IsherSinghEng7ਨਿਰਸੰਦੇਹ ਨਿਯੰਤਰਣ ਸਰਕਾਰਾਂ ਦਾ ਫਰਜ਼ ਹੈਫਿਰ ਵੀ ਇਸ ਵਿਆਪਕ ਸਮੱਸਿਆ ਬਾਰੇ ਸਾਡਾ ...
(15 ਨਵੰਬਰ 2021)

 

ਹਾਲ ਹੀ ਵਿੱਚ ਵਾਪਰੀਆਂ ਤਕਨਾਲੋਜੀ ਨਾਲ ਸਬੰਧਿਤ ਅਤੇ ਵਿਸ਼ਵ ਪੱਧਰ ਦੀਆਂ ਚਾਰ ਘਟਨਾਵਾਂ ਤੋਂ ਗੱਲ ਸ਼ੁਰੂ ਕਰਦੇ ਹਾਂ। ਅਪਰੈਲ, 2021 ਵਿੱਚ ਚੀਨ ਨੇ ਦੇਸ਼ ਦੀ ਦੂਜੀ ਵੱਡੀ ਟੈੱਕ ਕੰਪਨੀ ਅਲੀਬਾਬਾ ਨੂੰ 21, 000 ਕਰੋੜ ਰੁਪਏ (ਭਾਰਤ) ਦੇ ਬਰਾਬਰ ਅਤੇ ਖਾਣ ਦੀ ਇੱਕ ਕੰਪਨੀ ਮੀਚੂਆਨ ਨੂੰ 4, 000 ਕਰੋੜ ਰੁਪਏ ਦਾ ਜਰਮਾਨਾ ਕੀਤਾ।

ਜੂਨ ਵਿੱਚ ਫੇਸਬੁੱਕ ਵਿਰੁੱਧ ਅਮਰੀਕਾ ਦੀ ਫੈਡਰਲ ਸਰਕਾਰ ਅਤੇ 45 ਰਾਜਾਂ ਵੱਲੋਂ ਰਲ਼ ਕੇ ਕੀਤਾ ਕੇਸ ਅਦਾਲਤ ਨੇ ਖ਼ਾਰਜ ਕੀਤਾ। ਇਸ ਨਾਲ ਕੰਪਨੀ ਨੂੰ 38, 250 ਕਰੋੜ ਰੁਪਏ ਦਾ ਲਾਭ ਹੋਇਆ।

ਜੁਲਾਈ ਵਿੱਚ ਅਮਰੀਕਾ ਦੀ ਜੋਅ ਬਾਈਡਨ ਸਰਕਾਰ ਨੇ ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਨਿਯੰਤਰਣ ਕਰਨ ਲਈ ਸਖ਼ਤ ਅਤੇ ਬਹੁ-ਪੱਖੀ ਕਾਨੂੰਨ ਬਣਾਏ।

ਅਕਤੂਬਰ ਵਿੱਚ ਫ੍ਰਾਂਸਿਸ ਹਿਉਗਨ ਨਾਂ ਦੀ ਇੱਕ ਦਲੇਰ ਅਮਰੀਕਨ ਬੀਬੀ ਨੇ ਫੇਸਬੁੱਕ ਅੰਦਰ ਚੱਲ ਰਹੀਆਂ ਪਬਲਿਕ ਅਤੇ ਸਰਕਾਰ ਵਿਰੋਧੀ ਕਾਰਵਾਈਆਂ ਦਾ ਪਰਦਾ ਫਾਸ਼ ਕੀਤਾ। ਇਨ੍ਹਾਂ ਕਰ ਕੇ ਫੇਸਬੁੱਕ ਦਾ ਨਾਉਂ ਬਦਲ ਕੇ ‘ਮੈਟਾ’ ਕਰ ਦਿੱਤਾ ਗਿਆ ਹੈ

ਉਪਰੋਕਤ ਘਟਨਾਵਾਂ ਤੋਂ ਅੱਜ ਦੀਆਂ ਤਕਨਾਲੋਜੀਕਲ ਕੰਪਨੀਆਂ ‘ਬਿੱਗ ਟੈੱਕ’ ਦੀ ਅਸੀਮ ਮਾਇਕ ਸਮਰੱਥਾ, ਕਾਨੂੰਨੀ ਪਹੁੰਚ ਅਤੇ ਸਰਕਾਰਾਂ ਨਾਲ ਟੱਕਰ ਲੈਣ ਦੀ ਜੁਰਅਤ ਦਾ ਪਤਾ ਲੱਗ ਜਾਂਦਾ ਹੈ। ਪਰ ਨਾਲ ਹੀ ਦੇਸ਼ਾਂ ਦੀਆਂ ਸਰਕਾਰਾਂ ਦੀ ਇਨ੍ਹਾਂ ਨੂੰ ਨਿਯੰਤਰਤ ਕਰਨ ਦੀ ਪ੍ਰਤੀਬੱਧਤਾ ਅਤੇ ਇਸ ਵਾਸਤੇ ਕੀਤੀਆਂ ਜਾ ਰਹੀਆਂ ਪੁਰ-ਜ਼ੋਰ ਕੋਸ਼ਿਸ਼ਾਂ ਦਾ ਵੀ ਗਿਆਨ ਹੋ ਜਾਂਦਾ ਹੈ। ਇਹ ਵੀ ਸਪਸ਼ਟ ਹੈ ਕਿ ਇਨ੍ਹਾਂ ਨੂੰ ਨਿਯੰਤਰਤ ਕਰਨ ਲਈ ਬਣਾਇਆ ਹਰ ਸਰਕਾਰੀ ਕਾਨੂੰਨ ਕੰਪਨੀਆਂ ਵੱਲੋਂ ਮਹਿੰਗੇ ਵਕੀਲਾਂ ਰਾਹੀਂ ਵੱਡੀਆਂ ਅਦਾਲਤਾਂ ਤਕ ਲੜਿਆ ਅਤੇ ਰੱਦ ਕਰਵਾ ਦਿੱਤਾ ਜਾਂਦਾ ਹੈ। ਫਿਰ ਵੀ ਸੁਹਿਰਦ ਜਾਣਕਾਰ ਇਨ੍ਹਾਂ ਦੀ ਅੰਦਰੂਨੀ ਕਾਰਜ-ਸ਼ੈਲੀ ਨੂੰ ਜੱਗ-ਜ਼ਾਹਿਰ ਕਰਨ ਦੀ ਦਲੇਰੀ ਕਰ ਰਹੇ ਹਨ।

ਇਹ ਕੰਪਨੀਆਂ ਨਾ ਸਿਰਫ ਬੇਥਾਹ ਅਮੀਰ ਹੀ ਹੋ ਰਹੀਆਂ ਹਨ ਸਗੋਂ ਸਰਕਾਰੀ ਕਾਨੂੰਨਾਂ, ਸਮਾਜਿਕ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਦੀਆਂ ਸੀਮਾਵਾਂ ਵੀ ਉਲੰਘ ਰਹੀਆਂ ਹਨ। ਸਵੈ-ਨਿਯੰਤਰਣ ਦੇ ਪਖੰਡ/ਪਰਦੇ ਓਹਲੇ ਬੇਲਗਾਮ ਹੋਈਆਂ ਇਨ੍ਹਾਂ ਕੰਪਨੀਆਂ ਦਾ ਮੁੱਖ ਨਿਸ਼ਾਨਾ ਮੁਨਾਫ਼ਾਖ਼ੋਰੀ ਹੈ ਅਤੇ ਇਸ ਮੰਤਵ ਲਈ ਇਹ ਖਪਤਕਾਰਾਂ ਨੂੰ ਬੇ-ਕਿਰਕ ਹੋ ਕੇ ਗੁਮਰਾਹ ਕਰ ਰਹੀਆਂ ਹਨ। ਇਹ ਵਿਚੋਲਗਿਰੀਆਂ ਰਾਹੀਂ ਸਰਕਾਰਾਂ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾ ਰਹੀਆਂ ਹਨ ਕਿਉਂਕਿ ਇਹ ਆਪੋ-ਆਪਣੇ ਖੇਤਰ ਦੀਆਂ ਇਜਾਰੇਦਾਰ ਹਨ ਜੋ ਕਿਸੇ ਨਵੀਂ ਜਾਂ ਛੋਟੀ ਕੰਪਨੀ ਨੂੰ ਪਨਪਣ ਨਹੀਂ ਦਿੰਦੀਆਂ। ਅੱਜ ਦਾ ਕੋਈ ਵੀ ਇਨਸਾਨ ਭਾਵੇਂ ਉਹ ਕਿੰਨਾ ਵੀ ਪੜ੍ਹਿਆ-ਲਿਖਿਆ ਅਤੇ ਬੁੱਧੀਮਾਨ ਕਿਉਂ ਨਾ ਹੋਵੇ, ਇਨ੍ਹਾਂ ਵੱਲੋਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਪਰ ਬੇਲੋੜੀਆਂ ਖੋਜਾਂ ਬਾਰੇ ਸਹੀ ਗਿਆਨ ਨਹੀਂ ਰੱਖ ਸਕਦਾ, ਕਿਉਂਕਿ ਇਹ ਸ਼ਾਤਰ ਕਿਸਮ ਦੇ ਬੁੱਧੀਮਾਨ-ਗਰੁੱਪਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਸੋਸ਼ਲ ਮੀਡੀਆ ਰਾਹੀਂ ਸੰਸਾਰ ਭਰ ਦੇ ਇਨਸਾਨ ਆਪਸ ਵਿੱਚ ਜਾਣਕਾਰੀ, ਵਿਚਾਰ, ਗੱਪ-ਸ਼ੱਪ ਜਾਂ ਹੋਰ ਅਨੇਕਾਂ ਕਿਸਮਾਂ ਦੀਆਂ ਮਨ-ਮਰਜ਼ੀ ਦੀਆਂ ਗੱਲਾਂ, ਫੋਟੋਆਂ ਜਾਂ ਵੀਡੀਓ ਅਦਾਨ-ਪ੍ਰਦਾਨ ਕਰ ਸਕਦੇ ਹਨ। ਇਸ ਢੰਗ ਨਾਲ ਇਹ ਕੰਪਨੀਆਂ ਜਾਣ-ਬੁੱਝ ਕੇ, ਹਿੰਸਕ ਅਤੇ ਅਸ਼ਲੀਲ ਗੱਲਾਂ ਨੂੰ ਬਗੈਰ ਕਿਸੇ ਰੋਕ-ਟੋਕ ਦੇ ਪ੍ਰਸਾਰਿਤ ਕਰਨ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਨੇ ਇਸ ਤਰ੍ਹਾਂ ਦੀਆਂ ਤਕਨੀਕਾਂ ਬਣਾ ਰੱਖੀਆਂ ਹਨ ਜਿਹੜੀਆਂ ਕਿ ਵਰਤਣ ਵਾਲਿਆਂ ਦੇ ਮਨੋਭਾਵਾਂ ਤਕ ਨੂੰ ਜਾਣ ਸਕਦੀਆਂ ਹਨ ਅਤੇ ਇਨ੍ਹਾਂ ਦਾ ਨਜਾਇਜ਼ ਫਾਇਦਾ ਉਠਾ ਰਹੀਆਂ ਹਨ। ਇਸੇ ਤਰ੍ਹਾਂ ਆਰਟੀਫੀਸ਼ਲ ਇੰਟੈਲੀਜੈਂਸ ਇਕੱਲਾ ਸਾਡੀਆਂ ਜੌਬਾਂ ਦਾ ਖਾਤਮਾ ਕਰ ਕੇ ਸਾਨੂੰ ਬੇਰੁਜ਼ਗਾਰ ਹੀ ਨਹੀਂ ਕਰੇਗੀ ਬਲਕਿ ਇਹ ਸਾਡੇ ਜੀਵਨ ਨੂੰ ਅਰਥਹੀਣ ਬਣਾ ਕੇ ਸਾਨੂੰ ਧਰਤੀ ’ਤੇ ਬੋਝ ਬਣਾ ਦੇਵੇਗੀ। ਇਹ ਕੰਪਿਊਟਰ ਸਾਇੰਸ, ਜਿਹੜੀ ਸਮੁੱਚੀ ਤਕਨਾਲੋਜੀ ਦਾ ਧੁਰਾ ਹੈ, ਦੇ ਅਨੇਕਾਂ ਵਿੱਚੋਂ ਸਿਰਫ ਦੋ ਮੰਦੇ ਅਸਰ ਹਨ।

ਅੱਜ ਤਕਨਾਲੋਜੀ ਦੇ ਹੋਰ ਕਿਸੇ ਵੀ ਅੰਗ ਦਾ ਵਿਕਾਸ ਨਹੀਂ ਹੋ ਰਿਹਾ ਸਿਰਫ ਇਨ੍ਹਾਂ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਇਸ ਸਿਸਟਮ ਨੇ ਉਪਭੋਗਤਾਵਾਦ ਅਤੇ ਪੂੰਜੀਵਾਦ ਦੇ ਗ਼ਲਬੇ ਹੇਠ ਧਰਤੀ ਦੇ ਸਭ ਕੁਦਰਤੀ ਸ੍ਰੋਤਾਂ ਦਾ ਪੂਰੀ ਬੇਸ਼ਰਮੀ ਨਾਲ ਦੁਰਉਪਯੋਗ ਕੀਤਾ ਹੈ। ਗਲਾਸਗੋ ਦੀ ਸੀ. ਓ. ਪੀ. 26 ਕਾਨਫਰੰਸ ਵਿੱਚ ਸੰਸਾਰ ਭਰ ਦੇ ਚੋਟੀ ਦੇ ਲੀਡਰਾਂ ਵੱਲੋਂ ਇਸ ਬਾਰੇ ਪ੍ਰਗਟਾਈ ਡੂੰਘੀ ਚਿੰਤਾ ਇਸ ਉਜਾੜੇ ਦਾ ਪ੍ਰਤੱਖ ਸਬੂਤ ਹੈ। ਇਸਦੀਆਂ ਖੋਜਾਂ ਦੀ ਅੰਧਾਧੁੰਦ ਵਰਤੋਂ ਨਾਲ ਹੋ ਰਹੇ ਨੁਕਸਾਨ ਦਾ ਨਾ ਪਤਾ ਲਗਦਾ ਹੈ ਅਤੇ ਨਾ ਹੀ ਇਸਦਾ ਦਾ ਜਾਇਜ਼ਾ ਲਿਆ ਜਾ ਸਕਦਾ ਹੈ। ਇਹ ਇਨਸਾਨ ਨੂੰ ਇਨਸਾਨ ਤੋਂ ਤਾਂ ਦੂਰ ਕਰ ਹੀ ਰਹੀਆਂ ਹਨ, ਬਲਕਿ ਇਨਸਾਨ ਨੂੰ ਆਪਣੇ-ਆਪ ਤੋਂ ਵੀ ਦੂਰ ਕਰ ਰਹੀਆਂ ਹਨ। ਸਾਡੀਆਂ ਸ਼ਖਸੀਅਤਾਂ, ਧਾਰਨਾਵਾਂ ਅਤੇ ਸੋਚਣੀਆਂ ਉਹ ਨਹੀਂ ਜੋ ਅਸੀਂ ਆਪ ਬਣਾਉਣੀਆਂ ਚਾਹੁੰਦੇ ਹਾਂ ਜਾਂ ਸਾਡੇ ਮਾਤਾ-ਪਿਤਾ ਅਤੇ ਟੀਚਰ-ਪ੍ਰੋਫੈਸਰ ਬਣਾਉਣੀਆਂ ਚਾਹੁੰਦੇ ਹਨ ਬਲਕਿ ਉਹ ਹਨ ਜੋ ਤਕਨਾਲੋਜੀ ’ਤੇ ਕਾਬਜ਼ ਗਰੁੱਪ ਬਣਾ ਰਹੇ ਹਨ। ਅੱਜ ਮਾਪੇ, ਵਿੱਦਿਅਕ ਮਾਹਰ, ਮਨੋ-ਵਿਗਿਆਨੀ ਅਤੇ ਡਾਕਟਰ ਇਨ੍ਹਾਂ ਗੱਲਾਂ ਦਾ, ਬੱਚਿਆਂ ਸਣੇ ਸਭ ਦੇ ਭਵਿੱਖ ’ਤੇ ਪੈ ਰਹੇ ਮਾਰੂ ਅਸਰਾਂ ਤੋਂ ਬਹੁਤ ਚਿੰਤਤ ਹਨ। ਇਸ ਨੇ ਮਨੁੱਖ ਦਾ ਧਿਆਨ ਸੰਸਾਰ ਅੱਗੇ ਦਰਪੇਸ਼ ਅਸਲ ਸਮੱਸਿਆਵਾਂ ਜਿਵੇਂ ਕਿ ਨਾ-ਬਰਾਬਰੀ, ਭੁੱਖ-ਮਰੀ ਆਦਿ ਤੋਂ ਹਟਾ ਕੇ ਅਣ-ਹੋਈਆਂ ਸਮੱਸਿਆਵਾਂ ਵਲ ਕਰ ਦਿੱਤਾ ਹੈ।

ਪ੍ਰਸਿੱਧ ਫ਼ਿਲਾਸਫ਼ਰ-ਇਤਿਹਾਸਕਾਰ ਅਤੇ ਤਿੰਨ ‘ਬੈੱਸਟ-ਸੈਲਰ’ ਕਿਤਾਬਾਂ ਦੇ ਲੇਖਕ ਡਾ. ਯੂਵਲ ਹਰਾਰੀ ਅਨੁਸਾਰ ਅੱਜ ਮਨੁੱਖਤਾ ਨੂੰ ਦਰ-ਪੇਸ਼ ਸਭ ਤੋਂ ਭਿਆਨਕ ਤਿੰਨ ਸਮੱਸਿਆਵਾਂ ਹਨ: ਨਿਊਕਲਾਈ ਯੁੱਧ, ਪਰਿਆਵਰਨਕ ਤਬਾਹੀ (ਵਾਤਾਵਰਣ ਪਰਿਵਰਤਨ ਤਾਂ ਇਸਦਾ ਸਿਰਫ ਇੱਕ ਹਿੱਸਾ ਹੈ) ਅਤੇ ਤਕਨਾਲੋਜੀਕਲ ਉਥਲ-ਪੁਥਲ। ਅੱਜ ਦੀ ਬੇ-ਲਗਾਮ ਤਕਨਾਲੋਜੀ ਨੇ ਇਨ੍ਹਾਂ ਤਿੰਨਾਂ ਸਮੱਸਿਆਵਾਂ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ।

ਇਨ੍ਹਾਂ ਹਾਲਾਤ ਨੇ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਇਹ ਮਨੁੱਖ ਵਾਸਤੇ ਉਪਯੋਗੀ ਹੈ ਜਾਂ ਹਾਨੀਕਾਰਕ? ਇਸਦਾ ਜਵਾਬ ਲੱਭਣ ਵਾਸਤੇ ਇਸਦੀ ਭੂਮਿਕਾ ਅਤੇ ਸੰਖੇਪ ਇਤਿਹਾਸ ਉੱਤੇ ਨਜ਼ਰਸਾਨੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਸਦਾ ਇਤਿਹਾਸ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਵਿਸ਼ਿਆਂ ਦੇ ਸਾਡੇ ਰਸਮੀ ਇਤਿਹਾਸ ਤੋਂ ਅੱਡ ਕਿਸਮ ਦਾ ਹੈ। ਆਮ ਧਾਰਨਾ ਹੈ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ ਅਤੇ ਅਸੀਂ ਇਸ ਤੋਂ ਸੇਧ ਲੈ ਸਕਦੇ ਹਾਂ। ਪਰ ਤਕਨਾਲੋਜੀ ਦਾ ਇਤਿਹਾਸ ਆਪਣੇ-ਆਪ ਨੂੰ ਦੁਹਰਾ ਨਹੀਂ ਸਕਦਾ; ਹਰ ਕਾਢ ਜਾਂ ਜੁਗਤ ਅੱਗੇ ਤੋਂ ਅੱਗੇ ਵਿਕਸਤ ਹੁੰਦੀ ਰਹਿੰਦੀ ਹੈ ਜਾਂ ਸਮਾਂ ਪਾ ਕੇ ਬੇ-ਲੋੜੀ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਸ ਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖ ਸਕਦੇ। ਇਸ ਰਾਹੀਂ ਪੈਦਾ ਹੋਈ ਹਰ ਸਮੱਸਿਆ ਨਵੀਂ ਕਿਸਮ ਦੀ ਹੁੰਦੀ ਹੈ ਜਿਸਦੇ ਹੱਲ ਵਾਸਤੇ ਨਵੀਂ ਕਾਢ ਜਾਂ ਜੁਗਤ ਦੀ ਲੋੜ ਹੁੰਦੀ ਹੈ।

ਮਨੁੱਖ ਨੂੰ ਆਦਿ ਕਾਲ ਤੋਂ ਹੀ ਆਪਣੀਆਂ ਲੋੜਾਂ ਮੁਤਾਬਿਕ ਨਵੀਆਂ ਕਾਢਾਂ ਕੱਢਣ ਦੀ ਜ਼ਰੂਰਤ ਪੈਂਦੀ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਵਰਤ ਕੇ ਅਸੀਂ ਕਿਸੇ ਹਾਸਲ ਵਸਤੂ ਨੂੰ ਲੋੜੀਂਦੀ ਵਸਤੂ ਵਿੱਚ ਬਦਲ ਸਕਦੇ ਹਾਂ ਜਿਵੇਂ ਕਿ ਅਨਾਜ ਤੋਂ ਰੋਟੀ, ਕਪਾਹ ਤੋਂ ਪਹਿਨਣ-ਯੋਗ ਵਸਤਰ ਅਤੇ ਕੱਲ ਤੋਂ ਬਿਜਲੀ ਬਣਾਉਣ ਵਾਸਤੇ ਬਦਲਾਓ ਦੀ ਕਾਰਵਾਈ ਦੀ ਲੋੜ ਹੈ। ਕਾਢ ਕਿਸੇ ਵੀ ਐਸੇ ਨਵੇਂ ਸੰਦ, ਔਜ਼ਾਰ, ਜੰਤਰ ਜਾਂ ਵਸਤੂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਮਨੁੱਖ ਨੇ ਆਪਣੇ ਗਿਆਨ ਅਤੇ ਹੁਨਰ ਨਾਲ ਆਪ ਬਣਾਇਆ ਹੋਵੇ। ਜਾਂ ਇਹ ਕੋਈ ਐਸੀ ਨਵੀਂ ਵਿਚਾਰਧਾਰਾ, ਜੁਗਤ ਜਾਂ ਤਕਨੀਕ ਵੀ ਹੋ ਸਕਦੀ ਹੈ ਜੋ ਉਸ ਵੱਲੋਂ ਸੋਚੀ ਗਈ ਹੋਵੇ। ਇਸ ਤਰ੍ਹਾਂ ਦੀਆਂ ਕਾਢਾਂ ਕੱਢਣ, ਇਨ੍ਹਾਂ ਨੂੰ ਵਰਤਣ ਦੇ ਹੁਨਰ ਜਾਂ ਸੋਚ-ਵਿਚਾਰ ਕਰਨ ਦੀਆਂ ਯੋਗਤਾਵਾਂ ਨੂੰ ਹੀ ਅਸੀਂ ‘ਤਕਨਾਲੋਜੀ’ ਕਹਿੰਦੇ ਹਾਂ। ਇਸ ਨੂੰ ਵਿਕਸਤ ਕਰਨ ਅਤੇ ਵਰਤਣ ਦੀ ਪ੍ਰਤਿਭਾ ਸਿਰਫ ਮਨੁੱਖ ਵਿੱਚ ਹੀ ਹੈ ਅਤੇ ਉਸ ਦੀ ਹੋਂਦ ਕਾਇਮ ਰੱਖਣ ਅਤੇ ਤਰੱਕੀ ਵਿੱਚ ਇਸਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਤਕਨਾਲੋਜੀ ਦਾ ਮਹੱਤਵ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੂਰਵ-ਇਤਿਹਾਸਕ ਸਮੇਂ ਦੀ ਵੰਡ ਇਸਦੇ ਵਿਕਾਸ ਵਾਸਤੇ ਵਰਤੇ ਗਏ ਖਣਿਜਾਂ ਦੇ ਅਧਾਰ ’ਤੇ ਕੀਤੀ ਗਈ ਹੈ ਅਰਥਾਤ ਪੱਥਰ ਯੁਗ, ਕਾਂਸੀ ਯੁਗ, ਲੋਹਾ ਯੁਗ ਅਤੇ ਖੇਤੀ-ਬਾੜੀ ਯੁਗ। ਇਸੇ ਤਰ੍ਹਾਂ ਆਧੁਨਿਕ ਯੁਗ ਦੀ ਸਮਾਂ-ਵੰਡ, ਪਹਿਲੀ ਉਦਯੋਗਿਕ ਕ੍ਰਾਂਤੀ, ਦੂਸਰੀ, ਤੀਸਰੀ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਅਨੁਸਾਰ ਕੀਤੀ ਗਈ ਹੈ। ਇਹ ਯੁਗ 1760 ਤੋਂ ਭਾਫ਼ ਇੰਜਣ ਦੀ ਕਾਢ ਨਾਲ ਸ਼ੁਰੂ ਹੋਇਆ ਹੈ ਅਤੇ ਹੁਣ ਚੌਥੀ ਕ੍ਰਾਂਤੀ ਜੋ 2010 ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ, ਦਾ ਪਹਿਰਾ ਹੈ।

ਪਹਿਲੇ ਸਮਿਆਂ ਵਿੱਚ ਤਕਨਾਲੋਜੀ ਦਾ ਵਿਕਾਸ ਅੱਡ-ਅੱਡ ਕਿੱਤਿਆਂ ਦੇ ਸਧਾਰਨ ਕਾਰੀਗਰਾਂ ਅਤੇ ਮਿਸਤਰੀਆਂ ਵਲੋਂ ਛੋਟੇ-ਛੋਟੇ ਕਾਰਖ਼ਾਨਿਆਂ ਵਿੱਚ ਕੀਤਾ ਜਾਂਦਾ ਰਿਹਾ ਹੈ। ‘ਲੋੜ’ ਮੁੱਖ ਸੀ, ‘ਕਾਢ’ ਇਸ ਦੇ ਅਧੀਨ ਸੀ ਅਤੇ ‘ਲੋੜ ਕਾਢਾਂ ਦੀ ਮਾਂ ਹੈ’ ਦਾ ਅਮਲ ਵਰਤਦਾ ਸੀ। ਪਰ ਹੁਣ ਸਿਸਟਮ ਨੂੰ ਉਲਟਾ ਕਰ ਕੇ ‘ਕਾਢ ਨੂੰ ਲੋੜਾਂ ਦੀ ਮਾਂ’ ਬਣਾ ਦਿੱਤਾ ਹੈ। ਅੱਜ ਇਸ਼ਤਿਹਾਰਬਾਜ਼ੀ ਦੇ ਜ਼ੋਰ ਨਾਲ ਉਸ ਚੀਜ਼ ਨੂੰ ਸਾਡੀ ‘ਲੋੜ’ ਬਣਾ ਦਿੱਤਾ ਜਾਂਦਾ ਹੈ ਜੋ ਉਤਪਾਦਕਾਂ ਅਤੇ ਵਪਾਰੀਆਂ ਵਾਸਤੇ ਵੱਧ ਮੁਨਾਫ਼ੇ ਦਾ ਸਾਧਨ ਹੋਵੇ ਭਾਵੇਂ ਜਨ-ਸਧਾਰਨ ਅਤੇ ਧਰਤੀ ਦੇ ਵਾਤਾਵਰਣ ਅਤੇ ਸ੍ਰੋਤਾਂ ਵਾਸਤੇ ਕਿੰਨੀ ਵੀ ਨੁਕਸਾਨਦਾਇਕ ਹੋਵੇ। ਉਦਯੋਗਿਕ ਕ੍ਰਾਂਤੀਆਂ ਤੋਂ ਪਹਿਲਾਂ ਤਕਨਾਲੋਜੀ ਸਾਇੰਸ ਦੀ ਮੁਥਾਜ ਨਹੀਂ ਸੀ। ਪਰ ਅੱਜ ਤਕਨਾਲੋਜੀ ਨੂੰ ਸਾਇੰਸ ਨਾਲ ਇੰਨਾ ਜੋੜ ਦਿੱਤਾ ਗਿਆ ਹੈ ਕਿ ਅਸੀਂ ਦੋਹਾਂ ਨੂੰ ਇੱਕ ਸਿੱਕੇ ਦੇ ਦੋ ਪਾਸੇ ਸਮਝਣ ਲੱਗ ਗਏ ਹਾਂ। ਸਾਇੰਸ ਵੱਡੇ ਮੁਨਾਫ਼ਾਖੋਰਾਂ ਦਾ ਹੱਥ-ਠੋਕਾ ਬਣ ਗਈ ਹੈ ਅਤੇ ਬੇ-ਲੋੜੀਆਂ ਖੋਜਾਂ ਰਾਹੀਂ ਤਕਨਾਲੋਜੀ ਨੂੰ ਗੁਮਰਾਹ ਕਰ ਰਹੀ ਹੈ।

ਪਰ ਵਿਡੰਬਨਾ ਇਹ ਵੀ ਹੈ ਕਿ ਸਾਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਹਰ ਕਿਸਮ ਦੀਆਂ ਸੁਖ-ਸੁਵਿਧਾਵਾਂ ਨਿਰੰਤਰ ਵਿਕਸਤ ਹੋ ਰਹੀ ਤਕਨਾਲੋਜੀ ਕਰ ਕੇ ਹੀ ਪ੍ਰਾਪਤ ਹਨ। ਇਸ ਤੋਂ ਸਪਸ਼ਟ ਹੈ ਕਿ ਤਕਨਾਲੋਜੀ ਤਾਂ ਇੱਕ ਸਾਧਨ ਹੈ, ਇਸ ਨੂੰ ਬੁਰਾ ਕਹਿਣਾ ਉਚਿਤ ਨਹੀਂ। ਫਰਜ਼ ਕਰੀਏ ਕਿ ਇੱਕ ਕਾਰ ਹਾਈ-ਵੇ ’ਤੇ ਪਰਵਾਨਿਤ ਸਪੀਡ ਤੋਂ ਵੱਧ ਤੇਜ਼ੀ ਨਾਲ ਦੌੜ ਰਹੀ ਹੈ। ਇਸ ਵਿੱਚ ਕਸੂਰ ਕਾਰ ਦਾ ਨਹੀਂ, ਉਸ ਡਰਾਇਵਰ ਦਾ ਹੈ ਜੋ ਆਪਣੇ ਵਕਤੀ ਹੁਲਾਸ ਵਾਸਤੇ ਤੇਜ਼-ਰਫਤਾਰੀ ਦੇ ਨੁਕਸਾਨਾਂ ਨੂੰ ਅੱਖੋਂ ਪਰੋਖੇ ਕਰਦਾ ਹੈ। ਤਕਨਾਲੋਜੀ ਰੂਪੀ ਕਾਰ ਦਾ ਐਕਸਲਰੇਟਰ ਦੱਬਣਾ ਸੌਖਾ ਵੀ ਹੈ ਅਤੇ ਹੁਲਾਸ-ਪੂਰਨ ਵੀ ਪਰ ਇਸਦੇ ਨਤੀਜੇ ਹਮੇਸ਼ਾ ਮਾਰੂ ਹੁੰਦੇ ਹਨ। ਤਕਨਾਲੋਜੀ ਤਾਂ ਇੱਕ ਸਾਧਨ ਹੈ, ਇਹ ਚੰਗੀ ਜਾ ਮੰਦੀ ਨਹੀਂ ਹੋ ਸਕਦੀ। ਚੰਗਾ-ਮੰਦਾ ਤਾਂ ਇਸਦੀ ਖੋਜ ਕਰ ਕੇ ਇਸ ਨੂੰ ਖੁਦਗਰਜ਼ ਮੰਤਵਾਂ ਵਾਸਤੇ ਵਰਤਣ ਵਾਲ਼ਾ ਮਨੁੱਖ ਹੈ, ਜਿਸਦੀਆਂ ਕੁਦਰਤੀ ਪ੍ਰਵਿਰਤੀਆਂ ਓਹੀ ਹਨ ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਨ। ਇਸ ਕਰ ਕੇ ਇਸ ਨੂੰ ਕੁਰਾਹੇ ਪੈਣ ਤੋਂ ਰੋਕਣ ਦਾ ਢੰਗ ਅੱਜ ਵੀ ਅੰਕੁਸ਼ ਹੈ, ਸਖਤ ਨਿਯੰਤਰਣ ਹੈ।

ਨਿਰਸੰਦੇਹ ਨਿਯੰਤਰਣ ਸਰਕਾਰਾਂ ਦਾ ਫਰਜ਼ ਹੈ, ਫਿਰ ਵੀ ਇਸ ਵਿਆਪਕ ਸਮੱਸਿਆ ਬਾਰੇ ਸਾਡਾ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਅਤੇ ਲਾਹੇਵੰਦ ਹੈ। ਇਸਦੇ ਦੋ ਮੰਤਵ ਹਨ: ਇਸ ਤਰ੍ਹਾਂ ਅਸੀਂ ਸਰਕਾਰਾਂ ’ਤੇ ਇਸ ਨਿਯੰਤਰਣ ਵਾਸਤੇ ਜ਼ੋਰ ਪਾ ਸਕਦੇ ਹਾਂ ਜਿਵੇਂ ਕਿ ਅੱਜ-ਕੱਲ੍ਹ ਇਹ ਲਹਿਰ ਜ਼ੋਰ ਫੜ ਰਹੀ ਹੈ। ਦੂਸਰਾ ਇਸ ਨਿਯੰਤਰਣ ਵਾਸਤੇ ਸਰਕਾਰਾਂ ਦਾ ਪੁਰ-ਜ਼ੋਰ ਸਮਰਥਨ ਵੀ ਕਰ ਸਕਦੇ ਹਾਂ, ਜੋ ਸਾਡਾ ਫਰਜ਼ ਹੈ। ਇਸ ਸਮੱਸਿਆ ਦਾ ਪ੍ਰਭਾਵ ਸਭ ਦੇ ਨਿੱਜੀ ਜੀਵਨ ’ਤੇ ਪੈ ਰਿਹਾ ਹੈ ਅਤੇ ਇਕੱਲਾ ਕਾਨੂੰਨ ਸਾਨੂੰ ਨਹੀਂ ਬਚਾ ਸਕਦਾ। ਆਪਣਾ ਸਭ ਦਾ ਤਲਖ਼ ਅਨੁਭਵ ਹੈ ਕਿ ਕਿਸੇ ਮੰਦੀ ਕਾਰਵਾਈ ਦੇ ਸਿੱਧੇ ਜਾਂ ਅਸਿੱਧੇ ਤਰ੍ਹਾਂ ਜ਼ਿੰਮੇਵਾਰ ਨਾ ਹੁੰਦੇ ਹੋਏ ਵੀ ਸਾਨੂੰ ਉਸ ਦੇ ਨਤੀਜੇ ਭੁਗਤਣੇ ਪੈਂਦੇ ਹਨ ਅਤੇ ਅਜਿਹਾ ਹੀ ਕੇਸ ਤਕਨਾਲੋਜੀ ਕਰ ਕੇ ਉਪਜ ਰਹੀਆਂ ਸਮੱਸਿਆਵਾਂ ਦਾ ਹੈ। ਇਨ੍ਹਾਂ ਦੇ ਬੁਰੇ ਸਰੀਰਕ, ਮਾਨਸਿਕ ਅਤੇ ਮਨੋ-ਵਿਗਿਆਨਕ ਪ੍ਰਭਾਵਾਂ ਬਾਰੇ ਹਰ ਰੋਜ਼ ਅਨੇਕਾਂ ਲੇਖ ਅਤੇ ਕਿਤਾਬਾਂ ਛਪ ਰਹੀਆਂ ਹਨ ਅਤੇ ਇਨ੍ਹਾਂ ਤੋਂ ਬਚਣ ਦੇ ਢੰਗ ਸੁਝਾਏ ਜਾ ਰਹੇ ਹਨ। ਇਨ੍ਹਾਂ ’ਤੇ ਅਮਲ ਕਰ ਕੇ ਅਸੀਂ ਤਕਨਾਲੋਜੀ ਤੋਂ ਪੂਰਾ ਫਾਇਦਾ ਵੀ ਉਠਾ ਸਕਦੇ ਹਾਂ ਅਤੇ ਇਸਦੇ ਬੁਰੇ ਪ੍ਰਭਾਵਾਂ ਤੋਂ ਵੀ ਬਚ ਸਕਦੇ ਹਾਂ। ਉਦਾਹਰਣ ਵਜੋਂ ਕਾਰਾਂ ਕਿੰਨੀਆਂ ਉਪਯੋਗੀ ਜੰਤਰ ਹਨ ਅਤੇ ਇਨ੍ਹਾਂ ਦੀ ਸੁਰੱਖਿਅਤ ਵਰਤੋਂ ਵਾਸਤੇ ਸਰਕਾਰਾਂ ਨੇ ਅਨੇਕਾਂ ਕਾਨੂੰਨ ਬਣਾਏ ਹੋਏ ਹਨ। ਵਧੀਆ ਸੜਕਾਂ, ਪੁਲਿਸ ਦਾ ਇੰਤਜ਼ਾਮ, ਕਾਰਾਂ ਬਣਾਉਣ ਵਾਲ਼ੇ ਕਾਰਖ਼ਾਨਿਆਂ ’ਤੇ ਕੰਟ੍ਰੋਲ ਅਤੇ ਗਲਤ ਚਲਾਉਣ ਵਾਲ਼ਿਆਂ ਨੂੰ ਸਜ਼ਾਵਾਂ ਆਦਿ। ਇਨ੍ਹਾਂ ਸਭ ਦੇ ਬਾਵਜੂਦ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ (ਸਾਡੀ) ਕਾਰ ਦੇ ਡਰਾਇਵਰ ਦੀ ਹੈ। ਅਸੀਂ ਹੋ ਰਹੀਆਂ ਮਾੜੀਆਂ ਘਟਨਾਵਾਂ ਕਰ ਕੇ ਕਾਰਾਂ ਚਲਾਉਣੀਆਂ ਛੱਡ ਨਹੀਂ ਸਕਦੇ। ਸਾਰ-ਤੱਤ ਇਹ ਕਿ ਤਕਨਾਲੋਜੀ ਦੇ ਹਰ ਮੰਦੇ ਅਸਰ ਤੋਂ ਅਸੀਂ ਆਪ ਵੀ ਬਚਣਾ ਹੈ, ਉਸ ਤਰ੍ਹਾਂ ਜਿਵੇਂ ਕਿ ਹਰ ਰੋਜ਼ ਕਾਰ ਚਲਾਉਂਦੇ ਵਕਤ ਜਾਂ ਸੰਸਾਰ ਦਿਆਂ ਹੋਰ ਮੰਦਿਆਂ ਵਰਤਾਰਿਆਂ ਤੋਂ ਬਚਦੇ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3148)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com

More articles from this author