“ਬੀਬੀਏ! ਕੋਈ ਚੰਗੀ ਜਿਹੀ ਗੱਲ ਸੁਣਾ ...” ਜੱਗੀ ਨੇ ਰਿਹਾੜ ਕੀਤੀ

ਸੀਤੋ ਨੂੰ ਤਾਂ ਸਭ ਕੁਝ ਭੁੱਲਿਆ ਪਿਆ ਸੀਕਬੀਲਦਾਰੀ ਨੇ ਮੱਤ ਮਾਰ ਰੱਖੀ ਸੀ ਉਹ ਨੂੰ ਆਪਣੇ ਬਾਪੂ ਦੀ ਸੁਣਾਈ ਗੱਲ ਯਾਦ ਆ ਗਈਉਸਨੇ ਉਹੀ ਕਥਾ ਛੋਹ ਲਈ, “ਪੁੱਤ, ਤੇਰਾ ਨਾਨਾ ਦੱਸਦਾ ਹੁੰਦਾ ਬਈ ਚੁਰਾਸੀ ਲੱਖ ਜੂਨੀਆਂ ਹੁੰਦੀਆਂ ਨੇਹਰ ਕਿਸੇ ਨੂੰ ਇਹ ਜੂਨੀਆਂ ਭੋਗ ਕੇ ਬੰਦੇ ਦੇ ਰੂਪ ਵਿੱਚ ਹੀਰਾ ਜਨਮ ਮਿਲਦਾਇਹ ਦਾ ਕੋਈ ਮੁੱਲ ਨਹੀਂ

ਜੱਗੀ ਆਪਣੀ ਮਾਂ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀਉਹ ਇੱਕ ਦਮ ਬੋਲਿਆ, “ਬੀਬੀਏ! ਮੈਨੂੰ ਨਹੀਂ ਚਾਹੀਦਾ ਇਹ ਹੀਰਾ ਜਨਮ ... ਮੇਰਾ ਤਾਂ ਜੀਅ ਕਰਦਾ ਬਈ ਅਗਲੇ ਜਨਮ ਵਿੱਚ ਜੱਸੇ ਕਾ ਮਰੀਕਨ ਕੁੱਤਾ ਬਣ ਜਾਵਾਂ।”

ਜੱਗੀ ਦੇ ਬੋਲਾਂ ਨੇ ਸੀਤੋ ਦੀ ਜੀਭ ਠਾਕ ਦਿੱਤੀਉਸਦੇ ਅੰਦਰ ਹੰਝੂਆਂ ਦਾ ਹੜ੍ਹ ਵਗ ਤੁਰਿਆ। ਉਸ ਨੇ ਜੱਗੇ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ

*****

(1162)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author