“ਸਾਮ, ਦਾਮ, ਦੰਡ, ਭੇਦ ਵਿੱਚ ਮਾਹਿਰ ਭਾਜਪਾ ਪਹਿਲਾਂ ਪਿਆਰ ਨਾਲ ਆਪਣੇ ਵਿੱਚ ਮਿਲਾਉਣ ਦੀ ...”
(22 ਮਾਰਚ 2024)
ਇਸ ਸਮੇਂ ਪਾਠਕ: 225.
ਛੋਟੀਆਂ ਵੱਡੀਆਂ 40 ਪਾਰਟੀਆਂ ਮਿਲਾ ਕੇ ਇੱਕ ਸਾਂਝਾ ਗਠਬੰਧਨ ਇੰਡੀਆ ਬਣਿਆ, ਜਿਸਦਾ ਮੂਲ ਮੰਤਵ ਸੀ ਅਤੇ ਹੈ ਕਿ ਭਾਰਤ ਨੂੰ ਫਾਸ਼ੀਵਾਦ ਤੋਂ ਬਚਾਇਆ ਜਾਵੇ, ਭਾਰਤ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਏਕਾਅਧਿਕਾਰ ਵਾਲੀ ਪਾਰਟੀ ਤੋਂ ਅਜ਼ਾਦ ਕਰਵਾਇਆ ਜਾਵੇ ਅਤੇ ਭਾਰਤੀ ਸੰਵਿਧਾਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਇਹ ਸਭ ਕੁਝ ਕਰਨ ਲਈ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨ ਡੀ ਏ, ਮਤਲਬ ਨੈਸ਼ਨਲ ਡੈਮੋਕਰੈਟਿਕ ਅਲਾਇੰਸ, ਜਿਹੜਾ ਕਿ ਕਾਫੀ ਦੇਰ ਤੋਂ ਨਾਨ ਡੈਮੋਕਰੈਟਿਕ ਅਲਾਇੰਸ ਬਣ ਚੁੱਕਿਆ ਹੈ, ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਏ। ਮਮਤਾ ਬੈਨਰਜੀ ਨੇ ਵੀ ਤ੍ਰਿਣ ਮੂਲ ਕਾਂਗਰਸ ਨੂੰ ਇੰਡੀਆ ਗਠਬੰਧਨ ਵਿੱਚ ਸ਼ਾਮਿਲ ਕੀਤਾ ਸੀ। ਇੰਡੀਆ ਗਠਬੰਧਨ ਦੀ ਕੋਸ਼ਿਸ਼ ਇਹੋ ਰਹੀ ਹੈ ਕਿ ਜਿਸ ਖੇਤਰ ਵਿੱਚ ਗਠਬੰਧਨ ਵਾਲੀ ਜਿਸ ਪਾਰਟੀ ਦਾ ਪ੍ਰਭਾਵ ਹੈ, ਉਸ ਖੇਤਰ ਵਿੱਚ ਉਸ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰਨ ਦਿੱਤਾ ਜਾਵੇ। ਇੱਕ ਸੂਬੇ ਵਿੱਚ ਗਠਬੰਧਨ ਵਾਲੀਆਂ ਪਾਰਟੀਆਂ ਦੇ ਦੋ ਜਾਂ ਦੋ ਤੋਂ ਵੱਧ ਪ੍ਰਭਾਵ ਖੇਤਰ ਹੋ ਸਕਦੇ ਹਨ। ਜਦੋਂ ਸਾਰੇ ਸਹਿਯੋਗੀ ਇਸ ਵਿਚਾਰ ਨਾਲ ਇਕੱਠੇ ਹੋ ਗਏ ਕਿ ਹੋਰ ਮਸਲੇ ਬਾਅਦ ਵਿੱਚ ਵਿਚਾਰੇ ਜਾਣਗੇ, ਆਪਣਾ ਪਹਿਲਾ ਮਕਸਦ ਦੇਸ਼ ਨੂੰ ਫਾਸ਼ੀਵਾਦ ਤੋਂ ਬਚਾਉਣਾ ਹੈ ਤਾਂ ਸਹਿਯੋਗੀਆਂ ਨੂੰ ਆਪਣੇ ਆਪਸੀ ਪਿਛਲੇ ਕੌੜੇ ਤਜਰਬਿਆਂ ਨੂੰ ਭੁੱਲ ਕੇ ਕੇਵਲ ਇਕੱਠੇ ਰਹਿਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਮਮਤਾ ਬੈਨਰਜੀ ਦੇ ਸੰਬੰਧ ਮਾਰਕਸੀ ਪਾਰਟੀ ਨਾਲ ਸੁਖਾਵੇਂ ਨਹੀਂ ਰਹੇ ਪਰ ਇਸ ਲਈ ਇੰਡੀਆ ਗਠਬੰਧਨ ਤੋਂ ਅਲੱਗ ਹੋ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ।
ਮਮਤਾ ਬੈਨਰਜੀ ਨੂੰ 2021 ਵਿੱਚ ਸਿੰਘੂ ਬਾਰਡਰ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਦੀ ਸੋਚ ਤੋਂ ਹੀ ਸੇਧ ਲੈ ਲੈਣੀ ਚਾਹੀਦੀ ਹੈ। ਸਤਲੁਜ ਯਮੁਨਾ ਨਹਿਰ ਦੇ ਮਸਲੇ ’ਤੇ ਜਦੋਂ ਭਾਜਪਾ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਹਰਿਆਣਾ ਦੇ ਕਿਸਾਨ ਆਗੂਆਂ ਨੇ ਤੁਰੰਤ ਕਿਹਾ ਸੀ ਕਿ ਸਾਡਾ ਪਹਿਲਾ ਮੁੱਦਾ ਐੱਮ ਐੱਸ ਪੀ ਸਮੇਤ ਬਾਕੀ ਕਿਸਾਨੀ ਮੰਗਾਂ ਨੂੰ ਮਨਵਾਉਣਾ ਹੈ, ਪਾਣੀ ਦੇ ਮਸਲੇ ਬਾਰੇ ਅਸੀਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਮਿਲ ਬੈਠ ਕੇ ਬਾਅਦ ਵਿੱਚ ਸੁਲਝਾ ਲਵਾਂਗੇ। ਇਸੇ ਤਰ੍ਹਾਂ ਮਮਤਾ ਦੇ ਸੰਬੰਧ ਮਾਰਕਸੀ ਪਾਰਟੀ ਨਾਲ ਕਿਸ ਤਰ੍ਹਾਂ ਦੇ ਰਹੇ ਹਨ, ਬੰਗਾਲ ਦਾ ਮੁੱਖ ਮੰਤਰੀ ਕੌਣ ਬਣਦਾ ਹੈ ਜਾਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਬਣਦਾ ਹੈ, ਇਸ ਵਿਚਾਰ ਨੂੰ ਲਾਂਭੇ ਰੱਖ ਕੇ ਇੱਕੋ ਇੱਕ ਸੋਚ ਅਪਣਾਉਣੀ ਚਾਹੀਦੀ ਹੈ ਕਿ ਭਾਰਤ ਵਿੱਚੋਂ ਡਿਕਟੇਟਰਸ਼ਿੱਪ ਖਤਮ ਕਰਕੇ ਲੋਕਤੰਤਰ ਨੂੰ ਬਹਾਲ ਕਰਨਾ ਹੈ ਅਤੇ ਅਜਿਹਾ ਕਰਕੇ ਹੀ ਸਾਰੀਆਂ ਪਾਰਟੀਆਂ ਅਤੇ ਸੰਵਿਧਾਨ ਬਚਿਆ ਰਹੇਗਾ, ਨਹੀਂ ਤਾਂ ਹੋ ਸਕਦਾ ਹੈ ਕਿ 2024 ਤੋਂ ਬਾਅਦ ਮੁੜ ਕੇ ਕਦੇ ਚੋਣਾਂ ਹੀ ਨਾ ਹੋਣ ਅਤੇ ਸੰਵਿਧਾਨ ਦੀ ਥਾਂ ਮਨੂ ਸਮ੍ਰਿਤੀ ਆ ਜਾਵੇ।
ਜੇਕਰ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਤਿੰਨ ਵਾਰ ਲਗਾਤਾਰ ਜਿੱਤ ਕੇ ਆਉਣ ਦਾ ਹੰਕਾਰ ਹੈ ਤਾਂ ਇਸ ਹੰਕਾਰ ਨੂੰ ਤਿਆਗ ਦੇਣ ਵਿੱਚ ਹੀ ਉਸਦੀ, ਤ੍ਰਿਣਮੂਲ ਕਾਂਗਰਸ ਦੀ ਅਤੇ ਦੇਸ਼ ਦੀ ਭਲਾਈ ਹੈ। ਮਮਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ 2011 ਵਿੱਚ 34 ਸਾਲ ਤੋਂ ਲਗਾਤਾਰ ਰਾਜ ਕਰਦੇ ਆ ਰਹੇ ਲੈਫਟ ਫਰੰਟ ਨੂੰ ਹਰਾ ਕੇ ਸੱਤਾ ਵਿੱਚ ਆਈ ਸੀ।
ਇਹ ਮਮਤਾ ਲਈ ਮਾਣ ਵਾਲੀ ਗੱਲ ਸੀ ਪਰ ਹੰਕਾਰ ਵਾਲੀ ਗੱਲ ਨਹੀਂ ਹੈ। ਮਾਣ ਅਤੇ ਹੰਕਾਰ ਵਿਚਕਾਰ ਇੱਕ ਬੜੀ ਬਰੀਕ ਲਾਈਨ ਹੁੰਦੀ ਹੈ ਜਿਸ ਨੂੰ ਪਾਰ ਕਰਨ ਵਾਲੇ ਹਮੇਸ਼ਾ ਧੋਖਾ ਖਾਂਦੇ ਹਨ। ਮਮਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕੇਵਲ ਤਿੰਨ ਵਾਰ ਲਗਾਤਾਰ ਸੱਤਾ ਵਿੱਚ ਆਈ ਹੈ ਜਦਕਿ ਲੈਫਟ ਫਰੰਟ ਸੱਤ ਵਾਰ ਸੱਤਾ ਵਿੱਚ ਆਇਆ ਹੈ। ਪੰਜ ਵਾਰ ਜਯੋਤੀ ਬਾਸੂ ਮੁੱਖ ਮੰਤਰੀ ਅਤੇ ਦੋ ਵਾਰ ਬੁੱਧ ਦੇਵ ਭੱਟਾਚਾਰਿਆ ਮੁੱਖ ਮੰਤਰੀ ਬਣੇ ਅਤੇ ਕੁੱਲ ਮਿਲਾ ਕੇ ਉਹ 1977 ਤੋਂ 2011 ਤਕ 34 ਸਾਲ ਸੱਤਾ ਵਿੱਚ ਰਹੇ। ਜੇਕਰ ਸੱਤ ਵਾਰ ਸੱਤਾ ਵਿੱਚ ਆਉਣ ਵਾਲੇ ਹੁਣ ਆਪਣੀ ਹੋਂਦ ਕਾਇਮ ਰੱਖਣ ਲਈ ਯਤਨ ਕਰ ਰਹੇ ਹਨ ਤਾਂ ਕੀ ਇੰਡੀਆ ਗਠਬੰਧਨ ਤੋਂ ਬਿਨਾਂ ਮਮਤਾ ਇਕੱਲੀ ਆਪਣੀ ਸੱਤਾ ਕਾਇਮ ਰੱਖ ਸਕੇਗੀ ਜਦਕਿ ਐੱਨ ਡੀ ਏ ਜਿੱਤੀਆਂ ਹੋਈਆਂ ਸਰਕਾਰਾਂ ਦੇ ਵਿਧਾਇਕ ਖਰੀਦ ਕੇ ਆਪਣੀਆਂ ਸਰਕਾਰਾਂ ਬਣਾ ਰਹੀ ਹੈ? ਸਾਮ, ਦਾਮ, ਦੰਡ, ਭੇਦ ਵਿੱਚ ਮਾਹਿਰ ਭਾਜਪਾ ਪਹਿਲਾਂ ਪਿਆਰ ਨਾਲ ਆਪਣੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ, ਜੇਕਰ ਨਾ ਮੰਨੇ ਤਾਂ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀ ਹੈ, ਜੇਕਰ ਫਿਰ ਵੀ ਗੱਲ ਨਾ ਬਣੇ ਤਾਂ ਵਿਰੋਧੀ ਪਾਰਟੀ ਦੇ ਵਿਧਾਇਕਾਂ ਜਾਂ ਐੱਮ ਪੀਜ਼ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਜੇਕਰ ਸਾਰੇ ਹਥਕੰਡੇ ਫੇਲ ਹੋ ਜਾਣ ਸੀ. ਬੀ. ਆਈ, ਐੱਨ. ਆਈ. ਏ, ਈ. ਡੀ, ਆਈ ਟੀ ਉਸ ਨੂੰ ਦੰਡ ਦੇਣ ਲਈ ਉਸ ਦੇ ਮਗਰ ਲਗਾ ਦਿੱਤੇ ਜਾਂਦੇ ਹਨ। ਕੀ ਅਜਿਹੀ ਹਾਲਤ ਵਿੱਚ ਕੋਈ ਗਰੰਟੀ ਹੈ ਕਿ ਮਮਤਾ ਦੀ ਸਰਕਾਰ ਟਿਕਣ ਦਿੱਤੀ ਜਾਵੇਗੀ? ਜਿਸ ਵੇਲੇ ਭਾਜਪਾ ਆਪਣੀ ਹੋਂਦ ਕਾਇਮ ਰੱਖਣ ਲਈ ਰਾਮ ਮੰਦਿਰ, ਮੂਰਤੀਆਂ, ਯੂਨੀਫਾਰਮ ਸਿਵਲ ਕੋਡ, ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਚੋਣਾਂ ਤੋਂ ਐਨ ਪਹਿਲਾਂ ਚੋਣ ਕਮਿਸ਼ਨਰ ਤੋਂ ਅਸਤੀਫਾ ਦਿਵਾਉਣਾ ਜਾਂ ਮੁੱਖ ਮੰਤਰੀ ਬਦਲਣ ਵਰਗੇ ਠੁੰਮਣੇ ਦੇ ਰਹੀ ਹੈ, ਉਸ ਵੇਲੇ ਤ੍ਰਿਣ ਮੂਲ ਕਾਂਗਰਸ ਵੀ ਭਾਜਪਾ ਦਾ ਇੱਕ ਠੁੰਮਣਾ ਨਾ ਬਣ ਕੇ ਰਹਿ ਜਾਏ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਹੈ ਕਿ ਸਾਡੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਹਨ, ਨਾਮਜ਼ਦਗੀਆਂ ਵਾਪਸ ਲੈਣ ਤੋਂ ਪਹਿਲਾਂ ਕਿਸੇ ਸਮੇਂ ਵੀ ਤ੍ਰਿਣਮੂਲ ਨਾਲ ਗਠਜੋੜ ਹੋ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4826)
(ਸਰੋਕਾਰ ਨਾਲ ਸੰਪਰਕ ਲਈ: (