IsherSinghEng7ਜੇ ਆਪਾਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਹੀ ਇਸ ਭਿਆਨਕ ਤਬਾਹੀ ਤੋਂ ਬਚ ...
(25 ਅਗਸਤ 2021)

 

ਸੰਸਾਰ ਭਰ ਦੇ ਮਨੁੱਖੀ ਬਰਾਬਰੀ ਦੇ ਹਾਮੀ, ਹਰ ਵਰਗ ਦੇ ਬੁੱਧੀਜੀਵੀ ਇਸ ਗੱਲ ਤੋਂ ਚਿੰਤਤ ਹਨ ਕਿ ਆਉਣ ਵਾਲ਼ੇ ਸਮੇਂ ਵਿੱਚ ਨਾ-ਬਰਾਬਰੀ ਦੇ ਵਧਣ ਅਤੇ ਹੋਰ ਤੀਬਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਯੂ ਐੱਨ ਓ ਦੀ 2020 ਦੀ ‘ਵਰਡ ਸੋਸ਼ਲ ਰਿਪੋਰਟ’, ਜਿਸਦਾ ਥੀਮ ਨਾ-ਬਰਾਬਰੀ ਸੀ, ਅਨੁਸਾਰ ਪਿਛਲੇ ਕਈ ਦਹਾਕਿਆਂ ਦੀ ਬੇਅੰਤ ਆਰਥਿਕ ਉਪਜ, ਸੰਸਾਰ ਦੇ ਦੇਸ਼ਾਂ ਦੀ ਆਪਸੀ ਅਤੇ ਅੰਦਰੂਨੀ ਨਾ-ਬਰਾਬਰੀ ਨੂੰ ਘਟਾਉਣ ਵਿੱਚ ਅਸਫਲ ਰਹੀ ਹੈ। ਅੱਜ ਵੀ ਨਸਲ, ਵਰਗ, ਲਿੰਗ, ਦੇਸ਼, ਅਤੇ ਸਮਾਜਿਕ ਅਤੇ ਮਾਲੀ ਹਾਲਾਤ ਲੋਕਾਂ ਦੇ ਤਰੱਕੀ ਦੇ ਮੌਕਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਅਤੇ ਨਾ-ਬਰਾਬਰੀ ਦਾ ਮੁੱਖ ਕਾਰਨ ਬਣੇ ਹੋਏ ਹਨ। ਇਨ੍ਹਾਂ ਸਭ ਕਾਰਨਾਂ ਦਾ ਸਬੰਧ ਇਤਿਹਾਸ ਨਾਲ ਜੁੜਿਆ ਹੋਣ ਕਰ ਕੇ ਆਪਾਂ ਸਾਰੇ ਇਨ੍ਹਾਂ ਬਾਰੇ ਜਾਣਦੇ ਹਾਂ। ਪਰ ਜਿਸ ਗੱਲ ਬਾਰੇ ਘੱਟ ਗੌਰ ਕਰਦੇ ਹਾਂ, ਉਹ ਇਹ ਹੈ ਕਿ ਇਨ੍ਹਾਂ ਜਾਣੇ-ਪਛਾਣੇ ਕਾਰਨਾਂ ਵਿੱਚ ਹੋਰ ਨਵੇਂ ਕਾਰਨ ਜੁੜ ਰਹੇ ਹਨ ਜਿਹੜੇ ਉਪਰੋਕਤ ਸੰਭਾਵਨਾਵਾਂ ਦਾ ਅਧਾਰ ਬਣ ਰਹੇ ਹਨ। ਇਨ੍ਹਾਂ ਦਾ ਜ਼ਿਕਰ ਯੂ ਐੱਨ ਓ ਦੇ ਮਾਣਯੋਗ ਸਕੱਤਰ-ਜਨਰਲ ਐਨਟੋਨੀਓ ਗੁਟੇਅਰੈੱਸ ਨੇ ਰਿਪੋਰਟ ਦੇ ਮੁੱਖ-ਬੰਧ ਵਿੱਚ ਇਸ ਤਰ੍ਹਾਂ ਕੀਤਾ ਹੈ:

ਨਾ-ਬਰਾਬਰੀ ਦਾ ਵਰਤਾਰਾ ਵਿਸ਼ਵ-ਵਿਆਪੀ ਹੈ ਅਤੇ ਸਾਡੇ ਅਜੋਕੇ ਸਮੇਂ ਦੇ ਹੋਰ ਜ਼ਰੂਰੀ ਮਸਲਿਆਂ ਨਾਲ ਅਟੁੱਟ ਸਬੰਧਾਂ ਰਾਹੀਂ ਜੁੜਿਆ ਹੋਇਆ ਹੈ। ਅਰਥਾਤ ਤੇਜ਼ੀ ਨਾਲ ਹੋ ਰਹੇ ਤਕਨੀਕੀ ਪਰਿਵਰਤਨ, ਵਾਤਾਵਰਣ ਸੰਕਟ, ਸ਼ਹਿਰੀਕਰਨ ਅਤੇ ਪਰਵਾਸ ਨਾਲ।”

ਨਾ-ਬਰਾਬਰੀ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਦਾ ਕੋਈ ਵੀ ਖਿੱਤਾ, ਕਿਸੇ ਸਮੇਂ ਵੀ ਇਸਦੀ ਕਰੂਰਤਾ ਤੋਂ ਬਚ ਨਹੀਂ ਸਕਿਆ। ਅੱਜ ਦੇ ਪ੍ਰਸਿੱਧ ਫ਼ਿਲਾਸਫ਼ਰ, ਇਤਿਹਾਸਕਾਰ ਡਾ. ਯੂਵਲ ਹਰਾਰੀ ਦੀ ‘ਬੈੱਸਟ ਸੈਲਰ’ ਰਹੀ ਕਿਤਾਬ ‘ਇੱਕੀਵੀਂ ਸਦੀ ਵਾਸਤੇ ਇੱਕੀ ਸਬਕ’ ਅਨੁਸਾਰ ਨਾ-ਬਰਾਬਰੀ ਮਨੁੱਖੀ ਸੁਭਾਅ ਦਾ ਕੁਦਰਤੀ ਅੰਗ ਹੈ। ਅੱਜ ਤੋਂ ਤੀਹ ਹਜ਼ਾਰ ਸਾਲ ਪਹਿਲਾਂ ਦੀਆਂ ਕੁਛ ਕਬਰਾਂ ਵਿੱਚੋਂ ਪਿੰਜਰਾਂ ਦੇ ਨਾਲ ਹਾਥੀ ਦੰਦ ਦਾ ਸਮਾਨ, ਮਣਕੇ, ਕੀਮਤੀ ਪੱਥਰ ਅਤੇ ਹੀਰੇ ਆਦਿ ਤਕ ਮਿਲੇ ਹਨ, ਜਿਨ੍ਹਾਂ ਤੋਂ ਮਰੇ ਹੋਏ ਬੰਦੇ ਦੇ ਸਮਾਜਿਕ ਰੁਤਬੇ ਦਾ ਪਤਾ ਲਗਦਾ ਹੈ। ਭਾਵ ਉਨ੍ਹਾਂ ਸਮਿਆਂ ਵਿੱਚ ਵੀ ਨਾ-ਬਰਾਬਰੀ ਸੀ ਹਾਲਾਂਕਿ ਉਦੋਂ ਨਿੱਜੀ ਸੰਪਤੀ ਜਾਂ ਧਨ-ਦੌਲਤ ਵਰਗੀ ਕੋਈ ਚੀਜ਼ ਨਹੀਂ ਸੀ। ਇਹ ਸਭ ਚੀਜ਼ਾਂ ਖੇਤੀ-ਬਾੜੀ ਦੇ ਯੁਗ, ਜੋ ਕੋਈ ਬਾਰਾਂ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ, ਨਾਲ ਹੋਂਦ ਵਿੱਚ ਆਈਆਂ। ਇਸ ਤੋਂ ਬਾਅਦ ਹੀ ਜ਼ਮੀਨਾਂ-ਜਾਇਦਾਦਾਂ, ਪਸ਼ੂ-ਧਨ, ਕਾਮਿਆਂ, ਘਰਾਂ, ਸ਼ਹਿਰਾਂ, ਰਾਜਾਂ, ਹਾਕਮ-ਸ਼੍ਰੇਣੀਆਂ, ਫੌਜਾਂ ਅਤੇ ਰਾਜਿਆਂ ਦਾ ਕਾਲ ਅਰੰਭ ਹੋਇਆ, ਅਤੇ ਨਾ-ਬਰਾਬਰੀ ਪੱਕੀ ਹੋਣੀ ਸ਼ੁਰੂ ਹੋਈ। ਇਸ ਕੰਮ ਵਿੱਚ ਪੁਜਾਰੀ ਸ਼੍ਰੇਣੀ ਨੇ ਬਹੁਤ ਗਲਤ ਭੂਮਿਕਾ ਨਿਭਾਈ, ਜਿਨ੍ਹਾਂ ਵੱਲੋਂ ਰਾਜਿਆਂ ਨੂੰ ਪਰਮਾਤਮਾ ਵੱਲੋਂ ਰਾਜ ਕਰਨ ਦਾ ਰੱਬੀ ਹੱਕ ਮਿਲੇ ਹੋਣ ਦਾ ਪਰਚਾਰ ਕੀਤਾ ਜਾਂਦਾ ਰਿਹਾ। ਰੋਮਨ ਸਾਮਰਾਜ ਅਤੇ ਸੁਲਤਾਨਾਂ ਦੇ ਸਮਿਆਂ ਦੀ ਦਾਸ-ਪ੍ਰਥਾ, ਯੂਰਪੀ ਦੇਸ਼ਾਂ ਦੇ ਸਾਮੰਤਵਾਦੀ ਸਮਿਆਂ ਦੀ ‘ਸਰਫ’ ਪ੍ਰਣਾਲੀ, ਮਾਡਰਨ ਸਮਿਆਂ ਦਾ ‘ਦਾਸ-ਵਪਾਰ’ ਅਤੇ ਭਾਰਤੀ ਉਪ-ਮਹਾਂਦੀਪ ਦੀ ਜਾਤ-ਪਾਤ ਪ੍ਰਥਾ, ਵਿਸ਼ਵ ਇਤਿਹਾਸ ਦੇ ਨਾ-ਬਰਾਬਰੀ ਦੇ ਦਰਦਨਾਕ ‘ਚੈਪਟਰ’ ਹਨ। ਇਹ ਸਿਲਸਿਲਾ ਅਠਾਰ੍ਹਵੀਂ ਸਦੀ ਦੇ ਅੱਧ ਅਰਥਾਤ ਯੂਰਪ ਦੀ ਇੰਡਸਟ੍ਰੀਅਲ ਕ੍ਰਾਂਤੀ ਤਕ ਚਲਦਾ ਰਿਹਾ ਜਿਸ ਵਿੱਚੋਂ ਅੱਗੇ ਫ੍ਰਾਂਸੀਸੀ ਕ੍ਰਾਂਤੀ ਨੇ ਜਨਮ ਲਿਆ। ਇਸ ਨਾਲ ਰਾਜਿਆਂ ਦੇ ਰੱਬੀ ਹੱਕ ਦੇ ਸੰਕਲਪ ਦਾ ਖ਼ਾਤਮਾ ਹੋਇਆ ਅਤੇ ਮਨੁੱਖੀ ਬਰਾਬਰੀ ਦੀ ਲਹਿਰ ਸ਼ੁਰੂ ਹੋਈ, ਜਿਹੜੀ ਹੌਲ਼ੀ-ਹੌਲ਼ੀ ਬਾਕੀ ਸੰਸਾਰ ਵਿੱਚ ਫੈਲਣ ਲੱਗੀ। ਇਸ ਤੋਂ ਬਾਅਦ ਯੂਰਪ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਆਪੋ-ਆਪਣੇ ਸੰਵਿਧਾਨਾਂ ਵਿੱਚ ਇਸ ਸਬੰਧ ਵਿੱਚ ਲੋੜੀਂਦੀਆਂ ਵਿਵਸਥਾਵਾਂ ਕੀਤੀਆਂ।

ਨਿਰਸੰਦੇਹ, ਇਸ ਤੋਂ ਪਹਿਲਾਂ ਵੀ ਮਨੁੱਖੀ ਹੱਕਾਂ ਨੂੰ ਬਹਾਲ ਕਰਨ ਦੀਆਂ ਟਾਂਵੀਆਂ-ਟਾਂਵੀਆਂ ਅਤੇ ਸਥਾਨਕ ਉਦਾਹਰਣਾਂ ਮਿਲਦੀਆਂ ਹਨ ਪਰ ਇਹ ਸਮਾਜ ਦੇ ਉੱਚ ਵਰਗਾਂ ਤਕ ਹੀ ਸੀਮਤ ਰਹੀਆਂ ਅਤੇ ਇਨ੍ਹਾਂ ਦਾ ਜਨ-ਸਧਾਰਨ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਇਸਦੀ ਮੁੱਖ ਉਦਾਹਰਣ ਸੰਨ 1215 ਦਾ ਇੰਗਲੈਂਡ ਦਾ ਮੈਗਨਾ-ਕਾਰਟਾ ਹੈ। ਮਾਡਰਨ ਸਮੇਂ ਵਿੱਚ ਮਨੁੱਖੀ ਬਰਾਬਰੀ ਦੀ ਲਹਿਰ ਦਾ ਮੁੱਢ ਯੂ ਐੱਨ ਓ ਦੇ 1948 ਦੇ ‘ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਐਲਾਨਨਾਮੇ’ ਨਾਲ ਬੱਝਿਆ ਜੋ ਇਸ ਵਿਸ਼ੇ ਉੱਪਰ ਵਿਸ਼ਵ ਇਤਿਹਾਸ ਦਾ ਸਭ ਤੋਂ ਵੱਡਾ ਐਲਾਨਨਾਮਾ ਹੈ। ਇਸ ਕਰਕੇ ਹੀ ਅੱਜ ਖ਼ੁਦ ਯੂ ਐੱਨ ਓ, ਸਾਰੇ ਦੇਸ਼ਾਂ ਦੀਆਂ ਸਰਕਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਸਭ ਦਾ ਇੱਕ ਸਾਂਝਾ ਮੰਤਵ (ਭਾਵੇਂ ਰਸਮੀ ਹੀ ਸਹੀ) ਮਨੁੱਖੀ ਨਾ-ਬਰਾਬਰੀ ਨੂੰ ਦੂਰ ਕਰਨਾ ਹੈ। ਇਸਦੇ ਪਿਛੋਕੜ, ਕਾਰਨਾਂ ਅਤੇ ਸਮਾਧਾਨਾਂ ਬਾਰੇ ਖੋਜਾਂ, ਕਿਤਾਬਾਂ, ਲੇਖਾਂ ਅਤੇ ਪਰਚਾਰ ਦਾ ਕੋਈ ਸ਼ੁਮਾਰ ਨਹੀਂ। ਇਨ੍ਹਾਂ ਤੋਂ ਇਲਾਵਾ ਯੂ ਐੱਨ ਓ ਆਪਣੀਆਂ ਰਿਪੋਰਟਾਂ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਸਾਰੇ ਦੇਸ਼ਾਂ ਨੂੰ ਨਾ-ਬਰਾਬਰੀ ਘੱਟ ਕਰਨ ਦੀ ਵਿਸ਼ੇਸ਼ਗ ਸਲਾਹਕਾਰੀ ਪ੍ਰਦਾਨ ਕਰਦਾ ਰਹਿੰਦਾ ਹੈ। ਇਨ੍ਹਾਂ ਵਿੱਚ 17-ਨੁਕਾਤੀ ‘ਸਵੈ-ਨਿਰਭਰ ਵਿਕਾਸ ਟੀਚਿਆਂ’ (Sustainabe Deveopment Goas) ਦੇ ਪ੍ਰੋਗਰਾਮ ਦੀ ਬਹੁਤ ਮਹੱਤਤਾ ਹੈ। ਇਸ ਸਭ ਦੇ ਬਾਵਜੂਦ ਸਾਰੇ ਸੰਸਾਰ ਵਿੱਚ ਮਾਤਰਾ ਅਤੇ ਕਿਸਮਾਂ ਦੇ ਫਰਕ ਨਾਲ ਨਾ-ਬਰਾਬਰੀ ਦਾ ਪਸਾਰਾ ਵਧ ਰਿਹਾ ਹੈ ਅਤੇ ਸਾਰੇ ਇਸ ਨੂੰ ਪ੍ਰਤੱਖ ਰੂਪ ਵਿੱਚ ਦੇਖ ਵੀ ਰਹੇ ਹਨ ਅਤੇ ਵੱਧ-ਘੱਟ ਦੇ ਫਰਕ ਨਾਲ ਹੰਢਾ ਵੀ ਰਹੇ ਹਨ। ਨਾ-ਬਰਾਬਰੀ ਦੀ ਨਿਰੰਤਰਤਾ ਅਤੇ ਵਧਣ ਦੇ ਚਾਰ ਮੁੱਖ ਇਤਿਹਾਸਕ ਕਾਰਨ ਹਨ: ਰਾਜਨੀਤਕ, ਆਰਥਿਕ, ਸਮਾਜਿਕ ਅਤੇ ਲਿੰਗ ਭੇਦ-ਭਾਵ।

ਰਾਜਨੀਤਕ:

ਸੰਸਾਰ ਦੇ ਸਾਰੇ ਦੇਸ਼ਾਂ ਅਤੇ ਅੱਗੇ ਉਨ੍ਹਾਂ ਦੇ ਰਾਜਾਂ ਜਾਂ ਸੂਬਿਆਂ ਦੀਆਂ ਸਰਕਾਰਾਂ ਉੱਪਰ ਗਿਣੇ-ਚੁਣੇ ਪਰਿਵਾਰਾਂ ਦਾ ਕਬਜ਼ਾ ਚਲਿਆ ਆ ਰਿਹਾ ਹੈ ਜਿਹੜਾ ਕਿ ਪਾੜੇ ਨੂੰ ਵਧਾ ਅਤੇ ਪੱਕਾ ਕਰ ਰਿਹਾ ਹੈ। ਹੇਠਲੇ ਵਰਗਾਂ ਨੂੰ ਦਬਾ ਕੇ ਰੱਖਣ ਦੇ ਜ਼ਿੰਮੇਵਾਰ ਖ਼ੁਦ ਹੀ ਇਸ ਨਾ-ਬਰਾਬਰੀ ਨੂੰ ਖਤਮ ਕਰਨ ਦੇ ਪਖੰਡ ਕਰ ਰਹੇ ਹਨ। ਪੰਜਾਬੀ ਪਿਛੋਕੜ ਨਾਲ ਸਬੰਧਿਤ ਹਰ ਸੱਜਣ ਇਹ ਵਰਤਾਰੇ ਹੁੰਦੇ ਹਰ ਰੋਜ਼ ਦੇਖਦਾ ਵੀ ਹੈ ਅਤੇ ਹੰਢਾ ਵੀ ਰਿਹਾ ਹੈ। ਸਾਡਾ ਪੰਜਾਬ ਸਾਰੇ ਸੰਸਾਰ ਵਿੱਚ ਹੋ ਰਹੇ ਵਰਤਾਰਿਆਂ ਦੀ ਛੋਟੀ ਤਸਵੀਰ ਹੈ।

ਆਰਥਿਕ:

ਸਟੈਟਿਸਟਾ’ ਨਾਉਂ ਦੀ ਪ੍ਰਸਿੱਧ ਏਜੰਸੀ ਦੀ ਜੂਨ 2021 ਦੀ ਤਾਜ਼ਾ ਰਿਪੋਰਟ ਅਨੁਸਾਰ ਸੰਸਾਰ ਦੇ ਉੱਪਰਲੇ 1.1 ਪ੍ਰਤੀਸ਼ਤ ਅਮੀਰ ਬੰਦਿਆਂ ਕੋਲ਼ 45.8 ਪ੍ਰਤੀਸ਼ਤ ਧਨ-ਦੌਲਤ ਹੈ, ਹੇਠਲੇ 55 ਪ੍ਰਤੀਸ਼ਤ ਕੋਲ਼ ਸਿਰਫ 1.3 ਪ੍ਰਤੀਸ਼ਤ ਹੈ ਅਤੇ ਬਾਕੀ ਬਾਕੀਆਂ ਕੋਲ਼ ਹੈ। ਕੋਵਿਡ ਮਹਾਂ-ਮਾਰੀ ਦੇ ਇੱਕ ਸਾਲ ਦੇ ਥੋੜ੍ਹੇ ਸਮੇਂ ਦੌਰਾਨ ਹੀ ਚੋਟੀ ਦੇ ਅਮੀਰਾਂ ਦੀ ਧਨ-ਦੌਲਤ ਵਿੱਚ ਬੇ-ਥਾਹ ਵਾਧਾ ਹੋਇਆ ਹੈ। ਇਸਦਾ ਵੱਡਾ ਕਾਰਨ ਸਾਡੇ ਗਲਤ ਆਰਥਿਕ ਫ਼ਲਸਫ਼ੇ ਹਨ। ਪ੍ਰਚਲਿਤ ਕੈਪੀਟਿਲਿਜ਼ਮ ਦੇ ਸਿਧਾਂਤ, ਜਿਹੜਾ ਕਿ ਸਿਰਫ ਸ਼ੇਅਰ-ਧਾਰਕਾਂ ਦੇ ਹਿਤਾਂ ਨੂੰ ਹੀ ਮੁੱਖ ਰੱਖਦਾ ਹੈ, ਨੂੰ ਰੱਦ ਕਰਨਾ ਬਣਦਾ ਹੈ। ਇਸਦੀ ਜਗ੍ਹਾ ਸਾਰੀਆਂ ਧਿਰਾਂ ਅਰਥਾਤ ਸ਼ੇਅਰ-ਧਾਰਕਾਂ ਦੇ ਨਾਲ-ਨਾਲ ਕਰਮਚਾਰੀਆਂ, ਸਮਾਜ, ਵਾਤਾਵਰਣ, ਦੇਸ਼ ਅਤੇ ਮਨੁੱਖਤਾ ਦੇ ਹਿਤਾਂ ਨੂੰ ਮੁੱਖ ਰੱਖਣ ਵਾਲ਼ਾ ‘ਸਟੇਕ-ਹੋਲਡਰ ਕੈਪੀਟਿਲਿਜ਼ਮ’ ਦਾ ਸਿਧਾਂਤ ਅਪਣਾਉਣ ਦੀ ਤੁਰਤ ਜ਼ਰੂਰਤ ਹੈ।

ਸਮਾਜਿਕ:

ਲਗਭਗ ਸਭ ਦੇਸ਼ ਸਮਾਜਿਕ ਪੱਖੋਂ ਸ਼੍ਰੇਣੀਆਂ ਅਤੇ ਵਰਗਾਂ ਵਿੱਚ ਵੰਡੇ ਹੋਏ ਸਨ ਅਤੇ ਹਨ, ਜਿਸਦੀ ਸਭ ਤੋਂ ਕਰੂਰ ਉਦਾਹਰਣ ਭਾਰਤੀ ਉਪ-ਮਹਾਂਦੀਪ ਦੇ ਦੇਸ਼ਾਂ ਦੀ ਜਾਤ-ਪਾਤ ਪ੍ਰਥਾ ਹੈ। ਯੂਰਪੀ ਦੇਸ਼ ਅਤੇ ਅਮਰੀਕਾ ਵਰਗੇ ਵਿਕਸਿਤ ਖ਼ਿੱਤੇ ਵੀ ਇਸ ਤਰ੍ਹਾਂ ਦੀ ਵੰਡ ਤੋਂ ਬਚੇ ਹੋਏ ਨਹੀਂ, ਜਿਸਦਾ ਤਾਜ਼ਾ ਸਬੂਤ ਪਿਛਲੇ ਸਾਲ ਜਾਰਜ ਫਲੌਇਡ ਦੀ ਦੁਰਘਟਨਾ ਹੈ। ਭਾਰਤ ਵਿੱਚ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਗੱਲ ਹੈ। ਪੂਰੇ ਦੇਸ਼ ਦਾ ਮਾਣ ਸਾਡੀ ਹਾਕੀ ਟੀਮ ਦੀ ਮੈਂਬਰ ਵੰਦਨਾ ਕਟਾਰੀਆ ਨਾਲ ਕੁਝ ਦਿਨ ਪਹਿਲਾਂ ਹੀ ਹੋਇਆ ਦੁਰਵਿਹਾਰ ਇਸਦੀ ਤਾਜ਼ਾ ਉਦਾਹਰਣ ਹੈ। ਭਾਰਤ ਵਿੱਚ ਇਸ ਪ੍ਰਥਾ ਨੂੰ ਖਤਮ ਕਰਨ ਦੇ ਉਪਰਾਲੇ ਬਹੁਤ ਘੱਟ ਹੋਏ ਹਨ ਅਤੇ ਜੋ ਹੋਏ ਹਨ ਉਨ੍ਹਾਂ ਵਿੱਚ ਭਗਤੀ ਲਹਿਰ ਦੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਬਹੁਤ ਯੋਗਦਾਨ ਹੈ। ਇਸ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੀ ਭੂਮਿਕਾ ਸਭ ਤੋਂ ਵੱਧ ਅਤੇ ਕ੍ਰਾਂਤੀਕਾਰੀ ਰਹੀ ਹੈ ਹਾਲਾਂਕਿ ਉਹ ਆਪ ਸਮਾਜ ਦੇ ਉੱਚ ਵਰਗ ਨਾਲ ਸਬੰਧਿਤ ਸਨ ਜਦ ਕਿ ਹੋਰ ਸੁਧਾਰਕ ਖ਼ੁਦ ਨਾ-ਬਰਾਬਰੀ ਤੋਂ ਪੀੜਿਤ ਸਨ। ਅਮਰੀਕਾ ਵਿੱਚ ਡਾ. ਮਾਰਟਿਨ ਲੂਥਰ ਕਿੰਗ ਅਤੇ ਭਾਰਤ ਵਿੱਚ ਦਾਦਾ ਸਾਹਿਬ ਭੀਮ ਰਾਓ ਅੰਬੇਦਕਰ ਵਰਗੀਆਂ ਸਤਿਕਾਰ ਯੋਗ ਹਸਤੀਆਂ ਨੇ ਮਾਡਰਨ ਸਮੇਂ ਵਿੱਚ ਇਹ ਕੰਮ ਕੀਤੇ। ਇੰਨੇ-ਇੰਨੇ ਵੱਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਵੱਡੇ-ਵੱਡੇ ਦਾਨੇ ਸਮਾਜ-ਸੁਧਾਰਕਾਂ ਦੀਆਂ ਮਿਹਨਤਾਂ ਦੇ ਬਾਵਜੂਦ ਸੰਸਾਰ ਦੀ ਦਸ਼ਾ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਜੋ ਨਿਰਾਸ਼ਾਜਨਕ ਹੈ।

ਲਿੰਗ ਭੇਦ-ਭਾਵ:

ਇਹ ਨਾ-ਬਰਾਬਰੀ ਤਾਂ ਸਭ ਤੋਂ ਵੱਧ ਦਰਦਨਾਕ, ਤਰਕਹੀਣ ਅਤੇ ਬਦਕਿਸਮਤੀ ਵਾਲੀ ਅਤੇ ਵਿਸ਼ਵ-ਵਿਆਪੀ ਹੈ। ਸਾਰੇ ਦੇਸ਼ਾਂ ਅਤੇ ਸਮਾਜਾਂ ਦੀ ਜਨਤਾ ਇਨ੍ਹਾਂ ਚਾਰ ਕਾਰਨਾਂ ਕਰ ਕੇ ਹੇਠ ਤੋਂ ਉੱਪਰ ਤਕ ਤਹਿਆਂ ਜਾਂ ਵਰਗਾਂ ਵਿੱਚ ਵੰਡੀ ਹੋਈ ਹੈ। ਦੁਖਦਾਈ ਅਤੇ ਗੁੰਝਲ਼ਦਾਰ ਗੱਲ ਇਹ ਹੈ ਕਿ ਤਹਿਆਂ ਦੇ ਅੰਦਰ ਹੋਰ ਤਹਿਆਂ ਹਨ। ਸਮਾਜਿਕ ਨਾ-ਬਰਾਬਰੀ ਦੀਆਂ ਤਹਿਆਂ ਇਸ ਕਦਰ ਪੱਕੀਆਂ ਹੋ ਚੁੱਕੀਆਂ ਹਨ ਕਿ ਹੇਠਲੀ ਵਿੱਚੋਂ ਉੱਪਰ ਜਾਣਾ ਲਗਭਗ ਅਸੰਭਵ ਹੈ। ਹੇਠਲੀਆਂ ਤਹਿਆਂ ਆਪਣਾ ਜੀਵਨ ਬਹੁਤ ਤਰਸਯੋਗ ਹਾਲਾਤ ਵਿੱਚ ਜਿਉਂ ਰਹੀਆਂ ਹਨ ਅਤੇ ਉੱਪਰਲੀਆਂ ਅਥਾਹ ਐਸ਼-ਪ੍ਰਸਤੀ ਵਿੱਚ ਵੀ ਰਹਿ ਰਹੀਆਂ ਹਨ ਅਤੇ ਹੇਠਲੇ ਵਰਗਾਂ ਨੂੰ ਕੰਟ੍ਰੋਲ ਵੀ ਕਰ ਰਹੀਆਂ ਹਨ। ਇਸ ਵਾਸਤੇ ਇਹ ਚਾਣਕਿਆ ਦੇ ਸਾਮ, ਦਾਮ, ਦੰਡ ਅਤੇ ਭੇਦ ਦੇ ਚਾਰੇ ਹੱਥ-ਕੰਡੇ ਵਰਤਦੀਆਂ ਹਨ। ਇਟਲੀ ਦੇ ਕੁਖਿਆਤ ਲੇਖਕ ਮੈਕਾਵਲੀ ਨੇ ਵੀ ਜਨਤਾ ਨੂੰ ਦਬਾ ਕੇ ਰੱਖਣ ਵਾਸਤੇ ਰਾਜਿਆਂ ਅਤੇ ਹਾਕਮ-ਸ਼੍ਰੇਣੀ ਨੂੰ ਇਸ ਤਰ੍ਹਾਂ ਦੀ ਹੀ ਸਲਾਹ ਦਿੱਤੀ ਸੀ:

ਅਸਲ ਵਿੱਚ ਤਾਂ ਜਨਤਾ ਦੇ ਮਨਾਂ ਅੰਦਰ ਡਰ ਅਤੇ ਸਤਿਕਾਰ ਦੋਵੇਂ ਪੈਦਾ ਕਰ ਕੇ ਰੱਖੋ ਪਰ ਜੇ ਦੋਨੇ ਢੰਗ ਇਕੱਠੇ ਨਹੀਂ ਵਰਤ ਸਕਦੇ ਤਾਂ ਸਤਿਕਾਰ ਦੀ ਬਜਾਇ ਡਰ ਪੈਦਾ ਕਰ ਕੇ ਰੱਖਣਾ ਜ਼ਿਆਦਾ ਅਸਰਦਾਰ ਹੁੰਦਾ ਹੈ।”

ਇਹ ਨੀਤੀਆਂ ਵਰਤ ਕੇ ਉੱਪਰਲੇ ਵਰਗ ਹੇਠਲਿਆਂ ਨੂੰ ਅਧੀਨਗੀ ਵਿੱਚ ਰੱਖ ਕੇ, ਨਾ-ਬਰਾਬਰੀ ਨੂੰ ਬਰਕਰਾਰ ਰੱਖਦੇ ਹਨ। ਇਹ ਸਭ ਕਰਨਾ ਉਹ ਆਪਣੀ ਸਿਆਣਪ ਅਤੇ ਆਪਣਾ ਹੱਕ ਸਮਝਦੇ ਹਨ, ਅਤੇ ਇਸ ਨੂੰ ਜਨਤਕ ਤੌਰ ’ਤੇ ਮੰਨਣ ਤੋਂ ਝਿਜਕ ਨਹੀਂ ਕਰਦੇ। ਇਹ ਤਾਕਤਾਂ ਕਿਸੇ ਵੀ ਕਿਸਮ ਦੇ ਸਾਰਥਿਕ ਪਰਿਵਰਤਨ ਨੂੰ ਰੋਕਣ ਵਾਸਤੇ ਉੱਪਰ ਬਿਆਨਿਆ ਹਰ ਢੰਗ ਵਰਤਦੀਆਂ ਰਹਿੰਦੀਆਂ ਹਨ। ਇਸੇ ਕਰ ਕੇ ਨਾ-ਬਰਾਬਰੀ ਦੇ ਕਾਰਨ ਘਟਣ ਦੀ ਬਜਾਇ, ਯੂ ਐੱਨ ਓ ਦੀ ਰਿਪੋਰਟ ਅਨੁਸਾਰ, ਵਧ ਰਹੇ ਹਨ। ਵਧੇ ਹੋਏ ਇਨ੍ਹਾਂ ਕਾਰਨਾਂ ਵਿੱਚੋਂ ਰਿਪੋਰਟ ਵਿੱਚ ਹੇਠਲੇ ਚਾਰਾਂ ਦੇ ਪ੍ਰਭਾਵਾਂ ਨੂੰ ਇਸਦਾ ਥੀਮ ਬਣਾਇਆ ਗਿਆ ਹੈ:

ਬੇ-ਲੋੜੀਆਂ ਅਤੇ ਬੇ-ਲਗਾਮ ਤਕਨੀਕੀ, ਖਾਸ ਕਰ ਕੇ ਕੰਪਿਊਟਰ-ਸਬੰਧਿਤ, ਖੋਜਾਂ:

ਡਾ. ਯੂਵਲ ਹਰਾਰੀ ਅਨੁਸਾਰ ਮਨੁੱਖਤਾ ਵਾਸਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਵਾਤਾਵਰਣ ਪਰਿਵਰਤਨ ਤੋਂ ਤੀਜੇ ਨੰਬਰ ’ਤੇ ਸਭ ਤੋਂ ਖਤਰਨਾਕ ਗੱਲਾਂ ਕੰਪਿਊਟਰ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ, ਇਨਫੋਟੈੱਕ, ਬਾਇਓਟੈੱਕ ਅਤੇ ਬਿੱਗ ਡੈਟਾ ਦੇ ਖੇਤਰਾਂ ਵਿੱਚ ਹੋ ਰਹੀਆਂ ਬੇ-ਲੋੜੀਆਂ ਅਤੇ ਬੇ-ਲਗਾਮ ਖੋਜਾਂ ਹਨ। ਬੇ-ਲਗਾਮ ਇਸ ਕਰ ਕੇ ਕਿ ਇਨ੍ਹਾਂ ਖੇਤਰਾਂ ਵਿੱਚ ਹੋ ਰਹੀਆਂ ਖੋਜਾਂ, ਵਰਤੋਂ ਅਤੇ ਵਪਾਰ ਤੇ ਸਰਕਾਰਾਂ ਵੱਲੋਂ ਕੋਈ ਨਿਗਰਾਨੀ ਸੰਭਵ ਹੀ ਨਹੀਂ। ਪੈਗਾਸਸ ਵਰਗਾ ਵਰਤਾਰਾ ਤਾਂ ਇਨ੍ਹਾਂ ਖੋਜਾਂ ਦੀ ਦੁਰਵਰਤੋਂ ਦਾ ਇੱਕ ਨਮੂਨਾ ਹੈ। ਮਿ. ਹਰਾਰੀ ਨੂੰ ਖਦਸ਼ਾ ਹੈ ਕਿ ਭਵਿੱਖ ਵਿੱਚ ਸਮਾਜ ਦੀਆਂ ਸਿਰਫ ਦੋ ਤਹਿਆਂ ਰਹਿ ਜਾਣਗੀਆਂ; ਕੰਪਿਊਟਰਾਂ, ਡਰੋਨਾਂ ਅਤੇ ਰੋਬੋਟਾਂ ਰਾਹੀਂ ਸੰਸਾਰ ਦੀ ਹਰ ਗਤੀ-ਵਿਧੀ ਨੂੰ ਚਲਾਉਣ ਅਤੇ ਕੰਟਰੋਲ ਕਰਨ ਵਾਲ਼ਾ ਵਰਗ ਅਤੇ ਮਸ਼ੀਨਾਂ ਦੀ ਤਰ੍ਹਾਂ ਕੰਮ ਕਰਨ ਵਾਲ਼ੇ ਜੰਤਰ-ਨੁਮਾ ਇਨਸਾਨਾਂ ਦਾ ਵਰਗ।

ਵਾਤਾਵਰਣ ਪਰਿਵਰਤਨ:

ਇਸਦਾ ਬੁਰਾ ਅਸਰ ਸਮਾਜ ਦੀਆਂ ਹੇਠਲੀਆਂ ਤਹਿਆਂ ਦੇ ਇਨਸਾਨਾਂ ’ਤੇ ਪੈਣਾ ਸ਼ੁਰੂ ਵੀ ਹੋ ਚੁੱਕਿਆ ਹੈ। ਸਾਰੇ ਸੰਸਾਰ ਨੂੰ ਝੰਜੋੜ ਦੇਣ ਵਾਲੀ ਅੰਤਰ-ਸਰਕਾਰੀ ਪੈਨਲ ਦੀ ਵਾਤਾਵਰਣ ਪਰਿਵਰਤਨ ਦੀ 9 ਅਗਸਤ, 2021 ਦੀ ਰਿਪੋਰਟ ਨੂੰ ‘ਰੈੱਡ ਅਲਰਟ ਨੋਟਿਸ’ ਗਰਦਾਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਰਿਵਰਤਨ ਨਾਲ ਹੋ ਰਹੇ ਨੁਕਸਾਨ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਇਹ ਪਰਿਵਰਤਨ ਨਾ-ਬਰਾਬਰੀ ਨੂੰ ਹੋਰ ਵਧਾਏਗਾ। ਅੱਜ ਸਾਡੀ ਮਾਡਰਨ ਜੀਵਨ-ਸ਼ੈਲੀ ਦੀ ਛੋਟੀ ਤੋਂ ਛੋਟੀ ਕਾਰਵਾਈ ਵੀ ਗਰੀਨ-ਹਾਊਸ ਗੈਸਾਂ ਰਾਹੀਂ ਵਾਤਾਵਰਣ ਦੇ ਪ੍ਰਦੂਸ਼ਨ ਵਿੱਚ ਵਾਧਾ ਕਰ ਰਹੀ ਹੈ; ਇਹ ਭਾਵੇਂ ਸੁਬ੍ਹਾ ਦੀਆਂ ਵਾਸ਼ਰੂਮ ਦੀਆਂ ਕਾਰਵਾਈਆਂ ਹੋਣ, ਨਾਸ਼ਤਾ ਬਣਾਉਣ-ਖਾਣ ਦੀਆਂ ਹੋਣ ਜਾਂ ਦਫਤਰ ਜਾਣ-ਆਉਣ ਦੀਆਂ ਹੀ ਕਿਉਂ ਨਾ ਹੋਣ। ਸਿਆਣੇ ਤਾਂ ਇੱਥੋਂ ਤਕ ਕਹਿਣ ਲੱਗ ਗਏ ਹਨ ਕਿ ਅੱਜ ਦੇ ਇਨਸਾਨ ਵੱਲੋਂ ਪੀਤੀ ਪਾਣੀ ਦਾ ਹਰ ਵਾਧੂ ਘੁੱਟ, ਖਾਧੀ ਹਰ ਵਾਧੂ ਬੁਰਕੀ ਅਤੇ ਤਨ ’ਤੇ ਪਾਇਆ ਹਰ ਵਾਧੂ ਕੱਪੜਾ, ਉਹ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਤੋਂ ਖੋਹ ਰਿਹਾ ਹੈ।

ਸ਼ਹਿਰੀਕਰਨ ਅਤੇ ਪਰਵਾਸ.

ਇਹ ਦੋਨੇ ਵਰਤਾਰਿਆਂ ਦੀ ਮਾਰ ਹੇਠ ਵੀ ਹੇਠਲੀਆਂ ਤਹਿਆਂ ਦੇ ਵਰਗ ਆਉਣਗੇ।

ਨਾ-ਬਰਾਬਰੀ ਨੂੰ ਮਨੁੱਖੀ ਸੁਭਾਅ, ਇਤਿਹਾਸ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਸੁਰੱਖਿਅਤ ਜੀਵਨ ਦੇ ਪਰਿਪੇਖ ਤੋਂ ਸੋਚ-ਵਿਚਾਰ ਕੇ ਹੀ ਅਸੀਂ ਇਸਦੀ ਪਕੜ ਨੂੰ ਘਟਾਉਣ ਵਾਸਤੇ ਕੁੜੱਤਣ-ਰਹਿਤ, ਨਫ਼ਰਤ-ਰਹਿਤ ਅਤੇ ਸਾਂਝੇ ਉਪਰਾਲੇ ਕਰ ਸਕਦੇ ਹਾਂ। ਸੰਸਾਰ ਵਿੱਚ ਅਨੇਕਾਂ ਇਨਸਾਨ ਹਨ ਜੋ ਸਾਰਥਿਕ ਬੁੱਧ-ਵਿਵੇਕ ਦੇ ਮਾਲਿਕ ਹਨ, ਹਰ ਕਿਸਮ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਅਨੁਸਾਰੀ ਹਨ ਅਤੇ ਨਾ-ਬਰਾਬਰੀ ਨੂੰ ਖਤਮ ਜਾਂ ਘੱਟੋ-ਘੱਟ ਇਸਦੀ ਚਾਲ ਨੂੰ ਮੱਠੀ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬਣਨ ਵਾਸਤੇ ਕਿਸੇ ਦੇਸ਼, ਵਰਗ, ਧਰਮ ਦਾ ਹੋਣਾ ਜਾਂ ਰਸਮੀ ਤਰੀਕੇ ਨਾਲ ਕਿਸੇ ਅਲੌਕਿਕ ਸ਼ਕਤੀ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਨਹੀਂ। ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਸਾਰੇ ਨਾਗਰਿਕਾਂ ਨੂੰ ਜੋ ਕਰਨਾ ਚਾਹੀਦਾ ਹੈ, ਉਹ ਚਿੱਟੇ ਦਿਨ ਵਾਗ ਸਪਸ਼ਟ ਹੈ। ਹਰ ਇੱਕ ਨੂੰ ਆਪਣੇ ਜੀਵਨ ਦਾ ਕਾਇਆ-ਕਲਪ ਕਰਨਾ ਪਵੇਗਾ ਅਤੇ ਇਸ ਵਾਸਤੇ ਸਭ ਨੂੰ ਅਨੇਕਾਂ ਵੱਡੀਆਂ-ਛੋਟੀਆਂ ਕੁਰਬਾਨੀਆਂ ਦੀ ਲੋੜ ਹੈ। ਮਾਣਯੋਗ ਸਕੱਤਰ-ਜਨਰਲ ਦੇ ਸ਼ਬਦਾਂ ਵਿੱਚ:

ਜੇ ਆਪਾਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਹੀ ਇਸ ਭਿਆਨਕ ਤਬਾਹੀ ਤੋਂ ਬਚ ਸਕਦੇ ਹਾਂ। ਪਰ ਜਿਵੇਂ ਕਿ ਪੈਨਲ ਦੀ ਰਿਪੋਰਟ ਤੋਂ ਸਪਸ਼ਟ ਹੈ ਕਿ ਸਾਡੇ ਕੋਲ਼ ਕਿਸੇ ਕਿਸਮ ਦੀ ਦੇਰੀ, ਕੁਤਾਹੀ ਜਾਂ ਬਹਾਨੇ ਦੀ ਕੋਈ ਗੁੰਜਾਇਸ਼ ਨਹੀਂ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2973)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com





More articles from this author