“ਇਹ ਸਮਾਜਿਕ, ਆਰਥਿਕ ਹਾਲਤਾਂ ਹੀ ਹਨ ਜਿਹੜੀਆਂ ਕਿਸੇ ਨੂੰ ਭੀਖ ਮੰਗਣ ਲਈ ਮਜਬੂਰ ਕਰਦੀਆਂ ਹਨ ...”
(13 ਅਗਸਤ 2021)
ਸੀਨੀਅਰ ਐਡਵੋਕੇਟ ਕੁਛ ਕਾਲਰਾ ਨੇ ਇੱਕ ਲੋਕ ਹਿਤ ਪਟੀਸ਼ਨ ਵਿੱਚ ਸੁਪਰੀਮ ਕੋਰਟ ਅੱਗੇ ਬੇਨਤੀ ਕੀਤੀ ਸੀ ਕਿ ਰੇਲ ਸਟੇਸ਼ਨਾਂ, ਬੱਸ ਅੱਡਿਆਂ, ਚੌਂਕਾਂ, ਮਾਰਕੀਟਾਂ ਅਤੇ ਹੋਰ ਪਬਲਿਕ ਥਾਂਵਾਂ ਤੋਂ ਭੀਖ ਮੰਗਣਾ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਵਾਰੀਆਂ ਨੂੰ ਅਤੇ ਹੋਰ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ। ਇਹਨਾਂ ਦਾ ਟੀਕਾਕਰਣ ਹੋਵੇ ਅਤੇ ਮੁੜ ਵਸੇਬਾ ਹੋਵੇ ਤਾਂਕਿ ਇਹ ਕਰੋਨਾ ਵਾਹਕ ਨਾ ਬਣ ਸਕਣ। ਐਡਵੋਕੇਟ ਕੁਛ ਦੇ ਨਾਲ ਕੌਂਸਲ ਮੋਹਿਤ ਪਾਲ ਅਤੇ ਸੀਨੀਅਰ ਐਡਵੋਕੇਟ ਪੀ ਚਿਨਮਯ ਸ਼ਰਮਾ ਮੌਜੂਦ ਸਨ। ਸੁਣਵਾਈ ਕਰ ਰਹੇ ਜਸਟਿਸ ਡੀ ਵਾਈ ਚੰਡਰਚੂਹੜ ਅਤੇ ਜਸਟਿਸ ਐੱਮ ਅਰ ਸ਼ਾਹ ਦੀ ਬੈਂਚ ਨੇ ਬਹੁਤ ਹੀ ਤਰਕਸੰਗਤ ਫੈਸਲਾ ਦਿੰਦੇ ਹੋਏ ਕਿਹਾ, “ਭਿਖਾਰੀਆਂ ਬਾਰੇ ਅਸੀਂ ਕੁਲੀਨ ਵਰਗ ਦਾ ਨਜ਼ਰੀਆ ਨਹੀਂ ਅਪਣਾ ਸਕਦੇ। ਭੀਖ ਮੰਗਣਾ ਇੱਕ ਸਮਾਜਿਕ-ਆਰਥਿਕ ਸਮੱਸਿਆ ਹੈ। ਕਿਸੇ ਦਾ ਵੀ ਮਨ ਭਿੱਖਿਆ ਮੰਗਣ ਨੂੰ ਨਹੀਂ ਕਰਦਾ। ਇਹ ਸਮਾਜਿਕ, ਆਰਥਿਕ ਹਾਲਤਾਂ ਹੀ ਹਨ ਜਿਹੜੀਆਂ ਕਿਸੇ ਨੂੰ ਭੀਖ ਮੰਗਣ ਲਈ ਮਜਬੂਰ ਕਰਦੀਆਂ ਹਨ। ਜੇਕਰ ਇਹਨਾਂ ਲੋਕਾਂ ਦੇ ਪੜ੍ਹਨ ਲਿਖਣ ਦਾ ਅਤੇ ਰੋਜ਼ਗਾਰ ਦਾ ਪ੍ਰਬੰਧ ਹੋ ਜਾਵੇ ਤਾਂ ਇਹ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ ਅਤੇ ਭੀਖ ਮੰਗਣਾ ਬੰਦ ਕਰ ਦੇਣਗੇ। ਭੀਖ ਮੰਗਣ ਵਾਲੇ ਬੱਚਿਆਂ ਲਈ ਤਾਂ ਹੋਰ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ।”
ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਭੇਜਿਆ ਕਿ ਕਰੋਨਾ ਮਹਾਂਮਾਰੀ ਕਾਲ ਅੰਦਰ ਇਹਨਾਂ ਲੋਕਾਂ ਦੇ ਟੀਕਾਕਰਣ ਅਤੇ ਮੁੜ ਵਸੇਬੇ ਲਈ ਤੁਸੀਂ ਕੀ ਕਰ ਰਹੇ ਹੋ, ਦੋ ਹਫ਼ਤਿਆਂ ਵਿੱਚ ਜਵਾਬ ਦੇਵੋ। ਅਸੀਂ ਇਹ ਨਹੀਂ ਸੁਣ ਸਕਦੇ ਕਿ ਕਰੋਨਾ ਕਾਲ ਵਿੱਚ ਭੀਖ ਮੰਗਣ ’ਤੇ ਰੋਕ ਲਾਈ ਜਾਵੇ। ਕੋਰਟ ਨੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਕੋਲੋਂ ਦਿੱਲੀ ਵਿੱਚ ਟੀਕਾਕਰਣ ਲਈ ਸਹਿਯੋਗ ਦੀ ਮੰਗ ਕੀਤੀ।
ਫੈਸਲਾ ਬਹੁਤ ਵਧੀਆ ਅਤੇ ਸਲਾਹੁਣ ਯੋਗ ਹੈ ਪਰ ਕੀ ਭਾਰਤ ਦੀਆਂ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਹਾਲਤਾਂ ਅਜਿਹੀਆਂ ਹਨ ਜਿੱਥੇ ਇਹ ਫੈਸਲਾ ਪੂਰੀ ਤਰ੍ਹਾਂ ਅਤੇ ਤੁਰੰਤ ਲਾਗੂ ਹੋ ਜਾਵੇਗਾ? ਲਗਦਾ ਹੈ ਨਹੀਂ।
ਭਾਰਤ ਵਿੱਚ ਭਿੱਖਿਆ ਮੰਗਵਾਉਣ ਦੀ ਇੱਕ ਬਹੁਤ ਵੱਡੀ ਇੰਡਸਟਰੀ (ਉਦਯੋਗ) ਹੈ ਜਿਸਦਾ ਕੁਲ ਕਾਰੋਬਾਰ 1.5 ਬਿਲੀਅਨ ਡਾਲਰ ਯਾਨੀ ਕਿ 150 ਕਰੋੜ ਰੁਪਏ ਸਾਲਾਨਾ ਹੈ। ਕੁਝ ਮਾਫੀਆ ਗਰੋਹ ਹਨ ਜੋਕਿ ਬੱਚਿਆਂ ਨੂੰ ਚੁੱਕ ਕੇ ਬੜੀ ਦੂਰ ਲੈ ਜਾਂਦੇ ਹਨ, ਉਹਨਾਂ ਨੂੰ ਤਸੀਹੇ ਦਿੰਦੇ ਹਨ, ਜਾਣ ਬੁੱਝ ਕੇ ਜ਼ਖਮੀ ਕਰਦੇ ਹਨ ਤਾਂਕਿ ਲੋਕ ਤਰਸ ਖਾ ਕੇ ਉਹਨਾਂ ਨੂੰ ਭੀਖ ਦੇਣ ਅਤੇ ਬੜੀ ਸਖ਼ਤੀ ਨਾਲ ਉਹਨਾਂ ਤੋਂ ਸਾਰਾ ਦਿਨ ਭੀਖ ਮੰਗਵਾਉਣ ਤੋਂ ਬਾਅਦ ਰਾਤ ਨੂੰ ਥੋੜ੍ਹਾ ਜਿਹਾ ਹੀ ਖਾਣਾ ਦਿੰਦੇ ਹਨ। ਉਹਨਾਂ ਦੇ ਕੱਪੜੇ ਬਿਨਾ ਧੋਤੇ ,ਮੇਲੇ ਕੁਚੇਲੇ ਅਤੇ ਕਈ ਬੀਮਾਰੀਆਂ ਦੇ ਵਾਹਕ ਹੁੰਦੇ ਹਨ। ਮਰਨ ਤੇ ਉਹਨਾਂ ਨੂੰ ਲਾਵਾਰਿਸ ਸੁੱਟ ਦਿੱਤਾ ਜਾਂਦਾ ਹੈ। ਕਈ ਵਾਰ ਬੱਚਿਆਂ ਦੀਆਂ ਲੱਤਾਂ ਬਾਹਾਂ ਤੋੜ ਕੇ ਅਪਾਹਜ ਵੀ ਬਣਾ ਦਿੰਦੇ ਹਨ ਤਾਂ ਕਿ ਕੋਈ ਇਹਨਾਂ ਨੂੰ ਇਹ ਨਾ ਕਹੇ ਕਿ ਚੰਗਾ ਭਲਾ ਹੈਂ, ਭੀਖ ਕਿਉਂ ਮੰਗ ਰਿਹਾ ਹੈਂ। ਇਹ ਆਮ ਤੌਰ ’ਤੇ ਦੂਜੇ ਰਾਜਾਂ ਵਿੱਚ ਭੇਜੇ ਜਾਂਦੇ ਹਨ। ਤੁਸੀਂ ਵੇਖਿਆ ਹੋਣਾ ਹੈ ਕਿ ਤੁਹਾਡੇ ਸ਼ਹਿਰ ਜਾਂ ਕਸਬੇ ਵਿੱਚ ਜਿਸ ਥਾਂ ’ਤੇ ਕੋਈ ਮੇਲਾ ਲਗਦਾ ਹੈ ਉੱਥੇ ਆਮ ਦਿਨਾਂ ਵਿੱਚ ਇੱਕ ਜਾਂ ਦੋ ਭਿਖਾਰੀ ਹੁੰਦੇ ਹਨ ਪਰ ਮੇਲੇ ਵਾਲੇ ਦਿਨ ਜਾਂ ਉਸ ਤੋਂ ਇੱਕ ਰਾਤ ਪਹਿਲਾਂ ਤਿੰਨ ਚਾਰ ਸੌ ਜਾਂ ਇਸ ਤੋਂ ਵੀ ਵੱਧ ਤੁਰਨੋਂ ਫਿਰਨੋਂ ਅਸਮਰਥ ਭਿਖਾਰੀ ਆ ਪਹੁੰਚਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਹੋਰ ਹੀ ਕਿਸੇ ਪ੍ਰਾਂਤ ਦੀ ਬੋਲੀ ਬੋਲ ਰਹੇ ਹੁੰਦੇ ਹਨ। ਇਹ ਮਾਫੀਏ ਦੀ ਹੀ ਕਰਤੂਤ ਹੁੰਦੀ ਹੈ। ਮੇਲਾ ਖਤਮ ਹੁੰਦੇ ਹੀ ਇਹ ਭਿਖਾਰੀ ਵੀ ਅਲੋਪ ਹੋ ਜਾਂਦੇ ਹਨ, ਮਤਲਬ ਅਲੋਪ ਕਰ ਦਿੱਤੇ ਜਾਂਦੇ ਹਨ।
ਸਮਾਜਿਕ ਨਿਆਂ ਮੰਤਰੀ ਥਵਰ ਚੰਦ ਗਹਿਲੋਤ ਦੇ ਮਾਰਚ 2021 ਦੇ ਬਿਆਨ ਅਨੁਸਾਰ ਭਾਰਤ ਵਿੱਚ 413670 ਭਿਖਾਰੀ ਹਨ ਅਤੇ ਉਹਨਾਂ ਵਿੱਚੋਂ ਚਾਲੀ ਹਜ਼ਾਰ ਬੱਚੇ ਹੀ ਹਨ। ਵੈਸੇ ਅਸਲ ਆਂਕੜੇ ਸਰਕਾਰੀ ਅੰਕੜਿਆਂ ਤੋਂ ਵੱਧ ਹੀ ਹੁੰਦੇ ਹਨ ਅਤੇ ਹੁਣ ਕਰੋਨਾ ਕਾਰਣ ਹੋਏ ਬੇਰੋਜ਼ਗਾਰ ਮਜ਼ਦੂਰਾਂ ਵਿੱਚੋਂ ਵੀ ਕਈ ਭਿਖਾਰੀ ਬਣ ਚੁੱਕੇ ਹਨ। ਪੰਜਾਬ ਵਿੱਚ ਗਰੀਬੀ ਪੱਧਰ ਤੋਂ ਹੇਠਲੇ ਲੋਕ ਜੋ ਕਿ ਕੰਮ ਮਿਲਣ ਤੇ ਮਜ਼ਦੂਰੀ ਵੀ ਕਰਦੇ ਹਨ, ਉਹਨਾਂ ਵਿੱਚੋਂ ਵੀ ਕਈ ਝੌਂਪੜੀਆਂ ਜਾਂ ਛੱਪਰਾਂ ਵਿੱਚ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਮਿਲਣ ਦੇ ਬਾਵਜੂਦ ਸੱਤਵੀਂ ਅੱਠਵੀਂ ਜਮਾਤ ਵਿੱਚ ਹੀ ਪੜ੍ਹਾਈ ਛੱਡਣ ਨੂੰ ਮਜਬੂਰ ਹੋ ਜਾਂਦੇ ਹਨ ਤਾਂਕਿ ਉਹ ਛੋਟਾ ਮੋਟਾ ਕੰਮ ਕਰ ਕੇ ਮਾਪਿਆਂ ਦਾ ਹੱਥ ਸੁਖਾਲਾ ਕਰ ਸਕਣ। ਹੋ ਸਕਦਾ ਹੈ ਸਾਰੇ ਭਾਰਤ ਦਾ ਵੀ ਅਜਿਹਾ ਹੀ ਹਾਲ ਹੋਵੇ। ਇਸ ਅਵਸਥਾ ਵਿੱਚ ਸਾਰੇ ਭਿਖਾਰੀਆਂ ਅਤੇ ਘੁਮੰਤੂਆਂ ਲਈ ਰਿਹਾਇਸ਼ ਅਤੇ ਭਿਖਾਰੀ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ, ਜਿਸ ਨਾਲ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ ਭਾਰਤੀ ਹਾਲਤਾਂ ਵਿੱਚ ਨੇੜੇ ਦੇ ਭਵਿੱਖ ਵਿੱਚ ਲਗਭਗ ਅਸੰਭਵ ਲਗਦਾ ਹੈ। ਸੋਚਣ ਵਾਲੀ ਗੱਲ ਹੈ ਕਿ ਕੀ ਸਰਕਾਰਾਂ ਦੇ ਮਾਈ ਬਾਪ ਕਾਰਪੋਰੇਟ ਘਰਾਣੇ ਇਸ ਗੱਲ ਦੇ ਇੱਛੁਕ ਹਨ ਕਿ ਭਾਰਤ ਦੇ ਹਰ ਨਾਗਰਿਕ ਨੂੰ ਰੁਜ਼ਗਾਰ ਮਿਲ ਜਾਵੇ?
ਤੁਸੀਂ ਇੰਟਰਨੈੱਟ ਭਿਖਾਰੀਆਂ ਦਾ ਕੀ ਕਰੋਗੇ? ਇਹ ਲੋਕ ਕਿਸੇ ਕੈਂਸਰ ਦੇ ਮਰੀਜ਼ ਦੀ ਫੋਟੋ ਪਾ ਕੇ ਲਿਖ ਦਿੰਦੇ ਹਨ, “ਇਸ ਗਰੀਬ ਕੋਲ ਤਾਂ ਦੋ ਵਕਤ ਦੀ ਰੋਟੀ ਲਈ ਵੀ ਪੈਸੇ ਨਹੀਂ ਹਨ ਅਤੇ ਹਸਪਤਾਲ ਨੇ ਸੰਭਾਵਿਤ ਖਰਚਾ ਤਿੰਨ ਲੱਖ ਰੁਪਏ ਦੱਸਿਆ ਹੈ। ਇਸਦੀ ਸਹਾਇਤਾ ਲਈ ਹਜ਼ਾਰ, ਦੋ ਹਜ਼ਾਰ ਜਾਂ ਇਸ ਤੋਂ ਵੱਧ ਰੁਪਏ ਇਸ ਖਾਤੇ ਵਿੱਚ ਭੇਜੋ।” ਨਾਲ ਹੀ ਉਹਨਾਂ ਨੇ ਆਪਣਾ ਖਾਤਾ ਨੰਬਰ ਦਿੱਤਾ ਹੁੰਦਾ ਹੈ। ਨਾ ਤਾਂ ਮਰੀਜ਼ ਨੂੰ ਪਤਾ ਹੁੰਦਾ ਹੈ ਕਿ ਮੇਰੇ ਨਾਮ ’ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਨਾ ਹੀ ਬੈਂਕ ਨੂੰ ਪਤਾ ਹੁੰਦਾ ਹੈ ਕਿ ਇਹ ਪੈਸੇ ਕਿਸੇ ਮਰੀਜ਼ ਦੇ ਨਾਮ ’ਤੇ ਠੱਗੇ ਜਾ ਰਹੇ ਹਨ। ਅਜਿਹੀ ਹੀ ਇੱਕ ਫਰਿਆਦ ਮੈਂ ਆਪਣੇ ਫੇਸਬੁੱਕ ’ਤੇ ਪੜ੍ਹੀ ਸੀ ਕਿ ਮੇਰੀ ਬੇਟੀ ਦਾ ਬੋਨ ਮੈਰੋ ਬਦਲਣ ਲਈ ਚਾਰ ਲੱਖ ਦਾ ਖਰਚਾ ਹੋਣਾ ਹੈ, ਜੇਕਰ ਪੈਸੇ ਦਾ ਪ੍ਰਬੰਧ ਨਾ ਹੋਇਆ ਤਾਂ ਮੇਰੀ ਬੇਟੀ ਜੀਵਿਤ ਨਹੀਂ ਬਚੇਗੀ। ਮਾਇਕ ਸਹਾਇਤਾ ਲਈ ਮੋਬਾਇਲ ਨੰਬਰ ਦਿੱਤਾ ਹੋਇਆ ਸੀ। ਭਿਖਾਰੀਆਂ ਦੀ ਇੱਕ ਹੋਰ ਵੰਨਗੀ ਵੀ ਹੈ। ਇਹਨਾਂ ਦਾ ਆਪਣਾ ਮਕਾਨ ਹੈ ਅਤੇ ਆਮਦਨ ਐਨੀ ਕੁ ਹੁੰਦੀ ਹੈ ਕਿ ਗੁਜ਼ਾਰਾ ਹੋ ਸਕੇ। ਪਰ ਥੋੜ੍ਹੀ ਜਿਹੀ ਐਸ਼ ਜਾਂ ਨਸ਼ੇ ਲਈ ਇਹ ਭੀਖ ਵੀ ਮੰਗਦੇ ਹਨ।
ਇੱਕ ਧਾਰਮਿਕ ਮਸਲਾ ਵੀ ਹੈ। ਜੰਗਮ, ਉਹ ਜਿਹੜੇ ਸ਼ਿਵਰਾਤਰੀ ਜਾਂ ਹੋਰ ਦਿਨਾਂ ਵਿੱਚ ਤੁਹਾਡੇ ਘਰਾਂ ਦੇ ਬਾਹਰ ‘ਭੋਲਾ ਨਾਥ ਭੰਡਾਰ ਭਰੇਂਗੇ - ਬੰਮ, ਬੰਮ ਬੋਲੇ’ ਗਾਉਂਦੇ ਅਤੇ ਟੱਲੀਆਂ ਵਜਾਉਂਦੇ ਆਉਂਦੇ ਹਨ, ਇਹ ਆਪਣੇ ਆਪ ਨੂੰ ਸ਼ਿਵ ਭਗਤ ਕਹਿੰਦੇ ਹਨ। ਜਦ ਤਕ ਇਹ ਵਿਆਹ ਸ਼ਾਦੀਆਂ ਜਾਂ ਹੋਰ ਮੌਕਿਆਂ ’ਤੇ ਘਰਾਂ ਵਿੱਚ ਸ਼ਿਵਜੀ ਦਾ ਵਿਆਹ ਕਰਨ ਲਈ ਜੋ ਕੁਝ ਮਿਲਣਾ ਹੈ ਉਹ ਪਹਿਲਾਂ ਮਿੱਥ ਕੇ ਆਉਂਦੇ ਹਨ ਅਤੇ ਪ੍ਰੋਗਰਾਮ ਦੇ ਵਿੱਚ ਲੋਕਾਂ ਵੱਲੋਂ ਜਿਹੜੀ ਖੁਸ਼ ਹੋ ਕੇ ਮਾਇਆ ਭੇਂਟ ਕੀਤੀ ਜਾਂਦੀ ਹੈ ਉਸ ਨੂੰ ਸਵੀਕਾਰ ਕਰਦੇ ਹਨ ਤਦ ਤਕ ਤਾਂ ਸ਼ਾਇਦ ਇਹ ਭੀਖ ਮੰਗਣਾ ਨਹੀਂ। ਪਰ ਬਿਨ ਬੁਲਾਏ ਘਰਾਂ ਅੱਗੇ ਟੱਲੀਆਂ ਵਜਾਉਂਦੇ ਆਉਣਾ ਅਤੇ ਕੁਝ ਦੇਰ ਬਾਅਦ ਘੰਟੀ ਵਜਾ ਕੇ ਮੰਗਣਾ ਤਾਂ ਭੀਖ ਹੀ ਹੈ। ਪਰ ਇਹਨਾਂ ਨੂੰ ਇਵੇਂ ਗਲੀਆਂ ਬਜ਼ਾਰਾਂ ਵਿੱਚ ਆਉਣ ਤੋਂ ਰੋਕਣਾ ਇੱਕ ਧਾਰਮਿਕ ਪੰਗਾ ਹੋ ਸਕਦਾ ਹੈ।
ਭਾਰਤ ਵਿੱਚ ਕਈ ਵਾਰ ਧਾਰਮਿਕ ਆਸਥਾ ਕਾਨੂੰਨ ਤੋਂ ਉੱਤੇ ਹੋ ਜਾਂਦੀ ਹੈ। ਹਿੰਦੂ ਜੋ ਕਿ ਭਾਰਤ ਵਿੱਚ ਬਹੁਗਿਣਤੀ ਵਿੱਚ ਹਨ, ਉਹਨਾਂ ਅਨੁਸਾਰ ਭਿੱਖਿਆ ਦੇਣੀ ਜਾਂ ਦਾਨ ਦੇਣਾ ਲਗਭਗ ਇੱਕੋ ਹੀ ਕਰਮ ਹੈ। ਦਾਨ ਦੇਣਾ ਇੱਕ ਧਾਰਮਿਕ ਕ੍ਰਿਆ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਬੁੱਧ ਮਤ ਵਿੱਚ ਬੌਧ ਭਿਕਸ਼ੂਆਂ ਵੱਲੋਂ ਭੀਖ ਮੰਗਣ ਦੀ ਰਵਾਇਤ ਹੈ ਅਤੇ ਗੌਤਮ ਬੁੱਧ ਨੇ ਆਪ ਭੀਖ ਮੰਗੀ ਸੀ।
ਭੀਖ ਦਾ ਦੇਣਾ ਅਤੇ ਲੈਣਾ ਤਾਂ ਉੱਨੀ ਦੇਰ ਤਕ ਹੀ ਜਾਰੀ ਰਹਿ ਸਕਦਾ ਹੋ ਜਦ ਤਕ ਕੁਝ ਲੋਕ ਦਾਨ ਦੇਣ ਦੇ ਸਮਰੱਥ ਹੋਣ ਅਤੇ ਕੁਝ ਇੰਨੇ ਗਰੀਬ ਅਤੇ ਅਸਮਰਥ ਲੋਕ ਹੋਣ ਜਿਹੜੇ ਦਾਨ ਦੇ ਨਾਮ ’ਤੇ ਭੀਖ ਲੈਣ ਲਈ ਮਜਬੂਰ ਹੋਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2949)
(ਸਰੋਕਾਰ ਨਾਲ ਸੰਪਰਕ ਲਈ: