VishvamitterBammi7ਸਾਵਰਕਰ, ਜਿਸ ਨੂੰ ਸੰਘ ਪਰਿਵਾਰ ਵੀਰ ਕਹਿੰਦਾ ਹੈ, ਸੱਤ ਵਾਰ ਮੁਆਫ਼ੀ ਮੰਗ ਕੇ ਜੇਲ ਵਿੱਚੋਂ ਬਾਹਰ ...
(26 ਅਕਤੂਬਰ 2019)

 

ਕੁਝ ਹੀ ਦਿਨਾਂ ਬਾਅਦ ਹੋ ਸਕਦਾ ਹੈ ਸਾਵਰਕਰ ਨੂੰ ਮਰਨੋ ਉਪਰੰਤ ਭਾਰਤ ਰਤਨ ਪੁਰਸਕਾਰ ਮਿਲ ਜਾਏਗਾ ਜੋ ਕਿ ਦੇਸ਼ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈਉਹ ਸਨਮਾਨ ਲੈਣ ਦਾ ਹੱਕਦਾਰ ਹੋਵੇ ਜਾਂ ਨਾ ਹੋਵੇ ਪਰ ਕਿਉਂਕਿ ਉਸ ਦੇ ਵਿਚਾਰਾਂ ਵਾਲੀ ਪਾਰਟੀ ਇਸ ਵੇਲੇ ਲਗਭਗ ਪੂਰਣ ਬਹੁਮਤ ਵਿੱਚ ਹੈ ਅਤੇ ਇਸੇ ਬਹੁਮਤ ਦੇ ਆਸਰੇ ਇਸ ਪਾਰਟੀ ਨੇ ਸੱਤਾ ਵਿੱਚ ਆਉਂਦੇ ਹੀ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਜੋ ਕਿ ਕਾਨੂੰਨੀ ਢੰਗ ਨਾਲ ਸਹੀ ਹੋਣ ਜਾਂ ਨਾ ਹੋਣ ਪਰ ਨੈਤਿਕ ਰੂਪ ਵਿੱਚ ਸਹੀ ਨਹੀਂ ਸਨਇਸ ਲਈ ਕੋਈ ਅਚੰਭਾ ਨਹੀਂ ਹੋਵੇਗਾ ਜਦੋਂ ਸਾਵਰਕਰ ਨੂੰ ਭਾਰਤ ਰਤਨ ਦੇ ਦਿੱਤਾ ਜਾਏਗਾ

ਵੀਰ ਸਾਵਰਕਰ ਦੇ ਭਾਰਤ ਰਤਨ ਦਾ ਹੱਕਦਾਰ ਹੋਣ ਜਾਂ ਨਾ ਹੋਣ ਦੀ ਗੱਲ ਤੋਂ ਪਹਿਲਾਂ ਇਹ ਵੀ ਵਿਚਾਰ ਲੈਣਾ ਜ਼ਰੂਰੀ ਹੈ ਕਿ ਕੀ ‘ਵੀਰ ਸਾਵਰਕਰ’ ਵਾਕਿਆ ਹੀ ਵੀਰ (ਬਹਾਦਰ) ਸੀਕਾਲੇ ਪਾਣੀ ਦੀ ਸਜ਼ਾ ਕੇਵਲ ਉਸ ਨੂੰ ਹੀ ਨਹੀਂ ਹੋਈ ਸੀ, ਅੰਡੇਮਾਨ ਦੀ ਸੈਲੂਲਰ ਜੇਲ, ਜਿਸ ਨੂੰ ਕਾਲਾ ਪਾਣੀ ਵੀ ਕਹਿੰਦੇ ਹਨ, ਵਿੱਚ ਅੱਸੀ ਹਜ਼ਾਰ ਮੁਹੱਬੇ ਵਤਨ ਰਾਜਨੀਤਿਕ ਕੈਦ ਸਨ ਜਿਹਨਾਂ ਵਿੱਚੋਂ ਸਤਾਸੀਆਂ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਕਿੰਨੇ ਹੀ ਜਿਨ੍ਹਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ. ਉਹ ਗੋਲੀ ਨਾਲ ਮਾਰੇ ਗਏ ਅਤੇ ਕਿੰਨੇ ਹੀ ਅੰਤਾਂ ਦਾ ਤਸ਼ੱਦਤ ਨਾ ਸਹਿੰਦੇ ਹੋਏ ਮਾਰੇ ਗਏਕੋਈ ਦੋ ਕੈਦੀ ਇਕੱਠੇ ਨਹੀਂ ਰਹਿ ਸਕਦੇ ਸਨਜਿਹੜੇ ਇਕੱਠੇ ਰੱਖੇ ਵੀ ਗਏ, ਉਹ ਵੀ ਉਹ ਸਨ ਜੋ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਸਕਦੇ ਸਨਫ਼ਰਾਰ ਹੋਣ ਦਾ ਮੌਕਾ ਹੀ ਨਹੀਂ ਸੀ ਅਤੇ ਜਿਸ ਕਿਸੇ ਨੇ ਨੱਠਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੋਲੀ ਮਾਰ ਦਿੱਤੀ ਗਈ ਜਾਂ ਫਾਂਸੀ ਦੇ ਦਿੱਤੀ ਗਈਜੇ ਉਸ ਜੇਲ ਵਿੱਚ ਹੁੰਦੇ ਤਸ਼ੱਦਦਾਂ, ਅਣਮਨੁੱਖੀ ਹਾਲਾਤ ਅਤੇ ਦਿਲ ਕੰਬਾਊ ਤਸੀਹਿਆਂ ਦੇ ਸਾਰੇ ਵੇਰਵੇ ਦਿੱਤੇ ਜਾਣ ਤਾਂ ਇੱਕ ਅਲੱਗ ਲੇਖ ਬਣਦਾ ਹੈ ਪਰ ਸਾਵਰਕਰ, ਜਿਸ ਨੂੰ ਸੰਘ ਪਰਿਵਾਰ ਵੀਰ ਕਹਿੰਦਾ ਹੈ, ਸੱਤ ਵਾਰ ਮੁਆਫ਼ੀ ਮੰਗ ਕੇ ਜੇਲ ਵਿੱਚੋਂ ਬਾਹਰ ਆਇਆਕੀ ਅਜਿਹੇ ਸ਼ਖ਼ਸ ਦੇ ਨਾਮ ਨਾਲ ਸ਼ਬਦ ਵੀਰ ਲਗਾਉਣਾ ਸ਼ੋਭਦਾ ਹੈ? ਇਹ ਪਾਠਕ ਖੁਦ ਨਿਰਣਾ ਕਰਨ

“ਜੇਕਰ ਹਿਜ਼ ਮਜੈਸਟੀ ਮੈਂਨੂੰ ਰਿਹਾ ਕਰ ਦੇਵੇ ਤਾਂ ਮੈਂ ਬ੍ਰਿਟਿਸ਼ ਸਰਕਾਰ ਦਾ ਵਫ਼ਾਦਾਰ ਰਹਾਂਗਾ ਅਤੇ ਜਦ ਤਕ ਸਰਕਾਰ ਚਾਹੇਗੀ ਤਦ ਤਕ ਮੈਂ ਕਿਸੇ ਵੀ ਫਿਰਕਾਦਾਰਾਨਾ ਜਾਂ ਸਿਆਸੀ ਸਰਗਰਮੀ ਤੋਂ ਦੂਰ ਰਹਾਂਗਾ” ਇਹ ਸੀ ਉਹ ਮਾਫ਼ੀਨਾਮਾ ਜੋ ਸਾਵਰਕਰ ਨੇ ਆਖਰੀ ਵਾਰ ਅੰਗ੍ਰੇਜ਼ ਸਰਕਾਰ ਨੂੰ ਦਿੱਤਾ, ਫ਼ਰਿਆਦ ਕੀਤੀ ਅਤੇ ਗਿੜਗਿੜਾਇਆ ਅਤੇ ਅੰਗ੍ਰੇਜ਼ ਸਰਕਾਰ ਨੇ ਇਸ ਨੂੰ ਰਿਹਾ ਕਰ ਦਿੱਤਾ

ਹੁਣ ਸੰਘ ਦੇ ਕਈ ਬੁੱਧੀਮਾਨ ਮਾਫ਼ੀ ਮੰਗ ਕੇ ਬਾਹਰ ਆਉਣ ਨੂੰ ਯੁੱਧਨੀਤੀ ਕਹਿ ਰਹੇ ਹਨਕੁਝ ਸੰਘ ਪਰਿਵਾਰ ਵਾਲੇ ਇਹ ਵੀ ਕਹਿ ਰਹੇ ਹਨ ਕਿ ਜੇਲ ਵਿੱਚ ਸਾਰਾ ਜੀਵਨ ਗਾਲਣ ਦੀ ਬਜਾਏ ਮਾਫ਼ੀ ਮੰਗ ਕੇ ਅਤੇ ਬਾਹਰ ਆ ਕੇ ਦੇਸ਼ ਦੀ ਆਜ਼ਾਦੀ ਲਈ ਲੜਨਾ ਸੌ ਦਰਜੇ ਚੰਗਾ ਸੀਇਹ ਕਿਹੋ ਜਿਹੀ ਯੁੱਧ ਨੀਤੀ ਸੀ ਜਾਂ ਦੇਸ਼ ਦੀ ਆਜ਼ਾਦੀ ਲਈ ਕੰਮ ਸੀ? ਜੇ ਇਹ ਇਹੋ ਮਨਸ਼ਾ ਸੀ ਤਾਂ ਬਾਹਰ ਆ ਕੇ ਸਾਵਰਕਰ ਨੂੰ ਖੁੱਲ੍ਹੇ ਰੂਪ ਵਿੱਚ ਜਾਂ ਗੁਪਤ ਰੂਪ ਵਿੱਚ ਅੰਗ੍ਰੇਜ਼ੀ ਹਕੂਮਤ ਦੇ ਵਿਰੁੱਧ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰਨਾ ਚਾਹੀਦਾ ਸੀਆਜ਼ਾਦੀ ਲਈ ਸੰਘਰਸ਼ ਕਰਨ ਦੀ ਬਜਾਏ ਉਸ ਨੇ ਪਹਿਲੀ ਵਾਰ ਦੋ ਰਾਸ਼ਟਰਾਂ ਦਾ ਅਨੋਖਾ ਹੀ ਸਿਧਾਂਤ ਦੇ ਮਾਰਿਆ ਕਿ ‘ਹਿੰਦੂ ਅਤੇ ਮੁਸਲਮਾਨ ਦੋ ਰਾਸ਼ਟਰ ਹਨ ਜੋ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ’ ਅੰਗ੍ਰੇਜ਼ ਤਾਂ ਪਹਿਲਾਂ ਹੀ ਜਾਣ ਸਮੇਂ ਭਾਰਤ ਦੇ ਟੋਟੇ ਕਰਨਾ ਚਾਹੁੰਦੇ ਸਨਇਸ ਸਿਧਾਂਤ ਨੇ ਅੰਗ੍ਰੇਜ਼ਾਂ ਦਾ ਕੰਮ ਸੁਖਾਲਾ ਕਰ ਦਿੱਤਾਸਾਵਰਕਰ ਵੱਲੋਂ ਹਿੰਦੂ ਮੁਸਲਮਾਨ ਦੋ ਰਾਸ਼ਟਰ ਐਲਾਨਣ ਤੋਂ ਤੁਰੰਤ ਬਾਅਦ ਮੁਹੰਮਦ ਅਲੀ ਜਿੰਨਾਹ ਨੇ ਕਿਹਾ ਕਿ ਉਹ ਸਾਵਰਕਰ ਦੇ ਸਿਧਾਂਤ ਨਾਲ ਪੂਰੀ ਤਰ੍ਹਾਂ ਸਹਿਮਤ ਹੈਭਾਰਤ ਦੀ ਵੰਡ ਜਿਸ ਨਾਲ ਲੱਖਾਂ ਲੋਕ ਮਾਰੇ ਗਏ, ਬੇਘਰ ਹੋ ਗਏ ਪਰ ਅੰਗ੍ਰੇਜ਼ਾਂ ਦਾ ਇੱਥੋਂ ਜਾਣ ਵੇਲੇ ਵਾਲ ਵੀ ਵਿੰਗਾ ਨਾ ਹੋਇਆ ਜਦ ਕਿ ਬਜਬਜ ਘਾਟ, ਗਦਰ ਪਾਰਟੀ, ਅੰਡੇਮਾਨ ਜੇਲ, ਜਲਿਆਂਵਾਲਾ ਬਾਗ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਿਨ ਪਾਰਟੀ ਦੇ ਕਾਰਕੁਨਾਂ ਨੂੰ ਗੋਲੀਆਂ ਮਾਰਨ ਅਤੇ ਫ਼ਾਂਸੀਆਂ ਦੇਣ ਕਾਰਣ ਭਾਰਤੀ ਭਰੇ ਪੀਤੇ ਸਨ ਅਤੇ ਫ਼ੌਜ ਨਾਲ ਮਿਲ ਕੇ ਜਨਤਾ ਇੱਥੋਂ ਅੰਗ੍ਰੇਜ਼ਾਂ ਨੂੰ ਸੁੱਕੇ ਨਾ ਜਾਣ ਦਿੰਦੀ

ਜਿਸ ਵਿੱਚ ਇੱਕ ਵਾਰ ਗੱਦਾਰੀ ਦੇ ਕਿਰਮ ਆ ਜਾਣ ਉਹ ਕੇਵਲ ਦੇਸ਼ ਨਾਲ ਹੀ ਗੱਦਾਰੀ ਨਹੀਂ ਕਰਦਾ ਬਲਕਿ ਆਪਣੇ ਸਾਥੀਆਂ ਨਾਲ ਵੀ ਗੱਦਾਰੀ ਕਰ ਜਾਂਦਾ ਹੈਗਾਂਧੀ ਦੇ ਰੋਲ ਬਾਰੇ ਮਤਭੇਦ ਹੋ ਸਕਦੇ ਹਨ ਕਿ ਉਹ ਕਿਹੜੇ ਤਰੀਕੇ ਨਾਲ ਅਤੇ ਕਿਹੋ ਜਿਹੀ ਆਜ਼ਾਦੀ ਚਾਹੁੰਦਾ ਸੀ ਪਰ ਇਸ ਤੱਥ ਉੱਤੇ ਕੋਈ ਮਤਭੇਦ ਨਹੀਂ ਕਿ ਉਸ ਨੂੰ ਉਸ ਦੇ ਆਜ਼ਾਦੀ ਬਾਰੇ ਰੋਲ ਕਾਰਣ ਗੋਲੀ ਨਹੀਂ ਮਾਰੀ ਗਈ ਬਲਕਿ ਇਸ ਕਾਰਣ ਗੋਲੀ ਮਾਰੀ ਗਈ ਕਿ ਉਹ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਨੂੰ ਭਰਾ ਭਰਾ ਸਮਝਦਾ ਸੀ ਅਤੇ ਅਜ਼ਾਦ ਭਾਰਤ ਵਿੱਚ ਦੋਹਾਂ ਨੂੰ ਬਰਾਬਰ ਦੇ ਹੱਕਦਾਰ ਸਮਝਦਾ ਸੀਗਾਂਧੀ ਕਤਲ ਕੇਸ ਵਿੱਚ ਚਾਰ ਮੁਲਜ਼ਮ ਤੈਅ ਕੀਤੇ ਗਏ1. ਸਾਵਰਕਰ, 2. ਗੋਡਸੇ, 3. ਆਪਟੇ, 4. ਬੜਗੇਕੇਸ ਦੀ ਸੁਣਵਾਈ ਵੇਲੇ ਦਿਲਚਸਪ ਗੱਲ ਇਹ ਸੀ ਕਿ ਮੁਲਜ਼ਮ ਨੰਬਰ 2, 3 ਅਤੇ 4 ਆਪਸ ਵਿੱਚ ਹੱਥ ਮਿਲਾ ਰਹੇ ਸਨ, ਇੱਕ ਦੂਜੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲਾਂ ਕਰ ਰਹੇ ਸਨ ਜਦ ਕਿ ਸਾਵਰਕਰ ਨੇ ਆਪਣੇ ਕਿਸੇ ਸਾਥੀ ਦੀ ਅੱਖ ਨਾਲ ਅੱਖ ਨਹੀਂ ਮਿਲਾਈ ਅਤੇ ਕੇਵਲ ਆਪਣੇ ਬਚਾਅ ਲਈ ਹੀ ਸਫ਼ਾਈਆਂ ਦਿੰਦਾ ਰਿਹਾਸਾਵਰਕਰ ਨੇ ਗਾਂਧੀ ਕਤਲ ਦਾ ਛੜਯੰਤਰ ਰਚਣ ਤੋਂ ਪਹਿਲਾਂ ਹੀ ਐਸੀ ਸਕੀਮ ਬਣਾਈ ਕਿ ਉਹ ਸਾਫ਼ ਬਚ ਨਿਕਲੇ ਅਤੇ ਬਾਕੀ ਤਿੰਨਾਂ ਨੂੰ ਭਾਵੇਂ ਫਾਂਸੀ ਹੋ ਜਾਵੇਸਕੀਮ ਅਨੁਸਾਰ ਆਪਟੇ ਅਤੇ ਬੜਗੇ ਨੇ ਪਸਤੌਲ, ਗ੍ਰਨੇਡ, ਗੋਲੀਆਂ ਅਤੇ ਹੋਰ ਬਾਰੂਦ ਦਾ ਬੈਗ ਸਾਵਰਕਰ ਦੇ ਆਸ਼ਰਮ ਤਕ ਲੈ ਕੇ ਆਣਾ ਹੁੰਦਾ ਸੀ ਪਰ ਬੜਗੇ ਨੂੰ ਹੇਠਾਂ ਹੀ ਪੌੜੀਆਂ ਕੋਲ ਰੁਕਣ ਲਈ ਕਹਿ ਦਿੱਤਾ ਜਾਂਦਾ ਅਤੇ ਆਪਟੇ ਹੀ ਸਾਰਾ ਸਮਾਨ ਲੈ ਕੇ ਉੱਪਰ ਸਾਵਰਕਰ ਕੋਲ ਜਾਂਦਾਜਦੋਂ ਸਾਵਰਕਰ ਆਪਟੇ ਨੂੰ ਵਾਪਸ ਪੌੜੀਆਂ ਤਕ ਛੱਡਣ ਆਉਂਦਾ ਤਾਂ ਸਾਵਰਕਰ ਪੌੜੀਆਂ ਵਿੱਚੋਂ ਹੀ ਆਪਟੇ ਅਤੇ ਬੜਗੇ ਨੂੰ ਪੂਰਾ ਪਲੈਨ ਸਮਝਾ ਦਿੰਦਾਗਾਂਧੀ ਕਤਲ ਕੇਸ ਵਿੱਚ ਬੜਗੇ ਵਾਇਦਾ ਮਾਫ਼ ਗਵਾਹ ਬਣ ਗਿਆਉਸ ਨੇ ਆਪਣੇ ਬਿਆਨਾਂ ਵਿੱਚ ਸਾਰੀ ਯੋਜਨਾ, ਗਾਂਧੀ ਤੇ ਕੀਤੇ ਪਹਿਲੇ ਛੇ ਅਸਫ਼ਲ ਹਮਲੇ ਪੂਰੀ ਤਫ਼ਸੀਲ ਨਾਲ ਦਰਜ ਕਰਵਾਏ ਅਤੇ ਇਹ ਵੀ ਕਿਹਾ ਕਿ ਮੈਂਨੂੰ ਪੌੜੀਆਂ ਹੇਠ ਬਿਠਾ ਕੇ ਹਥਿਆਰ ਆਪਟੇ ਉੱਪਰ ਲਿਜਾਂਦਾ ਅਤੇ ਸਲਾਹ ਮਸ਼ਵਰਾ ਕਰਦੇ ਕੁਝ ਪੌੜੀਆਂ ਸਾਵਰਕਰ ਅਤੇ ਆਪਟੇ ਇਕੱਠੇ ਉੱਤਰਦੇਪਰ ਸ਼ਾਤਰ ਸਾਵਰਕਰ ਨੇ ਆਪਣੇ ਬਚਾਅ ਵਿੱਚ ਕਿਹਾ, “ਜਦ ਬੜਗੇ ਆਪਣੇ ਬਿਆਨ ਵਿੱਚ ਖੁਦ ਕਹਿੰਦਾ ਹੈ ਕਿ ਉਹ ਹੇਠਾਂ ਪੌੜੀਆਂ ਥੱਲੇ ਹੀ ਇੰਤਜ਼ਾਰ ਕਰਦਾ ਸੀ ਤਾਂ ਉਸ ਨੂੰ ਕੀ ਪਤਾ ਕਿ ਮੇਰੇ ਅਤੇ ਆਪਟੇ ਵਿੱਚ ਕੀ ਕੀ ਗੱਲਾਂ ਹੁੰਦੀਆਂ” ਬੜਗੇ ਨੇ ਆਪਣੇ ਬਿਆਨ ਵਿੱਚ ਇਹ ਵੀ ਦਰਜ ਕਰਵਾਇਆ ਕਿ ਜਦੋਂ ਆਪਟੇ ਹਥਿਆਰਾਂ ਦਾ ਬੈਗ ਲੈ ਕੇ ਹੇਠਾਂ ਆਉਂਦਾ ਤਾਂ ਸਾਵਰਕਰ ਸਾਨੂੰ ਦੋਹਾਂ ਨੂੰ ਕਹਿੰਦਾ, “ਵਿਜਯੀ ਭਵ, ਮਤਲਬ ਵਿਜੈ ਪ੍ਰਾਪਤ ਹੋਵੇ।” ਇਸ ਤੇ ਸਾਵਰਕਰ ਕਹਿੰਦਾ ਕਿ ਜ਼ਰੂਰੀ ਨਹੀਂ ਕਿ ਵਿਜਯੀ ਭਵ ਗਾਂਧੀ ਨੂੰ ਕਤਲ ਕਰਨ ਦੇ ਸੰਧਰਭ ਵਿੱਚ ਕਹੇ ਹੋਣ, ਇਹ ਨਿਜ਼ਾਮ ਹੈਦਰਾਬਾਦ ਦੇ ਵਿਰੁੱਧ ਵੀ ਕਿਹਾ ਗਿਆ ਹੋ ਸਕਦਾ ਹੈ

ਸਾਰੀ ਬਹਿਸ ਦੇ ਦੌਰਾਨ ਸਾਵਰਕਰ ਇਹੋ ਕਹਿੰਦਾ ਰਿਹਾ ਕਿ ਉਸ ਦਾ ਗਾਂਧੀ ਕਤਲ ਕੇਸ ਵਿੱਚ ਕੋਈ ਹੱਥ ਨਹੀਂ ਅਤੇ ਗੌਡਸੇ ਨੂੰ ਤਾਂ ਕਦੇ ਮਿਲਿਆ ਹੀ ਨਹੀਂਸਬੂਤਾਂ ਦੀ ਘਾਟ ਕਾਰਣ ਉਹ ਸਾਫ਼ ਬਚ ਨਿਕਲਿਆਨੱਥੂ ਰਾਮ ਗੋਡਸੇ ਅਤੇ ਆਪਟੇ ਨੂੰ ਫਾਂਸੀ ਹੋ ਗਈ ਅਤੇ ਨੱਥੂ ਰਾਮ ਗੌਡਸੇ ਦੇ ਭਰਾ ਗੋਪਾਲ ਗੌਡਸੇ ਸਮੇਤ ਛੇ ਮੁਲਜ਼ਮਾਂ ਨੂੰ ਉਮਰ ਕੈਦ ਹੋ ਗਈਜਦੋਂ 1964 ਵਿੱਚ ਨੱਥੂ ਰਾਮ ਗੋਡਸੇ ਦਾ ਭਰਾ ਜੇਲ ਵਿੱਚੋਂ ਰਿਹਾ ਹੋ ਕੇ ਬਾਹਰ ਆਇਆ ਤਾਂ ਉਸ ਲਈ ਇੱਕ ਸਨਮਾਨ ਸਮਾਗਮ ਰੱਖਿਆ ਗਿਆ ਜਿਸ ਵਿੱਚ ਬਾਲ ਗੰਗਾਧਰ ਤਿਲਕ ਦੇ ਪੋਤੇ ਜੀ. ਵੀ. ਕੇਤਕਰ ਨੇ ਸ਼ੇਖ਼ੀ ਮਾਰੀ ਕਿ ਗਾਂਧੀ ਨੂੰ ਕਤਲ ਕਰਨ ਦੇ ਗੌਡਸੇ ਦੇ ਇਰਾਦੇ ਦਾ ਉਸ ਨੂੰ ਪਹਿਲਾਂ ਹੀ ਪਤਾ ਸੀਇਸ ਨਾਲ ਇੱਕ ਕੌਮੀ ਬਹਿਸ ਛਿੜ ਗਈ ਅਤੇ ਇਸ ਲਈ ਜੀਵਨ ਲਾਲ ਕਪੂਰ ਕਮਿਸ਼ਨ 1969 ਵਿੱਚ ਬਿਠਾਇਆ ਗਿਆ ਜਿਸਨੇ ਕਿ ਪਤਾ ਕਰਨਾ ਸੀ ਕਿ ਕਿਹੜੇ ਕਿਹੜੇ ਨੂੰ ਗਾਂਧੀ ਕਤਲ ਦੀ ਸਾਜਿਸ਼ ਦਾ ਪਤਾ ਸੀ, ਕਿਸ ਅਧਿਕਾਰੀ ਨੂੰ ਉਹਨਾਂ ਇਤਲਾਹ ਦਿੱਤੀ ਅਤੇ ਅਧਿਕਾਰੀ ਨੇ ਕੀ ਕਾਰਵਾਈ ਪਾਈ

ਸਾਵਰਕਰ ਦੇ ਦੋ ਸਹਾਇਕਾਂ ਨੇ, ਜਿਨ੍ਹਾਂ ਕਤਲ ਕੇਸ ਵਿੱਚ ਗਵਾਹੀ ਨਹੀਂ ਦਿੱਤੀ ਸੀ, ਪਰ ਹੁਣ ਕਮਿਸ਼ਨ ਅੱਗੇ ਜੋ ਬਿਆਨ ਦਿੱਤੇ, ਉਨ੍ਹਾਂ ਨਾਲ ਬੜਗੇ ਦੇ ਬਿਆਨਾਂ ਨੂੰ ਪ੍ਰੋੜ੍ਹਤਾ ਮਿਲੀ ਕਿ ਸਾਵਰਕਰ ਨੇ ਦੋ ਵਾਰ ਬੜਗੇ ਨਾਲ ਮੀਟਿੰਗ ਕੀਤੀਇਹਨਾਂ ਵਿੱਚ ਇੱਕ ਮਦਨ ਲਾਲ ਪਾਹਵਾ ਵੀ ਸੀ, ਜਿਸਦਾ ਪਰਿਵਾਰ ਜਦੋਂ ਹਿੰਦ-ਪਾਕ ਵੰਡ ਵੇਲੇ ਭਾਰਤ ਆ ਰਿਹਾ ਸੀ ਤਾਂ ਰੇਲ ਗੱਡੀ ਵਿੱਚ ਉਸ ਦੇ ਪਰਿਵਾਰ ਦੇ ਵੀਹ ਮੈਂਬਰ ਕਤਲ ਹੋ ਗਏ ਸਨ, ਇਸ ਕਾਰਣ ਅਤੇ ਗਾਂਧੀ ਵੱਲੋਂ ਭਾਰਤ ਵਿੱਚ ਵਸਦੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਬਰਾਬਰ ਅਧਿਕਾਰ ਦੇਣ ਦਾ ਹਾਮੀ ਹੋਣ ਕਾਰਣ ਉਹ ਗਾਂਧੀ ਦਾ ਕੱਟੜ ਦੁਸ਼ਮਣ ਬਣ ਗਿਆਪਹਿਲਾਂ ਸਾਵਰਕਰ ਨੇ ਗਾਂਧੀ ਨੂੰ ਕਤਲ ਕਰਨ ਦੀ ਜਿੰਮੇਦਾਰੀ ਪਾਹਵਾ ਨੂੰ ਦਿੱਤੀ ਸੀਪਰ ਜਦੋਂ ਪਾਹਵਾ ਕਾਮਯਾਬ ਨਾ ਹੋ ਸਕਿਆ ਤਾਂ 23 ਜਾਂ 24 ਜਨਵਰੀ 1948 ਨੂੰ ਗੌਡਸੇ ਅਤੇ ਆਪਟੇ ਸਾਵਰਕਰ ਨੂੰ ਅਗਲੀ ਯੋਜਨਾ ਲਈ ਮਿਲੇ। ਅੰਤ 30 ਜਨਵਰੀ 1948 ਵਾਲੇ ਦਿਨ ਸਾਵਰਕਰ, ਆਪਟੇ, ਗੌਡਸੇ, ਬੜਗੇ ਜੁੰਡਲੀ ਆਪਣੀ ਕਾਇਰਾਨਾ ਕਰਤੂਤ ਕਰਨ ਵਿੱਚ ਸਫ਼ਲ ਹੋ ਗਏ

30 ਜਨਵਰੀ 1948 ਤਾਂ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ ਹੀ ਅਤੇ ਇੱਕ ਕਾਲਾ ਦਿਨ ਹੋਰ ਜੁੜ ਜਾਵੇਗਾ ਜਿਸ ਦਿਨ ਸਾਵਰਕਰ ਨੂੰ ਭਾਰਤ ਰਤਨ ਮਿਲੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1783)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author