IsherSinghEng7ਖੇਤੀ ਦੇ ਵਿਕਾਸ ਦੀ ਗਤੀ ਬਹੁਤ ਧੀਮੀ ਰਹੀ ਜਿਸ ਕਰਕੇ ਵਧ ਰਹੀ ਅਬਾਦੀ ਦੀਆਂ ਲੋੜਾਂ ਮਸਾਂ ਪੂਰੀਆਂ ਹੁੰਦੀਆਂ ...
(5 ਜੁਲਾਈ 2023

 

ਖੇਤੀ ਇਸ ਲਈ ‘ਉੱਤਮ’ ਹੈ ਕਿਉਂਕਿ ਇਹ ਇਨਸਾਨਾਂ ਅਤੇ ਪਾਲਤੂ ਪ੍ਰਾਣੀਆਂ ਨੂੰ ਖੁਰਾਕ ਰਾਹੀਂ ਲਗਾਤਾਰ ਊਰਜਾ (ਇਨਰਜੀ) ਪਰਦਾਨ ਕਰਦੇ ਰਹਿਣ ਦਾ ਪਰਮੁੱਖ ਸਾਧਨ ਹੈ। ਇਸ ਰਾਹੀਂ ਅਨਾਜ, ਦਾਲਾਂ ਅਤੇ ਹੋਰ ਖਾਣ-ਯੋਗ ਵਸਤੂਆਂ ਦੀ ਉਪਜ ਹੁੰਦੀ ਹੈ ਜਿਨ੍ਹਾਂ ਵਿੱਚ ਖੁਰਾਕ ਦਾ ਹਰ ਤੱਤ ਮੌਜੂਦ ਹੁੰਦਾ ਹੈ - ਕਾਰਬੋਹਾਈਡਰੇਟ, ਖੰਡ, ਚਰਬੀ, ਪ੍ਰੋਟੀਨ ਅਤੇ ਹੋਰ ਮਹੀਨ ਤੱਤ। ਮਾਸਾਹਾਰੀ ਪ੍ਰਾਣੀ ਵੀ ਅਸਿੱਧੇ ਤੌਰ ’ਤੇ ਇਸ ’ਤੇ ਨਿਰਭਰ ਹਨ ਪਰ ਸਮੁੰਦਰੀ ਪ੍ਰਾਣੀ ਜੋ ਸਾਡੀ ਖੁਰਾਕ ਦਾ ਥੋੜ੍ਹਾ ਹਿੱਸਾ ਹਨ, ਇਸਦੇ ਦਾਇਰੇ ਤੋਂ ਬਾਹਰ ਹਨ। ਖੁਰਾਕ ਤੋਂ ਇਲਾਵਾ ਇਹ ਗੈਰ-ਖੁਰਾਕੀ ਵਸਤੂਆਂ ਦਾ ਵੀ ਵੱਡਾ ਸਾਧਨ ਹੈ, ਜਿਵੇਂ ਕਿ ਕਪਾਹ, ਪਟਸਨ, ਰਬੜ, ਜੜੀਆਂ-ਬੂਟੀਆਂ, ਬਾਇਓ-ਫਿਊਲ, ਕਾਗਜ਼, ਤੇਲ, ਅਫੀਮ, ਫਰਨੀਚਰ, ਇਮਾਰਤੀ ਲੱਕੜ ਅਤੇ ਬਾਲਣ ਆਦਿ। ਅੱਜ ਸੰਸਾਰ ਪੱਧਰ ’ਤੇ ਖੇਤੀ-ਬਾੜੀ ਦੀ ਉਪਜ ਕੁੱਲ ਆਰਥਿਕਤਾ ਦਾ ਭਾਵੇਂ ਸਿਰਫ 4.3% ਹਿੱਸਾ ਹੈ ਪਰ ਇਹ ਹੋਰ ਸਭ ਖੇਤਰਾਂ ਦੀਆਂ ਆਰਥਿਕਤਾਵਾਂ ਦੀ ਸਿਰਮੌਰ ਹੈ ਅਤੇ ਉਨ੍ਹਾਂ ਤੋਂ ਚਾਰ ਗੁਣਾ ਤਕ ਵੱਧ ਪ੍ਰਭਾਵਕਾਰੀ ਹੈ। ਇਹ ਗਰੀਬੀ ਦੂਰ ਕਰਕੇ ਖੁਸ਼ਹਾਲੀ ਦੀ ਬਰਾਬਰ ਵੰਡ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ (ਵਿਸ਼ਵ ਬੈਂਕ)। ਇਜ਼ਰਾਇਲ ਦੇ ਦੋ ਵਾਰ ਪ੍ਰਧਾਨ ਮੰਤਰੀ ਅਤੇ ਫਿਰ ਰਾਸ਼ਟਰਪਤੀ ਰਹੇ ਅਤੇ ਨੋਬਲ ਪੁਰਸਕਾਰ ਵਿਜੇਤਾ ਮਿ. ਸ਼ਿਮਾਨ ਪੈਰੀਂ ਦਾ ਬਿਆਨ ਹੈ ਕਿ: “ਖੇਤੀ-ਬਾੜੀ ਉਦਯੋਗ ਤੋਂ ਵੱਧ ਕ੍ਰਾਂਤੀਕਾਰੀ ਹੈ।” ਪਰ ਨਿਰਾਸ਼ਾਜਨਕ ਗੱਲ ਹੈ ਕਿ ਅੱਜ ਖੇਤੀ ਆਪਣਾ ਇਹ ਰੁਤਬਾ ਖੋ ਚੁੱਕੀ ਹੈ। ਇਸਦੇ ਕਾਰਨ ਅਤੇ ਖੇਤੀ ਦੇ ਰੁਤਬੇ ਨੂੰ ਬਹਾਲ ਕਰਨ ਦੇ ਕੁਝ ਜਤਨਾਂ ਉੱਤੇ ਸੰਖੇਪ ਵਿੱਚ ਵਿਚਾਰ ਕਰਦੇ ਹਾਂ।

ਭਾਵੇਂ ਖੁਰਾਕ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ ਪਰ ਮਾਡਰਨ ਕਿਸਮ ਦੀ ਨਿਯਮਿਤ ਅਤੇ ਟਿਕਵੀਂ ਖੇਤੀ-ਬਾੜੀ ਦਾ ਅਰੰਭ ਕੋਈ ਬਾਰਾਂ ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਅਰੰਭ ਸੰਸਾਰ ਦੇ ਦਸ ਕੁ ਅੱਡ-ਅੱਡ ਖੇਤਰਾਂ ਵਿੱਚ, ਇੱਕ-ਦੂਜੇ ਤੋਂ ਅਜ਼ਾਦ ਅਤੇ ਅੱਡ-ਅੱਡ ਕਿਸਮ ਦੀਆਂ ਫਸਲਾਂ ਨਾਲ ਹੋਇਆ। ਇਸਦੇ ਨਾਲ ਹੀ ਬੀਜਾਂ, ਪਸ਼ੂਆਂ ਅਤੇ ਜਾਨਵਰਾਂ ਦਾ ਪਾਲਤੂ-ਕਰਨ ਅਤੇ ਘਰੋਗੀ-ਕਰਨ ਵੀ ਸ਼ੁਰੂ ਹੋਇਆ ਜੋ ਖੇਤੀ-ਬਾੜੀ ਲਈ ਵਰਤੇ ਜਾਣ ਲੱਗੇ। ਭਾਵ ਖੇਤੀ-ਬਾੜੀ ਕੋਈ ਕਾਢ ਨਹੀਂ; ਬਲਕਿ ਬਹੁਤ ਧੀਮੀ ਗਤੀ ਨਾਲ ਵਿਕਸਤ ਹੋਇਆ ਵਿਆਪਕ ਕਿੱਤਾ ਹੈ। ਇਸਦੇ ਹਰ ਕੰਮ ਲਈ ਮਨੁੱਖੀ-ਬਲ ਅਤੇ ਪਸ਼ੂ-ਬਲ ਹੀ ਵਰਤੇ ਜਾਂਦੇ ਸਨ ਅਤੇ ਸਿੰਜਾਈ ਲਈ ਬਹੁਤੀ ਨਿਰਭਰਤਾ ਬਾਰਸ਼ ਉੱਤੇ ਸੀ। ਤਜਰਬੇ ਦੇ ਅਧਾਰ ’ਤੇ ਖੇਤੀ-ਕਾਰਾਂ ਨੂੰ ਸਮਝ ਸੀ ਕਿ ਮਨੁੱਖਾਂ ਅਤੇ ਪਸ਼ੂਆਂ ਦਾ ਮਲ-ਮੂਤਰ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨਾਲ ਪੈਦਾਵਾਰ ਵੱਧ ਹੁੰਦੀ ਸੀ। ਇਸੇ ਤਰ੍ਹਾਂ ਬਦਲ-ਬਦਲ ਕੇ ਫਸਲਾਂ ਬੀਜਣ ਨਾਲ ਵੀ ਝਾੜ ਵੱਧ ਹੁੰਦਾ ਸੀ। ਪਰ ਇਨ੍ਹਾਂ ਦੋਨਾਂ ਗੱਲਾਂ ਦੀ ਰਸਾਇਣਕ ਭੂਮਿਕਾ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ। ਖੇਤੀ-ਬਾੜੀ ਦੇ ਉੱਤਮ ਕਿੱਤਾ ਹੋਣ ਸਦਕਾ ਹੀ ਵਾਹੀ-ਯੋਗ ਜ਼ਮੀਨ ਦੀ ਮਾਲਕੀ ਹੀ ਸਮਾਜ ਦੀ ਸਭ ਤੋਂ ਵੱਡੀ ਮਲਕੀਅਤ ਸਮਝੀ ਜਾਂਦੀ ਸੀ।

ਖੇਤੀ ਦੇ ਵਿਕਾਸ ਦੀ ਗਤੀ ਬਹੁਤ ਧੀਮੀ ਰਹੀ ਜਿਸ ਕਰਕੇ ਵਧ ਰਹੀ ਅਬਾਦੀ ਦੀਆਂ ਲੋੜਾਂ ਮਸਾਂ ਪੂਰੀਆਂ ਹੁੰਦੀਆਂ ਸਨ। ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਦੇ ਅਤੇ ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਦੇ ਖੇਤੀ-ਬਾੜੀ ਦੇ ਢੰਗਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ। ਪਰ ਢਾਈ ਕੁ ਸੌ ਸਾਲ ਪਹਿਲਾਂ ਦੀ ਉਦਯੋਗਿਕ ਕ੍ਰਾਂਤੀ ਦਾ ਖੇਤੀ-ਬਾੜੀ ’ਤੇ ਬਹੁਤ ਪ੍ਰਭਾਵ ਪਿਆ। ਉਸ ਤੋਂ ਥੋੜ੍ਹੇ ਚਿਰ ਬਾਅਦ ਡੀਜ਼ਲ/ਪਟਰੋਲ ਇੰਜਣ, ਟਰੈਕਟਰ ਅਤੇ ਖੇਤੀ ਦੀਆਂ ਹੋਰ ਮਸ਼ੀਨਾਂ ਦੀਆਂ ਕਾਢਾਂ ਨਿਕਲੀਆਂ। ਖਾਦਾਂ, ਖਾਸ ਕਰਕੇ ਨਾਈਟ੍ਰੋਜਨ ਆਦਿ ਦੀ ਮਹੱਤਵਪੂਰਨ ਭੂਮਿਕਾ ਦਾ ਪਤਾ ਲੱਗਿਆ। ਫਿਰ ਨੋਬਲ ਪੁਰਸਕਾਰ ਵਿਜੇਤਾ ਡਾ. ਨਾਰਮਨ ਬਾਰਲੌਗ ਵੱਲੋਂ ਖੋਜੇ ਕਣਕ ਦੇ ਵਿਕਸਿਤ ਬੀਜਾਂ ਕਰਕੇ ਹਰੀ ਕ੍ਰਾਂਤੀ ਆਈ ਅਤੇ ਹਰ ਕਿਸਮ ਦੀ ਉਪਜ ਵਿੱਚ ਜੁਗ-ਪਲਟਾਊ ਵਾਧਾ ਹੋਇਆ। ਉਦਾਹਰਣ ਵਜੋਂ, ਯੂ.ਕੇ ਵਿੱਚ ਕਣਕ ਦੀ ਪੈਦਾਵਾਰ ਸਾਢੇ ਛੇ ਕੁਇੰਟਲ ਪ੍ਰਤੀ ਏਕੜ (1850) ਤੋਂ ਵਧ ਕੇ 34 ਕੁਇੰਟਲ (2020) ਹੋ ਗਈ। ਖੇਤੀ ਹੇਠਲਾ ਰਕਬਾ ਵੀ ਵਧਿਆ ਅਤੇ ਵੱਧ-ਘੱਟ ਦੇ ਫਰਕ ਨਾਲ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਦੀ ਤਰੱਕੀ ਹੋਈ। ਇਸ ਸਮੇਂ ਦੌਰਾਨ ਸੰਸਾਰ ਦੀ ਅਬਾਦੀ 120 ਕਰੋੜ ਤੋਂ ਵਧ ਕੇ 780 ਕਰੋੜ ਹੋਈ ਪਰ ਵਿਕਸਿਤ ਖੇਤੀ-ਬਾੜੀ ਕਰ ਕੇ ਵਧੀ ਅਬਾਦੀ ਦੀਆਂ ਖੁਰਾਕੀ ਜ਼ਰੂਰਤਾਂ ਲਗਭਗ ਪੂਰੀਆਂ ਹੁੰਦੀਆਂ ਰਹੀਆਂ। ਵਰਣਨਯੋਗ ਹੈ ਕਿ ਖੇਤੀ ਦੇ ਸਮੁੱਚੇ ਵਿਕਾਸ ਨਾਲ ਇਸ ਕਿੱਤੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਘਟਦੀ ਰਹੀ। ਮਨੁੱਖ ਨੂੰ ਹੋਰ ਉਪਯੋਗੀ ਖੇਤਰਾਂ ਵਿੱਚ ਕੰਮ ਕਰਨ ਦੇ ਮੌਕੇ ਮਿਲਦੇ ਗਏ; ਜਿਵੇਂ ਕਿ ਵਿਗਿਆਨ, ਤਕਨਾਲੋਜੀ, ਵਿੱਦਿਆ, ਕਲਾ, ਦਸਤਕਾਰੀ, ਵਪਾਰ ਆਦਿ ਜਿਸ ਨਾਲ ਬਹੁਪੱਖੀ ਤਰੱਕੀ ਸੰਭਵ ਹੋ ਸਕੀ। ਇਸ ਗੱਲ ਦਾ ਮੋੜਵਾਂ ਲਾਭ ਖੇਤੀ-ਬਾੜੀ ਨੂੰ ਹੁੰਦਾ ਰਿਹਾ। ਸਪਸ਼ਟ ਹੈ ਕਿ ਸਾਡੀ ਸਮੁੱਚੀ ਤਰੱਕੀ ਦਾ ਮੁੱਖ ਅਧਾਰ ਇਹ ਕਿੱਤਾ ਬਣਿਆ ਜੋ ਇਸਦੇ ਉੱਤਮ ਹੋਣ ਦਾ ਇੱਕ ਹੋਰ ਕਾਰਨ ਹੈ।

ਸਰਸਰੀ ਤੌਰ ’ਤੇ ਦੇਖਿਆਂ ਲਗਦਾ ਹੈ ਕਿ ਖੇਤੀ-ਬਾੜੀ ਦੀ ਉਪਜ ਮਨੁੱਖੀ ਅਤੇ ਪਸ਼ੂਆਂ ਦੀ ਮਿਹਨਤ, ਵਧੀਆ ਬੀਜਾਂ, ਵੱਧ ਖਾਦਾਂ, ਪਾਣੀ ਅਤੇ ਧਰਤੀ ਦੇ ਹੋਰ ਤੱਤਾਂ ਉੱਤੇ ਹੀ ਨਿਰਭਰ ਹੈ। ਨਿਰ-ਸੰਦੇਹ ਇਹ ਸਭ ਚੀਜ਼ਾਂ ਜ਼ਰੂਰੀ ਹਨ ਪਰ ਇਨ੍ਹਾਂ ਸਭ ਨਿਵੇਸ਼ਾਂ ਤੋਂ ਉੱਪਰ, ਕੁਦਰਤ ਦੀ ਇੱਕ ਅਦਭੁਤ ਅਤੇ ਨਿਰਾਲੀ ਪ੍ਰਕਿਰਿਆ ਕੰਮ ਕਰਦੀ ਹੈ ਜਿਸ ਨੂੰ ‘ਫੋਟੋਸਿੰਥੇਸਿਜ਼’ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਸੂਰਜ ਦੀ ਊਰਜਾ ਰਾਹੀਂ ਫਸਲਾਂ, ਪੇੜ-ਪੌਦਿਆਂ ਅਤੇ ਹੋਰ ਸਭ ਬਨਸਪਤੀ ਨੂੰ ਖ਼ੁਰਾਕੀ ਅਤੇ ਗ਼ੈਰ-ਖੁਰਾਕੀ ਊਰਜਾ ਬਣਾਉਣ ਦੇ ਸਮਰੱਥ ਬਣਾਉਂਦੀ ਹੈ। ਇਸਦੇ ਨਾਲ-ਨਾਲ ਇਹ ਜੀਵਨ ਲਈ ਅਤਿਅੰਤ ਜ਼ਰੂਰੀ ਆਕਸੀਜਨ ਬਣਾਉਂਦੀ ਹੈ। ਸਾਡੇ ਵੱਲੋਂ ਅਣਗੌਲ਼ਿਆ ਕੀਤਾ ਜਾ ਰਿਹਾ ‘ਫੋਟੋਸਿੰਥੇਸਿਜ’ ਦਾ ਇਹ ਵਰਤਾਰਾ ਧਰਤੀ ਦੇ ਮੁੱਖ ਕੁਦਰਤੀ ਵਰਤਾਰਿਆਂ ਵਿੱਚੋਂ ਇੱਕ ਹੈ, ਜੋ ਧਰਤੀ ਬਣਨ ਤੋਂ ਥੋੜ੍ਹਾ ਸਮਾਂ ਬਾਅਦ (ਅੱਜ ਤੋਂ 350 ਕਰੋੜ ਸਾਲ ਪਹਿਲਾਂ) ਹੀ ਸ਼ੁਰੂ ਹੋ ਗਿਆ ਸੀ। ਨਿਯਮਿਤ ਅਤੇ ਟਿਕਵੀਂ ਖੇਤੀ ਰਾਹੀਂ ਮਨੁੱਖ ‘ਫੋਟੋਸਿੰਥੇਸਿਜ’ ਦੀ ਪਰਕਿਰਿਆ ਨੂੰ ਯਕੀਨੀ ਅਤੇ ਆਪਣੀ ਮਨ-ਪਸੰਦ ਖੁਰਾਕ ਪੈਦਾ ਕਰਨ ਲਈ ਵਰਤ ਸਕਿਆ ਹੈ। ਪੁਰਾਣੇ ਖੇਤੀ-ਕਾਰਾਂ ਨੂੰ ਇਸ ਆਦਿ-ਕਾਲੀਨ ਪ੍ਰਕਿਰਿਆ ਦੀ ਮਹੱਤਤਾ ਬਾਰੇ ਵੀ ਕੋਈ ਗਿਆਨ ਨਹੀਂ ਸੀ; ਇਸਦਾ ਪਤਾ ਮਾਡਰਨ ਵਿਗਿਆਨਕ ਖੋਜਾਂ ਤੋਂ ਹੀ ਲੱਗਿਆ ਹੈ। ਇਸ ਰਾਹੀਂ ਅਸੀਂ ਸੂਰਜ ਦੀ ਤਾਜ਼ਾ ਊਰਜਾ ਨੂੰ ਆਪਣੇ ਸਰੀਰਕ ਵਾਧੇ ਅਤੇ ਪਲ-ਪਲ ਦੀਆਂ ਸਰੀਰਕ ਊਰਜਾ-ਲੋੜਾਂ ਪੂਰੀਆਂ ਕਰਨ ਲਈ ਵਰਤ ਰਹੇ ਹਾਂ। ਇਹ ਖੇਤੀ ਨੂੰ ਸਿੱਧੇ ਤੌਰ ’ਤੇ ਕੁਦਰਤ ਨਾਲ ਜੋੜਦੀ ਹੈ ਜਦੋਂ ਕਿ ਬਾਕੀ ਸਭ ਕਿੱਤੇ ਮਨੁੱਖੀ ਕਾਢਾਂ ਨਾਲ ਜੁੜੇ ਹੋਏ ਹਨ। ਹੋਰਾਂ ਕਿੱਤਿਆਂ ਤੋਂ ਖੇਤੀ ਦੀ ਵਿਲੱਖਣਤਾ ਅਤੇ ਵਿਗਿਆਨਕ ਪੱਖ ਤੋਂ ਉੱਤਮ ਹੋਣ ਦਾ ਇਹ ਮੁੱਖ ਕਾਰਨ ਹੈ।

ਸਰੀਰਕ ਵਾਧੇ ਅਤੇ ਰੋਜ਼-ਮੱਰਰਾ ਦੀਆਂ ਸਰੀਰਕ ਊਰਜਾ-ਲੋੜਾਂ ਪੂਰੀਆਂ ਕਰ ਰਹੀ ਸੂਰਜ ਦੀ ਤਾਜ਼ੀ ਊਰਜਾ ਤੋਂ ਇਲਾਵਾ ਅੱਜ ਦੇ ਸੰਸਾਰ ਨੂੰ ਇੱਕ ਹੋਰ ਕਿਸਮ ਦੀ ਊਰਜਾ ਦੀ ਵੀ ਅਹਿਮ ਲੋੜ ਹੈ ਅਤੇ ਇਹ ਲੋੜ ਵੀ ਫੋਟੋਸਿੰਥੇਸਿਜ ਰਾਹੀਂ ਹੀ ਪੂਰੀ ਹੋ ਰਹੀ ਹੈ। ਦੂਸਰੀ ਪ੍ਰਕਾਰ ਦੀ ਇਸ ਊਰਜਾ ਦੀ ਸਾਨੂੰ ਉਦਯੋਗਿਕ ਉਤਪਾਦ (ਬਿਜਲੀ, ਸਟੀਲ, ਸੀਮਿੰਟ, ਪਲਾਸਟਿਕ, ਖਾਦਾਂ ਅਤੇ ਕੱਪੜਾ ਆਦਿ), ਢੋਅ-ਢੁਆਈ ਅਤੇ ਮਾਡਰਨ ਜੀਵਨ ਸ਼ੈਲੀ ਦੀਆਂ ਅਣਗਿਣਤ ਜ਼ਰੂਰਤਾਂ ਪੂਰੀਆਂ ਕਰਨ ਲਈ ਲੋੜ ਹੈ। ਇਸ ਊਰਜਾ ਦਾ ਬਹੁਤ ਵੱਡਾ ਹਿੱਸਾ (80%) ਸਾਨੂੰ ਫੌਸਿਲਫਿਊਲਾਂ (ਕੋਲਾ, ਕੁਦਰਤੀ ਗੈਸ ਅਤੇ ਪੈਟ੍ਰੋਲੀਅਮ ਪਦਾਰਥਾਂ) ਤੋਂ ਮਿਲਦਾ ਹੈ ਜੋ ਕਰੋੜਾਂ ਸਾਲ ਪਹਿਲਾਂ ਫੋਟੋਸਿੰਥੇਸਿਜ ਦੀ ਪਰਕਿਰਿਆ ਰਾਹੀਂ ਹੀ ਬਣੀਆਂ ਸਨ। ਬਾਕੀ 20% ਹਿੱਸਾ ਹਵਾ, ਪਾਣੀ, ਲਹਿਰਾਂ, ਧਰਤੀ ਅੰਦਰਲੀ ਗਰਮੀ ਅਤੇ ਪਰਮਾਣੂ ਸਾਧਨਾਂ ਤੋਂ ਮਿਲਦਾ ਹੈ, ਜਿਨ੍ਹਾਂ ਦਾ ਸ੍ਰੋਤ ਫਿਰ ਸੂਰਜ ਹੀ ਹੈ। ਇਸ ਤਰ੍ਹਾਂ ਅਸੀਂ ਰੋਜ਼-ਮੱਰਰਾ ਦੀਆਂ ਸਰੀਰਕ ਊਰਜਾ-ਲੋੜਾਂ ਲਈ ਸੂਰਜ ਦੀ ਤਾਜ਼ੀ ਊਰਜਾ ਵਰਤ ਰਹੇ ਹਾਂ ਅਤੇ ਉਦਯੋਗ ਆਦਿ ਲਈ ਸੂਰਜ ਦੀ ਭੰਡਾਰ ਕਰ ਕੇ ਰੱਖੀ ਹੋਈ ਪੁਰਾਣੀ ਊਰਜਾ ਵੀ ਵਰਤ ਰਹੇ ਹਾਂ ਅਤੇ ਤਾਜ਼ਾ ਵੀ ਵਰਤ ਰਹੇ ਹਾਂ। ਯਾਣੀ ਕਿ ਅਸੀਂ ਹਰ ਪਾਸੇ, ਸਿੱਧੇ ਜਾ ਅਸਿੱਧੇ ਤੌਰ ’ਤੇ ਸੂਰਜ ਦੀ ਊਰਜਾ ਹੀ ਵਰਤ ਰਹੇ ਹਾਂ। ਭਾਵੇਂ ਆਮ ਬੋਲੀ ਵਿੱਚ ਅਸੀਂ ‘ਸੋਲਰ ਇਨਰਜੀ’ ਨੂੰ ਬਿਜਲੀ ਨਾਲ ਜੋੜਦੇ ਹਾਂ ਪਰ ਅਸਲ ਵਿੱਚ ਧਰਤੀ ਦੀ ਹਰ ਕਿਸਮ ਦੀ ਊਰਜਾ ਹੀ ਸੂਰਜੀ ਊਰਜਾ (ਸੋਲਰ ਇਨਰਜੀ) ਹੈ। ਯਾਦ ਰੱਖਣ ਵਾਲਾ ਕੁਦਰਤੀ ਸਿਧਾਂਤ ਇਹ ਹੈ ਕਿ ਊਰਜਾ ਨਾ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਖਤਮ ਕੀਤੀ ਜਾ ਸਕਦੀ ਹੈ, ਇਹ ਕੇਵਲ ਆਪਣਾ ਰੂਪ ਬਦਲਦੀ ਹੈ – ਉਪਰੋਕਤ ਸਭ ਪਰਕਿਰਿਆਵਾਂ ਇਸਦਾ ਇੱਕ ਕਿਸਮ ਤੋਂ ਦੂਸਰੀ ਕਿਸਮ ਵਿੱਚ ਰੂਪਾਂਤਰਣ ਹੀ ਕਰਦੀਆਂ ਹਨ। ਸੋਫੋਟੋਸਿੰਥੇਸਿਜ਼ ਹਵਾ, ਪਾਣੀ, ਧਰਤੀ ਦੇ ਤੱਤਾਂ, ਖਾਦਾਂ, ਮਸ਼ੀਨਰੀ, ਫੌਸਿਲ ਫਿਊਲਾਂ ਅਤੇ ਮਨੁੱਖੀ ਊਰਜਾਵਾਂ ਦਾ ਸੁਮੇਲ ਕਰਕੇ ਇਨ੍ਹਾਂ ਨੂੰ ਖੁਰਾਕੀ ਊਰਜਾ ਵਿੱਚ ਰੂਪਾਂਤਰਣ ਕਰਨ ਦਾ ਅਲੌਕਿਕ ਕੁਦਰਤੀ ਵਰਤਾਰਾ ਹੈ।

ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜਦੋਂ ਖੇਤੀ ਲਈ ਵਰਤੀ ਜਾਂਦੀ ਤਾਜ਼ੀ ਊਰਜਾ ਅਤੇ ਉਦਯੋਗ ਆਦਿ ਲਈ ਵਰਤੀ ਜਾਂਦੀ ਭੰਡਾਰ ਕਰ ਕੇ ਰੱਖੀ ਹੋਈ ਊਰਜਾ, ਦੋਨਾਂ ਦਾ ਸ੍ਰੋਤ ਸੂਰਜ ਹੈ ਅਤੇ ਦੋਨੋਂ ਇੱਕੋ ‘ਫੋਟੋਸਿੰਥੇਸਿਜ’ ਦੀ ਪਰਕਿਰਿਆ ਰਾਹੀਂ ਬਣਦੀਆਂ ਹਨ, ਤਾਂ ਫਿਰ ਖੇਤੀ ਉਦਯੋਗ ਤੋਂ ਉੱਤਮ ਕਿਵੇਂ ਹੋਈ? ਜਵਾਬ ਸਪਸ਼ਟ ਹੈ ਕਿ ਫੋਟੋਸਿੰਥੇਸਿਜ ਕੁਦਰਤ ਦੀਆਂ ਹੋਰ ਨਿਆਮਤਾਂ ਵਾਂਗ ਮੁਫ਼ਤ ਹੈ। ਇਹ ਸਾਡੇ ਜੀਵਨ ਲਈ ਜ਼ਰੂਰੀ ਖੁਰਾਕ ਅਤੇ ਜ਼ਰੂਰੀ ਆਕਸੀਜਨ ਪੈਦਾ ਕਰਦੀ ਹੈ। ਪਰ ਇਸਦੇ ਉਲਟ ਫੌਸਿਲ ਫਿਊਲਾਂ ਵਰਤਣ ਲਈ ਸਾਨੂੰ ਬਹੁਤ ਮਹਿੰਗੀ ਮਸ਼ੀਨਰੀ ਬਣਾਉਣੀ, ਲਾਉਣੀ, ਸਾਂਭਣੀ ਅਤੇ ਚਲਾਉਣੀ ਪੈਂਦੀ ਹੈ। ਇਸ ਤਰ੍ਹਾਂ ਕਰਨ ਵਿੱਚ ਪੈਸਾ ਵੀ ਬਹੁਤ ਲਗਦਾ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲ਼ੀਆਂ ਗੈਸਾਂ ਵੀ ਬਹੁਤ ਪੈਦਾ ਹੁੰਦੀਆਂ ਹਨ। ਪਰ ਸਾਡੇ ਆਰਥਿਕ ਸਿਸਟਮ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਅਸੀਂ ਤਾਜ਼ਾ ਸੂਰਜੀ ਊਰਜਾ ਨੂੰ ਬਹੁਤ ਘੱਟ ਵਰਤ ਰਹੇ ਹਾਂ ਅਤੇ ਫੌਸਿਲ ਫਿਊਲਾਂ ਨੂੰ ਬਹੁਤ ਵੱਧ। ਸਾਡਾ ਆਰਥਿਕ ਸਿਸਟਮ ਫੋਟੋ ਸਿੰਥੇਸਿਜ ਦੀ ਕੋਈ ਕਦਰ ਨਹੀਂ ਕਰ ਰਿਹਾ। ਵੈਸੇ ਵੀ ਅਸੀਂ ਫੋਟੋਸਿੰਥੇਸਿਜ ਵਾਂਗ ਹਰ ਕੁਦਰਤੀ ਸਾਧਨ ਦੀ ਦੁਰਵਰਤੋਂ ਕਰ ਰਹੇ ਹਾਂ ਅਤੇ ਧਰਤੀ ਦੇ ਹਰ ਸਿਸਟਮ ਨੂੰ ਬਰਬਾਦ ਕਰ ਰਹੇ ਹਾਂ। ਪਰ ਚੰਗੀ ਗੱਲ ਇਹ ਹੈ ਕਿ ਅੱਜ-ਕੱਲ੍ਹ ਇੱਕ ਨਵੀਂ ਵਿਚਾਰਧਾਰਾ ਜ਼ੋਰ ਫੜ ਰਹੀ ਹੈ ਕਿ ਸਾਡੇ ਵੱਲੋਂ ਵਰਤੇ ਹਰ ਕੁਦਰਤੀ ਸਾਧਨ ਦੀ ਹੋਰ ਨਿਵੇਸ਼ਾਂ ਵਾਂਗ ਕੀਮਤ ਮਿਥੀ ਜਾਵੇ ਅਤੇ ਇਸ ਕੀਮਤ ਨੂੰ ਉਤਪਾਦ ਵਿੱਚ ਜੋੜਿਆ ਜਾਵੇ।

ਸਾਡੇ ਵੱਲੋਂ ਕੀਤੀ ਜਾ ਰਹੀ ਦੁਰਵਰਤੋਂ ਕਰ ਕੇ ਖੇਤੀ-ਬਾੜੀ ਨਾਲ ਬਹੁਤ ਕਿਸਮ ਦੇ ਵਿਵਾਦ ਜੁੜ ਗਏ ਹਨ ਅਤੇ ਅੱਜ ਅਸੀਂ ਇਸ ਨੂੰ ਉੱਤਮ ਕਿੱਤਾ ਨਹੀਂ ਕਹਿ ਸਕਦੇ। ਇਹ ਮਸ਼ੀਨਰੀ ਅਤੇ ਖਾਦਾਂ ਪ੍ਰਧਾਨ ਕਿੱਤਾ ਬਣ ਗਿਆ ਹੈ। ਇਨ੍ਹਾਂ ਦੋਨਾਂ ਲਈ ਬਹੁਤ ਫੌਸਿਲਫਿਊਲਾਂ ਵਰਤੀਆਂ ਜਾਂਦੀਆਂ ਹਨ। ਭਾਵੇਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਮਸ਼ੀਨਰੀ ਲਈ ਵੀ ਬੇ-ਥਾਹ ਫੌਸਿਲ ਫਿਊਲਾਂ ਵਰਤੀਆਂ ਜਾ ਰਹੀਆਂ ਹਨ ਪਰ ਖਾਦਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕੀਟ-ਨਾਸ਼ਕ/ਬੂਟੀ-ਮਾਰ ਦਵਾਈਆਂ ਆਦਿ ਲਈ ਤਾਂ ਇਸ ਤੋਂ ਵੀ ਕਿਤੇ ਵੱਧ ਵਰਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮਾਡਰਨ ਖੇਤੀ ਇਸ ਹੱਦ ਤਕ ਮਸ਼ੀਨਰੀ ਅਤੇ ਖਾਦਾਂ ਉੱਤੇ ਨਿਰਭਰ ਹੋ ਗਈ ਹੈ ਕਿ ਨੇੜ-ਭਵਿੱਖ ਵਿੱਚ ਇਹ ਫੌਸਿਲ ਫਿਊਲਾਂ ਤੋਂ ਖਹਿੜਾ ਨਹੀਂ ਛੁਡਾ ਸਕਦੀ। ਅੱਜ ਇਹ ਕਿੱਤਾ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ 25% ਜ਼ਿੰਮੇਵਾਰ ਹੈ। ਇਸ ਨਾਲ ਜੁੜੇ ਹੋਰ ਵਿਵਾਦ ਹਨ: ਪਾਣੀ ਦੀ ਬਰਬਾਦੀ, ਜੰਗਲਾਂ ਦੀ ਕਟਾਈ, ਖਾਦਾਂ ਅਤੇ ਦਵਾਈਆਂ ਦੀ ਘਾਤਕ ਹੱਦ ਤਕ ਵਰਤੋਂ, ਮੀਟ ਦੀ ਬਹੁਤ ਜ਼ਿਆਦਾ ਵਰਤੋਂ। ਉੱਪਰ ਦੀ ਅਸੀਂ ਸੰਸਾਰ ਪੱਧਰ ’ਤੇ ਆਪਣੀ ਉਪਜ ਅਤੇ ਖੁਰਾਕ ਦੇ ਤੀਸਰੇ ਹਿੱਸੇ ਤੋਂ ਵੱਧ ਜਾਇਆ ਕਰ ਰਹੇ ਹਾਂ। ਇਸ ਕਰ ਕੇ ਇਸ ਕਿੱਤੇ ਦੀ ਪ੍ਰਾਥਮਿਕਤਾ ਹੋਰ ਕਿੱਤਿਆਂ ਤੋਂ ਪਿੱਛੇ ਚਲੀ ਗਈ ਹੈ। ਅੱਜ ਹੁਸ਼ਿਆਰ ਵਿਦਿਆਰਥੀ ਕੰਪਿਊਟਰ, ਕਾਨੂੰਨ, ਫਾਈਨੈਂਸ, ਪ੍ਰਬੰਧ ਅਤੇ ਸੇਵਾ ਖੇਤਰਾਂ ਨੂੰ ਵੱਧ ਤਰਜੀਹ ਦੇ ਰਿਹਾ ਹੈ। ਦੂਸਰੇ ਨੰਬਰ ’ਤੇ ਉਦਯੋਗ ਖੇਤਰ ਆਉਂਦਾ ਹੈ ਅਤੇ ਖੇਤੀ ਸਭ ਤੋਂ ਪਿੱਛੇ ਚਲੀ ਗਈ ਹੈ। ਅੱਜ ਅਮਰੀਕਾ ਵਿੱਚ 3% ਤੋਂ ਵੀ ਘੱਟ ਲੋਕ ਸਿੱਧੇ ਤੌਰ ’ਤੇ ਖੇਤੀ ਦੇ ਕਿੱਤੇ ਵਿੱਚ ਕੰਮ ਕਰਦੇ ਹਨ ਜਦੋਂ ਕਿ ਖੁਰਾਕ ਨਾਲ ਜੁੜੇ ਸੇਵਾ-ਖੇਤਰ (ਸਰਵਿਸ ਸੈਕਟਰ) ਪਰਫੁੱਲਤ ਹੋ ਰਹੇ ਹਨ। ਖੇਤੀ ਦੇ ਖੇਤਰ ਵਿੱਚ ਪਿਛਲੇ 60 ਸਾਲਾਂ ਵਿੱਚ ਕੋਈ ਵੀ ਨਵੀਂ ਮਾਅਰਕੇ-ਦਾਰ ਖੋਜ ਨਹੀਂ ਹੋਈ ਕਿਉਂਕਿ ਖੋਜੀ ਪਰਵਿਰਤੀ ਦੇ ਬੁੱਧ-ਜੀਵੀਆਂ ਦੀ ਇਸ ਪਾਸੇ ਕੋਈ ਰੁਚੀ ਹੀ ਨਹੀਂ। ਵੈਸੇ ਤਾਂ ਖੇਤੀ-ਬਾੜੀ ਵਿੱਚ ਬਹੁਤ ਕਿਸਮ ਦੇ ਸੁਧਾਰਾਂ ਅਤੇ ਬਹੁਤ ਕਿਸਮ ਦੀਆਂ ਖੋਜਾਂ ਦੀ ਲੋੜ ਹੈ ਪਰ ਦੋ ਖੋਜਾਂ ਪ੍ਰਾਥਮਿਕਤਾ ਦੇ ਅਧਾਰ ਉੱਤੇ ਕਰਨ ਦੀ ਲੋੜ ਹੈ:

(1) ਖਾਦਾਂ ਵਿੱਚ ਨਾਈਟ੍ਰੋਜਨ ਤੇ ਫਿਰ ਫ਼ਾਸਫੋਰਸ ਅਤੇ ਪੋਟਾਸ਼ੀਅਮ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ। ਹਵਾ ਵਿੱਚ 80% ਨਾਈਟ੍ਰੋਜਨ ਹੋਣ ਦੇ ਬਾਵਜੂਦ ਸਾਡੀਆਂ ਮੁੱਖ ਫਸਲਾਂ (ਕਣਕ, ਚੌਲ਼, ਮੱਕੀ ਅਤੇ ਸੌਰਗਮ) ਇਸ ਨੂੰ ਸਿੱਧਾ ਵਰਤਣ ਦੇ ਅਸਮਰੱਥ ਹਨ ਜਦੋਂ ਕਿ ਦਾਲਾਂ, ਅਲਫਾਲਫਾ, ਸੋਇਆਬੀਨ, ਮੂੰਗਫਲ਼ੀ ਆਦਿ ਇਸ ਨੂੰ ਵਰਤ ਸਕਦੀਆਂ ਹਨ। ਇਸ ਤਰ੍ਹਾਂ ਦੇ ਬੀਜ ਵਿਕਸਤ ਕਰਨ ਦੀ ਲੋੜ ਹੈ ਕਿ ਮੁੱਖ ਫਸਲਾਂ ਵੀ ਨਾਈਟ੍ਰੋਜਨ ਨੂੰ ਹਵਾ ਵਿੱਚੋਂ ਸਿੱਧਾ ਵਰਤ ਸਕਣ ਦੇ ਸਮਰੱਥ ਹੋ ਸਕਣ। ਖਾਦ ਦੇ ਤੌਰ ’ਤੇ ਵਰਤੀ ਜਾ ਰਹੀ ਨਾਈਟ੍ਰੋਜਨ ਦਾ ਉਪਜ ਪੱਖੋਂ ਤਾਂ ਬਹੁਤ ਲਾਭ ਹੈ ਪਰ ਇਹ ਸਾਡੇ ਵਾਤਾਵਰਣ ਅਤੇ ਪਾਣੀਆਂ ਨੂੰ ਬਹੁਤ ਪ੍ਰਦੂਸ਼ਿਤ ਕਰ ਰਹੀ ਹੈ। ਨਵੀਂ ਖੋਜ ਖ਼ਾਦਾਂ ਦਾ ਖਰਚ ਵੀ ਘਟਾਏਗੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੋਵੇਗੀ।

(2) ਪੂਰੀਆਂ ਖਾਦਾਂ ਅਤੇ ਪੂਰੇ ਪਾਣੀ ਦੀ ਵਰਤੋਂ ਦੇ ਬਾਵਜੂਦ ਬਹੁਤੀਆਂ ਜ਼ਮੀਨਾਂ ਦੀ ਉਪਜ ਆਪਣੀ ਚਰਮ-ਸੀਮਾ ’ਤੇ ਪਹੁੰਚ ਗਈ ਹੈ। ਜਾਂ ਕਈ ਥਾਂਵਾਂ ’ਤੇ ਇਨ੍ਹਾਂ ਦੇ ਵਰਤਣ ਦੀ ਪਾਬੰਦੀ ਹੈ। ਸੋ ਉਪਜ ਵਧਾਉਣ ਦਾ ਹਰ ਪੱਖੋਂ ਲਾਹੇਵੰਦ ਇੱਕ ਢੰਗ ਫੋਟੋਸਿੰਥੇਸਿਜ ਦੀ ਪ੍ਰਭਾਵਕਤਾ (ਐਫੀਸਿਐਂਸੀ) ਨੂੰ ਵਧਾਉਣਾ ਹੈ। ਹੁਣ ਇਹ ਸਿਰਫ ਇੱਕ ਪ੍ਰਤੀਸ਼ਤ ਹੈ ਪਰ ਇਸ ਨੂੰ ਵਧਾ ਸਕਣਾ ਵਿਗਿਆਨਕ ਪੱਖੋਂ ਸੰਭਵ ਹੈ। ਜ਼ਿਕਰਯੋਗ ਹੈ ਕਿ ਸੋਲਰ ਬਿਜਲੀ ਦੀ ਪ੍ਰਭਾਵਕਤਾ 6% (1970) ਤੋਂ ਵਧ ਕੇ ਅੱਜ 20% ਹੋ ਗਈ ਹੈ ਅਤੇ ਇਸਦਾ ਖਰਚਾ ਵੀ ਬਹੁਤ ਘਟ ਗਿਆ ਹੈ। ਇਸੇ ਤਰ੍ਹਾਂ ਫੋਟੋਸਿੰਥੇਸਿਜ ਦੀ ਪ੍ਰਭਾਵਕਤਾ ਵੀ ਵਧਾਈ ਜਾ ਸਕਦੀ ਹੈ ਅਤੇ ਇਸ ਪਾਸੇ ਖੋਜਾਂ ਹੋ ਰਹੀਆਂ ਹਨ।

ਨਿਰਸੰਦੇਹ ਖੇਤੀ ਨਾਲ ਜੁੜੇ ਹਰ ਵਰਗ ਦੇ ਸੁਹਿਰਦ ਬੁੱਧੀਜੀਵੀ ਖੇਤੀ ਦੀਆਂ ਸਾਰੀਆਂ ਅਲਾਮਤਾਂ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਨ। ਪਰ ਇਸ ਨੂੰ ਕੁਰਾਹੇ ਪਾ ਕੇ ਰੱਖਣ ਵਾਲੀ ਲਾਬੀ ਵੀ ਨਾਲ-ਨਾਲ ਕੰਮ ਕਰ ਰਹੀ ਹੈ। ਇਸ ਖੇਤਰ ਦੇ ਕੁਦਰਤੀ ਅਤੇ ਯਥਾਰਥਿਕ ਪੱਖਾਂ ਨੂੰ ਅੱਖੋਂ-ਪਰੋਖੇ ਕਰ ਕੇ ਇਹ ਲਾਬੀ ਇਸ ਵਿੱਚ ਸੁਧਾਰ ਕਰਨ ਦੀ ਬਜਾਇ ਇਸਦੇ ਖ਼ਿਆਲੀ ਬਦਲ ਲੱਭਣ ਦੀਆਂ ਲੁਭਾਉਣੀਆਂ ਖੋਜਾਂ ਦਾ ਪਰਚਾਰ ਕਰ ਰਹੀ ਹੈ ਜਦੋਂ ਕਿ ਇਨ੍ਹਾਂ ਅਟਕਲ-ਪੱਚੂ ਖੋਜਾਂ ਤੋਂ ਕਿਤੇ ਵੱਧ ਅਸਰਦਾਰ ਇਸ ਖੇਤਰ ਦੇ ਜ਼ਮੀਨੀ ਮਾਹਿਰਾਂ ਦੇ ਤਜਰਬੇ ਨੂੰ ਵਰਤਣਾ ਹੈ। ਇਸ ਖੇਤਰ ਵਿੱਚ ਮੋਬਾਇਲ ਸੈੱਲਾਂ ਵਾਂਗ ਹਰ ਛਿਮਾਹੀ ਨਵੀਆਂ ਖੋਜਾਂ ਸੰਭਵ ਨਹੀਂ। ਸਾਡੀਆਂ ਮੂਲ ਲੋੜਾਂ ਸਾਡੇ ਸਰੀਰ ਨਿਆਈਂ ਹਨ ਜਦੋਂ ਕਿ ਤਕਨਾਲੋਜੀਆਂ ਕੱਪੜਿਆਂ ਦੀ ਨਿਆਈਂ ਹਨ। ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਤੇ ਅਤੇ ਫੈਸ਼ਨ ਕਰਨ ਵਿੱਚ ਬਹੁਤ ਫਰਕ ਹੈ। ਇੱਕ ਹੋਰ ਬਹੁਤ ਕੋਝੀ ਚਾਲ ਤੋਂ ਬਚਣ ਦੀ ਬਹੁਤ ਲੋੜ ਹੈ ਕਿ ਡਿਜਿਟਲ ਤਕਨਾਲੋਜੀ ਦੇ ਮਾਹਿਰ ਇਸ ਖੇਤਰ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਆੜ ਵਿੱਚ ਇਸ ਉੱਤੇ ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਗ਼ਲਬਾ ਪਾਉਣ ਦੇ ਜਤਨਾਂ ਵਿੱਚ ਲੱਗੇ ਹੋਏ ਹਨ ਅਤੇ ਸਾਨੂੰ ਅਸਲੀਅਤ ਤੋਂ ਦੂਰ ਕਰ ਰਹੇ ਹਨ। ਇਸਦੇ ਉਲਟ ਖੇਤੀ ਇੱਕ ਜ਼ਮੀਨੀ ਕਿੱਤਾ ਹੈ ਜੋ ਸਭ ਇਨਸਾਨਾਂ ਅਤੇ ਪਾਲਤੂ ਪ੍ਰਾਣੀਆਂ ਨੂੰ ਕੰਮ ਕਰਨ ਲਈ ਊਰਜਾ ਪਰਦਾਨ ਕਰਾਉਣ ਦਾ ਪਰਮੁੱਖ ਸਾਧਨ ਹੈ। ਅਸੀਂ ਅਸਲੀਅਤ ਪ੍ਰਤੀ ਜਾਗਰੂਕ ਹੋ ਕੇ ਚੰਗੇ-ਮੰਦੇ ਦੀ ਪਛਾਣ ਕਰ ਕੇ ਸੁਹਿਰਦ ਗਰੁੱਪ ਦੇ ਹੱਥ ਮਜ਼ਬੂਤ ਕਰ ਸਕਦੇ ਹਾਂ ਅਤੇ ਖੇਤੀ ਦਾ ‘ਉੱਤਮ’ ਰੁਤਬਾ ਬਹਾਲ ਕਰਨ ਵਿੱਚ ਯੋਗਦਾਨ ਪਾ ਸਕਦੇ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4133)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author