IsherSinghEng7ਇਸੇ ਤਰ੍ਹਾਂ ਇੱਛਾ-ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ...
(10 ਮਾਰਚ 2021)
(ਸ਼ਬਦ: 1610)


ਤੌਬਾ ਜਾਮ-ਸ਼ਿਕਨ
, ਜਾਮ ਤੌਬਾ-ਸ਼ਿਕਨ,
ਸਾਮਨੇ ਢੇਰ ਹੈਂ ਟੂਟੇ ਹੂਏ ਪੈਮਾਨੋਂ ਕੇ।

ਰਿਆਜ਼ ਖੈਰਾਬਾਦੀ ਦੇ ਇਸ ਸ਼ੇਅਰ ਦੇ ਭਾਵ ਨੂੰ ਅਮਰੀਕਾ ਦੇ ਮਹਾਨ ਹਾਸ-ਰਸ ਸਾਹਿਤਕਾਰ ਮਾਰਕ ਟਵੇਨ ਦੀ ਹੇਠਲੀ ਟੂਕ ਹੋਰ ਵੀ ਵੱਧ ਅਰਥ-ਭਰਪੂਰ ਬਣਾ ਦਿੰਦੀ ਹੈ:

ਸ਼ਰਾਬ ਛੱਡਣੀ ਕਿਹੜੀ ਔਖੀ ਗੱਲ ਹੈ? ਮੈਂ ਪੰਜਾਹ ਵਾਰ ਛੱਡੀ ਹੈ।”

ਇਹ ਦੋਨੋਂ ਕਲਾਮ ਆਪਾਂ ਨੂੰ ਮਨੁੱਖੀ ਸੁਭਾਅ ਦੇ ਇਸ ਅਹਿਮ ਪੱਖ ਪ੍ਰਤੀ ਜਾਗਰੂਕ ਕਰਦੇ ਹਨ ਕਿ ਸਾਡੀਆਂ ਆਦਤਾਂ ਦੇ ਸਾਹਮਣੇ ਸਾਡੀ ਇੱਛਾ-ਸ਼ਕਤੀ ਇੰਨੀ ਨਿਰਬਲ ਹੈ ਕਿ ਗਿਆਨ, ਸਿਆਣਪਾਂ, ਖਾਧੀਆਂ ਸਹੁੰਆਂ ਅਤੇ ਸੁਹਿਰਦ ਸਲਾਹਾਂ ਵੀ ਇਸਦੀ ਮਦਦ ਨਹੀਂ ਕਰ ਸਕਦੀਆਂ। ਹਠ ਕਰਕੇ ਇਹ ਜਾਮ ਨੂੰ ਤੋੜ-ਤੋੜ ਕੇ ਉਨ੍ਹਾਂ ਦੇ ਢੇਰ ਤਾਂ ਲਾ ਸਕਦੀ ਹੈ ਪਰ ਖੁਦ ਆਦਤਾਂ ਸਾਹਮਣੇ ਬੇ-ਬੱਸ ਹੋ ਜਾਂਦੀ ਹੈ। ਜੇ ਸਹੁੰਆਂ ਖਾ ਕੇ ਗਲਾਸੀਆਂ ਜਾਂ ਬੋਤਲਾਂ ਭੰਨਣ ਨਾਲ ਸ਼ਰਾਬ ਛੁੱਟਦੀ ਹੁੰਦੀ ਤਾਂ ਲਗਭਗ ਸਾਰੇ ਸ਼ਰਾਬੀਆਂ ਨੇ ਹੀ ਛੱਡੀ ਹੋਣੀ ਸੀ। ਸਾਡੀਆਂ ਆਦਤਾਂ ਅਤੇ ਸਾਡੀ ਇੱਛਾ-ਸ਼ਕਤੀ ਦੀ ਇਹ ਵਿਰੋਧਤਾ ਕੁਦਰਤੀ ਵੀ ਅਤੇ ਵਿਆਪਕ ਵਰਤਾਰਾ ਵੀ। ਇਹ ਸਿਰਫ ਅੱਜ ਦੇ ਮਨੁੱਖ ਦੀ ਹੀ ਨਹੀਂ ਬਲਕਿ ਆਦਿ-ਕਾਲੀਨੀ ਸਮੱਸਿਆ ਹੈ। ਮਹਾਂਭਾਰਤ ਦੇ ਨਾਇਕ ਧਰਮ-ਪੁੱਤਰ ਯੁਧਿਸ਼ਟਰ ਦੀ ਜੂਆ ਖੇਡਣ ਦੀ ਆਦਤ ਆਖਿਰ ਨੂੰ ਕਿੱਡਾ ਵੱਡਾ ਦੁਖਾਂਤ ਬਣੀ ਹਾਲਾਂਕਿ ਸ਼੍ਰੀ ਕ੍ਰਿਸ਼ਨ ਭਗਵਾਨ ਖੁਦ ਉਸ ਦੇ ਸਲਾਹਕਾਰਾਂ ਵਿੱਚੋਂ ਸਨ।

ਆਦਤਾਂ ਅਤੇ ਇੱਛਾ-ਸ਼ਕਤੀ ਦੀ ਵਿਰੋਧਤਾ ਬਾਰੇ ਸਾਡਾ ਆਪਣਾ ਸਭ ਦਾ ਹਰ ਰੋਜ਼ ਦਾ ਵਿਅਕਤੀਗਤ ਤਜਰਬਾ ਵੀ ਹੈ ਅਤੇ ਆਪਾਂ ਆਲੇ-ਦੁਆਲੇ ਹੋਰਾਂ ਨੂੰ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਆਮ ਹੀ ਦੇਖਦੇ ਹਾਂ। ਪੜ੍ਹਦੇ-ਸੁਣਦੇ ਹਾਂ ਕਿ ਕੌਮਾਂਤਰੀ-ਪੱਧਰ ਤਕ ਦੇ ਖਿਡਾਰੀ ਨਸ਼ੇੜੀ ਬਣ ਜਾਂਦੇ ਹਨ ਅਤੇ ਹੋਰ-ਹੋਰ ਗਲਤ ਕੰਮਾਂ ਵਿੱਚ ਪੈ ਜਾਂਦੇ ਹਨ, ਹਾਲਾਂਕਿ ਉਨ੍ਹਾਂ ਦੀ ਇੱਛਾ-ਸ਼ਕਤੀ ਤਾਂ ਬੇ-ਜੋੜ ਹੁੰਦੀ ਹੈ। ਵਿਚਾਰ ਦੀ ਗੱਲ ਇਹ ਹੈ ਕਿ ਇੱਛਾ-ਸ਼ਕਤੀ ਵੀ ਸਾਡੀ ਹੈ, ਆਦਤਾਂ ਵੀ ਸਾਡੀਆਂ ਹਨ, ਨਫਾ-ਨੁਕਸਾਨ ਵੀ ਸਾਡਾ ਹੁੰਦਾ ਹੈ, ਕਰਨ-ਭਰਨ ਵਾਲੇ ਵੀ ਅਸੀਂ ਹਾਂ ਅਤੇ ਇਸ ਸਮੱਸਿਆ ਦਾ ਸਮਾਧਾਨ ਵੀ ਸਾਡਾ ਸਭ ਦਾ ਆਪੋ-ਆਪਣਾ ਹੀ ਤੇ ਫਰਜ਼ ਵੀ ਹੈ। ਤਾਂ ਫਿਰ ਅਸੀਂ ਇਨ੍ਹਾਂ ਦੋਹਾਂ ਗੁਣਾਂ ਦਾ ਸੁਮੇਲ ਕਰਕੇ ਆਪਣੇ ਜੀਵਨ ਨੂੰ ਵੱਧ ਸੌਖਾ ਅਤੇ ਸੁਚੱਜਾ ਬਣਾ ਸਕਦੇ ਹਾਂ। ਪਰ ਕਿਵੇਂ?

ਇਹ ਸਮਝਣ ਵਾਸਤੇ ਪਹਿਲਾਂ ਇੱਛਾ-ਸ਼ਕਤੀ ਦੇ ਲੱਛਣਾਂ ਬਾਰੇ ਵਿਚਾਰ ਕਰਦੇ ਹਾਂ। ਇਸਦੇ ਕਈ ਰੂਪ ਹਨ, ਜਿਵੇਂ ਕਿ ਦ੍ਰਿੜ੍ਹਤਾ, ਪੱਕਾ ਇਰਾਦਾ, ਹਠ, ਸਿਰੜ, ਤਹੱਈਆ ਆਦਿ। ਨਿਰਸੰਦੇਹ ਸਾਡੀ ਇੱਛਾ-ਸ਼ਕਤੀ ਸਾਨੂੰ ਕਿਸੇ ਔਖੇ ਕੰਮ ਨੂੰ ਕਰਨ ਦੀ ਹਿੰਮਤ ਅਤੇ ਜਜ਼ਬਾਤੀ ਵਹਿਣਾਂ ਅਤੇ ਗਲਤ ਵਿਚਾਰਾਂ ਨੂੰ ਦਬਾਉਣ ਦਾ ਬਲ ਦਿੰਦੀ ਹੈ। ਸਾਨੂੰ ਸਵੈ-ਕਾਬੂ ਜਾਂ ਡਸਿਪਲਨ ਵਿੱਚ ਰੱਖ ਕੇ ਮੰਦੇ ਕਰਮ ਤੋਂ ਰੋਕਦੀ ਹੈ ਅਤੇ ਚੰਗੇ ਕਰਮ ਕਰਨ ਵਾਸਤੇ ਪ੍ਰੇਰਦੀ ਹੈ। ਭਵਿੱਖ ਦੇ ਮਹੱਤਵਪੂਰਨ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਛਿਨ-ਭੰਗਰ ਚਸਕਿਆਂ (Temptations) ਤੋਂ ਮੂੰਹ ਮੋੜਨ ਦਾ ਸਿਰੜ ਦਿੰਦੀ ਹੈ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਇੱਛਾ ਸ਼ਕਤੀ ਸੁਚੇਤ ਮਨ ਦੀ ਅਗਵਾਈ ਵਿੱਚ ਜਾਣ-ਬੁੱਝ ਕੇ ਕੀਤੀ ਕਾਰਵਾਈ ਹੈ। ਜੀਵਨ ਵਿੱਚ ਮਿਥੇ ਨਿਸ਼ਾਨਿਆਂ ਦੀ ਪ੍ਰਾਪਤੀ ਵਾਸਤੇ ਆਪਾਂ ਨੂੰ ਹਰ ਵਕਤ ਅਤੇ ਸਾਰੀ ਉਮਰ ਇਸਦੀ ਲੋੜ ਹੈ। ਪਰ ਇੰਨੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਆਪਣੀਆਂ ਕੁਝ ਕਮਜ਼ੋਰੀਆਂ ਕਰ ਕੇ ਇਹ ਪੱਕ ਚੁੱਕੀਆਂ ਆਦਤਾਂ ਅੱਗੇ ਬੇ-ਵਸ ਹੋ ਜਾਂਦੀ ਹੈ। ਲੇਖ ਸ਼ੁਰੂ ਭਾਵੇਂ ਨੇਕ-ਨੀਅਤ ਇੱਛਾ-ਸ਼ਕਤੀ ਦੀ ਮੰਦੀਆਂ ਆਦਤਾਂ ਅੱਗੇ ਬੇ-ਵਸੀ ਤੋਂ ਕੀਤਾ ਗਿਆ ਹੈ ਪਰ ਇਹ ਸਿਧਾਂਤ ਬਦ-ਨੀਅਤ ਇੱਛਾ-ਸ਼ਕਤੀ ਦੀ ਚੰਗੀਆਂ ਆਦਤਾਂ ਅੱਗੇ ਬੇ-ਵਸੀ ਉੱਤੇ ਵੀ ਪੂਰੀ ਤਰ੍ਹਾਂ ਲਾਗੂ ਹੈ। ਇਹ ਹੀ ਇਸ ਲੇਖ ਦਾ ਮੁੱਦਾ ਹੈ।

ਮਨੋ-ਵਿਗਿਆਨੀ ਮੰਨਦੇ ਹਨ ਕਿ ਉਹ ਇੱਛਾ-ਸ਼ਕਤੀ ਦੀਆਂ ਕਮਜ਼ੋਰੀਆਂ ਦੇ ਕਾਰਨ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਜਿੰਨਾ ਕੁ ਉਹ ਸਮਝ ਸਕੇ ਹਨ, ਉਸ ਅਨੁਸਾਰ ਇਹ ਇੱਕ ਵਿਅਕਤੀਗਤ ਕਾਰਵਾਈ ਹੈ। ਇਸ ਵਿੱਚ ਮੁਕਾਬਲੇਬਾਜ਼ੀ ਵੱਧ ਹੁੰਦੀ ਹੈ ਅਤੇ ਟੀਮ-ਜਜ਼ਬਾ ਘੱਟ ਹੁੰਦਾ ਹੈ। ਇਹ ਸਾਨੂੰ ਸਰੀਰ, ਦਿਮਾਗ ਅਤੇ ਮਨ ਨਾਲ ਧੱਕਾ ਕਰਨ ਦੀ ਆਦਤ ਪਾ ਦਿੰਦੀ ਹੈ, ਜੋ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਇਹ ਦਿਖਾਵੇ ਅਤੇ ਪ੍ਰਸ਼ੰਸਾ ਦੀ ਇੱਛੁਕ ਹੁੰਦੀ ਹੈ, ਇਸ ਕਰਕੇ ਸਾਡੇ ਹੰਕਾਰ ਵਿੱਚ ਵਾਧਾ ਕਰਦੀ ਹੈ। ਇਹ ਸੁਚੇਤ ਮਨ ਦੀ ਕਾਰਵਾਈ ਹੈ, ਸੋ ਇਹ ਸਾਡੇ ਮੂਡ, ਸਾਡੀ ਸਮਰੱਥਾ, ਸਾਡੇ ਸਰੀਰਕ ਅਤੇ ਦਿਮਾਗੀ ਚਸਕਿਆਂ ਅਤੇ ਵਾਤਾਵਰਣ ਉੱਪਰ ਨਿਰਭਰ ਹੈ। ਇਹ ਸਭ ਬਦਲਦੇ ਰਹਿੰਦੇ ਹਨ ਜਿਵੇਂ ਕਿ ਮਾੜੀ ਸੰਗਤ ਵਿੱਚ ਜਾ ਕੇ ਜਾਂ ਟੀ ਵੀ ਦੇ ਇਸ਼ਤਿਹਾਰ ਦੇਖ ਕੇ ਅਸੀਂ ਬੇ-ਲੋੜੇ ਕੰਮ ਕਰ ਲੈਂਦੇ ਹਾਂ। ਇਹ ਸਾਡੇ ਸਰੀਰ ਦੇ ਹੋਰ ਅੰਗਾਂ ਵਾਂਗ ਕੰਮ ਕਰਦੀ ਹੈ, ਇਸ ਕਰਕੇ ਇਹ ਥੱਕ ਵੀ ਜਾਂਦੀ ਹੈ। ਇਹ ਚਾਰਜ ਕੀਤੀ ਬੈਟਰੀ ਵਾਂਗ ਹੁੰਦੀ ਹੈ ਜਾਂ ਮੀਂਹ ਵੇਲੇ ਕਿਸੇ ਬਰਸਾਤੀ ਨਦੀ ਦੇ ਵਹਾਓ ਵਾਂਗ ਹੁੰਦੀ ਹੈ।

ਫਿਰ ਵੀ ਇਸਦੀਆਂ ਲੋੜ ਤੋਂ ਵੱਧ ਵਡਿਆਈਆਂ ਆਪਾਂ ਆਮ ਕਰਦੇ-ਸੁਣਦੇ ਹਾਂ, ਕਿਉਂਕਿ ਆਪਾਂ ਪ੍ਰਸ਼ੰਸਾ ਦੇ ਗਾਹਕ ਹਾਂ। ਇੱਥੋਂ ਤਕ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਨੂੰ ਤਕੜੀ ਕਰ ਕੇ ਅਸੀਂ ਇਸ ਜੀਵਨ ਦੇ ਹਰ ਮੰਤਵ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਅਸੰਭਵ ਨੂੰ ਸੰਭਵ ਬਣਾ ਸਕਦੇ ਹਾਂ। ਪਰ ਇਹ ਅਤਿ-ਕਥਨੀ ਹੈ। ਅੰਗਰੇਜ਼ੀ ਵਿੱਚ ਇਸਦੇ ਬੜੇ ਰੌਚਕ ਨਾਂ ਰੱਖ ਕੇ ਇਸ ਨੂੰ ਬਹੁਤ ਪਰਚਾਰਿਆ ਜਾ ਰਿਹਾ ਹੈ: Fire in the belly, Killer Spirit, Single-mindedness, Stick-to-itiveness, alpha male ਇਹ ਸਭ ਵਪਾਰਿਕ ਇਸ਼ਤਿਹਾਰ-ਬਾਜ਼ੀਆਂ ਹਨ, ਪਰ ਅੱਜ ਦੇ ਫਟਾ-ਫਟੀ ਦੇ ਯੁਗ ਦੀਆਂ ਮਨ ਪਸੰਦ ਗੱਲਾਂ ਹਨ।

ਹਰ ਇਨਸਾਨ ਦੀ ਕੁਦਰਤ ਵੱਲੋਂ ਸਰੀਰਕ ਅਤੇ ਮਾਨਸਿਕ ਪ੍ਰਤਿਭਾ ਨੀਅਤ ਹੋਈ ਹੁੰਦੀ ਹੈ ਅਤੇ ਕੋਈ ਵੀ ਇਸ ਤੋਂ ਬਾਹਰ ਨਹੀਂ ਜਾ ਸਕਦਾ। ਪਰ ਇਹ ਪ੍ਰਤਿਭਾ ਇੰਨੀ ਜ਼ਿਆਦਾ ਹੈ ਕਿ ਇਸਦੇ ਪੂਰੇ ਵਿਕਾਸ ਅਤੇ ਸਦ-ਉਪਯੋਗ ਨਾਲ ਅਸੀਂ ਆਪਣੇ ਕਿਆਸ ਤੋਂ ਵੀ ਕਿਤੇ ਵੱਧ ਪ੍ਰਾਪਤੀਆਂ ਕਰ ਸਕਦੇ ਹਾਂ। ਪਰ ਸਾਡੀ ਇੱਛਾ-ਸ਼ਕਤੀ ਅਤੇ ਸਾਡੀਆਂ ਆਦਤਾਂ ਦੀ ਅੰਤਰ-ਵਿਰੋਧਤਾ ਸਾਨੂੰ ਇਨ੍ਹਾਂ ਤੋਂ ਵਾਂਝਾ ਰੱਖਦੀ ਹੈ। ਇੱਛਾ-ਸ਼ਕਤੀ ਦੇ ਲੱਛਣਾਂ ਕਰਕੇ ਇਸਦੀ ਦੁਰ-ਵਰਤੋਂ ਦੀ ਸੰਭਾਵਨਾ ਵਧ ਜਾਂਦੀ ਹੈ ਕਿਉਂਕਿ ਅਸੀਂ ਇੱਛਾ ਦੀ ਤੀਬਰਤਾ ਨੂੰ ਹੀ ਇੱਛਾ-ਸ਼ਕਤੀ ਸਮਝੀ ਬੈਠੇ ਹਾਂ। ਇਸ ਸਭ ਦਾ ਇਹ ਭਾਵ ਵੀ ਨਹੀਂ ਕਿ ਇੱਛਾ-ਸ਼ਕਤੀ ਕੋਈ ਘੱਟ ਮਹੱਤਵਪੂਰਨ ਗੁਣ ਹੈ। ਇਹ ਇੱਕ ਬਹੁਤ ਉਪਯੋਗੀ ਜੰਤਰ ਹੈ। ਇਸਦੇ ਲੱਛਣਾਂ ਅਤੇ ਇਸਦੀਆਂ ਕਮਜ਼ੋਰੀਆਂ ਨੂੰ ਸਮਝਣਾ ਇਸ ਕਰ ਕੇ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਨੂੰ ਸਹੀ ਢੰਗ, ਸਹੀ ਵਕਤ ਅਤੇ ਸਹੀ ਮੰਤਵ ਵਾਸਤੇ ਵਰਤਣ ਦੀ ਕਲਾ ਅਰਥਾਤ ਨਿਪੁੰਨਤਾ (Skill) ਹਾਸਲ ਕਰਨ ਦੀ ਲੋੜ ਨੂੰ ਵੀ ਬਣਦਾ ਮਹੱਤਵ ਦੇ ਸਕੀਏ। ਇਹ ਨਿਪੁੰਨਤਾ ਆਪਾਂ ਇੱਛਾ-ਸ਼ਕਤੀ ਦੇ ਜੰਤਰ ਦੀ ਵਰਤੋਂ ਨਾਲ ਚੰਗੀਆਂ ਆਦਤਾਂ ਪੈਦਾ ਕਰਕੇ ਕਰ ਸਕਦੇ ਹਾਂ। ਭਾਵ ਚੰਗੀਆਂ ਆਦਤਾਂ ਵਾਸਤੇ ਇੱਛਾ-ਸ਼ਕਤੀ ਦੀ ਲੋੜ ਹੈ ਅਤੇ ਚੰਗੀਆਂ ਆਦਤਾਂ ਉਹ ਕਲਾ ਜਾਂ ਨਿਪੁੰਨਤਾ ਹੈ ਜਿਸ ਨੇ ਇੱਛਾ-ਸ਼ਕਤੀ ਦੀ ਸਹੀ ਵਰਤੋਂ ਕਰ ਕੇ ਸਾਡੀ ਕੁਦਰਤੀ ਪ੍ਰਤਿਭਾ ਦਾ ਵਿਕਾਸ ਕਰਨਾ ਹੈ। ਚੰਗੀਆਂ ਆਦਤਾਂ ਪਾਉਣਾ ਇੱਕ ਅਣਖਿਝ, ਪ੍ਰਸ਼ੰਸਾ-ਰਹਿਤ ਅਤੇ ਠਰ੍ਹੰਮੇ ਵਾਲ਼ਾ ਕੰਮ ਹੈ। ਜਿੰਨਾ ਕੋਈ ਦਿਖਾਵੇ ਦਾ ਚਾਹਵਾਨ ਹੈ, ਉਸ ਵਾਸਤੇ ਇਹ ਉੰਨਾ ਹੀ ਔਖਾ ਕੰਮ ਹੈ। ਆਦਤਾਂ ਸਾਡੀਆਂ ਸਰੀਰਕ ਅਤੇ ਬੌਧਿਕ ਕਾਰਵਾਈਆਂ ਹਨ ਜਿਹੜੀਆਂ ਅਸੀਂ ਕਿਸੇ ਇੱਛਤ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਕਿਸੇ ਖਾਸ ਸਮੇਂ ਜਾਂ ਵਾਤਾਵਰਣ ਅਨੁਸਾਰ ਆਪ-ਮੁਹਾਰੇ ਕਰਦੇ ਰਹਿੰਦੇ ਹਾਂ। ਇਨ੍ਹਾਂ ਕਾਰਵਾਈਆਂ ਦਾ ਸਬੰਧ ਸਾਡੇ ਅਚੇਤ ਮਨ ਨਾਲ ਹੁੰਦਾ ਹੈ ਅਤੇ ਆਪ-ਮੁਹਾਰਤਾ (Automaticity) ਇਨ੍ਹਾਂ ਦਾ ਖਾਸ ਗੁਣ ਹੈ। ਇਹ ਉਹ ਕਾਰਵਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਅਸੀਂ ਸੁਚੇਤ ਢੰਗ ਨਾਲ ਵਾਰ-ਵਾਰ ਕੀਤਾ ਹੁੰਦਾ ਹੈ ਅਤੇ ਜੋ ਸੁਚੇਤ ਮਨ (Conscious Mind) ਦੇ ਘੇਰੇ ਵਿੱਚੋਂ ਨਿਕਲ ਕੇ ਅਚੇਤ ਮਨ (Sub-Conscious Mind) ਵਿੱਚ ਪਰਪੱਕ ਹੋ ਚੁੱਕੀਆਂ ਹੁੰਦੀਆਂ ਹਨ।

ਕਿਉਂਕਿ ਸਾਡੀਆਂ ਆਦਤਾਂ ਅਤੇ ਸਾਡੀ ਇੱਛਾ-ਸ਼ਕਤੀ ਦੀ ਵਿਰੋਧਤਾ ਕੁਦਰਤੀ ਅਤੇ ਆਦਿ-ਕਾਲੀਨੀ ਵਰਤਾਰਾ ਹੈ, ਸੋ ਇਸਦੇ ਕਾਰਨਾਂ ਅਤੇ ਸਮਾਧਾਨਾਂ ਵਾਸਤੇ ਖੋਜਾਂ ਵੀ ਅਰੰਭ ਤੋਂ ਹੀ ਹੋ ਰਹੀਆਂ ਹਨ। ਅੱਜ ਦੇ ਵਿਸ਼ਵ-ਪ੍ਰਸਿੱਧ ਸਮਾਜਿਕ ਮਨੋ-ਵਿਗਿਆਨੀ ਡਾ. ਜੌਨਥਨ ਹਾਈਟ ਨੇ ਆਪਣੀ ਕਿਤਾਬ ‘ਹੈਪੀਨੈੱਸ ਹਾਈਪੌਥੇਸਿਸ’ ਵਿੱਚ ਇਸ ਗੁੰਝਲ਼ ਦੇ ਸਮਾਧਾਨ ਦਾ ਅਧਾਰ ਸੰਸਾਰ ਦੇ ਵੱਡੇ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਅਤੇ ਮਾਡਰਨ ਖੋਜਾਂ ਦੇ ਸੁਮੇਲ ਨੂੰ ਬਣਾਇਆ ਹੈ। ਉਸ ਨੇ ਕਿਤਾਬ ਦਾ ਥੀਮ ਹੀ ‘Finding Modern Truth in Ancient Wisdom’ ਨੂੰ ਬਣਾਇਆ ਹੈ। ਅੱਜ ਮਨੋ-ਵਿਗਿਆਨ ਦੇ ਅੱਡ-ਅੱਡ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਖੋਜਾਂ ਦਾ ਮੁੱਖ ਅਧਾਰ ਇਹ ਵਿਚਾਰਧਾਰਾ ਹੀ ਹੈ ਅਤੇ ਯੂਐੱਨਓ ਵੀ ਇਸਦੀ ਪੂਰੀ ਹਾਮੀ ਹੈ। ਡਾ. ਹਾਈਟ ਅਨੁਸਾਰ ਸਾਡੀ ਸ਼ਖਸੀਅਤ ਇੱਕ ਇਕਾਈ ਨਾ ਹੋ ਕੇ ਇੱਕ ਕਮੇਟੀ ਦੀ ਤਰ੍ਹਾਂ ਹੈ ਜਿਸਦੇ ਮੈਂਬਰਾਂ ਨੂੰ ਕੋਈ ਖਾਸ ਪ੍ਰੋਜੈਕਟ ਸੌਂਪਿਆ ਗਿਆ ਹੈ ਪਰ ਜਿਹੜੇ ਆਪਸ ਵਿੱਚ ਝਗੜਦੇ ਰਹਿੰਦੇ ਹਨ ਅਤੇ ਇੱਕ-ਦੂਜੇ ਦੇ ਵਿਰੁੱਧ ਕੰਮ ਕਰਦੇ ਹਨ। ਸਾਡਾ ਫਰਜ਼ ਇੱਕ ਸਿਆਣੇ ਚੇਅਰ-ਪਰਸਨ ਵਾਂਗ ਇਸ ਕਮੇਟੀ ਵਿੱਚ ਇੱਕ-ਸੁਰਤਾ ਬਣਾ ਕੇ, ਸੌਂਪੇ ਗਏ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦਾ ਹੈ। ਇਸ ਫਰਜ਼ ਨੂੰ ਸਹੀ ਢੰਗ ਨਾਲ ਨਿਭਾਉਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਇਨ੍ਹਾਂ ਮੈਂਬਰਾਂ ਅਤੇ ਇਨ੍ਹਾਂ ਦੀਆਂ ਵਿਰੋਧਤਾਵਾਂ ਦੀ ਸਹੀ ਨਿਸ਼ਾਨ-ਦੇਹੀ ਕਰੀਏ। ਇਹ ਚਾਰ ਤਰ੍ਹਾਂ ਦੀਆਂ ਹਨ:

1.ਦਿਮਾਗ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਦੀਆਂ।

2.ਤਰਕ ਅਤੇ ਜਜ਼ਬਾਤਾਂ ਦੀਆਂ।

3.ਮਨ ਅਤੇ ਸਰੀਰ ਦੀਆਂ।

4.ਸੁਚੇਤ ਮਨ ਅਤੇ ਅਚੇਤ ਮਨ ਦੀਆਂ।

ਇੱਛਾ-ਸ਼ਕਤੀ ਦੀ ਆਦਤਾਂ ਸਾਹਮਣੇ ਬੇ-ਵਸੀ ਵਿੱਚ ਪਿਛਲੀਆਂ ਦੋ ਵਿਰੋਧਤਾਵਾਂ ਦਾ ਬਹੁਤ ਵੱਧ ਹਿੱਸਾ ਹੈ। ਸਾਡਾ ਸਰੀਰ ਪੂਰੀ ਤਰ੍ਹਾਂ ਸਾਡੇ ਮੁੱਖ ਦਿਮਾਗ ਦੇ ਅਧੀਨ ਕੰਮ ਨਹੀਂ ਕਰਦਾ। ਉਦਾਹਰਣ ਵਜੋਂ ਸਾਡੇ ਹਾਜ਼ਮੇ ਦੇ ਸਿਸਟਮ ਉੱਪਰ ਇਸਦਾ ਬਹੁਤ ਹੀ ਥੋੜ੍ਹਾ ਕੰਟਰੋਲ ਹੈ। ਇਹ ਸਿਸਟਮ ‘ਗੱਟ-ਬਰੇਨ’, ਜਿਸ ਨੂੰ ਦੂਸਰਾ ਦਿਮਾਗ ਵੀ ਕਿਹਾ ਜਾਂਦਾ ਹੈ, ਦੇ ਅਧੀਨ ਹੈ। ਇਸੇ ਕਰਕੇ ਸਾਡੇ ਸਰੀਰਕ ਅਤੇ ਇੰਦ੍ਰਿਆਵੀ ਚਸਕਿਆਂ ਸਾਹਮਣੇ ਇੱਛਾ-ਸ਼ਕਤੀ ਹਾਰ ਜਾਂਦੀ ਹੈ। ਸ਼ਰਾਬ ਪੀਣ ਜਾਂ ਬਹੁਤਾ ਮਿੱਠਾ ਖਾਣ ਦਾ ਸੰਬੰਧ ਇਸੇ ਗੱਲ ਨਾਲ ਹੈ। ਇਨਸਾਨ ਦੀ ਕਾਮ-ਉਤੇਜਨਾ ਵੀ ਮੁੱਖ ਦਿਮਾਗ ਦੇ ਕਹਿਣੇ ਵਿੱਚ ਨਹੀਂ। ਸਾਡੀ ਇੱਛਾ-ਸ਼ਕਤੀ ਸੁਚੇਤ ਮਨ ਨਾਲ ਸੰਬੰਧ ਰੱਖਦੀ ਹੈ ਅਤੇ ਆਦਤਾਂ ਅਚੇਤ ਮਨ ਨਾਲ ਸੰਬੰਧ ਰੱਖਦੀਆਂ ਹਨ। ਸਾਡੇ ਸੁਚੇਤ ਮਨ ਦੀਆਂ ਕਾਰਵਾਈਆਂ ਬਹੁਤਾ ਕਰਕੇ ਸਾਡੇ ਅਚੇਤ ਮਨ ਦੀਆਂ ਕਾਰਵਾਈਆਂ ਤੋਂ ਹਾਰ ਜਾਂਦੀਆਂ ਹਨ। ਭਾਵ ਇਹ ਕਿ ਇੱਛਾ-ਸ਼ਕਤੀ ਦੀ ਬੇ-ਵਸੀ ਇੱਕ ਕੁਦਰਤੀ ਬਣਤ ਹੈ।

ਸਾਰ-ਤੱਤ ਇਹ ਕਿ ਇੱਛਾ-ਸ਼ਕਤੀ ਦਾ ਰੂਪਾਂਤਰਣ ਚੰਗੀਆਂ ਆਦਤਾਂ ਵਿੱਚ ਕੀਤਾ ਜਾਵੇ ਜਿਹੜੀਆਂ ਆਪ-ਮੁਹਾਰੇ ਹੀ ਸਾਨੂੰ ਚੰਗੇ ਜੀਵਨ-ਰਸਤੇ ਉੱਤੇ ਤੋਰਦੀਆਂ ਰਹਿਣ। ਇਸ ਨਾਲ ਹਰ ਰੋਜ਼ ਦੇ ਵਾਰ-ਵਾਰ ਦੁਹਰਾਏ ਜਾਣ ਵਾਲ਼ੇ ਛੋਟੇ-ਛੋਟੇ ਫੈਸਲਿਆਂ ਵਿੱਚ ਵਰਤੀ ਜਾਣ ਵਾਲੀ ਸਾਡੀ ਊਰਜਾ ਦੀ ਬੱਚਤ ਹੋ ਜਾਵੇਗੀ ਜਿਹੜੀ ਕਿ ਹੋਰ ਵੱਡੇ ਸਾਰਥਿਕ ਫੈਸਲਿਆਂ ਵਾਸਤੇ ਵਰਤੀ ਜਾ ਸਕਦੀ ਹੈ। ਛੋਟੇ-ਛੋਟੇ ਫੈਸਲੇ ਕਰ-ਕਰ ਥੱਕੇ ਹੋਏ, ਆਪਾਂ ਵੱਡੇ ਫੈਸਲੇ ਠੀਕ ਢੰਗ ਨਾਲ ਨਹੀਂ ਕਰ ਸਕਦੇ। ਮਨੋ-ਵਿਗਿਆਨ ਵਿੱਚ ਇਸ ਨੂੰ ‘Decision Fatigue’ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਮਿਸਟਰ ਬਰਾਕ ਓਬਾਮਾ ਦਾ ਕਹਿਣਾ ਹੈ ਕਿ:

ਤੁਸੀਂ ਦੇਖੋਂਗੇ ਕਿ ਮੈਂ ਸਿਰਫ ਗਰੇਅ ਜਾਂ ਨੀਲੇ ਰੰਗ ਦੇ ਸੂਟ ਹੀ ਪਹਿਨਦਾ ਹਾਂ। ਮੈਂ ਆਪਣੇ ਫੈਸਲਿਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਮੈਂ ਖਾਣ-ਪਹਿਨਣ ਦੇ ਫੈਸਲੇ ਨਹੀਂ ਕਰਦਾ ਕਿਉਂਕਿ ਮੈਂ ਹੋਰ ਬਹੁਤ ਵੱਡੇ ਫੈਸਲੇ ਕਰਨੇ ਹੁੰਦੇ ਹਨ।”

ਇੱਛਾ-ਸ਼ਕਤੀ ਨੂੰ ਚੰਗੀਆਂ ਆਦਤਾਂ ਵਿੱਚ ਰੂਪਾਂਤਰ ਕਰਨਾ ਕਿਸੇ ਨਦੀ ਉੱਪਰ ਡੈਮ ਉਸਾਰਨ ਵਾਂਗ ਹੈ। ਇਸ ਨਾਲ ਬੇਫਾਇਦਾ ਵਹਿਣ ਵਾਲੇ ਪਾਣੀ ਨੂੰ ਸਾਂਭ ਕੇ ਉਸ ਤੋਂ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਅੱਡ-ਅੱਡ ਦਿਸ਼ਾਵਾਂ ਵਿੱਚ ਨਹਿਰਾਂ ਰਾਹੀਂ ਸਿੰਚਾਈ ਕਰ ਕੇ ਅਨਾਜ ਦੇ ਭੰਡਾਰ ਵੀ ਭਰੇ ਜਾ ਸਕਦੇ ਹਨ। ਸਭ ਪਾਸੇ ਚਾਨਣ ਅਤੇ ਖੁਸ਼ਹਾਲੀ ਵਖੇਰੀ ਜਾ ਸਕਦੀ ਹੈ। ਇਸੇ ਤਰ੍ਹਾਂ ਇੱਛਾ-ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ਵੱਧ ਸੌਖਾ ਅਤੇ ਸੁਚੱਜਾ ਵੀ ਬਣਾ ਸਕਦੇ ਹਾਂ ਅਤੇ ਆਪਣੀ ਕੁਦਰਤੀ ਪ੍ਰਤਿਭਾ ਦਾ ਵੀ ਵਿਕਾਸ ਕਰ ਸਕਦੇ ਹਾਂ। ਨਾਲ ਹੀ ਵਾਰਿਸ ਸ਼ਾਹ ਵਲੋਂ ਸਾਡੀ ਮਾਨਸਿਕਤਾ ਵਿੱਚ ਪਾਈ ਇਸ ਨਿਰਾਰਥਕ ਸੋਚ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਕਿ:

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2634)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

***

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com

More articles from this author