“ਇੱਕ ਵਾਰ ਸਾਡੇ ਸਕੂਲ ਮੈਥ ਦੀਆਂ ਕਿਤਾਬਾਂ ਬੋਰਡ ਤੋਂ ਨਵੰਬਰ ਦੇ ਮਹੀਨੇ ਪੁੱਜੀਆਂ ...”
(27 ਮਈ 2019)
ਮੈਂ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਅਤੇ ਮੇਰਾ ਬੇਟਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ। ਇੱਕ ਦਿਨ ਮੇਰੇ ਬੇਟੇ ਦੇ ਸਕੂਲ ਵਿੱਚ ਅਚਾਨਕ ਛੁੱਟੀ ਹੋ ਗਈ। ਮੇਰੇ ਅਤੇ ਮੇਰੀ ਪਤਨੀ ਦੇ ਸਕੂਲ ਛੁੱਟੀ ਨਾ ਹੋਣ ਕਾਰਨ ਮੈਂ ਬੇਟੇ ਨੂੰ ਉਸ ਦੀ ਯੂਨੀਫਾਰਮ ਵਿੱਚ ਹੀ ਆਪਣੇ ਸਕੂਲ ਲੈ ਗਿਆ। ਮੈਂ ਬੇਟੇ ਨੂੰ ਹਿਦਾਇਤ ਕੀਤੀ ਕਿ ਮੇਰੀ ਕਲਾਸ ਜਾਂ ਦਫਤਰ ਵਿੱਚ ਨਹੀਂ ਆਉਣਾ। ਪਾਰਕ ਵਿੱਚ ਖੇਡਣਾ ਹੈ, ਕਿਸੇ ਫੁੱਲ ਬੂਟੇ ਨੂੰ ਨੁਕਸਾਨ ਨਹੀਂ ਪੁਚਾਉਣਾ। ਮੇਰਾ ਪੀਰੀਅਡ ਖਾਲੀ ਹੋਵੇ ਤਾਂ ਮੇਰੇ ਕੋਲ ਲੈਬ ਵਿੱਚ ਆ ਜਾਣਾ।
ਅਚਾਨਕ ਉਸੇ ਦਿਨ ਸਾਡੇ ਸਕੂਲ ਡਿਪਟੀ ਡੀ ਈ ਓ ਸਾਹਿਬ (ਡਿਪਟੀ) ਆ ਗਏ। ਬੱਚੇ ਨੂੰ ਪਾਰਕ ਵਿੱਚ ਖੇਡਦੇ ਦੇਖ ਕੇ ਉਨ੍ਹਾਂ ਨੇ ਸਕੂਲ ਮੁਖੀ ਨੂੰ ਪੁੱਛਿਆ ਕਿ ਬੱਚਾ ਕਿਸ ਦਾ ਹੈ? ਸਕੂਲ ਮੁਖੀ ਨੇ ਦੱਸਿਆ ਕਿ ਸਾਇੰਸ ਅਧਿਆਪਕ ਦਾ ਹੈ।
ਡਿਪਟੀ: ਵਰਦੀ ਤੋਂ ਤਾਂ ਸਰਕਾਰੀ ਸਕੂਲ ਦਾ ਨਹੀਂ ਲਗਦਾ।
ਮੁਖੀ: ਹਾਂ ਜੀ, ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਹੈ।
ਡਿਪਟੀ: ਜੇ ਉਹਨਾਂ ਦਾ ਪੀਰੀਅਡ ਖਾਲੀ ਹੈ ਤਾਂ ਉਹਨਾਂ ਨੂੰ ਬੁਲਾਉ।
ਮੈਂਨੂੰ ਬੁਲਾਇਆ ਗਿਆ।
ਡਿਪਟੀ: ਤੁਸੀਂ ਸਰਕਾਰੀ ਸਕੂਲ ਦੇ ਅਧਿਆਪਕ ਹੋ ਕੇ ਆਪਣਾ ਬੇਟਾ ਪ੍ਰਾਈਵੇਟ ਸਕੂਲ ਵਿੱਚ ਕਿਉਂ ਪਾਇਆ ਹੈ?
ਮੈਂ: ਸਰਕਾਰੀ ਸਕੂਲ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ।
ਡਿਪਟੀ: ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਸਰਕਾਰੀ ਸਕੂਲ ਦੇ ਅਧਿਆਪਕ ਹੋ ਕੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ।
ਮੈਂ: ਬੇਨਤੀ ਹੈ ਜੀ, ਸਰਕਾਰੀ ਜਾਂ ਗੈਰ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੇਵਲ ਇੱਕ ਅਧਿਆਪਕ ਉੱਤੇ ਨਿਰਭਰ ਨਹੀਂ ਕਰਦੀ। ਇਹ ਸਟਾਫ਼ ਦੀ ਗਿਣਤੀ, ਵਿਦਿਆਰਥੀਆਂ ਦੇ ਸਮਾਜਿਕ ਆਰਥਿਕ ਪੱਧਰ, ਸਕੂਲ ਦਾ ਇਨਫਰਾਸਟਰਕਚਰ ਅਤੇ ਸਰਕਾਰ ਦੀ ਮਾਨਸਿਕਤਾ ’ਤੇ ਨਿਰਭਰ ਕਰਦਾ ਹੈ। ਸਰਕਾਰ ਤਾਂ ਨਿੱਜੀਕਰਣ ਨੂੰ ਪਹਿਲ ਦੇ ਰਹੀ ਹੈ। ਜ਼ਿਆਦਾਤਰ ਸਰਕਾਰੀ ਪ੍ਰਾਈਮਰੀ ਸਕੂਲਾਂ ਵਿੱਚ ਜਾਂ ਤਾਂ ਬੈਂਚ ਡੈਸਕ ਹੈ ਹੀ ਨਹੀਂ, ਜਾਂ ਟੁੱਟੇ ਹੋਏ ਹਨ। ਬਲੈਕ ਬੋਰਡਾਂ ਉੱਤੇ ਪੇਂਟ ਘੱਟ ਹੀ ਹੁੰਦਾ ਹੈ। ਜਿਹੜੇ ਚਾਕ ਜੇਲ ਵਿਭਾਗ ਤੋਂ ਮੰਗਵਾਏ ਜਾਂਦੇ ਹਨ ਉਹ ਕਈ ਵਾਰ ਘਸਦੇ ਹੀ ਨਹੀਂ, ਉਲਟਾ ਬਲੈਕ ਬੋਰਡ ਘਸਾ ਦੇਂਦੇ ਹਨ। ਬਿਜਲੀ ਦੇ ਪੱਖੇ ਘੱਟ ਹੀ ਸਕੂਲਾਂ ਵਿੱਚ ਹਨ। ਟਾਟ ਵੀ ਜੇਲ ਵਿਭਾਗ ਹੀ ਦੇਂਦਾ ਹੈ। ਮੈਂ ਤੁਹਾਨੂੰ ਕਿੰਨੇ ਹੀ ਪ੍ਰਾਈਮਰੀ ਅਤੇ ਮਿਡਲ ਸਕੂਲ ਵਿਖਾ ਸਕਦਾ ਹਾਂ ਜਿੱਥੇ ਪੰਜ ਕਲਾਸਾਂ ਲਈ ਤਿੰਨ ਕਮਰੇ ਹਨ ਅਤੇ ਦਫਤਰ, ਸਟਾਫ਼ ਰੂਮ, ਸਟੋਰ ਇਹ ਤਿੰਨੇ ਹੀ ਇੱਕ ਕਮਰੇ ਵਿੱਚ ਹੁੰਦੇ ਹਨ। ਕਈ ਸਕੂਲਾਂ ਵਿੱਚ ਕਮਰੇ ਘੱਟ ਹੋਣ ’ਤੇ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ। ਅਧਿਆਪਕ ਵੀ ਘੱਟ ਹਨ। ਸਾਡੇ ਸਕੂਲ ਵਿੱਚ ਹੀ ਛੇਵੀਂ ਤੋਂ ਦਸਵੀਂ ਤਕ ਬੱਚਿਆਂ ਦੀ ਗਿਣਤੀ ਅਨੁਸਾਰ 12 ਸੈੱਕਸ਼ਨ ਹਨ, ਚਾਰ ਅਧਿਆਪਕ ਘਟ ਹਨ। ਬੱਚੇ ਸਮਾਜਿਕ ਅਤੇ ਆਰਥਿਕ ਪੱਖੋਂ ਪਛੜੇ ਪਰੀਵਾਰਾਂ ਤੋਂ ਹਨ। ਸਰਦੇ ਪੁੱਜਦੇ ਘਰਾਂ ਦੇ ਬੱਚਿਆਂ ਨਾਲੋਂ ਉਹਨਾਂ ਦਾ ਮਾਨਸਿਕ ਪੱਧਰ ਘੱਟ ਹੈ। ਇਸ ਲਈ ਅਧਿਆਪਕ ਨੇ ਔਸਤ ਮਾਨਸਿਕ ਪੱਧਰ ਦੇ ਹਿਸਾਬ ਨਾਲ ਪੜਾਉਣਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਸਕੂਲਾਂ ਤੋਂ ਬਾਹਰ ਗੈਰ ਵਿੱਦਿਅਕ ਕੰਮਾਂ ਦੀ ਗਿਣਤੀ ਦੱਸਣ ਦਾ ਕੋਈ ਲਾਭ ਨਹੀਂ, ਤੁਸੀਂ ਜਾਣਦੇ ਹੀ ਹੋ। ਇਹਨਾਂ ਹਾਲਾਤ ਵਿੱਚ ਜਿਹੜਾ ਆਪਣੇ ਬੱਚੇ ਨੂੰ ਵਧੀਆ ਪੜ੍ਹਾਈ ਵਾਲੇ ਸਕੂਲ ਵਿੱਚ ਪਾ ਸਕਦਾ ਹੈ, ਜਰੂਰ ਪਾਵੇ। ਅਧਿਆਪਕ, ਸਰਕਾਰੀ ਅਫਸਰ, ਸਿਆਸਤਦਾਨ ਆਦਿ ਕੋਈ ਵੀ ਸਰਕਾਰੀ ਸਕੂਲ ਵਿੱਚ ਪਾ ਕੇ ਰਾਜ਼ੀ ਨਹੀਂ। ਮੇਰੀ ਆਪਣੀ ਇੱਛਾ ਵੀ ਹੈ ਕਿ ਮੇਰੇ ਅਤੇ ਸਹਿਯੋਗੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਪਰ ਖਾਲੀ ਇੱਛਾਵਾਂ ਨਾਲ ਕੰਮ ਨਹੀਂ ਚਲਦਾ, ਅਧਿਆਪਕਾਂ ਤੋਂ ਬਿਨਾਂ ਬੱਚੇ ਕੀ ਪੜ੍ਹਨਗੇ। ਮੈਂ ਤੁਹਾਨੂੰ ਇਹ ਨਹੀਂ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰੀ ਬੱਸ ਵਿੱਚ ਯਾਤਰਾ ਕਰਦੇ ਹੋ ਜਾਂ ਪ੍ਰਾਈਵੇਟ ਵਿੱਚ ਕਰਦੇ ਹੋ, ਜਾਂ ਜੇ ਕਦੇ ਬਦਕਿਸਮਤੀ ਨਾਲ ਤੁਸੀਂ ਬੀਮਾਰ ਹੋ ਜਾਵੋ ਤਾਂ ਕੀ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹੋ ਜਾਂ ਪ੍ਰਾਈਵੇਟ ਹਸਪਤਾਲ ਵਿੱਚ? (ਤਰਕਸ਼ੀਲ ਹੁੰਦੇ ਹੋਏ ਵੀ ਸ਼ਬਦ ‘ਬਦਕਿਸਮਤੀ’ ਵਰਤਣਾ ਪਿਆ ਕਿਉਂਕਿ ਇਸ ਤੋਂ ਬਿਨਾਂ ਲੋਕ ਸਮਝਦੇ ਹਨ ਕਿ ਇਹ ਸਾਨੂੰ ਬਿਮਾਰ ਵੇਖਣਾ ਚਾਹੁੰਦਾ ਹੈ)। ਹਾਂ! ਜੇਕਰ ਵੱਡੇ ਸਿਆਸਤਦਾਨ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਣ ਤਾਂ ਉਹ ਸਰਕਾਰੀ ਸਕੂਲਾਂ ਦਾ ਹਰ ਪੱਖ ਤੋਂ ਸੁਧਾਰ ਕਰ ਸਕਦੇ ਹਨ ਅਤੇ ਕਰਨਗੇ ਅਤੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਵੀ ਖਤਮ ਹੋ ਜਾਵੇਗੀ। ਪਰ ਨਿੱਜੀਕਰਣ ਨੂੰ ਪਹਿਲ ਦੇਣ ਵਾਲਿਆਂ ਤੋਂ ਇਸਦੀ ਕੋਈ ਆਸ ਨਹੀਂ।
ਡਿਪਟੀ: ਅਸੀਂ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਿਤਾਬਾਂ ਦੇਂਦੇ ਹਾਂ। ਦੁਪਹਿਰ ਦਾ ਖਾਣਾ ਦੇਂਦੇ ਹਾਂ। ਇੰਨਾ ਕੁਝ ਤਾਂ ਅਸੀਂ ਕਰ ਰਹੇ ਹਾਂ।
ਮੈਂ: ਇਸ ਨਾਲ ਬੱਚਿਆਂ ਦਾ ਸਮਾਜਿਕ ਆਰਥਿਕ ਪੱਧਰ ਨਹੀਂ ਬਦਲ ਜਾਂਦਾ। ਮਾਪੇ ਗਰੀਬੀ ਅਤੇ ਅਨਪੜ੍ਹਤਾ ਕਾਰਨ ਬੱਚਿਆਂ ਨੂੰ ਕਈ ਕੰਮਾਂ ’ਤੇ ਭੇਜ ਦੇਂਦੇ ਹਨ। ਦੋ ਸਮੇਂ ਬੱਚਿਆਂ ਨੂੰ ਪੌਸ਼ਟਿਕ ਖਾਣਾ ਨਹੀਂ ਦੇ ਸਕਦੇ। ਬਿਮਾਰ ਹੋਣ ’ਤੇ ਚੰਗੇ ਡਾਕਟਰ ਕੋਲ ਨਹੀਂ ਲਿਜਾ ਸਕਦੇ। ਜ਼ਿਆਦਾਤਰ ਮਾਪੇ ਅਨਪੜ੍ਹ ਹੋਣ ਕਾਰਨ ਬੱਚਿਆਂ ਨੂੰ ਗਾਈਡ ਨਹੀਂ ਕਰ ਸਕਦੇ। ਮੇਰਾ ਨਿੱਜੀ ਤਜਰਬਾ ਗੌਰ ਕਰਨ ਯੋਗ ਹੈ। ਇੱਕ ਵਾਰ ਸਾਡੇ ਸਕੂਲ ਮੈਥ ਦੀਆਂ ਕਿਤਾਬਾਂ ਬੋਰਡ ਤੋਂ ਨਵੰਬਰ ਦੇ ਮਹੀਨੇ ਪੁੱਜੀਆਂ। ਜਿਨ੍ਹਾਂ ਕੋਲ ਅਗਸਤ ਤਕ ਕਿਤਾਬਾਂ ਨਹੀਂ ਸਨ, ਉਨ੍ਹਾਂ ਨੂੰ ਮੈਂ ਕਿਹਾ, ਜਿਹੜਾ ਤੁਹਾਨੂੰ ਵਜੀਫ਼ਾ ਮਿਲਿਆ ਸੀ, ਤੁਸੀਂ ਉਸ ਨਾਲ ਕਿਤਾਬ ਖਰੀਦ ਸਕਦੇ ਸੀ।
ਇੱਕ ਬੱਚੇ ਦਾ ਜਵਾਬ ਸੀ, “ਸਰ, ਵਜੀਫ਼ੇ ਦੇ ਪੈਸੇ ਨਾਲ ਤਾਂ ਡੈਡੀ ਨੇ ਸ਼ਰਾਬ ਪੀ ਲਈ ਸੀ।” ਮੈਂ ਬਾਕੀ ਰਹਿੰਦੇ ਬੱਚਿਆਂ ਨੂੰ ਪੁੱਛਿਆ ਹੀ ਨਹੀਂ। ਲਗਭਗ ਇਹ ਸਰਕਾਰੀ ਸਕੂਲਾਂ ਦੀ ਤਸਵੀਰ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1606)
(ਸਰੋਕਾਰ ਨਾਲ ਸੰਪਰਕ ਲਈ: