“ਜੇਕਰ ਉਹ ਪਹਾੜੀਆ ਸਮੇਂ ਸਿਰ ਸਲਾਹ ਨਾ ਦਿੰਦਾ ਤਾਂ ਸ਼ਾਇਦ ਸਾਡੇ ਵਿੱਚੋਂ ...”
(15 ਜੂਨ 2020)
ਸਿਆਣੇ ਆਖਦੇ ਹਨ ਜ਼ਿੰਦਗੀ ਇੱਕ ਸਫ਼ਰ ਹੈ। ਮੈਂਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਫ਼ਰ ਕਰਨ ਦਾ ਮੌਕਾ ਮਿਲਿਆ। ਮੈਂ ਦਰਜਨ ਦੇ ਕਰੀਬ ਬਾਹਰਲੇ ਦੇਸ਼ਾਂ ਵਿੱਚ ਘੁੰਮ ਚੁੱਕਿਆ ਹਾਂ। ਸਾਈਕਲ ਤੋਂ ਲੈ ਕੇ ਕਾਰ, ਬੱਸ, ਟਰੱਕ, ਟਰੇਨ, ਸਕਾਈ ਟ੍ਰੇਨ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਕਰੂਜ਼ ਦਾ ਆਨੰਦ ਮਾਣ ਚੁੱਕਿਆ ਹਾਂ। ਹਰ ਸਫ਼ਰ ਦਾ ਆਪਣਾ ਹੀ ਆਨੰਦ ਹੁੰਦਾ ਹੈ। ਉਸ ਵਿੱਚੋਂ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖਦੇ ਹਾਂ ਅਤੇ ਬਹੁਤ ਸਾਰੇ ਤਜਰਬੇ ਸਾਡੇ ਜੀਵਨ ਵਿੱਚ ਆਉਂਦੇ ਹਨ।
ਜੋ ਆਨੰਦ ਮੈਂਨੂੰ ਅੱਲ੍ਹੜ ਉਮਰ ਦੇ ਇਸ ਸਫ਼ਰ ਵਿੱਚ ਆਇਆ, ਉਹ ਬਾਅਦ ਵਿੱਚ ਲੱਖਾਂ ਰੁਪਏ ਖਰਚ ਕਰਕੇ ਵੀ ਕਦੇ ਪ੍ਰਾਪਤ ਨਹੀਂ ਹੋ ਸਕਿਆ। ਇਸ ਸਫ਼ਰ ਵਿੱਚ ਬਹੁਤ ਸਾਰਾ ਆਨੰਦ ਵੀ ਲਿਆ ਤੇ ਮੁਸੀਬਤਾਂ ਨਾਲ ਵੀ ਦੋ ਚਾਰ ਹੋਣਾ ਪਿਆ। ਉਮਰ ਦੇ ਸ਼ੁਰੁਆਤੀ ਪੜਾਅ ਦੇ ਇਸ ਸਫ਼ਰ ਵਿੱਚ ਸਿਰਫ ਉਹ ਘਟਨਾਵਾਂ ਹੀ ਲਿਖਾਂਗਾ ਜਿਹਨਾਂ ਨੂੰ ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਉੱਨੀ ਸੌ ਪਚੰਨਵੇਂ ਦੀ ਗੱਲ ਹੈ। ਸ਼ਾਮ ਨੂੰ ਫੁੱਟਬਾਲ ਖੇਡਦੇ ਦੋਸਤਾਂ ਦਾ ਉੱਤਰਾਖੰਡ ਸਾਈਕਲਾਂ ’ਤੇ ਘੁੰਮਣ ਦਾ ਪ੍ਰੋਗਰਾਮ ਬਣ ਗਿਆ। ਉੱਥੋਂ ਨੈਨੀਤਾਲ ਅਤੇ ਹੇਮਕੁੰਟ ਸਾਹਿਬ ਨੂੰ ਉਸ ਵਿੱਚ ਸ਼ਾਮਲ ਕੀਤਾ ਸੀ। ਅਸੀਂ ਪ੍ਰੋਗਰਾਮ ਬਣਾ ਹੀ ਰਹੇ ਸੀ ਕਿ ਦੋਸਤ ਨੇ ਹੱਸਦੇ ਹੋਏ ਸਾਡਾ ਮਖੌਲ ਉਡਾਇਆ, “ਇਹ ਤਾਂ ਮਾਨਸਾ ਤਕ ਸਾਈਕਲ ਤੇ ਨਹੀਂ ਜਾ ਸਕਦੇ ਇਹਨਾਂ ਨੇ ਹੇਮਕੁੰਟ ਜਾਂ ਨੈਨੀਤਾਲ ਕਿੱਥੇ ਜਾਣਾ ਹੈ?”
ਅਸੀਂ ਉਸ ਦੇ ਮਖੌਲ ਨੂੰ ਗੰਭੀਰਤਾ ਨਾਲ ਲੈ ਗਏ ਅਤੇ ਐਲਾਨ ਕਰ ਦਿੱਤਾ ਕਿ ਪਰਸੋਂ ਹੀ ਅਸੀਂ ਯਾਤਰਾ ’ਤੇ ਜਾਵਾਂਗੇ। ਸਾਡੀ ਕੋਈ ਖਾਸ ਤਿਆਰੀ ਨਹੀਂ ਸੀ। ਘਰ ਜਾ ਕੇ ਸਭ ਤੋਂ ਪਹਿਲਾਂ ਸਾਈਕਲ ਦੇਖੇ। ਖੁਸ਼ਕਿਸਮਤੀ ਨਾਲ ਉਸ ਸਮੇਂ ਸਾਡੇ ਘਰੇ ਨਵਾਂ ਸਾਈਕਲ ਸੀ। ਕੁਝ ਦੋਸਤਾਂ ਕੋਲ ਪੁਰਾਣੇ ਸਾਈਕਲ ਸਨ। ਅਗਲੇ ਦਿਨ ਅਸੀਂ ਚਾਰ ਦੋਸਤ ਤਿਆਰ ਹੋ ਗਏ। ਅਸੀਂ ਕੁਝ ਹੋਰ ਸਾਥੀਆਂ ਨੂੰ ਵੀ ਤਿਆਰ ਕਰਨ ਲਈ ਹੰਭਲਾ ਮਾਰਿਆ। ਤਿੰਨ ਸਾਥੀ ਅਸੀਂ ਸ਼ਾਮ ਤਕ ਹੋਰ ਤਿਆਰ ਕਰ ਲਏ। ਕੁਝ ਜਣਿਆਂ ਨੂੰ ਤਾਂ ਮਾਪਿਆਂ ਨੇ ਪੈਸੇ ਦੇ ਦਿੱਤੇ ਤੇ ਕੁਝ ਕੋਲ ਥੋੜ੍ਹੀ ਹੀ ਮਾਇਆ ਸੀ। ਸਾਡੇ ਹੌਸਲੇ ਬੁਲੰਦ ਸਨ। ਉਸ ਸਮੇਂ ਪੈਸਾ ਸਾਡੇ ਲਈ ਬਹੁਤੀ ਅਹਿਮੀਅਤ ਨਹੀਂ ਰੱਖਦਾ। ਸਾਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਸੀ ਕਿ ਇਸ ਸਫਰ ਦੌਰਾਨ ਮੌਤ ਕਈ ਵਾਰੀ ਕੋਲ ਦੀ ਲੰਘ ਜਾਵੇਗੀ।
ਅਸੀਂ ਅਗਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸੱਤ ਜਣਿਆਂ ਨੇ ਸਾਈਕਲ ਸਫ਼ਰ ਲਈ ਲਈ ਤੋਰ ਲਏ। ਖਾਣ ਲਈ ਗੁੜ, ਛੋਲੇ ਅਤੇ ਕੁਝ ਕੱਪੜੇ ਬੈਗਾ ਵਿੱਚ ਪਾਏ ਹੋਏ ਸਨ। ਸਾਈਕਲਾਂ ਪਿੱਛੇ ਕੈਰੀਅਰ ਤੇ ਰੱਸੀਆਂ ਨਾਲ ਬੈਗ ਬੰਨ੍ਹ ਕੇ ਅਤੇ ਖਿਡਾਰੀਆਂ ਵਾਲੇ ਨਿੱਕਰ ਬੁਨੈਣ ਪਾ ਕੇ ਸਾਈਕਲ ਉੱਤਰਾਖੰਡ ਵੱਲ ਖਿੱਚ ਦਿੱਤੇ।
ਮਾਨਸਾ ਤੋਂ ਸਾਨੂੰ ਨਹਿਰੂ ਯੁਵਾ ਕੇਂਦਰ ਦੇ ਡਾਇਰੈਕਟਰ ਨੇ ਹਰੀ ਝੰਡੀ ਦੇ ਕੇ ਸਫ਼ਰ ਦੀ ਰਸਮੀ ਸ਼ੁਰੂਆਤ ਕਰਵਾਈ। ਸਾਡੀ ਯਾਤਰਾ ਨੂੰ ਵਾਤਾਵਰਨ ਸੰਭਾਲ ਦੇ ਸੁਨੇਹੇ ਦੇ ਰੂਪ ਵਿੱਚ ਭੇਜੀ ਮੁਹਿੰਮ ਦਾ ਨਾਮ ਦਿੱਤਾ। ਸਾਨੂੰ ਕਾਫੀ ਲਿਟਰੇਚਰ ਵੀ ਇਸ ਸਬੰਧੀ ਦਿੱਤਾ ਜਿਹੜਾ ਅਸੀਂ ਰਸਤੇ ਵਿੱਚ ਵੰਡਦੇ ਗਏ। ਨਹਿਰੂ ਯੁਵਾ ਕੇਂਦਰ ਨੇ ਸਾਨੂੰ ਸਫ਼ਰ ਸਬੰਧੀ ਕਾਫੀ ਜਾਣਕਾਰੀ ਦਿੱਤੀ। ਜਿਸ ਨਾਲ ਸਾਨੂੰ ਬਹੁਤ ਹੌਸਲਾ ਮਿਲਿਆ।
ਅਸੀਂ ਪਹਿਲੇ ਦਿਨ ਭਵਾਨੀਗੜ੍ਹ ਪਹੁੰਚ ਕੇ ਰੁਕ ਗਏ। ਸਾਈਕਲ ਬਹੁਤਾ ਨਾ ਚਲਾਇਆ ਜਾ ਸਕਿਆ। ਇੱਕ ਤਾਂ ਅਭਿਆਸ ਘੱਟ ਸੀ ਤੇ ਦੂਸਰਾ ਝੰਡੀ ਦੀ ਰਸਮ ਵੀ ਕਾਫੀ ਲੇਟ ਹੋਈ ਸੀ। ਅਗਲੇ ਦਿਨ ਭਵਾਨੀਗੜ੍ਹ ਤੋਂ ਅੰਬਾਲਾ ਪਹੁੰਚ ਗਏ ਅਤੇ ਕਾਰ ਸੇਵਾ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿੱਚ ਜਾਂ ਰੁਕੇ। ਰਸਤੇ ਵਿੱਚ ਜਿੱਥੇ ਵੀ ਸੰਗਤ ਨੂੰ ਪਤਾ ਲੱਗਦਾ ਕਿ ਨੌਜਵਾਨ ਹੇਮਕੁੰਟ ਸਾਹਿਬ ਚੱਲੇ ਹਨ ਤਾਂ ਕਾਫੀ ਸਾਰੇ ਲੋਕ ਮੱਥਾ ਟੇਕਣ ਲਈ ਪੈਸੇ ਦਿੰਦੇ, ਆਓ ਭਗਤ ਕਰਦੇ, ਕਿਉਂਕਿ ਉਦੋਂ ਸਾਈਕਲਾਂ ’ਤੇ ਯਾਤਰਾ ਕਰਨ ਦਾ ਰਿਵਾਜ਼ ਨਹੀਂ ਸੀ।
ਉੱਥੇ ਸਾਡੇ ਨਾਲ ਅਜੀਬ ਘਟਨਾ ਵਾਪਰ ਗਈ। ਜਦੋਂ ਰਾਤ ਰਹਿ ਕੇ ਸਵੇਰੇ ਕਾਰ ਸੇਵਾ ਦੇ ਲੰਗਰ ਵਿੱਚ ਗਏ ਤਾਂ ਅੱਗੋਂ ਬਾਬਿਆਂ ਦੇ ਸੇਵਾਦਾਰਾਂ ਨੇ ਕਿਹਾ, “ਪਹਿਲਾਂ ਕੰਮ ਕਰਕੇ ਆਓ, ਫੇਰ ਖਾਣ ਨੂੰ ਲੰਗਰ ਮਿਲੇਗਾ।”
ਅਸੀਂ ਦੱਸਿਆ ਕਿ ਅੱਜ ਅਸੀਂ ਹਰ ਹਾਲਤ ਹਰਿਦੁਆਰ ਪਹੁੰਚਣਾ ਹੈ। ਸਾਡਾ ਅੱਜ ਲੰਬਾ ਸਫਰ ਹੈ। ਪਰ ਬਾਬੇ ਬਜ਼ਿੱਦ ਰਹੇ। ਉਨ੍ਹਾਂ ਨੇ ਕਿਹਾ ਕਿ ਜਾਓ. ਪਸ਼ੂਆਂ ਲਈ ਹਰਾ ਵੱਢ ਕੇ ਲਿਆਓ। ਮੈਂ ਵੱਡਾ ਸੀ ਅਤੇ ਸਾਰਿਆਂ ਨੇ ਮੈਂਨੂੰ ਗਰੁੱਪ ਦਾ ਲੀਡਰ ਥਾਪਿਆ ਸੀ। ਮੈਂ ਅੜ ਗਿਆ ਕਿ ਇਹ ਲੰਗਰ ਦੀ ਮਰਿਆਦਾ ਦੇ ਉਲਟ ਹੈ। ਖਾਸਾ ਰੌਲਾ ਪੈ ਗਿਆ। ਸੇਵਾਦਾਟ ਸਾਡੇ ’ਤੇ ਹਾਵੀ ਹੋਣ ਲੱਗੇ ਕਿ ਕੰਮ ਕਰਵਾਏ ਬਿਨਾ ਤਹਾਨੂੰ ਜਾਣ ਨਹੀਂ ਦੇਣਾ। ਸੋਲਾਂ-ਸਤਾਰਾਂ ਸਾਲਾਂ ਦੇ ਮੁੰਡਿਆਂ ਦਾ ਡਰ ਜਾਣਾ ਸੁਭਾਵਿਕ ਸੀ। ਸਾਡੇ ਤਿੰਨ ਸਾਥੀ ਤਾਂ ਹਰਾ ਚਾਰਾ ਵੱਢਣ ਲਈ ਤਿਆਰ ਵੀ ਹੋ ਗਏ ਕਿ ਖਹਿੜਾ ਛੁੱਟੇ। ਮੈਂ ਲਗਾਤਾਰ ਵਿਰੋਧ ਕਰਦਾ ਰਿਹਾ ਕਿ ਸੇਵਾ ਇੱਛਾ ਨਾਲ ਹੁੰਦੀ ਹੈ, ਧੱਕੇ ਨਾਲ ਨਹੀਂ। ਇੰਨੇ ਵਿੱਚ ਉਨ੍ਹਾਂ ਦਾ ਇੱਕ ਜਥੇਦਾਰ ਆਇਆ ਤੇ ਸਾਡੀ ਗੱਲ ਸੁਣ ਕੇ ਉਹ ਸੇਵਾਦਾਰਾਂ ’ਤੇ ਬੁਰੀ ਤਰ੍ਹਾਂ ਨਾਲ ਵਰ੍ਹ ਪਿਆ, “ਤੁਸੀਂ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ, ਜੇ ਕੰਮ ਕਰਵਾ ਕੇ ਹੀ ਲੰਗਰ ਛਕਾਉਣਾ ਹੈ ਤਾਂ ਲੰਗਰ ਦਾ ਬੋਰਡ ਲਾਹ ਦਿਓ। ਇੱਥੇ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਨਾਲੇ ਜਿਹੜਾ ਕੰਮ ਤੁਸੀਂ ਇਹਨਾਂ ਨਿਆਣਿਆਂ ਤੋਂ ਕਰਵਾਉਣਾ ਚਾਹੁੰਦੇ ਹੋ, ਇਸ ਲਈ ਤੁਹਾਨੂੰ ਤਨਖਾਹ ਮਿਲਦੀ ਹੈ।”
ਸੇਵਾਦਾਰ ਝਾੜ ਝੰਬ ਕਰਵਾ ਕੇ ਲੰਗਰ ਛਕਾਉਣ ਲਈ ਤਿਆਰ ਹੋ ਗਏ। ਸਾਡਾ ਵੀ ਮਨ ਖਰਾਬ ਹੋ ਗਿਆ ਸੀ। ਅਸੀਂ ਬਿਨਾਂ ਕੁਝ ਖਾਧੇ ਪੀਤੇ ਹੀ ਚਾਲੇ ਪਾ ਦਿੱਤੇ। ਨਾਲ ਹੀ ਸਿੱਖਿਆ ਕਿ ਹਰ ਸੰਸਥਾ ਵਿੱਚ ਚੰਗੇ ਮਾੜੇ ਇਨਸਾਨ ਹੋ ਸਕਦੇ ਹਨ। ਸੇਵਾਦਾਰ ਅਤੇ ਜਥੇਦਾਰ ਇਸਦੀ ਉਦਾਹਰਣ ਸਨ। ਦੂਸਰੀ ਗੱਲ, ਜੇਕਰ ਤੁਸੀਂ ਸਹੀ ਹੋ ਤਾਂ ਕਿਸੇ ਦੀ ਗਲਤ ਮੰਗ ਅੱਗੇ ਨਾ ਝੁਕੋ।
ਇੱਕ ਢਾਬੇ ’ਤੇ ਖਾਣਾ ਖਾ ਕੇ ਅਸੀਂ ਅੱਗੇ ਤੁਰ ਪਏ। ਅਸੀਂ ਸਾਰਿਆਂ ਨੇ ਹਿਸਾਬ ਕਿਤਾਬ ਲਾਇਆ ਤਾਂ ਦੇਖਿਆ ਕੁਝ ਸਾਥੀਆਂ ਦਾ ਕੋਲ ਪੈਸੇ ਬਹੁਤ ਘੱਟ ਸਨ। ਸਾਰਿਆਂ ਨੇ ਆਪਣੇ ਪੈਸੇ ਇਕੱਠੇ ਕਰਕੇ ਇੱਕ ਥਖ਼ ਕਰ ਲਏ। ਉੱਥੋਂ ਚੱਲ ਕੇ ਅੱਗੇ ਗਏ ਤਾਂ ਪਤਾ ਲੱਗਾ ਕਿ ਸਹਾਰਨਪੁਰ ਦੇ ਨੇੜਲੇ ਖੇਤਰਾਂ ਵਿੱਚ ਕਈ ਵਾਰੀ ਲੁੱਟ ਖੋਹ ਹੋ ਜਾਂਦੀ ਹੈ। ਅਸੀਂ ਤੇਜ਼ੀ ਨਾਲ ਸਾਈਕਲ ਚਲਾਉਂਦੇ ਹੋਏ ਯਮੁਨਾ ਨਦੀ ਦਾ ਪੁਲ ਪਾਰ ਕਰਕੇ ਬਿਨਾਂ ਰੁਕੇ ਲਗਾਤਾਰ ਸਾਈਕਲ ਚਲਾਉਂਦੇ ਰਹੇ। ਰਾਤ ਨੂੰ ਅੱਠ ਵਜੇ ਦੇ ਕਰੀਬ ਅਸੀਂ ਹਰਿਦੁਆਰ ਤੋਂ ਕਾਫੀ ਪਿੱਛੇ ਇੱਕ ਢਾਬੇ ’ਤੇ ਖਾਣਾ ਖਾਣ ਲਈ ਰੁਕ ਗਏ। ਇੱਕ ਸੌ ਸੱਠ ਕਿਲੋਮੀਟਰ ਸਾਈਕਲ ਚਲਾ ਕੇ ਅਸੀਂ ਬਹੁਤ ਥੱਕ ਚੁੱਕੇ ਸੀ। ਇਸ ਲਈ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਢਾਬੇ ’ਤੇ ਖਾਣਾ ਖਾ ਹੀ ਰਹੇ ਸੀ ਕਿ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਡਰ ਗਏ। ਸਾਨੂੰ ਸਮਝ ਨਾ ਆਵੇ ਕੀ ਕਰੀਏ? ਇੰਨੇ ਵਿੱਚ ਇੱਕ ਪੁਲਿਸ ਜੀਪ ਪਹੁੰਚ ਗਈ। ਉਹ ਪਹਿਲਾਂ ਢਾਬੇ ਤੋਂ ਅੱਗੇ ਲੰਘ ਗਈ ਅਤੇ ਅੱਧੇ ਕੁ ਘੰਟੇ ਬਾਅਦ ਸਾਡੇ ਕੋਲ ਆ ਗਈ। ਉਹ ਪੈਟਰੋਲਿੰਗ ਵਾਲੀ ਗੱਡੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਢਾਬੇ ’ਤੇ ਵਾਰਦਾਤ ਹੋ ਗਈ ਹੈ। ਇੱਕ ਆਦਮੀ ਨੂੰ ਗੋਲੀ ਲੱਗੀ ਹੈ। ਲੁਟੇਰਿਆਂ ਨੇ ਸਾਰੇ ਮੁਸਾਫ਼ਰਾਂ ਨੂੰ ਲੁੱਟ ਲਿਆ।
ਸਾਨੂੰ ਵੀ ਉੱਥੇ ਦੇਖ ਕੇ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਰੁਕੇ ਹੋ? ਇੱਥੇ ਬਹੁਤ ਖ਼ਤਰਾ ਹੈ, ਕਿਸੇ ਸਮੇਂ ਵਾਰਦਾਤ ਹੋ ਸਕਦੀ ਹੈ। ਤੁਸੀਂ ਅੱਗੇ ਭਗਵਾਨਪੁਰ ਕਸਬਾ ਹੈ, ਉੱਥੇ ਚਲੇ ਜਾਵੋ। ਅਸੀਂ ਢਾਬੇ ’ਤੇ ਤੁਹਾਡੇ ਰਹਿਣ ਦਾ ਪ੍ਰਬੰਧ ਕਰਦੇ ਹਾਂ। ਜੀਪ ਚਲੀ ਗਈ। ਅਸੀਂ ਫਟਾਫਟ ਸਾਈਕਲ ਚੁੱਕੇ ਅਤੇ ਹਨੇਰੇ ਵਿੱਚ ਬਹੁਤ ਤੇਜ਼ ਸਾਈਕਲ ਚਲਾਉਂਦੇ ਹੋਏ ਪੰਦਰਾਂ ਕਿਲੋਮੀਟਰ ਦਾ ਸਫਰ ਪੈਂਤੀ ਮਿੰਟ ਵਿੱਚ ਹੀ ਕਰ ਲਿਆ।। ਡਰ ਅੱਗੇ ਭੂਤ ਨੱਚਣ ਦੀ ਕਹਾਵਤ ਉਸ ਦਿਨ ਯਾਦ ਆਈ। ਸਾਰੀ ਥਕਾਵਟ ਪਤਾ ਨਹੀਂ ਕਿੱਧਰ ਚਲੀ ਗਈ ਸੀ।
ਸਾਡੇ ਜਾਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਢਾਬੇ ਵਾਲੇ ਨੂੰ ਸਾਡੇ ਵਾਰੇ ਸਮਝਾ ਦਿੱਤਾ ਸੀ। ਉਹਨਾਂ ਨੇ ਸਾਨੂੰ ਸੌਣ ਲਈ ਮੰਜੇ ਦੇ ਦਿੱਤੇ ਤੇ ਅਸੀਂ ਅਰਾਮ ਨਾਲ ਸੁੱਤੇ। ਜੇਕਰ ਅਸੀਂ ਰਾਤ ਨੂੰ ਪਿਛਲੇ ਢਾਬੇ ’ਤੇ ਰਹਿੰਦੇ ਤਾਂ ਸਾਡੀ ਲੁੱਟਮਾਰ ਤੇ ਕੋਈ ਵੀ ਨੁਕਸਾਨ ਹੋ ਸਕਦਾ ਸੀ। ਅਸੀਂ ਡਰ ਵੀ ਗਏ ਸੀ। ਪਰ ਇੱਕ ਗੱਲ ਅਕਲ ਵਾਲੇ ਖਾਨੇ ਵਿੱਚ ਇਹ ਪਈ ਕਿ ਸਫ਼ਰ ਸਮੇਂ ਰਸਤੇ ਵਿੱਚ ਰੁਕਣਾ ਹਮੇਸ਼ਾ ਖਤਰਨਾਕ ਹੁੰਦਾ ਹੈ। ਹਮੇਸ਼ਾ ਅਬਾਦੀ ਵਾਲੇ ਸਥਾਨ ’ਤੇ ਹੀ ਰੁਕੋ।
ਅਗਲੇ ਦਿਨ ਅਸੀਂ ਰਿਸ਼ੀਕੇਸ਼ ਪਹੁੰਚ ਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਰੁਕੇ। ਇੱਕ ਦਿਨ ਅਰਾਮ ਕਰਨ ਬਾਅਦ ਅਗਲੇ ਦਿਨ ਉੱਥੋਂ ਚਲ ਪਏ। ਇੱਥੋਂ ਪਹਾੜ ਦੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਦੇਸੀ ਸਾਈਕਲ ’ਤੇ ਪਹਾੜ ਚੜ੍ਹਨਾ ਮੁਸ਼ਕਲ ਹੈ। ਅਸੀਂ ਸਾਰੀ ਚੜ੍ਹਾਈ ਤੁਰ ਕੇ ਕਰਦੇ। ਸਵੇਰੇ ਇੱਕ ਮੰਦਰ ਦੂਰੋਂ ਸਾਨੂੰ ਦਿਖਾਈ ਦਿੱਤਾ। ਅਸੀਂ ਫੈਸਲਾ ਕੀਤਾ ਕਿ ਦੁਪਹਿਰ ਦਾ ਖਾਣਾ ਉੱਥੇ ਜਾ ਕੇ ਖਾਵਾਂਗੇ। ਉਹ ਮੰਦਰ ਸਾਨੂੰ ਦਿਖਾਈ ਤਾਂ ਦਿੰਦਾ ਰਿਹਾ ਪਰ ਅਸੀਂ ਉੱਥੇ ਦੁਪਹਿਰ ਤਕ ਪਹੁੰਚ ਨਾ ਸਕੇ। ਦੁਪਹਿਰ ਦਾ ਖਾਣਾ ਰਸਤੇ ਵਿੱਚ ਹੀ ਢਾਬੇ ਤੋਂ ਖਾ ਕੇ ਅਸੀਂ ਮੰਦਰ ਤਕ ਰਾਤ ਤਕ ਪਹੁੰਚਣ ਦਾ ਤਹਈਆ ਕਰ ਕੇ ਤੁਰਦੇ ਗਏ। ਮੰਦਰ ਹਾਲੇ ਵੀ ਦੂਰ ਸੀ। ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ। ਅਸੀਂ ਹੱਸਦੇ ਗਾਉਂਦੇ ਸਾਈਕਲਾਂ ਨੂੰ ਖਿੱਚਦੇ ਹੌਲੀ ਹੌਲੀ ਪੈਦਲ ਹੀ ਉੱਪਰ ਚੜ੍ਹ ਰਹੇ ਸਾਂ। ਸਾਡੇ ਕਈ ਸਾਥੀ ਬਦਰੀਨਾਥ ਦੀ ਯਾਤਰਾ ਕਰਕੇ ਮੁੜ ਰਹੇ ਸਾਧੂਆਂ ਨਾਲ ਹਾਸਾ ਠੱਠਾ ਵੀ ਕਰਦੇ ਆ ਰਹੇ ਸਨ।
ਅਸੀਂ ਕਾਫੀ ਉੱਪਰ ਗਏ ਤਾਂ ਇੱਕ ਵੈਨ ਨੇ ਆ ਕੇ ਜ਼ੋਰਦਾਰ ਬਰੇਕਾਂ ਮਾਰੀਆਂ। ਵੈਨ ਵਾਲੇ ਸਰਦਾਰ ਜੀ ਨੇ ਗੱਡੀ ਥੋੜ੍ਹੀ ਘੁਮਾ ਕੇ ਲਾਈਟ ਪਹਾੜ ’ਤੇ ਮਾਰੀ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਗਏ। ਇੱਕ ਤੇਂਦੂਆ ਸਾਹਮਣੇ ਪਹਾੜ ਤੇ ਖੜ੍ਹਾ ਸਾਨੂੰ ਘੂਰ ਰਿਹਾ ਸੀ। ਸਰਦਾਰ ਜੀ ਨੇ ਸ਼ਾਇਦ ਉਸ ਨੂੰ ਦੂਰੋਂ ਵੇਖ ਲਿਆ ਸੀ। ਉਹ ਲਗਾਤਾਰ ਕਾਰ ਦਾ ਹਾਰਨ ਵਜਾਉਂਦੇ ਰਹੇ ਤੇ ਸਾਨੂੰ ਵੀ ਰੌਲਾ ਪਾਉਣ ਦੀਆਂ ਲਈ ਆਖਿਆ। ਅਸੀਂ ਸਾਰਿਆਂ ਨੇ ਰੌਲਾ ਪਾਇਆ ਅਤੇ ਉਹ ਦੌੜ ਗਿਆ। ਸਰਦਾਰ ਜੀ ਨੇ ਦੱਸਿਆ, “ਕਈ ਵਾਰੀ ਤੇਂਦੂਆਂ ਮਨੁੱਖ ’ਤੇ ਹਮਲਾ ਕਰ ਦਿੰਦਾ ਹੈ। ਤੁਸੀਂ ਕੋਲ ਦੀ ਲੰਘਣਾ ਸੀ ਤੇ ਉਸ ਦੇ ਸ਼ਿਕਾਰ ਹੋ ਸਕਦੇ ਸੀ।”
ਮੌਤ ਨਾਲ ਇੰਨੀ ਨੇੜੇ ਮੁਲਾਕਾਤ ਨਾਲ ਅਸੀਂ ਸਾਰਾ ਹਾਸਾ ਮਖੌਲ ਭੁੱਲ ਗਏ ਅਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਕਾਫੀ ਰਾਤ ਹੋਈ ’ਤੇ ਅਸੀਂ ਮੰਦਰ ਵਿੱਚ ਪਹੁੰਚ ਸਕੇ। ਮੰਦਰ ਦੇ ਪੁਜਾਰੀ ਨੇ ਸਾਡਾ ਸਵਾਗਤ ਕੀਤਾ। ਖਾਣੇ ਵਾਰੇ ਵੀ ਪੁੱਛਿਆ ਪਰ ਅਸੀਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਛੋਲੇ ਅਤੇ ਗੁੜ ਚੱਬ ਕੇ ਸੌਂ ਜਾਵਾਂਗੇ। ਉਹ ਬਾਹਰ ਗਏ ਅਤੇ ਸਾਡੇ ਲਈ ਦਾਲ ਚਾਵਲ ਬਣਾ ਕੇ ਲੈ ਆਏ ਅਤੇ ਸਾਨੂੰ ਬਹੁਤ ਪ੍ਰੇਮ ਨਾਲ ਭੋਜਨ ਛਕਾਇਆ। ਰਾਤ ਨੂੰ ਭਾਰੀ ਤੂਫਾਨ ਤੇ ਵਰਖਾ ਹੋਈ, ਅਸੀਂ ਇੱਕ ਦੂਜੇ ਨੂੰ ਫੜ ਕੇ ਸੁੱਤੇ ਤੇ ਇਸ ਆਸਰੇ ਲਈ ਰੱਬ ਦਾ ਸ਼ੁਕਰ ਕੀਤਾ। ਸਿੱਖਿਆ ਮਿਲੀ, ਚੰਗੇ ਬੰਦੇ ਹਰ ਧਰਮ ਵਿੱਚ ਹੁੰਦੇ ਹਨ। ਅੱਜ ਸਰਦਾਰ ਜੀ ਅਤੇ ਪੁਜਾਰੀ ਜੀ ਦੇ ਰੂਪ ਵਿੱਚ ਸਾਨੂੰ ਮਿਲੇ ਸਨ।
ਅਗਲੇ ਦਿਨ ਤੁਰ ਕੇ ਚੜ੍ਹਦੇ ਅਤੇ ਉਤਰਾਈ ਸਾਈਕਲ ਤੇ ਬੈਠ ਕੇ ਕਰਦੇ ਨਦੀ ਦੇ ਇੱਕ ਪੁਲ ’ਤੇ ਜਾ ਰੁਕੇ। ਅਸੀਂ ਸਾਰੇ ਸਾਥੀਆਂ ਉੱਥੇ ਗੰਗਾ ਦੇ ਪੁਲ ਉੱਪਰੋਂ ਦੀ ਦੂਸਰੇ ਪਾਸੇ ਜਾ ਕੇ ਗੰਗਾ ਵਿੱਚ ਨਹਾਉਣ ਦਾ ਮਨ ਬਣਾ ਲਿਆ। ਅਸੀਂ ਸਾਰਿਆਂ ਨੇ ਸਾਈਕਲ ਖੜ੍ਹੇ ਕੀਤੇ ਅਤੇ ਨਦੀ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾ। ਬਹੁਤ ਨਿਰਮਲ ਅਤੇ ਠੰਢਾ ਪਾਣੀ ਸੀ। ਸਰੀਰ ਤਰੋਤਾਜ਼ਾ ਹੋ ਗਏ। ਪਾਣੀ ਬਹੁਤ ਤੇਜ਼ ਸੀ ਪਰ ਉੱਥੇ ਤੱਟ ਬਣਿਆ ਹੋਇਆ ਸੀ। ਅਸੀਂ ਪੂਰੇ ਆਨੰਦ ਵਿੱਚ ਕਿਲਕਾਰੀਆਂ ਮਾਰਦੇ ਨਹਾ ਰਹੇ ਸੀ। ਸਾਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਸੀ ਕਿ ਇੱਕ ਔਰਤ ਦੂਰੋਂ ਦੌੜਦੀ ਹੋਈ ਆਈ ਅਤੇ ਸਾਨੂੰ ਬਾਹਰ ਨਿਕਲਣ ਲਈ ਆਖਣ ਲੱਗੀ। ਅਸੀਂ ਘਬਰਾ ਗਏ ਕਿ ਸਾਥੋਂ ਸ਼ਾਇਦ ਕੋਈ ਗ਼ਲਤੀ ਹੋ ਗਈ ਹੋਵੇ, ਕਿਉਂਕਿ ਗੰਗਾ ਨਦੀ ਦੇ ਕਿਨਾਰੇ ਬਹੁਤ ਸਾਰੇ ਧਾਰਿਮਕ ਸਥਾਨ ਹਨ। ਅਸੀਂ ਫਟਾਫਟ ਬਾਹਰ ਨਿਕਲੇ ਅਤੇ ਕੱਪੜੇ ਪਹਿਨਣ ਲੱਗੇ। ਔਰਤ ਆਖਣ ਲੱਗੀ, “ਤੁਸੀਂ ਕਿਸਮਤ ਵਾਲੇ ਹੋ, ਜੋ ਬਚ ਗਏ। ਇੱਥੇ ਕਾਫੀ ਘੜਿਆਲ ਹਨ ਜੋ ਪਾਣੀ ਵਿੱਚ ਗਏ ਜਾਨਵਰ ਤੇ ਆਦਮੀ ਨੂੰ ਖਿੱਚ ਕੇ ਨਦੀ ਵਿੱਚ ਲੈ ਜਾਂਦੇ ਹਨ।”
ਅਸੀਂ ਡਰ ਨਾਲ ਕੰਬਣ ਲੱਗੇ ਕਿਉਂਕਿ ਘੜਿਆਲ ਦਾ ਨਾਂ ਸੁਣ ਕੇ ਮਗਰਮੱਛ ਅੱਖਾਂ ਸਾਹਮਣੇ ਆ ਗਿਆ ਸੀ। ਅਸੀਂ ਉਸ ਔਰਤ ਦਾ ਧੰਨਵਾਦ ਕੀਤਾ। ਉਹ ਪਹਾੜਨ ਔਰਤ ਸਾਡੇ ਲਈ ਰੱਬ ਬਣ ਕੇ ਆਈ ਸੀ। ਨਹੀਂ ਤਾਂ ਹੋ ਸਕਦਾ ਹੈ ਅਸੀਂ ਹੋਰ ਸਮਾਂ ਨਹਾਉਂਦੇ ਰਹਿੰਦੇ ਅਤੇ ਸਾਡੇ ਵਿੱਚੋਂ ਕੋਈ ਘੜਿਆਲ ਦਾ ਸ਼ਿਕਾਰ ਬਣ ਜਾਂਦਾ। ਅਸੀਂ ਇਹ ਗੱਲ ਪੱਲੇ ਬੰਨ੍ਹ ਲਈ ਕਿ ਅਨਜਾਣ ਜਗਾਹ ’ਤੇ ਪਾਣੀ ਵਿੱਚ ਵੜਨਾ ਬਹੁਤ ਖਤਰਨਾਕ ਹੋ ਸਕਦਾ ਹੈ।
ਅਗਲੇ ਦੋ ਦਿਨ ਅਸੀਂ ਸਫ਼ਰ ਕਰਦੇ ਰਹੇ। ਅਸੀਂ ਨਦੀ ਵਿੱਚ ਨਹਾਉਣ ਦਾ ਪੰਗਾ ਨਾ ਲਿਆ। ਪਰ ਇੱਕ ਮੁਸੀਬਤ ਹੋਰ ਉਡੀਕ ਰਹੀ ਸੀ। ਜਦੋਂ ਅਸੀਂ ਚਮੋਲੀ ਨੇੜੇ ਪਹੁੰਚੇ ਤਾਂ ਇੱਕਦਮ ਪੱਥਰ ਡਿੱਗਣੇ ਸ਼ੁਰੂ ਹੋ ਗਏ। ਸਭ ਤੋਂ ਅੱਗੇ ਜਾਂਦੇ ਸਾਥੀ ਦੇ ਸਾਈਕਲ ਦੇ ਚੱਕੇ ਉੱਤੇ ਵੱਡਾ ਪੱਥਰ ਡਿੱਗਾ ਅਤੇ ਚੱਕਾ ਚਕਨਾਚੂਰ ਹੋ ਗਿਆ। ਸਾਡੀ ਕਿਸਮਤ ਨੇ ਉਸ ਵੇਲੇ ਸਾਥ ਦਿੱਤਾ, ਜਦੋਂ ਦੂਰੋਂ ਇੱਕ ਪਹਾੜੀਏ ਨੇ ਕਿਹਾ ਕਿ ਪਹਾੜ ਦੇ ਹੇਠ ਬਣੀ ਗੁਫਾ ਨੁਮਾ ਛੋਟੀ ਜਿਹੀ ਜਗਾ ਵਿੱਚ ਹੋ ਜਾਓ। ਕਾਫੀ ਸਮਾਂ ਪੱਥਰ ਡਿੱਗਦੇ ਰਹੇ। ਜੇਕਰ ਉਹ ਪਹਾੜੀਆ ਸਮੇਂ ਸਿਰ ਸਲਾਹ ਨਾ ਦਿੰਦਾ ਤਾਂ ਸ਼ਾਇਦ ਸਾਡੇ ਵਿੱਚੋਂ ਇੱਕ ਦੋ ਜਾਣੇ ਪੱਥਰ ਲੱਗ ਕੇ ਸੈਕੜੇ ਮੀਟਰ ਹੇਠਾਂ ਵਹਿ ਰਹੀ ਅਲਕਨੰਦਾ ਨਦੀ ਵਿੱਚ ਜਾ ਡਿੱਗਣੇ ਸਨ। ਸਾਨੂੰ ਸਫ਼ਰ ਵਿੱਚ ਇਸ ਤਰ੍ਹਾਂ ਦੇ ਖਤਰਿਆਂ ਦਾ ਪਤਾ ਨਹੀਂ ਸੀ। ਇਸ ਘਟਨਾ ਤੋਂ ਅਸੀਂ ਇਹ ਜਾਣਿਆ ਕਿ ਸਫ਼ਰ ਦੀ ਤਿਆਰੀ ਸਮੇਂ ਸਾਰੇ ਹਾਲਾਤ ਦਾ ਪਹਿਲਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਅਸੀਂ ਸਾਰਿਆਂ ਨੇ ਵਹਿਗੁਰੂ ਦਾ ਸ਼ੁਕਰ ਕੀਤਾ। ਉਸ ਤੋਂ ਅੱਗੇ ਟੁੱਟੇ ਸਾਈਕਲ ਦਾ ਚੱਲਣਾ ਮੁਸ਼ਕਿਲ ਸੀ। ਅਸੀਂ ਸਾਈਕਲ ਨੂੰ ਚੁੱਕ ਕੇ ਅਗਲੇ ਕਸਬੇ ਤਕ ਲੈ ਕੇ ਗਏ। ਉੱਥੇ ਮੁਰੰਮਤ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਸ੍ਰੀ ਨਗਰ ਗੜਵਾਲ ਹੀ ਠੀਕ ਹੋ ਸਕਦਾ ਸੀ। ਉਸ ਸਾਥੀ ਨੂੰ ਸਾਥੀ ਨੂੰ ਬੱਸ ਵਿੱਚ ਬਿਠਾ ਦਿੱਤਾ ਅਤੇ ਖੁਦ ਅੱਗੇ ਚਾਲੇ ਪਾ ਦਿੱਤੇ।
ਸਾਰੇ ਸਾਥੀ ਖਿਡਾਰੀ ਤੇ ਸਰੀਰਕ ਤੌਰ ’ਤੇ ਤਕੜੇ ਸਨ। ਰਾਤ ਚਮੋਲੀ ਰਹਿਣ ਦੀ ਬਜਾਏ ਅਸੀਂ ਉਸੇ ਦਿਨ ਤੁਰਦੇ ਗੋਬਿੰਦ ਘਾਟ ਆ ਪਹੁੰਚ ਗਏ। ਕਾਫੀ ਰਾਤ ਹੋ ਗਈ ਸੀ ਅਤੇ ਠੰਢ ਵੀ ਬਹੁਤ ਜ਼ਿਆਦਾ ਸੀ। ਸਾਨੂੰ ਸੌਣ ਲਈ ਜਗ੍ਹਾ ਬਾਹਰ ਬਰਾਂਡੇ ਵਿੱਚ ਮਿਲੀ। ਥਕਾਵਟ ਕਾਰਨ ਅਸੀਂ ਗੂੜ੍ਹੀ ਨੀਂਦ ਸੁੱਤੇ ਅਤੇ ਸਵੇਰੇ ਤਕ ਤਰੋਤਾਜ਼ਾ ਹੋ ਗਏ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਉੰਨੀ ਕਿਲੋਮੀਟਰ ਹੈ ਅਤੇ ਅੱਗੇ ਛੇ ਕਿਲੋਮੀਟਰ ਤੇ ਹੇਮਕੁੰਟ ਸਾਹਿਬ ਦਾ ਗੁਰਦਵਾਰਾ ਸਾਹਿਬ ਹੈ। ਅਗਲੇ ਦਿਨ ਅਸੀਂ ਗੋਬਿੰਦ ਧਾਮ ਪਹੁੰਚ ਗਏ। ਉਸ ਤੋਂ ਅਗਲੇ ਦਿਨ ਗੋਬਿੰਦ ਧਾਮ ਫੈਸਲਾ ਕੀਤਾ ਕਿ ਇੱਕ ਦਿਨ ਵਿੱਚ ਹੀ ਛੇ ਕਿਲੋਮੀਟਰ ਉੱਪਰ ਅਤੇ ਉੰਨੀ ਕਿਲੋਮੀਟਰ ਵਾਪਸੀ ਦਾ ਸਫਰ ਅੱਜ ਹੀ ਕੀਤਾ ਜਾਵੇਗਾ।
ਮਈ ਦੇ ਅੰਤ ਦੇ ਦਿਨ ਸਨ ਅਤੇ ਉੱਪਰ ਬਰਫ਼ਬਾਰੀ ਹੋ ਰਹੀ ਸੀ। ਸਾਡੇ ਕੋਲ ਸਿਰਫ ਸਧਾਰਨ ਕੱਪੜੇ ਸਨ। ਸਾਨੂੰ ਕੰਬਦੇ ਦੇਖ ਗੁਰਦੁਆਰਾ ਕਮੇਟੀ ਨੇ ਸਾਨੂੰ ਸੱਤਾਂ ਨੂੰ ਕੰਬਲ ਦੇ ਦਿੱਤੇ। ਅਸੀਂ ਰਸਤੇ ਵਿੱਚ ਖਾਣ ਪੀਣ ਦਾ ਕੰਮ ਖੁੱਲ੍ਹਾ ਰੱਖਿਆ ਸੀ, ਸੋ ਮਾਇਆ ਵਾਲੇ ਪਾਸੋਂ ਵੀ ਹੱਥ ਤੰਗ ਹੁੰਦਾ ਜਾ ਰਿਹਾ ਸੀ। ਹਾਲੇ ਸਾਈਕਲ ਦੀ ਰਿਪੇਅਰ ਵੀ ਕਰਵਾਉਣੀ ਸੀ। ਸੋ ਅਸੀਂ ਹੱਥ ਘੁੱਟ ਕੇ ਲੰਗਰ ’ਤੇ ਹੀ ਗੁਜ਼ਾਰਾ ਕਰਨ ਦਾ ਫੈਸਲਾ ਕਰ ਲਿਆ। ਅਸੀਂ ਉਸ ਦਿਨ ਪੂਰੀ ਤੇਜ਼ੀ ਨਾਲ ਉੱਪਰ ਚੜ੍ਹੇ। ਸਾਨੂੰ ਰਸਤੇ ਵਿੱਚ ਘੋੜਿਆਂ ਵਾਲਿਆਂ ਨੇ ਪੁੱਛਿਆ। ਇੱਕ ਤਾਂ ਸਾਡੀ ਜੇਬ ਆਗਿਆ ਨਹੀਂ ਦਿੰਦੀ ਸੀ, ਦੂਸਰਾ ਸਰੀਰਕ ਤੌਰ ’ਤੇ ਤਕੜੇ ਹੋਣ ਕਰਕੇ ਸਾਨੂੰ ਲੋੜ ਵੀ ਨਹੀਂ ਸੀ। ਅਸੀਂ ਉਨ੍ਹਾਂ ਦਾ ਮੁਕਾਬਲਾ ਕਰਦੇ ਘੋੜਿਆਂ ਵਾਲਿਆਂ ਦੇ ਬਰਾਬਰ ਹੀ ਉੱਪਰ ਪਹੁੰਚ ਗਏ।
ਅਸੀਂ ਦਰਸ਼ਨ ਕੀਤੇ ਅਤੇ ਵਾਪਸ ਚੱਲ ਪਏ। ਪਰ ਬਰਫ਼ ਦੀ ਸਲਾਈਡ ਫਿਸਲਣ ਨਾਲ ਰਸਤਾ ਬੰਦ ਹੋ ਗਿਆ ਅਤੇ ਯਾਤਰਾ ਕੁਝ ਸਮੇਂ ਲਈ ਰੁਕ ਗਈ। ਰਸਤਾ ਸਾਫ ਹੋਣ ’ਤੇ ਜਦੋਂ ਅਸੀਂ ਚੱਲੇ, ਦਿਨ ਕਾਫੀ ਢਲ ਚੁੱਕਿਆ ਸੀ। ਅਸੀਂ ਆਪਣੇ ਫੈਸਲੇ ਅਨੁਸਾਰ ਗੋਬਿੰਦ ਘਾਟ ਤਕ ਜਾਣ ਦਾ ਤਹਈਆ ਕਾਇਮ ਰੱਖਿਆ। ਰਸਤੇ ਵਿੱਚ ਹਨੇਰਾ ਹੋ ਗਿਆ ਅਤੇ ਲਗਭਗ ਛੇ ਸੱਤ ਕਿਲੋਮੀਟਰ ਪਹਿਲਾਂ ਹੀ ਹੱਥ ਨੂੰ ਹੱਥ ਦਿਖਾਈ ਦੇਣਾ ਬੰਦ ਹੋ ਗਿਆ। ਹੇਠਾਂ ਕਲ ਕਲ ਕਰਦੀ ਨਦੀ ਵਹਿ ਰਹੀ ਸੀ ਅਤੇ ਰਸਤਾ ਬਹੁਤ ਤੰਗ ਸੀ। ਸਾਡੇ ਨਾਲ ਅੱਗੇ ਪਿੱਛੇ ਕੋਈ ਨਹੀਂ ਸੀ। ਸਾਡੇ ਤਿੰਨ ਸਾਥੀ ਪਿੱਛੇ ਰਹਿ ਗਏ ਸਨ। ਅਸੀਂ ਚਾਰ ਜਣੇ ਹੀ ਜਾ ਰਹੇ ਸਾਂ। ਬਰਫਬਾਰੀ ਕਾਰਨ ਪੈਰ ਫਿਸਲ ਰਹੇ ਸਨ। ਉਸ ਦਿਨ ਇਹ ਵੀ ਸਮਝ ਲੱਗੀ ਕਿ ਹਾਲਾਤ ਅਨੁਸਾਰ ਯੋਜਨਾ ਵਿੱਚ ਫੇਰ ਬਦਲ ਕਰ ਲੈਣਾ ਚਾਹੀਦਾ ਹੈ।
ਰਾਤ ਨੂੰ ਪਹਾੜੀ ਰਸਤੇ ਉੱਪਰ ਚਲਣ ਵਿੱਚ ਬਹੁਤ ਕਠਿਨਾਈ ਆ ਰਹੀ ਸੀ। ਭੁੱਖ ਵੀ ਬਹੁਤ ਲੱਗੀ ਹੋਈ ਸੀ। ਅਸੀਂ ਇੱਕ ਢਾਬੇ ’ਤੇ ਜਾ ਰੁਕੇ। ਦੋ ਗਰੀਬ ਬੰਦੇ ਢਾਬੇ ’ਤੇ ਕੰਮ ਕਰ ਰਹੇ ਸਨ। ਢਾਬਾ ਸਰਕੜੇ ਅਤੇ ਤਰਪਾਲ ਦਾ ਆਰਜ਼ੀ ਜਿਹਾ ਬਣਿਆ ਹੋਇਆ ਸੀ। ਉਨ੍ਹਾਂ ਨੇ ਸਾਨੂੰ ਕਿਹਾ ਕਿ ਰਾਤ ਨੂੰ ਸਫ਼ਰ ਕਰਨਾ ਬਹੁਤ ਖ਼ਤਰਨਾਕ ਹੈ ਕਿਉਂਕਿ ਕਦੇ ਕਦੇ ਰਿੱਛ ਉੱਪਰੋਂ ਹੇਠਾਂ ਆ ਜਾਂਦੇ ਹਨ। ਉਹ ਆਦਮੀ ’ਤੇ ਹਮਲਾ ਵੀ ਕਰ ਦਿੰਦੇ ਹਨ। ਸਾਨੂੰ ਰਾਤ ਕੱਟਣ ਦਾ ਵੀ ਫ਼ਿਕਰ ਸੀ। ਦੋਵੇਂ ਬੰਦਿਆਂ ਨੇ ਸਾਨੂੰ ਉੱਥੇ ਹੀ ਰਾਤ ਕੱਟਣ ਲਈ ਆਖਿਆ। ਪਹਿਲਾਂ ਸਾਨੂੰ ਰੋਟੀ ਖਵਾਈ। ਕੱਦੂਆਂ ਦੀ ਸਬਜ਼ੀ ਉਸ ਦਿਨ ਬੇਹੱਦ ਸਵਾਦ ਲੱਗੀ। ਉਨ੍ਹਾਂ ਰਾਤ ਨੂੰ ਆਪਣੇ ਤੰਦੂਰ ਦੇ ਆਸੇ ਪਾਸੇ ਸਾਨੂੰ ਪਾਇਆ ਅਤੇ ਉਸ ਵਿੱਚ ਕਾਫ਼ੀ ਲੱਕੜਾਂ ਪਾ ਦਿੱਤੀਆਂ ਤਾਂ ਜੋ ਝੌਂਪੜੀ ਗਰਮ ਰਹੇ। ਕਾਫੀ ਸਾਰਾ ਹਿੱਸਾ ਧੂੰਏਂ ਲਈ ਖੁੱਲ੍ਹਾ ਰੱਖਿਆ। ਅਸੀਂ ਕੰਬਲਾਂ ਵਿੱਚ ਹੀ ਨਿੱਘ ਅਤੇ ਥਕਾਵਟ ਕਰਕੇ ਬੜੇ ਆਰਾਮ ਨਾਲ ਸੁੱਤੇ, ਭਾਵੇਂ ਬਾਹਰ ਬਰਫਬਾਰੀ ਹੋ ਰਹੀ ਸੀ। ਸਵੇਰੇ ਉੱਠ ਕੇ ਅਸੀਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਪੈਸੇ ਦਿੱਤੇ। ਉਨ੍ਹਾਂ ਨੇ ਸਾਥੋਂ ਬੜੇ ਜਾਇਜ਼ ਪੈਸੇ ਲਏ। ਸ਼ਾਇਦ ਉਨ੍ਹਾਂ ਨੂੰ ਸਾਡੀ ਗੱਲਬਾਤ ਤੋਂ ਸਾਡੇ ਪੈਸੇ ਘਟਣ ਦੀ ਗੱਲ ਦਾ ਪਤਾ ਲੱਗ ਗਿਆ ਸੀ। ਉਸ ਦਿਨ ਪਤਾ ਲੱਗਿਆ ਕਿ ਖੁੱਲ੍ਹੇ ਦਿਲ ਨਾਲ ਦੂਜਿਆਂ ਦੀ ਮਦਦ ਕਰਨ ਲਈ ਕਿਸੇ ਅਮੀਰੀ ਦੀ ਲੋੜ ਨਹੀਂ ਹੁੰਦੀ।
ਸਵੇਰੇ ਅਸੀਂ ਜਲਦੀ ਹੀ ਗੋਬਿੰਦ ਘਾਟ ਪਹੁੰਚ ਗਏ। ਸਾਡੇ ਸਾਥੀ ਵੀ ਤਿੰਨ ਘੰਟੇ ਕੁ ਬਾਅਦ ਸਾਡੇ ਨਾਲ ਆ ਰਲੇ। ਉਹ ਗੋਵਿੰਦ ਧਾਮ ਹੀ ਰੁਕ ਗਏ ਸਨ। ਅਸੀਂ ਫਿਰ ਸਫ਼ਰ ਸ਼ੁਰੂ ਕੀਤਾ। ਸਾਡੇ ਇਕ ਸਾਥੀ ਕੋਲ ਸਾਈਕਲ ਨਹੀਂ ਸੀ, ਅਸੀਂ ਉਸ ਨੂੰ ਬੱਸ ’ਤੇ ਬਿਠਾਉਣ ਲਈ ਬੱਸ ਸਟੈਂਡ ’ਤੇ ਗਏ। ਕੁਝ ਸਾਥੀਆਂ ਨੇ ਕਿਹਾ ਕਿ ਆਪਾਂ ਵੀ ਆਪਣੇ ਸਾਈਕਲ ਛੱਤ ਉੱਪਰ ਰੱਖ ਲੈਂਦੇ ਹਾਂ ਅਤੇ ਰਿਸ਼ੀਕੇਸ਼ ਜਾ ਕੇ ਅਗਲੀ ਯਾਤਰਾ ਸ਼ੁਰੂ ਕਰ ਲਵਾਂਗੇ। ਮੇਰੇ ਸਮੇਤ ਅੱਧੇ ਸਾਥੀਆਂ ਨੇ ਸਾਈਕਲ ’ਤੇ ਹੀ ਯਾਤਰਾ ਕਰਨ ਦੀ ਜ਼ਿੱਦ ਕੀਤੀ। ਕਾਫ਼ੀ ਵਾਦ ਵਿਵਾਦ ਤੋਂ ਬਾਅਦ ਫੈਸਲਾ ਸਾਈਕਲਾਂ ਉੱਤੇ ਜਾਣ ਦਾ ਫੈਸਲਾ ਹੋਇਆ ਤੇ ਅਸੀਂ ਆਪਣੇ ਸਾਥੀ ਨੂੰ ਕਿਹਾ ਕਿ ਉਹ ਸਾਈਕਲ ਬੱਸ ਉੱਪਰ ਰੱਖ ਕੇ ਸ੍ਰੀ ਨਗਰ ਗੜਵਾਲ ਪਹੁੰਚ ਜਾਵੇ, ਜਿੱਥੇ ਬੱਸ ਰਾਤ ਦਾ ਪੜਾਅ ਕਰੇਗੀ, ਸਾਈਕਲ ਦੀ ਮੁਰੰਮਤ ਕਰਵਾ ਲਵੇ। ਉਹ ਬੱਸ ਵਿੱਚ ਬੈਠ ਕੇ ਚਲਾ ਗਿਆ। ਅਸੀਂ ਸਾਈਕਲ ਲੈ ਕੇ ਤੁਰ ਪਏ ਤੇ ਹੌਲੀ ਹੌਲੀ ਮੰਜ਼ਲ ਵੱਲ ਨੂੰ ਵਧਣ ਲੱਗੇ। ਪੈਸੇ ਵੀ ਘਟਦੇ ਜਾ ਰਹੇ ਸਨ ਕਿਉਂਕਿ ਅਸੀਂ ਕਾਫੀ ਪੈਸੇ ਆਪਣੇ ਸਾਥੀ ਨੂੰ ਬੱਸ ਦੇ ਕਿਰਾਏ ਅਤੇ ਸਾਈਕਲ ਠੀਕ ਕਰਵਾਉਣ ਲਈ ਦੇ ਦਿੱਤੇ ਸਨ।
ਸਾਡਾ ਸਾਥੀ ਸ੍ਰੀ ਨਗਰ ਗੜਵਾਲ ਵਿਖੇ ਆਪਣਾ ਸਾਈਕਲ ਠੀਕ ਕਰਵਾ ਕੇ ਗੁਰਦੁਆਰਾ ਸਾਹਿਬ ਵਿਖੇ ਸਾਡਾ ਇੰਤਜ਼ਾਰ ਕਰਨ ਲੱਗਾ। ਦੂਜੇ ਦਿਨ ਅਸੀਂ ਵੀ ਉੱਥੇ ਪਹੁੰਚ ਗਏ। ਕਿਉਂਕਿ ਚੜ੍ਹਾਈ ਬਹੁਤ ਤਿੱਖੀ ਸੀ, ਅਸੀਂ ਰਾਤ ਰੁਕ ਕੇ ਆਰਾਮ ਕੀਤਾ ਅਤੇ ਅਗਲੇ ਦਿਨ ਚੱਲ ਪਏ। ਜਦੋਂ ਅਸੀਂ ਪੰਦਰਾਂ ਕਿਲੋਮੀਟਰ ਅੱਗੇ ਗਏ ਤਾਂ ਦੇਖਿਆ ਸੜਕ ਕਿਨਾਰੇ ਫੌਜ ਦੀਆਂ ਗੱਡੀਆਂ ਖੜ੍ਹੀਆਂ ਸਨ। ਸਾਨੂੰ ਪਤਾ ਲੱਗਾ ਕਿ ਇੱਕ ਬੱਸ ਸੈਂਕੜੇ ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ ਸੀ। ਉੱਥੇ ਰਾਹਤ ਕਾਰਜ ਪੂਰੇ ਜ਼ੋਰ ਨਾਲ ਚੱਲ ਰਹੇ ਸਨ ਅਤੇ ਪੀਪੇ ਵਾਂਗ ਟੁੱਟੀ ਬੱਸ ਖੱਡ ਵਿੱਚ ਡਿਗੀ ਬਹੁਤ ਛੋਟੀ ਦਿਖਾਈ ਦੇ ਰਹੀ ਸੀ। ਕਾਫੀ ਸਾਰੀਆਂ ਲਾਸ਼ਾਂ ਹੇਠੋਂ ਉੱਪਰ ਲਿਆਂਦੀਆਂ ਸੜਕ ਉੱਤੇ ਪਈਆਂ ਸਨ।
ਜਦੋਂ ਅਸੀਂ ਹੋਰ ਜਾਣਕਾਰੀ ਲਈ ਤਾਂ ਸਾਡੇ ਤੋਤੇ ਉੱਡ ਗਏ ਕਿਉਂਕਿ ਇਹ ਉਹ ਹੀ ਬੱਸ ਸੀ, ਜਿਸ ’ਤੇ ਚੜ੍ਹ ਕੇ ਰਿਸ਼ੀਕੇਸ਼ ਜਾਣ ਦੀ ਇੱਛਾ ਸਾਡੇ ਸਾਥੀਆਂ ਨੇ ਜ਼ਾਹਿਰ ਕੀਤੀ ਸੀ। ਸਾਡਾ ਸਾਥੀ ਸ੍ਰੀ ਨਗਰ ਗੜਵਾਲ ਤਕ ਇਸ ’ਤੇ ਆਇਆ ਸੀ। ਸਾਈਕਲਾਂ ਨੇ ਸਾਡੀ ਜਾਨ ਬਚਾ ਲਈ ਸੀ। ਇਹ ਦਰਦਨਾਕ ਮੰਜ਼ਰ ਦੇਖ ਕੇ ਸਾਡੇ ਇੱਕ ਸਾਥੀ ਨੂੰ ਬੁਖਾਰ ਚੜ੍ਹ ਗਿਆ। ਸਾਰੇ ਰਸਤੇ ਅਸੀਂ ਉਸ ਦੇ ਸਾਈਕਲ ਨੂੰ ਖ਼ੁਦ ਖਿੱਚ ਕੇ ਪਹਾੜ ਚੜ੍ਹਾਉਂਦੇ ਰਹੇ। ਤੀਜੇ ਦਿਨ ਹਰਿਦੁਆਰ ਪਹੁੰਚ ਕੇ ਉਸ ਦਾ ਹਫਤਾ ਇਲਾਜ ਕਰਵਾਇਆ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਉਸ ਨੇ ਸਾਨੂੰ ਹੱਥ ਦੇ ਕੇ ਰੱਖ ਲਿਆ ਸੀ। ਉਸ ਦਿਨ ਸੋਝੀ ਆਈ ਕਿ ਕੁਦਰਤ ਜੋ ਕਰਦੀ ਹੈ ਚੰਗਾ ਹੀ ਕਰਦੀ ਹੈ।
ਸਾਡੇ ਕੋਲ ਪੈਸੇ ਵੀ ਬਿਲਕੁਲ ਖਤਮ ਹੋ ਗਏ ਸਨ। ਹਰਿਦੁਆਰ ਸਾਡੇ ਸੱਤ ਜਣਿਆਂ ਕੋਲ ਸੌ ਰੁਪਏ ਬਚੇ ਸਨ। ਅਸੀਂ ਗੁਰਦੁਆਰੇ ਵਿੱਚੋਂ ਲੰਗਰ ਤਿਆਰ ਕਰ ਨਾਲ ਬੰਨ੍ਹਿਆ ਅਤੇ ਵਾਪਸ ਚੱਲ ਪਏ। ਨੈਨੀਤਾਲ ਅਤੇ ਬਾਕੀ ਯਾਤਰਾ ਪੈਸਿਆਂ ਬਿਨਾ ਪੂਰੀ ਕਰਨਾ ਸੰਭਵ ਨਹੀਂ ਸੀ। ਸਾਰੇ ਜਣੇ ਡਰੇ ਹੋਏ ਵੀ ਸੀ। ਬਹੁਤ ਥੋੜ੍ਹੇ ਪੈਸਿਆਂ ਨਾਲ ਅਸੀਂ ਉੱਨੀ ਦਿਨਾਂ ਵਿੱਚ ਯਾਤਰਾ ਪੂਰੀ ਕੀਤੀ। ਗੁਰੂ ਨਾਨਕ ਦੇਵ ਜੀ ਦੇ ਚਲਾਏ ਲੰਗਰ ਇਸ ਨੂੰ ਪੂਰਾ ਕਰਨ ਵਿੱਚ ਸਹਾਈ ਹੋਏ।
ਜਦੋਂ ਅਸੀਂ ਆਪਣੇ ਘਰ ਪਹੁੰਚੇ ਤਾਂ ਇੱਕ ਵਾਰ ਫੇਰ ਸਾਰੀਆਂ ਘਟਨਾਵਾਂ ਮੇਰੇ ਮੂਹਰੇ ਆ ਪ੍ਰਗਟ ਹੋਇਆ। ਇਸ ਸਫ਼ਰ ਨੇ ਅਕਹਿ ਅਨੰਦ ਵੀ ਦਿੱਤਾ ਅਤੇ ਡਰਾਇਆ ਵੀ ਬਹੁਤ ਸੀ। ਇਸ ਤਰ੍ਹਾਂ ਲੱਗਿਆ ਕਿ ਪਰਮਾਤਮਾ ਸਾਡੇ ਨਾਲ ਹੀ ਵਿਚਰ ਰਹੇ ਹੋਣ ਅਤੇ ਹਰ ਦੁਰਘਟਨਾ ਤੋਂ ਸਾਨੂੰ ਬਚਾ ਰਹੇ ਹੋਣ। ਇਹ ਸਫ਼ਰ ਮੈਂਨੂੰ ਜ਼ਿੰਦਗੀ ਦੇ ਕਈ ਅਹਿਮ ਸਬਕ ਪੜ੍ਹਾ ਗਿਆ, ਜਿਹੜੇ ਮੇਰੇ ਅਗਲੇ ਸਫ਼ਰਾਂ ਅਤੇ ਜੀਵਨ ਵਿੱਚ ਬਹੁਤ ਸਹਾਈ ਹੋਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2196)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)