“ਕੋਈ ਵੀ ਦੇਸ਼, ਕੌਮ, ਰਾਸ਼ਟਰ, ਭਾਸ਼ਾ, ਧਰਮ, ਸਰਵਉੱਚ ਨਹੀਂ ਹੋ ਸਕਦਾ। ਰਬਿੰਦਰ ਨਾਥ ...”
(1 ਸਤੰਬਰ 2023)
ਮੇਰਾ ਦੇਸ਼ ਸਭ ਤੋਂ ਮਹਾਨ, ਮੇਰਾ ਰਾਸ਼ਟਰ ਸਭ ਤੋਂ ਮਹਾਨ, ਮੇਰਾ ਧਰਮ ਸਭ ਤੋਂ ਮਹਾਨ, ਮੇਰੀ ਭਾਸ਼ਾ ਸਭ ਤੋਂ ਮਹਾਨ, ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਇਹ ਸ਼ਬਦ ਆਮ ਹੀ ਸਾਡੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ।
ਇਹ ਠੀਕ ਹੈ ਕਿ ਜਿਹੜਾ ਵਿਅਕਤੀ ਜਿਸ ਕਿਸੇ ਦੇਸ਼ ਵਿੱਚ ਜੰਮਿਆ, ਪਲਿਆ ਹੈ, ਉੱਥੇ ਦੇ ਪਹਾੜਾਂ, ਨਦੀਆਂ, ਦਰਿਆਵਾਂ, ਸੱਭਿਆਚਾਰ, ਆਪਣੀ ਮਾਂ ਬੋਲੀ, ਦੋਸਤ ਆਦਿ ਸਭ ਉਸ ਨੂੰ ਪਿਆਰੇ ਲਗਦੇ ਹਨ। ਉਸ ਨੂੰ ਆਪਣੇ ਦੇਸ਼ ਦੀਆਂ ਫੌਜਾਂ ’ਤੇ ਮਾਣ ਹੁੰਦਾ ਹੈ। ਜੇਕਰ ਕੋਈ ਵਿਦੇਸ਼ ਚਲਾ ਜਾਵੇ ਤਾਂ ਇਹੋ ਸੋਚਦਾ ਹੈ ਕਿ ਕਿਹੜੀ ਘੜੀ ਮੈਂ ਵਾਪਸ ਆਪਣੇ ਦੇਸ਼ ਪਹੁੰਚਾਂਗਾ। ਜਿਹੜੇ ਬਾਹਰ ਜਾ ਕੇ ਜਿਹੜੇ ਪੱਕੇ ਹੋ ਗਏ ਹਨ, ਉਹ ਵੀ ਸਾਲ, ਦੋ ਸਾਲ ਬਾਅਦ ਆਪਣੇ ਦੇਸ਼ ਇੱਕ ਵਾਰ ਜ਼ਰੂਰ ਪਰਤਦੇ ਹਨ, ਭਾਵੇਂ ਥੋੜ੍ਹੀ ਦਰ ਲਈ ਹੀ ਪਰ ਪਰਤਦੇ ਜ਼ਰੂਰ ਹਨ। ਕਈ ਤਾਂ ਬਾਹਰ ਵਸਦੇ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਹਨ ਕਿ ਮੇਰੇ ਮਰਨ ’ਤੇ ਮੇਰਾ ਅੰਤਿਮ ਸੰਸਕਾਰ ਮੇਰੇ ਦੇਸ਼ ਵਿੱਚ ਕਰਨਾ। ਜੇਕਰ ਤੁਸੀਂ ਭਾਰਤ ਵਿੱਚ ਜਨਮੇ ਹੋ ਤਾਂ ਤੁਹਾਨੂੰ ਇੱਥੇ ਦਾ ਸਭ ਕੁਝ ਚੰਗਾ ਲੱਗੇਗਾ।
ਹੁਣ ਜ਼ਰਾ ਸੋਚੋ ਕਿ ਜੇਕਰ ਤੁਸੀਂ ਪਾਕਿਸਤਾਨ ਵਿੱਚ ਜੰਮੇ ਹੁੰਦੇ ਤਾਂ ਕੀ ਤੁਸੀਂ ਭਾਰਤ ਨੂੰ ਸਭ ਤੋਂ ਮਹਾਨ ਕਹਿਣਾ ਸੀ? ਭਾਰਤ ਦੇ ਪਹਾੜਾਂ, ਨਦੀਆਂ, ਦਰਿਆਵਾਂ ਦੀ ਤਾਰੀਫ਼ ਕਰਨੀ ਸੀ ਜਾਂ ਆਪਣਿਆਂ ਦੀ? ਆਪਣੀ ਮਾਂ ਬੋਲੀ ਛੱਡ ਕੇ ਹਿੰਦੀ ਭਾਸ਼ਾ ਦੀ ਤਾਰੀਫ਼ ਕਰਨੀ ਸੀ? ਬਿਲਕੁਲ ਨਹੀਂ। ਤੁਸੀਂ ਆਪਣੇ ਪਾਕਿਸਤਾਨ ਦੇ ਪਹਾੜਾਂ, ਨਦੀਆਂ, ਦਰਿਆਵਾਂ ਅਤੇ ਆਪਣੇ ਸੱਭਿਆਚਾਰ, ਆਪਣੇ ਲੋਕ ਗੀਤਾਂ ਦੀ ਤਾਰੀਫ਼ ਕਰਨੀ ਸੀ। ਤੁਸੀਂ ਪਾਕਿਸਤਾਨ ਦੀਆਂ ਫੌਜਾਂ ਦੀ ਤਾਰੀਫ਼ ਕਰਦੇ ਨਹੀਂ ਥੱਕਣਾ ਸੀ। ਜੇਕਰ ਆਰਥਿਕ ਮਸਲਾ ਨਾ ਹੁੰਦਾ ਤਾਂ ਤੁਸੀਂ ਜੀਣਾ ਅਤੇ ਮਰਨਾ ਪਾਕਿਸਤਾਨ ਵਿੱਚ ਹੀ ਪਸੰਦ ਕਰਨਾ ਸੀ।
ਇਸੇ ਤਰ੍ਹਾਂ ਜੇਕਰ ਤੁਸੀਂ ਚੀਨ, ਜਾਪਾਨ ਜਾਂ ਅਮਰੀਕਾ ਵਿੱਚ ਜੰਮੇ ਹੁੰਦੇ ਤਾਂ ਤੁਹਾਨੂੰ ਆਪਣੇ ਦੇਸ਼ ਦਾ ਸਭ ਕੁਝ ਸਾਰੇ ਸੰਸਾਰ ਤੋਂ ਵਧੀਆ ਲੱਗਣਾ ਸੀ। ਜੇਕਰ ਤੁਸੀਂ ਅਫ਼ਗ਼ਾਨਿਸਤਾਨ ਵਿੱਚ ਪੈਦਾ ਹੋਏ ਹੁੰਦੇ, ਜਿਹੜਾ ਦੇਸ਼ ਪਿਛਲੇ ਅੱਠ ਸੌ ਸਾਲਾਂ ਤੋਂ ਯੁੱਧ ਦਾ ਖੇਤਰ ਬਣਿਆ ਹੋਇਆ ਹੈ, ਕਦੇ ਵਿਦੇਸ਼ੀ ਹਮਲਾਵਰਾਂ ਨਾਲ ਯੁੱਧ, ਕਦੇ ਆਪਣੇ ਹੀ ਦੇਸ਼ ਦੇ ਧੜਿਆਂ ਦੀਆਂ ਫੌਜਾਂ ਵਿਚਕਾਰ ਯੁੱਧ ਅਤੇ ਕਦੇ ਵੀ ਸ਼ਾਂਤੀ ਨਹੀਂ ਹੋਈ, ਪਰ ਫੇਰ ਵੀ ਤੁਹਾਨੂੰ ਅਫ਼ਗ਼ਾਨਿਸਤਾਨ ਹੀ ਸਭ ਤੋਂ ਵਧੀਆ ਦੇਸ਼ ਲੱਗਣਾ ਸੀ।
ਹਰ ਕਿਸੇ ਨੂੰ ਆਪਣੀ ਮਾਂ ਬੋਲੀ ਵਧੀਆ ਲਗਦੀ ਹੈ, ਉਸ ਵਿੱਚ ਗੱਲਬਾਤ ਕਰਨੀ ਆਸਾਨ ਲਗਦੀ ਹੈ ਅਤੇ ਉਸ ’ਤੇ ਮਾਣ ਹੁੰਦਾ ਹੈ। ਕਵੀਆਂ ਨੇ ਆਪਣੀ ਮਾਂ ਬੋਲੀ ਦੀ ਵਡਿਆਈ ਵਿੱਚ ਕਵਿਤਾਵਾਂ ਲਿਖੀਆਂ ਹਨ। ਪੂਰਬੀ ਜਾਂ ਪੱਛਮੀ ਪੰਜਾਬ ਵਿੱਚ ਜੰਮਿਆਂ ਨੂੰ ਪੰਜਾਬੀ ਬੋਲੀ ਵਧੀਆ ਲਗਦੀ ਹੈ ਅਤੇ ਇਸੇ ਵਿੱਚ ਉਹ ਵਿਚਾਰ ਵਟਾਂਦਰਾ ਬੜੀ ਸਪਸ਼ਟਤਾ ਨਾਲ ਅਤੇ ਸੌਖਿਆਂ ਹੀ ਕਰ ਲੈਂਦੇ ਹਨ। ਪੱਛਮੀ ਪੰਜਾਬੀ ਭਾਵੇਂ ਪੰਜਾਬੀ ਲਿਪੀ ਵਿੱਚ ਨਾ ਲਿਖ ਸਕਣ ਪਰ ਪੰਜਾਬੀ ਦੇ ਉਰਦੂ ਰੂਪ ਜਿਸ ਨੂੰ ਸ਼ਾਹਮੁਖੀ ਕਹਿੰਦੇ ਹਨ, ਉਸ ਵਿੱਚ ਲਿਖਦੇ ਹਨ। ਇਸੇ ਤਰ੍ਹਾਂ ਬੰਗਾਲ ਵਿੱਚ ਜੰਮਿਆਂ ਨੂੰ ਬੰਗਾਲੀ, ਹਿੰਦੀ ਖੇਤਰ ਵਿੱਚ ਜੰਮਿਆਂ ਨੂੰ ਹਿੰਦੀ, ਤਾਮਿਲਨਾਡੂ ਵਾਲਿਆਂ ਨੂੰ ਤਮਿਲ, ਆਂਧਰਾ ਪ੍ਰਦੇਸ਼ ਵਾਲਿਆਂ ਨੂੰ ਤੇਲਗੂ ਬੋਲੀ ਚੰਗੀ ਲਗਦੀ ਹੈ। ਹਰ ਕਿਸੇ ਲਈ ਆਪਣੀ ਬੋਲੀ ਮਹਾਨ ਹੈ। ਕੋਈ ਜ਼ਰੂਰੀ ਨਹੀਂ ਕਿ ਹਿੰਦੂ ਦੀ ਬੋਲੀ ਹਿੰਦੀ ਹੀ ਹੋਵੇ। ਆਂਧਰਾ ਪ੍ਰਦੇਸ਼ ਦਾ ਜਮ ਪਲ ਹਿੰਦੂ ਤੇਲਗੂ ਵਿੱਚ ਹੀ ਗੱਲਬਾਤ ਕਰੇਗਾ। ਬੰਗਾਲ ਜਾਂ ਬੰਗਲਾ ਦੇਸ਼ ਦਾ ਜਮ ਪਲ ਮੁਸਲਮਾਨ ਉਰਦੂ ਦੀ ਬਜਾਏ ਬੰਗਲਾ ਬੋਲੀ ਵਿੱਚ ਹੀ ਗੱਲਬਾਤ ਕਰੇਗਾ। ਤਾਮਿਲਨਾਡੂ ਦਾ ਜੰਮ ਪਲ ਇਸਾਈ ਅੰਗਰੇਜ਼ੀ ਦੀ ਬਜਾਏ ਤਮਿਲ ਬੋਲੀ ਵਿੱਚ ਗੱਲਬਾਤ ਸੌਖਿਆਂ ਕਰੇਗਾ ਅਤੇ ਜੇਕਰ ਉਹ ਅੰਗਰੇਜ਼ੀ ਵਿੱਚ ਗੱਲਬਾਤ ਕਰਨਾ ਚਾਹੇ ਤਾਂ ਉਹ ਠੀਕ ਸ਼ਬਦ ਚੁਣਨ ਲਈ ਕੁਝ ਔਖਿਆਈ ਮਹਿਸੂਸ ਕਰੇਗਾ। ਇੰਗਲੈਂਡ, ਅਮਰੀਕਾ, ਆਸਟਰੇਲੀਆ ਵਰਗੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਜੇਕਰ ਉਹ ਜੰਮ ਪਲ ਉੱਥੇ ਦਾ ਹੀ ਹੈ ਤਾਂ ਅੰਗਰੇਜ਼ੀ ਵਿੱਚ ਆਪਣੇ ਵਿਚਾਰ ਤੇਜ਼ੀ ਨਾਲ ਅਤੇ ਸੌਖਿਆਂ ਹੀ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਫਰਾਂਸੀਸੀਆਂ ਲਈ ਫਰੈਂਚ, ਸਪੇਨ ਦੇ ਲੋਕਾਂ ਲਈ ਸਪੈਨਿਸ਼ ਭਾਸ਼ਾ ਹੀ ਵਧੀਆ ਹੈ। ਜੇਕਰ ਕੋਈ ਭਾਰਤੀ ਅੰਗਰੇਜ਼ੀ ਦੀ ਭਾਵੇਂ ਐੱਮ ਏ ਜਾਂ ਡਾਕਟਰੇਟ ਕਰ ਲਵੇ ਤਾਂ ਪਹਿਲੀ ਵਾਰ ਇੰਗਲੈਂਡ ਜਾਂ ਅਮਰੀਕਾ ਪਹੁੰਚਣ ’ਤੇ ਉਸ ਨੂੰ ਉਹਨਾਂ ਦੀ ਅੰਗਰੇਜ਼ੀ ਪੂਰੀ ਤਰ੍ਹਾਂ ਸਮਝ ਨਹੀਂ ਆਵੇਗੀ। ਉਹਨਾਂ ਦਾ ਉਚਾਰਣ ਥੋੜ੍ਹਾ ਜਿਹਾ ਭਿੰਨ ਹੈ।
ਕਿਸੇ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਤੋਂ ਨਹੀਂ ਪੁੱਛਿਆ ਜਾਂਦਾ ਕਿ ਤੂੰ ਆਪਣਾ ਧਰਮ ਕਿਹੜਾ ਰੱਖਣਾ ਚਾਹੇਂਗਾ ਅਤੇ ਨਾ ਹੀ ਇਹ ਸੰਭਵ ਹੈ। ਬੱਚੇ ਨੂੰ ਵੀ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਤਿੰਨ ਚਾਰ ਸਾਲ ਬਾਅਦ ਤਕ ਪਤਾ ਨਹੀਂ ਹੁੰਦਾ ਕਿ ਧਰਮ ਕੀ ਹੁੰਦਾ ਹੈ ਅਤੇ ਉਸ ਦਾ ਧਰਮ ਕਿਹੜਾ ਹੈ। ਲੋਕਾਂ ਵਾਸਤੇ ਹਿੰਦੂ ਦੇ ਘਰ ਜੰਮਿਆ ਬੱਚਾ ਹਿੰਦੂ, ਮੁਸਲਿਮ ਦੇ ਘਰ ਜੰਮਿਆ ਮੁਸਲਮਾਨ, ਸਿੱਖ ਦੇ ਘਰ ਜੰਮਿਆ ਸਿੱਖ ਅਤੇ ਇਸਾਈ ਦੇ ਘਰ ਜੰਮਿਆ ਬੱਚਾ ਇਸਾਈ ਹੁੰਦਾ ਹੈ। ਬੱਚੇ ਦੇ ਜਨਮ ਸਮੇਂ ਜਿਹੜਾ ਉਸ ਦਾ ਨਾਮ ਰੱਖਿਆ ਜਾਂਦਾ ਹੈ, ਉਹ ਮਾਪਿਆਂ ਦੇ ਧਰਮ ਅਨੁਸਾਰ ਹੁੰਦਾ ਹੈ। ਪੰਜਵੇਂ ਸਾਲ ਜਾਂ ਉਸ ਦੇ ਬਾਅਦ ਉਸਦੇ ਮਾਪੇ ਉਸ ਨੂੰ ਥੋੜ੍ਹਾ ਬਹੁਤ ਗਿਆਨ ਦਿੰਦੇ ਹਨ ਕਿ ਉਸ ਦਾ ਧਰਮ ਕਿਹੜਾ ਹੈ ਅਤੇ ਇਹ ਵਧੀਆ ਧਰਮ ਹੈ। ਇਸ ਕੰਮ ਵਿੱਚ ਉਹ ਧਾਰਮਿਕ ਸੰਸਥਾਵਾਂ ਵੀ ਹਿੱਸਾ ਪਾਉਂਦੀਆਂ ਹਨ, ਜਿੱਥੇ ਬੱਚੇ ਨੂੰ ਲਿਜਾਇਆ ਜਾਂਦਾ ਹੈ। ਮਾਪੇ ਆਪਣੇ ਬੱਚੇ ਨੂੰ ਧਾਰਮਿਕ ਕਹਾਣੀਆਂ, ਧਾਰਮਿਕ ਯੋਧਿਆਂ ਦੀਆਂ ਜੀਵਨੀਆਂ ਅਤੇ ਮਿਥਹਾਸਿਕ ਕਥਾ ਕਹਾਣੀਆਂ ਸੁਣਾਉਂਦੇ ਹਨ। ਕਈ ਵਾਰ ਜਦੋਂ ਬੱਚੇ ਨੂੰ ਕਿਸੇ ਨਿੱਜੀ ਸਕੂਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਉਸ ਸਕੂਲ ਦਾ ਮਾਹੌਲ ਵੀ ਮਾਪਿਆਂ ਦੇ ਧਰਮ ਵਾਲਾ ਹੁੰਦਾ ਹੈ ਤਾਂ ਬੱਚੇ ਤੇ ਧਰਮ ਦੀ ਪਾਣ ਹੋਰ ਜ਼ਿਆਦਾ ਚੜ੍ਹ ਜਾਂਦੀ ਹੈ। ਮਾਪਿਆਂ ਦਾ, ਧਾਰਮਿਕ ਸੰਸਥਾਵਾਂ ਦਾ, ਸਕੂਲ ਦਾ ਅਤੇ ਸਮਾਜ ਦਾ ਤਾਣਾਬਾਣਾ ਬੱਚੇ ਦੇ ਦਿਮਾਗ ’ਤੇ ਇਹ ਛਾਪ ਦਿੰਦਾ ਹੈ ਕਿ ਉਸਦਾ ਧਰਮ ਹੀ ਸਭ ਤੋਂ ਵਧੀਆ ਹੈ। ਤੁਸੀਂ ਕਿਸੇ ਹਿੰਦੂ ਦੇ ਘਰ ਜੰਮ ਪਏ ਤਾਂ ਤੁਹਾਡੇ ਲਈ ਹਿੰਦੂ ਧਰਮ ਵਧੀਆ ਹੋਵੇਗਾ ਅਤੇ ਜੇਕਰ ਕਿਸੇ ਮੁਸਲਮਾਨ ਦੇ ਘਰ ਜੰਮ ਪਏ ਤਾਂ ਮੁਸਲਿਮ ਧਰਮ ਵਧੀਆ ਹੋਵੇਗਾ। ਆਪਣਾ ਆਪਣਾ ਧਰਮ ਵਧੀਆ ਤਾਂ ਹੋ ਸਕਦਾ ਹੈ ਪਰ ਸਰਵਉੱਚ ਨਹੀਂ ਹੋ ਸਕਦਾ। ਜਦੋਂ ਦਿਮਾਗ ਵਿੱਚ ਸਰਵਉੱਚਤਾ ਦਾ ਕੀੜਾ ਵੜਦਾ ਹੈ ਤਾਂ ਇਹ ਲੜਾਈ ਝਗੜੇ ਦਾ ਕਾਰਣ ਬਣ ਜਾਂਦਾ ਹੈ। ਕਿਸੇ ਨੇਤਾ ਦੇ ਆਪਣੇ ਦਿਮਾਗ ਵਿੱਚ ਭਾਵੇਂ ਕਿਸੇ ਧਰਮ ਦੀ ਸਰਵਉੱਚਤਾ ਦਾ ਕੀੜਾ ਨਾ ਹੋਵੇ ਪਰ ਜੇਕਰ ਉਸਦੀਆਂ ਗਲਤ ਆਰਥਿਕ ਅਤੇ ਰਾਜਨੀਤਿਕ ਗਤੀਵਿਧੀਆ ਕਾਰਣ ਦੇਸ਼ ਢਹਿੰਦੀਆਂ ਕਲਾਵਾਂ ਵੱਲ ਜਾ ਰਿਹਾ ਹੋਵੇ ਤਾਂ ਉਹ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਦੇਸ਼ ਦੀ ਬਹੁਗਿਣਤੀ ਦੇ ਧਰਮ ਦੀ ਸਰਵਉੱਚਤਾ ਬਾਰੇ ਪ੍ਰਚਾਰ ਕਰਦਾ ਹੈ ਅਤੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਘੱਟ ਗਿਣਤੀਆਂ ਦੇ ਸਿਰ ਮੜ੍ਹ ਦਿੰਦਾ ਹੈ। ਇਸ ਨਾਲ ਉਸ ਦਾ ਵੋਟ ਬੈਂਕ ਵਧ ਜਾਂਦਾ ਹੈ ਅਤੇ ਅਗਲੇਰੇ ਸਾਲਾਂ ਵਿੱਚ ਵੀ ਉਸਦੇ ਸੱਤਾ ’ਤੇ ਟਿਕੇ ਰਹਿਣਾ ਯਕੀਨੀ ਹੋ ਜਾਂਦਾ ਹੈ। ਪਰ ਕਾਠ ਦੀ ਹਾਂਡੀ ਜ਼ਿਆਦਾ ਦੇਰ ਤਕ ਨਹੀਂ ਚੜ੍ਹਦੀ। ਜਦੋਂ ਤਕ ਇਹੋ ਜਿਹੇ ਨੇਤਾ ਧਾਰਮਿਕ ਕੱਟੜਤਾ ਦੇ ਸਹਾਰੇ ਸੱਤਾ ’ਤੇ ਕਾਬਜ਼ ਰਹਿੰਦੇ ਹਨ, ਤਦ ਤਕ ਘੱਟ ਗਿਣਤੀ ਲੋਕਾਂ ਉੱਤੇ ਬਹੁਗਿਣਤੀ ਲੋਕਾਂ ਦੇ ਅੱਤਿਆਚਾਰ ਵਧਦੇ ਜਾਂਦੇ ਹਨ ਅਤੇ ਨੇਤਾ ਵੱਲੋਂ ਕਦੇ ਸ਼ਰੇਆਮ ਅਤੇ ਕਦੇ ਪਿੱਛੇ ਰਹਿ ਕੇ ਚੁੱਪ ਚਪੀਤੇ ਇਹਨਾਂ ਅੱਤਿਆਚਾਰਾਂ ਦੀ ਸਹਿਮਤੀ ਦਿੱਤੀ ਜਾਂਦੀ ਹੈ। ਜਰਮਨੀ ਵਿੱਚ ਹਿਟਲਰ ਵੀ ਇਸੇ ਕੱਟੜਤਾ ਦਾ ਸ਼ਿਕਾਰ ਅਤੇ ਹਾਮੀ ਸੀ ਅਤੇ ਇਸੇ ਕਰਕੇ ਘੱਟ ਗਿਣਤੀ ਯਹੂਦੀਆਂ ਉੱਤੇ ਬਹੁਗਿਣਤੀ ਇਸਾਈਆਂ ਨੇ ਕਹਿਰ ਢਾਹਿਆ। ਯਹੂਦੀਆਂ ਉੱਤੇ ਕਹਿਰ ਨਾਜ਼ੀ ਪਾਰਟੀ ਨੇ ਢਾਹੇ ਜਿਸ ਵਿੱਚ ਕਾਫ਼ੀ ਸਾਰੇ ਗੁੰਡਾ ਅਨਸਰ ਵੀ ਸ਼ਾਮਿਲ ਸਨ।
ਕੋਈ ਵੀ ਧਰਮ ਸੰਸਾਰ ਦਾ ਮਹਾਨ ਧਰਮ ਨਹੀਂ ਹੋ ਸਕਦਾ। ਮਹਾਨ ਤਾਂ ਕੀ, ਇਹ ਅਪਣਾਉਣ ਯੋਗ ਵੀ ਨਹੀਂ ਹੋ ਸਕਦਾ। ਘੱਟ ਜਾਂ ਵੱਧ, ਧਰਮ ਇੱਕ ਦੂਜੇ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਲੜਾਈ ਝਗੜਿਆਂ ਦਾ ਕਾਰਣ ਬਣਦੇ ਹਨ। ਕਰੂਸੇਡ, ਜਿਹਾਦ, ਧਰਮ-ਯੁੱਧ, ਇਹ ਸਾਰੇ ਧਰਮਾਂ ਵਿੱਚੋਂ ਹੀ ਪੈਦਾ ਹੁੰਦੇ ਹਨ। ਸੰਸਾਰ ਮੰਡੀ ’ਤੇ ਕਬਜ਼ਾ ਕਰਨ ਅਤੇ ਦੋ ਸੰਸਾਰ ਜੰਗਾਂ ਤੋਂ ਪਹਿਲਾਂ ਸੰਸਾਰ ਭਰ ਵਿੱਚ ਜਿੰਨੇ ਵੀ ਯੁੱਧ ਹੋਏ ਹਨ, ਇਹ ਧਰਮਾਂ ਦੇ ਨਾਮ ’ਤੇ ਹੋਏ ਸਨ। ਧਰਮ ਆਮ ਤੌਰ ’ਤੇ ਵਿਗਿਆਨ ਦੇ ਵਿਰੋਧ ਵਿੱਚ ਆ ਖੜ੍ਹਦਾ ਹੈ ਅਤੇ ਪਿਛਲੇ ਸਮੇਂ ਵਿੱਚ ਇਸ ਨੇ ਵਿਗਿਆਨੀਆਂ ਉੱਤੇ ਕਈ ਜ਼ੁਲਮ ਵੀ ਢਾਹੇ ਹਨ। ਜੇਕਰ ਕੋਈ ਧਰਮ ਸਰਵੋਤਮ ਹੈ ਤਾਂ ਉਹ ਕੇਵਲ ਮਨੁੱਖਤਾ ਦਾ ਧਰਮ ਹੈ, ਜਿਹੜਾ ਜਾਤ-ਪਾਤ, ਰੰਗ-ਭੇਦ, ਨਸਲ-ਭੇਦ ਅਤੇ ਭਾਸ਼ਾ-ਭੇਦ ਨੂੰ ਤਿਆਗਦਾ ਹੋਇਆ ਸੰਸਾਰ ਦੀ ਸਾਰੀ ਲੋਕਾਈ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦਾ ਹੈ। ਪਰ ਜ਼ਿਆਦਾਤਰ ਸਿਆਸਤਦਾਨਾਂ ਦਾ ਇਹ ਮਨ ਭਾਉਣਾ ਨਹੀਂ ਹੈ।
ਵੈਸੇ ਵੀ ਕਿਸੇ ਦੇਸ਼ ਦੀ ਮਹਾਨਤਾ ਦਾ ਕੋਈ ਇੱਕ ਪੈਮਾਨਾ ਨਹੀਂ ਹੁੰਦਾ। ਦੇਸ਼ ਦੀ ਮਹਾਨਤਾ ਉਸ ਦੀ ਜੀ.ਡੀ.ਪੀ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੀ ਫੌਜੀ ਤਾਕਤ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੇ ਲੋਕਾਂ ਦੀ ਔਸਤ ਉਮਰ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਵਿੱਚ ਰੁਜ਼ਗਾਰ ਦੀ ਹਾਲਤ ਕੀ ਹੈ, ਉਸ ਦੇਸ਼ ਵਿੱਚ ਕਾਨੂੰਨ ਦੇ ਰਾਜ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੇ ਬੱਚਿਆਂ ਦੀ ਚੰਗੀਆਂ ਅਤੇ ਸਸਤੀਆਂ ਜਾਂ ਮੁਫ਼ਤ ਵਿੱਦਿਆ ਅਤੇ ਸਿਹਤ ਸਹੂਲਤਾਂ ਤੋਂ ਮਾਪੀ ਜਾਂਦੀ ਹੈ। ਉਸ ਦੇਸ਼ ਦੇ ਸੰਸਾਰ ਦੇ ਬਾਕੀ ਦੇਸ਼ਾਂ ਨਾਲ ਰਿਸ਼ਤਿਆਂ ਤੋਂ ਮਾਪੀ ਜਾਂਦੀ ਹੈ, ਉਸ ਦੇਸ਼ ਦੇ ਪ੍ਰਦੂਸ਼ਣ ਦੀ ਹਾਲਤ ਤੋਂ ਵੀ ਮਾਪੀ ਜਾਂਦੀ ਹੈ। ਭਾਵ ਕਿਸੇ ਦੇਸ਼ ਦੇ ਕੇਵਲ ਇੱਕ ਜਾਂ ਦੋ ਪੈਮਾਨੇ ਵਧੀਆ ਹੋਣ ’ਤੇ ਉਸ ਦੇਸ਼ ਨੂੰ ਮਹਾਨ ਨਹੀਂ ਕਿਹਾ ਜਾ ਸਕਦਾ। ਹੁਣ ਅਮਰੀਕਾ ਦੀ ਜੀ.ਡੀ.ਪੀ. ਅਤੇ ਅਤੇ ਫੌਜੀ ਤਾਕਤ ਬਹੁਤ ਚੰਗੀ ਹੈ ਪਰ ਕੇਵਲ ਇਹਨਾਂ ਦੋ ਵਧੀਆ ਪੈਮਾਨਿਆਂ ਕਾਰਣ ਇਸ ਨੂੰ ਮਹਾਨ ਨਹੀਂ ਕਿਹਾ ਜਾ ਸਕਦਾ। ਭਾਰਤ ਦੀ ਜੀ.ਡੀ.ਪੀ ਦੋ ਲੱਖ ਸੱਤਰ ਹਜ਼ਾਰ ਕਰੋੜ ਡਾਲਰ ਹੈ ਅਤੇ ਸੇਸ਼ੈਲਜ਼ (Seychelles)ਦੀ ਕੇਵਲ ਇੱਕ ਸੌ ਕਰੋੜ ਡਾਲਰ ਹੈ। ਪਰ ਪ੍ਰਤੀ ਵਿਅਕਤੀ ਭਾਰਤੀਆਂ ਦੀ ਸਾਲਾਨਾ ਆਮਦਨ 7130 ਡਾਲਰ ਅਤੇ ਸੇਸ਼ੈਲਜ਼ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 14653 ਡਾਲਰ ਹੈ ਅਤੇ ਇਸ ਪ੍ਰਕਾਰ ਭਾਰਤ ਨਾਲੋਂ ਸੇਸ਼ੈਲਜ਼ ਵਿੱਚ ਪੈਸੇ ਦੀ ਵੰਡ ਵਧੀਆ ਹੈ।
ਇਸ ਲਈ ਕੋਈ ਵੀ ਦੇਸ਼, ਕੌਮ, ਰਾਸ਼ਟਰ, ਭਾਸ਼ਾ, ਧਰਮ, ਸਰਵਉੱਚ ਨਹੀਂ ਹੋ ਸਕਦਾ। ਰਬਿੰਦਰ ਨਾਥ ਟੈਗੋਰ ਦਾ ਇਹ ਮੰਨਣਾ ਸੀ ਕਿ ਰਾਸ਼ਟਰ ਦਾ ਸੰਕਲਪ ਖਤਰਨਾਕ ਹੋ ਸਕਦਾ ਹੈ। ਟੈਗੋਰ ਨੇ ਕਿਹਾ, “ਮੈਂ ਕਿਸੇ ਇੱਕ ਰਾਸ਼ਟਰ ਦੇ ਵਿਰੁੱਧ ਨਹੀਂ, ਸਾਰੇ ਯੂਰਪੀ ਰਾਸ਼ਟਰਾਂ ਦੇ ਵਿਰੁੱਧ ਹਾਂ।” ਟੈਗੋਰ ਨੇ ਤੰਗ ਨਜ਼ਰੀਏ ਵਾਲੇ ਸਾਰੇ ਯੂਰਪੀ ਰਾਸ਼ਟਰਵਾਦਾਂ ਦੀ ਨਿੰਦਾ ਕੀਤੀ, ਜਿਨ੍ਹਾਂ ਕਰਕੇ ਦੋ ਸੰਸਾਰ ਜੰਗਾਂ ਹੋਈਆਂ। ਲੱਖਾਂ ਲੋਕ ਮਰੇ, ਸਾਮਰਾਜ ਬਣੇ ਅਤੇ ਮਨੁੱਖਾਂ ਨੂੰ ਅਧੀਨ ਬਣਾਇਆ। ਰਾਸ਼ਟਰਵਾਦ ਮਨੁੱਖ ਦੀਆਂ ਨੈਤਿਕ ਅਤੇ ਅਧਿਆਤਮਕ ਲੋੜਾਂ ਪੂਰੀਆਂ ਨਹੀਂ ਕਰ ਸਕਦਾ।” ਜੇਕਰ ਟੈਗੋਰ ਅੱਜ ਜਿਊਂਦਾ ਹੁੰਦਾ ਤਾਂ ਕੀ ਉਹ ਭਾਰਤ ਦੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਖੜ੍ਹਦਾ? ਜੇਕਰ ਕਿਤੇ ਗਲਤੀ ਨਾਲ ਵੀ ਭਾਰਤ ਵਿੱਚ ਹਿੰਦੂ ਰਾਸ਼ਟਰ ਬਣ ਗਿਆ ਤਾਂ ਕੀ ਇੱਥੇ ਸ਼ਾਂਤੀ ਕਾਇਮ ਰਹਿ ਸਕੇਗੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4188)
(ਸਰੋਕਾਰ ਨਾਲ ਸੰਪਰਕ ਲਈ: (