VishvamitterBammi7ਮੇਰੇ ਵਰਗੇ ਸਰਟੀਫਿਕੇਟਾਂ ਅਤੇ ਡਿਗਰੀਆਂ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ...
(12 ਅਪ੍ਰੈਲ 2023)
ਇਸ ਸਮੇਂ ਪਾਠਕ: 140.


ਸ਼ਾਇਦ ਕੋਈ ਸੋਚਦਾ ਹੋਵੇ ਕਿ ਉਸ ਨੇ ਬੀ ਏ
, ਐੱਮ. ਏ ਜਾ ਇਜਿਰਿਗ ਕਰ ਲਈ ਹੈ ਅਤੇ ਉਹ ਬਹੁਤ ਪੜ੍ਹਿਆ ਲਿਖਿਆ ਹੈ। ਪਰ ਵਾਸਤਵਿਕਤਾ ਵਿੱਚ ਸਕੂਲਾਂ, ਕਾਲਜਾਂ ਤੋਂ ਪ੍ਰਾਪਤ ਕੀਤੀਆਂ ਡਿਗਰੀਆਂ ਹੀ ਕੇਵਲ ਪੜ੍ਹਨਾ ਲਿਖਣਾ ਨਹੀਂ ਹੁੰਦਾ। ਵੇਖਣਾ ਤਾਂ ਇਹ ਹੈ ਕਿ ਉਸ ਨੂੰ ਪ੍ਰਾਪਤ ਕੀਤੀਆਂ ਡਿਗਰੀਆਂ ਜਾਂ ਸਰਟੀਫਿਕੇਟਾਂ ਦਾ ਰੋਜ਼ ਮਰੱਰਾ ਦੀ ਜ਼ਿੰਦਗੀ ਵਿੱਚ ਕੋਈ ਲਾਭ ਹੈ ਜਾਂ ਉਸ ਨੂੰ ਕੋਈ ਕੰਮ ਕਰਨ ਵੇਲੇ ਜਾਂ ਵਿਚਾਰ ਦੇਣ ਵੇਲੇ ਉਸ ਦੀ ਪੜ੍ਹਾਈ ਕੋਈ ਲਾਭ ਵੀ ਦਿੰਦੀ ਹੈ? ਇੱਕ ਵਿਗਿਆਨ ਅਧਿਆਪਕ ਜਾਂ ਪ੍ਰੋਫੈਸਰ ਹੁੰਦਾ ਹੈ, ਉਸ ਨੇ ਆਪ ਵੀ ਪੜ੍ਹਿਆ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਵੀ ਪੜ੍ਹਾਉਂਦਾ ਹੈ ਕਿ ਸੂਰਜ ਗ੍ਰਹਣ ਜਾਂ ਚੰਦਰ ਗ੍ਰਹਿਣ ਕੋਈ ਅਲੌਕਿਕ ਵਰਤਾਰਾ ਨਹੀਂ ਹੈ ਅਤੇ ਨਾ ਹੀ ਕਿਸੇ ਰਾਹੁ ਕੇਤੂ ਦਾ ਕੋਈ ਕਾਰਨਾਮਾ ਹੈ, ਇਸ ਨਾਲ ਤਾਂ ਕੇਵਲ ਸੂਰਜੀ ਰੌਸ਼ਨੀ ਦੇ ਰੁਕ ਜਾਣ ਕਾਰਣ ਚੰਦਰਮਾ ਜਾਂ ਸੂਰਜ ਦਾ ਕੁਝ ਭਾਗ ਜਾਂ ਸਾਰਾ ਭਾਗ ਕਾਲਾ ਜਾਂ ਭੂਰਾ ਜਿਹਾ ਵਿਖਾਈ ਦਿੰਦਾ ਹੈ। ਪਰ ਜੇਕਰ ਉਹੀ ਅਧਿਆਪਕ ਜਾਂ ਪ੍ਰੋਫੈਸਰ ਗ੍ਰਹਿਣ ਵਾਲੇ ਦਿਨ ਕਿਸੇ ਧਾਰਮਿਕ ਅਦਾਰੇ ਵਿੱਚ ਗ੍ਰਹਿਣ ਦੇ “ ਮਾੜ “ ਪ੍ਰਰਭਾਵ ਤ ਬਚਣ ਲਈ ਪਜਾ ਪਾਠ ਲਈ ਚਲਾ ਜਾਂਦਾ ਹ ਜਾਂ ਦੂਜੇ ਦਿਨ ਖਾਣ ਵਾਲੇ ਸਮਾਨ ਵਿੱਚ ਘਾਅ ਰੱਖ ਦਿੰਦਾ ਹੈ ਤਾਂ ਉਸ ਕੋਲ ਡਿਗਰੀਆਂ ਤਾਂ ਜ਼ਰੂਰ ਹੋਣ ਗਿਆਂ ਪਰ ਉਸ ਨੂੰ ਪੜ੍ਹਿਆ ਲਿਖਿਆ ਨਹੀਂ ਕਿਹਾ ਜਾ ਸਕਦਾ। ਇਹ ਉਹਨਾਂ ’ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਪੜ੍ਹਿਆ ਅਤੇ ਪੜ੍ਹਾਇਆ ਹੈ ਕਿ ਸੂਰਜ ਦੁਆਲੇ ਘੁੰਮਣ ਵਾਲੇ ਗ੍ਰਹਿਆਂ ਦਾ ਸਾਡੇ ਤੇ ਕੋਈ ਅਸਰ ਨਹੀਂ, ਪਰ ਕਿਸੇ ਪੰਡਤ ਜਾਂ ਜੋਤਿਸ਼ੀ ਦੇ ਕਹਿਣ ’ਤੇ ਮੰਨ ਲੈਂਦੇ ਹਨ ਕਿ ਉਹਨਾਂ ਦਾ ਬੇਟਾ ਜਾਂ ਬੇਟੀ ਮੰਗਲੀਕ ਹੈ। ਇਹ ਵੀ ਨਹੀਂ ਸੋਚਦੇ ਕਿ ਪੰਡਤ ਜਾਂ ਜੋਤਿਸ਼ੀ ਕੀ ਉਹਨਾਂ ਤੋਂ ਜ਼ਿਆਦਾ ਪੜ੍ਹਿਆ ਹੈ ਜਾਂ ਵੱਧ ਗਿਆਨ ਰੱਖਦਾ ਹੈ? ਇਹ ਵੀ ਨਹੀਂ ਸੋਚਦੇ ਕਿ ਧਰਤੀ ਤੋਂ ਦੋ ਕਰੋੜ ਕਿਲੋਮੀਟਰ ਤੋਂ ਵੱਧ ਦੂਰੀ ’ਤੇ ਘੁੰਮ ਰਿਹਾ ਮੰਗਲ ਬੇਟੇ, ਬੇਟੀਆਂ ਦੇ ਵਿਆਹ ਵਿੱਚ ਕਿਵੇਂ ਆਪਣੀ ਟੰਗ ਅੜਾ ਸਕਦਾ ਹੈ। ਜਿਹੜੇ ਜੀਵ ਵਿਗਿਆਨ ਦੀ ਉੱਚ ਡਿਗਰੀ ਪ੍ਰਾਪਤ ਮਾਸਾਹਾਰੀ ਹਨ ਉਹ ਵੀ ਕਈ ਵਾਰ ਸੁਣੀ ਸੁਣਾਈ ਗੱਲ ’ਤੇ ਯਕੀਨ ਕਰ ਲੈਂਦੇ ਹਨ ਕਿ ਮੀਟ ਜਾਂ ਮੱਛੀ ਖਾਣ ਤੋਂ ਬਾਅਦ ਦੁੱਧ ਪੀਣ ਨਾਲ ਫੁਲਵਹਰੀ ਹੋ ਜਾਂਦੀ ਹੈ ਜਦਕਿ ਫੁਲਵਹਰੀ ਦਾ ਅਜੇ ਤਕ ਵਿਗਿਆਨੀਆਂ ਨੂੰ ਪਤਾ ਨਹੀਂ ਲੱਗਾ ਕਿ ਇਸਦੇ ਹੋਣ ਦਾ ਅਸਲ ਕਾਰਣ ਕੀ ਹੈ।

ਜਦੋਂ ਵੋਟਾਂ ਆਉਂਦੀਆਂ ਹਨ ਤਾਂ ਲਗਭਗ ਸਾਰੇ ਹੀ ਵੋਟਰ ਵੋਟ ਪਾਉਣ ਵੇਲੇ ਵੇਖਦੇ ਹਨ ਕਿ ਉਮੀਦਵਾਰ ਸਾਡੀ ਜਾਤ ਬਰਾਦਰੀ ਦਾ ਹੋਣਾ ਚਾਹੀਦਾ ਹੈ। ਇਹ ਕਦੇ ਨਹੀਂ ਸੋਚਦੇ ਕਿ ਉਮੀਦਵਾਰ ਕੋਈ ਪੜ੍ਹਿਆ ਲਿਖਿਆ, ਇਮਾਨਦਾਰ ਅਤੇ ਹਰ ਵਕਤ ਮਿਲਣ ਵਾਲਾ ਹੈ ਜਾਂ ਬਿਲਕੁਲ ਅਨਪੜ੍ਹ, ਅੰਗੂਠਾ ਛਾਪ, ਬਦਮਾਸ਼, ਲੋਕਾਂ ਨੂੰ ਨਾ ਮਿਲਣ ਵਾਲਾ ਅਤੇ ਨਾ ਕੋਈ ਕੰਮ ਕਰਵਾਉਣ ਵਾਲਾ ਅਤੇ ਆਪਣੇ ਇਲਾਕੇ ਦੇ ਵਿਕਾਸ ਲਈ ਮਿਲਣ ਵਾਲਾ ਧਨ ਹੜੱਪ ਕਰਨ ਵਾਲਾ ਹੈ। ਬੜੇ ਦੁੱਖ ਵਾਲੀ ਗੱਲ ਹੈ ਕਿ ਸਾਡਾ ਸੰਵਿਧਾਨ ਤਾਂ ਧਰਮਨਿਰਪੱਖ ਭਾਰਤ ਦੀ ਗੱਲ ਕਰਦਾ ਹੈ ਪਰ ਸਿਆਸੀ ਪਾਰਟੀਆਂ ਵੋਟਾਂ ਵੇਲੇ ਕਿਸੇ ਵੀ ਖਿੱਤੇ ਵਿੱਚ ਉਮੀਦਵਾਰ ਖੜ੍ਹਾ ਕਰਨ ਲਈ ਉਹ ਵਿਅਕਤੀ ਲੱਭਦੇ ਹਨ ਜਿਹੜਾ ਉਸ ਜਾਤ ਬਰਾਦਰੀ ਦਾ ਹੋਵੇ ਜਿਸ ਜਾਤ ਬਰਾਬਰੀ ਦੇ ਉੱਥੇ ਵੋਟਰ ਵੱਧ ਹਨ। ਪਰ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਣ ਵਾਲਿਆਂ ਨੂੰ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਉਮੀਦਵਾਰ ਸਿਆਣਾ, ਕੰਮ ਕਰਨ ਵਾਲਾ ਅਤੇ ਉਹ ਹੋਵੇ ਜਿਸ ਤਕ ਲੋਕ ਅਸਾਨੀ ਨਾਲ ਪਹੁੰਚ ਸਕਣ। ਪਰ ਇਸ ਤਰ੍ਹਾਂ ਹੁੰਦਾ ਘੱਟ ਹੀ ਹੈ, ਜ਼ਿਆਦਾਤਰ ਡਿਗਰੀਆਂ, ਸਰਟੀਫਿਕੇਟਾਂ ਵਾਲੇ ਵੀ ਜਾਤ ਬਰਾਦਰੀ ਦੇ ਵਹਿਣ ਵਿੱਚ ਵਹਿ ਜਾਂਦੇ ਹਨ।

ਕਿਸੇ ਸਿਆਸਤਦਾਨ ਨੇ ਜੋਕੁੱਝ ਕਿਹਾ ਕਿਹਾ ਉਹ ਠੀਕ ਹੈ ਜਾਂ ਗਲਤ ਹੈ ਇਸਦੇ ਨਿਰਣੇ ਵਿੱਚ ਵੀ ਆਪਣੀ ਪੜ੍ਹਾਈ ਲਿਖਾਈ ਜਾਂ ਬੁੱਧੀ ਤੋਂ ਕੰਮ ਲੈਣ ਦੀ ਬਜਾਏ ਇਹ ਸੋਚ ਕੇ ਨਿਰਣਾ ਦਿੱਤਾ ਜਾਂਦਾ ਹੈ ਕਿ ਸਿਆਸਤਦਾਨ ਮੇਰੀ ਪਾਰਟੀ ਵਾਲਾ ਹੈ ਜਾਂ ਵਿਰੋਧੀ ਪਾਰਟੀ ਵਾਲਾ ਹੈ। ਜੇਕਰ ਆਪਣੀ ਪਾਰਟੀ ਵਾਲਾ ਹੈ ਤਾਂ ਸੌ ਪ੍ਰਤੀਸ਼ਤ ਠੀਕ ਬੋਲਿਆ ਹੈ ਅਤੇ ਜੇਕਰ ਵਿਰੋਧੀ ਪਾਰਟੀ ਵਾਲਾ ਹੈ ਤਾਂ ਸੌ ਪ੍ਰਤੀਸ਼ਤ ਗਲਤ ਹੈ। ਇਹਨਾਂ ਭੇਡਾਂ ਵਿੱਚ ਡਿਗਰੀਆਂ ਵਾਲੇ ਵੀ ਬਥੇਰੇ ਆ ਜਾਂਦੇ ਹਨ। ਕਿਸੇ ਆਪਣੀ ਪਾਰਟੀ ਵਾਲੇ ਨੇਤਾ ਜਾਂ ਧਾਰਮਿਕ ਵਿਅਕਤੀ ਦਾ ਨਫ਼ਰਤੀ ਭਾਸ਼ਣ ਸੁਣਨ ਤੋਂ ਬਾਅਦ ਕਹਿੰਦੇ ਹਨ ਕਿ ਤੀਰ ਬਿਲਕੁਲ ਨਿਸ਼ਾਨੇ ’ਤੇ ਮਾਰੇ ਹਨ ਅਤੇ ਕਿਸੇ ਹੋਰ ਦੇ ਨਫ਼ਰਤੀ ਭਾਸ਼ਣ ਤੇ ਕਹਿੰਦੇ ਹਨ ਕਿ ਸਰਕਾਰ ਨੂੰ ਨਫ਼ਰਤੀ ਭਾਸ਼ਣਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਅਜਿਹੇ ਵਿਅਕਤੀ ਜੇਲ੍ਹ ਵਿੱਚ ਸੁੱਟਣੇ ਚਾਹੀਦੇ ਹਨ। ਭਾਜਪਾ ਨਾਲ ਹਮਦਰਦੀ ਰੱਖਣ ਵਾਲੇ (ਸਾਰੇ) ਉਸ ਫੈਸਲੇ ਨੂੰ ਬਿਲਕੁਲ ਸਹੀ ਕਹਿਣਗੇ ਜਿਸ ਅਨੁਸਾਰ ਬਿਲਕਿਸ ਬਾਨੋ ਦੇ ਬਲਾਤਕਾਰੀ ਅਤੇ ਉਸ ਦੀ ਬੇਟੀ ਦੇ ਕਾਤਲ ਜੇਲ੍ਹ ਤੋਂ ਛੇਤੀ ਰਿਹਾਅ ਕਰ ਦਿੱਤੇ। ਸਾਰੇ ਲਿਖਣ ਦਾ ਮਤਲਬ ਹੈ ਕਿ ਇਸ ਵਿੱਚ ਅਨਪੜ੍ਹ ਅਤੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿਣ ਵਾਲੇ ਸਾਰੇ ਸ਼ਾਮਿਲ ਹਨ।

ਸੋਸ਼ਲ ਮੀਡੀਆ ’ਤੇ ਹਰ ਕਿਸੇ ਨੂੰ ਆਪਣੇ ਵਿਚਾਰ ਦੇਣ ਦੀ ਖੁੱਲ੍ਹ ਹੈ। ਲੇਖਕ ਦੇ ਵਿਚਾਰ ਵਟਸਐਪ ’ਤੇ ਤਾਂ ਥੋੜ੍ਹੇ ਵਿਅਕਤੀਆਂ ਤਕ ਹੀ ਜਾਂਦੇ ਹਨ ਪਰ ਫੇਸਬੁੱਕ ਤੇ ਲਿਖੇ ਗਏ ਵਿਚਾਰਾਂ ਨੂੰ ਹਰ ਕੋਈ ਪੜ੍ਹ ਸਕਦਾ ਹੈ। ਇਹ ਚੰਗੀ ਗੱਲ ਹੈ ਕਿਉਂਕਿ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਨਾ ਮੇਰੇ ਵਿਚਾਰ ਕੋਈ ਅਖ਼ਬਾਰ ਛਾਪਦਾ ਅਤੇ ਨਾ ਟੀ ਵੀ ਵਾਲੇ ਨਸ਼ਰ ਕਰਦੇ ਹਨ। ਪਰ ਇਸ ਵਿੱਚ ਵੀ ਦੋ ਸਮਾਜਿਕ ਵਾਇਰਸ ਆ ਗਏ ਹਨ। ਇੱਕ ਵਾਇਰਸ ਫੇ਼ਕ ਆਈ ਡੀ ਵਾਲਾ ਹੈ ਅਤੇ ਦੂਜਾ ਫੇ਼ਕ ਨਿਊਜ਼ ਵਾਲਾ ਹੈ। ਕੋਈ ਵਿਅਕਤੀ ਆਪਣੇ ਇੱਕ ਮੋਬਾਇਲ ਤੇ ਜਿੰਨੀਆਂ ਮਰਜ਼ੀ ਆਈ ਡੀ ਬਣਾ ਸਕਦਾ ਹੈ ਅਤੇ ਚਾਹੇ ਤਾਂ ਕਿਸੇ ਆਈ ਡੀ ਤੋਂ ਕਿਸੇ ਨੂੰ ਗਾਹਲਾਂ ਲਿਖ ਸਕਦਾ ਹੈ। ਅਜਿਹੀਆਂ ਆਈ ਡੀ ਜਿਸ ’ਤੇ ਨਾਮ ਕਿਸੇ ਹੋਰ ਦਾ ਲਿਖਿਆ ਹੁੰਦਾ ਹੈ ਅਤੇ ਫੋਟੋ ਕਿਸੇ ਹੋਰ ਦੀ ਹੁੰਦੀ ਹੈ ਤਾਂਕਿ ਅਸਲ ਵਿਅਕਤੀ ਦੀ ਪਛਾਣ ਹੀ ਨਾ ਹੋ ਸਕੇ ਨੂੰ ਫੇਕ ਆਈ ਡੀਜ਼ ਕਹਿੰਦੇ ਹਨ। ਅਜਿਹੀਆਂ ਆਈ ਡੀਜ਼ ਤੋਂ ਜਿਨ੍ਹਾਂ ਵਿਅਕਤੀਆਂ ਨਾਲ ਵਿਚਾਰ ਨਹੀਂ ਮਿਲਦੇ ਉਹਨਾਂ ਨੂੰ ਅਪਸ਼ਬਦ ਲਿਖ ਦਿੰਦੇ ਹਨ। ਅਜਿਹਿਆਂ ਨੂੰ ਬਲਾਕ ਕਰਨ ਵਿੱਚ ਹੀ ਸਿਆਣਪ ਹੈ ਕਿਉਂਕਿ ਜਿਹੜਾ ਅੱਜ ਕਿਸੇ ਨੂੰ ਗਾਹਲਾਂ ਕੱਢ ਰਿਹਾ ਹੈ ਉਹ ਕੱਲ੍ਹ ਨੂੰ ਤੁਹਾਨੂੰ ਵੀ ਗਾਹਲਾਂ ਕੱਢ ਸਕਦਾ ਹੈ। ਫੇ਼ਕ ਨਿਊਜ਼ ਦੇਣ ਵਾਲੇ ਵੀ ਅਜਿਹੇ ਨਿਊਜ਼ ਦੇਣਗੇ ਜਿਹੜੇ ਤੁਹਾਨੂੰ ਬਿਲਕੁਲ ਸਹੀ ਲੱਗਣਗੇ ਅਤੇ ਤੁਸੀਂ ਉਸ ਨੂੰ ਬਿਲਕੁਲ ਸੱਚੀ ਸਮਝਦੇ ਹੋਏ ਅੱਗੇ ਫਾਰਵਰਡ ਕਰ ਦਿਓਗੇ। ਅਜੇ ਕੁਝ ਦਿਨ ਪਹਿਲਾਂ ਕਿਸੇ ਨੇ ਫੇਸਬੁੱਕ ਉੱਤੇ ਇੱਕ ਵੀਡਿਓ ਪਾਈ ਕਿ ਟਰਕੀ ਵਿੱਚ ਫੌਜੀ ਕੁਝ ਲੋਕਾਂ ਨੂੰ ਇੱਕ ਖਾਈ ਵਿੱਚ ਸੁੱਟ ਕੇ ਗੋਲੀ ਮਾਰ ਰਹੇ ਸਨ ਅਤੇ ਖਾਈ ਵਿੱਚ ਪਹਿਲਾਂ ਹੀ ਟਰੱਕਾਂ ਦੇ ਪੁਰਾਣੇ ਟਾਇਰ ਪਏ ਹੋਏ ਸਨ। ਨਾਲ ਹੀ ਇਹ ਲਿਖਿਆ ਸੀ ਮਾਰੇ ਗਏ ਲੋਕ ਉਹ ਠੇਕੇਦਾਰ ਹਨ ਜਿਨ੍ਹਾਂ ਨੂੰ ਭੂਚਾਲ ਰੋਧੀ ਯੰਤਰ ਇਮਾਰਤਾਂ ਬਣਾਉਣ ਵੇਲੇ ਨੀਹਾਂ ਹੇਠ ਰੱਖਣ ਲਈ ਦਿੱਤੇ ਸਨ ਪਰ ਇਹਨਾਂ ਨੇ ਨੀਹਾਂ ਹੇਠ ਪੁਰਾਣੇ ਟਾਇਰ ਰੱਖ ਦਿੱਤੇ ਅਤੇ ਭੂਚਾਲ ਨਾਲ ਬਿਲਡਿਗਾਂ ਡਿਗ ਪਈਆਂ। ਕਈ ਲੋਕਾਂ ਨੇ ਜਿਨ੍ਹਾਂ ਵਿੱਚ ਪੜ੍ਹੇ ਲਿਖੇ ਵੀ ਸ਼ਾਮਿਲ ਸਨ ਇਸ ਲਿਖਤ ਅਤੇ ਵੀਡਿਓ ਨੂੰ ਬਿਨਾ ਪੁਣ ਛਾਣ ਕੀਤੇ ਅੱਗੇ ਆਪਣੇ ਜਾਣਕਾਰਾਂ ਨੂੰ ਫਾਰਵਰਡ ਕਰ ਦਿੱਤਾ। ਕਿਸੇ ਵੀ ਖਬਰ ਦੀ ਸਚਾਈ ਜਾਣਨ ਲਈ ਸਾਈਟ ਆਲਟਰਨੇਟ ਨਿਊਜ਼ ਜਾਂ ਸਾਈਟ ਫੈਕਟ ਚੈੱਕ ਹੈ। ਜਦੋਂ ਉੱਥੋਂ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਖਬਰ ਟਰਕੀ ਦੀ ਨਹੀਂ ਬਲਕਿ ਸੀਰੀਆ ਦੀ ਸੀ ਜਦੋਂ 2013 ਵਿੱਚ ਫੌਜੀਆਂ ਨੇ ਵੱਡੇ ਪੱਧਰ ’ਤੇ ਕਤਲੇ ਆਮ ਕੀਤਾ ਸੀ।

ਮੈਕਸਿਮ ਗੋਰਕੀ ਰੂਸ ਦੇ ਇੱਕ ਮਹਾਨ ਲੇਖਕ ਅਤੇ ਸਮਾਜਿਕ ਕਾਰਜਕਰਤਾ ਸਨ ਅਤੇ ਉਹ ਗਰੀਬੀ ਕਾਰਣ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਜਾ ਸਕੇ ਸਨ। ਉਹਨਾਂ ਇੱਕ ਥਾਂ ਲਿਖਿਆ ਕਿ ਲੋਕ ਅਤੇ ਸਮਾਜ ਹੀ ਮੇਰੀਆਂ ਯੂਨੀਵਸਿਟੀਆਂ ਹਨ ਜਿੱਥੋਂ ਮੈਂ ਸਭ ਕੁਝ ਸਿੱਖਿਆ ਹੈ। ਬਿਨਾ ਡਿਗਰੀਆਂ ਦੇ ਉਹ ਇੱਕ ਹਰਮਨ ਪਿਆਰਾ ਲੇਖਕ ਬਣ ਗਿਆ ਅਤੇ ਉਸ ਨੂੰ ਪੰਜ ਵਾਰ ਨੋਬਲ ਪੁਰਸਕਾਰ ਮਿਲਿਆ। ਮੇਰੇ ਵਰਗੇ ਸਰਟੀਫਿਕੇਟਾਂ ਅਤੇ ਡਿਗਰੀਆਂ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਵਾਸਤਵਿਕ ਅਤੇ ਸਰਵਪੱਖੀ ਗਿਆਨ ਤਾਂ ਲੋਕਾਂ ਤੋਂ ਹੀ ਮਿਲਣਾ ਹੈ, ਡਿਗਰੀਆਂ ਤਾਂ ਕੇਵਲ ਕੁਝ ਚੋਣਵੇਂ ਵਿਸ਼ਿਆਂ ਵਿੱਚ ਮੁਹਾਰਤ ਦੇ ਸਕਦੀਆਂ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3906)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author