IsherSinghEng7ਆਪੋ-ਆਪਣੀ ਸਮਰੱਥਾ ਅਤੇ ਸਾਧਨਾਂ ਅਨੁਸਾਰ ਸਰੀਰਕ ਕਾਰਵਾਈਆਂ ਦੇ ਨਿਯਮਿਤ ਅਭਿਆਸ ਰਾਹੀਂ ...
(17 ਦਸੰਬਰ 2021)

 

ਨਿਊ ਯਾਰਕ ਟਾਈਮਜ ਵਲੋਂ ‘ਮਹਾਂ-ਦੌੜਾਂ ਦੀ ਐਵਰੈਸਟ’ ਗਰਦਾਨੀ ਗਈ ‘ਸ੍ਰੀ ਚਿਨਮੁਆਇ ਸਵੈ-ਸਾਧਨਾ ਮਹਾਂ-ਦੌੜ’ ਦੁਨੀਆਂ ਦੀ ਸਭ ਤੋਂ ਲੰਬੀ, ਪਰਮਾਣਿਤ ਅਤੇ ਔਖੀ ਮਹਾਂ-ਦੌੜ ਹੈ। 3,100 ਮੀਲ (5,000 ਕਿਲੋਮੀਟਰ) ਦੀ ਇਹ ਸਾਲਾਨਾ ਮਹਾਂ-ਦੌੜ ਹਰ ਸਾਲ ਸਤੰਬਰ-ਅਕਤੂਬਰ ਵਿੱਚ ਅਮਰੀਕਾ ਦੇ ਨਿਊ ਯਾਰਕ ਮਹਾਂ-ਨਗਰ ਵਿੱਚ ਦੌੜੀ ਜਾਂਦੀ ਹੈ। ਇਸ ਵਿਲੱਖਣ ਮਹਾਂ-ਦੌੜ ਦੀ ਵਡਿਆਈ ਸਮਝਣ ਵਾਸਤੇ ਦੌੜਾਂ, ਮਹਾਂ-ਦੌੜਾਂ ਅਤੇ ਖੇਡਾਂ ਦੇ ਖੇਤਰ ’ਤੇ ਨਜ਼ਰ ਮਾਰ ਲੈਣੀ ਜ਼ਰੂਰੀ ਹੈ।

ਸ਼ੁਰੂ ਤੋਂ ਹੀ ਸੰਸਾਰ ਦੇ ਹਰ ਖ਼ਿੱਤੇ ਵਿੱਚ ਉਸ ਦੇ ਭੂਗੋਲਿਕ, ਸਭਿਅਕ ਅਤੇ ਇਤਿਹਾਸਕ ਹਾਲਾਤਾਂ ਅਨੁਸਾਰ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਹਨ ਪਰ ਸਮੇਂ ਅਤੇ ਸਥਾਨ ਅਨੁਸਾਰ ਇਨ੍ਹਾਂ ਦਾ ਮੰਤਵ ਅਤੇ ਸਰੂਪ ਅੱਡ-ਅੱਡ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਬਹੁਤਾ ਕਰ ਕੇ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ, ਮਨ-ਪ੍ਰਚਾਵੇ ਜਾਂ ਜੰਗਾਂ-ਯੁੱਧਾਂ ਦੀ ਤਿਆਰੀ ਆਦਿਕ ਨਾਲ਼ ਜੁੜੀਆਂ ਹੁੰਦੀਆਂ ਸਨ। ਸਰੀਰਕ ਕਸਰਤ ਦੇ ਤੌਰ ’ਤੇ ਇਨ੍ਹਾਂ ਦੀ ਵਰਤੋਂ ਘੱਟ ਸੀ ਕਿਉਂਕਿ ਸਭ ਦਾ ਰੋਜ਼ਾਨਾ ਦਾ ਜੀਵਨ ਹੀ ਮਿਹਨਤ-ਮੁਸ਼ੱਕਤ ਵਾਲ਼ਾ ਸੀ। ਪਰ ਅੱਜ ਦੇ ਮਸ਼ੀਨੀ ਯੁਗ ਵਿੱਚ ਮਨੁੱਖ ਦੀ ਜੀਵਨ-ਸ਼ੈਲੀ ਬੈਠਕ ਵਾਲ਼ੀ ਹੋ ਗਈ ਹੈ ਅਤੇ ਸਭ ਨੂੰ ਸਰੀਰਕ ਕਸਰਤ ਦੀ ਲੋੜ ਹੈ। ਕਿਉਂਕਿ ਖੇਡਾਂ ਹੀ ਇਸ ਕਸਰਤ ਦਾ ਮੁੱਖ ਸਾਧਨ ਰਹਿ ਗਈਆਂ ਹਨ ਇਸ ਕਰ ਕੇ ਇਨ੍ਹਾਂ ਦੀ ਅਤੇ ਇਨ੍ਹਾਂ ਵਿੱਚ ਭਾਗ ਲੈਣ ਵਾਲ਼ਿਆਂ, ਦੋਹਾਂ ਦੀ, ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਦਾ ਆਧੁਨਿਕ ਸਰੂਪ ਪੱਛਮੀ ਹੈ ਅਤੇ ਮੰਤਵ ਵਪਾਰਕ ਹੈ। ਸੰਸਾਰੀਕਰਨ ਅਤੇ ਤਕਨਾਲੋਜੀ ਕਰ ਕੇ ਇਨ੍ਹਾਂ ਦਾ ਵੱਡੇ ਪੱਧਰ ’ਤੇ ਪ੍ਰਬੰਧ ਕਰਨਾ ਜ਼ਰੂਰੀ ਵੀ ਹੋ ਗਿਆ ਹੈ ਤੇ ਸੰਭਵ ਵੀ ਹੋ ਸਕਿਆ ਹੈ। ਇਸ ਦੇ ਬਾਵਜੂਦ ਖੇਡਾਂ ਮਨੁੱਖੀ ਸ਼ਕਤੀ, ਨਿਪੁੰਨਤਾ ਤੇ ਸਿਰੜ ਦਾ ਸਹੀ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਨਾਲ਼ ਖੇਡਣ, ਦੇਖਣ, ਸੁਣਨ, ਲਿਖਣ ਅਤੇ ਪੜ੍ਹਨ ਵਾਲ਼ਿਆਂ, ਸਭ ਦਾ ਸਾਰਥਿਕ ਮਨੋਰੰਜਨ ਹੁੰਦਾ ਹੈ ਜੋ ਮਾਨਵਤਾ ਭਲਾਈ ਵਿੱਚ ਬਹੁਤ ਸਹਾਈ ਹੋ ਰਿਹਾ ਹੈ।

ਖੇਡ ਤੋਂ ਭਾਵ ਮੁਕਾਬਲੇਬਾਜ਼ੀ ਦੀ ਕੋਈ ਐਸੀ ਸਰੀਰਕ ਜਾਂ ਦਿਮਾਗੀ ਕਾਰਵਾਈ ਹੈ ਜਿਸ ਦਾ ਨਿਸ਼ਾਨਾ ਸਰੀਰਕ ਜਾਂ ਦਿਮਾਗੀ ਸਮਰੱਥਾ ਅਤੇ ਨਿਪੁੰਨਤਾ ਨੂੰ ਵਰਤਣ, ਸੰਭਾਲਣ ਜਾਂ ਵਿਕਾਸ ਕਰਨ ਦੇ ਨਾਲ਼-ਨਾਲ਼ ਹਿੱਸੇ-ਦਾਰਾਂ ਅਤੇ ਦਰਸ਼ਕਾਂ ਦਾ ਮਨ-ਪਰਚਾਵਾ ਵੀ ਹੋਵੇ। ਇਸ ਵਿੱਚ ਕੋਈ ਭਾਗਵਾਦੀ ਤੱਤ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਕੋਈ ਖ਼ਤਰਾ ਹੋਵੇ। ਖੇਡਾਂ ਖਾਸ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ਅਤੇ ਸ਼ੌਕੀਆ (ਐਮਾਚਿਉਰ) ਵੀ ਹੋ ਸਕਦੀਆਂ ਹਨ ਅਤੇ ਕਿੱਤਾ-ਮੁਖੀ ਜਾਂ ਮਾਇਕ ਲਾਭ-ਹਿਤ ਵੀ ਹੋ ਸਕਦੀਆਂ ਹਨ। ਇਹ ਸਰੀਰਕ ਵੀ ਹੁੰਦੀਆਂ ਹਨ ਜਿਵੇਂ ਕਿ ਦੌੜਨਾ ਅਤੇ ਕੁਸ਼ਤੀ ਕਰਨਾ; ਦਿਮਾਗੀ ਵੀ ਜਿਵੇਂ ਕਿ ਸ਼ਤਰੰਜ ਆਦਿਕ ਅਤੇ ਮਸ਼ੀਨਰੀ ਅਤੇ ਪਸ਼ੂਆਂ ਨਾਲ਼ ਜੁੜੀਆਂ ਵੀ ਜਿਵੇਂ ਕਿ ਕਾਰਾਂ ਦੀਆਂ ਰੇਸਾਂ ਅਤੇ ਘੋੜ-ਸਵਾਰੀ ਆਦਿਕ। ਹੈਰਾਨੀ ਉਦੋਂ ਹੁੰਦੀ ਹੈ ਜਦ ‘ਈ-ਸਪੋਰਟਸ’ ਅਤੇ ਤਾਸ਼ ਵਗੈਰਾ ਨੂੰ ਵੀ ਖੇਡਾਂ ਦੇ ਘੇਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਦਰਅਸਲ ਤਾਂ ਅਥਲੈਟਿਕਸ ਦੀਆਂ ਖੇਡਾਂ (ਖਾਸ ਕਰ ਕੇ ਫੀਲਡ ਅਤੇ ਟਰੈਕ ਦੀਆਂ ਖੇਡਾਂ) ਹੀ ਵਿਹਾਰਕ ਪੱਖ ਤੋਂ ਖੇਡਾਂ ਕਹਾਉਣ ਦੀਆਂ ਹੱਕਦਾਰ ਅਤੇ ਲਾਭਦਾਇਕ ਹਨ। ਇਨ੍ਹਾਂ ਵਿੱਚੋਂ ਦੌੜਨਾ ਸ਼ੁਰੂ ਤੋਂ ਹੀ ਮੁੱਖ ਰਿਹਾ ਹੈ। ਇਹ ਨਾ-ਸਿਰਫ ਆਪਣੇ-ਆਪ ਵਿੱਚ ਇੱਕ ਸੁਤੰਤਰ ਖੇਡ ਹੈ ਬਲਕਿ ਹਰ ਵੱਡੀ ਖੇਡ ਦਾ ਬਹੁਤ ਅਹਿਮ ਅੰਗ ਹੈ। ਉਦਾਹਰਣ ਵਜੋਂ ਸੰਸਾਰ ਦੀਆਂ ਚਾਰ ਸਭ ਤੋਂ ਵੱਡੀਆਂ ਖੇਡਾਂ ਫੁਟਬਾਲ (ਸੌਕਰ), ਕ੍ਰਿਕਟ, ਹਾਕੀ ਅਤੇ ਟੈਨਿਸ ਸਣੇ ਹੋਰ ਅਨੇਕਾਂ ਖੇਡਾਂ, ਪੂਰੀ ਤਰ੍ਹਾਂ ਖਿਡਾਰੀਆਂ ਦੀ ਦੌੜਨ ਦੀ ਨਿਪੁੰਨਤਾ ਅਤੇ ਸਮਰੱਥਾ ’ਤੇ ਨਿਰਭਰ ਹਨ। ਇੰਨਾ ਮਹੱਤਵ-ਪੂਰਨ ਹੁੰਦਿਆਂ ਵੀ ਦੌੜਨਾ ਸੁਖਾਲ਼ੀ, ਸਸਤੀ ਅਤੇ ਬਹੁਤ ਪ੍ਰਭਾਵ-ਕਾਰੀ ਖੇਡ ਹੈ ਜਿਸ ਦਾ ਅਨੰਦ ਅਤੇ ਲਾਭ ਹਰ ਉਮਰ ਅਤੇ ਹਰ ਸਿਹਤ-ਪੱਧਰ ਦਾ ਇਨਸਾਨ ਲੈ ਸਕਦਾ ਹੈ। ਕੁਝ ਖਾਸ ਮੌਕਿਆਂ ਨੂੰ ਛੱਡ ਕੇ, ਇਸ ਵਾਸਤੇ ਕਿਸੇ ਟੀਮ, ਖਾਸ ਡਰੈੱਸ, ਮਹਿੰਗੇ ਸਮਾਨ ਜਾਂ ਖੇਡ-ਮੈਦਾਨ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਕਰੜੇ ਨਿਯਮ ਦਾ ਬੰਧਨ ਹੈ। ਇਸੇ ਕਰ ਕੇ ਅੱਜ ਸੰਸਾਰ ਵਿੱਚ, ਦੌੜਾਂ ਵਿੱਚ ਰਸਮੀ ਅਤੇ ਗ਼ੈਰ-ਰਸਮੀ ਤੌਰ ’ਤੇ ਹਿੱਸਾ ਲੈਣ ਵਾਲ਼ਿਆਂ ਦੀ ਗਿਣਤੀ ਹੋਰ ਕਿਸੇ ਵੀ ਖੇਡ ਵਿੱਚ ਹਿੱਸਾ ਲੈਣ ਵਾਲ਼ਿਆਂ ਤੋਂ ਕਿਤੇ ਵੱਧ ਹੈ।

ਦੌੜਾਂ ਦੀ ਗਿਣਤੀ ਦਾ ਕੋਈ ਸ਼ੁਮਾਰ ਨਹੀਂ ਪਰ ਇਤਿਹਾਸਕ ਪਿਛੋਕੜ ਹੋਣ ਕਰ ਕੇ ਮੈਰਾਥਨ ਦੌੜ (42.2 ਕਿਲੋਮੀਟਰ) ਦਾ ਇਨ੍ਹਾਂ ਵਿੱਚ ਖਾਸ ਸਥਾਨ ਹੈ। ਇਸ ਨੂੰ ਸਟੈਂਡਰਡ ਮੰਨਿਆ ਜਾਂਦਾ ਹੈ ਅਤੇ ਸਭ ਨੂੰ ਇਸ ਬਾਰੇ ਜਾਣਕਾਰੀ ਹੈ। ਇਸ ਤੋਂ ਵੱਡੀ ਹਰ ਦੌੜ ਨੂੰ ਮਹਾਂ-ਦੌੜ (ਅਲਟਰਾ-ਮੈਰਾਥਨ) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੀ ਕੋਈ ਉੱਪਰਲੀ ਹੱਦ ਨਹੀਂ। ਭਾਵੇਂ ਅੱਜ ਸੰਸਾਰ ਵਿੱਚ ਪ੍ਰਚੱਲਤ ਮਹਾਂ-ਦੌੜਾਂ ਬਹੁਤਾ ਕਰ ਕੇ ਸੌ ਕਿਲੋਮੀਟਰ ਜਾਂ ਸੌ ਮੀਲ ਤੱਕ ਸੀਮਤ ਹਨ ਪਰ ਸੈਂਕੜੇ ਅਤੇ ਹਜ਼ਾਰਾਂ ਕਿਲੋ-ਮੀਟਰਾਂ/ ਮੀਲਾਂ ਤੱਕ ਦੀਆਂ ਦੌੜਾਂ ਵੀ ਦੌੜੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਫਾਸਲੇ ਦੀਆਂ ਮਹਾਂ-ਦੌੜਾਂ ਤੋਂ ਇਲਾਵਾ ਸਮਾਂ-ਬੱਧ ਮਹਾਂ-ਦੌੜਾਂ ਵੀ ਹੁੰਦੀਆਂ ਹਨ ਜਿਵੇਂ ਕਿ ਛੇ ਘੰਟਿਆਂ, 24 ਘੰਟਿਆਂ ਜਾਂ ਕਈ-ਕਈ ਦਿਨਾਂ ਦੀਆਂ। ਇਨ੍ਹਾਂ ਵਿੱਚ ਬਹੁਤ ਦਿਲਚਸਪੀ ਵਧ ਰਹੀ ਹੈ ਅਤੇ ਪਿਛਲੇ 25 ਸਾਲਾਂ ਅੰਦਰ ਮਹਾਂ-ਦੌੜਾਂ ਵਿੱਚ ਹਿੱਸਾ ਲੈਣ ਵਾਲ਼ਿਆਂ ਦੀ ਗਿਣਤੀ ਵਿੱਚ 17 ਗੁਣਾ ਵਾਧਾ ਹੋਇਆ ਹੈ। ਉਦਾਹਰਣ ਵਜੋਂ ਸੰਸਾਰ ਦੀਆਂ ਕੁਝ ਮਸ਼ਹੂਰ ਸਾਲਾਨਾ ਮਹਾਂ-ਦੌੜਾਂ ਇਹ ਹਨ:

* ਸਪਾਰਟੈਥਲਨ: ਐਥਨਜ ਵਿੱਚ 36 ਘੰਟਿਆਂ ਵਿੱਚ 246 ਕਿਲੋਮੀਟਰ।

* ਅਲਟਰਾ ਐਕਸ ਜੌਰਡਨ: ਜੌਰਡਨ ਦੇ ਮਾਰੂਥਲ ਵਿੱਚ ਛੇ ਦਿਨਾਂ ਦੀ 260 ਕਿਲੋਮੀਟਰ।

* ਲਾ ਅਲਟਰਾ: ਭਾਰਤ ਦੇ ਹਿਮਾਲਿਆ ਪਰਬਤ ਵਿੱਚ 72 ਘੰਟੇ ਦੀ 333 ਕਿਲੋਮੀਟਰ।

* ਗ੍ਰੈਂਡ ਟੂ ਗ੍ਰੈਂਡ ਅਲਟਰਾ: ਉੱਤਰੀ ਅਮਰੀਕਾ ਵਿੱਚ 7 ਦਿਨਾਂ ਦੀ 275 ਕਿਲੋਮੀਟਰ।

ਪਰ ਵਿਚਾਰ-ਅਧੀਨ ਮਹਾਂ-ਦੌੜ ਸਭ ਤੋਂ ਵਿਲੱਖਣ ਹੈ। ਪ੍ਰਸੰਨਤਾ ਦੀ ਗੱਲ ਇਹ ਹੈ ਕਿ ਭਾਰਤ ਦੇ ਪ੍ਰਸਿੱਧ ਅਧਿਆਤਮਿਕ ਗੁਰੂ ਸ੍ਰੀ ਚਿਨਮੁਆਇ ਨੇ 1997 ਵਿੱਚ ਇਸ ਦੀ ਸ਼ੁਰੂਆਤ ਕੀਤੀ। ਆਪ ਦਾ ਜਨਮ 1931 ਵਿੱਚ ਬੰਗਾਲ ਦੇ ਇੱਕ ਵਿਦਵਾਨ ਪਰਿਵਾਰ ਵਿੱਚ ਹੋਇਆ ਅਤੇ 33 ਸਾਲ ਦੀ ਉਮਰ ਤੱਕ ਆਪ ਨੇ ਸ੍ਰੀ ਅਰਬਿੰਦੋ ਆਸ਼ਰਮ ਪਾਂਡੀਚਰੀ ਵਿੱਚ ਭਾਰਤੀ ਫ਼ਲਸਫ਼ੇ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ। ਉਸ ਤੋਂ ਬਾਅਦ 1964 ਵਿੱਚ ਆਪ ਨੇ ਨਿਯੂ ਯਾਰਕ ਸ਼ਹਿਰ ਵਿੱਚ ਆਪਣਾ ਆਸ਼ਰਮ ਖੋਲ੍ਹਿਆ ਅਤੇ 44 ਸਾਲ ਆਪਣੇ ਮੱਤ ਦਾ ਸੰਸਾਰ ਵਿੱਚ ਪ੍ਰਚਾਰ ਕੀਤਾ। ਆਪ ਵੇਦਾਂ ਸਣੇ ਅਧਿਆਤਮਵਾਦ ਦੇ ਸੰਪੰਨ ਗਿਆਤਾ, ਕਲਾਕਾਰ, ਸੰਗੀਤਕਾਰ ਹੋਣ ਦੇ ਨਾਲ਼-ਨਾਲ਼ ਬਹੁਤ ਪ੍ਰਤਿਭਾਸ਼ਾਲੀ ਲੇਖਕ ਅਤੇ ਬੁਲਾਰੇ ਸਨ। ਆਪ ਕਈ ਪ੍ਰਕਾਰ ਦੀਆਂ ਖੇਡਾਂ ਵਿੱਚ ਨਿਪੁੰਨ, ਸਰੀਰਕ ਪੱਖੋਂ ਬਹੁਤ ਤਕੜੇ, ਪ੍ਰਸਿੱਧ ਅਥਲੀਟ, ‘ਵੇਟ-ਲਿਫਟਰ’ ਅਤੇ ਲੰਬੀ-ਦੂਰੀ ਦੇ ਦੌੜਾਕ ਸਨ। ਉਨ੍ਹਾਂ ਦਾ ਕਹਿਣਾ ਹੈ: “ਸਵੈ-ਸਾਧਨਾ ਹੀ ਸੱਚੇ ਅਨੰਦ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ। ਇਸ ਲਈ ਲੰਬੀ ਦੂਰੀ ਦੀਆਂ ਦੌੜਾਂ ਸਾਧਕਾਂ ਦੀ ਬਹੁਤ ਸਹਾਇਤਾ ਕਰਦੀਆਂ ਹਨ ਭਾਵੇਂ ਇਸ ਵਿੱਚ ਉਨ੍ਹਾਂ ਨੂੰ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਅੰਤ ਨੂੰ ਜਦੋਂ ਦੌੜ ਸਮਾਪਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ।”

ਇਸ ਅਧਿਆਤਮਵਾਦੀ ਮੰਤਵ ਨਾਲ਼ ਉਨ੍ਹਾਂ ਨੇ ਪੰਜਾਹ ਤੋਂ ਵੱਧ ਦੇਸ਼ਾਂ ਵਿੱਚ ਸਾਧਨਾ-ਕੇਂਦਰ ਖੋਲ੍ਹੇ ਅਤੇ ਕਈ ਮਹਾਂ-ਦੌੜਾਂ (‘ਅਲਟਰਾ-ਮੈਰਾਥਨਜ’) ਅਤੇ ਬਹੁ-ਦਿਵਸੀ (‘ਮਲਟੀ-ਡੇ’) ਦੌੜਾਂ ਦੀ ਨੀਂਹ ਰੱਖੀ। ਵਿਚਾਰ-ਅਧੀਨ ਮਹਾਂ-ਦੌੜ ਇਸ ਲੜੀ ਦਾ ਸਭ ਤੋਂ ਕੀਮਤੀ ਹੀਰਾ ਹੈ। ਇਸ ਦੇ ਹੈਰਾਨੀਜਨਕ ਅਤੇ ਰੌਚਿਕ ਤੱਥ ਇਸ ਤਰ੍ਹਾਂ ਹਨ:

* ਇਹ 3,100 ਮੀਲ (5,000 ਕਿਮੀ) ਲੰਬੀ ਪਰਮਾਣਿਤ ਅਤੇ ਸਭ ਤੋਂ ਔਖੀ ਮਹਾਂ-ਦੌੜ ਹੈ।

* ਮਾਊਂਟ ਐਵਰੈਸਟ ਦੀ ਚੋਟੀ ਨੂੰ ਪਿਛਲੇ 70 ਸਾਲਾਂ ਵਿੱਚ ਸਰ ਕਰਨ ਵਾਲ਼ਿਆਂ ਦੀ ਗਿਣਤੀ 5,790 ਹੈ ਜਦਕਿ ਇਸ ਮਹਾਂ-ਦੌੜ ਨੂੰ ਪਿਛਲੇ 25 ਸਾਲਾਂ (2021 ਤੱਕ) ਵਿੱਚ ਪੂਰਾ ਕਰਨ ਵਾਲ਼ਿਆਂ ਦੀ ਗਿਣਤੀ ਸਿਰਫ 52 ਹੈ।

* ਇਹ ਅਮਰੀਕਾ ਵਿੱਚ ਨਿਊ ਯਾਰਕ ਮਹਾਂ-ਨਗਰ ਦੇ ਇੱਕ ਬਲਾਕ ਦੇ ਆਲ਼ੇ-ਦੁਆਲ਼ੇ ਹੀ ਦੌੜੀ ਜਾਂਦੀ ਹੈ ਜਿਸ ਦਾ ਘੇਰਾ 883 ਮੀਟਰ ਦੀ ਕੰਕਰੀਟ ਸਾਈਡ-ਵਾਕ ਹੈ।

* ਦੌੜਾਕਾਂ ਵਾਸਤੇ ਕੋਈ ਖਾਸ ਵੱਖਰਾ ਰਸਤਾ ਨਹੀਂ ਬਣਾਇਆ ਹੋਇਆ, ਟਰੈਫ਼ਿਕ ਆਮ ਵਾਂਗ ਚਲਦੀ ਰਹਿੰਦੀ ਹੈ ਅਤੇ ਸਕੂਲੀ ਬੱਚੇ ਵੀ ਉਸੇ ਰਸਤੇ ਤੋਂ ਲੰਘਦੇ ਹਨ।

* ਇਸ ਨੂੰ ਪੂਰਾ ਕਰਨ ਵਾਸਤੇ 52 ਦਿਨਾਂ ਵਿੱਚ ਬਲਾਕ ਦੇ 5,650 ਗੇੜੇ ਕੱਢਣੇ ਪੈਂਦੇ ਹਨ ਅਰਥਾਤ ਘੱਟੋ-ਘੱਟ 108 ਗੇੜੇ ਹਰ ਰੋਜ।

* 52 ਦਿਨ ਦੌੜ-ਰੂਪੀ ਤਪੱਸਿਆ ਕਰਨ ਵਾਲ਼ੇ ਇਹ ਦੌੜਾਕ-ਸਾਧਕ ਇਸ ਨੂੰ ਦੌੜ ਨਾਂ ਸਮਝਕੇ ਤੀਰਥ-ਯਾਤਰਾ ਮੰਨਦੇ ਹਨ।

* ਦੌੜਾਕ ਹਰ ਰੋਜ਼ ਘੱਟੋ-ਘੱਟ 96 ਕਿਲੋਮੀਟਰ ਦੌੜਦਾ ਹੈ ਅਰਥਾਤ ਸਵਾ ਦੋ ਮੈਰਾਥਨਾਂ ਦੇ ਬਰਾਬਰ।

* ਹਰ ਰੋਜ਼ ਉਸ ਦੇ ਦੌੜਨ ਦੀ ਦਿਸ਼ਾ ਬਦਲ ਦੀ ਰਹਿੰਦੀ ਹੈ।

* ਉਹ ਹਰ ਰੋਜ਼ ਸੁਬ੍ਹਾ 6 ਵਜੇ ਤੋਂ ਰਾਤ 12 ਵਜੇ ਤੱਕ, 18 ਘੰਟੇ ਦੌੜਦਾ ਜਾਂ ਤੁਰਦਾ ਹੈ; ਉਸ ਨੂੰ ਸਿਰਫ ਛੇ ਘੰਟੇ ਆਪਣੀ ਹੋਰ ਸਰੀਰਕ ਕਿਰਿਆ-ਕਰਮ ਅਤੇ ਸੌਣ ਵਾਸਤੇ ਮਿਲਦੇ ਹਨ।

* ਇੱਕ ਅਥਲੀਟ ਨੂੰ ਚਾਰ ਬੰਦਿਆਂ ਜਿੰਨੀ ਖੁਰਾਕ ਦੀ ਲੋੜ ਪੈਂਦੀ ਹੈ ਅਤੇ ਉਹ ਦੌੜਦੇ ਹੋਏ ਹੀ ਖਾਂਦੇ ਰਹਿੰਦੇ ਹਨ।

* ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ, ਕਈ ਵਾਰ ਤਾਪਮਾਨ 38 ਡਿਗਰੀ ਸੈਂਟੀਗਰੇਡ ਦੀ ਪੂਰੀ ਗਰਮੀ ਤੱਕ ਪਹੁੰਚ ਜਾਂਦਾ ਹੈ ਅਤੇ ਅੰਤਾਂ ਦੀ ਹੁੰਮਸ ਹੋ ਜਾਂਦੀ ਹੈ। ਕਈ ਵਾਰ ਬਹੁਤ ਤੇਜ ਮੀਂਹ ਪੈਣ ਲੱਗ ਜਾਂਦਾ ਹੈ ਅਤੇ ਦੌੜਾਕ ਛਤਰੀਆਂ ਲੈ ਕੇ ਦੌੜਦੇ ਹਨ।

* ਉਹ ਆਪਣੀ ਦੌੜ ਦੇ ਦੌਰਾਨ ਕਰੀਬ 15 ਸ਼ੂਅ ਤੋੜ ਦਿੰਦੇ ਹਨ।

* ਉਨ੍ਹਾਂ ਨੂੰ ਸਿਰਫ ਇੱਕ ਟਰਾਫੀ ਜਾਂ ਕੋਈ ਸਧਾਰਨ ਜਿਹੀ ਨਿਸ਼ਾਨੀ ਮਿਲਦੀ ਹੈ, ਕੋਈ ਨਕਦੀ ਇਨਾਮ ਨਹੀਂ ਮਿਲਦਾ।

* ਹੋਰ ਲੰਬੀਆਂ ਦੌੜਾਂ ਬਾਹਰ ਦੌੜੀਆਂ ਜਾਂਦੀਆਂ ਹਨ; ਅਥਲੀਟਾਂ ਦਾ ਬਦਲ ਰਹੇ ਕੁਦਰਤੀ ਨਜ਼ਾਰਿਆਂ ਕਰਕੇ ਮਨ-ਪਰਚਾਵਾ ਹੁੰਦਾ ਰਹਿੰਦਾ ਹੈ ਜਿਸ ਨਾਲ਼ ਦੌੜਨ ਵਿੱਚ ਸਹਾਇਤਾ ਹੁੰਦੀ ਹੈ। ਪਰ ਇਹ ਦੌੜ ਬਹੁਤ ਨੀਰਸ ਹੈ।

* ਓਸੇ ਜਗ੍ਹਾ ’ਤੇ ਵਾਰ-ਵਾਰ ਗੇੜੇ ਕੱਢਣਾ ਨੀਰਸ ਜ਼ਰੂਰ ਲਗਦਾ ਹੈ ਪਰ ਪ੍ਰਬੰਧ ਦੇ ਪੱਖ ਤੋਂ ਇਸ ਦੇ ਆਪਣੇ ਫਾਇਦੇ ਹਨ। ਜਿਵੇਂ ਦੌੜਾਕ ਨੂੰ ਆਪਣਾ ਸਮਾਨ ਰੱਖਣ ਅਤੇ ਰਾਤ ਨੂੰ ਅਰਾਮ ਕਰਨ ਲਈ ਵਧੀਆ ਪ੍ਰਬੰਧ ਮਿਲ ਜਾਂਦਾ ਹੈ।

* ਦੌੜ ਸਮੇਂ ਸਾਰੇ ਸਾਰੇ ਇੱਕ-ਦੂਸਰੇ ਨੂੰ ਮਿਲਦੇ ਰਹਿੰਦੇ ਹਨ ਅਤੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਜਿਵੇਂ ਕਿ ਉਹ ਕੋਈ ਸਾਂਝਾ ਲੋਕ ਭਲਾਈ ਦਾ ਕਾਰਜ ਕਰ ਰਹੇ ਹੋਣ। ਗੁਆਂਢ ਦੇ ਲੋਕ ਅਤੇ ਹੋਰ ਦਰਸ਼ਕ ਹੱਲਾਸ਼ੇਰੀ ਦੇਣ ਆਉਂਦੇ ਹਨ।

ਇਸ ਦੌੜ ਵਿੱਚ ਹਿੱਸਾ ਲੈਣ ਵਾਲ਼ਾ ਹਰ ਅਥਲੀਟ ਪਹਿਲਾਂ ਹੀ ਦੌੜਾਂ ਦੇ ਖੇਤਰ ਵਿੱਚ ਸੰਸਾਰ ਦੇ ਚੋਣਵੇਂ ਚੋਟੀ ਦੇ ਦੌੜਾਕਾਂ ਵਿੱਚੋਂ ਹੁੰਦਾ ਹੈ। ਉਹ ਸੈਂਕੜੇ ਮਹਾਂ-ਦੌੜਾਂ ਦੌੜ ਚੁੱਕਿਆ ਹੁੰਦਾ ਹੈ ਅਤੇ ਅਨੇਕਾਂ ਰਿਕਾਰਡ ਬਣਾ ਚੁੱਕਿਆ ਹੁੰਦਾ ਹੈ। ਨਮੂਨੇ ਦੇ ਤੌਰ ’ਤੇ:

* ਅਮਰੀਕਨ ਬੀਬੀ ਸੁਪ੍ਰਭਾ ਬੈੱਕਜੌਰਡ ਸੰਸਾਰ ਦੀ ਇੱਕੋ-ਇੱਕ ਔਰਤ ਹੈ ਜੋ 1997 ਵਿੱਚ ਪਹਿਲੀ ਦੌੜ ਵਿੱਚ ਪਹਿਲੇ ਨੰਬਰ ’ਤੇ ਰਹੀ ਅਤੇ ਉਸ ਤੋਂ ਬਾਅਦ 2009 ਤੱਕ ਪੂਰੇ 13 ਸਾਲ ਪਹਿਲੇ ਨੰਬਰ ’ਤੇ ਆਉਂਦੀ ਰਹੀ। ਉਸ ਦਾ ਬਣਾਇਆ 1998 ਦਾ ਰਿਕਾਰਡ ਅੱਜ ਵੀ ਕਾਇਮ ਹੈ।

* ਫਿਨਲੈਂਡ ਦੇ ਐਸ਼ਪਰਿਹੈਨਲ ਆਲਟੋ ਦਾ ਇਸ ਦੌੜ ਦਾ ਚਾਲ਼ੀ ਦਿਨ ਨੌਂ ਘੰਟੇ ਦਾ 2015 ਦਾ ਰਿਕਾਰਡ ਹੈ। ਉਹ 14 ਵਾਰ ਇਸ ਦੌੜ ਵਿੱਚ ਹਿੱਸਾ ਲੈ ਚੁੱਕਿਆ ਹੈ ਅਤੇ ਅੱਠ ਵਾਰ ਪਹਿਲੇ ਨੰਬਰ ’ਤੇ ਰਿਹਾ ਹੈ।

* ਇਸ ਸਾਲ ਪਹਿਲੇ ਨੰਬਰ ’ਤੇ ਆਉਣ ਵਾਲ਼ੇ ਇਟਲੀ ਦੇ ਐਂਡਰੀਆ ਮੈਰਕੈਟੋ ਨੇ ਇਹ ਦੌੜ 52 ਦਿਨਾਂ ਦੀ ਬਜਾਇ ਸਿਰਫ 42 ਦਿਨ 17 ਘੰਟੇ ਵਿੱਚ ਪੂਰੀ ਕੀਤੀ। ਆਖਰੀ ਦਿਨ ਓਹ 122 ਕਿਲੋਮੀਟਰ ਦੌੜਿਆ।

ਸਪਸ਼ਟ ਹੈ ਕਿ ਇਸ ਤਰ੍ਹਾਂ ਦੀਆਂ ਦੌੜਾਂ ਜਨ-ਸਧਾਰਨ ਵਾਸਤੇ ਨਹੀਂ ਹੁੰਦੀਆਂ। ਇਨ੍ਹਾਂ ਵਿੱਚ ਦਿਲਚਸਪੀ ਅਤੇ ਇਨ੍ਹਾਂ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਭਾਵ ਖ਼ੁਦ ਉਤਸ਼ਾਹਿਤ ਹੋਣ ਤੋਂ ਹੈ। ਆਪੋ-ਆਪਣੀ ਸਮਰੱਥਾ ਅਤੇ ਸਾਧਨਾਂ ਅਨੁਸਾਰ ਸਰੀਰਕ ਕਾਰਵਾਈਆਂ ਦੇ ਨਿਯਮਿਤ ਅਭਿਆਸ ਰਾਹੀਂ ਸਰੀਰਕ ਪੱਖੋਂ ਤੰਦਰੁਸਤ ਅਤੇ ਦਿਮਾਗੀ ਪੱਖੋਂ ਚੇਤੰਨ ਰਹਿਣਾ ਹੈ। ਇਨ੍ਹਾਂ ਤੋਂ ਸਾਡੇ ਸਿੱਖਣ ਵਾਲ਼ੀਆਂ ਦੋ ਗੱਲਾਂ ਹਨ:

* ਸਾਡੀ ਸਰੀਰਕ ਸਮਰੱਥਾ ਸਾਡੇ ਕਿਆਸ ਤੋਂ ਕਿਤੇ ਵੱਧ ਹੈ। ਸਰਸਰੀ ਆਦਤਾਂ ਛੱਡ ਕੇ ਸੁਚੇਤ ਅਤੇ ਸੁਹਿਰਦ ਢੰਗ ਨਾਲ਼ ਇਸ ਦਾ ਵਿਕਾਸ ਕਰਨਾ ਜ਼ਰੂਰੀ ਹੈ। ਤੰਦਰੁਸਤ ਸਰੀਰ ਹੀ ਤੰਦਰੁਸਤ ਮਨ ਦਾ ਅਧਾਰ ਹੈ।

* ਇਸ ਵਾਸਤੇ ਸਿਰੜ, ਨਿਯਮਿਤ ਅਭਿਆਸ ਅਤੇ ਸੁਯੋਗ ਰਹਿਨੁਮਾਈ ਦੀ ਲੋੜ ਹੈ। ਪੂਰੀ ਤਿਆਰੀ ਕਰਨਾ ਸਿੱਖੀਏ ਜਿਸ ਦੀ ਘਾਟ ਕਰ ਕੇ ਹੋਈ ਅਸਫਲਤਾ ਨੂੰ ਅਸੀਂ ਪ੍ਰਤਿਭਾ ਅਤੇ ਸਮਰੱਥਾ ਦੀ ਘਾਟ ਸਮਝ ਬੈਠਦੇ ਹਾਂ।

* ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਵਾਲ਼ਿਆਂ ਦੀ ਗਿਣਤੀ ਦਾ ਇਸ ਸੰਸਾਰ ਵਿੱਚ ਕੋਈ ਕਮੀ ਨਹੀਂ। ਇਹ ਵਿਚਾਰ ਕਰ ਕੇ ਕਿ ਅਸੀਂ ਵੀ ਕੋਈ ਵਿਲੱਖਣ ਨਹੀਂ, ਨਿਮਰਤਾ ਸਿੱਖਣੀ ਬਹੁਤ ਜ਼ਰੂਰੀ ਹੈ।

ਇਸ ਸਾਲ (2021) ਇਹ ਮਹਾਂ-ਦੌੜ 5 ਸਤੰਬਰ ਨੂੰ ਸ਼ੁਰੂ ਹੋ ਕੇ 26 ਅਕਤੂਬਰ ਨੂੰ ਪੂਰੀ ਹੋਈ ਜਿਸ ਵਿੱਚ ਸੱਤ ਦੇਸ਼ਾਂ ਦੇ ਸੱਤ ਅਥਲੀਟਾਂ ਨੇ ਹਿੱਸਾ ਲਿਆ ਅਤੇ ਪੰਜਾਂ ਨੇ ਇਸ ਨੂੰ ਪੂਰਾ ਕੀਤਾ। ਅੱਜ ਤੱਕ ਭਾਰਤ ਦੇ ਕਿਸੇ ਦੌੜਾਕ ਨੇ ਇਸ ਮਹਾਂ-ਦੌੜ ਵਿੱਚ ਹਿੱਸਾ ਨਹੀਂ ਲਿਆ। ਫਿਰ ਵੀ ਇਸ ਮਹਾਂ-ਦੌੜ ਤੋਂ ਉਤਸ਼ਾਹਿਤ ਹੋ ਕੇ ਮੱਧ-ਪ੍ਰਦੇਸ਼ ਦੇ ਮਿ. ਸਮੀਰ ਸਿੰਘ ਨੇ 2017 ਵਿੱਚ 100 ਦਿਨਾਂ ਵਿੱਚ 10,000 ਕਿਲੋਮੀਟਰ ਦਾ ਰਿਕਾਰਡ ਬਣਾਇਆ। ਪ੍ਰਸਿੱਧ ਮਿ. ਸੰਜੇ ਰਾਵਲ ਨੇ 2018 ਵਿੱਚ ਇਸ ਮਹਾਂ-ਦੌੜ ਦੀ ਡਾਕੂਮੈਂਟਰੀ ਬਣਾਈ ਸੀ ਜੋ ਬਹੁਤ ਹਰਮਨ-ਪਿਆਰੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3212)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com





More articles from this author