IsherSinghEng7ਇਸ ਲਈ ਪਰਸੰਨਤਾ ਦੀ ਪ੍ਰਾਪਤੀ ਸਾਡੀ ਤਕਦੀਰ ਜਾਂ’ ਤਦਬੀਰ ਨਹੀਂਬਲਕਿ ...
(20 ਫਰਵਰੀ 2021)
(ਸ਼ਬਦ: 1320)


ਅਨੇਕਾਂ ਵਖਰੇਵਿਆਂ ਦੇ ਬਾਵਜੂਦ ਦੁਨੀਆਂ ਦੇ ਸਾਰੇ ਮਨੁੱਖਾਂ ਦੀ ਇੱਕ ਇੱਛਾ ਸਰਬ-ਸਾਂਝੀ ਹੈ ਅਤੇ ਉਹ ਹੈ: ਇਸ ਜੀਵਨ ਵਿੱਚ ਪਰਸੰਨਤਾ (
Happiness) ਦੀ ਪ੍ਰਾਪਤੀ। ਇਸੇ ਲਈ ਇਹ ਅੱਜ ਸੰਸਾਰ ਵਿੱਚ ਇਹ ਸੱਭ ਤੋਂ ਵੱਧ ਚਰਚਿਤ ਵਿਸ਼ਿਆਂ ਵਿੱਚੋਂ ਇੱਕ ਹੈ। ਇਸ ਦੀ ਪ੍ਰਾਪਤੀ ਲਈ ਅਸੀਂ ਹਰ ਤਰ੍ਹਾਂ ਦੀਆਂ ਸਿਆਣਪਾਂ ਵਰਤਦੇ, ਯੋਜਨਾਵਾਂ ਬਣਾਉਂਦੇ ਅਤੇ ਕੋਸ਼ਿਸ਼ਾਂ ਕਰਦੇ ਹਾਂ। ਆਪੋ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਅਰਦਾਸਾਂ-ਬੇਨਤੀਆਂ ਵੀ ਕਰਦੇ ਹਾਂ। ਇਸ ਮੰਤਵ ਲਈ ਬਣਾਈ ਹਰ ਉਹ ਵਿਉਂਤ ਅਤੇ ਕੀਤੀ ਹਰ ਉਹ ਕੋਸ਼ਿਸ਼ ਜਾਇਜ਼ ਹੈ ਜਿਹੜੀ ਕਿ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਕੀਤੀ ਜਾਵੇ ਕਿਉਂਕਿ ਇਸ ਦੀ ਪ੍ਰਾਪਤੀ ਹਰ ਇੱਕ ਦਾ ਹੱਕ ਹੈ। ਅਮਰੀਕਾ ਦੇ ਸੰਵਿਧਾਨ ਵਿਚ ਤਾਂ Happiness ਨੂੰ ਇੱਕ ਮੌਲਿਕ ਅਧਿਕਾਰ ਮੰਨਿਆ ਗਿਆ ਹੈ। ਇਹ ਕੋਈ ਅੱਜ ਦੇ ਮਨੁੱਖ ਦਾ ਹੀ ਨਹੀਂ, ਬਲਕਿ ਹਰ ਸਮੇਂ ਅਤੇ ਸਥਾਨ ਦੇ ਮਨੁੱਖ ਦਾ ਉਦੇਸ਼ ਰਿਹਾ ਹੈ।

ਪਰ ਸਾਡੇ ਇਤਿਹਾਸ ਅਤੇ ਵਰਤਮਾਨ ਤੋਂ ਪ੍ਰਤੱਖ ਹੈ ਕਿ ਬਹੁਤ ਘੱਟ ਇਨਸਾਨ ਆਪਣੀ ਇਹ ਇੱਛਾ ਪੂਰੀ ਕਰ ਸਕਦੇ ਹਨ। ਪਹਿਲੇ ਸਮਿਆਂ ਵਿੱਚ ਹੋਰ ਕਿਸਮ ਦੀਆਂ ਸਮੱਸਿਆਵਾਂ ਇਸ ਵਿੱਚ ਰੁਕਾਵਟਾਂ ਬਣੀਆਂ ਹੋਈਆਂ ਸਨ ਅਤੇ ਅੱਜ ਹੋਰ ਕਿਸਮ ਦੀਆਂ ਹਨ। ਸਾਡੀਆਂ ਸਮੱਸਿਆਵਾਂ ਦੀ ਕਿਸਮਾਂ ਵੀ ਬਦਲੀਆਂ ਹਨ ਅਤੇ ਇਹ ਘਟਣ ਦੀ ਬਜਾਏ ਵਧੀਆਂ ਵੀ ਹਨ। ਇਹ ਤਿੰਨ ਕਿਸਮ ਦੀਆਂ ਹਨ: ਪਹਿਲੀ, ਕੁਦਰਤੀ ਆਫ਼ਤਾਂ, ਜਿਵੇਂ ਕਿ ਭੁਚਾਲ, ਹੜ੍ਹ, ਸੁਨਾਮੀਆਂ, ਆਦਿ। ਦੂਸਰੀ, ਆਪ ਸਹੇੜੀਆਂ ਸਮੂਹਿਕ ਸਮੱਸਿਆਵਾਂ, ਜਿਵੇਂ ਕਿ ਜੰਗ-ਯੁੱਧ, ਦੂਸ਼ਿਤ ਵਾਤਾਵਰਣ, ਰਾਜਨੀਤਿਕ ਅਤੇ ਸਮਾਜਿਕ ਝਗੜੇ ਆਦਿਤੀਸਰੀ ਕਿਸਮ ਦੀਆਂ ਸਾਡੀਆਂ ਨਿੱਜੀ ਹਨ। ਭਾਵੇਂ ਇਹ ਤਿੰਨੇਂ ਸਾਡੀ ਪਰਸੰਨਤਾ ਵਿੱਚ ਰੁਕਾਵਟਾਂ ਹਨ ਪਰ ਪਹਿਲੀ ਅਤੇ ਦੂਸਰੀ ਕਿਸਮ ਦੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਸਾਡੇ ਵੱਸ ਤੋਂ ਬਾਹਰ ਹਨ ਤੀਸਰੀ ਕਿਸਮ ਦੀਆਂ ਵਿੱਚੋਂ ਕੁਝ ਨੂੰ ਅਸੀਂ ਜ਼ਰੂਰ ਨਜਿੱਠ ਸਕਦੇ ਹਾਂ ਅਤੇ ਆਪਣੀ ਪਰਸੰਨਤਾ ਵਿੱਚ ਵਾਧਾ ਕਰ ਸਕਦੇ ਹਾਂ।

ਇਸੇ ਕਰਕੇ ਹਰ ਵਕਤ ਅਤੇ ਹਰ ਧਰਮ ਦੇ ਮੋਢੀ ਮਹਾਂ-ਪੁਰਖਾਂ ਅਤੇ ਸਮੇਂ ਦੇ ਸਿਆਣਿਆਂ ਨੇ ਇਨਸਾਨ ਨੂੰ ਨਿੱਜੀ ਸਮੱਸਿਆਵਾਂ ਨੂੰ ਨਜਿੱਠਣ ਲਈ ਹੀ ਵੱਧ ਸਿੱਖਿਆਵਾਂ ਦਿੱਤੀਆਂ ਹਨ। ਪੂਰਬੀ ਮਹਾਂ-ਪੁਰਖਾਂ ਨੇ ਮੁੱਖ ਤੌਰ ’ਤੇ ਅਧਿਆਤਮਵਾਦ ਨੂੰ ਇਨ੍ਹਾਂ ਸਿੱਖਿਆਵਾਂ ਦਾ ਆਧਾਰ ਬਣਾਇਆ ਹੈ ਅਤੇ ਪੱਛਮ ਵਾਲਿਆਂ ਨੇ ਪਦਾਰਥਵਾਦ ਨੂੰ। ਇੱਕੋ ਮੰਤਵ ਲਈ ਅੱਡ-ਅੱਡ ਯਤਨ ਹੋਏ ਹਨ ਅਤੇ ਉਹ ਵੀ ਬਹੁਤਾ ਕਰਕੇ ਵਿਰੋਧਾਭਾਸੀ। ਪਰ ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਕੰਮ ਵਾਸਤੇ ਪੱਛਮੀ ਮਨੋ-ਵਿਗਿਆਨੀਆਂ ਨੇ ਪੂਰਬੀ ਮਹਾਂ-ਪੁਰਖ਼ਾਂ ਦੀਆਂ ਸਿਆਣਪਾਂ ਨੂੰ ਖੁੱਲ੍ਹੇ ਮਨ ਨਾਲ ਅਪਣਾਇਆ ਹੈ। ਅੱਜ ਉਹ ਵੀ ‘Finding Modern Truth in the Ancient Wisdom’ ਦੀ ਗੱਲ ਕਰ ਰਹੇ ਹਨ ਅਤੇ ਵਰਤਮਾਨ ਪੱਛਮੀ ਖੋਜਾਂ ਅਤੇ ਸਨਾਤਨੀ (Ancient) ਪੂਰਬੀ ਸਿਆਣਪਾਂ ਦਾ ਸੁਮੇਲ ਕਰ ਰਹੇ ਹਨ ਇਸ ਸੁਮੇਲ ਦੇ ਮੂਲ ਤੱਤ ਇਹ ਹਨ:

- ਪਰਸੰਨਤਾ ਬਾਹਰੀ ਪ੍ਰਾਪਤੀਆਂ ਤੋਂ ਕਿਤੇ ਵੱਧ ਸਾਡੇ ਨਿੱਜੀ ਸੁਧਾਰਾਂ ਉੱਤੇ ਨਿਰਭਰ ਹੈ।

- ਇਹ ਕੋਈ ਮਿਥੀ ਹੋਈ ਮੰਜ਼ਿਲ ਨਹੀਂ ਜਿੱਥੇ ਪਹੁੰਚ ਕੇ ਇਹ ਕਿਸੇ ਇਨਾਮ ਦੇ ਰੂਪ ਵਿੱਚ ਸਾਨੂੰ ਮਿਲ ਜਾਣੀ ਹੈ। ਇਸ ਵਾਸਤੇ ਨਿਰੰਤਰ ਅਤੇ ਉਮਰ-ਭਰ ਦੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ।

- ਜੀਵਨ ਸੁੱਖਾਂ ਅਤੇ ਦੁੱਖਾਂ ਦਾ ਮਿਸ਼ਰਣ ਹੈ। ਵਾਧੇ-ਘਾਟੇ ਅਤੇ ਕਿਸਮਾਂ ਦੇ ਫਰਕਾਂ ਨਾਲ ਇਹ ਸਭ ਨੂੰ ਦਰਪੇਸ਼ ਹਨ। ਦੋਹਾਂ ਨੂੰ ਖਿੜੇ-ਮੱਥੇ ਜਰਨਾ ਪਰਸੰਨਤਾ ਦੀ ਇੱਕ ਸਟੇਜ ਹੈ ਇਹ ਵਿਚਾਰ ਸਾਰਿਆਂ ਵੱਲੋਂ ਪਰਵਾਨ ਹੈ।

- ਇਸ ਵਾਸਤੇ ਸਰੀਰਕ ਕਸਰਤ ਵਾਂਗ ਹਰ ਇੱਕ ਨੇ ਆਪੋ-ਆਪਣੀਆਂ ਕੋਸ਼ਿਸ਼ਾਂ ਕਰਨੀਆਂ ਹਨ

ਇਸੇ ਕਰਕੇ ਇਸ ਨੂੰ ‘Subjective Well-Being’ (ਵਿਅਕਤੀਗਤ ਤੰਦਰੁਸਤੀ) ਦੇ ਨਾਂ ਹੇਠ ਪ੍ਰਚਾਰਿਆ ਜਾ ਰਿਹਾ ਹੈ। UNO ਵੀ ਇਸ ਵਿਚਾਰਧਾਰਾ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਆਪਣੀਆਂ ਸਾਲਾਨਾ ਵਿਸ਼ਵ ਪਰਸੰਨਤਾ ਰਿਪੋਰਟਾਂ ਵਿੱਚ ਇਸ ਦੀ ਖਾਸ ਚਰਚਾ ਕਰਦੀ ਹੈ।

ਹਰ ਇਨਸਾਨ ਸਮੇਂ ਸਥਾਨ ਦੀਆਂ ਪ੍ਰਸਥਿਤੀਆਂ ਅਨੁਸਾਰ ਆਪੋ ਆਪਣੇ ਧਰਮ-ਗ੍ਰੰਥਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਕੇ ਇਸ ਵਿੱਚ ਵਾਧਾ ਕਰ ਸਕਦਾ ਹੈ ਕਿਉਂਕਿ ਇਨ੍ਹਾਂ ਸਾਰਿਆਂ ਦਾ ਆਧਾਰ ਇੱਕੋ ਸੱਚ ਹੈ ਅਤੇ ਇਹ ਸਾਰੇ ਇੱਕੋ ਜਿਹੇ ਸਦਾਚਾਰਕ ਨਿਯਮਾਂ ਅਤੇ ਕਦਰਾਂ-ਕੀਮਤਾ ਦਾ ਪ੍ਰਚਾਰ ਕਰਦੇ ਹਨ। ਇਸੇ ਕਰਕੇ ਪੰਜਾਬੀ ਪਾਠਕਾਂ ਨੂੰ ਸੰਬੋਧਿਤ ਇਸ ਲੇਖ ਦਾ ਆਧਾਰ ਗੁਰਬਾਣੀ ਨੂੰ ਬਣਾਇਆ ਗਿਆ ਹੈ। ਗੁਰਬਾਣੀ ਵਿੱਚ ਸਾਨੂੰ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਮਿਲਦੀਆਂ ਹਨ। ਪਹਿਲੀ ਅਨੁਸਾਰ ਸਭ ਕੁਝ ਪ੍ਰਮਾਤਮਾ ਦੀ ਇੱਛਾ ਅਨੁਸਾਰ ਹੁੰਦਾ ਹੈ, ਇਨਸਾਨ ਦੇ ਹੱਥ-ਵੱਸ ਕੁਝ ਵੀ ਨਹੀਂ। ਹਰ ਮਨੁੱਖ ਪਹਿਲਾਂ ਹੀ ਨਿਰਧਾਰਤ ਹੋ ਚੁੱਕੀ ਤਕਦੀਰ ਅਨੁਸਾਰ ਜੀਵਨ ਜਿਉਂਦਾ ਹੈ, ਕਰਮ ਕਰਦਾ ਹੈ ਅਤੇ ਦੁੱਖ-ਸੁਖ ਭੁਗਤਦਾ ਹੋਇਆ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ। ਤਕਦੀਰ ਬਦਲਦੀ ਨਹੀਂ ਕਿਉਂਕਿ ਇਹ ਕਰਮ-ਸਿਧਾਂਤ ਦੇ ਸਖ਼ਤ ਅਤੇ ਬੇ-ਲਿਹਾਜ਼ ਕਾਨੂੰਨ ਅਨੁਸਾਰ ਬਣਦੀ ਹੈ। ਦੂਸਰੀ ਅਨੁਸਾਰ ਸਾਨੂੰ ਉੱਦਮ, ਕਿਰਤ ਅਤੇ ਕਰਮ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਮਨੁੱਖੀ ਜਨਮ ਦਾ ਲਾਹਾ ਲੈਣ ਲਈ ਪ੍ਰੇਰਿਆ ਜਾਂਦਾ ਹੈ। ਆਪਣੇ ਔਗੁਣਾਂ ਅਤੇ ਵਿਕਾਰਾਂ ਦਾ ਤਿਆਗ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਕੁਮੱਤ ਛੱਡ ਕੇ ਸੁਮੱਤ ਨੂੰ ਗ੍ਰਹਿਣ ਕਰਨ ਅਤੇ ਮਨ ਦੀਆਂ ਮੈਲ਼ਾਂ ਲਾਹੁਣ ਦੇ ਸਾਧਨ ਸਮਝਾਏ ਜਾਂਦੇ ਹਨ। ਮਨੁੱਖ ਵਿਚ ਪ੍ਰਮਾਤਮਾ ਨਾਲ ਮਿਲਾਪ ਕਰਨ ਦੀ ਪ੍ਰਤਿਭਾ (Potential) ਹੋਣ ਦੀ ਤਸੱਲੀ ਦਿੱਤੀ ਜਾਂਦੀ ਹੈ। ਸਾਨੂੰ ਇਹ ਦੋਵੇਂ ਵਿਚਾਰਧਾਰਾਵਾਂ ਪ੍ਰਸਪਰ ਵਿਰੋਧੀ ਲੱਗਦੀਆਂ ਹਨ ਪਰ ਇਨ੍ਹਾਂ ਦੀ ਓਪਰੀ ਵਿਰੋਧਤਾ ਪਿੱਛੇ ਛੁਪੀ ਸਹਿਹੋਂਦ (Co-existence) ਇਸ ਗੁੱਝੇ ਭੇਦ ਦਾ ਪ੍ਰਗਟਾਵਾ ਕਰਦੀ ਹੈ ਕਿ ਸਾਡੀ ਤਕਦੀਰ ਅਤੇ ਸਾਡੀਆਂ ਵਿਓਂਤਾਂ (ਤਦਬੀਰਾਂ) ਦਾ ਆਪਸ ਵਿਚ ਅਟੁੱਟ ਸਬੰਧ ਹੈ। ਇਹ ਦੋਵੇਂ ਇਕ ਦੂਜੀ ਦੀਆਂ ਪੂਰਕ (Complementary) ਹਨ ਅਤੇ ਸਾਡੇ ਜੀਵਨ ਵਿੱਚ ਨਾਲ਼ੋ-ਨਾਲ਼ ਲਾਗੂ ਹੁੰਦੀਆਂ ਹਨ।

ਸਕਾਰਾਤਮਿਕ ਮਨੋਵਿਗਿਆਨ (Positive Psychology) ਦੇ ਸੰਸਾਰ-ਪ੍ਰਸਿੱਧ ਬਾਨੀ (1998 ਵਿੱਚ) ਡਾ. ਮਾਰਟਿਨ ਸੈਲਿਗਮੈਨ ਅਤੇ ਉਸ ਦੀ ਟੀਮ ਨੇ ਪਰਸੰਨਤਾ ਦਾ ਇਕ ਫਾਰਮੂਲਾ ਬਣਾਇਆ ਹੈ ਜਿਸ ਅਨੁਸਾਰ ਸਾਡੇ ਜੀਵਨ ਦੀਆਂ ਘਟਨਾਵਾਂ ਦੋ ਪ੍ਰਕਾਰ ਦੀਆਂ ਹਨ: ‘ਅਬਦਲ’ ਅਤੇ ਬਦਲ

Happiness= (Set Point + Conditions of Life) + Voluntary Activities

ਪਰਸੰਨਤਾ = (ਸੈੱਟ ਪੁਆਇੰਟ + ਜ਼ਿੰਦਗੀ ਦੇ ਹਾਲਾਤ) + ਕੋਸ਼ਿਸ਼ਾਂ

ਇਸ ਫਾਰਮੂਲੇ ਅਨੁਸਾਰ ਸਾਡੀ ਪਰਸੰਨਤਾ ਤਿੰਨ ਗੱਲਾਂ ਉੱਤੇ ਨਿਰਭਰ ਹੈ। ਸਾਡੇ ਜੀਵਨ ਦਾ ਸੈੱਟ-ਪੁਆਇੰਟ, ਸਾਡੇ ਜੀਵਨ ਦੇ ਹਾਲਾਤ ਅਤੇ ਸਾਡੀਆਂ ਕੋਸ਼ਿਸ਼ਾਂ। ਸੈੱਟ-ਪੁਆਇੰਟ ਸਾਡੀ ਪਰਸੰਨਤਾ ਦੇ ਪੈਮਾਨੇ ਦਾ ਇੱਕ ਪੱਧਰ ਹੈ ਜੋ ਸਾਡੇ ਕੱਦ ਵਾਂਗ ਕੁਦਰਤ ਵੱਲੋਂ ਪਹਿਲਾਂ ਹੀ ਨਿਸਚਿਤ ਹੈ, ਜਿਵੇਂ ਕਿ ਕਿਸੇ ਨੇ ਸੁਭਾਅ ਪੱਖੋਂ ਆਮ ਕਰਕੇ ਖੁਸ਼ ਰਹਿਣਾ ਹੈ ਅਤੇ ਕਿਸੇ ਨੇ ਦੁਖੀ। ਦੂਜੇ ਨੰਬਰ ’ਤੇ ਸਾਡੇ ਜ਼ਿੰਦਗੀ ਦੇ ਹਾਲਾਤ ਹਨ, ਜਿਵੇਂ ਕਿ ਸਾਡਾ ਦੇਸ਼, ਧਰਮ, ਮਾਤਾ-ਪਿਤਾ, ਬੁੱਧੀ ਆਦਿ। ਪਹਿਲੀਆਂ ਦੋਵੇਂ ਗੱਲਾਂ ਨਾ ਬਦਲਸਕਣ-ਯੋਗ ਹਨ। ਤੀਜੇ ਨੰਬਰ ’ਤੇ ਸਾਡੇ ਉਪਰਾਲੇ ਹਨ ਜਿਨ੍ਹਾਂ ਨਾਲ ਅਸੀਂ ਬਦਲਸਕਣ-ਯੋਗ ਗੱਲਾਂ ਨੂੰ ਬਦਲ ਸਕਦੇ ਹਾਂ। ਇਸੇ ਟੀਮ ਦੀ ਅਮਲੀ ਤੌਰ ’ਤੇ ਲਾਹੇਵੰਦ ਇੱਕ ਹੋਰ ਖੋਜ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਸੈੱਟ-ਪੁਆਇੰਟ ਅਤੇ ਜ਼ਿੰਦਗੀ ਦੇ ਹਾਲਾਤਾਂ ਤੋਂ ਬਹੁਤੇ ਦੁਖੀ ਨਹੀਂ ਹੁੰਦੇ ਕਿਉਂਕਿ ਮਨੁੱਖੀ ਸੁਭਾਅ ਕਰਕੇ ਅਸੀਂ ਇਨ੍ਹਾਂ ਨਾਲ ਸਮਝੌਤਾ ਕਰ ਲੈਂਦੇ ਹਾਂ। ਅਸੀਂ ਆਪਣੇ ਕੱਦ-ਬੁੱਤ, ਮਾਤਾ-ਪਿਤਾ, ਦੇਸ਼, ਧਰਮ ਅਤੇ ਸੁਭਾਅ ਨੂੰ ਛੇਤੀ ਸਵੀਕਾਰ ਕਰਕੇ ਆਪਣੇ ਜੀਵਨ ਨੂੰ ਇਨ੍ਹਾਂ ਅਨੁਸਾਰ ਢਾਲ਼ ਲੈਂਦੇ ਹਾਂ। ਪਰ ਬਦਲਸਕਣ-ਯੋਗ ਸਥਿਤੀਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨਾ ਕਰਨਾ ਸਾਡੀ ਖ਼ੁਸ਼ੀ ਵਿੱਚ ਵੱਡੀ ਰੁਕਾਵਟ ਹੈ। ਕੋਸ਼ਿਸਾਂ ਨਾ ਕਰਨ ਦਾ ਕਾਰਨ, ਸਾਡੀਆਂ ਲਾ-ਪਰਵਾਹੀਆਂ ਅਤੇ ਸਾਡੀ ਆਲਸ ਹੈ। ਇਨ੍ਹਾਂ ਕਰਕੇ ਖੁੰਝਾਏ ਸੁਧਾਰ ਅਤੇ ਵਿਕਾਸ ਦੇ ਮੌਕਿਆਂ ਨੂੰ ਸਾਡਾ ਅਚੇਤ ਮਨ ਰਿਕਾਰਡ ਕਰਦਾ ਰਹਿੰਦਾ ਹੈ ਜਿਸ ਨਾਲ ਸਾਡੇ ਅੰਦਰ ਝੋਰੇ, ਪਛਤਾਵੇ ਅਤੇ ਆਤਮ-ਗਿਲਾਨੀ ਪੈਦਾ ਹੁੰਦੀ ਰਹਿੰਦੀ ਹੈ। ਜੋ ਪਰਸੰਨਤਾ ਦੀ ਵੱਡੀ ਦੁਸ਼ਮਣ ਹੈ।

ਕੁਦਰਤ ਨੇ ਸਾਡੇ ਵਿੱਚ ਪ੍ਰਤਿਭਾ (Potential) ਪਾਈ ਹੈ। ਉਸ ਦਾ ਵਿਕਾਸ ਅਤੇ ਉਪਯੋਗ ਸਾਨੂੰ ਆਪ ਕਰਨਾ ਪੈਂਦਾ ਹੈ। ਡੈਮ ਦੇ ਪਿੱਛੇ ਇਕੱਠੇ ਕੀਤੇ ਪਾਣੀ ਵਿੱਚ ਅਥਾਹ ਸਮਰੱਥਾ (Potential) ਹੁੰਦੀ ਹੈ, ਪਰ ਇਹ ਬਿਜਲੀ ਦੀ ਸ਼ਕਤੀ ਮਸ਼ੀਨਾਂ ਵਿੱਚੋਂ ਲੰਘ ਕੇ ਹੀ ਪੈਦਾ ਕਰ ਸਕਦਾ ਹੈ। ਇਸੇ ਤਰ੍ਹਾਂ ਪਰਸੰਨਤਾ ਸਿਰਫ ਪੜ੍ਹਨ-ਪੜ੍ਹਾਉਣ ਜਾਂ ਕੇਵਲ ਗਿਆਨ ਹਾਸਲ ਕਰਨ ਨਾਲ ਹੀ ਨਹੀਂ ਮਿਲਦੀ, ਇਸ ਦੀ ਪਰਾਪਤੀ ਵਾਸਤੇ ਦ੍ਰਿੜ ਇਰਾਦੇ, ਸੁਚੇਤ ਹੋ ਕੇ, ਸੁਹਿਰਦ ਢੰਗ ਨਾਲ ਉਮਰ-ਭਰ ਕੁਝ ਸੁਚੱਜੀਆਂ ਕਾਰਵਾਈਆਂ ਕਰਦੇ ਰਹਿਣਾ ਜ਼ਰੂਰੀ ਹੈ। ਉਦਾਹਰਨ ਵਜੋਂ ਕੁਝ ਇਹ ਹਨ: ਸਾਧਨਾ, ਸਵੀਕਾਰਤਾ, ਖਿਮਾ, ਸਬਰ-ਸੰਤੋਖ, ਨਰਮਾਈ, ਚੰਗੀ ਸਿਹਤ ਅਤੇ ਚੰਗੀ ਸੰਗਤ ਹਨ। ਮਹਾਂਪੁਰਖ ਸਾਨੂੰ ਇਨ੍ਹਾਂ ਕਾਰਵਾਈਆਂ ਵਾਸਤੇ ਪ੍ਰੇਰਦੇ ਹੀ ਇਸ ਕਰਕੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਾਡੇ ਵਿੱਚ ਬਹੁਤ ਕੁਛ ਬਦਲ ਸਕਣ ਦੀ ਕੁਦਰਤੀ ਸਮਰੱਥਾ ਹੈ।

ਇਸ ਦੇ ਨਾਲ ਅਸੀਂ ਇਹ ਵੀ ਸਮਝਣਾ ਹੈ ਕਿ ਕਿਹੜੀਆਂ ਗੱਲਾਂ ਨਾ ਬਦਲਸਕਣ-ਯੋਗ ਹਨ ਅਤੇ ਕਿਹੜੀਆਂ ਬਦਲਸਕਣ-ਯੋਗ ਹਨ। ਇਨ੍ਹਾਂ ਦੇ ਫ਼ਰਕ ਨੂੰ ਸਮਝਣ ਲਈ ਆਪਣੀ ਬੁੱਧੀ ਅਤੇ ਵਿਵੇਕ ਨੂੰ ਵੀ ਵਰਤਣਾ ਹੈ ਅਤੇ ਅਰਦਾਸ ਵੀ ਕਰਨੀ ਹੈ। ਇਸ ਦਾ ਇੱਕ ਬਹੁਤ ਵਧੀਆ ਨਮੂਨਾ ਸ਼ਾਂਨਤੀ ਪਰੇਅਰ’ (Serenity Prayer) ਹੈ ਜੋ ਇਸ ਤਰ੍ਹਾਂ ਹੈ:

ਸੱਚੇ ਪਾਤਸ਼ਾਹ! ਸਾਨੂੰ ਹਰ ਉਸ ਸਥਿਤੀ ਨੂੰ ਜਰਨ ਦੀ ਸਹਿਣਸ਼ੀਲਤਾ ਬਖ਼ਸ਼ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ ਪਰ ਜਿਸ ਸਥਿਤੀ ਨੂੰ ਅਸੀਂ ਬਦਲ ਸਕਦੇ ਹਾਂ, ਉਸ ਨੂੰ ਬਦਲ ਸਕਣ ਦਾ ਹੌਂਸਲਾ ਅਤੇ ਬਲ ਬਖ਼ਸ਼, ਅਤੇ ਨਾਲ ਹੀ ਦੋਹਾਂ ਕਿਸਮਾਂ ਦੀਆਂ ਸਥਿਤੀਆਂ ਵਿਚ ਫ਼ਰਕ ਸਮਝਣ ਦੀ ਸੁਮੱਤ ਵੀ।”

ਸਾਡੀ ਸਿਆਣਪ ਪਹਿਲੀ ਕਿਸਮ ਦੀਆਂ ਸਥਿਤੀਆਂ ਨੂੰ ਸਵੀਕਾਰਨ ਅਤੇ ਦੂਸਰੀ ਕਿਸਮ ਦੀਆਂ ਨੂੰ ਸੁਧਾਰਨ ਵਿੱਚ ਹੈ। ਇਸ ਸਾਰੇ ਵਿਚਾਰ ਦਾ ਸਾਰ-ਤੱਤ ਇਹ ਹੈ ਕਿ ਸਾਡਾ ਜੀਵਨ ਭਾਵੇਂ ਮੁੱਖ ਤੌਰ ’ਤੇ ਸਾਡੀ ਤਕਦੀਰ ਦਾ ਵਰਤਾਰਾ ਹੈ ਪਰ ਇਸ ਵਿਚ ਸਾਡੀਆਂ ਕੋਸ਼ਿਸ਼ਾਂ, ਮਿਹਨਤਾਂ ਅਤੇ ਤਦਬੀਰਾਂ ਬਹੁਤ ਹੀ ਸੁਖਾਵਾਂ ਕੰਮ ਕਰਦੀਆਂ ਹਨ ਇਸ ਲਈ ਪਰਸੰਨਤਾ ਦੀ ਪ੍ਰਾਪਤੀ ਸਾਡੀ ਤਕਦੀਰ ਜਾਂਤਦਬੀਰ ਨਹੀਂ, ਬਲਕਿ ਇਹ ਸਾਡੀ ਤਕਦੀਰ ਅਤੇਤਦਬੀਰ ਹੈ ਅਸੀਂ ਦੋਹਾਂ ਦੇ ਦਾਇਰੇ ਨੂੰ ਸਮਝ ਕੇ, ਦੋਹਾਂ ਵਿੱਚ ਸੰਤੁਲਨ ਰੱਖਦੇ ਹੋਏ ਨਿਰੰਤਰ ਅਤੇ ਪੁਰਜ਼ੋਰ ਕੋਸ਼ਿਸ਼ਾਂ ਕਰਦੇ ਰਹਿਣਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2596)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author